Now Reading
ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਵਸ ਨੂੰ ਸਾਮਰਾਜ ਤੇ ਕਾਲੇ ਕਨੂੰਨ ਵਿਰੋਧੀ ਦਿਵਸ ਵਜੋਂ ਮਨਾਇਆ

ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਵਸ ਨੂੰ ਸਾਮਰਾਜ ਤੇ ਕਾਲੇ ਕਨੂੰਨ ਵਿਰੋਧੀ ਦਿਵਸ ਵਜੋਂ ਮਨਾਇਆ

ਪਠਾਨਕੋਟ: ਅੱਜ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਰੋਡਵੇਜ ਯੂਨੀਅਨ (ਏਟਕ ) ਦੇ ਦਫਤਰ ਨਿਊ ਸ਼ਾਸਤਰੀ ਨਗਰ ਪਠਾਨਕੋਟ ਵਿਖੇ ਕਾ. ਸੁਰਿੰਦਰ ਸਹਿਗਲ, ਮਾਸਟਰ ਸੁਭਾਸ਼ ਸ਼ਰਮਾ, ਕੇਵਲ ਸਿੰਘ ਕੰਗ ਤੇ ਪਰਕਾਸ਼ ਸਿੰਘ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਸਟੇਜ ਸੈਕਟਰੀ ਦੀ ਜੁੰਮੇਵਾਰੀ ਕਾ. ਕੇਵਲ ਕਾਲੀਆ ਨੇ ਨਿਭਾਈ। ਹੋਏ ਸੈਮੀਨਾਰ ਦਾ ਮੁੱਖ ਵਿਸ਼ਾ ਸਾਮਰਾਜ ਵਿਰੋਧੀ ਅਤੇ ਕਾਲੇ ਕਨੂੰਨਾਂ ਦਾ ਵਿਰੋਧ ਸੀ। ਜਿਸ ਨੂੰ ਹੋਰਨਾਂ ਤੋਂ ਇਲਾਵਾ ਕਾ ਸਤ ਪ੍ਰਕਾਸ, ਕਾ ਸ਼ਿਵ ਕੁਮਾਰ, ਕਾ ਬਿਕਰਮਜੀਤ, ਕਾ ਬਲਵੰਤ ਸਿੰਘ ਬਹਾਦਰ ਲਹੜੀ, ਕੇਵਲ ਸਿੰਘ ਕੰਗ, ਜੋਗਾ ਸਿੰਘ ਮਿਆਣੀ ਅਤੇ ਬਲਵੰਤ ਸਿੰਘ ਨੇ ਕੀਤਾ। ਆਏ ਸਾਥੀਆਂ ਨੇ ਸਾਮਰਾਜ ਵਿਰੋਧੀ ਤੇ ਇਨਕਲਾਬ ਜਿੰਦਾਬਾਦ ਦੇ ਨਾਹਰਿਆਂ ਨਾਲ ਸ਼ਹੀਦਾਂ ਨੂੰ ਯਾਦ ਕੀਤਾ ਤੇ ਉਹਨਾਂ ਦੇ ਆਦਰਸ਼ਾਂ ਤੇ ਚਲਕੇ ਸੰਗਰਸ ਕਰਨ ਦਾ ਪ੍ਰਣ ਲਿਆ। ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਤੇ ਸਾਥੀ ਆਪਣੇ ਉਦੇਸ਼ਾਂ ਸਬੰਧੀ ਬਹੁਤ ਸਪਸ਼ਟ ਸਨ। ਉਹਨਾਂ ਦਾ ਉਦੇਸ਼ ਅਜਾਦੀ ਤੋਂ ਬਾਦ ਲੋਕ ਪਖੀ ਰਾਜ ਪ੍ਰਬੰਧ ਉਸਾਰਨਾ ਸੀ। ਜਿਸ ਵਿਚ ਮਨੁੱਖ ਹਥੋਂ ਮਨੁੱਖ ਦੀ ਲੁੱਟ ਨੂੰ ਸਮਾਪਤ ਕਰਨਾ ਸੀ। ਉਸ ਪ੍ਰਬੰਧ ਵਿਚ ਸਭ ਲਈ ਰੁਜ਼ਗਾਰ, ਸਿੱਖਿਆ, ਅਤੇ ਮੁਫ਼ਤ ਇਲਾਜ ਸੀ। ਉਹ ਚਾਹੁੰਦੇ ਸਨ ਲੋਕ ਪੱਖੀ ਕਿਸਾਨ ਪੱਖੀ ਤੇ ਮਜ਼ਦੂਰ ਪਖੀ ਕਨੂੰਨ ਬਣਾਏ ਜਾਣਗੇ ਪਰ ਅੱਜ ਭਾਜਪਾ ਦੀ ਕੇਂਦਰ ਦੀ ਮੋਦੀ ਸਰਕਾਰ ਲੋਕ ਵਿਰੋਧੀ ਕਨੂੰਨ ਬਣਾ ਰਹੀ ਹੈ। ਜਿਸ ਨਾਲ ਗਰੀਬ, ਕਿਸਾਨ, ਤੇ ਮਜ਼ਦੂਰ ਦੀ ਲੁੱਟ ਹੁੰਦੀ ਹੈ। ਇਹ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹਿੱਤ ਵਿੱਚ ਕਨੂੰਨ ਬਣਾ ਰਹੀ ਹੈ। ਜਿਹੜੇ ਕਾਨੂੰਨ ਕਿਸਾਨ ਮਜ਼ਦੂਰਾਂ ਦੀ ਕਾਰਪੋਰੇਟ ਘਰਾਣਿਆਂ ਵਲੋਂ ਲੁੱਟ ਲਈ ਰਾਹ ਖੋਲਦੀ ਹੈ। ਭਗਤ ਸਿੰਘ ਦੇ ਰਾਹ ਤੇ ਚਲਦਿਆ ਇਹਨਾਂ ਚਾਰੇ ਕਾਨੂੰਨਾਂ ਵਿਰੁੱਧ ਅਤੇ ਅਮਰੀਕਾ ਵਪਾਰ ਸਮਝੌਤੇ ਦੇ ਵਿਰੁੱਧ ਤਿੱਖੇ ਸੰਘਰਸ਼ ਦੀ ਲੋੜ ਹੈ।
ਬਿਜਲੀ ਸੋਧ ਬਿਲ 2025, ਬੀਜ ਬਿਲ 2026, ਮਨਰੇਗਾ ਦੀ ਥਾਂ ਨਵਾਂ ਕਾਨੂੰਨ, ਕੋਡ ਬਿਲ, ਲੋਕ ਵਿਰੋਧ ਬਿਲ ਹਨ। ਇਹਨਾਂ ਨੂੰ ਰੱਦ ਕਰਾਉਣ ਤਕ ਕਿਸਾਨਾਂ ਮਜ਼ਦੂਰਾਂ ਦਾ ਸਾਂਝਾ ਸੰਘਰਸ਼ ਜਾਰੀ ਰਹੇਗਾ।
ਬੁਲਾਰਿਆਂ ਨੇ ਦਲੀਲਾਂ ਸਹਿਤ ਇਹ ਸਾਬਤ ਕੀਤਾ ਕਿ ਇਹ ਚਾਰੇ ਕਾਨੂੰਨ ਕਿਸਾਨਾਂ ਅਤੇ ਮਜਦੂਰਾਂ ਦੇ ਵਿਰੋਧੀ ਹਨ। ਅਮਰੀਕਾ ਵਪਾਰ ਸਮਜੋਤੇ ਨਾਲ ਖੇਤੀ ਸੈਕਟਰ ਅਮਰੀਕਾ ਲਈ ਖੋਲ ਦਿੱਤਾ ਹੈ ਜੋ ਕਿਸਾਨੀ ਨੂੰ ਉਜਾੜ ਕੇ ਰੱਖ ਦੇਵੇਗਾ। ਅਮਰੀਕਾ ਲਈ ਕਰ ਮੁਕਤ ਵਪਾਰ ਜਿਸ ਨਾਲ ਭਾਰਤ ਵਿਚ ਆਉਣ ਵਾਲਿਆ ਵਸਤਾਂ ‘ਤੇ ਕੋਈ ਟੈਕਸ ਨਹੀਂ ਲੱਗੇਗਾ। ਪਰ ਭਾਰਤ ਤੋਂ ਅਮਰੀਕਾ ਨੂੰ ਜਾਣ ਵਾਲੀਆਂ ਵਸਤਾਂ ਤੇ 18 ਪ੍ਰਤੀਸ਼ਤ ਟੈਕਸ ਲੱਗੇਗਾ। ਜਿਸ ਨਾਲ ਅਮਰੀਕਾ ਨਾਲ ਵਪਾਰ ਵਿੱਚ ਅਮਰੀਕਾ ਨੂੰ ਲਾਭ ਅਤੇ ਭਾਰਤ ਲਈ ਘਾਟੇਵੰਦਾ ਹੋਵੇਗਾ। ਰੂਸ ਤੋਂ ਤੇਲ ਨਾ ਖਰੀਦਣ ਦੀ ਸ਼ਰਤ ਮਨਕੇ ਭਾਰਤ ਦੀ ਪ੍ਰਭੂਸੱਤਾ ਸਬੰਧੀ ਜ਼ਮਜੋਤਾ ਕਰ ਲਿਆ ਹੈ। ਅਮਰੀਕਨ ਸਾਮਰਾਜ ਦੇ ਵੇਂਜੂਵੇਲਾ ਦੇ ਚੁਣੇ ਹੋਏ ਰਾਸ਼ਟਰਪਤੀ ਨੂੰ ਗ੍ਰਿਫਤਾਰ ਕਰਕੇ ਅਤੇ ਈਰਾਨ ਤੇ ਹਮਲਾ ਕਰਕੇ ਕੌਮਾਂਤਰੀ ਕਨੂੰਨਾਂ ਦੀਆ ਪਰਖਚੇ ਉਡਾ ਦਿੱਤੇ ਹਨ ਪਰ ਭਾਰਤ ਦੀ ਸਰਕਾਰ ਇਸ ਸਬੰਧੀ ਚੁੱਪ ਹੈ। ਉਹਨਾਂ ਕਿਹਾ ਕਿ ਸਾਮਰਾਜੀ ਹਮਲਿਆਂ ਦੀ ਨਿੰਦਿਆ ਕਰਨੀ ਚਾਹੀਦੀ ਹੈ। ਉਹਨਾਂ ਨੇ ਸੱਦਾ ਦਿੱਤਾ ਕਿ ਸਾਮਰਾਜ ਦੇ ਵਿਰੋਧ ਅਤੇ ਕਾਲੇ ਕਨੂੰਨਾਂ ਵਿਰੁੱਧ ਹੋ ਰਹੇ ਸੰਘਰਸ਼ਾਂ ਵਿੱਚ ਮਜ਼ਦੂਰ ਕਿਸਾਨ ਵੱਡੀ ਗਿਣਤੀ ਵਿਚ ਸ਼ਾਮਲ ਹੋਣ। ਅੰਤ ਵਿੱਚ ਮਾਸਟਰ ਸੁਭਾਸ਼ ਸ਼ਰਮਾ ਨੇ ਆਏ ਹੋਏ ਸਾਥੀਆਂ ਦਾ ਧਂਨਵਾਦ ਕੀਤਾ।

Scroll To Top