Now Reading
ਸੰਪਾਦਕੀ: ਮਾਨ-ਕੇਜਰੀਵਾਲ ਦੇ ਫਰਜ਼ੀ ‘ਬਦਲਾਅ’ ਦੇ ਭਰਮਜਾਲ ’ਚੋਂ ਨਿਕਲੋ, ਬਦਲਵੀਆਂ ਲੋਕ ਪੱਖੀ ਨੀਤੀਆਂ ਵਾਲਾ ਹਕੀਕੀ ਮੁਤਬਾਦਲ ਉਸਾਰੋ

ਸੰਪਾਦਕੀ: ਮਾਨ-ਕੇਜਰੀਵਾਲ ਦੇ ਫਰਜ਼ੀ ‘ਬਦਲਾਅ’ ਦੇ ਭਰਮਜਾਲ ’ਚੋਂ ਨਿਕਲੋ, ਬਦਲਵੀਆਂ ਲੋਕ ਪੱਖੀ ਨੀਤੀਆਂ ਵਾਲਾ ਹਕੀਕੀ ਮੁਤਬਾਦਲ ਉਸਾਰੋ

ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ, ਪ੍ਰਾਂਤ ਦੇ ਵਜ਼ੀਰ ਤੇ ਵਿਧਾਇਕ, ‘ਆਮ ਆਦਮੀ ਪਾਰਟੀ’ ਦਾ ਦਿੱਲੀ ਬੈਠਾ ਥਿੰਕ ਟੈਂਕ ਤੇ ਸੂਬਾ ਸਰਕਾਰ ਦਾ ਹਰ ਛੋਟਾ-ਵੱਡਾ ਖੈਰਾ ਖਵਾਹ ਹਕੂਮਤ ਦੀ ਹਾਂ ਪੱਖੀ ਕਾਰਗੁਜ਼ਾਰੀ ਦੇ ਸੋਹਲੇ ਗਾਉਂਦੇ ਨਹੀਂ ਥੱਕਦੇ। ਉਨ੍ਹਾਂ ਮੁਤਾਬਕ ਸੂਬੇ ਦਾ ਆਰਥਿਕ ਵਿਕਾਸ ਸ਼ਿਖਰਾਂ ਛੂਹ ਗਿਆ ਹੈ, ਨਸ਼ਾ ਤਸਕਰੀ ਤੇ ਭ੍ਰਿਸ਼ਟਾਚਾਰ ਦਾ ਫਸਤਾ ਵੱਢ ਦਿੱਤਾ ਗਿਆ ਹੈ, ਸਿੱਖਿਆ ਤੇ ਸਿਹਤ ਸੇਵਾਵਾਂ ਦੇ ਖੇਤਰਾਂ ’ਚ ‘ਕ੍ਰਾਂਤੀ’ ਲਿਆਂਦੀ ਜਾ ਚੁੱਕੀ ਹੈ ਅਤੇ ਕਾਨੂੰਨ-ਪ੍ਰਬੰਧ ਦੀ ਸਥਿਤੀ ਐਨ ਤਸੱਲੀਬਖਸ਼ ਹੈ! ਐਪਰ ਕੂੜ ਪ੍ਰਚਾਰ ਦੇ ਉਲਟ ਜ਼ਮੀਨੀ ਹਕੀਕਤਾਂ ਪ੍ਰਾਂਤਕ ਸਰਕਾਰ ਦੇ ਇਨ੍ਹਾਂ ਬੁਲੰਦ ਬਾਂਗ ਦਾਅਵਿਆਂ ਦਾ ਮੂੰਹ ਚਿੜਾਉਂਦੀਆਂ ਹਨ।

ਸਭ ਜਾਣਦੇ ਹਨ ਕਿ ਕਿਸੇ ਵੀ ਸੂਬੇ ਦੇ ਆਰਥਿਕ ਵਿਕਾਸ ਦੀ ਬੁਨਿਆਦ ਸਬੰਧਤ ਸਰਕਾਰ ਕੋਲ ਇਸ ਮੰਤਵ ਲਈ ਖਰਚਣ ਜੋਗੇ ਵਿੱਤੀ ਸੰਸਾਧਨਾਂ ਦਾ ਵਾਫ਼ਰ ਮਾਤਰਾ ’ਚ ਮੌਜੂਦ ਹੋਣਾ ਹੈ। ਲੇਕਿਨ ਜਦੋਂ ਪੰਜਾਬ ਸਿਰ 4 ਲੱਖ ਕਰੋੜ ਰੁਪਏ ਤੋਂ ਵਧੇਰੇ ਕਰਜ਼ਾ ਚੜ੍ਹ ਗਿਆ ਹੋਵੇ, ਇਹ ਕਰਜ਼ਾ ਨਿੱਤ ਨਵੇਂ ਦਿਨ ਹੋਰ ਵੱਧਦਾ ਜਾਂਦਾ ਹੋਵੇ, ਵਿਆਜ ਅਦਾਇਗੀ ਮਾਪਦੰਡਾਂ ਤੋਂ ਪਾਰ ਨਿਕਲ ਜਾਵੇ ਤਾਂ ਸੂਬੇ ਦੀ ਆਰਥਿਕ ਸਥਿਤੀ ਤੇ ਚੌਤਰਫਾ ਵਿਕਾਸ ਦੇ ਫਰਜ਼ੀ ਦਾਅਵਿਆਂ ਦੇ ਥੋਥੇਪਨ ਅੰਦਾਜ਼ਾ ਸੌਖਿਆਂ ਹੀ ਲਾਇਆ ਜਾ ਸਕਦਾ ਹੈ।

ਜਿਵੇਂ ਪਾਣੀ ’ਚ ਡੁੱਬ ਰਿਹਾ ਕੋਈ ਵਿਅਕਤੀ ਜਾਨ ਬਚਾਉਣ ਲਈ ਆਖ਼ਰੀ ਵਾਰ ਹੱਥ-ਪੈਰ ਮਾਰਦਾ ਹੈ, ਠੀਕ ਉਵੇਂ ਹੀ ਮੁੱਖ ਮੰਤਰੀ ਸਾਬ੍ਹ ਵੋਟਾਂ ਹਾਸਲ ਕਰਨ ਲਈ ਲੋਕਾਂ ਨੂੰ ਮੁਫ਼ਤ ਤੀਰਥ ਯਾਤਰਾ ਕਰਾਉਣ, ਔਰਤਾਂ ਦੇ ਖਾਤਿਆਂ ’ਚ ਪ੍ਰਤੀ ਮਹੀਨਾ 1000 ਤੋਂ 1500 ਰੁਪਏ ਪਵਾਉਣ, ਮੁਫ਼ਤ ਬਿਜਲੀ ਦੇਣ, ਗਰੀਬਾਂ ਨੂੰ ਇਕ ਪਾਈਆ ਹਲਦੀ ਤੇ ਇਕ ਥੈਲੀ ਲੂਣ ਦੀ ਦੇਣ ਵਰਗੇ ਸ਼ਗੂਫ਼ੇ ਛੱਡੀ ਜਾ ਰਹੇ ਹਨ। ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਸਰਕਾਰਾਂ ਤੇ ਪਾਰਟੀਆਂ ਨੂੰ ਇਉਂ ਸਰਕਾਰੀ ਪੈਸੇ ਰਾਹੀਂ ਲੋਕ ਮਤ ਖਰੀਦਣ ਦੇ ਹੋਛੇ ਹਥਕੰਡੇ ਅਪਣਾਉਣ ਦੀ ਕੋਈ ਲੋੜ ਨਹੀਂ ਹੁੰਦੀ।

ਸਭ ਤੋਂ ਵੱਡੀ ਬੇਸ਼ਰਮੀ ਇਹ ਕੀਤੀ ਜਾ ਰਹੀ ਹੈ ਕਿ ਹਜ਼ਾਰਾਂ ਕਰੋੜ ਰੁਪਏ ਟੀ.ਵੀ. ਤੇ ਅਖ਼ਬਾਰੀ ਮਸ਼ਹੂਰੀਆਂ ’ਤੇ ਸੜਕਾਂ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਫੋਟੋਆਂ ਵਾਲੀਆਂ ਵੱਡ ਆਕਾਰੀ ਫਲੈਕਸਾਂ ਲਾਉਣ ’ਤੇ ਫੂਕੇ ਜਾ ਰਹੇ ਹਨ। ‘ਚੋਰਾਂ ਦਾ ਮਾਲ ਤੇ ਡਾਂਗਾਂ ਦੇ ਗਜ਼’ ਵਾਲੀ ਕਹਾਵਤ ‘ਆਪ’ ਸਰਕਾਰ ’ਤੇ ਹੂਬਹੂ ਢੁੱਕਦੀ ਹੈ। ਯਾਦ ਰਹੇ ਮਾਨ ਸਰਕਾਰ ਨੇ ਚੋਣਾਂ ਜਿੱਤਣ ਲਈ ਗਲੀਆਂ-ਚੌਂਕਾਂ ’ਚ ਇਹ ਬਕੜਵਾਹ ਮਾਰਿਆ ਸੀ ਕਿ ‘ਆਮ ਆਦਮੀ ਪਾਰਟੀ’ ਦੀ ਸਰਕਾਰ ਬਣ ਜਾਣ ਪਿਛੋਂ ਸੂਬੇ ’ਚੋਂ ਫਜ਼ੂਲ ਖਰਚੀ ਤੇ ਵੀ.ਆਈ.ਪੀ. ਕਲਚਰ ਦਾ ਤੁਖ਼ਮ ਮਿਟਾ ਦਿੱਤਾ ਜਾਵੇਗਾ।’

ਸਕੂਲਾਂ-ਕਾਲਜਾਂ, ਹਸਪਤਾਲਾਂ ’ਚ ਅਧਿਆਪਕਾਂ, ਡਾਕਟਰਾਂ ਤੇ ਸਹਾਇਕ ਅਮਲੇ ਦੀਆਂ ਅੱਧਿਓਂ ਵੱਧ ਅਸਾਮੀਆਂ ਖਾਲੀ ਪਈਆਂ ਹਨ। ਭਾਰੀ ਬਹੁ ਗਿਣਤੀ ਕਰਮਚਾਰੀ ਨਿਗੂਣੀਆਂ ਤਨਖਾਹਾਂ ਜਾਂ ਫਿਰ ਮਾਣ ਭੱਤਾ ਲੈ ਕੇ ਕੰਮ ਕਰਨ ਵਾਲੇ ਕੱਚੇ ਜਾਂ ਠੇਕਾ ਮੁਲਾਜ਼ਮ ਅਤੇ ਜਾਂ ਫਿਰ ਸਕੀਮ ਵਰਕਰ ਹਨ। ਸਕੂਲ-ਕਾਲਜ ਜਿੱਥੇ ਖੇਡ ਮੈਦਾਨਾਂ, ਪ੍ਰਯੋਗ ਸ਼ਾਲਾਵਾਂ ਆਦਿ ਤੋਂ ਵਾਂਝੇ ਹਨ, ਉੱਥੇ ਹਸਪਤਾਲਾਂ ’ਚ ਲੋੜੀਂਦੇ ਉਪਕਰਣ, ਦਵਾਈਆਂ ਤੇ ਤਕਨੀਕੀ ਮਾਹਿਰਾਂ ਦੀ ਸਿਰੇ ਦੀ ਘਾਟ ਪਾਈ ਜਾਂਦੀ ਹੈ। ਸੂਬੇ ਦੇ ਬੇਸ਼ੁਮਾਰ ਸਕੂਲ-ਹਸਪਤਾਲ ਭੂਤ ਬੰਗਲੇ ਬਣ ਚੁੱਕੇ ਹਨ। ਹਸਪਤਾਲਾਂ ਦੀ ਹਾਲਤ ਤਾਂ ਵਧੇਰੇ ਹੀ ਤਕਲੀਫ਼ ਦੇਹ ਹੈ, ਜਿੱਥੇ ਦੁੱਖਾਂ ਮਾਰੇ, ਰੋਗਾਂ ਦੇ ਸਤਾਏ ਆਮ ਲੋਕ ਪ੍ਰੇਸ਼ਾਨੀਆਂ ਦੀ ਪੰਡ ਚੁੱਕੀ ਮੀਲਾਂ ਲੰਮੀਆਂ ਕਤਾਰਾਂ ’ਚ ਖੜ੍ਹੇ ਨਜ਼ਰ ਆਉਂਦੇ ਹਨ।

ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਦੇ ਵੀ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਪਰ ਹੇਠਾਂ ਹਾਲਾਤ ਇਹ ਹਨ ਕਿ ਜੇਕਰ ਸਰਕਾਰ ਕੋਲ ਭੋਰਾ-ਭਰ ਵੀ ਸੰਗ-ਸ਼ਰਮ ਬਚੀ ਹੋਵੇ ਤਾਂ ਇਸ ਨੂੰ ‘ਚੱਪਣੀ ’ਚ ਨੱਕ ਡੁਬੋ ਕੇ ਮਰ ਜਾਣਾ’ ਚਾਹੀਦਾ ਹੈ।’ ਰਾਜ ਕਰਦੀ ਪਾਰਟੀ ਦੇ ਅਨੇਕਾਂ ਆਗੂਆਂ ਦੇ ਥਾਪੜੇ ਨਾਲ ਪੰਜਾਬ ਦੇ ਪਿੰਡਾਂ-ਸ਼ਹਿਰਾਂ ’ਚ ਹਰ ਕਿਸਮ ਦੇ ਘਾਤਕ ਨਸ਼ੇ ਮੁਹੱਲਿਆਂ-ਸੜਕਾਂ ’ਤੇ ਸਬਜ਼ੀ ਵਾਂਗ ਵਿਕ ਰਹੇ ਹਨ। ਨਸ਼ਿਆਂ ਦੀ ਓਵਰਡੋਜ਼ ਨਾਲ ਹਰ ਰੋਜ਼ ਦਰਜਨਾਂ ਜਵਾਨ-ਜਹਾਨ ਮੌਤਾਂ ਹੋ ਰਹੀਆਂ ਹਨ। ਭ੍ਰਿਸ਼ਟ ਸਿਆਸਤਦਾਨਾਂ, ਪੁਲਸ-ਪ੍ਰਸ਼ਾਸਨ ਵਿਚਲੀਆਂ ਕਾਲੀਆਂ ਭੇਡਾਂ ਤੇ ਨਸ਼ਾ ਤਸਕਰਾਂ ਦੇ ਨਾਪਾਕ ਗਠਜੋੜ ਵਲੋਂ ਪਾਲੇ ਸਮਾਜ ਵਿਰੋਧੀ ਅਨਸਰਾਂ ਦੇ ਡਰੋਂ ਆਮ ਲੋਕੀਂ ਨਸ਼ਾ ਤਸਕਰਾਂ ਵਿਰੁੱਧ ਅੱਵਲ ਤਾਂ ਜ਼ੁਬਾਨ ਹੀ ਨਹੀਂ ਖੋਲ੍ਹਦੇ। ਜੇਕਰ ਕਿਤੇ ਕੋਈ ਅਜਿਹੀ ਹਿੰਮਤ ਕਰਦਾ ਵੀ ਹੈ ਤਾਂ ਸੂਬਾ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਨਾਂ ਦੀ ‘ਨੌਟੰਕੀ’ ਦੇ ਸੰਚਾਲਕ ਪੁਲਸ ਅਧਿਕਾਰੀ ਤੇ ਕਰਮਚਾਰੀ, ਤੁਰੰਤ ਨਸ਼ਾ ਕਾਰੋਬਾਰ ਦੇ ਸੰਚਾਲਕਾਂ ਨੂੰ ਸ਼ਿਕਾਇਤ ਕਰਤਾ ਦਾ ਨਾਂ ਦੱਸਣ ਦਾ ‘ਨੇਕ ਕਾਰਜ’ ਕਰ ਦਿੰਦੇ ਹਨ। ਨਸ਼ਾ ਤਸਕਰਾਂ ਦੇ ਪਾਲੇ ਅਜਿਹੇ ਹੀ ਗੁੰਡਿਆਂ ਨੇ ਲੰਘੀ 28 ਫਰਵਰੀ ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਬੂਟੇ ਦੀਆਂ ਛੰਨਾਂ ਦੇ ਦੋ ਵਾਰ ਸਰਪੰਚ ਚੁਣੇ ਗਏ ਕਾਮਰੇਡ ਮਹਿੰਦਰ ਸਿੰਘ ਤੇ ਉਸ ਦੀ ਪਤਨੀ ’ਤੇ ਦਿਨ-ਦਿਹਾੜੇ ਜਾਨਲੇਵਾ ਹਮਲਾ ਕਰ ਦਿੱਤਾ ਸੀ। ਸਾਥੀ ਮਹਿੰਦਰ ਸਿੰਘ ਜਖ਼ਮਾਂ ਦੀ ਤਾਬ ਨਾ ਝੱਲਦੇ ਹੋਏ 6-7 ਮਾਰਚ 2026 ਦੀ ਵਿਚਕਾਰਲੀ ਰਾਤ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਚਿੱਟੇ ਦੇ ਵਪਾਰੀਆਂ ਤੇ ਉਨ੍ਹਾਂ ਦੇ ਭਾੜੇ ਦੇ ਕਾਤਲਾਂ ਵੱਲੋਂ ਕੀਤਾ ਗਿਆ ਇਹ ਵਹਿਸ਼ੀ ਕਾਰਾ ਪਹਿਲਾ ਜਾਂ ਆਖਰੀ ਨਹੀਂ ਹੈ। ਇਹ ਵਰਤਾਰਾ ਤਾਂ ਪੰਜਾਬ ਦੇ ਅਨੇਕਾਂ ਪਿੰਡਾਂ, ਸ਼ਹਿਰਾਂ-ਕਸਬਿਆਂ ’ਚ ਅੱਜ-ਕਲ੍ਹ ਆਮ ਹੀ ਦੇਖਿਆ ਜਾ ਰਿਹਾ ਹੈ। ਲੰਘੇ ਦਿਨੀਂ ਸਰਹੱਦੀ ਜ਼ਿਲਿ੍ਹਆਂ ਅੰਮ੍ਰਿਤਸਰ ਤੇ ਤਰਨਤਾਰਨ ਦੇ ਦੋ ਪਿੰਡਾਂ ਦੇ ਸਰਪੰਚਾਂ ਤੋਂ ਕਰੋੜਾਂ ਰੁਪਏ ਦੀ ਕੀਮਤ ਦੀ ਕ੍ਰਮਵਾਰ 4 ਕਿਲੋ ਤੇ 19 ਕਿੱਲੋ ਹੈਰੋਇਨ ਫੜ੍ਹੀ ਗਈ ਹੈ। ਤਰਨਤਾਰਨ ਵਾਲਾ ਸਰਪੰਚ ਤਾਂ ਸਰਕਾਰ ਵਲੋਂ ਬਣਾਈ ‘ਨਸ਼ਾ ਵਿਰੋਧੀ ਕਮੇਟੀ’ ਦਾ ‘ਪ੍ਰਧਾਨ’ ਵੀ ਸੀ। ਇਸ ਤੋਂ ਇਹ ਬਾਖੂਬੀ ਸਿੱਧ ਹੁੰਦਾ ਹੈ ਕਿ ‘ਆਪ’ ਆਗੂਆਂ ਦੀ ਨਾ ਕੇਵਲ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਹੈ, ਬਲਕਿ ਇਨ੍ਹਾਂ ’ਚੋਂ ਕਈ ਮਹਾਂਪੁਰਸ਼ ਘਰ-ਘਰ ਸੱਥਰ ਵਿਛਾਉਣ ਵਾਲਾ ਇਹ ਧੰਦਾ ਆਪ ਵੀ ਕਰਦੇ ਹਨ।

ਭ੍ਰਿਸ਼ਟਾਚਾਰ, ‘ਆਪ’ ਦੇ ਹਰ ਪੱਧਰ ਦੇ ਆਗੂਆਂ, ਮੰਤਰੀਆਂ, ਵਿਧਾਇਕਾਂ, ਚੁਣੇ ਹੋਏ ਨੁਮਾਇੰਦਿਆਂ ਦੇ ਸੁਭਾਅ ਦਾ ਅੰਗ ਬਣ ਗਿਆ ਹੈ। ‘ਆਪ’ ਸਰਾਕਰ ਨੇ ਸਰਕਾਰੀ ਮਸ਼ੀਨਰੀ ਦਾ ਮੁਕੰਮਲ ਸਿਆਸੀਕਰਨ ਕਰ ਲਿਆ ਹੈ। ਯਾਨਿ ਰਾਜ ਕਰਦੇ ਸਿਆਸਤਦਾਨਾਂ ਤੇ ਨੌਕਰਸ਼ਾਹਾਂ ਨੇ ਭ੍ਰਿਸ਼ਟਾਚਾਰ ਕਰਨ ਲਈ ‘ਸਾਂਝਾ ਮੋਰਚਾ’ ਕਾਇਮ ਕਰ ਲਿਆ ਹੈ। ਕਿਸੇ ਵੀ ਪੱਧਰ ਦੇ ‘ਆਪ’ ਦੇ ਆਗੂ ਦੀ ਚਾਰ ਸਾਲ ਪਹਿਲਾਂ ਦੀ ਅਤੇ ਅਜੋਕੀ ਸਮੁੱਚੀ ਜਾਇਦਾਦ ਦੀ ਨਿਰਪੱਖ ਜਾਂਚ-ਪੜਤਾਲ ਕਰਨ ਤੋਂ ਭਗਵੰਤ ਮਾਨ ਸਰਕਾਰ ਦੇ ਮੰਤਰੀਆਂ-ਸੰਤਰੀਆਂ ਵਲੋਂ ਪਿਛਲੇ ਚਾਰ ਸਾਲ ’ਚ ਕੀਤੇ ਰਿਕਾਰਡ ਭ੍ਰਿਸ਼ਟਾਚਾਰ ਦਾ ਕੱਚਾ ਚਿੱਠਾ ਲੋਕਾਂ ਸਾਹਵੇਂ ਬੇਪਰਦ ਹੋ ਜਾਵੇਗਾ। ਜੇਕਰ ਕੋਈ ਸਰਕਾਰੀ ਅਫਸਰ ਇਮਾਨਦਾਰੀ ਦਾ ਪੱਲਾ ਫੜ੍ਹਕੇ ‘ਆਪ’ ਦੇ ਕਿਸੇ ਵਜ਼ੀਰ ਦੀਆਂ ਗੈਰ ਕਾਨੂੰਨੀ, ਭ੍ਰਿਸ਼ਟ ਕਾਰਵਾਈਆਂ ਦਾ ਭਾਈਵਾਲ ਬਣਨੋਂ ਨਾਂਹ ਕਰ ਦਿੰਦਾ ਹੈ ਤਾਂ ਉਸਦਾ ਜਿਊਣਾ ਮੁਹਾਲ ਕਰ ਦਿੱਤਾ ਜਾਂਦਾ ਐ। ਪੰਜਾਬ ਗੁਦਾਮ ਨਿਗਮ ਦੇ ਹੋਣਹਾਰ, ਇਮਾਨਦਾਰ ਤੇ ਗੈਰ ਕਾਨੂੰਨੀ ਦਬਾਅ ਮੰਨਣ ਤੋਂ ਨਾਂਹ ਕਰਨ ਵਾਲੇ ਹਿੰਮਤੀ ਅਧਿਕਾਰੀ ਗਗਨਦੀਪ ਸਿੰਘ ਰੰਧਾਵਾ ਨੂੰ ‘ਆਪ’ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਆਪਣੇ ਪਿਤਾ ਨੂੰ ਗੈਰ ਕਨੂੰਨੀ ਢੰਗ ਨਾਲ ਟੈਂਡਰ ਨਾ ਦੇਣ ਕਾਰਨ ਰੱਜ ਕੇ ਬੇਇੱਜ਼ਤ ਕੀਤਾ ਗਿਆ। ਨਤੀਜਾ, ਗੈਰਤਮੰਦ ਇਨਸਾਨ ਗਗਨਦੀਪ ਰੰਧਾਵਾ ਨੂੰ ਆਤਮ ਹੱਤਿਆ ਕਰਨ ਲਈ ਮਜ਼ਬੂਰ ਹੋਣਾ ਪਿਆ। ਇਸ ਵਾਰਦਾਤ ਤੋਂ ਇਹ ਤੱਥ ਬਾਖੂਬੀ ਸਪੱਸ਼ਟ ਹੋ ਗਿਆ ਹੈ ਕਿ ਬਦਲਾਅ ਲਿਆਉਣ ਦਾ ਨਾਅਰਾ ਲਗਾ ਕੇ ਸੂਬੇ ਦੀ ਸੱਤਾ ਕਬਜ਼ਾਉਣ ਵਾਲੀ ਅਖੌਤੀ ‘ਆਮ ਆਦਮੀ ਪਾਰਟੀ’ ਦੇ ਬਹੁਗਿਣਤੀ ਆਗੂ ਵੀ ਆਪਣੇ ਕਾਰਜਕਾਲ ਦੌਰਾਨ ਵਧੇਰੇ ਤੋਂ ਵਧੇਰੇ ਮਾਇਆ ਇਕੱਠੀ ਕਰਨ ਲਈ ਐਨ ਉਹੀ ਢੰਗ-ਤਰੀਕੇ ਆਪਣਾ ਰਹੇ ਹਨ ਜੋ ਪਿਛਲੀਆਂ ਸਰਕਾਰਾਂ ਦੇ ਬਾਰਸੂਖ ਆਗੂਆਂ ਦਾ ਤਰੀਕਾਕਾਰ ਸੀ।

ਖਨਨ ਤੇ ਰੇਤ-ਬੱਜ਼ਰੀ ਮਾਫੀਆ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਨਾਲ ਪੰਜਾਬ ਦੀ ਧਰਤੀ ਉੱਜੜ ਰਹੀ ਹੈ ਤੇ ਚੌਗਿਰਦਾ ਬੁਰੀ ਤਰ੍ਹਾਂ ਤਬਾਹ ਕੀਤਾ ਜਾ ਰਿਹਾ ਹੈ। ਮਾਫੀਆ ਗ੍ਰੋਹ ਅਤੀਤ ’ਚ ਵੀ ਵਾਤਾਵਰਣ ਨਾਲ ਖਿਲਵਾੜ ਤੇ ਧੱਕੇਸ਼ਾਹੀ ਸਰਕਾਰੀ ਥਾਪੜੇ ਨਾਲ ਕਰਦੇ ਸਨ ਤੇ ਇਹ ਚਲਣ ਅੱਜ ਵੀ ਬਾਦਸਤੂਰ ਜਾਰੀ ਹੈ।  

ਆਰਥਿਕ ਵਿਕਾਸ ਦਾ ਦੂਜਾ ਥੰਮ੍ਹ ਹੁੰਦਾ ਹੈ ਮਿਹਨਤੀ ਲੋਕਾਂ ਦੀਆਂ ਲੋੜਾਂ ਦੀ ਪੂਰਤੀ ਕਰਨੀ ਤੇ ਆਵਾਮ ਦੀਆਂ ਹੱਕੀ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਕਰਨਾ। ਪ੍ਰੰਤੂ ਆਪਣੇ ਚੋਣ ਵਾਅਦੇ ਪੂਰੇ ਕਰਦੇ ਹੋਏ ਲੋਕਾਂ ਦੇ ਦੁੱਖਾਂ-ਦਰਦਾਂ ਨੂੰ ਸਮਝਣ ਤੇ ਇਸ ਦੇ ਹੱਲ ਲਈ ਸੰਵਾਦ ਰਚਾਉਣ ਤੇ ਢੁਕਵੇਂ ਕਦਮ ਚੁੱਕਣ ਦੀ ਥਾਂ ਸਾਰਾ ਜ਼ੋਰ ਸੰਘਰਸ਼ੀ ਲੋਕਾਂ ’ਤੇ ਪੁਲਸ ਦੀਆਂ ਡਾਂਗਾਂ ਵਰ੍ਹਾਉਣ ਤੇ ਟੀਅਰ ਗੈਸ ਦੀ ਵਰਤੋਂ ਕਰਨ ’ਤੇ ਲਗਾ ਦਿੱਤਾ ਗਿਆ ਹੈ। ਪੁਲਸ ਦੇ ਜ਼ੁਲਮਾਂ ਦੀ ਜਿਹੋ ਜਿਹੀ ਗਾਥਾ ਅੱਜ ਰਚੀ ਜਾ ਰਹੀ ਹੈ, ਅਤੀਤ ’ਚ ਸ਼ਾਇਦ ਕਦੀ ਨਹੀਂ ਲਿਖੀ ਗਈ।

See Also

ਉਂਝ ਸਰਕਾਰ ਤੇ ਇਸ ਦੀ ਪੁਲਸ-ਪ੍ਰਸ਼ਾਸਨਿਕ ਮਸ਼ੀਨਰੀ ਐਨੇ ‘ਮੁਸਤੈਦ’ ਹਨ ਕਿ ਕੋਈ ਬੰਦਾ ਬੇਫਿਕਰ ਹੋ ਕੇ ਸਵੇਰੇ-ਸ਼ਾਮ ਸੈਰ ਨਹੀਂ ਕਰ ਸਕਦਾ, ਬਜ਼ਾਰ ਨਹੀਂ ਜਾ ਸਕਦਾ ਤੇ ਆਪਣੀਆਂ ਕੰਮ ਥਾਵਾਂ ’ਤੇ ਨਹੀਂ ਪੁੱਜ ਸਕਦਾ। ਕਿਉਂਕਿ ਹਰ ਜਗ੍ਹਾ ਲੱਠਮਾਰ, ਚੋਰ-ਲੁਟੇਰੇ, ਗੈਂਗਸਟਰ ਤੇ ਫਿਰੌਤੀ ਵਸੂਲੀ ਕਰਨ ਵਾਲੇ ਅਪਰਾਧੀ ਟੋਲੇ ਆਮ ਹੀ ਮਿਲ ਜਾਂਦੇ ਹਨ। ਸਮਾਜ ਵਿਰੋਧੀ ਅਨਸਰ ਬਿਨਾਂ ਕਿਸੇ ਡਰ-ਭੈਅ ਦੇ ਆਪਣੇ ਗੈਰ ਕਾਨੂੰਨੀ ਧੰਦੇ ਚਲਾ ਰਹੇ ਹਨ। 99% ਪੀੜਤ ਲੋਕ ਖੱਜਲ-ਖੁਆਰ ਹੋਣ ਦੇ ਡਰੋਂ ਆਪਣੇ ਨਾਲ ਹੋਈ ਕਿਸੇ ਵੀ ਅਪਰਾਧਿਕ ਵਾਰਦਾਤ ਦੀ ਪੁਲਸ ਕੋਲ ਸ਼ਿਕਾਇਤ ਹੀ ਨਹੀਂ ਕਰਦੇ। ਨਿਚੋੜ ਇਹ ਕਿ ਸਰਕਾਰ ਦੀਆਂ ਨੀਤੀਆਂ ਤੋਂ ਪੀੜਤ ਤਬਕੇ ਪੁਲਸ ਵਲੋਂ ਕੁੱਟੇ-ਘੜੀਸੇ ਵੀ ਜਾ ਰਹੇ ਹਨ ਅਤੇ ਅਪਰਾਧੀ ਸਰਗਨਿਆਂ ਦੀਆਂ ਮਨ-ਆਈਆਂ ਵੀ ਝੱਲ ਰਹੇ ਹਨ।

ਕੇਜਰੀਵਾਲ ਦੀ ‘ਕੱਟੜ ਇਮਾਨਦਾਰ ਟੀਮ’ ਵੀ ਪੰਜਾਬ ਸਰਕਾਰ ਦੇ ‘ਗਾਰੰਟੀਸ਼ੁਦਾ ਸਹਿਯੋਗ’ ਨਾਲ ਗੈਰ ਕਾਨੂੰਨੀ ਢੰਗ-ਤਰੀਕੇ ਵਰਤ ਕੇ ਅਥਾਹ ਪੈਸਾ ਇਕੱਠਾ ਕਰਨ ਲਈ ਦਿੱਲੀਓਂ ਆਣ ‘ਪਧਾਰੀ’ ਹੈ। ‘ਦਿੱਲੀ ਦੇ ਇਨ੍ਹਾਂ ਠੱਗਾਂ’ ਦੀ ਪ੍ਰਹੁਣਚਾਰੀ ਕਰਨ ਲਈ ਮਾਨ ਸਰਕਾਰ ਪੰਜਾਬ ਦੇ ਲੋਕਾਂ ਦੀ ਖੂਨ-ਪਸੀਨੇ ਦੀ ਕਮਾਈ ’ਚੋਂ ਬੇਕਿਰਕੀ ਨਾਲ ਟੈਕਸ ਵਸੂਲੀ ਰਾਹੀਂ ਇਕੱਠੇ ਕੀਤਾ ਧਨ ਪਾਣੀ ਵਾਂਗ ਵਹਾਅ ਰਹੀ ਹੈ।

ਫਿਰਕੂ-ਫਾਸ਼ੀ ਨੀਤੀਆਂ ਦੇ ਆਲੰਬਰਦਾਰ ਆਰ.ਐਸ.ਐਸ. ਤੇ ਇਸ ਦੀ ਸਿਆਸੀ ਸ਼ਾਖਾ ਭਾਜਪਾ ਦੀ ‘ਬੀ’ ਟੀਮ ਵਜੋਂ ਵਿਚਰ ਰਹੀ ‘ਆਪ’ ਤੇ ਮਾਨ ਸਰਕਾਰ ਸੰਘ-ਭਾਜਪਾ ਦਾ ਫਾਸ਼ੀ ਹੱਲਿਆਂ ਦਾ ਵਿਚਾਰਧਾਰਕ ਵਿਰੋਧ ਕਰਨ ਲਈ ਮੂੰਹੋਂ ਇਕ ਸ਼ਬਦ ਤੱਕ ਨਹੀਂ ਬੋਲਦੇ। ‘ਕੇਜਰੀਵਾਲ ਸਾਹਿਬ’ ਤਾਂ ਉਲਟਾ ਆਰ.ਐਸ.ਐਸ. ਦੀਆਂ ਸ਼ਾਖਾਵਾਂ ’ਚੋਂ ਵਿਚਾਰਧਾਰਕ ਸਿਖਲਾਈ ਲੈਣ ਦੇ ‘ਮਾਣ’ ਦਾ ਪ੍ਰਗਟਾਵਾ ਕਈ ਵਾਰ ਕਰ ਚੁੱਕੇ ਹਨ। ਲੋਕਾਂ ਨੂੰ ਤੀਰਥ ਯਾਤਰਾ ਲਈ ਭੇਜਣ ਤੇ ਧਰਮ ਦੇ ਨਾਂ ’ਤੇ ਧੋਖਾ ਦੇਣ ਦਾ ‘ਹੁਨਰ’ ਭਗਵੰਤ ਮਾਨ ਨੇ ਸ਼ਾਇਦ ਕੇਜਰੀਵਾਲ ਦੇ ਉਕਤ ‘ਨਰੋਏ ਅਨੁਭਵਾਂ’ ਤੋਂ ਹੀ ਹਾਸਲ ਕੀਤਾ ਹੈ।

ਆਰ.ਐਮ.ਪੀ.ਆਈ. ਦੀ ਪ੍ਰਪੱਕ ਰਾਇ ਹੈ ਕਿ ‘ਮੁਤਬਾਦਲ’ ਦੇ ਨਾਮ ’ਤੇ ਸੱਤਾ ’ਤੇ ਕਾਬਜ਼ ਹੋਈ ‘ਆਪ’ ਸਰਕਾਰ ਤੋਂ ਲੋਕਾਂ ਦਾ ਮੋਹ ਲਗਾਤਾਰ ਭੰਗ ਹੋ ਰਿਹਾ ਹੈ। ਇਸ ਨੂੰ ਸੱਤਾ ਤੋਂ ਲਾਂਭੇ ਕਰਨਾ ਹੀ ਪੰਜਾਬੀਆਂ ਦੇ ਭਲੇ ’ਚ ਹੈ। ਪ੍ਰੰਤੂ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ ਹੋਵੇਗਾ ਕਿ ‘ਆਪ’ ਵਿਰੁੱਧ ਨਿਰੰਤਰ ਵਧ ਰਹੀ ਲੋਕ ਬੇਚੈਨੀ ਦਾ ਲਾਹਾ ਕਿਤੇ ਭਾਜਪਾ ਜਾਂ ਇਸ ਦੀ ਅਗਵਾਈ ਹੇਠ ਬਣਨ ਵਾਲਾ ਕੋਈ ਗਠਜੋੜ ਨਾ ਲੈ ਜਾਵੇ। ਇਸ ਲਈ ਪ੍ਰਾਂਤ ਅੰਦਰ ਖੱਬੀਆਂ ਸ਼ਕਤੀਆਂ ਦੀ ਇਕਜੁੱਟਾ ਤੇ ਜਨਤਕ ਸੰਘਰਸ਼ ਅਤਿ ਲੋੜੀਂਦੇ ਹਨ। ਇਸ ਤੋਂ ਅੱਗੇ ਪੰਜਾਬ ਦੀਆਂ ਜਮਹੂਰੀ ਤੇ ਧਰਮ ਨਿਰਪੱਖ ਤਾਕਤਾਂ ਅਤੇ ਸਿਵਿਲ ਸੁਸਾਇਟੀ ਦਾ ਵਿਸ਼ਾਲ ਏਕਾ ਕਾਇਮ ਕਰਨਾ ਹੋਰ ਵੀ ਵਡੇਰੀ ਲੋੜ ਬਣ ਗਿਆ ਹੈ। ਅਜਿਹੀ ਏਕਤਾ ਹੀ ਪੰਜਾਬ ਨੂੰ ਮੌਜੂਦਾ ਸੰਤਾਪ ਚੋਂ ਬਾਹਰ ਕੱਢ ਸਕਦੀ ਹੈ। ਇਹੋ ਸਾਂਝ ਪੰਜਾਬੀਆਂ ਦੇ ਆਜ਼ਾਦੀ ਸੰਗਰਾਮ ’ਚ ਪਾਏ ਸ਼ਾਨਾਮੱਤੇ ਯੋਗਦਾਨ ਚੋਂ ਉਪਜੀਆਂ ਮਾਨਵੀ ਪਿਰਤਾਂ ਅਤੇ ਬਰਾਬਰਤਾ ਵਾਲਾ ਸਮਾਜ ਸਿਰਜਣ ਦੀ ਸਥਾਪਨਾ ਲਈ ਜੂਝਣ ਦਾ ਗੌਰਵਸ਼ਾਲੀ ਇਤਿਹਾਸ ਮੁੜ ਸਿਰਜ ਸਕਦੀ ਹੈ। 

Scroll To Top