
(ਕਿਊਬਾ ਦੀ ਕ੍ਰਾਂਤੀ ਦੀ ਜਿੱਤ (ਪਹਿਲੀ ਜਨਵਰੀ 1959) ਦੀ ਵਰ੍ਹੇਗੰਢ ਮੌਕੇ ਅਸੀਂ ਇਸ ਸਮਾਜਵਾਦੀ ਦੇਸ਼ ਵਲੋਂ ਸਿਹਤ ਸੇਵਾਵਾਂ ਦੇ ਖੇਤਰ ’ਚ ਮਾਰੀਆਂ ਮੱਲਾਂ ਸਬੰਧੀ ਪ੍ਰਸਿੱਧ ਰਹਾਲੇ ‘ਇਕਨੋਮਿਕ ਪੋਲੀਟੀਕਲ ਵੀਕਲੀ’ ’ਚ ਛਪਿਆ, ਰੇਮੀ ਹੇਰੇਰਾ ਵਲੋਂ ਲਿਖਿਆ ਲੇਖ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ। ਰੇਮੀ ਹੇਰੇਰਾ ਇੱਕ ਅਰਥਸ਼ਾਸਤਰੀ ਅਤੇ ‘ਨੈਸਨਲ ਸੈਂਟਰ ਆਫ ਸਾਇੰਟਿਫਿਕ ਰਿਸਰਚ’ ਵਿਖੇ ਖੋਜਕਾਰ ਹੈ। ਇਹ ਲੇਖ ਸੀਈਟੀਆਈਐਮ (ਯੂਰਪ-ਤੀਜਾ ਸੰਸਾਰ ਕੇਂਦਰ) ਵਲੋਂ ਸੰਯੁਕਤ ਰਾਸਟਰ ਮਨੁੱਖੀ ਅਧਿਕਾਰ ਕੌਂਸਲ ਦੇ 16 ਜੂਨ ਤੋਂ 11 ਜੁਲਾਈ, 2025 ਦੌਰਾਨ ਆਯੋਜਿਤ 59ਵੇਂ ਸੈਸਨ ’ਚ ਪੇਸ਼ ਕੀਤਾ ਗਿਆ ਸੀ। ਯਾਦ ਰਹੇ ਕਿਊਬਾ ਨੇ ਇਹ ਅਚੰਭਾਜਨਕ ਪ੍ਰਾਪਤੀ ਅਮਰੀਕੀ ਸਾਮਰਾਜ ਦੀਆਂ ਪਾਬੰਦੀਆਂ, ਸਾਜ਼ਿਸ਼ਾਂ ਤੇ ਦਬਾਅ ਨਾਲ ਜੂਝਦਿਆਂ ਹਾਸਲ ਕੀਤੀ ਹੈ। ਸਮਾਜਵਾਦ ਦੇ ਮੁੱਦਈ, ਕ੍ਰਾਂਤੀ ’ਚ ਅਟੁੱਟ ਭਰੋਸਾ ਰੱਖਣ ਵਾਲੇ ਵਿਸ਼ਵ ਭਰ ਦੇ ਲੋਕ, ਸਬੱਬ ਨਾਲ ਇਸ ਸਾਲ ਕਿਊਬਾਈ ਇਨਕਲਾਬ ਦੀ ਸਫਲ ਅਗਵਾਈ ਕਰਨ ਵਾਲੇ ਸਾਥੀ ਫੀਦੇਲ ਕਾਸਤਰੋ ਦੀ ਜਨਮ ਸ਼ਤਾਬਦੀ ਵੀ ਮਨਾ ਰਹੇ ਹਨ – ਸੰਪਾਦਕੀ ਮੰਡਲ)
ਸਿਹਤ ਇੱਕ ਬੁਨਿਆਦੀ ਮਨੁੱਖੀ ਅਧਿਕਾਰ ਹੈ। ਹਾਲਾਂਕਿ, ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ’ਚ, ਇਸ ਨੂੰ ਅਮਲ ਵਿੱਚ ਲਿਆਉਣ ਦਾ ਟੀਚਾ ਅਜੇ ਤੱਕ ਪੂਰੀ ਤਰ੍ਹਾਂ ਹਾਸਲ ਨਹੀਂ ਹੋਇਆ। ਅੱਜ, ਕਿਊਬਾ ਸਾਬਤ ਕਰਦਾ ਹੈ ਕਿ ਸਿਹਤ ਦੇ ਅਧਿਕਾਰ ਨੂੰ ਰਾਸ਼ਟਰੀ ਪੱਧਰ ’ਤੇ ਪ੍ਰਭਾਵਸ਼ਾਲੀ ਤੇ ਕਾਰਗਰ ਢੰਗ ਨਾਲ ਅਮਲੀ ਜਾਮਾ ਪਹਿਨਾਇਆ ਜਾ ਸਕਦਾ ਹੈ।
26 ਜੂਨ, 1945 ਨੂੰ ਸੈਨ ਫਰਾਂਸਿਸਕੋ ਵਿਖੇ ਹੋਈ ਕਾਨਫਰੰਸ ’ਚ ਸੰਯੁਕਤ ਰਾਸ਼ਟਰ ਚਾਰਟਰ ਅਪਨਾਇਆ ਗਿਆ ਸੀ । ਇਸਦੇ ਅਧਿਆਇ 9X ਦੇ ਆਰਟੀਕਲ 55, ਪੈਰਾ 2, ਜਿਸਦਾ ਸਿਰਲੇਖ “ਅੰਤਰਰਾਸ਼ਟਰੀ ਆਰਥਿਕ ਅਤੇ ਸਮਾਜਿਕ ਸਹਿਯੋਗ” ਹੈ, ਵਿੱਚ ਕਿਹਾ ਗਿਆ ਹੈ ਕਿ ਕੌਮਾਂ ਵਿਚਕਾਰ ਮਿੱਤਰਤਾ ਵਾਲੇ, ਸ਼ਾਂਤੀਪੂਰਨ ਸਬੰਧ ਯਕੀਨੀ ਬਣਾਉਣ ਲਈ ਸਥਿਰਤਾ ਤੇ ਭਲਾਈ ਦੀਆਂ ਹਾਲਤਾਂ ਪੈਦਾ ਕਰਨੀਆਂ ਜ਼ਰੂਰੀ ਹਨ। ਇਸ ਲਈ, ਸੰਯੁਕਤ ਰਾਸ਼ਟਰ ਜਨਤਕ ਸਿਹਤ ਦੇ ਖੇਤਰਾਂ ’ਚ ਮੁੱਦਿਆਂ ਦੇ ਹੱਲ ਨੂੰ ਉਤਸ਼ਾਹਿਤ ਕਰੇਗਾ। ਸਿਹਤ ਅਸਲ ’ਚ, ਬਹੁਤ ਸਾਰੀਆਂ ਕੌਮਾਂਤਰੀ ਅਤੇ ਖੇਤਰੀ ਸੰਧੀਆਂ ਵਲੋਂ ਮਾਨਤਾ ਪ੍ਰਾਪਤ, ਇੱਕ ਮਨੁੱਖੀ ਅਧਿਕਾਰ ਹੈ। ਹਾਲਾਂਕਿ, ਅੱਜ-ਕੱਲ੍ਹ, ਸਿਹਤ ਸੇਵਾ ਦੇ ਖੇਤਰ ’ਚ ਗਲੋਬਲ ਪੱਧਰ ’ਤੇ ਨਿਜੀ ਪੂੰਜੀ ਹਾਵੀ ਹੋ ਚੁੱਕੀ ਹੈ। ਇਸ ਖੇਤਰ ਵਿੱਚ ਦਿਉਕੱਦ ਅੰਤਰਰਾਸ਼ਟਰੀ ਕੰਪਨੀਆਂ ਨਿਵੇਸ਼ ਕਰਦੀਆਂ ਹਨ, ਜਿਨ੍ਹਾਂ ਦਾ ਮੁੱਢਲਾ ਟੀਚਾ ਵਸੋਂ ਦੀਆਂ ਡਾਕਟਰੀ ਲੋੜਾਂ ਪੂਰੀਆਂ ਕਰਨਾ ਨਹੀਂ, ਸਗੋਂ ਵੱਧ ਤੋਂ ਵੱਧ ਨਿੱਜੀ ਮੁਨਾਫ਼ਾ ਖੱਟਣਾ ਹੈ। ਇਸੇ ਦਾ ਨਤੀਜਾ ਹੈ ਕਿ ਦੁਨੀਆ ਭਰ ’ਚ ਬਹੁਤ ਸਾਰੇ ਲੋਕ ਸਿਹਤ ਸਹੂਲਤਾਂ ਤੋਂ ਵਾਂਝੇ ਹਨ। ਜਦਕਿ ਸਟਾਕ ਮਾਰਕੀਟ ਦੇ ਸੱਟੇਬਾਜ, ਅਕਸਰ ਬਿਨਾਂ ਕੋਈ ਨਵੀਂ ਦਵਾਈ ਬਣਾਏ, ਦਵਾਈ ਕੰਪਨੀਆਂ ਦੇ ਸ਼ੇਅਰਾਂ ਦੇ ਵਪਾਰ ਰਾਹੀਂ ਵਿੱਤੀ ਮੁਨਾਫ਼ੇ ’ਤੇ ਕਬਜ਼ਾ ਕਰਨ ’ਚ ਸਫਲ ਹੋ ਜਾਂਦੇ ਹਨ।
ਸਿਹਤ ਦੇ ਅਧਿਕਾਰ ਬਾਰੇ ਕਿਊਬਾ ਦੀ ਪਹੁੰਚ
ਉਕਤ ਦੇ ਉਲਟ ਕਿਊਬਾ, ਸਿਹਤ ਨੂੰ ਇੱਕ ਵਸਤੂ ਵਜੋਂ ਵਿਚਾਰਨ ਤੋਂ ਇਨਕਾਰੀ ਹੈ ਤੇ ਸਿਹਤ ਦੇ ਅਧਿਕਾਰ, ਜੋ ਹੋਰ ਦੇਸ਼ਾਂ ’ਚ ਅਕਸਰ ਅਧੂਰਾ ਰਹਿ ਜਾਂਦਾ ਹੈ, ਨੂੰ ਲਾਗੂ ਕਰਨ ਦੇ ਪੂਰੇ ਯਤਨ ਕਰਦਾ ਹੈ। ਇਸਦਾ ਦ੍ਰਿਸ਼ਟੀਕੋਣ ਕੌਮਾਂਤਰੀ ਸੰਗਠਨਾਂ ਦੇ ਵੱਡ ਆਕਾਰੀ ਕਾਨੂੰਨੀ ਦਸਤਾਵੇਜ਼ਾਂ ਤੇ ਘੋਸ਼ਣਾਵਾਂ ਨੂੰ ਸ਼ਬਦਾਂ ਤੇ ਭਾਵਨਾਵਾਂ ਸਮੇਤ ਲਾਗੂ ਕਰਨ ਦਾ ਹੈ। ਇਹ ਪੂੰਜੀਵਾਦ ਵਲੋਂ ਦਿੱਤੀ ਗਈ ਵਿਆਖਿਆ ਦਾ ਵਿਰੋਧ ਕਰਦਾ ਹੈ। ਪੂੰਜੀਵਾਦੀ ਢਾਂਚਾ ਆਮ ਤੌਰ ’ਤੇ ਵਿਆਪਕ ਕਵਰੇਜ ਦੀ ਸਥਾਪਨਾ ਨੂੰ ਰੱਦ ਕਰਦਾ ਹੈ, ਕਿਉਂਕਿ ਇਸਦਾ ਮਤਲਬ ਰਾਜ ਲਈ ਵਾਧੂ ਖਰਚ ਦਾ ਭਾਰ ਚੁੱਕਣਾ ਹੋਵੇਗਾ, ਅਤੇ ਨਾਲ ਹੀ ਦੂਜਿਆਂ ਦੀ ਸਿਹਤ ਦੀ ਕੀਮਤ ’ਤੇ ਅਮੀਰ ਬਣਨ ਵਾਲਿਆਂ ਨੂੰ ਮੁਨਾਫ਼?ਆਂ ’ਤੇ ਕਬਜ਼ਾ ਕਰਨ ਦੇ ਮੌਕੇ ਘੱਟ ਮਿਲਣਗੇ। 1959 ਵਿੱਚ ਕ੍ਰਾਂਤੀ ਦੇ ਪਹਿਲੇ ਫੈਸਲਿਆਂ ’ਚੋਂ ਇੱਕ ਫੈਸਲਾ ਸਿਹਤ ਪ੍ਰਣਾਲੀ ਦਾ ਨਿਰਮਾਣ ਕਰਨਾ ਸੀ। ਇਸਨੂੰ ਵਿਕਾਸ ਦੀ ਰਣਨੀਤੀ ਦਾ ਕੇਂਦਰ ਧੁਰਾ ਬਣਾਇਆ ਗਿਆ। ਸਰੋਤਾਂ ਤੋਂ ਸੱਖਣਾ, ਦੱਖਣੀ ਅਮਰੀਕਾ ਦਾ ਇੱਕ ਛੋਟੇ ਦੇਸ਼, ਜਿਸ ’ਤੇ ਸੰਯੁਕਤ ਰਾਜ ਅਮਰੀਕਾ ਨੇ ਪਾਬੰਦੀਆਂ ਵੀ ਠੋਸੀਆਂ ਹੋਈਆਂ ਹਨ, ਨੇ ਵਸੋਂ ਨੂੰ ਬਿਹਤਰੀਨ ਸਿਹਤ ਸੇਵਾਵਾਂ ਦੇਣਾ ਦੀ ਅਪਵਾਦ ਦੇ ਪੱਧਰ ’ਤੇ ਹਾਸਲ ਕੀਤਾ। ਇਹ ਪ੍ਰਣਾਲੀ, ਇਸਦੇ ਜਨਤਕ ਸੁਭਾਅ, ਵਿਆਪਕ ਕਵਰੇਜ, ਸਾਰਿਆਂ ਦੀ ਦੇਖ-ਭਾਲ ਲਈ ਪੂਰੀ ਤਰ੍ਹਾਂ ਮੁਫਤ ਕੰਮ ਕਰਨ (ਸਾਦੇ ਸਲਾਹ ਮਸ਼ਵਰੇ ਤੋਂ ਲੈ ਕੇ ਸਭ ਤੋਂ ਗੰਭੀਰ ਸਰਜੀਕਲ ਆਪਰੇਸ਼ਨਾਂ ਤੱਕ), ਅਤੇ ਰੋਕਥਾਮ ’ਤੇ ਜ਼ੋਰ ਦੇਣ ਰਾਹੀਂ ਪ੍ਰਗਟ ਹੁੰਦੀ ਹੈ। ਰੋਕਥਾਮਕ ਉਪਾਵਾਂ ’ਚ ਸ਼ਾਮਲ ਹਨ: ਜੱਚਾ-ਬੱਚਾ ਸੁਰੱਖਿਆ, ਟੀਕਾਕਰਨ ਮੁਹਿੰਮਾਂ, ਸਫ਼ਾਈ ਤੇ ਸਿਹਤਮੰਦ ਆਦਤਾਂ ਤੇ ਜੀਵਨ ਸ਼ੈਲੀ ਲਈ ਨਿਰਦੇਸ਼, ਮਲੇਰੀਆ ਵਿਰੋਧੀ ਯੋਜਨਾਵਾਂ, ਆਬਾਦੀ ਨੂੰ ਪ੍ਰਦਾਨ ਕੀਤੀ ਗਈ ਸਿਖਲਾਈ (ਮੁੱਢਲੀ ਸਹਾਇਤਾ, ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਨ ਲਈ ਅਪਣਾਏ ਜਾਣ ਵਾਲੇ ਵਿਵਹਾਰ, ਜਾਂ ਬਚਾਅ ਤਕਨੀਕਾਂ ਆਦਿ)। ਸਮਾਜਿਕ ਲਾਮਬੰਦੀ ਰਾਹੀਂ ਫੈਸਲਾ ਲੈਣ ਤੇ ਸਿਹਤ ਕਾਰਜਾਂ ’ਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
ਇਸ ਪ੍ਰਣਾਲੀ ਦੀ ਪ੍ਰਭਾਵਸ਼ਾਲਤਾ ਖਾਸ ਤੌਰ ’ਤੇ ਦੇਖਭਾਲ ਦੇ “ਪਰਿਵਾਰਕ ਡਾਕਟਰ ਅਤੇ ਨਰਸ” ਮਾਡਲ ’ਤੇ ਅਧਾਰਤ ਹੈ, ਜੋ ਲੋਕਾਂ ਦੀਆਂ ਮੰਗਾਂ ਅਤੇ ਉਨ੍ਹਾਂ ਦੇ ਵਾਤਾਵਰਣ ਵਿੱਚ ਬਦਲਾਅ ਦੇ ਅਨੁਕੂਲ ਹੈ। ਇਹ ਪ੍ਰੋਗਰਾਮ ਪੂਰੀ ਆਬਾਦੀ ਤੱਕ ਵਧਾਇਆ ਗਿਆ ਹੈ, ਤਾਂ ਜੋ ਸਾਰੇ ਲੋਕ ਇਸਦਾ ਲਾਭ ਉਠਾ ਸਕਣ। ਗਰਭ ਅਵਸਥਾ ਦੌਰਾਨ, ਪ੍ਰੀਨੈਟਲ ਦੇਖਭਾਲ ਤੋਂ ਲੈ ਕੇ ਬੁਢਾਪੇ ਦੀ ਸਹਾਇਤਾ ਤੱਕ, ਵੱਡੀ ਉਮਰ ਦੌਰਾਨ ਸਥਾਈ ਨਿਗਰਾਨੀ ਅਤੇ ਸ਼ੁਰੂਆਤੀ ਇਲਾਜ਼ ਸਮੇਤ। ਭਾਈਚਾਰਕ ਰਿਹਾਇਸ਼ੀ ਖੇਤਰਾਂ ਦੇ ਕੇਂਦਰ ’ਚ ਸਥਿਤ ਦਫ਼ਤਰਾਂ ਵਿੱਚ ਮਿਲਦੀ ਮੈਡੀਕਲ ਸਲਾਹ ਜੋ ਕਿ ਬਿਨਾਂ ਕਿਸੇ ਪੈਸੇ ਦੇ ਲੈਣ-ਦੇਣ ਜਾਂ ਮਰੀਜ਼ ਜਾਂ ਡਾਕਟਰ ’ਤੇ ਦਬਾਅ ਤੋਂ ਰਹਿਤ ਹੁੰਦੀ ਹੈ , ਇਸਦੀ ਕੋਈ ਸਮਾਂ ਸੀਮਾ ਨਹੀਂ, ਮਰੀਜ਼ਾਂ ਦਾ ਅਧਾਰ ਬਣਾਉਣ ਦੀ ਲੋੜ ਨਹੀਂ, ਆਦਿ) । ਨਾਜ਼ੁਕ ਲੋਕਾਂ ਦੀ ਸਿਹਤ ਦੀ ਨਿਗਰਾਨੀ ਲਈ ਘਰ-ਘਰ ਜਾ ਕੇ ਮਿਲਣਾ ਵੀ ਨਿਯਮਿਤ ਤੌਰ ’ਤੇ ਕੀਤਾ ਜਾਂਦਾ ਹੈ। ਇਸ ਪ੍ਰਬੰਧ ਕਾਰਨ, ਐਮਰਜੈਂਸੀ ਕੇਸਾਂ, ਹਸਪਤਾਲਾਂ ’ਚ ਦਾਖ਼ਲੇ ਅਤੇ ਸਰਜੀਕਲ ਦਖਲ ਵਾਲੇ ਕੇਸਾਂ ਦੀ ਗਿਣਤੀ ਘਟ ਗਈ ਹੈ। ਬਹੁਤ ਸਾਰੀਆਂ ਮਹਾਮਾਰੀਆਂ ਬਿਮਾਰੀਆਂ ’ਤੇ ਕਾਬੂ ਪਾ ਲਿਆ ਗਿਆ ਹੈ ਤੇ ਦੇਸ਼ ਦੇ ਸਿਹਤ ਸੂਚਕਾਂਕਾਂ ਨੂੰ ਪ੍ਰਸ਼ੰਸਾ ਜਨਕ ਪੱਧਰ ਤੱਕ ਪਹੁੰਚਾਇਆ ਗਿਆ ਹੈ। ਇਸ ਤਰ੍ਹਾਂ, ਕਿਊਬਾ ਨੇ ਵਿਕਸਿਤ ਦੇਸ਼ਾਂ ਦੇ ਬਰਾਬਰ ਸਿਹਤ ਪ੍ਰੋਫਾਈਲ ਹਾਸਲ ਕਰਨ ’ਚ ਸਫਲਤਾ ਹਾਸਲ ਪ੍ਰਾਪਤ ਕੀਤੀ ਹੈ।
ਕਿਊਬਾ ਹੁਣ ਆਪਣੀ ਜੀਡੀਪੀ ਦਾ 6% ਤੋਂ ਵੱਧ ਤੇ ਆਪਣੇ ਬਜਟ ਖਰਚਿਆਂ ਦਾ 27% ਸਿਹਤ ਸੇਵਾਵਾਂ ’ਤੇ ਖਰਚ ਕਰਦਾ ਹੈ। ਵਰਤਮਾਨ ਸਮੇਂ ਇਸ ਕੋਲ 284 ਹਸਪਤਾਲ ਹਨ (ਲਗਭਗ 81,000 ਬਿਸਤਰੇ, ਜਾਂ ਪ੍ਰਤੀ ਹਜ਼ਾਰ ਵਸਨੀਕਾਂ ’ਤੇ 7.5 ਬੈੱਡ)। ਇਨ੍ਹਾ ਚੋਂ, 91 ਹਸਪਤਾਲ ਇੰਟੈਂਸਿਵ ਕੇਅਰ ਯੂਨਿਟਾਂ (ਆਈਸੀਯੂ) ਨਾਲ ਲੈਸ ਹਨ। 26 ਬਾਲ ਰੋਗ-ਮਾਹਿਰ ਕੇਂਦਰ ਹਨ। 18 ਪ੍ਰਸੂਤੀ ਅਤੇ ਗਾਇਨੇਕੋਲੋਜੀ ਮਾਹਿਰ, ਅਤੇ 16 ਜੱਚਾ ਬੱਚਾ ਦੇਖਭਾਲ ਮਾਹਿਰ ਕੇਂਦਰ ਹਨ। ਇਸ ਤੋਂ ਬਿਨਾਂ, 436 ਸੂਬਾਈ ਜਾਂ ਨਗਰ ਪਾਲਿਕਾਵਾਂ ਅਧੀਨ ਪੌਲੀਕਲੀਨਿਕ ਹਨ ਅਤੇ, ਉਨ੍ਹਾਂ ਨਾਲ ਜੁੜੇ ਤੇ ਪੂਰੇ ਦੇਸ਼ ਵਿੱਚ ਫੈਲੇ ਹੋਏ, 15,000 ਤੋਂ ਵੱਧ ਸਲਾਹ ਕੇਂਦਰ, ਦੰਦਾਂ ਦੇ ਕੇਂਦਰ, ਨੌਜਵਾਨ ਮਾਵਾਂ, ਵਿਕਲਾਂਗ ਲੋਕਾਂ ਅਤੇ ਬ੍ਰਿਧ ਸੰਭਾਲ ਘਰ ਹਨ। ਸਾਡੀ ਮਾਨਵਵਾਦੀ ਪਹੁੰਚ ਸਭ ਤੋਂ ਵੱਧ ਜ਼ਰੂਰਤਮੰਦਾਂ ਦੀ ਦੇਖਭਾਲ ਨੂੰ ਤਰਜੀਹ ਦਿੰਦੀ ਹੈ। ਇਹ ਜੱਚਾ-ਬੱਚਾ ਸਿਹਤ ਅਤੇ ਵਡੇਰੇ ਨਾਗਰਿਕ ਪ੍ਰੋਗਰਾਮਾਂ ਲਈ ਹੈ। ਖਾਸ ਧਿਆਨ ਮੈਡੀਕਲ ਐਮਰਜੈਂਸੀਆਂ, ਦੰਦਾਂ ਤੇ ਅੱਖਾਂ ਦੀ ਦੇਖਭਾਲ ’ਤੇ ਦਿੱਤਾ ਜਾਂਦਾ ਹੈ। ਇਸ ਪ੍ਰਬੰਧ ’ਚ ਸਥਾਨਕ ਮਹਾਮਾਰੀ ਮੌਤ ਪ੍ਰੋਫਾਈਲ ’ਚ ਪ੍ਰਮੁੱਖ ਬਣੀਆਂ ਦੀਰਘ ਕਾਲੀ, ਬੇਲਾਗ ਬਿਮਾਰੀਆਂ ਨਾਲ ਲੜਨ ਲਈ ਪ੍ਰੋਗਰਾਮ ਵੀ ਸ਼ਾਮਲ ਹਨ, ਅਤੇ ਲਾਗ ਦੀਆਂ ਬਿਮਾਰੀਆਂ ਦੇ ਜੋਖਮ ਕਾਰਕਾਂ ਨੂੰ ਸੀਮਤ ਕਰਨ, ਮਹਾਂਮਾਰੀਆਂ ਨੂੰ ਕਾਬੂ ਕਰਨ, ਜਾਂ ਟੀਕਾਕਰਨ ਦੁਆਰਾ ਖ਼ਤਮ ਕਰਨ ਲਈ ਵੀ ਪ੍ਰੋਗਰਾਮ ਹਨ । ਰਾਜ ਨੇ ਕਿਸੇ ਵੀ ਮੈਡੀਕਲ ਸੰਸਥਾ ਨੂੰ ਨਿਜੀਕ੍ਰਿਤ ਜਾਂ ਬੰਦ ਨਹੀਂ ਕੀਤਾ ਹੈ।
ਜਿਵੇਂ ਹੀ ਹਾਲਾਤ ਸਹੀ ਹੋਏ, ਮੈਡੀਕਲ ਖੋਜ ਨੂੰ ਹਵਾ ਦਿੱਤੀ ਗਈ। 1959 ਤੋਂ ਬਾਅਦ ਜਲਦੀ ਹੀ ਸ਼ੁਰੂ ਕੀਤੀ ਗਈ, ਸਿੱਖਿਆ ਪ੍ਰਣਾਲੀ ਦੇ ਮੁੜ ਨਿਰਮਾਣ ਨੇ ਅਜਿਹੇ ਮਾਨਵੀ ਸਰੋਤਾਂ ਨੂੰ ਸਿਖਲਾਈ ਦਿੱਤੀ, ਜਿਸ ਨੇ ਜਲਦੀ ਹੀ ਉੱਚ ਪੱਧਰ ਦੇ ਵਿਗਿਆਨੀਆਂ ਦੀ ਇੱਕ ਮਹੱਤਵਪੂਰਨ ਗਿਣਤੀ ਹਾਸਲ ਕਰਨਾ ਸੰਭਵ ਬਣਾਇਆ। 1980 ਦੇ ਦਹਾਕੇ ’ਚ, ਰਾਜ ਨੇ ਇੱਕ ਵਿਗਿਆਨਕ ਧੁਰਾ ਬਣਾਇਆ। ਇਹ ਫਾਰਮਾਸਿਊਟੀਕਲ ਉਦਯੋਗਾਂ ਦਾ ਇੱਕ ਕੰਪਲੈਕਸ ਹੈ ਜੋ ਮਹੱਤਵਪੂਰਨ, ਪ੍ਰਭਾਵਸ਼ਾਲੀ ਤੇ ਸਸਤੀਆਂ ਦਵਾਈਆਂ ਤਿਆਰ ਕਰਨ ਦੇ ਸਮਰੱਥ ਖੁਦਮੁਖਤਿਆਰ ਅਦਾਰਾ ਹੈ। ਜਦੋਂ ਕਿ ਉਸੇ ਸਮੇਂ ਉਭਰ ਰਹੇ ਲਾਭਦਾਇਕ ਬਾਇਓਟੈਕਨਾਲੋਜੀ ਸੈਕਟਰ ਨੂੰ ਵੀ ਸ਼ਾਮਲ ਕਰ ਰਿਹਾ ਹੈ। ਉਸ ਸਮੇਂ, ਸਥਾਨਕ ਤੌਰ ’ਤੇ ਵਿਕਸਤ ਪਹਿਲਾ ਇੰਟਰਫੇਰੋਨ ਅਤੇ ਪਹਿਲੇ ਕਿਊਬਨ ਮੋਨੋਕਲੋਨਲ ਐਂਟੀਬਾਡੀਜ਼, ਜਿਨ੍ਹਾਂ ਦੇ ਕਈ ਮੈਡੀਕਲ ਉਪਯੋਗ ਹਨ, ਦਾ ਉਤਪਾਦਨ ਕੀਤਾ ਗਿਆ ਸੀ। ਪਿੱਛੋਂ ਜੈਨੇਟਿਕ ਇੰਜੀਨੀਅਰਿੰਗ ਤੇ ਬਾਇਓਟੈਕਨਾਲੋਜੀ ਕੇਂਦਰ, ਫਿਨਲੇ ਇੰਸਟੀਚਿਊਟ ਅਤੇ ਕਈ ਹੋਰ ਵਿਸ਼ੇਸ਼ ਖੋਜ ਕੇਂਦਰ ਬਣਾਏ ਗਏ। 2012 ’ਚ, ਬਾਇਓਕਿਊਬਾਫਾਰਮਾ ਸਮੂਹ ਦੀ ਸਥਾਪਨਾ ਕੀਤੀ ਗਈ, ਜਿਸ ’ਚ ਇਹ ਸਾਰੀਆਂ ਸੰਸਥਾਵਾਂ ਸ਼ਾਮਲ ਹਨ। ਇਸ ਸਮੂਹ ਦੁਆਰਾ ਵੰਡੀਆਂ ਜਾਂਦੀਆਂ ਦਵਾਈਆਂ ’ਚ ਸ਼ਾਮਲ ਹਨ: ਹੇਬਰਪ੍ਰੋਟ-ਪੀ, ਅਲਸਰ ਦੇ ਇਲਾਜ ਲਈ; ਸਿਮਾਵੈਕਸ-ਈਜੀਐਫ, ਜੋ ਫੇਫੜੇ ਦੇ ਕੈਂਸਰ ਸੈੱਲਾਂ ਦੇ ਪ੍ਰਸਾਰ ਨੂੰ ਹੌਲੀ ਕਰਦਾ ਹੈ; ਵੈਕਸੀਰਾ, ਲੇਕੇਮੀਆ ਅਤੇ ਕੋਲਨ, ਪ੍ਰੋਸਟੇਟ, ਜਾਂ ਛਾਤੀ ਦੇ ਕੈਂਸਰ ਦਾ ਇੱਕ ਟੀਕਾ; ਪੋਲੀਕੋਸੈਨੋਲ ਪੀਪੀਜੀ, ਕੋਲੇਸਟ?ਰੋਲ ਦੇ ਵਿਰੁੱਧ ਵਰਤਿਆ ਜਾਂਦਾ ਹੈ; ਵੀਏ-ਮੇਂਗੋਕ-ਬੀਸੀ, ਮੈਨਿੰਜਾਈਟਸ ਬੀ ਦੇ ਵਿਰੁੱਧ ਦੁਨੀਆ ਦਾ ਇਕਲੌਤਾ ਟੀਕਾ; ਅਤੇ ਨਿਊਰੋਐਪੋ, ਜੋ ਅਲਜ਼ਾਈਮਰ ਬਿਮਾਰੀ ਦੇ ਨਿਊਰੋਡੀਜਨਰੇਟਿਵ ਪ੍ਰਕਿਰਿਆ ਨੂੰ ਹੌਲੀ ਕਰਦਾ ਹੈ।
ਵਿਸ਼ਵ ਬੈਂਕ ਦੇ ਅੰਕੜਿਆਂ (1960 ਅਤੇ 2020) ਦੇ ਮੁਤਾਬਿਕ, ਕਿਊਬਾ ਜੀਵਨ ਪ੍ਰਤੀਸ਼ਤ ਅਤੇ ਸ਼ਿਸ਼ੂ ਮੌਤ ਦਰ ਵਰਗੇ ਸੂਚਕਾਂਕਾਂ ਵਿੱਚ ਅਮਰੀਕਾ ਨੂੰ ਪਿੱਛੇ ਛੱਡਣ ’ਚ ਕਾਮਯਾਬ ਰਿਹਾ ਹੈ। ਇਸਦੇ ਸਿਹਤ ਪ੍ਰਣਾਲੀ ਦੇ ਪੈਮਾਨੇ ਤੇ ਇਕਸਾਰਤਾ ਨੇ ਇਸਨੂੰ ਕੋਵਿਡ-19 ਮਹਾਂਮਾਰੀ ਨਾਲ ਬਹੁਤ ਸਾਰੇ ਹੋਰ ਦੇਸ਼ਾਂ ਨਾਲੋਂ ਵੱਧ ਮਾਨਵੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਦੇ ਯੋਗ ਬਣਾਇਆ। ਆਬਾਦੀ ਨੂੰ ਜਾਣਕਾਰੀ ਪ੍ਰਦਾਨ ਕਰਨਾ ਸਮਰੱਥਾ ਅਤੇ ਪਾਰਦਰਸ਼ਤਾ ਦੁਆਰਾ ਦਰਸਾਇਆ ਗਿਆ ਸੀ। ਪ੍ਰੋਟੋਕਾਲਾਂ ਵਿੱਚ, ਖਾਸ ਤੌਰ ’ਤੇ, ਇੱਕ ਪੁਨਰ ਸੰਯੋਜਿਤ ਮਨੁੱਖੀ ਇੰਟਰਫੇਰੋਨ ਅਲਫਾ-2ਬੀ ਫਾਰਮੂਲੇ ਦਾ ਪ੍ਰਬੰਧ ਸ਼ਾਮਲ ਸੀ, ਪਰ ਸਭ ਤੋਂ ਗੰਭੀਰ ਰੂਪ ਨਾਲ ਸੰਕਰਮਿਤ ਮਰੀਜ਼ਾਂ ਲਈ, ਕਈ ਹੋਰ ਸਥਾਨਕ ਤੌਰ ’ਤੇ ਤਿਆਰ ਕੀਤੀਆਂ ਦਵਾਈਆਂ ਵੀ ਸ਼ਾਮਲ ਸਨ। ਦੇਸ਼ ਭਰ ਵਿੱਚ 28,000 ਤੋਂ ਵੱਧ ਮੈਡੀਕਲ ਵਿਦਿਆਰਥੀਆਂ ਨੂੰ ਤੈਨਾਤ ਕੀਤਾ ਗਿਆ ਸੀ ਤਾਂ ਜੋ ਰੋਜ਼ਾਨਾ ਲਗਭਗ ਚਾਰ ਲੱਖ ਲੋਕਾਂ ਨਾਲ ਘਰ-ਘਰ ਜਾ ਕੇ ਮਿਲਣੀ ਕੀਤਾ ਜਾ ਸਕੇ। ਖੋਜ ਦੇ ਨਤੀਜੇ ਵਜੋਂ ਕਿਊਬਨ ਟੀਕਿਆਂ ਦਾ ਵਿਕਾਸ ਹੋਇਆ, ਜੋ ਆਬਾਦੀ ਨੂੰ ਦਿੱਤੇ ਗਏ। ਇਹ ਵੇਖਣਾ ਚਾਹੀਦਾ ਹੈ ਕਿ ਕਿਊਬਾ ਵਿੱਚ ਕੋਵਿਡ-19 ਮਹਾਂਮਾਰੀ ਨੂੰ ਕਾਬੂ ਵਿੱਚ ਰੱਖਿਆ ਗਿਆ ਹੈ, ਜਿਸਦਾ ਕੇਸ-ਮੌਤ ਦਰ ਦੁਨੀਆ ’ਚ ਸਭ ਤੋਂ ਘੱਟ ਹੈ।
ਪਾਬੰਦੀਆਂ ਦੇ ਬਦਲੇ ਕੌਮਾਂਤਰੀਵਾਦ
ਕਿਊਬਾ ਹੁਣ ਟਾਪੂ ’ਤੇ ਖੋਜੀ ਅਤੇ ਨਿਰਮਿਤ ਸੈਂਕੜੇ ਦਵਾਈਆਂ ਲਗਭਗ 60 ਦੇਸ਼ਾਂ ਨੂੰ ਨਿਰਯਾਤ ਕਰਦਾ ਹੈ। ਕਿਊਬਨ ਪ੍ਰਯੋਗਸ਼ਾਲਾਵਾਂ ਨੇ ਬਹੁਤ ਸਾਰੇ ਦੇਸ਼ਾਂ, ਜਿਨ੍ਹਾਂ ’ਚ ਉੱਤਰੀ ਅਮਰੀਕਾ ਦੇ ਦੇਸ਼ ਵੀ ਸ਼ਾਮਲ ਹਨ, ਨਾਲ ਮੈਡੀਕਲ ਵਿਗਿਆਨ ਦੇ ਖੇਤਰ ’ਚ ਨਜ਼ਦੀਕੀ ਸਹਿਯੋਗ ਕਾਇਮ ਕੀਤਾ ਹੈ। ਫਿਰ ਵੀ, ਇਹ ਖਾਸ ਤੌਰ ’ਤੇ ਵਿਸ਼ਵ ਦੱਖਣ ਅਤੇ ਪੂਰਬ ਨਾਲ, ਖਾਸ ਕਰਕੇ ਬ੍ਰਿਕਸ ਦੇ ਅੰਦਰ – ਜਿਸ ਵਿੱਚ ਕਿਊਬਾ ਜਨਵਰੀ 2025 ਵਿੱਚ ਸ਼ਾਮਲ ਹੋਇਆ – ਇਹ ਸਹਿਯੋਗ ਨਿਰਯਾਤ ਅਤੇ ਸੰਯੁਕਤ ਉੱਦਮਾਂ ਦੇ ਮਾਮਲੇ ਵਿੱਚ ਸਭ ਤੋਂ ਫਲਦਾਈ ਢੰਗ ਨਾਲ ਵਿਕਸਿਤ ਹੋ ਰਿਹਾ ਹੈ। ਚੀਨ ਨਾਲ, ਇਸ ਖੇਤਰ ਵਿੱਚ ਵਪਾਰ 2000 ਦੇ ਦਹਾਕੇ ਤੋਂ ਤੀਬਰ ਹੋ ਗਿਆ ਹੈ। ਰੂਸ ਨਾਲ ਵੀ ਮਹੱਤਵਪੂਰਨ ਸਮਝੌਤੇ ਕੀਤੇ ਗਏ ਹਨ। ਮਹਾਂਮਾਰੀ ਦੌਰਾਨ, ਕਿਊਬਨ ਟੀਕੇ ਵੀਅਤਨਾਮ, ਵੈਨੇਜ਼ੁਏਲਾ, ਈਰਾਨ, ਭਾਰਤ, ਪਾਕਿਸਤਾਨ ਤੇ ਅਰਜਨਟੀਨਾ ਵਲੋਂ ਖਰੀਦੇ ਗਏ ਸਨ। 50 ਤੋਂ ਵੱਧ ਦੇਸ਼ਾਂ ਨੇ ਕਿਊਬਾ ਵਲੋਂ ਬਣਾਇਆ ਗਿਆ ਪੁਨਰ ਸੰਯੋਜਿਤ ਇੰਟਰਫੇਰੋਨ ਅਲਫਾ-2ਬੀ ਵੀ ਖਰੀਦਿਆ ਹੈ। ਮਹਾਂਮਾਰੀ ਫੈਲਣ ਸਮੇਂ 59 ਦੇਸ਼ਾਂ ’ਚ ਪਹਿਲਾਂ ਤੋਂ ਹੀ ਮੌਜੂਦ 28,000 ਤੋਂ ਇਲਾਵਾ – ਕੋਵਿਡ-19 ਨਾਲ ਲੜਨ ਲਈ 2600 ਡਾਕਾਟਰਾਂ ਦੀਆਂ ਹੋਰ ਟੁਕੜੀਆਂ ਲਗਭਗ 40 ਦੇਸ਼ਾਂ ’ਚ ਭੇਜੀਆਂ ਗਈਆਂ ਸਨ। ਕਿਊਬਾ ਦੀ ਕੌਮਾਂਤਰੀ ਸਿਹਤ ਇਕਮੁੱਠਤਾ ਹੁਣ 50,000 ਤੋਂ ਵੱਧ ਸਿਹਤ ਪੇਸ਼ੇਵਰਾਂ, ਜਿਨ੍ਹਾਂ ਵਿੱਚੋਂ ਅੱਧੋੰ ਵੱਧ ਡਾਕਟਰ ਹਨ, ਦੀ ਮੌਜੂਦਗੀ ਰਾਹੀਂ 76 ਦੇਸ਼ਾਂ ’ਚ ਦਰਸਾਈ ਗਈ ਹੈ।
ਇਹ ਸਾਰੀਆਂ ਗਤੀਵਿਧੀਆਂ, ਜੋ ਨਾ ਸਿਰਫ਼ ਕਿਊਬਾ ਦੀ ਆਬਾਦੀ ਬਲਕਿ ਦੁਨੀਆ ਭਰ ਦੇ ਲੋਕਾਂ ਦੀ ਭਲਾਈ ’ਚ ਸੁਧਾਰ ਕਰਨ ਲਈ ਹਨ, ਅਤੇ ਇਹ ਕਿਊਬਾ ਦੇ ਵਿਰੁੱਧ ਅਮਰੀਕੀ ਪਾਬੰਦੀ ਦੇ ਬਾਵਜੂਦ ਕੀਤੀਆਂ ਜਾਂਦੀਆਂ ਹਨ। ਇਹ ਪਾਬੰਦੀ ਇਸਨੂੰ ਸਰੋਤਾਂ, ਬਾਜ਼ਾਰਾਂ ਅਤੇ ਗਿਆਨ ਦੇ ਆਦਾਨ-ਪ੍ਰਦਾਨ ਦੀ ਸਧਾਰਨ ਪਹੁੰਚ ਤੋਂ ਵੀ ਵਾਂਝਾ ਕਰ ਦਿੰਦੀ ਹੈ। ਪਾਬੰਦੀ ਅਮਰੀਕੀ ਨਿਰਯਾਤਕਾਂ ਨੂੰ ਵਿਸ਼ੇਸ਼ ਲਾਇਸੰਸ ਹਾਸਲ ਕਰਨ ਅਤੇ ਸਖ਼ਤ ਅਤੇ ਨਿਰਾਸ਼ਾਜਨਕ ਪ੍ਰਕਿਰਿਆਵਾਂ ਦੀ ਪਾਲਣਾ ਕਰਨ ਦੀ ਮੰਗ ਕਰਦੀ ਹੈ। ਵਿਦੇਸ਼ੀ ਕੰਪਨੀਆਂ, ਜੋ ਇਸਨੂੰ ਦਰਕਿਨਾਰ ਕਰਨ ਦੀ ਕੋਸ਼ਿਸ਼ ਕਰਦੀਆਂ ਹਨ, ਇਸਦੀ ਅਤਿ-ਖੇਤਰੀ ਪ੍ਰਕਿਰਤੀ ਕਾਰਨ ਅਮਰੀਕੀ ਅਦਾਲਤਾਂ ਵਲੋਂ ਭਾਰੀ ਜ਼ੁਰਮਾਨਾ ਹੋਣ ਦੇ ਖਤਰੇ ਵਿੱਚ ਹਨ। ਡੋਨਾਲਡ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਕੀਤੀ ਸਖ਼ਤੀ ਤੋਂ ਬਾਅਦ, ਬਾਈਡਨ ਪ੍ਰਸ਼ਾਸਨ ਦੇ ਅਧੀਨ ਵੀ ਇਹ ਪਾਬੰਦੀਆਂ ਵੱਡੇ ਪੱਧਰ ’ਤੇ ਬਰਕਰਾਰ ਰਹੀਆਂ ਸਨ। ਇਸ ’ਚ ਕੋਵਿਡ-19 ਮਹਾਂਮਾਰੀ ਦਾ ਦੌਰ ਵੀ ਸ਼ਾਮਲ ਹੈ। ਵਾਸ਼ਿੰਗਟਨ ਨੇ ਉਦੋਂ ਕਿਊਬਾ ਨੂੰ ਦਵਾਈਆਂ, ਮੈਡੀਕਲ ਉਪਕਰਨ, ਆਕਸੀਜਨ ਤੇ ਜੀਵਨ-ਰੱਖਿਅਕ ਦਵਾਈਆਂ ਦੇ ਨਾਲ-ਨਾਲ ਟੀਕੇ ਬਣਾਉਣ ਲਈ ਲੋੜੀਂਦੀ ਸਮੱਗਰੀ ਖਰੀਦਣ ’ਤੇ ਵੀ ਪਾਬੰਦੀ ਲਗਾ ਦਿੱਤੀ ਸੀ। ਇਨ੍ਹਾਂ ਉਤਪਾਦਾਂ ਦੀ ਉਪਲਬਧਤਾ ਘਟਾ ਕੇ, ਪਾਬੰਦੀ ਨੇ ਕਮੀ ਨੂੰ ਹੋਰ ਵਧਾ ਦਿੱਤਾ ਅਤੇ ਲੋਕਾਂ ਦੀ ਸਿਹਤ ਨੂੰ, ਖਾਸ ਤੌਰ ’ਤੇ ਸਭ ਤੋਂ ਕਮਜ਼ੋਰ ਲੋਕਾਂ ਦੀ ਸਿਹਤ ਨੂੰ ਅਤੇ ਉਨ੍ਹਾਂ ਦੇ ਦੁੱਖਾਂ ਨੂੰ ਵਧਾ ਕੇ ਖਤਰੇ ਵਿੱਚ ਪਾ ਦਿੱਤਾ। ਅਸਲ ਵਿੱਚ, ਸਮਾਜਵਾਦੀ ਮਾਡਲ ਦੀ ਗਰੰਟੀ ਵਾਲੇ ਸਾਰਿਆਂ ਲਈ ਮੁਫਤ ਸਿਹਤ ਸੇਵਾਵਾਂ ਤੱਕ ਪਹੁੰਚ ਨੂੰ ਕਾਇਮ ਰੱਖਣ ਦੇ ਰਾਜ ਦੇ ਇਰਾਦੇ ਨਾਲ ਹੀ ਇੱਕ ਮਾਨਵੀ ਸੰਕਟ ਟਲਿਆ ਸੀ। ਪਾਬੰਦੀ ਕਿਊਬਾ ਦੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਇੱਕ ਗੰਭੀਰ ਉਲੰਘਣਾ ਹੈ ਅਤੇ ਗਰੀਬ ਦੇਸ਼ਾਂ ਨਾਲ ਇਕਮੁੱਠਤਾ ਵਿੱਚ ਕੀਤੇ ਗਏ ਮੈਡੀਕਲ ਮਿਸ਼ਨਾਂ ਲਈ ਇੱਕ ਰੁਕਾਵਟ ਹੈ। ਇਸ ਤਰ੍ਹਾਂ ਸਿਹਤ ਸੇਵਾਵਾਂ ਦੇ ਅਧਿਕਾਰ ਨੂੰ ਸੀਮਤ ਕਰਕੇ ਅਮਰੀਕਾ ਇੱਕ ਅਪਰਾਧ ਕਰ ਰਿਹਾ ਹੈ। ਅਮਰੀਕਾ ਦੀ ਇਸ ਹਮਲਾਵਰ ਪਹੁੰਚ ਅਤੇ ਪਾਬੰਦੀ ਦੀ ਬੇਰਹਿਮੀ ਦੇ ਬਾਵਜੂਦ, ਕਿਊਬਾ ਦੱਖਣੀ ਅਮਰੀਕਾ ਦੇ ਦੇਸ਼ਾਂ ਲਈ ਅਭੂਤਪੂਰਵ ਸਿਹਤ ਸੂਚਕਾਂਕ ਪ੍ਰਦਰਸ਼ਿਤ ਕਰਦਾ ਹੈ ਅਤੇ ਇਹ ਸੰਸਾਰਕ ਉੱਤਰ ਦੇ ਅਮੀਰ ਦੇਸ਼ਾਂ ਦੇ ਬਰਾਬਰ ਹੈ। ਇਹ ਸਿਰਫ਼ 1960 ਦੇ ਦਹਾਕੇ ਦੇ ਸ਼ੁਰੂ ਤੋਂ ਹੀ ਸਿਹਤ ਅਤੇ ਮੈਡੀਕਲ ਖੋਜ ਨੂੰ ਤਰਜੀਹ ਦੇਣ ਵਾਲੀ ਰਾਜ-ਯੋਜਨਾਬੱਧ ਵਿਕਾਸ ਰਣਨੀਤੀ ਨੂੰ ਲਾਗੂ ਕਰਨ ਕਰਕੇ ਸੰਭਵ ਹੋਇਆ ਹੈ। ਇਹ ਖੇਤਰ ਬਿਨਾਂ ਕਿਸੇ ਨਿਜੀ ਨਿਵੇਸ਼, ਕਠੋਰ ਮੁਕਾਬਲੇ, ਮੁਨਾਫ਼ੇ ਦੇ ਜਨੂੰਨ ਤੋਂ ਬਗੈਰ ਵੱਧ-ਫੁੱਲ ਰਹੇ ਹਨ। ਜਨਤਕ ਬਜਟ ਦੁਆਰਾ ਵਿੱਤ ਪੋਸ਼ਿਤ ਹੋ ਕੇ ਲੋਕਾਂ ਦੀ ਸੇਵਾ ਕਰਨ ਵਾਲੀ ਸਿਹਤ ਪ੍ਰਣਾਲੀ ਵਿੱਚ ਏਕੀਕ੍ਰਿਤ ਹੋਇਆ ਹੈ। ਉਨ੍ਹਾਂ ਦਾ ਵਿਕਾਸ ਸਿਹਤ ਪੇਸ਼ੇਵਰਾਂ ਦੀ ਨਿਸ਼ਠਾ, ਖੋਜਕਰਤਾਵਾਂ ਵਿਚਕਾਰ ਉਤਸ਼ਾਹਜਨਕ ਤਾਲਮੇਲ, ਅਤੇ ਦੁਨੀਆਂ ਦੇ ਹੋਰ ਲੋਕਾਂ ਪ੍ਰਤੀ ਉਦਾਰਤਾ ’ਤੇ ਅਧਾਰਤ ਹੈ। ਕਿਊਬਾ ਦਰਸਾਉਂਦਾ ਹੈ ਕਿ ਆਪਣੀ ਆਬਾਦੀ ਨੂੰ ਬਿਨਾਂ ਕਿਸੇ ਖਰਚੇ ਦੇ ਗੁਣਵੱਤਾ ਪੂਰਨ ਦੇਖ-ਭਾਲ ਕਿਵੇੰ ਪ੍ਰਦਾਨ ਕਰਨੀ ਹੈ ਅਤੇ ਚਰਮ ਵਿੱਤੀ ਪਾਬੰਦੀਆਂ ਦੇ ਬਾਵਜੂਦ ਆਪਣੇ ਮੈਡੀਕਲ ਸਰੋਤਾਂ ਨੂੰ ਆਪਣੀਆਂ ਸਰਹੱਦਾਂ ਤੋਂ ਪਰ੍ਹੇ ਸਾਂਝਾ ਕਰਨਾ ਕਿਵੇਂ ਸੰਭਵ ਹੈ। ਇਸ ਤਰ੍ਹਾਂ, ਇਹ ਇੱਕ ਬਿਹਤਰ ਸੰਸਾਰ ਦੇ ਨਿਰਮਾਣ ’ਚ ਯੋਗਦਾਨ ਪਾਉਂਦਾ ਹੈ ਜਿੱਥੇ ਸਿਹਤ ਇੱਕ ਵਸਤੂ ਨਹੀਂ ਹੋਵੇਗੀ, ਸਭ ਤੋਂ ਅਮੀਰਾਂ ਦਾ ਵਿਸ਼ੇਸ਼ ਅਧਿਕਾਰ ਬੰਦ ਹੋ ਜਾਵੇਗਾ ਅਤੇ ਅੰਤ ਵਿੱਚ, ਪ੍ਰਭਾਵਸ਼ਾਲੀ ਢੰਗ ਨਾਲ, ਸਾਰਿਆਂ ਲਈ ਇੱਕ ਅਧਿਕਾਰ ਬਣ ਜਾਵੇਗਾ।