Now Reading
ਲੋਕ ਲਹਿਰ ਖੜ੍ਹੀ ਕਰਨ ਦਾ ਢੁਕਵਾਂ ਵੇਲਾ

ਲੋਕ ਲਹਿਰ ਖੜ੍ਹੀ ਕਰਨ ਦਾ ਢੁਕਵਾਂ ਵੇਲਾ


ਡਾ. ਲਖਵੀਰ ਲੈਜ਼ੀਆ
ਮੱਧਕਾਲੀ ਪੰਜਾਬੀ ਸਾਹਿਤ ਲੋਕ ਤਵਾਰੀਖ ਭਾਵ ਲੋਕਾਂ ਦਾ ਇਤਿਹਾਸ ਹੈ, ਜੋ ਅਸਾਨੂੰ ਉਸ ਵੇਲੇ ਦੇ ਹਾਲਾਤ ਤੋਂ ਜਾਣੂ ਕਰਵਾਉਂਦਾ ਹੈ। ਇਹ ਇਤਿਹਾਸ ਨੀਵੇਂ, ਨਿਮਾਣੇ, ਨਿਤਾਣੇ, ਹੀਣੇ, ਕੰਮੀਆਂ ਦੀ ਬਾਤ ਪਾਉਂਦਾ ਹੈ। ਇਤਿਹਾਸ ਨੂੰ ਘੋਖੀਏ, ਪਰਖੀਏ ਤਾਂ ਪਤਾ ਲੱਗਦਾ ਹੈ ਕਿ ਰਾਜਸ਼ਾਹੀਆਂ-ਬਾਦਸ਼ਾਹੀਆਂ ਇਨ੍ਹਾਂ ਅਖੌਤੀ ਨੀਵੇਂ ਲੋਕਾਂ ਦੇ ਬੇਕਿਰਕ ਸ਼ੋਸ਼ਣ ਦੀ ਬੁਨਿਆਦ ’ਤੇ ਉਸਰਦੀਆਂ ਰਹੀਆਂ ਹਨ। ਅੱਜ 21ਵੀਂ ਸਦੀ ’ਚ ਵੀ ਇਹੋ ਕੁਝ ਵਾਪਰ ਰਿਹਾ ਹੈ। ਸਿਰਫ ਢੰਗ-ਤਰੀਕੇ ਬਦਲੇ ਹਨ, ਬਾਕੀ ਵਰਤਾਰਾ ਜਿਉਂ ਦਾ ਤਿਉਂ ਕਾਇਮ ਹੈ।
ਜਦੋਂ ਲੋਕ ਇਤਿਹਾਸ ’ਤੇ ਨਜ਼ਰ ਮਾਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਉਸ ਦੌਰ ਦੇ ਲੋਕਾਂ ’ਚੋਂ ਕੱੁਝ ਕੁ ਨੇ ਇਸ ਦਾ ਡੱਟਵਾਂ ਵਿਰੋਧ ਕੀਤਾ ਸੀ। ਇਹ ਵਿਰੋਧ ਇੱਕ ਪਾਸੜ ਨਾ ਹੋ ਕੇ ਚੌਤਰਫਾ ਸੀ। ਆਓ, ਇਸ ਨਜ਼ਰੀਏ ਤੋਂ ਲੋਕ ਇਤਿਹਾਸ ਦੇ ਸਿਰਜਣ, ਸੂਫੀ ਬਾਬਿਆਂ ਦੀਆਂ ਰਚਨਾਵਾਂ ਨੂੰ ਘੋਖੀਏ। ਬਾਬਾ ਫਰੀਦ ਤੋਂ ਸ਼ੁਰੂ ਕਰੀਏ ਤਾਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਪਹਿਲੀ ਵਾਰ ਪੰਜਾਬੀ ਬੋਲੀ ’ਚ ਲੋਕਾਂ ਨੂੰ ਜਗਾਉਣ ਦਾ ਬੀੜਾ ਚੁੱਕਿਆ ਸੀ। ਬਾਬਾ ਫਰੀਦ ਜੀ ਵੱਲੋਂ ਬਾਰ੍ਹਵੀਂ ਸਦੀ ’ਚ ਚਲਾਈ ਗਈ ਇਹ ਲੋਕ ਲਹਿਰ ਮੁਲਤਾਨ ਤੋਂ ਸ਼ੁਰੂ ਹੁੰਦੀ ਹੋਈ ਬੰਗਾਲ ਵਿੱਚ ਬਾਬਾ ਜੈਦੇਵ ਜੀ ਦੀ ਸੁਰ ਨਾਲ ਜਾ ਸੁਰ ਮਿਲਾਉਂਦੀ ਹੈ। ਅਗਾਂਹ ਇਹ ਸੁਰ ਭਾਰਤ ਨੂੰ ਮਾਲਾ ਦੇ ਮਣਕਿਆ ਵਾਂਗ ਆਪਸ ’ਚ ਜੋੜਦੀ ਹੈ।
ਇਹ ਵੇਲਾ ਅਜਿਹਾ ਸੀ ਜਦੋਂ ਆਮ ਜਨ, ਆਮ ਅਵਾਮ ਦੀ ਅਸਲ ਹਾਲਤ ਬਾਹਰੀ ਤੇ ਅੰਦਰੂਨੀ ਦੋਵਾਂ ਸੱਤਾਧਾਰੀਆਂ ਵੱਲੋਂ ਅਣਸੁਖਾਵੀਂ ਬਣਾ ਦਿੱਤੀ ਗਈ ਸੀ। ਅਣਸੁਖਾਵੀਂ ਇਸ ਪੱਖੋਂ ਕਿ ਉਦੋਂ ਤਾਈਂ ਰਾਜਸ਼ਾਹੀਆਂ-ਬਾਦਸ਼ਾਹੀਆਂ ਵਲੋਂ ਲੋਕਾਂ ’ਤੇ ਕੀਤਾ ਜਾ ਰਿਹਾ ਸਮਾਜਿਕ-ਆਰਥਿਕ-ਧਾਰਮਿਕ ਜ਼ੁਲਮ ਲਗਾਤਾਰ ਵਧ ਰਿਹਾ ਸੀ।
ਉਨ੍ਹਾਂ ਦਾ ਕੋਈ ਸਮਾਜਿਕ ਰੁਤਬਾ ਨਹੀਂ ਸੀ। ਉਹਨਾਂ ਨੂੰ ਨੀਵੇਂ, ਨਿਮਾਣੇ, ਹੀਣੇ, ਕੰਮੀ-ਕੰਮੀਨ ਆਦਿ ਕਹਿ ਕੇ ਭੰਡਿਆ ਤੇ ਲਤਾੜਿਆ ਜਾਂਦਾ ਸੀ। ਆਰਥਿਕ ਪੱਧਰ ’ਤੇ ਉਹਨਾਂ ਪਾਸੋਂ ਮਾਲੀਏ ਦੇ ਰੂਪ ’ਚ ਵਸੂਲੀ ਕੀਤੀ ਜਾਂਦੀ ਸੀ। ਉਹਨਾਂ ਦੀ ਹਰ ਤਰ੍ਹਾਂ ਦੀ ਮਿਹਨਤ-ਮਜ਼ਦੂਰੀ ਤੇ ਕਿਰਤ-ਕਮਾਈ ’ਚੋਂ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਸੀ, ਜਿਸ ਦੇ ਸਿਰ ’ਤੇ ਉੱਚੇ ਮੇਲ ਵਾਲਿਆਂ ਦੀਆਂ ਬਾਦਸ਼ਾਹੀਆਂ ਤੇ ਰਾਜਸ਼ਾਹੀਆਂ ਵੱਲੋਂ ਘੜੇ ਮਜ੍ਹਬਾਂ ਦੇ ਦਰਵਾਜੇ ਤੇ ਮਹਿਰਾਬਾਂ ਦਿਨ ਬ ਦਿਨ ਉੱਚੇ ਹੋ ਰਹੇ ਸਨ। ਇਸੇ ਸਬੰਧ ’ਚ ਸੁਲਤਾਨ ਬਾਹੂ ਲਿਖਦੇ ਹਨ,
“ਮਜ਼੍ਹਬਾਂ ਦੇ ਦਰਵਾਜੇ ਉੱਚੇ, ਰਾਹ ਰੱਬਾਣਾ ਮੋਰੀ ਹੂ।।
ਮੁੱਲਾਂ ਤੇ ਮੁਲਵਾਣਿਆਂ ਕੋਲੋਂ, ਲੁਕ ਲੁਕ ਲੰਘਦੇ ਚੋਰੀ ਹੂ।।’’
ਧਾਰਮਿਕ ਪੱਧਰ ’ਤੇ ਉਨ੍ਹਾਂ ਨੂੰ ਧਰਮ ਦੇ ਬਾਹਰੀ ਭੇਖ, ਆਡੰਬਰ, ਪਾਖੰਡ, ਕਰਮ-ਕਾਂਡ ਆਦਿ ’ਚ ਉਲਝਾ ਲਿਆ ਜਾਂਦਾ ਸੀ। ਉਨ੍ਹਾਂ ਦੀ ਅਜਿਹੀ ਹਾਲਤ ਦਾ ਜ਼ਿੰਮੇਵਾਰ ਉਨ੍ਹਾਂ ਦੇ ਪਿਛਲੇ ਕਰਮਾਂ ਨੂੰ ਦੱਸ ਕੇ ਇਸ ਜਨਮ ’ਚ ਆਪਣੀ ਸੇਵਾ ਕਰਵਾਉਣ ਨੂੰ ਉਹ ਮੁਕਤੀ ਦਾ ਯੋਗ ਹੱਲ ਦੱਸਦੇ ਸੀ। ਕਿਉਂ ਜੋ ਰੱਬ ਦਾ ਨਾਂ ਲੈਣ ਜਾਂ ਜਪਣ ਵਾਲੀ ਬੋਲੀ ਬੋਲਣ ਦਾ ਉਨ੍ਹਾਂ ਨੂੰ ਅਧਿਕਾਰ ਨਹੀਂ ਸੀ।
ਇਹਨਾਂ ਸਭ ਮੁਸ਼ਕਿਲਾਂ ਨੂੰ ਦੇਖਦਿਆਂ ਹੱਥੀਂ ਕਿਰਤ ਕਰਨ ਵਾਲਿਆਂ ਨੇ ਇੱਕ ਵੱਖਰਾ, ਵਿਲੱਖਣ ਤੇ ਵਿਸ਼ੇਸ਼ ਮੁਹਾਜ ਛੇੜਿਆ। ਇਹ ਮੁਹਾਜ ਅਜਿਹਾ ਸੀ ਜਿਸ ’ਚ ਉਸ ਵੇਲੇ ਦਾ ਕਿਰਤੀ ਵਰਗ ਆਪਣੀ ਹੋਂਦ ਦੀ ਰਾਖੀ ਤੇ ਹੱਕ ਲੈਣ ਲਈ ਇਕੱਠਾ ਹੋ ਤੁਰਿਆ। ਇਸ ’ਚ ਬਾਬਾ ਫਰੀਦ ਤੋਂ ਇਲਾਵਾ ਹੱਥੀਂ ਦਸਤਕਾਰੀ, ਕੰਮ-ਕਾਜ ਕਰਨ ਵਾਲੇ ਹੋਰ ਬਾਬਿਆਂ ਨੇ ਵੀ ਗਰਜ਼ਵੀਂ ਸ਼ਕਤੀਸ਼ਾਲੀ ਆਵਾਜ਼ ਬੁਲੰਦ ਕੀਤੀ। ਇਨ੍ਹਾਂ ਵਿੱਚ ਬਾਬਾ ਜੈਦੇਵ ਜੀ, ਬਾਬਾ ਰਾਮਾਨੰਦ ਜੀ, ਬਾਬਾ ਕਬੀਰ ਜੀ, ਬਾਬਾ ਰਵਿਦਾਸ ਜੀ, ਬਾਬਾ ਸੈਣ ਜੀ, ਬਾਬਾ ਸਧਨਾ ਜੀ, ਬਾਬਾ ਬੇਣੀ ਜੀ ਆਦਿ ਪ੍ਰਮੁੱਖ ਸਨ। ਇਹ ਸਾਰੇ ਬਾਬੇ ਹੱਥੀਂ ਕੰਮ ਕਰਨ ਵਾਲੇ ਉਸ ਦੌਰ ਦੇ ਕੁਸ਼ਲ ਦਸਤਕਾਰ ਸਨ, ਜਿਨ੍ਹਾਂ ਨਾ ਆਪਣੇ ਗੁਜ਼ਰ-ਬਸਰ ਲਈ ਹੱਥੀਂ ਮਿਹਨਤ ਕੀਤੀ। ਖੂਨ-ਪਸੀਨੇ ਦੀ ਕਿਰਤ ਕਮਾਈ ਨੂੰ ਹੀ ਅਸਲ ਤੇ ਸੱਚਾ-ਸੁੱਚਾ ਰੱਬ ਮੰਨਿਆ।
ਇਸ ਕਿਰਤ ’ਚੋਂ ਉਨ੍ਹਾਂ ਨੇ ਆਪਣਾ ਰੱਬ ਆਪ ਘੜਿਆ। ਉਨ੍ਹਾਂ ਉੱਚਿਆਂ ਵੱਲੋਂ ਬਣਾਈਆਂ, ਘੜੀਆਂ ਉਨ੍ਹਾਂ ਇਮਾਰਤਾਂ ਤੋਂ ਵਿੱਥ ਭਾਵ ਦੂਰੀ ਬਣਾਈ ਜਿਨਾਂ ’ਚ ਡਾਢਿਆਂ ਦਾ ਰੱਬ ਸਥਾਪਿਤ ਕੀਤਾ ਹੋਇਆ ਸੀ। ਉਹ ਰੱਬ ਨੀਵੇਂ ਤੇ ਹੀਣਿਆਂ ਨੂੰ ਅਗਲੇ-ਪਿਛਲੇ ਲਾਰਿਆਂ ’ਚ ਉਲਝਾਉਂਦਾ ਸੀ। ਇੰਨਾ ਹੀ ਨਹੀਂ ਉਨ੍ਹਾਂ ਨੂੰ ਇਨ੍ਹਾਂ ਸਥਾਨਾਂ ਇਮਾਰਤਾਂ ਦੇ ਅੰਦਰ ਜਾਣ ਦਾ ਵੀ ਹੱਕ ਨਹੀਂ ਸੀ।
ਬੋਲੀ, ਭਾਸ਼ਾ ਦੇ ਆਧਾਰ ’ਤੇ ਵੀ ਪੱਖਪਾਤ ਪੁਰਜ਼ੋਰ ਸੀ। ਉੱਚਿਆਂ ਨੇ ਰੱਬੀ ਗੁਣ ਗਾਉਣ ਲਈ ਆਪਣੀ ਵੱਖਰੀ ਬੋਲੀ ਯਾਨਿ ‘ਦੇਵ ਭਾਸ਼ਾ’ ਘੜੀ ਹੋਈ ਸੀ, ਜਿਸ ਨੂੰ ਬੋਲਣ-ਸੁਣਨ ਦਾ ਅਧਿਕਾਰ ਆਮ ਜਨ ਭਾਵ ਕਿਰਤੀ ਵਰਗ ਨੂੰ ਨਹੀਂ ਸੀ। ਉਪਰੋਕਤ ਸਾਰੀਆਂ ਬੰਦਿਸ਼ਾਂ ਨੂੰ ਦੇਖਦਿਆਂ ਲੋਕ ਲਹਿਰ ਦੇ ਇਨ੍ਹਾਂ ਬਾਬਿਆਂ ਨੇ ਭਾਸ਼ਾ, ਬੋਲੀ, ਜ਼ਾਤ-ਪਾਤ, ਕਰਮਕਾਂਡ ਦੇ ਵਿਰੋਧ ’ਚ ਭਾਰਤ ਪੱਧਰ ’ਤੇ ਪਹਿਲੀ ਵਾਰ ਇਕ ਵਿਰਾਟ ਤੇ ਵਿਸ਼ਾਲ ਜਨ ਅੰਦੋਲਨ ਛੇੜਿਆ। ਇਸ ਅੰਦੋਲਨ ਨੇ ਭਾਰਤੀ ਅਧਿਆਤਮਿਕਤਾ ਦੀ ਕਾਇਆ ਕਲਪ ਹੀ ਨਹੀਂ ਕੀਤੀ, ਸਗੋਂ ਦੇਸ਼ ਦੇ ਹੱਥੀਂ ਕੰਮ ਕਰਨ ਵਾਲਿਆਂ ਨੂੰ ਇੱਕਜੁੱਟ ਕਰਕੇ ਰੱਬ ਦੇ ਅਸਲ ਮਾਅਨੇ ਸਾਕਾਰ ਕੀਤੇ।
ਸਾਰੇ ਦਸਤਕਾਰਾਂ, ਕਿਰਤੀਆਂ ਦੀ ਇਹ ਇੱਕਜੁਟਤਾ ਵਾਸਤਵ ’ਚ ਕਿਸੇ ਭੇਦ-ਭਾਵ, ਊਚ-ਨੀਚ, ਜ਼ਾਤ- ਪਾਤ ਤੋਂ ਬਿਨਾਂ ਸੀ। ਕਿਉਂ ਜੋ ਇਹਦਾ ਟੀਚਾ ਸਮੂਹਿਕ ਸਾਂਝ, ਚੇਤਨਾ ਤੇ ਜਾਗਰਤੀ ਪੈਦਾ ਕਰਨਾ ਸੀ। ਇਸੇ ਜਾਗਰਤੀ ਦੀ ਬਦੌਲਤ ਹੀ ਲੋਕ ਲਹਿਰ ਦੇ ਸਿਰਜਕ ਇਨ੍ਹਾਂ ਮਾਣਮੱਤੇ ਕਿਰਤੀਆਂ ਨੇ ਸਾਰੇ ਭਾਰਤ ’ਚ ਇੱਕਜੁੱਟ ਹੋ ਕੇ ਸਭ ਤੋਂ ਪਹਿਲਾਂ ਕਿਸੇ ਕਰਮ-ਕਾਂਡ, ਭੇਖ, ਪਖੰਡ, ਮੂਰਤੀ ਪੂਜਾ ਆਦਿ ਤੋਂ ਮੁਨਕਰ ਹੋ ਕੇ ਇੱਕੋ ਰੱਬ ਦੀ ਹੋਂਦ ਦਾ ਮੁਹਾਜ਼ ਛੇੜਿਆ।
ਦੂਜਾ ਦੇਵ ਭਾਸ਼ਾ ਵਾਲੇ ਰੱਬ ਨਾਲ ਲੋਕ ਬੋਲੀ ’ਚ ਸਾਂਝ ਪਾਈ। ਕਰਮਮਾਂਡ ਦੀ ਥਾਂ ਇਸ ਦਾ ਰਾਹ ਪ੍ਰੇਮ, ਪਿਆਰ ਤੇ ਇਸ਼ਕ ਨੂੰ ਦੱਸਿਆ।
ਸਦੀਆਂ ਤੋਂ ਗਾਏ ਜਾਂਦੇ ਰਾਗ ਜਿਹੜੇ ਰਾਜਿਆਂ ਦੇ ਦਰਬਾਰਾਂ ਤੱਕ ਸੀਮਤ ਸਨ, ਸਭ ਤੋਂ ਪਹਿਲਾਂ ਬਾਬਾ ਫਰੀਦ ਨੇ ਲੋਕ ਬੋਲੀ ’ਚ ਗਾਵਣ ਦੀ ਨਿਵੇਕਲੀ ਪਿਰਤ ਪਾਈ। ਇਸ ਨਾਲ ਭਾਰਤੀ ਅਧਿਆਤਮ ’ਚ ਰੱਬ ਪਹਿਲੀ ਵਾਰੀ ਆਮ ਵਰਗ ਦੀ ਸਾਹ ਰਗ ਤੋਂ ਵੀ ਨੇੜੇ ਆ ਗਿਆ, ਕਿਉਂ ਜੋ ਇਹ ਸਾਧਕ, ਫਕੀਰ ਤੇ ਬਾਬੇ ਜਾਣਦੇ ਸਨ ਕਿ ਬਿਨਾਂ ਭੇਦ-ਭਾਵ ਦੂਰ ਕਰਿਆਂ ਇੱਕ-ਦੂਜੇ ਦੇ ਨੇੜੇ ਆਉਣਾ ਔਖਾ ਹੈ। ਇਸੇ ਲਈ ਇੱਕ ਰੱਬ ਦਾ ਸੰਕਲਪ, ਟੇਕ ਤੇ ਆਸਰੇ ਨੂੰ ਅਪਣਾਉਣਾ ਲਾਜ਼ਮੀ ਹੈ। ਸਾਰੇ ਬਾਬੇ ਇਸ ਨੂੰ ਭਲੀ-ਭਾਂਤ ਸਮਝਦੇ ਸਨ ਕਿ ਸਭ ਦੇ ਦੁੱਖ-ਤਕਲੀਫਾਂ ਸਾਂਝੇ ਹਨ ਕਿਉਂਕਿ ਇਸ ਸੰਤਾਪ ਨੂੰ ਉਹ ਸਾਰੇ ਹੱਡੀਂ ਹੰਢਾ ਰਹੇ ਸਨ। ਇਸੇ ਲਈ ਉਨ੍ਹਾਂ ਹੱਡੀਂ ਹੰਡਾਉਣ ਦਾ ਆਪਣਾ ਬਿਰਤਾਂਤ ਗਾਵਣ ਰਾਹੀਂ, ਬਿਨਾਂ ਕਿਸੇ ਵਿਚੋਲੇ ਦੇ ਸਿੱਧਾ ਰੱਬ ਨੂੰ ਸੁਣਾਇਆ। ਏਸੇ ਲਈ ਹੁਸੈਨ ਜੀ ਲਿਖਦੇ ਹਨ,
“ਚਾਰੇ ਨੈਣ ਗਡਾਗੱਡ ਹੋਏ, ਵਿੱਚ ਵਿਚੋਲਾ ਕੇਹਾ।।’’
ਆਓ ਅਸੀਂ ਆਪਣੇ ਇਨ੍ਹਾਂ ਬਾਬਿਆਂ ਦੀ ਰਮਜ਼ ਤੇ ਅਸਲ ਟੀਚੇ ਨੂੰ ਸਮਝੀਏ ਤਾਂ ਜੋ ਉਨ੍ਹਾਂ ਦੇ ਦੱਸੇ ਮਾਰਗ ’ਤੇ ਚੱਲ ਸਕੀਏ। ਉਨ੍ਹਾਂ ਦਾ ਦਰਸਾਇਆ ਇਹ ਰਸਤਾ, ਬੰਦੇ ਨੂੰ ਬੰਦੇ ਨਾਲ ਧੁਰ ਅੰਦਰ ਤੋਂ ਜੋੜਦਾ ਹੈ। ਇੱਕ-ਦੂਜੇ ਦੇ ਦੁੱਖ-ਸੁੱਖ ਦਾ ਸਾਂਝੀਦਾਰ ਬਣਾਉਂਦਾ ਹੈ। ਇੱਕ-ਦੂਜੇ ਨਾਲ ਧੁਰ ਅੰਦਰ ਤੋਂ ਜੁੜਨਾ ਹੀ ਪ੍ਰੇਮ ਹੈ। ਪ੍ਰੇਮ ’ਚ ਹੀ ਰੱਬੀ ਵਾਸ ਹੈ। ਇਹ ਰੱਬੀ ਵਾਸ, ਪ੍ਰੇਮ ਹਰ ਤਰ੍ਹਾਂ ਦੇ ਸਮਾਜਿਕ, ਆਰਥਿਕ, ਧਾਰਮਿਕ ਕਰਮਕਾਂਡ ਤੋਂ ਬਾਹਰ ਹੈ। ਇਹ ਬੰਦੇ ਨੂੰ ਬੰਦੇ ਨਾਲ ਜੁੜਨ ਤੇ ਜੋੜਨ ਦਾ ਮੁਹਾਜ਼ ਛੇੜਦਾ ਹੈ। ਇਹੀ ਸਾਡੇ ਬਾਬਿਆਂ ਨੇ ਕੀਤਾ ਹੈ। ਉਨ੍ਹਾਂ ਭਾਸ਼ਾ, ਲੋਕ ਬੋਲੀ, ਸ਼ਬਦ, ਕਿਰਤ ਤੇ ਰੱਬ ਨੂੰ ਇੱਕ ਕਰਿਆ।
*ਸਹਾਇਕ ਪ੍ਰੋਫ਼ੈਸਰ, ਕੇਂਦਰੀ ਯੂਨੀਵਰਸਿਟੀ, ਪੰਜਾਬ

Scroll To Top