Now Reading
ਕ੍ਰਾਂਤੀ, ਕਿਤਾਬ ਅਤੇ ਸ਼ਹੀਦ ਭਗਤ ਸਿੰਘ

ਕ੍ਰਾਂਤੀ, ਕਿਤਾਬ ਅਤੇ ਸ਼ਹੀਦ ਭਗਤ ਸਿੰਘ


  • ਸ਼ਹੀਦ-ਇ-ਆਜ਼ਮ ਭਗਤ ਸਿੰਘ ਤੇ ਉਸ ਦੇ ਸਾਥੀਆਂ ਰਾਜਗੁਰੂ, ਸੁਖਦੇਵ ਨਾਲ ਸਬੰਧਤ ਅੰਗ੍ਰੇਜ਼ੀ ਤੇ ਕੌਮੀ ਇਤਿਹਾਸਕਾਰੀ ਵਿਚ ਕ੍ਰਾਂਤੀ ਤੇ ਕਾਰਤੂਸ ਦੀ ਸਾਂਝ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਅਕਸਰ ਉਸਦੇ ਬੰਬ ਦੇ ਫਲਸਫ਼ੇ ਨੂੰ ਤਰਜੀਹ ਦਿੱਤੀ ਜਾਂਦੀ ਹੈ। ਅਜਿਹਾ ਪ੍ਰੀਪੇਖ ਉਸਦੀ ਵਸੀਹ ਕ੍ਰਾਂਤੀਕਾਰੀ ਸੋਚ ਨੂੰ ਸੀਮਤ ਕਰਦਾ ਹੈ। ਨੌਜਵਾਨਾਂ ਦਰਮਿਆਨ ਅਤੇ ਜਨਤਕ ਥਾਵਾਂ ’ਤੇ ਸ਼ਹੀਦ ਭਗਤ ਸਿੰਘ ਦਾ ਅਕਸ ਹੱਥ ’ਚ ਪਿਸਤੋਲ ਫੜ੍ਹੀ ਖੜ੍ਹੇ ਇਕ ਜੁਝਾਰੂ ਵਾਲਾ ਦਰਸਾਇਆ ਜਾਂਦਾ ਹੈ। ਇਸ ਦੇ ਉਲਟ ਸ਼ਹੀਦ-ਇ-ਆਜ਼ਮ ਭਗਤ ਸਿੰਘ ਤੇ ਉਸਦੇ ਸਾਥੀਆਂ ਦੀ ਸੋਚ ਇਸ ਵਿਚਾਰਧਾਰਾ ਦੇ ਆਧਾਰ ’ਤੇ ਵਿਕਸਤ ਹੋਈ ਸੀ ਕਿ ‘ਬੰਬ- ਪਿਸਤੌਲ ਕਦੇ ਵੀ ਇਨਕਲਾਬ ਨਹੀਂ ਲਿਆਉਂਦੇ’, ਬਲਕਿ ‘ਇਨਕਲਾਬ ਦੀ ਤਲਵਾਰ ਤਾਂ ਵਿਚਾਰਾਂ ਦੀ ਸਾਣ ’ਤੇ ਤਿੱਖੀ ਹੁੰਦੀ ਹੈ।’ ਉਨ੍ਹਾਂ ਦੀ ਵਿਚਾਰਧਾਰਾ ਨਿਰੰਤਰ ਵਿਕਸਤ ਹੋ ਰਹੀ ਸੀ। ਇਸ ਲੇਖ ਰਾਹੀਂ ਅਸੀਂ ਉਸਦੀ ਜੇਲ੍ਹ ਨੋਟਬੁੱਕ ਦੇ ਜਰੀਏ ਉਸਦੀ ਇਨਕਲਾਬੀ ਦਿ੍ਰੜ੍ਹਤਾ ਤੇ ਪ੍ਰਪੱਕ ਸੋਚ ਨੂੰ ਪ੍ਰਭਾਸ਼ਿਤ ਕਰਨ ਦਾ ਯਤਨ ਕਰਾਂਗੇ
    ਸ਼ਹੀਦ ਭਗਤ ਸਿੰਘ : ਜੀਵਨ ਤੇ ਵਿਚਾਰਧਾਰਾ
    ਭਗਤ ਸਿੰਘ ਦਾ ਜਨਮ 28 ਸਤੰਬਰ 1907, ਐਤਵਾਰ ਨੂੰ ਸ਼ਾਮ 8.45 ਵਜੇ ਪਿੰਡ ਬੰਗਾ, ਚੱਕ 105, ਲਾਇਲਪੁਰ, ਹੁਣ ਪਾਕਿਸਤਾਨ ਵਿਖੇ ਪਿਤਾ ਸਰਦਾਰ ਕਿਸ਼ਨ ਸਿੰਘ ਦੇ ਘਰ ਮਾਤਾ ਵਿਦਿਆਵਤੀ ਦੀ ਕੁੱਖੋਂ ਹੋਇਆ ਸੀ। ਉਸਨੇ ਮੁੱਢਲੀ ਵਿਦਿਆ (1911-17) ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਹੀ ਲਈ ਤੇ ਨੌਂਵੀ ਜਮਾਤ (1917-1921) ਡੀ.ਏ.ਵੀ. ਹਾਈ ਸਕੂਲ ਲਹੌਰ ਤੋਂ ਪਾਸ ਕੀਤੀ ਸੀ। ਨੈਸ਼ਨਲ ਕਾਲਜ, ਲਹੌਰ ਤੋਂ ਉਸਨੇ ਐਫ.ਏ. (1921-23) ਪਾਸ ਕੀਤੀ ਸੀ। ਇਸ ਪਿੱਛੋਂ ਘਰ ਛੱਡਕੇ ਸਾਲ 1923-24 ਦੌਰਾਨ ਹਿੰਦੋਸਤਾਨ ਰੈਵੋਲਿਊਸ਼ਨਰੀ ਆਰਮੀ (ਐਚ ਆਰ ਏ ) ’ਚ ਸ਼ਾਮਲ ਹੋ ਕੇ ਉਹ ਕਾਨਪੁਰ ਵਿਖੇ ਰਿਹਾ। ਅਪ੍ਰੈਲ 1924 ਨੂੰ ‘ਜੈਤੋ ਮੋਰਚੇ’ ਲਈ ਜਾਂਦੇ ਅਕਾਲੀ ਜੱਥੇ ਨੂੰ ਲੰਗਰ ਛਕਾਉਣ ਕਰਕੇ ਉਸਦੇ ਗਿ੍ਰਫ਼ਤਾਰੀ ਵਰੰਟ ਜਾਰੀ ਹੋ ਗਏ ਸਨ। ਇਉਂ ਸਾਲ 1924 ’ਚ ਉਸਨੂੰ ਸਾਲ ਭਰ ਰੂਪੋਸ਼ ਹੋ ਕੇ ਰਹਿਣਾ ਪਿਆ ਸੀ। ਮਾਰਚ 1926 ’ਚ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ ਗਈ। ਭਗਤ ਸਿੰਘ ਦੀ ਪਹਿਲੀ ਗਿ੍ਰਫ਼ਤਾਰੀ 2 ਮਈ ਤੋਂ 4 ਜੁਲਾਈ 1927 ਨੂੰ ‘ਦੁਸ਼ਹਿਰਾ ਬੰਬ ਕੇਸ’ ਅਧੀਨ ਹੋਈ ਸੀ। 8-9 ਸਤੰਬਰ 1928 ਨੂੰ ਉਸਨੇ ਸਾਥੀਆਂ ਨਾਲ ਮਿਲ ਕੇ ‘ਫਿਰੋਜ਼ਸ਼ਾਹ ਕੋਟਲਾ’, ਦਿੱਲੀ ਵਿਖੇ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ (ਐਚਐਸਆਰਏ) ਦੀ ਸਥਾਪਨਾ ਕੀਤੀ ਸੀ। ਸਾਂਡਰਸ ਦਾ ਕਤਲ 17 ਦਸੰਬਰ 1928 ਨੂੰ ਕੀਤਾ ਗਿਆ ਸੀ। ਇਸ ਵਾਰਦਾਤ ਤੋਂ ਪਿਛੋਂ ਸ਼ਹੀਦ ਭਗਤ ਸਿੰਘ ਲਾਹੌਰ ਛੱਡਕੇ ਕਲਕੱਤਾ (ਹੁਣ ਕੋਲਕਾਤਾ) ਚਲਾ ਗਿਆ ਸੀ। ਦਿੱਲੀ ਅਸੈਂਬਲੀ ਵਿਚ ਬੰਬ ਸੁੱਟਿਆ ਅਤੇ 8 ਅਪ੍ਰੈਲ 1929 ਨੂੰ ਉਸਨੂੰ ਗਿ੍ਰਫ਼ਤਾਰ ਕਰ ਲਿਆ ਗਿਆ। ਇਸ ਪਿੱਛੋਂ ਦਾ ਉਸਦਾ ਬਕਾਇਆ ਸਾਰਾ ਜੀਵਨ ਲਾਹੌਰ ਦੀ ਸੈਂਟਰਲ ਜੇਲ੍ਹ ’ਚ ਹੀ ਬੀਤਿਆ ਸੀ। ਮੁਕੱਦਮਾ ਛੇਤੀ ਖਤਮ ਕਰਨ ਲਈ ਟਿ੍ਰਬਿਊਨਲ ਬਣਾਇਆ ਗਿਆ ਸੀ। ਆਖਰ 23 ਮਾਰਚ 1931 ਨੂੰ ਸ਼ਾਮ 7 ਵਜੇ ਉਸਨੂੰ ਰਾਜਗੁਰੂ ਅਤੇ ਸੁਖਦੇਵ ਸਮੇਤ ਫਾਂਸੀ ਦੇ ਦਿੱਤੀ ਗਈ।
    ਦੇਸ਼ ਭਗਤੀ ਸ਼ਹੀਦ ਭਗਤ ਸਿੰਘ ਨੂੰ ਵਿਰਾਸਤ ’ਚ ਮਿਲੀ ਸੀ। ਉਸਦੇ ਚਾਚਾ ਸਰਦਾਰ ਅਜੀਤ ਸਿੰਘ ਨੇ ਸਾਲ 1907 ’ਚ ‘ਪੱਗੜੀ ਸੰਭਾਲ ਜੱਟਾ ਲਹਿਰ’ ਖੜ੍ਹੀ ਕਰਕੇ ਅੰਗ੍ਰੇਜ਼ੀ ਸਾਮਰਾਜ ਨੂੰ ਵੰਗਾਰਿਆ ਸੀ। ਨੌਜਵਾਨ ਗ਼ਦਰੀ ਨੇਤਾ ਸ਼ਹੀਦ ਕਰਤਾਰ ਸਿੰਘ ਸਰਾਭਾ ਉਸਦਾ ਪ੍ਰੇਰਣਾ ਸਰੋਤ ਸੀ। ਉਸਦੀ ਸਮਾਜਵਾਦ ਅਤੇ ਰਾਸ਼ਟਰਵਾਦ ਪ੍ਰਤੀ ਸੂਝ ਵਧੀ, ਕਿਉਂਕਿ 1920 ਦਾ ਦਹਾਕਾ ਘਟਨਾਵਾਂ ਭਰਪੂਰ ਸਮਾਂ ਸੀ। ਸਾਮਰਾਜੀ ਤਸ਼ੱਦਦ ਜ਼ੋਰਾਂ ’ਤੇ ਸੀ। ੳਸਨੇ ‘ਕਿਰਤੀ ਕਿਸਾਨ ਪਾਰਟੀ’ ਨਾਲ ਰਾਬਤਾ ਕਾਇਮ ਕਰਕੇ ‘ਕਿਰਤੀ’ ਰਸਾਲੇ ਲਈ ਲਿਖਣਾ ਸ਼ੁਰੂ ਕਰ ਦਿੱਤਾ। ਉਸ ਮੁਤਾਬਕ ਆਜ਼ਾਦੀ ਕੋਈ ਸਥਿਰ ਪ੍ਰਾਪਤੀ ਨਹੀਂ ਸਗੋਂ ਲਗਾਤਾਰ ਜਾਗਰੂਕਤਾ ਅਤੇ ਨੈਤਿਕ ਜ਼ਿੰਮੇਵਾਰੀ ਦੀ ਮੰਗ ਕਰਦੀ ਹੈ। ਉਸਨੇ ਦੁਨੀਆਂ ਦੇ ਇਨਕਲਾਬਾਂ ਦਾ ਇਤਿਹਾਸ ਪੜ੍ਹਿਆ। ਉਸ ਮੁਤਾਬਿਕ ਆਜ਼ਾਦੀ ਦੀ ਲੜਾਈ ਰਾਜਸੀ ਤੋਂ ਅੱਗੇ ਸਮਾਜਿਕ ਅਨਿਆਂ ਅਤੇ ਆਰਥਿਕ ਲੁੱਟ-ਚੋਂਘ ਖ਼ਿਲਾਫ਼ ਸੰਘਰਸ਼ ਹੈ। ਸ਼ਹੀਦ ਭਗਤ ਸਿਘ ਦੀ ਸੋਚ ਵਿਗਿਆਨਕ ਸਿਧਾਂਤਾਂ ’ਤੇ ਅਧਾਰਤ ਸੀ। ਉਸ ਮੁਤਾਬਕ ਇਨਕਲਾਬ, ਸਮਾਜਿਕ ਤਬਦੀਲੀ ਦੀ ਇਕ ਪ੍ਰੀਕਿ੍ਰਆ ਹੈ ਤੇ ਇਹ ਵਿਗਿਆਨਕ ਤੌਰ ’ਤੇ ਕਿਰਿਆਸ਼ੀਲ, ਸਮਾਜਿਕ ਤਾਕਤ ਰਾਹੀਂ ਹੀ ਸੰਭਵ ਹੈ। ਇਸ ਸੋਚ ਦੀ ਬੁਨਿਆਦ ਮਾਨਵਵਾਦ ਨੂੰ ਬਣਾਇਆ ਗਿਆ। ਉਹ ਅੰਧ ਵਿਸ਼ਵਾਸ਼, ਝੂਠੀਆਂ ਰਵਾਇਤਾਂ ਦੇ ਸਖ਼ਤ ਵਿਰੁੱਧ ਸੀ। ਅਕਸਰ ਉਸਨੂੰ ਰੋਮਾਂਚਵਾਦੀ ਕ੍ਰਾਂਤੀਕਾਰੀ ਕਹਿਕੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਸ ਪਾਸ ਸਮਾਂ ਘੱਟ ਸੀ ਤੇ ਅੰਗ੍ਰੇਜ਼ ਸਾਮਰਾਜੀਏ ਉਸਦਾ ਜੀਵਨ ਹੋਰ ਘੱਟ ਕਰਨਾ ਚਾਹੁੰਦੇ ਸਨ। ਦਰਅਸਲ ਸ਼ਹੀਦ ਭਗਤ ਸਿੰਘ ਇਕ ਗੰਭੀਰ ਚਿੰਤਕ ਅਤੇ ਪਾਠਕ ਸੀ। ‘ਦਵਾਰਕਾ ਦਾਸ ਲਾਇਬ੍ਰੇਰੀ’, ਲਾਹੌਰ ਵਿਖੇ ਪਈਆਂ ਲਗਭਗ ਸਾਰੀਆਂ ਕਿਤਾਬਾਂ ਉਸਨੇ ਬਰੀਕੀ ਨਾਲ ਪੜ੍ਹੀਆਂ ਸਨ। ਵਿਕਟਰ ਹਿਊਗੋ, ਚਾਰਲਸ ਡਿੱਕਨਜ਼, ਕਾਰਲ ਮਾਰਕਸ, ਏਂਗਲਜ਼, ਟ੍ਰਾਟਸਕੀ, ਲੈਨਿਨ, ਕੋਪਰਟਕਿਨ ਆਦਿ ਉਸਦੇ ਮਨ ਪਸੰਦ ਲਿਖਾਰੀ ਸਨ। ਉਸਦੇ ਹਰ ਕੰਮ ’ਚ ਸੁਨੇਹਾ ਹੈ। ਮਸਲਨ ‘ਕੇਂਦਰੀ ਵਿਧਾਨ ਸਭਾ ’ਚ ਬੰਬ ਸੁੱਟਣ ਦਾ ਮਕਸਦ ਬੋਲਿਆਂ ਨੂੰ ਸੁਨਾਉਣਾ’ ਸੀ। ਇਨਕਲਾਬ ਜ਼ਿੰਦਾਬਾਦ, ਸਾਮਰਾਜਵਾਦ ਮੁਰਦਾਬਾਦ, ਮਜ਼ਦੂਰ ਏਕਤਾ ਜ਼ਿੰਦਾਬਾਦ ਉਸਦੇ ਪਸੰਦੀਦਾ ਤੇ ਪ੍ਰਮੁੱਖ ਨਾਹਰੇ ਸਨ। ਉਸ ਖਿਲਾਫ ਚੱਲਿਆ ‘ਲਾਹੌਰ ਸਾਜਿਸ਼ ਕੇਸ’ 10 ਜੁਲਾਈ 1929 ਨੂੰ ਸ਼ੁਰੂ ਹੋਇਆ ਸੀ। ਜੇਲ੍ਹ ’ਚ ਉਸਨੇ ਸਿਆਸੀ ਕੈਦੀਆਂ ਨਾਲ ਮਿਲ ਕੇ ਲੰਮੀ ਭੁੱਖ ਹੜਤਾਲ ਵੀ ਰੱਖੀ ਸੀ। ਅਦਾਲਤ ਵਲੋਂ ਉਸਦੇ ਮੁਕੱਦਮੇ ਦਾ ‘ਤੇਜ਼’ ਨਿਆਂ ਕਰਨ ਲਈ 1 ਮਈ 1930 ਨੂੰ ਵਿਸ਼ੇਸ਼ ਟਿ੍ਰਬਿਊਨਲ ਦਾ ਗਠਨ ਕੀਤਾ ਗਿਆ ਸੀ। ਇਸ ਦਾ ਫੈਸਲਾ 7 ਅਕਤੂਬਰ 1930 ਨੂੰ ਸਣਾਇਆ ਗਿਆ ਸੀ। ਮੁਕੱਦਮੇ ਦੀ ਕਾਰਵਾਈ ਸਿਰਫ ਵਿਖਾਵਾ ਸੀ ਤੇ ਇਨਸਾਫ਼ ਦੇ ਨਾਂ ’ਤੇ ਕੇਵਲ ਡਰਾਮਾ ਰਚਿਆ ਗਿਆ ਸੀ।
    ਜੇਲ੍ਹ ਨੋਟ ਬੁੱਕ: ਇਨਕਲਾਬੀ ਸੋਚ ਦਾ ਸ੍ਰੋਤ
    ਦੁਨੀਆਂ ਭਰ ਦੇ ਕ੍ਰਾਤੀਕਾਰੀਆਂ ਦਾ ਜੇਲ੍ਹ ਨਾਲ ਡੂੰਘਾ ਸਬੰਧ ਹੈ। ਜੇਲ੍ਹਾਂ ’ਚ ਡੱਕਣ ਰਾਹੀਂ ਸਬੰਧਤ ਵਿਅਕਤੀ ਦੇ ਵਿਚਾਰਾਂ ਨੂੰ ਕਾਬੂ ਕਰਨਾ, ਰੋਕਣਾ, ਜਾਂ ਖਤਮ ਕਰਨਾ ਇਕ ਰਣਨੀਤੀ ਹੈ, ਜਿਸ ਰਾਹੀਂ ਸਾਮਰਾਜ ਆਪਣੀਆਂ ਚਾਲਾਂ ਪ੍ਰਤੱਖ ਕਰਦਾ ਹੈ। ਅੰਗ੍ਰੇਜ਼ੀ ਸਾਮਰਾਜ ਵੀ ਇਸੇ ਰਾਹ ’ਤੇ ਚੱਲਦਾ ਸੀ। ਮੁਸੋਲੀਨੀ ਦੀ ਫਾਸ਼ੀਵਾਦੀ ਸਰਕਾਰ ਨੇ ਇਟਲੀ ਦੇ ਮਾਰਕਸਵਾਦੀ ਚਿੰਤਕ ਅੰਤੋਨਿਉ ਗ੍ਰਾਮਸ਼ੀ ਨੂੰ ਸਾਲ 1926 -1937 ਤੱਕ ਇਵੇਂ ਹੀ ਜੇਲ੍ਹ ’ਚ ਰੱਖਿਆ ਸੀ। ਉੱਥੇ ਜੇਲ੍ਹ ਨੋਟਬੁੱਕ ਰਾਹੀਂ ਦਰਜ ਕੀਤੇ ਉਸਦੇ ਵਿਚਾਰਾਂ ਰਾਹੀਂ ਸਾਮਰਾਜ ਦੀਆਂ ਵਿਭਿੰਨ ਪਰਤਾਂ ਨੂੰ ਹੋਰ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ। ਗ੍ਰਾਮਸ਼ੀ ਨੇ ਲੁਕ-ਛਿਪ ਕੇ ਲਿਖੇ ਆਪਣੇ ਵਿਚਾਰ ਗੁਪਤ ਢੰਗ ਨਾਲ ਬਾਹਰ ਭੇਜੇ ਸਨ। ਪਰ ਸ਼ਹੀਦ ਭਗਤ ਸਿੰਘ ਨੂੰ ਇਕ ਅਫ਼ਸਰ ਨੇ 12 ਸਤੰਬਰ 1929 ਨੂੰ ਇਕ ਨੋਟਬੁੱਕ ਦਿੱਤੀ ਸੀ ਜਿਸਦੇ 202 ਵਰਕੇ ਤੇ 404 ਪੰਨੇ ਸਨ। ਇਹ ਬਕਾਇਦਾ ਨੰਬਰ ਕੀਤੇ ਹੋਏ ਸਨ। ਲਾਲ ਰੰਗ ਦੀ ਇਹ ਨੋਟਬੁਕ ‘ਭਾਰਤੀ ਭਵਨ ਬੁਕਸੈਲਰਜ’, ਲਾਹੌਰ ਵੱਲੋਂ ਤਿਆਰ ਕੀਤੀ ਗਈ ਸੀ।
    ਹੈਰਾਨੀ ਦੀ ਗੱਲ ਹੈ ਕਿ ਇਸ ਡਾਇਰੀ ਜਾਂ ਨੋਟਬੁੱਕ ਦਾ ਪਤਾ 1994 ਨੂੰ ਜਨਤਕ ਹੋਇਆ ਸੀ। ਇਸ ਵਿਚ ਦਰਜ ਨੋਟ 16 ਜੁਲਾਈ 1930 ਤੱਕ ਦੇ ਹਨ ਅਤੇ ਇਹ 7 ਅਕਤੂਬਰ 1930 ਨੂੰ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਨੂੰ ਦਿੱਤੀ ਗਈ , ਕਿਉਂਕਿ ਪਿੱਛੋਂ ਉਸਨੂੰ ਇਕ ਸੈਲ ’ਚ ਤਬਦੀਲ ਕਰ ਦਿੱਤਾ ਗਿਆ ਸੀ। ਇਹ ਨੋਟ ਬੁੱਕ ਕਈ ਹੱਥਾਂ ’ਚ ਰਹੀ ਤੇ ਆਖ਼ਿਰ ਅਪ੍ਰੈਲ 1981 ਨੂੰ ‘ਨਹਿਰੂ ਮਿਮੋਰੀਅਲ ਮਿਊਜ਼ੀਅਮ ਲਾਇਬ੍ਰੇਰੀ’ ਨਵੀਂ ਦਿੱਲੀ ਵਿਖੇ ਪਹੁੰਚ ਗਈ। ਇਸਦੀ ਮਾਈਕਰੋ ਫਿਲਮ ਬਣੀ। ਇਕ ਕਾਪੀ ‘‘ਨੈਸ਼ਨਲ ਆਰਕਾਵੀਜ਼’’, ਨਵੀਂ ਦਿੱਲੀ ਵਿਖੇ ਭੇਜ ਦਿੱਤੀ ਗਈ। ਇਸਨੂੰ 1994 ਵਿਚ ਭੁਪਿੰਦਰ ਅਹੂਜਾ ਨੇ ਛਾਪ ਦਿੱਤਾ। ਇਸਤੋਂ ਬਾਅਦ 1994-2014 ਤੱਕ ਇਸ ਦੀਆਂ 17 ਐਡੀਸ਼ਨਾਂ ਛਪੀਆਂ ਸਨ। ਹੁਣ ਤੱਕ ਇਹ 7 ਭਾਸਾਵਾਂ ’ਚ ਛੱਪ ਚੁੱਕੀ ਹੈ। ਮਲਵਿੰਦਰਜੀਤ ਸਿੰਘ ਵੜੈਚ ਤੇ ਹਰੀਸ਼ ਜੈਨ ਨੇ ਵੀ ਇਸਨੂੰ ‘ਯੂਨੀਸਟਾਰ ਬੁਕਸ’ ਰਾਹੀਂ ਪ੍ਰਕਾਸ਼ਿਤ ਕੀਤਾ ਹੈ।
    ਇਹ ਜੇਲ੍ਹ ਨੋਟਬੁੱਕ, ਸਾਲ 1981’ਚ ਰੂਸੀ ਲਿਖਾਰੀ ਲਿਉਨਦ ਮਿਤਰੋਖਨ ਨੇ ਜਨਤਕ ਕੀਤਾ ਸੀ। ਇਸ ਰਾਹੀਂ ਸ਼ਹੀਦ ਭਗਤ ਸਿੰਘ ਦਾ ਬੁਲੰਦ ਕਿਰਦਾਰ ਤੇ ਕ੍ਰਾਂਤੀਕਾਰੀ ਸੋਚ ਮਾਪੀ-ਸਮਝੀ ਜਾ ਸਕਦੀ ਹੈ। ਇਸਦੀ ਸਰਸਰੀ ਪੜ੍ਹਤ ਦੱਸਦੀ ਹੈ ਕਿ ਸ਼ਹੀਦ ਦਾ ਮਨ ਵਿਊਤਬੱਧ ਸੀ। ਸੰਪਾਦਕਾਂ ਨੇ ਇਹ ਵਿਉਂਤ ਹੋਰ ਉਜਾਗਰ ਕੀਤੀ ਹੈ ਕਿਉਂਕਿ ਉਹ ਕਿਤਾਬਾਂ ਜੋ ਇਸ ਮਹਾਨ ਸ਼ਹੀਦ ਨੇ ਪੜ੍ਹੀਆਂ ਸਨ, ਦੀ ਸੂਚੀ ਵੀ ਨਾਲ ਦਿੱਤੀ ਹੋਈ ਹੈ। ਜਿੱਥੇ ਹਵਾਲੇ ਲਏ ਗਏ ਹਨ, ਉਨ੍ਹਾਂ ਨੂੰ ਵੀ ਅੰਕਤ ਕੀਤਾ ਗਿਆ ਹੈ। ਟਿੱਪਣੀਆਂ ਤੇ ਹਵਾਲਿਆਂ ਰਾਹੀਂ ਸੰਜੀਦਗੀ ਤੇ ਵਿਦਵਤਾ ਸਾਫ਼ ਨਜ਼ਰੀਂ ਪੈਂਦੀ ਹੈ। ਇਸ ਤੋਂ ਛੁੱਟ ਇਹ ਵੀ ਪਤਾ ਲੱਗਦਾ ਹੈ ਕਿ ਸ਼ਹੀਦ ਭਗਤ ਸਿੰਘ ਕੋਲ ਭਾਵੇਂ ਸੀਮਤ ਸਮਾਂ ਸੀ, ਪਰ ਉਸਦਾ ਮਨ ਇਕਾਗਰ ਸੀ। ਇਸ ’ਚ ਦਿੱਤੇ ਗਏ ਕਈ ਸੰਕਲਪਾਂ ਤੋਂ ਪਤਾ ਲੱਗਦਾ ਹੈ ਕਿ ਉਸਦੀ ਸੋਚ ਇਕ ਦਾਰਸ਼ਨਿਕ ’ਤੇ ਵਿਦਵਾਨਾਂ ਵਾਲੀ ਸੀ।
    ਇਸ ’ਚ ਪਹਿਲੀ ਟਿੱਪਣੀ ਇਸ ਬਾਰੇ ਹੈ ਕਿ ਫ਼ਿਲਾਸਫ਼ੀ ਭਾਵ ਦਰਸ਼ਨ ਨੂੰ ਕਿਵੇਂ ਸਮਝਿਆ ਜਾਵੇ। ਦੂਜੀ ਟਿੱਪਣੀ ਰਾਹੀਂ ਇਹ ਦਰਸਾਇਆ ਗਿਆ ਹੈ ਕਿ ਉਸਦੀ ਤਾਕਤ ਦੱਬੇ-ਕੁਚਲੇ ਇਨਸਾਨ ਦੀ ਤਾਕਤ ਵਾਂਗ ਹੈ। ਇਕ ਜਗ੍ਹਾ ਉਹ ਲਿਖਦਾ ਹੈ ਕਿ ਜ਼ਿੰਦਗੀ ਦਾ ਆਦਰਸ਼ ਮਨ ਨੂੰ ਇਕਸਾਰਤਾ ਨਾਲ ਵਿਕਸਤ ਕਰਨਾ ਹੈ ਨਾ ਕਿ ਇਸਨੂੰ ਕਾਬੂ ਕਰਨਾ। ਨਾ ਕਿ ਮੁਕਤੀ ਪ੍ਰਾਪਤ ਕਰਨਾ ਬਲਕਿ ਰੋਜ਼ਮਰਾ ਦੀ ਜ਼ਿੰਦਗੀ ਨੂੰ ਹੰਢਾਉਣਾ। ਸ਼ਹੀਦ ਉਹ ਹੈ ਜੋ ਆਪਣੀ ਜ਼ਿੰਦਗੀ ਨੂੰ ਖਤਰੇ ਵਿਚ ਪਾ ਕੇ ਬੇਇਨਸਾਫ਼ੀ ਵਿਰੁੱਧ ਖੜ੍ਹਾ ਹੁੰਦਾ ਹੈ, ਭਾਵੇਂ ਇਸ ਵਿਚ ਉਸਦਾ ਖਾਤਮਾ ਹੀ ਕਿਉਂ ਨਾ ਹੋ ਜਾਵੇ। ਲੋਕਤੰਤਰ ਰਾਜਨੀਤਕ ਅਤੇ ਕਾਨੂੰਨੀ ਬਰਾਬਰਤਾ ਹੀ ਨਹੀਂ ਸਗੋਂ ਨਾਬਰਾਬਰਤਾ ਨੂੰ ਦਰੁਸਤ ਕਰਨ ਦਾ ਨਿਜ਼ਾਮ ਵੀ ਹੈ। ਪੂੰਜੀਵਾਦੀ ਨਿਜ਼ਾਮ, ਘੱਟ ਗਿਣਤੀ ਸਾਸ਼ਕ ਜਮਾਤ ਨੂੰ ਸੱਤਾ ’ਚ ਰੱਖਣ ਦਾ ਜਰੀਆ ਹੈ। ਇੱਥੇ ਲੋਕਤੰਤਰ ਸਰਮਾਏਦਾਰੀ ਵਾਸਤੇ ਹੈ। ਉਸਨੇ ਪੂੰਜੀਵਾਦੀ ਦੇਸ਼ ਅਮਰੀਕਾ ’ਚ ਨਾਬਰਾਬਰਤਾ ਬਾਰੇ ਲਿਖਿਆ ਜਿੱਥੇ 1% ਧਨਾਢਾਂ ਕੋਲ ਦੇਸ਼ ਦੀ ਕੁੱਲ ਜਾਇਦਾਦ ਦਾ 70 % ਤੇ 10% ਗਰੀਬਾਂ ਕੋਲ ਸਿਰਫ 4% ਦੌਲਤ ਸੀ। ਨਾਬਰਾਬਰਤਾ ਦਾ ਮੁੱਖ ਕਾਰਨ ਮਸ਼ੀਨਰੀਕਰਨ ਸੀ। ਮਸ਼ੀਨ ਕਾਰਨ ਇਨਸਾਨ ਦੀ ਮਿਹਨਤ ਮਹਿੰਗੀ ਸਮਝੀ ਜਾਣ ਲੱਗੀ ਸੀ। ਇਸੇ ਤਰ੍ਹਾਂ ਖੇਤੀ ’ਚ ਵੀ ਹੋਣ ਲੱਗਾ ਜਿੱਥੇ ਇਕ ਮਸ਼ੀਨ ਸਿਰਫ 20 ਮਿੰਟਾਂ ’ਚ ਉਹ ਕੰਮ ਕਰਨ ਲੱਗੀ ਸੀ ਜੋ ਹੱਥੀਂ 11 ਘੰਟਿਆਂ ’ਚ ਹੁੰਦਾ ਸੀ। ਇਉਂ ਇਕ ਦਵੰਦ ਪੈਦਾ ਹੋਇਆ ਕਿ ਕੀ ਮਸ਼ੀਨ ਇਨਸਾਨ ਦੀ ਬਿਹਤਰੀ ਲਈ ਹੀ ਬਣੀ ਹੈ? ਸ਼ਹੀਦ ਭਗਤ ਸਿੰਘ ਇਸ ਬਾਰੇ ਸਪੱਸ਼ਟ ਸੀ। ਉਸਦਾ ਵਿਚਾਰ ਸੀ ਕਿ ਪਾਰਟੀ ਤੋਂ ਬਿਨਾਂ ਕ੍ਰਾਂਤੀ ਨਹੀਂ ਹੋ ਸਕਦੀ। ਟ੍ਰਾਟਸਕੀ ਮੁਤਾਬਿਕ ਰਾਜਸੀ ਚਾਲਾਕੀ ਹਮੇਸ਼ਾ ਖਤਰਨਾਕ ਹੁੰਦੀ ਹੈ, ਖਾਸ ਕਰਕੇ ਕ੍ਰਾਂਤੀ ’ਚ। ਉਸਨੇ ਅਨੇਕਾਂ ਸੰਕਲਪਾਂ ਨੂੰ ਧਿਆਨ ਨਾਲ ਬਿਆਨ ਕੀਤਾ ਜਿਨ੍ਹਾਂ ’ਚੋਂ ਮੁੱਖ ਸਨ : ਪਿਆਰ, ਸ਼ਾਦੀ, ਪਰਿਵਾਰ, ਰਿਆਸਤ, ਸਾਮਰਾਜ, ਧਰਮ, ਸੱਭਿਆਚਾਰ, ਸਾਹਿਤ, ਅੰਧ ਵਿਸ਼ਵਾਸ਼, ਲੋਕਤੰਤਰ, ਆਜ਼ਾਦੀ, ਪੂੰਜੀਵਾਦ, ਜੇਲ੍ਹ, ਸਜ਼ਾ, ਤਾਕਤ, ਮਸ਼ੀਨ, ਸਰਮਾਏਦਾਰੀ, ਤਾਨਾਸ਼ਾਹੀ, ਲੁੱਟ-ਘਸੁੱਟ ਆਦਿ।
    ਇਹ ਨੋਟਬੁੱਕ ਅਜਿਹਾ ਵੱਡਮੁੱਲਾ ਖ਼ਜ਼ਾਨਾ ਹੈ, ਜਿਸ ਰਾਹੀਂ ਅਸੀਂ ਸ਼ਹੀਦ-ਇ-ਆਜ਼ਮ ਭਗਤ ਸਿੰਘ ਦੀ ਸੋਚ, ਸੂਝ ਅਤੇ ਸਾਂਝ ਨੂੰ ਵਿਕਸਤ ਹੁੰਦੇ ਦੇਖ ਸਕਦੇ ਹਾਂ।
    ਸਾਰਅੰਸ਼ : ਸ਼ਹੀਦ ਭਗਤ ਸਿੰਘ ਦਾ ਰਾਜਨੀਤਕ ਜੀਵਨ ਬਹੁਤ ਸੀਮਤ, ਯਾਨੀ 24 ਸਾਲ ਤੋਂ ਵੀ ਘੱਟ ਸੀ। ਉਸ ਸਾਹਵੇਂ ਚੁਨੌਤੀਆਂ ਬਹੁਤ ਜ਼ਿਆਦਾ ਸਨ। ‘ਪੱਗੜੀ ਸੰਭਾਲ ਜੱਟਾ ਲਹਿਰ’ (1907) ਤੋਂ ਪਿੱਛੋਂ ਅੰਗ੍ਰੇਜ਼ੀ ਰਾਜ ਦਾ ਖਾਸਾ ਦਹਿਸ਼ਤ ਭਰਪੂਰ ਬਣ ਗਿਆ ਸੀ। ਪਹਿਲੇ ਵਿਸ਼ਵ ਯੁੱਧ (1914-1918) ਦਰਮਿਆਨ ਗ਼ਦਰ ਲਹਿਰ ਨੂੰ ਦਬਾਉਣਾ ਤੇ ਸਾਲ 1919 ਦੀ ਵਿਸਾਖੀ ਨੂੰ ਵਰਤਾਏ ‘ਜਲਿ੍ਹਆਂਵਾਲਾ ਬਾਗ਼ ਕਤਲ ਕਾਂਡ’ ਦੌਰਾਨ ਇਸ ਦਹਿਸ਼ਤ ਦਾ ਸ਼ਿਖਰ ਸਾਹਮਣੇ ਆਇਆ ਸੀ। ਭਗਤ ਸਿੰਘ ਦਾ ਬਚਪਨ ਇਸੇ ਸਮੇਂ ਗੁਜ਼ਾਰਿਆ ਤੇ ਉਸਦੀ ਇਨਕਲਾਬੀ ਸੋਚ ਤੇ ਇਸਦੀ ਗਹਿਰੀ ਛਾਪ ਨਜ਼ਰ ਆਉਂਦੀ ਹੈ। ਸ਼ਹੀਦ ਭਗਤ ਸਿੰਘ ਸਾਮਰਾਜੀ ਪੈੜਾਂ ਦੇ ਨਾਲ-ਨਾਲ ਰਾਸ਼ਟਰੀ ਲਹਿਰ ਨੂੰ ਵੀ ਸਮਝ ਰਿਹਾ ਸੀ। ਇਸਤੋਂ ਇਲਾਵਾ ਉਸਦੀ ਨਜ਼ਰ ਸੰਸਾਰ ਭਰ ’ਚ ਵਾਪਰ ਰਹੀਆਂ ਘਟਨਾਵਾਂ ਵੱਲ ਵੀ ਸੀ। ਸੋਚ ਨੂੰ ਵਿਕਸਤ ਕਰਨ ਲਈ ਉਸਨੇ ਵਕਤੀ ਸਾਹਿਤ, ਫ਼ਲਸਫ਼ਾ, ਅਖਬਾਰਾਂ ਪੜ੍ਹੀਆਂ। ਉਨ੍ਹਾਂ ’ਚੋਂ ਟਿੱਪਣੀਆਂ ਆਪਣੀ ਜੇਲ੍ਹ ਨੋਟਬੁੱਕ ’ਚ ਦਰਜ਼ ਕੀਤੀਆਂ। ਇਸ ’ਚ ਸ਼ਹੀਦ ਭਗਤ ਸਿੰਘ ਦੀ ਕ੍ਰਾਂਤੀਕਾਰੀ ਮਾਨਸਿਕਤਾ ਨਾਲ ਮਾਨਵਤਾਵਾਦ ਵੀ ਨਜ਼ਰ ਆਉਂਦਾ ਹੈ। ਇਸਤੋਂ ਪਤਾ ਲੱਗਦਾ ਹੈ ਕਿ ਉਸਦਾ ਮਨ ਕਿਤਾਬਾਂ ਨਾਲ ਕਿੰਨਾ ਜੁੜਿਆ ਹੋਇਆ ਸੀ। ਉਸਨੂੰ ਜੇਲ੍ਹ ਦੀ ਸੁੰਨ-ਮਸਾਨ ਅਤੇ ਮੌਤ ਦਾ ਕੋਈ ਡਰ ਨਹੀਂ ਸੀ। ਇਸ ਵਿਚ ਸ਼ਹੀਦ ਭਗਤ ਸਿੰਘ ਕ੍ਰਾਂਤੀ ਅਤੇ ਕਿਤਾਬ ਰਾਹੀਂ ਉਜਾਗਰ ਹੁੰਦਾ ਅਤੇ ਪਿਸਤੌਲ ਦਾ ਕੋਈ ਜ਼ਿਕਰ ਨਹੀਂ ਹੈ। ਦਰਅਸਲ ਉਸਦੀ ਕ੍ਰਾਂਤੀ ਨੂੰ ਕਿਤਾਬ ਰਾਹੀਂ ਸਮਝਣ ਨਾਲ ਉਸਦੀ ਸੋਚ ਦੀ ਧਰਾਤਲ ਦੀ ਸਮਝ ਲੱਗਦੀ ਹੈ। ਇਹ ਜੇਲ੍ਹ ਨੋਟਬੁੱਕ ਇਕ ਖਜ਼ਾਨਾ ਹੈ। ਖਾਸ ਕਰਕੇ ਸ਼ਹੀਦ ਭਗਤ ਸਿੰਘ ਦੀ ਕ੍ਰਾਂਤੀਕਾਰੀ ਸੋਚ ਨੂੰ ਸਮਝਣ ਲਈ।
    *ਪ੍ਰੋਫੈਸਰ ਅਤੇ ਮੁਖੀ (ਸੇਵਾ ਮੁਕਤ)
    ਇਤਿਹਾਸ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਸ਼੍ਰੀ ਅੰਮ੍ਰਿਤਸਰ ਸਾਹਿਬ (ਪੰਜਾਬ)
Scroll To Top