Now Reading
ਇਜ਼ਰਾਈਲ ਦੀ ਕਮਿਊਨਿਸਟ ਪਾਰਟੀ ਦੀ 29ਵੀਂ ਕਾਂਗਰਸ ਦਾ ਮਤਾ-ਪ੍ਰੋਲੇਤਾਰੀ ਕੌਮਾਂਤਰੀਵਾਦ ਦਾ ਸ਼ਾਨਦਾਰ ਨਮੂਨਾ

ਇਜ਼ਰਾਈਲ ਦੀ ਕਮਿਊਨਿਸਟ ਪਾਰਟੀ ਦੀ 29ਵੀਂ ਕਾਂਗਰਸ ਦਾ ਮਤਾ-ਪ੍ਰੋਲੇਤਾਰੀ ਕੌਮਾਂਤਰੀਵਾਦ ਦਾ ਸ਼ਾਨਦਾਰ ਨਮੂਨਾ

‘ਕਮਿਊਨਿਸਟ ਪਾਰਟੀ ਆਫ ਇਜ਼ਰਾਈਲ’, ਜਿਸ ਨੂੰ ਸਥਾਨਕ ਹਿਬਰੂ ਭਾਸ਼ਾ ’ਚ ‘ਮਾਕੀ ਪਾਰਟੀ’ ਵੀ ਕਿਹਾ ਜਾਂਦਾ ਹੈ, ਦੀ 29ਵੀਂ ਕਾਂਗਰਸ 12 ਤੋਂ 14 ਫਰਵਰੀ ਤੱਕ ਦੇਸ਼ ਦੇ ਉਤਰੀ ਹਿੱਸੇ ’ਚ ਵਸੇ ਸਫਾਰਾਮ ਸ਼ਹਿਰ ਵਿਖੇ ਹੋ ਕੇ ਹਟੀ ਹੈ। ਸਫਾਰਾਮ, 43 ਹਜ਼ਾਰ ਤੋਂ ਵੱਧ ਆਬਾਦੀ ਵਾਲਾ ਅਰਬ ਵਸੋਂ ਦੀ ਬਹੁਲਤਾ ਵਾਲਾ ਸ਼ਹਿਰ ਹੈ। ਕਾਂਗਰਸ ਵਲੋਂ ਵੱਖੋ-ਵੱਖ ਸਿਆਸੀ ਮਤੇ ਪਾਸ ਕਰਨ ਤੋਂ ਇਲਾਵਾ ਜਥੇਬੰਦਕ ਫੈਸਲੇ ਵੀ ਲਏ ਗਏ ਹਨ। ਪਾਰਟੀ ਕਾਂਗਰਸ ਵਲੋਂ; ਮਾਰਕਸੀ-ਲੈਨਿਨੀ ਫਲਸਫੇ ਦੀਆਂ ਨੀਹਾਂ ਪ੍ਰਤੀ ਪਾਰਟੀ ਦੀ ਪ੍ਰਤੀਬੱਧਤਾ ਮੁੜ ਦਿੜ੍ਹਾਉਣ ਦੇ ਨਾਲ ਹੀ ਫ਼ਲਸਤੀਨ ਦੇ ਸਵਾਲ, ਇਜ਼ਰਾਇਲੀ ਅਰਬ ਨਾਗਰਿਕਾਂ ਦੀ ਸਥਿਤੀ, ਸਮਾਜਿਕ-ਆਰਥਿਕ ਨਿਆਂ, ਜਮਹੂਰੀ ਆਜ਼ਾਦੀਆਂ ਤੇ ਵਿਸ਼ਵੀ ਭੂ-ਰਾਜਸੀ ਘਟਨਾਕ੍ਰਮ ਵਰਗੇ ਮੁੱਦਿਆਂ ਬਾਬਤ ਵੀ ਆਪਣੇ ਵਿਚਾਰ ਸਪੱਸ਼ਟਤਾ ਨਾਲ ਬਿਆਨੇ ਗਏ ਹਨ।

ਨੋਟ ਕਰਨ ਯੋਗ ਹੈ ਕਿ ‘ਇਜ਼ਰਾਇਲ ਦੀ ਕਮਿਊਨਿਸਟ ਪਾਰਟੀ’ ਨਾ ਕੇਵਲ ਇਜ਼ਰਾਇਲੀ ਫੌਜ ਵੱਲੋਂ ਗਾਜ਼ਾ ਤੇ ਪੱਛਮੀ ਕਿਨਾਰੇ ਵਿਖੇ ਫ਼ਲਸਤੀਨੀਆਂ ਵਿਰੁੱਧ ਵਿੱਢੀ ਨਿਹੱਕੀ ਤੇ ਅਸਾਵੀਂ ਜੰਗ ਨੂੰ ਨਰਸੰਘਾਰਕ ਜੰਗ ਦਾ ਨਾਂ ਦਿੰਦੀ ਹੋਈ ਉਸ ਵਿਰੁੱਧ ਡਟਕੇ ਖਲੋਂਦੀ ਹੈ, ਬਲਕਿ ਇਹ ਦੇਸ਼ ਦੇ ਅਰਬ ਨਾਗਰਿਕਾਂ ਵਿਰੁੱਧ ਕੀਤੇ ਜਾਂਦੇ ਦਮਨ-ਤਸ਼ੱਦਦ ਦਾ ਵੀ ਨਿਰੰਤਰ ਡੱਟਵਾਂ ਵਿਰੋਧ ਕਰਦੀ ਆ ਰਹੀ ਹੈ। ਇਸੇ ਕਰਕੇ ਇਸਦੇ ਆਗੂਆਂ ਨੂੰ ਦੇਸ਼ ਦੀ ਸਰਕਾਰ ਦਾ ਸਖਤ ਦਮਨ ਝੱਲਣਾ ਪੈਂਦਾ ਹੈ। ਪਾਰਟੀ ਆਗੂਆਂ ਨੇ 2021 ’ਚ ਹੋਈ ਪਾਰਟੀ ਦੀ 28ਵੀਂ ਕਾਗਰਸ ਤੋਂ ਪਿਛੋਂ ਵਾਪਰੇ ਸਿਆਸੀ-ਸਮਾਜਿਕ ਬਦਲਾਵਾਂ ਨਾਲ ਮੇਚਵਾਂ ਮਜ਼ਬੂਤ ਜਥੇਬੰਦਕ ਢਾਂਚਾ ਖੜ੍ਹਾ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਹੈ।

ਕਾਂਗਰਸ ਦਾ ਉਦਘਾਟਨੀ ਅਜਲਾਸ, ਜੋ ਆਮ ਲੋਕਾਂ ਲਈ ਖੁੱਲ੍ਹਾ ਸੀ, ਸਿਆਸੀ ਭਾਸ਼ਣਾਂ ਦੇ ਨਾਲ ਹੀ ਭਰਾਤਰੀ ਸੰਦੇਸ਼ਾਂ ਤੇ ਹਿਬਰੂ ਤੇ ਅਰਬੀ ਭਾਸ਼ਾਈ ਸਭਿਆਚਾਰਕ ਪ੍ਰੋਗਰਾਮਾਂ ’ਤੇ ਅਧਾਰਤ ਸੀ। ਪਾਰਟੀ ਦੇ ਜਨਰਲ ਸਕੱਤਰ ਸਾਥੀ ਅਦੇਲ ਅਮੇਰ ਤੋਂ ਇਲਾਵਾ ਪਾਰਟੀ ਦੀ ਅਗਵਾਈ ਵਾਲੇ ਸਿਆਸੀ ਗਠਜੋੜ ‘ਹਦਸ਼’ ਦੇ ਸੰਸਦੀ ਗਰੁਪ ਦੇ ਚੇਅਰਮੈਨ ਐਮ.ਕੇ. ਅਯਾਮਨ ਉਡੇਹ ਨੇ ਵੀ ਵਿਚਾਰ ਰੱਖੇ। ‘ਹਦਸ਼’ ਗਠਜੋੜ ਦੀਆਂ ਸੰਸਦ ’ਚ 3 ਸੀਟਾਂ ਹਨ। 2 ਸੀਟਾਂ ਇਕ ਹੋਰ ਜਮਹੂਰੀ ਗਠਜੋੜ ‘ਤਾਅਲ’ ਦੀਆਂ ਵੀ ਹਨ। ਇਹ ਦੋਵੇਂ ਗਠਜੋੜ ਸੰਸਦ ’ਚ ਤਾਲਮੇਲ ਬਣਾ ਕੇ ਚੱਲਦੇ ਹਨ। ਇਨ੍ਹਾਂ ਦੇ ਮੈਂਬਰਾਂ ਵੱਲੋਂ ਸੰਸਦ ’ਚ ਗਾਜ਼ਾ ’ਤੇ ਹਮਲੇ ਦਾ ਵਿਰੋਧ ਕੀਤੇ ਜਾਣ ਕਰਕੇ ਜਬਰ ਢਾਹਿਆ ਗਿਆ ਸੀ। ਇਹੋ ਨਹੀਂ ਇਨ੍ਹਾਂ ਨੂੰ ਸੰਸਦ ’ਚੋਂ ਮੁਅੱਤਲ ਕਰਨ ਦੇ ਵੀ ਕਈ ਨਾਕਾਮ ਯਤਨ ਕੀਤੇ ਗਏ ਹਨ। ਖੁੱਲ੍ਹੇ ਸੈਸ਼ਨ ਨੂੰ ਸਫਾਰਮ ਸ਼ਹਿਰ ਦੇ ਮੇਅਰ ਨਾਹੇਦ ਖਾਜ਼ਮ, ‘ਫ਼ਲਸਤੀਨ ਪੀਪਲਜ਼ ਪਾਰਟੀ’ ਦੇ ਸਕੱਤਰ ਜਨਰਲ ਬਾਸਾਮ ਅਲ-ਸਾਲੀਹੀ ਤੇ ‘ਇਜ਼ਰਾਈਲੀ ਕਮਿਊਨਿਸਟ ਯੂਥ ਗਠਜੋੜ’ ਦੇ ਸਕੱਤਰ ਮੀਨਾ ਅਲਾਅ ਅਲ ਦੀਨ ਨੇ ਵੀ ਸੰਬੋਧਨ ਕੀਤਾ ਸੀ। ਪ੍ਰਧਾਨਗੀ ਆਦਮ ਇਲੀ ਅਤੇ ਤੇਲ ਅਵੀਵ ਤੇ ਹਾਇਫਾ ਦੀ ‘ਹਦਸ਼’ ਬ੍ਰਾਂਚ ਦੇ ਸਕੱਤਰ ਰਿਮ ਹਾਜ਼ਾਨ ਨੇ ਕੀਤੀ ਸੀ।

ਪਾਰਟੀ ਕਾਂਗਰਸ ਦੇ ਅੰਤਮ ਸੈਸ਼ਨ ’ਚ 13 ਨਵੇਂ ਮੈਂਬਰਾਂ ਸਮੇਤ 49 ਮੈਂਬਰੀ ਕੇਂਦਰੀ ਕਮੇਟੀ ਤੇ ਕੇਂਦਰੀ ਆਡਿਟ ਕਮੇਟੀ ਦੀ ਚੋਣ ਕੀਤੀ ਗਈ ਹੈ। ‘ਪਾਰਟੀ ਨੂੰ ਤਾਜ਼ਾਦਮ’ ਕਰਨ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਵਿਚਾਰ-ਵਟਾਂਦਰਾ ਕਰਨ ਦੇ ਨਾਲ ਹੀ ਨੌਜਵਾਨਾਂ-ਵਿਦਿਆਰਥੀਆਂ ’ਚ ਸਰਗਰਮੀਆਂ ਵਧਾਉਣ ਬਾਰੇ ਠੋਸ ਫੈਸਲੇ ਲਏ ਗਏ ਹਨ। ਕੇਂਦਰੀ ਕਮੇਟੀ ’ਚ ਸ਼ਾਮਲ ਕੀਤੇ ਗਏ ਨਵੇਂ ਮੈਂਬਰਾਂ ਚੋਂ ਪੰਜਾਂ ਦੀ ਉਮਰ ਅਜੇ ਵੀਹਵਿਆਂ ’ਚ ਹੈ ਤੇ ਹੋਰ ਕਈ ਤੀਹਵਿਆਂ ’ਚ ਹਨ।

ਕਾਂਗਰਸ ਵੱਲੋਂ ਪਾਸ ਕੀਤੇ ਗਏ ਮੁੱਖ ਮਤਿਆਂ ’ਚੋਂ ਇਕ ਰਾਹੀਂ ਮੰਗ ਕੀਤੀ ਗਈ ਹੈ ਕਿ ਇਜ਼ਰਾਈਲ ਵੱਲੋਂ ਕਬਜ਼ਾਏ ਫ਼ਲਸਤੀਨੀ ਖੇਤਰ ਮੁਕਤ ਕੀਤੇ ਜਾਣ ਅਤੇ 4 ਜੂਨ 1967 ਦੀਆਂ ਲੀਹਾਂ ’ਤੇ ਇਕ ਸੰਪੂਰਣ ਪ੍ਰਭੂਸੱਤਾ ਸੰਪੰਨ ਫ਼ਲਸਤੀਨੀ ਦੇਸ਼, ਜਿਸਦੀ ਰਾਜਧਾਨੀ ਪੂਰਬੀ ਜੇਰੂਸ਼ਲਮ ਹੋਵੇ, ਸਥਾਪਤ ਕੀਤਾ ਜਾਵੇ। ਕਾਂਗਰਸ ਨੇ ‘ਯੂਐਨਓ’ ਦੇ ਮਤਿਆਂ ਮੁਤਾਬਕ ਫ਼ਲਸਤੀਨੀ ਪਨਾਹਗੀਰਾਂ ਦੇ ਦੇਸ਼ ਵਾਪਸੀ ਦੇ ਅਧਿਕਾਰ ਦਾ ਵੀ ਨਵੇਂ ਸਿਰਿਓਂ ਸਮਰਥਨ ਕੀਤਾ ਹੈ। ਨਾਲ ਹੀ ਵੱਖੋ-ਵੱਖ ਸਮਿਆਂ ’ਤੇ ਬਣਦੀਆਂ ਰਹੀਆਂ ਇਜ਼ਰਾਇਲੀ ਸਰਕਾਰਾਂ ਨੂੰ ਫ਼ਲਸਤੀਨੀ ਖੇਤਰ ਕਬਜ਼ਾਉਣ ਦਾ ਅਮਲ ਤਿੱਖਾ ਕਰਨ ਤੇ ਫ਼ਲਸਤੀਨੀਆਂ ਦਾ ਸਵੈ-ਨਿਰਣੇ ਦਾ ਅਧਿਕਾਰ ਅਣਡਿੱਠ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ। ਖਿੱਤੇ ’ਚ ਵੱਧਦੇ ਸਾਮਰਾਜੀ ਦਖ਼ਲ ਦੀ ਸਖ਼ਤ ਨਿਖੇਧੀ ਕਰਦਿਆਂ ਕਾਂਗਰਸ ਨੇ ਅਮਰੀਕੀ ਸਦਰ ਡੋਨਾਲਡ ਟਰੰਪ ਦੀ ਅਖੌਤੀ ‘ਪੀਸ ਕੌਂਸਲ’ ਪਹਿਲ ਬਾਰੇ ਵੀ ਚਿਤਾਵਨੀ ਦਿੱਤੀ ਹੈ, ਕਿਉਂਕਿ ਅਜਿਹੀਆਂ ਪਹਿਲਾਂ ਦਾ ਮਕਸਦ ਝਗੜਾ ਹੱਲ ਕਰਨਾ ਨਹੀਂ ਬਲਕਿ ਗਾਜ਼ਾ ’ਤੇ ਆਪਣਾ ਗਲਬਾ ਸਥਾਪਨਾ  ਕਰਕੇ ਇਕ ਆਜ਼ਾਦ ਫ਼ਲਸਤੀਨੀ ਦੇਸ਼ ਦੀ ਕਾਇਮੀ ਨੂੰ ਰੋਕਣਾ ਹੈ।

ਪਾਰਟੀ ਕਾਂਗਰਸ ਨੇ ਮੁਕੰਮਲ ਯੁੱਧ ਵਿਰਾਮ, ਗਾਜ਼ਾ ਪੱਟੀ ਤੋਂ ਇਜ਼ਰਾਇਲੀ ਫੌਜ ਦੀ ਸੰਪੂਰਨ ਵਾਪਸੀ, ਸਰਹੱਦੀ ਨਾਕੇ ਮੁੜ ਖੋਲ੍ਹੇ ਜਾਣ ਤੇ ਜੰਗ ਦੌਰਾਨ ਹੋਈ ਤਬਾਹੀ ਲਈ ਜੁਆਬਦੇਹੀ ਤੈਅ ਕਰਨ ਦੀ ਵੀ ਮੰਗ ਕੀਤੀ ਹੈ। ਇਜ਼ਰਾਇਲੀ ਫੌਜ ਦੀਆਂ ਕਾਰਵਾਈਆਂ ਤੇ ਕਬਜ਼ੇ ਅਧੀਨ ਪੱਛਮੀ ਕੰਢੇ ਤੇ ਪੂਰਬੀ ਜੇਰੂਸ਼ਲਮ ’ਚ ਕਬਜ਼ਾਕਾਰੀਆਂ ਵੱਲੋਂ ਵਰਤਾਈ ਜਾਂਦੀ ਹਿੰਸਾ ਦੀ ਨਿਖੇਧੀ ਕਰਦੇ ਹੋਏ ਇਸ ਅਮਲ ਨੂੰ ਫ਼ਲਸਤੀਨੀ ਖੇਤਰ ਧੱਕੇ ਨਾਲ ਆਪਣੇ ’ਚ ਰਲਾਉਣ ਤੇ ਨਸਲੀ ਸਫਾਏ ਦੀ ਇਜ਼ਰਾਇਲ ਦੀ ਵਿਆਪਕ ਨੀਤੀ ਦਾ ਹਿੱਸਾ ਕਰਾਰ ਦਿੱਤਾ ਹੈ।

ਪਾਰਟੀ ਕਾਂਗਰਸ ਨੇ ‘ਫਲਸਤੀਨੀ ਆਜ਼ਾਦੀ’, ‘ਅਰਬ ਫ਼ਲਸਤੀਨੀ ਆਵਾਮ’, ‘ਸਮਾਜਿਕ ਨਿਆਂ’, ‘ਟਰੇਡ ਯੂਨੀਅਨ, ਜਥੇਬੰਦੀ ਤੇ ਸਮਾਨਤਾ’, ‘ਜਮਹੂਰੀਅਤ ਤੇ ਨਾਗਰਿਕ ਆਜ਼ਾਦੀਆਂ ਦੀਆਂ ਨੀਹਾਂ’, ‘ਸਾਮਰਾਜਵਾਦ ਤੇ ਕੌਮਾਂਤਰੀ ਮੁੱਦੇ’ ਅਤੇ ‘ਮੌਸਮੀ ਤਬਦੀਲੀ ਸੰਕਟ’ ਬਾਰੇ ਮਤੇ ਪਾਸ ਕੀਤੇ ਹਨ ਤੇ ਲੋਕਾਂ ਦੇ ਨਾਂਅ ਇਕ ਅਪੀਲ ਵੀ ਜਾਰੀ ਕੀਤੀ ਹੈ।

‘ਫ਼ਲਸਤੀਨੀ ਆਜ਼ਾਦੀ’ ਬਾਰੇ ਮਤੇ ’ਚ ਸਾਲਾਂਬੱਧੀ ਲਗਾਤਾਰ ਚਲਾਈ ਜਾ ਰਹੀ ਨਰਸੰਘਾਰਕ ਜੰਗ ਖਤਮ ਕਰਨ, ਕਬਜ਼ੇ ਖਤਮ ਕਰਨ, ਫ਼ਲਸਤੀਨੀ ਲੋਕਾਂ ਦੇ ਸਵੈ-ਨਿਰਣੇ ਦੇ ਅਧਿਕਾਰ ਦਾ ਸਨਮਾਨ ਕਰਦੇ ਹੋਏ 4 ਜੂਨ 1967 ਨੂੰ ਮਿਥੀਆਂ ਸਰਹੱਦਾਂ ਮੁਤਾਬਕ ਸੰਪੂਰਨ ਪ੍ਰਭੂਸੱਤਾ ਸੰਪਨ ਤੇ ਆਜ਼ਾਦ ਫ਼ਲਸਤੀਨ ਦੇਸ਼, ਜਿਸਦੀ ਰਾਜਧਾਨੀ ਪੂਰਬੀ ਜੇਰੂਸ਼ਲਮ ਹੋਵੇ, ਸਥਾਪਤ ਕਰਨ ਦੀ ਮੰਗ ਮੁੜ ਦਿੜ੍ਹਾਈ ਹੈ।

‘ਯੂਐਨਓ’ ਵੱਲੋਂ 29 ਨਵੰਬਰ 1947 ਨੂੰ ਪਾਸ ਕੀਤੇ ‘ਵੰਡ ਮਤੇ’ ਰਾਹੀਂ 1948 ’ਚ ਇਜ਼ਰਾਈਲ ਦੀ ਸਥਾਪਨਾ ਨੂੰ ਜਾਇਜ਼ਤਾ ਪ੍ਰਦਾਨ ਕੀਤੀ ਗਈ ਸੀ। ਪਰ ਇਜ਼ਰਾਇਲ ਨੇ ਆਪਣੇ ਖੇਤਰ ’ਤੇ ਕਬਜ਼ਾ ਕਰਦੇ ਸਮੇਂ ਫ਼ਲਸਤੀਨੀ ਦੇਸ਼ ਨੂੰ ਅਲਾਟ ਖੇਤਰਾਂ ’ਤੇ ਵੀ ਕਬਜ਼ਾ ਕਰਕੇ ਇਸ ਮਤੇ ਦੀ ਘੋਰ ਉਲੰਘਣਾ ਕੀਤੀ ਹੈ। ਇਸ ‘ਵੰਡ ਮਤੇ’ ਦੇ ਦੋ ਸਿਧਾਂਤਕ ਪੱਖ ਸਨ, ਜੋ ਇਕ-ਦੂਜੇ ਦੇ ਪੂਰਕ ਸਨ। ਇਜ਼ਰਾਇਲ ਦੀ ਤਾਂ ਸਥਾਪਨਾ ਕਰ ਦਿੱਤੀ ਗਈ ਸੀ, ਜਦੋਂਕਿ ਫ਼ਲਸਤੀਨੀ ਦੇਸ਼ ਦੇ ਮਾਮਲੇ ’ਚ ਇਸਦੀ ਇੰਨ-ਬਿੰਨ ਪਾਲਣਾ ਨਹੀਂ ਕੀਤੀ ਗਈ। ਇਹ ‘ਵੰਡ ਮਤਾ’ ਲਾਜ਼ਮੀ ਲਾਗੂ ਕੀਤਾ ਜਾਣਾ ਚਾਹੀਦਾ ਹੈ।

ਮਤੇ ’ਚ ਡੋਨਾਲਡ ਟਰੰਪ ਦੀ ਅਗਵਾਈ ਵਾਲੀ ਅਖੌਤੀ ‘ਪੀਸ ਕੌਂਸਲ’ ਨੂੰ ਇਸਦੇ ਨਾਂਅ ਦੇ ਐਨ ਉਲਟ ਗਾਜ਼ਾ ਪੱਟੀ ’ਤੇ ਮੁਕੰਮਲ ਗਲਬਾ ਕਾਇਮ ਕਰਨ ਦਾ ਸੰਦ ਤੇ ਇਸ ਖਿੱਤੇ ਦੇ ਮਾਮਲਿਆਂ ਦਾ ਪ੍ਰਬੰਧ ਕਰਨ ਦਾ ਫ਼ਲਸਤੀਨੀਆਂ ਦਾ ਕੁਦਰਤੀ ਅਧਿਕਾਰ ਖੋਹਣ ਵਾਲਾ ਹਮਲਾ ਦੱਸਿਆ ਗਿਆ ਹੈ। ਇਹ ਸਾਮਰਾਜੀਆਂ ਦੀ ਆਰਥਿਕ ਲੁੱਟ-ਚੋਂਘ ਦੇ ਨਿਸ਼ਾਨੇ ਤੇ ਪਸਾਰਵਾਦੀ ਲਾਲਸਾ ਪੂਰੀ ਕਰਨ ਦੇ ਨਾਲ-ਨਾਲ ਗਾਜ਼ਾ ਪੱਟੀ ਦੇ ਸਾਹਿਲੀ ਖੇਤਰਾਂ ਵਿਚਲੇ ਗੈਸ ਭੰਡਾਰ ਕਬਜ਼ਾਉਣ ਦੀ ਇੱਛਾ ਦੀ ਪੂਰਤੀ ਨਾਲ ਪ੍ਰੇਰਤ ਹਮਲਾ ਹੈ। ਅਖੌਤੀ ‘ਪੀਸ ਕੌਂਸਲ’ ਦਾ ਮਕਸਦ ਭਵਿੱਖ ’ਚ ਗਾਜ਼ਾ ਪੱਟੀ ਨੂੰ ਪੱਛਮੀ ਕੰਢੇ ਤੋਂ ਪੂਰੀ ਤਰ੍ਹਾਂ ਅਲਹਿਦਾ ਕਰਕੇ, ਇਸਦੀ ਇਜ਼ਰਾਇਲ ’ਚ ਰਲੇਵੇਂ ਦੀ ਪ੍ਰਕਿਰਿਆ ਤੇਜ਼ ਕਰਨਾ ਹੈ।

ਮਤੇ ਰਾਹੀਂ ਗਾਜ਼ਾ ਪੱਟੀ ਤੇ ਪੱਛਮੀ ਕੰਢੇ ’ਚ ਫ਼ਲਸਤੀਨੀ ਪਨਾਹਗੀਰਾਂ ਨੂੰ ਰਾਹਤ ਪ੍ਰਦਾਨ ਕਰਦੀ ਯੂਐਨਓ ਦੀ ‘ਉਨਰਵਾ’ ਏਜੰਸੀ ’ਤੇ ਇਜ਼ਰਾਇਲ ਵੱਲੋਂ ਹਮਲੇ ਕਰਨ ਤੇ ਇਸ ਏਜੰਸੀ ਨੂੰ ‘ਅੱਤਵਾਦੀ ਜਥੇਬੰਦੀ’ ਗਰਦਾਨੇ ਜਾਣ ਨੂੰ ਫ਼ਲਸਤੀਨੀ ਲੋਕਾਂ ਵਿਰੁੱਧ ਇਕ ਜੰਗੀ ਜ਼ੁਰਮ ਦੱਸਿਆ ਗਿਆ ਹੈ ਤੇ ਸੰਸਾਰ ਤੋਂ ਮੰਗ ਕੀਤੀ ਗਈ ਹੈ ਕਿ ਉਹ ਇਸ ਹਮਲਾਵਰ ਪਹੁੰਚ ਵਿਰੁੱਧ ਡੱਟ ਕੇ ਖਲੋਣ।

ਪਾਰਟੀ ਕਾਂਗਰਸ ਨੇ 1967 ਤੋਂ ਲੈ ਕੇ ਹੁਣ ਤਾਈਂ ਇਜ਼ਰਾਇਲ ਵੱਲੋਂ ਸੀਰੀਆ ਤੇ ਲਿਬਨਾਨ ਦੇ ਖੇਤਰਾਂ ’ਤੇ ਕੀਤੇ ਗਏ ਕਬਜ਼ੇ ਖਤਮ ਕਰਨ ਦੀ ਆਪਣੀ ਮੰਗ ਮੁੜ ਦਿੜ੍ਹਾਈ ਹੈ। ਇਸਨੇ ਪਾਰਟੀ  ਅਤੇ ‘ਹਦਸ਼’ ਦੇ ਬੈਨਰ ਹੇਠ ਕੈਡਰ ਤੇ ਆਮ ਲੋਕਾਂ ਵੱਲੋਂ ਰਾਜਧਾਨੀ ਤੇਲ ਅਵੀਵ ’ਚ 18 ਨਵੰਬਰ ’23 ਨੂੰ ਕੀਤੇ ਗਏ ਸਭ ਤੋਂ ਪਹਿਲੇ ਜੰਗ ਵਿਰੋਧੀ ਮੁਜ਼ਾਹਰੇ ਅਤੇ ਉਸ ਤੋਂ ਪਿਛੋਂ ਹੁਣ ਤੱਕ ਵੱਖੋ-ਵੱਖ ਰੂਪਾਂ ’ਚ ਕੀਤੀਆਂ ਜਾ ਰਹੀਆਂ ਜੰਗ ਵਿਰੋਧੀ ਕਾਰਵਾਈਆਂ ਲਈ ਕਾਰਕੁੰਨਾਂ ’ਤੇ ਲੋਕਾਂ ਦੇ ਹਿੰਮਤ-ਹੌਂਸਲੇ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਸਲਾਮ ਪੇਸ਼ ਕੀਤਾ ਹੈ।

‘ਫ਼ਲਸਤੀਨੀ ਆਜ਼ਾਦੀ’ ਬਾਰੇ ਮਤੇ ਦੇ ਅੰਤ ’ਚ ਪਾਰਟੀ ਨੇ ਅਰਬ ਸਮਾਜ ਦੀਆਂ ਸਿਆਸੀ ਤਾਕਤਾਂ ਸਮੇਤ ਇਜ਼ਰਾਇਲ ਦੇ ਗਲੀਆਂ-ਬਜ਼ਾਰਾਂ ’ਚ ਇਸ ਫਾਸ਼ੀਵਾਦੀ ਹਕੂਮਤ ਦਾ ਵਿਰੋਧ ਕਰਨ ਵਾਲੀਆਂ ਸਭ ਅਗਾਂਹਵਧੂ ਧਿਰਾਂ ’ਤੇ ਅਧਾਰਤ ਇਕ ਵਿਆਪਕ ਜੁਝਾਰੂ ਸਾਂਝ ਉਸਾਰਨ ਦਾ ਸੱਦਾ ਦਿੱਤਾ ਹੈ। ਨਾਲ ਹੀ ਸਾਂਝੇ ਘੋਲਾਂ ਨੂੰ ਨਿਰਭਰਤਾ ਤੇ ਘਰੇਲੂਕਰਣ ਦੇ ਨਾਂ ’ਤੇ ਭਟਕਾਉਣ ਦੇ ਯਤਨਾਂ ਵਿਰੁੱਧ ਚਿਤਾਵਨੀ ਵੀ ਦਿੱਤੀ ਹੈ।

‘ਅਰਬ ਫ਼ਲਸਤੀਨੀ ਅਵਾਮ’ ਮਤੇ ਰਾਹੀਂ ਪਾਰਟੀ ਕਹਿੰਦੀ ਹੈ ਕਿ ਇਜ਼ਰਾਈਲ ’ਚ ਫ਼ਲਸਤੀਨੀ ਅਰਬ ਲੋਕਾਂ ਦਾ ਮੁੱਦਾ ਉਸਦੇ ਜੁਝਾਰੂ ਏਜੰਡੇ ’ਚ ਸਭ ਤੋਂ ਮਹੱਤਵਪੂਰਨ ਥਾਂ ਰੱਖਦਾ ਹੈ। ਪਾਰਟੀ, ਨਸਲੀ ਵਿਤਕਰੇ ਤੇ ਦਮਨ-ਉਤਪੀੜਨ ਵਰਗੇ ਬੁਨਿਆਦੀ ਮੁੱਦਿਆਂ ਵਿਰੁੱਧ ਸੰਘਰਸ਼ ਨੂੰ ਤਰਜੀਹ ਦਿੰਦੀ ਹੈ। ਸਾਡੀ ਪਾਰਟੀ 1948 ਤੋਂ ਹੀ ਉਨ੍ਹਾਂ ਦੇ ਹੱਕ-ਹਕੂਕ ਦੇ ਸੰਘਰਸ਼ਾਂ ’ਚ ਮੋਹਰੀ ਰਹੀ ਹੈ। ਦਰਅਸਲ, ਇਸ ਸੰਘਰਸ਼ ਦੀ ਬੁਨਿਆਦ ਹੀ ਸਾਡੀ ਪਾਰਟੀ ਨੇ ਰੱਖੀ ਸੀ, ਜੋ ਹਰ ਪੜਾਅ ’ਤੇ ਮੀਲ ਪੱਥਰ ਸਾਬਤ ਹੋਇਆ ਹੈ। ਇਸ ਲਈ ਪਾਰਟੀ ਸੱਦਾ ਦਿੰਦੀ ਹੈ-

d ਬੇਂਜ਼ਾਮਿਨ ਨੇਤਨਯਾਹੂ ਸਰਕਾਰ ਵੱਲੋਂ ਅੱਤਵਾਦੀ ਕਬਜ਼ਾਕਾਰੀਆਂ ਤੇ ਹੋਰ ਢੰਗ-ਤਰੀਕਿਆਂ ਨਾਲ ਅਰਬ ਸਮਾਜ ਦੀ ਤਬਾਹੀ ਦੀਆਂ ਧੱਕੜਸ਼ਾਹ ਯੋਜਨਾਵਾਂ ਵਿਰੁੱਧ ਸੰਘਰਸ਼ ਤਿੱਖਾ ਕੀਤਾ ਜਾਵੇ।

d        ਅਰਬ ਨਾਗਰਿਕਾਂ ਲਈ ਵਿੱਤੀ ਤੇ ਜਨਤਕ ਵਸੀਲਿਆਂ ਦੀ ਵੰਡ ਸਮੇਤ ਜ਼ਿੰਦਗੀ ਦੇ ਹਰ ਖੇਤਰ ’ਚ ਸੰਪੂਰਣ ਬਰਾਬਰਤਾ ਯਕੀਨੀ ਬਣਾਈ ਜਾਵੇ।

d        ਅਰਬ ਸ਼ਹਿਰਾਂ-ਕਸਬਿਆਂ ਦੀਆਂ ਹੱਦਾਂ ਦਾ ਪਸਾਰਾ ਕੀਤਾ ਜਾਵੇ। ਅਸਲ ’ਚ ਇਹ ਉਨ੍ਹਾਂ ਦੇ ਪੁਰਾਣੇ ਖੇਤਰਾਂ ਨੂੰ ਉਨ੍ਹਾਂ ਨੂੰ ਵਾਪਸ ਦੇਣ ਦੇ ਤੁੱਲ  ਹੀ ਹੈ, ਕਿਉਂਕਿ ਇਜ਼ਰਾਇਲ ਦੀਆਂ ਵੱਖੋ-ਵੱਖ ਸਰਕਾਰਾਂ ਵੱਖੋ-ਵੱਖ ਨਾਵਾਂ ਤੇ ਬਹਾਨਿਆਂ ਅਧੀਨ ਅਰਬਾਂ ਦੇ ਇਲਾਕਿਆਂ ’ਤੇ ਕਬਜ਼ਾ ਕਰਦੀਆਂ ਆ ਰਹੀਆਂ ਹਨ ਤੇ ਹੁਣ ਵੀ ਕਰ ਰਹੀਆਂ ਹਨ।

d        ਪਾਰਟੀ ਅਰਬ ਸਮਾਜ ਦੀਆਂ ਜਨਤਕ ਸੰਸਥਾਵਾਂ ਦੀ ਹੋਂਦ ਨੂੰ ਮਹੱਤਵਪੂਰਨ ਸਮਝਦੀ ਹੈ। ਉਸਨੂੰ ਇਸ ਗੱਲ ’ਤੇ ਮਾਣ ਹੈ ਕਿ ਪਾਰਟੀ ਦੀ ਇਨ੍ਹਾਂ ਦੀ ਸਥਾਪਤੀ ’ਚ ਬੁਨਿਆਦੀ ਭੂਮਿਕਾ ਰਹੀ ਹੈ। ਪਾਰਟੀ ਸੱਦਾ ਦਿੰਦੀ ਹੈ ਕਿ ਹਾਇਰ ਫਾਲੋ-ਅਪ ਕਮੇਟੀ ਸਮੇਤ ਅਰਬ ਮੇਅਰਾਂ ਦੀ ਕਮੇਟੀ ਦੀ ਭੁਮਿਕਾ ਹੋਰ ਮਜ਼ਬੂਤ ਕੀਤੀ ਜਾਵੇ।

See Also

‘ਸਮਾਜਿਕ ਨਿਆਂ, ਟਰੇਡ ਯੂਨੀਅਨਾਂ ਨੂੰ ਜਥੇਬੰਦ ਕਰਨਾ ਅਤੇ ਸਮਾਨਤਾ’ ਬਾਰੇ ਮਤੇ ਰਾਹੀਂ ਪਾਰਟੀ ਨੇ ਉਚਿਤ ਟੈਕਸ ਨੀਤੀ ਘੜਨ, ਘੱਟੋ-ਘੱਟ ਤਨਖਾਹ ’ਚ ਔਸਤਨ ਤਨਖਾਹ ਦੇ 60% ਦੇ ਬਰਾਬਰ ਵਾਧਾ ਕਰਨ ਤੇ ਇਸ ਲਈ ਯੋਗਤਾ ਲਈ ਮਹੀਨੇ ’ਚ 182 ਘੰਟੇ ਦੀ ਥਾਂ 176 ਘੰਟੇ ਕੰਮ ਕਰਨ ਦੀ ਵਿਵਸਥਾ ਕਰਨ ਦੀ ਮੰਗ ਕੀਤੀ ਹੈ। ਪਾਰਟੀ, ਟਰੇਡ ਯੂਨੀਅਨਾਂ ਨੂੰ ਕਿਰਤ ਅਧਿਕਾਰਾਂ ਦੇ ਇਕ ਲਾਜ਼ਮੀ ਰਾਖੇ ਵਜੋਂ ਦੇਖਦੀ ਹੋਈ ਉਨ੍ਹਾਂ ਨੂੰ ਸਮਾਜਿਕ ਨਿਆਂ ਦੇ ਸੰਘਰਸ਼ ਦਾ ਜ਼ਰੂਰੀ ਹਿੱਸਾ ਸਮਝਦੀ ਹੈ।

‘ਜਮਹੂਰੀਅਤ ਤੇ ਨਾਗਰਿਕ ਆਜ਼ਾਦੀਆਂ ਦੀਆਂ ਬੁਨਿਆਦਾਂ’ ਬਾਰੇ ਮਤੇ ’ਚ ਪਾਰਟੀ ਦੀ ਸਮਝ ਹੈ ਕਿ ਬੇਂਜਾਮਿਨ ਨੇਤਨਯਾਹੂ ਦੀ ਅਗਵਾਈ ਵਾਲੀ ਫਾਸ਼ੀਵਾਦੀ ਸਰਕਾਰ ਹਰ ਕਿਸੇ, ਜੋ ਵੀ ਉਸਦਾ ਵਿਰੋਧ ਕਰਦਾ ਹੈ, ਦੀਆਂ ਨਾਗਰਿਕ ਆਜ਼ਾਦੀਆਂ ਦਾ ਘਾਣ ਕਰਦੀ ਹੈ ਤੇ ਉਸ ਵਿਰੁੱਧ ਸਿਆਸੀ ਬਦਲਾਖੋਰੀ ਦੀ ਕਾਰਵਾਈ ਕਰਦੀ ਹੈ। ਇਸ ਮਾਮਲੇ ’ਚ ਅਰਬ ਸਮਾਜ ਨੂੰ ਉਚੇਚਾ ਨਿਸ਼ਾਨਾ ਬਣਾਇਆ ਜਾਂਦਾ ਹੈ। ਆਪਣੇ ਇਸੇ ਵਤੀਰੇ ਸਦਕਾ, ਸੱਤਾ ਸੰਭਾਲਣ ਦੇ ਪਹਿਲੇ ਦਿਨ ਤੋਂ ਹੀ ਇਹ ਨਿਆਂ ਪਾਲਿਕਾ ਨੂੰ ਹਾਕਮ ਸਿਆਸੀ ਵਿਵਸਥਾ ਦਾ ਹੱਥਠੋਕਾ ਬਣਾਉਣ ਦੇ ਰਾਹ ’ਤੇ ਚੱਲ ਰਹੀ ਹੈ। ਸੰਸਦ ’ਚ ਮੁੱਖ ਵਿਰੋਧੀ ਧਿਰ, ਨਿਆਂਪਾਲਕਾ ਨੂੰ ਸਰਕਾਰ ਦਾ ਹੱਥਠੋਕਾ ਬਨਾਉਣ ਦੀ ਸਰਕਾਰ ਦੀ ਯੋਜਨਾ ਦਾ ਤਾਂ ਭਾਵੇਂ ਵਿਰੋਧ ਕਰਦੀ ਹੈ, ਪਰ ਅਰਬਾਂ ਵਿਰੁੱਧ ਘੜੇ ਜਾ ਰਹੇ ਹਰ ਕਿਸਮ ਦੇ ਜਾਬਰ ਕਾਨੂੰਨਾਂ ਨੂੰ ਸੰਸਦ ’ਚੋਂ ਪਾਸ ਕਰਵਾਉਣ ’ਚ ਫਾਸ਼ੀਵਾਦੀ ਸਰਕਾਰ ਦਾ ਵੱਧ-ਚੜ੍ਹਕੇ ਸਾਥ ਦਿੰਦੀ ਹੈ। ਪਾਰਟੀ ਦੇ ਮੁਲਾਂਕਣ ਮੁਤਾਬਕ ਦੇਸ਼ ਦੀ ਨਿਆਂ ਵਿਵਸਥਾ, ਖਾਸ ਕਰਕੇ ਸਰਵ ਉੱਚ ਅਦਾਲਤ ਕਦੇ ਵੀ ਜਮਹੂਰੀਅਤ ਤੇ ਨਿਆਂ ਦਾ ਮੁਜੱਸਮਾ ਨਹੀਂ ਰਹੀ। ਉਹ ਤਾਂ ਬਲਕਿ ਅਰਬ ਸਮਾਜ ਵਿਰੁੱਧ ਬਣਨ ਵਾਲੀਆਂ ਨਸਲੀ ਵਿਤਕਰੇ ’ਤੇ ਅਧਾਰਤ ਹਰ ਤਰ੍ਹਾਂ ਦੀਆਂ  ਨੀਤੀਆਂ ਤੇ ਕਾਨੂੰਨਾਂ ਨੂੰ ਜਾਇਜ਼ਤਾ ਪ੍ਰਦਾਨ ਕਰਦੀ ਆ ਰਹੀ ਹੈ। ਪਾਰਟੀ ਸਰਕਾਰ ਦੀ ਇਸ ਫਾਸ਼ੀਵਾਦੀ ਯੋਜਨਾ ਦਾ ਟਾਕਰਾ ਕਰਨ ਲਈ ਵੱਖੋ-ਵੱਖ ਸ਼ਕਤੀਆਂ ਦਰਮਿਆਨ ਹਰ ਛੋਟੇ ਤੋਂ ਛੋਟੇ ਅੰਤਰ ਵਿਰੋਧ ਦੀ ਵਰਤੋਂ ਕਰਨ ਦਾ ਯਤਨ ਕਰਦੀ ਹੈ। ਪਾਰਟੀ ਲੋਕਾਂ ਨੂੰ ਆਪਣੇ ਵਲੋਂ ਅਤੇ ‘ਅਮਨ ਤੇ ਬਰਾਬਰਤਾ ਲਈ ਸੰਘਰਸ਼ ਕਰਨ ਵਾਲੇ ਜਮਹੂਰੀ ਮੋਰਚੇ’ ਦੇ ਬੈਨਰ ਥੱਲੇ ਲੜੇ ਜਾਣ ਵਾਲੇ ਜਨਤਕ ਸੰਘਰਸ਼ਾਂ ’ਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਸੱਦਾ ਦਿੰਦੀ ਹੈ।

‘ਸਾਮਰਾਜਵਾਦ ਤੇ ਕੌਮਾਂਤਰੀ ਮੁੱਦੇ’ ਬਾਬਤ ਮਤੇ ’ਚ ਪਾਰਟੀ ਦੁਨੀਆ ਭਰ ਦੀਆਂ ਅਗਾਂਹਵਧੂ ਤਾਕਤਾਂ ਨੂੰ ਸੱਦਾ ਦਿੰਦੀ ਹੈ ਕਿ ਉਹ ਸਾਮਰਾਜੀ ਸਾਜ਼ਿਸ਼ਾਂ, ਖਾਸ ਕਰਕੇ ਅਮਰੀਕੀ ਸਾਮਰਾਜ ਜੋ ਵੱਖੋ-ਵੱਖ ਖੇਤਰਾਂ ਤੇ ਦੇਸ਼ਾਂ ’ਚ ਆਪਣਾ ਗਲਬਾ ਕਾਇਮ ਕਰਨ ਲਈ ਉਨ੍ਹਾਂ ਨੂੰ ਜੰਗ ਦੀ ਭੱਠੀ ’ਚ ਝੋਕ ਰਿਹਾ ਹੈ, ਦਾ ਟਾਕਰਾ ਕਰਨ ਲਈ ਆਪੋ-ਆਪਣੇ ਦੇਸ਼ਾਂ ਦੇ ਲੋਕਾਂ ਨੂੰ ਲਾਮਬੰਦ ਕਰਨ। ਸਾਮਰਾਜ, ਇਨ੍ਹਾਂ ਦੇਸ਼ਾਂ ਦੇ ਲੋਕਾਂ ਦੀ ਦੌਲਤ ਚੋਰੀ ਕਰ ਰਿਹਾ ਹੈ, ਲੋਕਾਂ ਨੂੰ ਆਪਣੇ ਦੇਸ਼ਾਂ ਦਾ ਪ੍ਰਸ਼ਾਸਨ ਆਜ਼ਾਦਾਨਾ ਤੌਰ ’ਤੇ ਖੁਦ ਚਲਾਉਣ ਦੇ ਅਧਿਕਾਰ ਤੋਂ ਵਾਂਝਾ ਕਰ ਰਿਹਾ ਹੈ।

ਇਸ ਮਤੇ ’ਚ ਨੋਟ ਕੀਤਾ ਗਿਆ ਹੈ ਕਿ ਕਿਵੇਂ ਅਖੌਤੀ ਅਰਬ ਬਸੰਤ ਬਗ਼ਾਵਤਾਂ ਰਾਹੀਂ ਸਾਮਰਾਜ ਨੇ ਲੀਬੀਆ, ਯਮਨ, ਸੂਡਾਨ, ਈਰਾਕ ਆਦਿ ਨੂੰ ਅਸਥਿਰ ਕੀਤਾ ਹੈ ਤੇ ਉਥੋਂ ਦੇ ਲੋਕਾਂ ਨੂੰ ਉਨ੍ਹਾਂ ਦੀਆਂ ਮਾਤਭੂਮੀਆਂ, ਦੌਲਤ, ਜਮਹੂਰੀਅਤ ਤੇ ਰੋਜ਼ੀ-ਰੋਟੀ ਤੋਂ ਵਾਂਝੇ ਕੀਤਾ ਹੈ। ਸੀਰੀਆ ਇਸਦੀ ਤਾਜ਼ਾ ਉਦਾਹਰਣ ਹੈ।

ਪਾਰਟੀ ਨੇ ਵੈਨੇਜ਼ੁਏਲਾ, ਕਿਊਬਾ, ਇਰਾਨ ਤੇ ਡੈਨਮਾਰਕ ਵਿਰੁੱਧ ਅਮਰੀਕੀ ਸਾਮਰਾਜ ਦੀਆਂ ਘਿਨੌਣੀਆਂ ਕਾਰਵਾਈਆਂ ਤੇ ਦਖਲਅੰਦਾਜ਼ੀਆਂ ਦਾ ਵਿਰੋਧ ਕਰਦੇ ਹੋਏ ਉਨ੍ਹਾਂ ਨਾਲ ਇਕਜੁਟਤਾ ਪ੍ਰਗਟਾਈ ਹੈ।

ਪਾਰਟੀ ਦਾ ਕਹਿਣਾ ਹੈ ਕਿ ਇਸ ਮੁਸ਼ਕਲ ਘੜੀ ’ਚ ਕੌਮਾਂਤਰੀ ਕਮਿਊਨਿਸਟ ਲਹਿਰ ਤੇ ਸੰਸਾਰ ਦੀਆਂ ਅਗਾਂਹਵਧੂ ਤਾਕਤਾਂ ਨੂੰ ਤਾਲਮੇਲ ਵਧਾਉਂਦੇ ਹੋਏ ਸਾਮਰਾਜ ਵਿਰੁੱਧ ਤਿੱਖੀ ਲਾਮਬੰਦੀ ਕਰਨੀ ਚਾਹੀਦੀ ਹੈ।

ਪਾਰਟੀ, ਸੰਸਾਰ ਨੂੰ ਸਮੂਹਿਕ ਤਬਾਹੀ ਦੇ ਸਭ ਤਰ੍ਹਾਂ ਦੇ ਹਥਿਆਰਾਂ, ਖਾਸ ਕਰਕੇ ਤਬਾਹਕੁੰਨ ਪ੍ਰਮਾਣੂ ਹਥਿਆਰਾਂ ਤੋਂ ਪੂਰੀ ਤਰ੍ਹਾਂ ਮੁਕਤ ਕਰਨ ਲਈ ਸੰਘਰਸ਼ ਕਰਨ ਪ੍ਰਤੀ ਪ੍ਰਤੀਬੱਧ ਹੈ।

‘ਮੌਸਮੀ ਸੰਕਟ’ ਬਾਰੇ ਮਤੇ ’ਚ ਪਾਰਟੀ ਕਹਿੰਦੀ ਹੈ ਕਿ ਉਹ ਸਾਡੇ ਗ੍ਰਹਿ ਦੇ ਗੁਣਵੱਤਾ ਯੁਕਤ ਮੌਸਮ ਲਈ ਨਿਰੰਤਰ ਸੰਘਰਸ਼ ਕਰ ਰਹੀ ਹੈ। ਅੱਜ ਸੰਸਾਰ ਗੰਭੀਰ ਚੁਗਿਰਦਾ ਸੰਕਟਾਂ ਦਾ ਸ਼ਿਕਾਰ ਹੈ। ਇਹ ਵੱਖੋ-ਵੱਖ ਰੂਪਾਂ ’ਚ ਮੌਸਮੀ ਤਬਦੀਲੀਆਂ ਦੇ ਰੂਪ ’ਚ ਪ੍ਰਗਟ ਹੁੰਦਾ ਹੈ। ਇਸ ਲਈ ਮੁੱਖ ਰੂਪ ’ਚ ਪੂੰਜੀਵਾਦ ਦੀ ਮੁਨਾਫ਼ੇ ਦੀ ਬੇਲਗਾਮ ਲਾਲਸਾ ਜ਼ਿੰਮੇਵਾਰ ਹੈ। ਖਾਸ ਕਰਕੇ ਮੱਧ-ਪੂਰਬ ਖਿੱਤੇ ’ਚ ਇਜ਼ਰਾਇਲ ਵੱਲੋਂ ਗਾਜ਼ਾ ਵਿਖੇ ਚਲਾਈ ਜਾ ਰਹੀ ਨਰਸੰਘਾਰਕ ਜੰਗ ਨਾਲ ਪੈਦਾ ਹੋਇਆ ਪ੍ਰਦੂਸ਼ਣ ਤੇ ਤਬਾਹੀ ਇਸ ਲਈ ਜ਼ਿੰਮੇਵਾਰ ਹੈ, ਜੋ ਕਿ ਸੰਸਾਰ ਦਾ ਤਾਪਮਾਨ ਵਧਣ ਤੇ ਚੁਗਿਰਦੇ ’ਚ ਨਿਘਾਰ ਦੇ ਵਰਤਾਰੇ ’ਚ ਚੋਖਾ ਹਿੱਸਾ ਪਾ ਰਿਹਾ ਹੈ।

ਇਜ਼ਰਾਇਲ ਦੀ ਕਮਿਊਨਿਸਟ ਪਾਰਟੀ ਨੇ ਕਿਰਤੀਆਂ ਦੀਆਂ ਨੌਜਵਾਨ ਪੀੜ੍ਹੀਆਂ ਤੇ  ਵਿਦਿਆਰਥੀਆਂ ਸਮੇਤ ਉਨ੍ਹਾਂ ਸਭ ਨੂੰ, ਜੋ ਪਾਰਟੀ ਦੇ ਪ੍ਰੋਗਰਾਮ ਨਾਲ ਸਹਿਮਤ ਹਨ, ਸੱਦਾ ਦਿੱਤਾ ਹੈ ਕਿ ਉਹ ਸਮਾਜਿਕ ਤਬਦੀਲੀ (ਇਨਕਲਾਬ) ਦੀ ਇਤਿਹਾਸਕ ਪ੍ਰਕ੍ਰਿਆ ’ਚ ਆਪਣਾ ਵਡਮੁੱਲਾ ਯੋਗਦਾਨ ਪਾਉਣ। ਕਮਿਊਨਿਸਟ ਪਾਰਟੀ ਸਪੱਸ਼ਟ ਬੌਧਿਕ ਤੇ ਵਿਚਾਰਧਾਰਕ ਆਧਾਰ ’ਤੇ ਜਾਇਨਵਾਦ, ਪੂੰਜੀਵਾਦ, ਰੂੜ੍ਹੀਵਾਦੀ ਤੇ ਸੱਜ ਪਿਛਾਖੜੀ ਪ੍ਰਭਾਵਾਂ ਤੇ ਅਜੰਡਿਆਂ ਤੋਂ ਦੂਰ ਖਲੋਤੀ ਹੈ। ਅਸੀਂ ਪੂੰਜੀਵਾਦ ਦੀ ਬਸਤੀਵਾਦੀ ਤਾਕਤ ਦੇ ਜ਼ੁਲਮਾਂ ਤੋਂ ਮੁਕਤੀ ਦੇ ਇਨਕਲਾਬੀ ਸੰਘਰਸ਼ ’ਚ ਮਿਹਨਤਕਸ਼ ਜਮਾਤ, ਅਰਬ ਤੇ ਯਹੂਦੀ ਲੋਕਾਂ ਨੂੰ ਇਕਜੁਟ ਤੇ ਲਾਮਬੰਦ ਕਰਦੇ ਹੋਏ ਇਸਦੀ ਅਗਵਾਈ ਕਰ ਰਹੇ ਹਾਂ।

Scroll To Top