
ਬਿਲਗਾ: ਦੇਸ਼ ਭਗਤ ਯਾਦਗਰ ਕਮੇਟੀ ਜਲੰਧਰ ਦੇ ਪ੍ਰਧਾਨ ਅਤੇ ਦੇਸ਼ ਦੀ ਆਜ਼ਾਦੀ ‘ਚ ਯੋਗਦਾਨ ਪਾਉਣ ਵਾਲੇ ਬਾਬਾ ਭਗਤ ਸਿੰਘ ਬਿਲਗਾ ਦਾ ਅੱਜ ਇਥੇ ਜਨਮ ਦਿਨ ਮਨਾਇਆ ਗਿਆ। ਜਿਸ ਨੂੰ ਸੰਬੋਧਨ ਕਰਦੇ ਹੋਏ ਆਰਐੱਮਪੀਆਈ ਦੇ ਕੌਮੀ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਦੇਸ਼ ‘ਚ ਚੱਲ ਰਹੇ ਅੰਦੋਲਨ, ਅਜੋਕੇ ਦੌਰ ਦੇ ਸੰਦਰਭ ‘ਚ ਹੀ ਵਾਚੇ ਜਾਣੇ ਚਾਹੀਦੇ ਹਨ, ਜਿਸ ਤਰਾਂ ਦੇ ਦੇਸ਼ ਦੇ ਹਲਾਤ ਬਣੇ ਹੋਏ ਹਨ, ਉਸ ਢੰਗ ਦਾ ਹੀ ਸੰਘਰਸ਼ ਕਰਨਾ ਚਾਹੀਦਾ ਹੈ। ਪਾਸਲਾ ਨੇ ਕਿਹਾ ਕਿ ਬਾਬਾ ਬਿਲਗਾ ਸਾਰੀਆਂ ਖੱਬੀਆਂ ਧਿਰਾਂ ‘ਚ ਏਕਤਾ ਬਣਾ ਕੇ ਰੱਖਦੇ ਸਨ, ਜਿਸ ਏਕਤਾ ਦੀ ਅਜੋਕੇ ਦੌਰ ‘ਚ ਬਹੁਤ ਲੋੜ ਹੈ। ਪਾਸਲਾ ਨੇ ਕਿਹਾ ਕਿ ਜਿਸ ਢੰਗ ਨਾਲ ਦੇਸ਼ ਦੇ ਹਲਾਤ ਘੱਟ ਗਿਣਤੀਆਂ, ਦਲਿਤਾਂ ਅਤੇ ਔਰਤਾਂ ਲਈ ਬਣ ਰਹੇ ਹਨ, ਉਸ ਹਾਣ ਦਾ ਹੀ ਸੰਘਰਸ਼ ਹੋਣਾ ਚਾਹੀਦਾ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ ਨੇ ਇਸ ਮੌਕੇ ਦੇਸ਼ ਦੀ ਆਜ਼ਾਦੀ ਲਈ ਬਿਲਗਾ ਸਮੇਤ ਇਲਾਕੇ ਦੇ ਹੋਰ ਪਿੰਡਾਂ ਦੇ ਯੋਗਦਾਨ ਦੀ ਚਰਚਾ ਕਰਦਿਆਂ ਕਿਹਾ ਕਿ ਬਾਬਾ ਬਿਲਗਾ ਚੰਗੇ ਸਮਾਜ ਲਈ ਨੌਜਵਾਨਾਂ ਨੂੰ ਸੱਦਾ ਦਿੰਦੇ ਰਹੇ।
ਸੀਨੀਅਰ ਟਰਸਟੀ ਅਜਮੇਰ ਸਿੰਘ ਸਮਰਾ ਨੇ ਕਿਹਾ ਕਿ ਅਮਰੀਕਾ ਆਪਣੀ ਸਰਦਾਰੀ ਕਾਇਮ ਕਰਨ ਦੇ ਚੱਕਰ ‘ਚ ਦੁਨੀਆਂ ਨੂੰ ਜੰਗ ‘ਚ ਝੋਕ ਰਿਹਾ ਹੈ, ਜਿਸ ਦਾ ਸਰਕਾਰ ਸਿੱਧੇ ਹੋ ਕੇ ਵਿਰੋਧ ਕਰੇ ਅਤੇ ਲੋਕ ਨੂੰ ਵੀ ਇਸ ਜੰਗ ਦਾ ਵਿਰੋਧ ਕਰਨਾ ਚਾਹੀਦਾ ਹੈ।
ਸੁਰਿੰਦਰਾ ਕੁਮਾਰੀ ਕੋਛੜ ਨੇ ਇਸ ਮੌਕੇ ਕਿਹਾ ਕਿ ਗ਼ਦਰੀ ਬਾਬਿਆਂ ਦੇ ਵਿਚਾਰਾਂ ਦੇ ਪਹਿਰਾ ਦੇਣ ਦੇ ਨਾਲ ਨਾਲ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਵੀ ਕਰਨਾ ਪਵੇਗਾ।
ਬਾਬਾ ਬਿਲਗਾ ਦੇ ਸਪੁੱਤਰ ਕੁਲਵੀਰ ਸਿੰਘ ਸੰਘੇੜਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਇੰਗਲੈਂਡ ‘ਚ ਵਿਦਿਆਰਥੀ ਜਾ ਰਹੇ ਹਨ, ਜਿਨ੍ਹਾਂ ਦੇ ਹੱਕ ਲੈ ਕੇ ਦੇਣ ਵੀ ਯਤਨ ਜਾਰੀ ਹਨ।
ਇਸ ਮੌਕੇ ਸਟੇਜ ਦੀ ਕਾਰਵਾਈ ਸੰਤੋਖ ਸਿੰਘ ਬਿਲਗਾ ਨੇ ਚਲਾਈ ਅਤੇ ਸਮਾਗਮ ਦੌਰਾਨ ਕ੍ਰਿਸ਼ਨਾ ਕੁਮਾਰੀ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਸੰਧੂ, ਸੀਪੀਆਈ (ਐੱਮ) ਦੇ ਸੂਬਾ ਆਗੂ ਪ੍ਰਸ਼ੋਤਮ ਬਿਲਗਾ, ਆਰਐੱਮਪੀਆਈ ਦੇ ਸੂਬਾ ਸਕੱਤਰੇਤ ਮੈਂਬਰ ਡਾ. ਸਰਬਜੀਤ ਮੁਠੱਡਾ, ਪੇਂਡੂ ਮਜ਼ਦੂਰ ਯੂਨੀਅਨ ਦੇ ਹੰਸ ਰਾਜ ਪੱਬਵਾ, ਰਣਜੀਤ ਸਿੰਘ ਤੋਂ ਇਲਾਵਾ ਡਾ. ਜਸਵਿੰਦਰ ਸਿੰਘ, ਬਲਬੀਰ ਬੀਰੀ, ਮਾ. ਕੁਲਦੀਪ ਵਾਲੀਆ, ਸੋਢੀ ਰਾਮ, ਸਰਬਜੀਤ ਸੰਗੋਵਾਲ, ਬੇਅੰਤ ਔਜਲਾ, ਕੁਲਵੰਤ ਖਹਿਰਾ, ਜੀਤ ਸਿੰਘ ਸੈਦੋਵਾਲ, ਰਾਮ ਔਜਲਾ, ਅਵਤਾਰ ਸਿੰਘ ਸੰਧੂ, ਮੰਗਲਜੀਤ ਪੰਡੋਰੀ, ਡਾ. ਜਸਬੀਰ ਕੌਰ ਗਿੱਲ, ਮਾ. ਪਰੇਮ ਕੁਮਾਰ, ਕੁਲਜਿੰਦਰ ਸਿੰਘ ਤਲਵਣ ਆਦਿ ਹਾਜ਼ਰ ਸਨ।
ਆਰੰਭ ‘ਚ ਬਾਬਾ ਬਿਲਗਾ ਦੇ ਘਰ ਅੱਗੇ ਗ਼ਦਰ ਪਾਰਟੀ ਦਾ ਝੰਡਾ ਵੀ ਝੁਲਾਇਆ ਗਿਆ।