Now Reading
ਸਾਹਿਤ ਤੇ ਸਭਿਆਚਾਰ (ਸੰਗਰਾਮੀ ਲਹਿਰ – ਫਰਵਰੀ 2026)

ਸਾਹਿਤ ਤੇ ਸਭਿਆਚਾਰ (ਸੰਗਰਾਮੀ ਲਹਿਰ – ਫਰਵਰੀ 2026)

ਕਹਾਣੀ

ਨੈਕਸਟ……………………?

– ਜਿਲਾਨੀ ਬਾਨੋ

“ਨੈਕਸਟ!’’

“ਕੀ ਹੋਇਐ ਤੈਨੂੰ?’’

ਉਹ ਮਰਦ ਵੱਲ ਵੇਖਦੀ ਹੈ।

ਮੈਂ ਸਮਝ ਗਈ ਸਾਂ। ਆਪਣੇ ਦਿਲ ਦੀ ਗੱਲ ਕਹਿਣ ਦਾ ਅਖ਼ਤਿਆਰ ਉਹ ਹਮੇਸ਼ਾ ਕਿਸੇ ਹੋਰ ਨੂੰ ਦਿੰਦੀ ਹੈ।

ਔਰਤਾਂ ਦਾ ਮਾਸ ਵੱਢਣ ਵਾਲੀ ਛੁਰੀ, ਰਗਾਂ ਚੀਰਨ ਵਾਲੀ ਕੈਂਚੀ ਤੇ ਬੇਹੋਸ਼ ਕਰਨ ਵਾਲੀਆਂ ਦਵਾਈਆਂ ਫੜ੍ਹੀ ਮੈਂ ਸਾਰਾ ਦਿਨ ਲੇਬਰ ਰੂਮ (ਪ੍ਰਸੂਤਾ ਕਮਰੇ) ’ਚ ਖੜ੍ਹੀ ਰਹਿੰਦੀ ਹਾਂ।

ਡਾਕਟਰ ਰੈੱਡੀ ਦਾ ਕੰਮ ਮਰੀਜ਼ ਦੀਆਂ ਮੁੱਢਲੀਆਂ ਰਿਪੋਰਟਾਂ ਤਿਆਰ ਕਰਨਾ ਹੈ।

ਪਰ ਉਹ ਰੋਂਦੀਆਂ-ਕੁਰਲਾਉਂਦੀਆਂ ਔਰਤਾਂ ਤੋਂ ਉਕਤਾ ਕੇ (ਬੋਰ ਹੋ ਕੇ) ਮੈੰਨੂ ਘੂਰਦਾ ਰਹਿੰਦਾ ਹੈ। ਮੱਖੀ ਵਾਂਗੂੰ ਭਿਣਕਦੀਆਂ ਉਸ ਦੀਆਂ ਨਜ਼ਰਾਂ ਝਟਕ ਕੇ ਮੈਂ ਫੇਰ ਔਰਤਾਂ ਵੱਲ ਮੁੜ ਜਾਂਦੀ ਹਾਂ।

“ਡਾਕਟਰ ਜੀ! ਇਸ ਨੂੰ ਬੱਚਾ ਨ੍ਹੀ ਚਾਹੀਦਾ। ਚਾਰ ਮਹੀਨੇ ਟੱਪ ਗਏ ਨੇ’’, ਉਸ ਦੇ ਨਾਲ ਵਾਲਾ ਕਹਿੰਦਾ ਹੈ।

“ਇਸ ਨੂੰ ਕੀ ਚਾਹੀਦੈ….?’’ ਉਹ ਕੁਛ ਨ੍ਹੀ ਬੋਲਦੀ।

“ਵਿਆਹ ਹੋਏ ਨੂੰ ਕਿੰਨਾ ਚਿਰ ਹੋਇਐ….?’’ ਰਜਿਸਟਰ ਖੋਲ੍ਹਦਿਆਂ ਮੈਂ ਔਰਤ ਨੂੰ ਪੁੱਛਦੀ ਹਾਂ, ਜੋ ਇਸ ਸਵਾਲ ਦਾ ਜਵਾਬ ਮਰਦ ਕੋਲੋਂ ਚਾਹੁੰਦੀ ਹੈ।

ਦੋਹਾਂ ਦੀ ਘਬਰਾਹਟ ਦੇਖ ਕੇ ਮੈਂ ਆਪਣਾ ਰਜਿਸਟਰ ਬੰਦ ਕਰ ਲੈਂਦੀ ਹਾਂ।

“ਬੜੀ ਦੇਰ ਹੋ ਗਈ ਹੈ। ਹੁਣ ਰਹਿਣ ਦੇ।’’

“ਹਾਂ, ਇਹ ਠੀਕ ਹੈ। ਹੁਣ ਰਹਿਣ ਦਿਓ,’’ ਔਰਤ ਖੁਸ਼ ਹੋ ਕੇ ਮਰਦ ਵੱਲ ਦੇਖਦੀ ਹੈ।

“ਨਹੀਂ-ਨਹੀਂ, ਡਾਕਟਰ!’’ ਮਰਦ ਘਬਰਾ ਜਾਂਦਾ ਹੈ, “ਇਹ ਬੜੀ ਕਮਜ਼ੋਰ ਹੈ। ਇਸੇ ਕਰਕੇ ਮੈਂ ਨਹੀਂ ਚਾਹੁੰਦਾ….ਇਹ ਚਾਹੁੰਦੀ ਹੈ ਕਿ…ਕਿ…’’

ਹਾਂ, ਇਹ ਬੜੀ ਕਮਜ਼ੋਰ ਹੈਂ। ਮੈਂ ਫੇਰ ਔਰਤ ਵੱਲ ਦੇਖਦੀ ਹਾਂ, ਤੇ ਮੈਨੂੰ ਨਿਕਾਹਨਾਮੇ ਦੀਆਂ ਉਹ ਸ਼ਰਤਾਂ ਯਾਦ ਆ ਜਾਂਦੀਆਂ ਹਨ, ਜਿਨ੍ਹਾਂ ’ਤੇ ਜ਼ਮੀਨ, ਕਾਰ ਤੇ ਔਰਤਾਂ ਖਰੀਦਣ ਲੱਗਿਆਂ ਦਸਤਖ਼ਤ ਕੀਤੇ ਜਾਂਦੇ ਹਨ। ਓਸ ਸਮੇਂ ਚੱਲਦੀ ਕਰੰਸੀ ਮੁਤਾਬਕ (ਸਿੱਕਾ ਏ ਰਾਇਜ਼ ਉਲ ਵਕਤ)……. ਐਨੀ ਰਕਮ…..ਐਨੇ ਗਵਾਹਾਂ ਦੀ ਮੌਜੂਦਗੀ ’ਚ, ਮੈਂ ਇਕਰਾਰ ਕਰਦੀ ਹਾਂ ਕਿ ਬਿਲ ਜਬਰ ਵਾ ਇਕਰਾਹ….

ਅਤੇ ਫਿਰ…..

ਖੁਦਾ ਤੈੰਨੂ ਪਤੀ ਦੀ ਅਧੀਨਗੀ ਅਤੇ ਸੇਵਾ ਕਰਨ ਦਾ ਸੁਭਾਗ ਬਖਸ਼ੇ। ਤੇਰੀ ਜਿਹੜੇ ਔਲਾਦ ਹੋਵੇਗੀ, ਉਸਦੇ ਹੋਣ ਜਾਂ ਨਾ ਹੋਣ ਦਾ ਅਖਤਿਆਰ ਤੇਰੇ ਬੰਦੇ ਕੋਲ ਹੋਵੇਗਾ।

“ਸਿਸਟਰ ਇਸ ਨੂੰ ਓਪਰੇਸ਼ਨ ਥਿਏਟਰ ’ਚ ਲੈ ਜਾਓ!’’ ਡਾਕਟਰ ਰੈੱਡੀ ਨਰਸ ਨੂੰ ਕਹਿੰਦਾ ਹੈ। “ਤੁਸੀਂ ਇੱਥੇ ਦਸਤਖ਼ਤ ਕਰ ਦਿਓ!’’ ਡਾਕਟਰ ਰੈੱਡੀ ਇਕ ਮਰਦ ਹੈ, ਅਤੇ ਅਜਿਹੇ ਮੌਕੇ ਉਹ ਮਰਦ ਦੀ ਮਾਨਸਿਕ ਪ੍ਰਤਾੜਨਾ ਨੂੰ ਸਮਝਦਾ ਹੈ।

ਔਰਤ ਨੂੰ ਜਬਰੀ ਓਪਰੇਸ਼ਨ ਥਿਏਟਰ ਵੱਲ ਧੱਕ ਦਿੱਤਾ ਜਾਂਦਾ ਹੈ।

ਜਦੋਂ ਓਪਰੇਸ਼ਨ ਥਿਏਟਰ ’ਚ ਪੁੱਜੀ ਤਾਂ ਉਹ ਬੇਸੁੱਧ ਪਈ ਸੀ। ਆਤਮ ਸਮਰਪਣ ਦੇ ਮੁਕੰਮਲ ਅੰਦਾਜ ’ਚ….

ਔਰਤ ਦਾ ਇਹ ਰੂਪ ਮੈਂ ਦਿਹਾੜੀ ’ਚ ਕਈ ਵਾਰ ਦੇਖਦੀ ਹਾਂ। ਆਪਣੇ ਜਿਸਮ ’ਚੋਂ ਦਰ-ਬਦਰ ਹੋ ਜਾਣ ਦੀ ਮਜ਼ਬੂਰੀ…ਜਿਵੇਂ ਚਾਹੋ, ਖੇਡੋ… ਝੰਜੋੜ ਸੁੱਟੋ.. ਰੌਂਦ ਦਿਓ… ਚੀਰ-ਫਾੜ ਕੇ ਸੁੱਟ ਦਿਓ…

ਹੁਣ, ਓਪਰੇਸ਼ਨ ਤੋਂ ਪਿਛੋਂ ਜਦੋਂ ਸੁਰਤ ਆਵੇਗੀ ਤਾਂ ਫਿਰ ਵੀ ਸੁੱਤੀ-ਸੁੱਤੀ ਹੀ ਲੱਗੇਗੀ।

ਇਕ ਵਾਰ ਦੁਨੀਆ ਨੂੰ ਪਛਾਣਨ ਦਾ ਯਤਨ ਕਰੇਗੀ, ਜੋ ਉਸਦੀ ਸਮਝ ’ਚ ਕਦੀ ਵੀ ਨਹੀਂ ਆਉਂਦੀ।

ਹਰ ਪਾਸੇ ਫਿੱਕਾਪਨ ਮਹਿਸੂਸ ਹੋਵੇਗਾ, ਜਿਵੇਂ ਸਤਰੰਗੀ ਸੁਪਨਿਆਂ ਦਾ ਕੱਚਾ ਰੰਗ ਹੰਝੂਆਂ ਦੀ ਧਾਰ ’ਚ ਵਹਿ ਗਿਆ ਹੋਵੇ।

ਹਰ ਚੀਜ ਬੁਰੀ ਲੱਗੇਗੀ। ਆਵਦੀ ਕੁੱਖ ਤੋਂ ਲੈ ਕੇ ਸਾਰੇ ਸੰਸਾਰ ’ਤੇ ਛਾਏ ਬੱਦਲਾਂ ਤਾਈਂ… ਹੁਣ ਉਹ ਪਲੋ-ਪਲ ਮਰਦੀ ਰਹੇਗੀ…ਉਸੇ ਅਧੂਰੇ ਬੱਚੇ ਨੂੰ ਖਾਬਾਂ ’ਚ ਵੱਡਾ ਕਰਨ, ਉਸ ਨੂੰ ਇਕ ਬਾ-ਅਖਤਿਆਰ ਹੁਕਮ ਚਲਾਉਣ ਵਾਲਾ ਮਰਦ ਬਨਾਉਣ ਤੋਂ ਦੁੱਖ ਸਹਿੰਦੀ ਰਹੇਗੀ…

“ਇਸਦੇ ਨਾਲ ਆਇਆ ਮਰਦ ਇਸ ਦਾ ਪਤੀ ਨਹੀਂ ਹੈ!’’

ਓਪਰੇਸ਼ਨ ਕਰਨ ਵੇਲੇ ਸਿਸਟਰ ਕਹਿ ਰਹੀ ਹੈ। ਸ਼ਾਇਦ ਉਹ ਸਿਸਟਰ ਨੂੰ ਉਸ ਮਰਦ ਨਾਲ ਆਪਣਾ ਉਹ ਰਿਸ਼ਤਾ ਨਹੀਂ ਸਮਝਾ ਸਕੀ, ਜੋ ਉਨ੍ਹਾਂ ਨੂੰ ਇਕ ਜ਼ਮਾਨੇ ਤਾਈਂ ਇਕ-ਦੂਜੇ ਨਾਲ ਲਿਪਟਾਉਂਦਾ, ਚਿੰਬੜਾਉਂਦਾ ਰਿਹਾ।

ਉਹ ਰਿਸ਼ਤਾ, ਜਿਸ ਨੂੰ ਇਸਤਰੀ ਆਪਣਾ ਪਿਆਰ, ਆਪਣਾ ਜਿਸਮ ਦੇ ਕੇ ਵੀ ਕੋਈ ਨਾਂ ਨਹੀਂ ਦੇ ਸਕਦੀ!

ਹੁਣ ਉਨ੍ਹਾਂ ਦਰਮਿਆਨ ਇਕ ਹੋਰ ਸ਼ਰਮਨਾਕ ਰਿਸ਼ਤਾ ਹੈ, ਜਿਸਨੂੰ ਤੋੜਨ ਲਈ ਉਸ ਔਰਤ ਨੂੰ ਓਪਰੇਸ਼ਨ ਥਿਏਟਰ ’ਚ ਬੇਹੋਸ਼ ਕਰ ਦਿੱਤਾ ਗਿਆ ਹੈ।

ਮੈਂ ਸਿਸਟਰ ਦੀ ਗੱਲ ਦਾ ਜਵਾਬ ਨਹੀਂ ਦਿੰਦੀ। ਮੈਂ ਆਪਣੇ ਹੱਥ ’ਚ ਉਹ ਨਸ਼ਤਰ ਫੜ੍ਹ ਕੇ ਖੜ੍ਹੀ ਹਾਂ ਜੋ ਇਸਤਰੀ ਦੀ ਰਗ-ਰਗ ਨੂੰ ਵੱਢ ਦਿੰਦਾ ਹੈ। ਮੈੰ ਔਰਤ ਦੇ ਅੰਦਰਲੀ ਉਸ ਵਿਗਿਆਨ ਦੀ ਉਸ ਪ੍ਰਯੋਗਸ਼ਾਲਾ ਨੂੰ ਨਕਾਰਾ ਕਰਨਾ ਹੈ, ਜਿਸ ਅੰਦਰ ਇਨਸਾਨ ਨੂੰ ਢਾਲਣ ਦਾ ਅਮਲ ਵੱਖੋ-ਵੱਖ ਪੜਾਵਾਂ ’ਚੋਂ ਲੰਘਦਾ ਹੋਇਆ ਇਨਸਾਨ ਦੀ ਤਕਮੀਲ (ਮੁਕੰਮਲ ਉਸਾਰੀ) ਕਰਦਾ ਹੈ।

ਮੈਂ ਇਸਤਰੀ ਦੀਆਂ ਸਾਰੀਆਂ ਪਰਤਾਂ ਖੋਲ੍ਹ ਸੁੱਟੀਆਂ। ਜਦੋਂ ਦਿਮਾਗ ਤਾਈਂ ਪਹੁੰਚੀ ਤਾਂ ਬੇ-ਹਰਕਤ ਕਰਨ ਵਾਲੇ ਕਮਰੇ (ਡਿਸ-ਐਕਸ਼ਨ ਹਾਲ) ਦੇ ਡਾਕਟਰ ਨੇ ਹੱਸਦਿਆਂ ਕਿਹਾ ਸੀ, “ਤੀਵੀਂ ਦਾ ਦਿਮਾਗ ਖੋਲ੍ਹ ਕੇ ਕੀ ਕਰੇਂਗੀ? ਉੱਥੇ ਉਸ ਦਾ ਆਪਣਾ ਕੁੱਝ ਵੀ ਨਹੀਂ ਹੁੰਦਾ।’’

ਮੇਰੇ ਸਹਿਪਾਠੀ ਹੱਸਣ ਲੱਗ ਪਏ ਸਨ।

“ਇਸ ਨੂੰ ਲੈਬ ’ਚ ਭੇਜੋ। ਗੈਰ ਸਾਧਾਰਨ ਮਾਮਲਾ ਹੈ!’’ ਮੈਂ ਖੂਨ ’ਚ ਗੜੁੱਚ ਅਧੂਰਾ ਬੱਚਾ ਟਰੇਅ ’ਚ ਪਾ ਦਿੰਦੀ ਹਾਂ, ਜਿਸ ਨੂੰ ਡਾਕਟਰ ਰੈਡੀ ਅੱਗੇ ਵਧ ਕੇ ਝੱਟ ਆਪਣੇ ਕਬਜ਼ੇ ’ਚ ਲੈ ਲੈਂਦਾ ਹੈ। ਹੁਣ ਇਹ ਬੱਚਾ ਵਿਗਿਆਨ ਦੇ ਪ੍ਰਯੋਗਾਂ ਦਾ ਸ਼ਿਕਾਰ ਬਣਦਾ ਰਹੇਗਾ।

ਮਨੋਰੋਗ ਤੇ ਜੱਚਾ-ਬੱਚਾ ਮਾਹਿਰ, ਇਸ ਅਧੂਰੇ ਬੱਚੇ ਨੂੰ ਘੇਰ ਲੈਣਗੇ… ਇੱਥੋਂ ਵੱਢੋ, ਇੱਥੋਂ ਜੋੜੋ।

ਮਰਦ ਦੀ ਸਿਰਜਣ ਸ਼ਕਤੀ ਖਤਮ ਕਰ ਦਿਓ। ਔਰਤ ਦੀ ਕੁੱਖ ਦੇ ਅੰਦਰ ਪਹਿਲਾਂ ਹੀ ਝਾਕ ਲਵੋ। ਇਹ ਕਿਤੇ ਆਪਣੇ ਵਰਗੀ ਕੋਈ ਹੋਰ ਔਰਤ ਤਾਂ ਨਹੀਂ ਜੰਮ ਦੇਵੇਗੀ!

ਆਪਣੇ ਲਹੂ-ਲਿੱਬੜੇ ਹੱਥ ਧੋ ਕੇ ਮੈਂ ਸਿਸਟਰ ਨੂੰ ਕਹਿੰਦੀ ਹਾਂ, “ਨੈਕਸਟ!’’

ਜ਼ਰਦ ਚਿਹਰੇ ਵਾਲੀ ਨਿਢਾਲ ਜਿਹੀ ਜਨਾਨੀ ਵੱਡਾ ਸਿਰ ਢਿੱਡ ਲਈ ਅੰਦਰ ਆਉਂਦੀ ਹੈ।

ਉਸ ਦੇ ਚਿਹਰੇ ਦੀ ਪੀੜਾ ਦੇਖ ਕੇ ਮੈਂ ਸਮਝ ਜਾਂਦੀ ਹਾਂ ਕਿ ਉਹ ਥੋੜ੍ਹੀ ਦੇਰ ਪਿੱਛੋਂ ਸੱਤਵੇ ਜਾਂ ਅੱਠਵੇ ਬੱਚਾ ਜਨਮ ਦੇਣ ਵਾਲੀ ਹੈ।

“ਰਜਿਸਟਰ ’ਚ ਐਥੇ ਆਵਦਾ ਨਾਂ ਲਿਖੋ’’, ਡਾਕਟਰ ਰੈੱਡੀ ਉਸਦੇ ਪਤੀ ਵੱਲ ਰਜਿਸਟਰ ਵਧਾਉਂਦਾ ਹੈ।

ਉਹ ਇਕ ਉੱਚਾ-ਲੰਮਾ, ਪੂਰਾ ਸਿਹਤਮੰਦ ਆਦਮੀ ਹੈ। ਬਹੁਤ ਨਫੀਸ ਸਫਾਰੀ ਸੂਟ ਪਾਈ, ਕਿਸੇ ਉੱਚੀ ਕੁਰਸੀ ’ਤੇ ਬੈਠਣ ਵਾਲਾ….!

ਔਰਤ ਨੂੰ ਸਹਾਰਾ ਦੇਣ ਵਾਲੀ, ਬਿਨਾਂ ਰੁਕੇ ਬੋਲੀ ਜਾ ਰਹੀ ਦਰਮਿਆਨੀ ਉਮਰ ਦੀ ਚੁਸਤ-ਚਲਾਕ ਜਨਾਨੀ ਯਕੀਨਨ ਉਸਦੀ ਨਨਾਣ ਹੈ।

“ਬਿਸਮਿੱਲਾ ਕਰਕੇ ਅੰਦਰ ਆ ਜਾ ਭਾਬੀ! ਖੁਦਾ ਦੀ ਮਰਜ਼ੀ ਨਾਲ ਏਸ ਵਾਰ ਮੁੰਡਾ ਹੀ ਹੋਵੇਗਾ! ਤੇਰੇ ਘਰ ’ਚ ਚਾਨਣ ਹੋ ਜਾਵੇਗਾ।’’ ਫਿਰ ਉਹ ਮੇਰੇ ਵੰਨੀ ਦੇਖ ਕੇ ਬੜੇ ਅਫਸੋਸ ਨਾਲ ਕਹਿੰਦੀ ਹੈ, “ਵਿਚਾਰੀ ਦੇ ਪੰਜ ਕੁੜੀਆਂ ਹੋ ਚੁੱਕੀਆਂ ਨੇ, ਘਰ ’ਚ ਅੱਲ੍ਹਾ ਦਾ ਦਿੱਤਾ ਸਭ ਕੁੱਝ ਹੈ, ਪਰ ਮੇਰੇ ਭਰਾ ਦੇ ਨਸੀਬ ਖੋਟੇ ਨੇ। ਅਸੀਂ ਤੁਹਾਡੇ ਕੋਲ ਬੜੀ ਆਸ ਲੈ ਕੇ ਆਏ ਹਾਂ ਡਾਕਟਰ…’’

ਇਹ ਸੁਣ ਕੇ ਔਰਤ ਗਸ਼ ਖਾ ਕੇ ਡਿੱਗਣ ਲੱਗਦੀ ਹੈ। “ਫਟਾਫਟ ਸਟਰੇਚਰ ਲਿਆਓ…’’ ਮੈਂ ਕਾਹਲੀ ਨਾਲ ਝੁਕ ਕੇ ਮਾਂ-ਬੱਚੇ ਦੇ ਦਿਲ ਦੀ ਧੜਕਣ ਸੁਣਦੀ ਹਾਂ।

“ਓਹੋ… ਇਸਦੇ ਹਾਲਾਤ ਤਾਂ ਠੀਕ ਨਹੀਂ’’, ਮੈਂ ਘਬਰਾ ਜਾਂਦੀ ਹਾਂ।

“ਨਹੀਂ-ਨਹੀਂ, ਡਾਕਟਰ, …ਮੇਰਾ ਬੱਚਾ ਬਚਾ ਲਓ…’’ ਮਰਦ ਵੀ ਘਾਬਰ ਜਾਂਦਾ ਹੈ।

ਪ੍ਰੰਤੂ ਬੱਚੇ ਦੀ ਡੁੱਬ ਰਹੀ ਨਬਜ਼ ਦੱਸ ਰਹੀ ਹੈ ਕਿ ਉਹ ਆਪਣੇ ਬਾਪ ਦੀਆਂ ਕਹਿਰਵਾਨ ਨਜ਼ਰਾਂ ਦਾ ਸਾਹਮਣਾ ਕਰਨ ਤੋਂ ਪਹਿਲਾਂ ਹੀ ਆਪਣੇ ਸਾਹ ਰੋਕ ਚੁੱਕਿਆ ਹੈ।

ਇਸ ਗੱਲ ਨੇ ਮਰਨ ਤੋਂ ਪਹਿਲਾਂ ਬੇਟਾ ਜੰਮਣ ਦੀ ਖਾਹਿਸ਼ਮੰਦ ਔਰਤ ਨੂੰ ਬੇਚੈਨ ਕੀਤਾ ਹੋਇਆ ਹੈ।

“ਨੈਕਸਟ!’’

ਰੈੱਡੀ ਦੀਆਂ ਨਜ਼ਰਾਂ ਦੀਆਂ ਮੱਖੀਆਂ ਨੂੰ ਮੈਂ ਦੋਨਾਂ ਹੱਥਾਂ ਨਾਲ ਦੂਰ ਭਜਾਉਂਦੀ ਹਾਂ

ਇੱਕੋ ਸਕੂਲ ਦੀ ਵਰਦੀ ਪਾਈ, ਤੇਰਾਂ-ਚੌਦਾਂ ਸਾਲਾਂ ਦੀਆਂ, ਖਿਲਰੇ ਬਾਲਾਂ ਵਾਲੀਆਂ ਤਿੰਨ ਕੁੜੀਆਂ, ਜਿਨ੍ਹਾਂ ਦੇ ਚਿਹਰੇ ਤੋਂ ਖੌਫ ਸਾਫ ਝਲਕ ਰਿਹਾ ਸੀ, ਇਕੱਠੀਆਂ ਅੰਦਰ ਆਈਆਂ। ਘਬਰਾਹਟ ਤੇ ਡਰ ਨਾਲ ਇੱਕ-ਦੂਜੀ ’ਚ ਲੁਕੀ ਜਾ ਰਹੀਆਂ ਸਨ। ਤਿੰਨ ਅੱਲ੍ਹੜ ਕੁੜੀਆਂ ਦੇਖ ਕੇ ਸ਼ਹਿਦ ਦੀਆਂ ਮੱਖੀਆਂ ਨੇ ਆਪਣਾ ਰੁਖ ਬਦਲ ਲਿਆ। “ਡਾਕਟਰ ਰੈੱਡੀ! ਪਲੀਜ਼ ਕੁੱਝ ਮਿੰਟਾਂ ਲਈ ਬਾਹਰ ਚਲੇ ਜਾਓ!’’

ਇਸ ਉਮਰ ਦੀਆਂ ਕੁੜੀਆਂ ਨੂੰ ਅਕਸਰ ਕਮਰ-ਦਰਦ ਅਤੇ ਅਜਨਬੀਆਂ ਦਾ ਖੌਫ ਰੋਗੀ ਬਣਾ ਦਿੰਦਾ ਹੈ। ਕੁੜੀਆਂ ਇਕ-ਦੂਜੀ ਨੂੰ ਧੱਕ ਰਹੀਆਂ ਹਨ। ਅੱਗੇ ਕੋਈ ਨਹੀਂ ਵਧਦੀ। ਉਨ੍ਹਾਂ ’ਚੋਂ ਸਭ ਤੋਂ ਨਿੱਕੀ, ਸੋਹਣੀ ਜਿਹੀ ਕੁੜੀ ਕੰਧ ਵੱਲ ਮੂੰਹ ਕਰਕੇ ਡੁਸਕਣ ਲੱਗ ਪਈ।

“ਏ ਕੁੜੀ! ਛੇਤੀ ਆ। ਸਮਾਂ ਲੰਘ ਰਿਹਾ ਹੈ’’, ਸਿਸਟਰ ਉਨ੍ਹਾਂ ਨੂੰ ਝਿੜਕ ਰਹੀ ਹੈ।

ਉਨ੍ਹਾਂ ਦੀ ਘਬਰਾਹਟ ਦੇਖ ਕੇ ਮੈਂ ਰੋਂਦੀ ਕੁੜੀ ਕੋਲ ਗਈ।

“ਕਿਤੇ ਕੋਈ ਗੜਬੜ ਹੋ ਗਈ…? ਕਿੰਨੇ ਦਿਨ ਹੋਏ ਹਨ?’’

ਉਹ ਘਬਰਾ ਕੇ ਮੈੰਨੂੰ ਦੇਖਦੀ ਹੈ ਤੇ ਦੋਹਾਂ ਹੱਥਾਂ ’ਚ ਮੂੰਹ ਲੁਕੋ ਕੇ ਰੋਣ ਲੱਗਦੀ ਹੈ। ਫਿਰ ਉਸਦੀ ਸਹੇਲੀ ਮੈੰਨੂ ਕਹਿੰਦੀ ਹੈ, “ਡਾਕਟਰ, ਹਨੀ ਨੇ ਕੁਛ ਨ੍ਹੀ ਕੀਤਾ। ਉਹ ਟੀਚਰ ਜੋ ਸ਼ਾਮ ਨੂੰ ਸਕੂਲ ’ਚ ਸਪੈਸ਼ਲ ਕਲਾਸ ਲੈਂਦਾ ਐ ਨਾ….ਉਹ… ਉਹ…’’

“ਫੇਰ ਤੂੰ ਆਪਣੀ ਮੰਮੀ ਨੂੰ ਨਹੀਂ ਦੱਸਿਆ, ਡੈਡੀ ਕੋਲ ਸ਼ਿਕਾਇਤ ਨਹੀਂ ਲਾਈ?’’ ਹਨੀ ਸਿਰ ਝੁਕਾਈ ਖੜ੍ਹੀ ਹੈ।

“ਉਹ ਟੀਚਰ ਕਹਿੰਦਾ ਹੈ, ਕਿਸੇ ਨੂੰ ਦੱਸਿਆ ਤਾਂ ਬਦਨਾਮ ਹੋ ਜਾਵੇਂਗੀ। ਫਿਰ ਤੇਰੇ ਨਾਲ ਕੋਈ ਵਿਆਹ ਨਹੀਂ ਕਰੇਗਾ। ਅਸੀਂ ਤਿੰਨੇ ਸਾਰਿਆਂ ਤੋਂ ਲੁਕ ਕੇ ਏਥੇ ਆਈਆਂ ਹਾਂ।’’

ਦੂਜੀ ਕੁੜੀ ਨੇ ਕਿਹਾ, “ਡਾਕਟਰ ਸਾਡੇ ਕੋਲ ਪੈਸੇ ਵੀ ਹੈ ਨ੍ਹੀ।’’

“ਏਧਰ ਆਓ…’’

ਪਰ ਉਹ ਕੁੜੀ ਅੱਗੇ ਨਹੀਂ ਵੱਧਦੀ। ਉਸਦੀ ਸਹੇਲੀ ਕਹਿੰਦੀ ਹੈ, “ਹਨੀ ਕਹਿੰਦੀ ਹੈ ਕਿ ਹੁਣ ਮੈਂ ਮਰ ਜਾਵਾਂਗੀ।’’

ਮੈਂ ਬੜੀ ਗਹੁ ਨਾਲ ਹਨੀ ਵੱਲ ਵੇਖਦੀ ਹਾਂ। ਬਾਰਾਂ ਵਰਿ੍ਹਆਂ ਦੀ ਬਾਲੜੀ, ਜੋ ਅਜੇ ਮਰਦ ਦੀ ਮੁਹੱਬਤ ਤੇ ਮਮਤਾ ਦੀ ਲੱਜਤ ਬਾਰੇ ਕੁੱਝ ਵੀ ਨਹੀਂ ਜਾਣਦੀ। ਪਰ ਮੌਤ ਦੀ ਡਗਰ ਢੂੰਡ ਚੁੱਕੀ ਹੈ!

See Also

“ਤੂੰ ਮਰਨਾ ਕਿਉਂ ਚਾਹੁੰਨੀ ਏਂ?’’

ਓਪਰੇਸ਼ਨ ਥਿਏਟਰ ’ਚ ਬੇਹੋਸ਼ ਕਰਨ ਤੋਂ ਪਹਿਲਾਂ ਮੈਂ ਉਸ ਨੂੰ ਪੁੱਛਿਆ।

“ਮੈਂ ਅਜਿਹੀ ਦੁਨੀਆ ’ਚ ਨਹੀਂ ਰਹਾਂਗੀ ਜਿੱਥੇ ਮਰਦ ਹਨ’’, ਉਹ ਖੌਫ ਭਰੇ ਲਹਿਜ਼ੇ ’ਚ ਕਹਿੰਦੀ ਹੈ।

“ਕਮਲੀ…’’ ਮੈਂ ਬੜੀ ਮੁਹੱਬਤ ਨਾਲ ਉਸਦੇ ਸਿਰ ’ਤੇ ਹੱਥ ਰੱਖਿਆ। “ਦੁਨੀਆ ਦੇ ਸਾਰੇ ਮਰਦ ਵਹਿਸ਼ੀ ਨਹੀਂ ਹੁੰਦੇ! ਜਦੋਂ ਤੂੰ ਵੱਡੀ ਹੋ ਜਾਵੇਂਗੀ ਤਾਂ ਤੈੰਨੂ ਮਰਦ ਦਾ ਪਿਆਰ ਤੇ ਇਤਬਾਰ ਵੀ ਮਿਲੇਗਾ!’’

“ਆਅਅਥੂ…’’ ਉਸਨੇ ਮੇਜ ’ਤੇ ਉਲਟੀ ਕਰ ਦਿੱਤੀ।

ਨਫ਼ਰਤ ਤੇ ਦਹਿਸ਼ਤ ਨਾਲ ਕੰਬਦੀ ਹਨੀ ਨੂੰ ਚੀਰ ਕੇ ਮੈਂ ਉਸਦੇ ਅਧੂਰਾ ਬੱਚਾ ਟਰੇਅ ’ਚ ਪਾਇਆ, ਜੋ ਇਕ ਕੁਆਰੀ ਦੇ ਪੇਟੋਂ ਕੱਢਿਆ ਗਿਆ ਹੈ।

ਹੁਣ ਖੁਦਾ ਦਾ ਕਹਿਰ, ਸਮਾਜ ਦੀ ਥੂਹ-ਥੂਹ ਤੇ ਕਾਨੂੰਨੀ ਗਿ੍ਰਫਤ ਉਸਨੂੰ ਚਾਰ-ਚੁਫੇਰਿਓਂ ਘੇਰ ਚੁੱਕੇ ਹਨ।

“ਕੀ ਹਨੀ ਇਕ ਇੱਜ਼ਤ-ਫਰੋਸ਼ (ਵੇਸਵਾ) ਕੁੜੀ ਹੈ… ?’’ ਇਹ ਸਵਾਲ ਮਜ਼੍ਹਬ ਵੀ ਪੁੱਛੇਗਾ ਤੇ ਦੁਨੀਆ ਵੀ..

ਅਦਾਲਤ ਦੇ ਅੰਦਰ ਤੇ ਬਾਹਰ ਤਮਾਮ ਵਕੀਲ, ਜੱਜ, ਤਮਾਸ਼ਬੀਨ ਇਸ ਕੁੜੀ ਦੀ ਇਕ ਝਲਕ ਦੇਖਣ ਲਈ ਬੇਚੈਨ ਹੋ ਜਾਣਗੇ, ਜਿਸਨੇ ਕੇਵਲ ਤੇਰਾਂ ਵਰਿ੍ਹਆਂ ਦੀ ਉਮਰ ’ਚ….

ਕੀ ਨਾਂ ਹੈ…? ਕਿੱਥੇ ਰਹਿੰਦੀ ਹੈ…?

ਹਨੀ ਦੇ ਖੂਨ ’ਚ ਡੁੱਬੇ ਆਪਣੇ ਹੱਥ ਧੋ ਕੇ ਮੈਂ ਚੀਕਦੀ ਹਾਂ,

“ਨੈਕਸਟ!’’

ਸਟਰੇਚਰ ’ਤੇ ਇਕ ਲਹੂ ’ਚ ਡੱਬੀ ਤਰੀਮਤ ਲਿਆਂਦੀ ਜਾਂਦੀ ਹੈ। ਉਸ ਦੇ ਨਾਲ ਇਕ ਬਦਹਵਾਸ (ਪ੍ਰੇਸ਼ਾਨ) ਮਰਦ ਹੈ। ਇੱਕ ਬਿਰਧ ਸੱਸ ਤੇ ਖੌਫ ਨਾਲ ਕੰਬਦਾ ਬੁੱਢਾ…

“ਇਹ ਬਨੇਰੇ ਤੋਂ ਡਿੱਗ ਪਈ ਸੀ, ਇਸਦੇ ਉੱਤੇ ਪੱਥਰ ਆਣ ਡਿੱਗਿਆ…ਨਹਾਉਂਦੀ ਦਾ ਪੈਰ ਤਿਲ~ਕ ਗਿਆ…’’

ਕੀ ਪੇਟ ’ਚ ਬੱਚਾ ਅਜੇ ਜਿਉਂਦਾ ਐ? ਮੁੰਡਾ ਐ ਜਾਂ ਕੁੜੀ? ਮਰਦ ਵਾਰ-ਵਾਰ ਪੁੱਛ ਰਿਹਾ ਹੈ।

“ਡਾਕਟਰ ਇਸ ਨੂੰ ਕਿਵੇਂ ਵੀ ਹੋਸ਼ ’ਚ ਲਿਆਓ, ਇਸ ਦਾ ਬਿਆਨ ਲਿਖਣਾ ਹੈ’’, ਇਕ ਜਨਾਨਾ ਇੰਸਪੈਕਟਰ ਆਪਣੀ ਡਾਇਰੀ ਫੜ੍ਹੀ ਅੰਦਰ ਆਈ।

ਔਰਤ ਦੇ ਨਾਲ ਦੇ ਇੰਸਪੈਕਟਰ ਨੂੰ ਦੇਖ ਕੇ ਬਾਹਰ ਜਾਣਾ ਚਾਹੁੰਦੇ ਹਨ, ਪਰ ਦਰਵਾਜਾ ਬੰਦ ਹੈ।

ਮੈਂ ਔਰਤ ਦੀ ਛਾਤੀ ’ਤੇ ਸਟੈਥੈਸਕੋਪ ਰੱਖਿਆ।

“ਇਸ ਨੂੰ ਮੁਲਾਹਿਜੇ ਲਈ ਲੈ ਜਾਓ, ਲੇਬਰ ਰੂਮ ’ਚ ਲੋਥ ਕਿਉਂ ਲਿਆਏ ਓ?’’

“ਹੈਂ…ਕਿਹੜੀ ਜਨਾਨੀ ਮਰ ਰਹੀ ਹੈ? ਕੌਣ ਜ਼ਿੰਦਾ ਹੈ? ਸਾਨੂੰ ਕੀ ਪਤਾ ਜੀ!’’ ਸਟਰੇਚਰ ਢੱਕ ਰਿਹਾ ਪੁਰਸ਼ ਨਰਸ ਗੁੱਸੇ ਨਾਲ ਬੋਲਦਾ ਹੈ।

“ਜਦੋਂ ਠੰਡੀ ਹੋ ਜਾਂਦੀ ਐ ਤਾਂ ਸਾਲੇ ਸਾਡੇ ਵੱਲ ਧੱਕ ਦਿੰਦੇ ਐ!’’

ਵਾਰਡ ਦੇ ਬਾਹਰ ਜਖਮੀ ਔਰਤ ਦਾ ਤਮਾਸ਼ਾ ਦੇਖਣ ਲਈ ਹੁਜ਼ੂਮ ਇਕੱਠਾ ਹੋ ਗਿਆ ਹੈ।

“ਮਰ ਗਈ…’’ ਉਹ ਸਾਰੇ ਸਕੂਨ ਭਰੀਆਂ ਨਜ਼ਰਾਂ ਨਾਲ ਇਕ-ਦੂਜੇ ਵੱਲ ਦੇਖਦੇ ਹਨ, ਅਤੇ ਉਸ ਦਾ ਬੰਦਾ ਕਾਹਲੀ ਨਾਲ ਇਕ ਚਾਦਰ ਲੈ ਕੇ ਉਸ ਵੱਲ ਵਧਦਾ ਹੈ। ਨਾਟਕ ਦਾ ਆਖਰੀ ਪਰਦਾ ਉਸੇ ਨੇ ਹੀ ਸੁੱਟਣਾ ਹੈ, ਪਰ ਔਰਤ ਦੀਆਂ ਘੂਰਦੀਆਂ ਅੱਖਾਂ ਦੇਖ ਕੇ ਉਹ ਪਿਛਾਂਹ ਹੱਟ ਜਾਂਦਾ ਹੈ।

ਪੁਲਸ ਇੰਸਪੈਕਟਰ, ਡਾਕਟਰ ਰੈੱਡੀ, ਮਰਦ ਦੇ ਰਿਸ਼ਤੇਦਾਰ, ਜੋ ਵੀ ਉਸਦੇ ਕਰੀਬ ਜਾਂਦਾ ਹੈ ਉਹ ਘੂਰਨ ਲੱਗ ਪੈਂਦੀ ਹੈ।

“ਹੁਣ ਇਸ ਦਾ ਪੋਸਟ ਮਾਰਟਮ ਵੀ ਕਿਵੇਂ ਹੋਵੇਗਾ? ਜਿਸਮ ਦਾ ਇਕ ਵੀ ਹਿੱਸਾ ਟੁੱਟਣ ਤੋਂ ਨਹੀਂ ਬਚਿਆ!’’

“ਸਿਸਟਰ ਬੇਜ਼ਾਨ ਹੋ ਕੇ ਕਹਿੰਦੀ ਹੈ, “ਸਿਰ ਬਚ ਗਿਆ ਹੈ। ਸ਼ਾਇਦ ਡਾਕਟਰ ਇਸੇ ਨੂੰ ਖੋਲ੍ਹ ਕੇ ਦੇਖਣ।’’

“ਨਹੀਂ ਜੀ…’’ ਡਾਕਟਰ ਰੈੱਡੀ ਮੁਸ਼ਕੜੀਏਂ ਹੱਸਦਾ ਮੇਰੇ ਵੱਲ ਦੇਖਦਾ ਹੈ।

‘‘ਔਰਤ ਦੇ ਦਿਮਾਗ਼ ਦਾ ਪੋਸਟ ਮਾਰਟਮ ਨਹੀਂ ਕਰਦੇ।’’

“ਨੈਕਸਟ… ਨੈਕਸਟ…. !’’

ਪਰ ਹੁਣ ਸ਼ਹਿਦ ਦੀਆਂ ਮੱਖੀਆਂ ਮੇਰੇ ਪੂਰੇ ਵਜੂਦ ਨੂੰ ਡੰਗ ਮਾਰ ਰਹੀਆਂ ਹਨ।

ਔਰਤ ਦੀਆਂ ਰਗਾਂ ਕੱਟਣ ਵਾਲੀ ਕੈਂਚੀ ਮੇਰੇ ਹੱਥੋਂ ਛੁੱਟ ਕੇ ਡਿੱਗ ਪਈ ਹੈ…ਬੇਹੋਸ਼ੀ ਦਾ ਟੀਕਾ ਮੇਰੀਆਂ ਰਗਾਂ ’ਚ ਘੁਲ ਰਿਹਾ ਹੈ ਅਤੇ ਮੈਂ ਦੋਹੀਂ ਹੱਥੀਂ ਸ਼ਹਿਦ ਦੀਆਂ ਮੱਖੀਆਂ ਨੂੰ ਧੱਕਦੀ ਹੋਈ ਚੀਕ ਰਹੀ ਹਾਂ :

“ਨੈਕਸਟ… ਨੈਕਸਟ !!’’

Scroll To Top