Now Reading
ਵਿੱਦਿਅਕ-ਸਮਾਜਿਕ ਕ੍ਰਾਂਤੀ ਦੀ ਜਿੰਦ-ਜਾਨ; ਭਾਰਤ ਦੀ ਪਹਿਲੀ ਇਸਤਰੀ ਅਧਿਆਪਕਾ ਸਵਿੱਤਰੀ ਬਾਈ ਫੂਲੇ

ਵਿੱਦਿਅਕ-ਸਮਾਜਿਕ ਕ੍ਰਾਂਤੀ ਦੀ ਜਿੰਦ-ਜਾਨ; ਭਾਰਤ ਦੀ ਪਹਿਲੀ ਇਸਤਰੀ ਅਧਿਆਪਕਾ ਸਵਿੱਤਰੀ ਬਾਈ ਫੂਲੇ


ਡਾ. ਜਸਵੰਤ ਰਾਏ ਸਾਹਰੀ
ਭਾਰਤੀ ਸਮਾਜ ਪਿੱਤਰਸੱਤਾਵਾਦੀ ਸੋਚ ਦਾ ਧਾਰਨੀ ਹੋਣ ਕਰਕੇ ਹਜ਼ਾਰਾਂ ਸਾਲਾਂ ਤੋਂ ਔਰਤ ਨੂੰ ਦੁਜੈਲਾ ਸਥਾਨ ਪ੍ਰਦਾਨ ਕਰਦਾ ਆ ਰਿਹਾ ਹੈ। ਜ਼ਾਹਿਰ ਹੈ, ਇਸ ਰੂੜ੍ਹੀਵਾਦੀ ਸੋਚ ਨੇ ਔਰਤ ਨੂੰ ਮਰਦ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਯੋਗ ਤਾਂ ਕਦੋਂ ਹੋਣ ਦੇਣਾ ਸੀ? ਇਹ ਵਿਚਾਰ ਚੌਖਟਾ ਤਾਂ ਸਗੋਂ ਔਰਤ ਨੂੰ ਸਦੀਆਂ ਤੋਂ ਪੈਰ ਦੀ ਜੁੱਤੀ ਕਹਿ ਕੇ ਤਰਿਸਕਾਰਦਾ ਆ ਰਿਹਾ ਹੈ। ਇਹੋ ਕਾਰਨ ਹੈ ਕਿ ਸਾਡਾ ਸਮਾਜ ਕਦੇ ‘ਸਮ’ ਨਹੀਂ ਬਣ ਸਕਿਆ। ਵਿਹਲੇ ਰਹਿ ਕੇ ਆਪਣਾ ਤੋਰੀ-ਫੁਲਕਾ ਤੋਰਨ ਵਾਲੇ ਸ਼ਾਤਰ ਵਰਗਾਂ ਨੇ ਸਮਾਜ ਨੂੰ ਟੋਟੇ-ਟੋਟੇ ਕਰਕੇ ਕਾਣੀ ਵੰਡ ਦੇ ਬੀਜ ਬੀਜੇ। ਅਜਿਹੇ ਸਮੇਂ ਔਰਤ, ਖ਼ਾਸ ਕਰਕੇ ਸ਼ੂਦਰ ਔਰਤ ਦਾ ਸਥਾਨ ਤਾਂ ਹੇਠਲੇ ਵਰਗ ਤੋਂ ਵੀ ਹੇਠਲਾ ਭਾਵ ਛੇਕੜਲਾ ਮਿਥ ਦਿੱਤਾ ਗਿਆ ਸੀ। ਇਸ ਕਿਸਮ ਦੇ ਗੁੰਝਲਦਾਰ, ਜਾਤੀ-ਪਾਤੀ ਤੇ ਲਿੰਗਕ ਵਿਤਕਰੇ ਵਾਲੇ ਮਾਹੌਲ ’ਚ ਔਰਤ, ਮਰਦ ਦੀ ਬਰਾਬਰੀ ਕਰਨ ਬਾਰੇ ਕਦੇ ਸੋਚ ਵੀ ਨਹੀਂ ਸਕਦੀ। ਉਸਦੇ ਸਾਰੇ ਹੱਕਾਂ ’ਤੇ ਸੋਚੀ-ਸਮਝੀ ਸਾਜਿਸ਼ ਤਹਿਤ ਅੰਕੁਸ਼ ਲਗਾ ਦਿੱਤਾ ਗਿਆ ਸੀ।
ਅਜਿਹੇ ਹੀ ਦਮ ਘੋਟੂ ਮਾਹੌਲ ’ਚ, 3 ਜਨਵਰੀ 1831 ਨੂੰ ਮਹਾਰਾਸ਼ਟਰ ਸੂਬੇ ਦੇ ਪੂਨੇ ਸ਼ਹਿਰ ਤੋਂ 50 ਕਿਲੋਮੀਟਰ ਦੀ ਵਿੱਥ ’ਤੇ ਵੱਸਦੇ ਅਜੋਕੇ ਸੱਤਾਰਾ ਜ਼ਿਲ੍ਹੇ ਦੇ ਇਕ ਪਿੰਡ ’ਚ ਪਿਤਾ ਸ਼੍ਰੀ ਖੰਡੋ ਜੀ ਪਾਟਿਲ ਦੇ ਘਰ, ਮਾਤਾ ਸ਼੍ਰੀਮਤੀ ਲਕਸ਼ਮੀ ਦੀ ਕੁੱਖੋਂ ਇੱਕ ਖੇਤੀ-ਬਾੜੀ ਕਰਨ ਵਾਲੇ ਪਰਿਵਾਰ ਵਿੱਚ ਸਵਿੱਤਰੀ ਬਾਈ ਫੂਲੇ ਦਾ ਜਨਮ ਹੋਇਆ ਸੀ। ਆਪਣੇ ਮਾਤਾ ਪਿਤਾ ਦੀ ਇਹ ਜੇਠੀ ਧੀ ਮੁੱਢ ਤੋਂ ਹੀ ਸਵੈਮਾਣ ਨਾਲ ਭਰੀ ਤੇ ਨਿਡਰ ਸੁਭਾਅ ਦੀ ਮਾਲਕ ਸੀ। ਮੁੰਡਿਆਂ ਹੱਥੀਂ ਕਿਤਾਬਾਂ ਫੜ੍ਹੀਆਂ ਦੇਖ ਕੇ ਸਵਿੱਤਰੀ ਬਾਈ ਦਾ ਬਾਲ ਮਨ ਵੀ ਕਿਤਾਬਾਂ ਨਾਲ ਸਾਂਝ ਪਾਉਣ ਨੂੰ ਕਰਦਾ ਸੀ। ਪਰ ਬਿਪਰ ਸਮਾਜ ਨੇ ਔਰਤਾਂ ਦੀ ਆਜ਼ਾਦੀ ਤੇ ਪੜ੍ਹਾਈ-ਲਿਖਾਈ ’ਤੇ ਇੰਨੇ ਸਖ਼ਤ ਪ੍ਰਤੀਬੰਧ ਲਾਏ ਹੋਏ ਸਨ ਕਿ ਕੁੜੀਆਂ ਪੜ੍ਹਨ-ਲਿਖਣ ਬਾਰੇ ਸੋਚ ਹੀ ਨਹੀਂ ਸਨ ਸਕਦੀਆਂ। ਉੱਤੋਂ ਸਾਜ਼ਿਸ਼ਨ ਇਹ ਧਾਰਨਾ ਪ੍ਰਚਲਿਤ ਕਰ ਦਿੱਤੀ ਗਈ ਸੀ ਕਿ ਜੇ ਔਰਤ ਪੜ੍ਹ-ਲਿਖ ਗਈ ਤਾਂ ਜਾਂ ਤਾਂ ਉਸਦੇ ਪਤੀ ਦੀ ਮੌਤ ਹੋ ਜਾਵੇਗੀ ਤੇ ਜਾਂ ਫਿਰ ਉਹ ਸਾਰੀ ਉਮਰ ਬਾਂਝ ਰਹੇਗੀ। ਇਸ ਤਰ੍ਹਾਂ ਦੇ ਮਨੋ ਕਲਪਤ ਡਰ ਨੇ ਔਰਤ ਦੀਆਂ ਪੜ੍ਹਨ-ਲਿਖਣ ਦੀਆਂ ਰੁਚੀਆਂ ’ਤੇ ਵਿਰਾਮ ਲਗਾ ਦਿੱਤਾ ਸੀ। ਪਰ ਸਵਿੱਤਰੀ ਬਾਈ ਜਦੋਂ ਕਿਸੇ ਵਿਦਿਆਰਥੀ ਦੇ ਹੱਥਾਂ ’ਚ ਕੋਈ ਕਿਤਾਬ ਦੇਖਦੀ ਤਾਂ ਉਸਦਾ ਮਨ ਉਹ ਪੁਸਤਕ ਪੜ੍ਹਨ ਲਈ ਅੰਗੜਾਈਆਂ ਲੈਣ ਲੱਗ ਪੈਂਦਾ ਸੀ। ਇੱਕ ਵਾਰ ਰਾਹ ਜਾਂਦਿਆਂ ਇੱਕ ਪਾਦਰੀ ਨੇ ਆਪਣੀ ਪੁਸਤਕ ਵੱਲ ਝਾਕ ਰਹੀ ਸਵਿੱਤਰੀ ਬਾਈ ਨੂੰ ਉਹ ਪੁਸਤਕ ਦੇ ਦਿੱਤੀ, ਜੋ ਸਵਿੱਤਰੀ ਬਾਈ ਨੇ ਲੁਕੋ ਕੁ ਘਰੇ ਲੈ ਆਂਦੀ। ਉਸ ਸਮੇਂ ਬਾਲ ਵਿਆਹ ਦੀ ਰੀਤ ਤਹਿਤ ਕੁੜੀਆਂ ਦਾ ਵਿਆਹ ਛੋਟੀ ਉਮਰੇ ਹੀ ਕਰ ਦਿੱਤਾ ਜਾਂਦਾ ਸੀ। ਨੌਂ ਸਾਲ ਦੀ ਉਮਰ ’ਚ ਸਵਿੱਤਰੀ ਬਾਈ ਦੀ ਸ਼ਾਦੀ ਵੀ ਤੇਰਾਂ ਸਾਲਾਂ ਦੇ ਜੋਤੀਬਾ ਫੂਲੇ ਨਾਲ ਕਰ ਦਿੱਤੀ ਗਈ ਸੀ। ਭਾਰਤ ਦੇ ਸਮਕਾਲੀ ਇਤਿਹਾਸ ’ਤੇ ਜੋਤਿਬਾ ਰਾਓ ਫੂਲੇ ਦੀ ਸਮਾਜਿਕ ਅੰਦੋਲਨ ਦੀ ਜੰਗ ਲੜਨ ਵਾਲੇ ਕ੍ਰਾਂਤੀਕਾਰੀ ਯੋਧੇ, ਕਲਮ ਦੇ ਧਨੀ, ਸਮਾਜ ਸੁਧਾਰਕ ਤੇ ਗਰੀਬ-ਗੁਰਬੇ ਦੇ ਹੱਕਾਂ ਦੇ ਰਾਖੇ ਵਜੋਂ ਅਮਿੱਟ ਛਾਪ ਬਣੀ ਹੋਈ ਹੈ। ਸਹੁਰੇ ਜਾਂਦੇ ਸਮੇਂ ਸਵਿੱਤਰੀ ਬਾਈ ਪਾਦਰੀ ਵੱਲੋਂ ਦਿੱਤੀ ਉਹ ਪੁਸਤਕ ਵੀ ਨਾਲ ਹੀ ਲੈ ਗਈ ਸੀ।
ਸਵਿੱਤਰੀ ਬਾਈ ਤੋਂ ਸਵਿੱਤਰੀ ਬਾਈ ਫੂਲੇ ਬਣੀ ਸਵਿੱਤਰੀ ਨੇ ਆਪਣੇ ਪਤੀ ਦੇ ਵਿਚਾਰਾਂ ਨਾਲ ਜਾ ਸਾਂਝ ਪਾਈ। ਸਵਿੱਤਰੀ ਬਾਈ ਦੀ ਸਿੱਖਿਆ ਵਿਆਹ ਤੋਂ ਪਿੱਛੋਂ ਸ਼ੁਰੂ ਹੋਈ। ਜੋਤੀਬਾ ਰਾਓ ਨੇ ਸਵਿੱਤਰੀ ਬਾਈ ਨੂੰ ਮੁਢਲੀ ਸਿੱਖਿਆ ਅੱਖਰ ਗਿਆਨ ਨਾਲ ਜੋੜ ਕੇ ਘਰੋਂ ਹੀ ਪ੍ਰਦਾਨ ਕੀਤੀ ਸੀ। ਜਦੋਂ ਸਵਿੱਤਰੀ ਬਾਈ ਨੇ ਪੇਕੇ ਘਰੋਂ ਆਪਣੇ ਨਾਲ ਲੁਕੋ ਕੇ ਲਿਆਂਦੀ ਪੁਸਤਕ ਜੋਤੀਬਾ ਰਾਓ ਫੂਲੇ ਨੂੰ ਦਿਖਾਈ ਤਾਂ ਉਹ ਬਹੁਤ ਖ਼ੁਸ਼ ਹੋਏ ਕਿਉਂਕਿ ਉਹ ਖ਼ੁਦ ਇੱਕ ਸਿੱਖਿਆ ਸ਼ਾਸਤਰੀ ਸਨ। ਗਿਆਨ ਦੇ ਗਹਿਣੇ ਪਹਿਨ ਕੇ ਸਵਿੱਤਰੀ ਬਾਈ ਫੂਲੇ ਭਾਰਤ ਦੀ ਪਹਿਲੀ ਇਸਤਰੀ ਅਧਿਆਪਕਾ ਹੀ ਨਹੀਂ ਬਣੀ, ਸਗੋਂ ਉਸਨੇ ਔਰਤ ਮੁਕਤੀ ਦੀ ਲਹਿਰ ਦੀ ਪਹਿਲੀ ਮਹਿਲਾ ਆਗੂ ਹੋਣ ਦਾ ਰੁਤਬਾ ਵੀ ਹਾਸਲ ਕੀਤਾ ਹੈ।
ਮਹਾਤਮਾ ਜੋਤੀਬਾ ਰਾਓ ਫੂਲੇ ਨੇ ਪਹਿਲਾਂ ਹੀ ਸਮਾਜਿਕ ਬਰਾਬਰੀ ਦਾ ਅੰਦੋਲਨ ਵਿੱਢਣ ਦਾ ਅਹਿਦ ਲਿਆ ਹੋਇਆ ਸੀ। ਸੁਭਾਗ ਨਾਲ ਇਸ ਅੰਦੋਲਨ ’ਚ ਉਨ੍ਹਾਂ ਨੂੰ ਆਪਣੀ ਪਤਨੀ ਸਵਿੱਤਰੀ ਬਾਈ ਦਾ ਸਾਥ ਵੀ ਮਿਲ ਗਿਆ ਸੀ। ਸਵਿੱਤਰੀ ਬਾਈ ਫੂਲੇ ਇਹ ਗੱਲ ਛੇਤੀ ਹੀ ਜਾਣ ਗਈ ਸੀ ਕਿ ਸਿੱਖਿਆ ਅਜਿਹਾ ਅੰਮ੍ਰਿਤ ਹੈ, ਜਿਸ ਨੂੰ ਪੀਣ ਨਾਲ ਦਿਮਾਗ਼ ਦੇ ਕਪਾਟ ਖੁੱਲ੍ਹ ਜਾਂਦੇ ਹਨ, ਵਹਿਮਾਂ-ਭਰਮਾਂ ਦੀ ਧੁੰਦ ਛੰਡੀ ਜਾਂਦੀ ਹੈ ਤੇ ਖਰੇ-ਖੋਟੇ ਦੀ ਪਛਾਣ ਕਰਨੀ ਸਹਿਲ ਹੋ ਜਾਂਦੀ ਹੈ। ਘਰ-ਗ੍ਰਹਿਸਥੀ ਦੇ ਕੰਮਾਂ ਤੇ ਬੱਚਿਆਂ ਦੀ ਪਰਵਰਿਸ਼ ’ਚ ਔਰਤ ਦੀ ਵੱਡੀ ਭੂਮਿਕਾ ਹੁੰਦੀ ਹੈ। ਇਸੇ ਲਈ ਜੇਕਰ ਇੱਕ ਔਰਤ ਪੜ੍ਹ-ਲਿਖ ਜਾਵੇ ਤਾਂ ਇੱਕੋ ਵਾਰ ’ਚ ਤਿੰਨ ਪੀੜ੍ਹੀਆਂ ਦਾ ਭਲਾ ਹੋ ਸਕਦਾ ਹੈ। ਇਸੇ ਵਿਚਾਰ ਤਹਿਤ ਸਵਿੱਤਰੀ ਬਾਈ ਫੂਲੇ ਨੇ ਕੁੜੀਆਂ ਨੂੰ ਪੜ੍ਹਾਉਣ ਲਈ ਸੰਸਥਾ ਖੋਲ੍ਹਣ ਬਾਰੇ ਸੋਚਿਆ।
1848 ਈਸਵੀ ’ਚ ਸਵਿੱਤਰੀ ਬਾਈ ਫੂਲੇ ਨੇ ਜਦੋਂ ਆਪਣੇ ਪਤੀ ਨਾਲ ਮਿਲ ਕੇ ਪੂਨੇ ’ਚ ਲੜਕੀਆਂ ਲਈ ਪਹਿਲਾ ਸਕੂਲ ਖੋਲਿ੍ਹਆ ਤਾਂ ਉਦੋਂ ਦੇ ਸਮਾਜ ’ਚ ਭੂਚਾਲ ਆ ਗਿਆ ਸੀ। ਇਸ ਸਕੂਲ ’ਚ ਦਾਖ਼ਲਾ ਲੈਣ ਵਾਲੀਆਂ ਛੇ ਵਿਦਿਆਰਥਣਾਂ ’ਚੋਂ ਚਾਰ ਬ੍ਰਾਹਮਣ ਸਮਾਜ ਦੀਆਂ ਅਤੇ ਦੋ ਸ਼ੂਦਰ ਸਮਾਜ ਦੀਆਂ ਲੜਕੀਆਂ ਸਨ। ਬ੍ਰਾਹਮਣਵਾਦੀ ਸੋਚ ਦੇ ਧਾਰਨੀ ਲੋਕ ਇਨ੍ਹਾਂ ਦੀ ਜਾਨ ਦੇ ਦੁਸ਼ਮਣ ਬਣ ਗਏ ਸਨ। ਨਾ ਕੇਵਲ ਸਾਰੇ ਸਮਾਜ ਨੇ ਇਨ੍ਹਾਂ ਦੋਵਾਂ ਦਾ ਬਹਿਸ਼ਕਾਰ ਕਰ ਦਿੱਤਾ ਸੀ, ਬਲਕਿ ਪਰਿਵਾਰ ਨੇ ਵੀ ਇਸ ਆਦਰਸ਼ ਜੋੜੀ ਨੂੰ ਘਰੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ। ਆਪਣੇ ਸਕੇ ਭਰਾ ਨਾਲ ਸਵਿੱਤਰੀ ਬਾਈ ਫੂਲੇ ਦੀ ਬਹੁਤ ਤੂੰ-ਤੂੰ, ਮੈਂ-ਮੈਂ ਹੋਈ ਸੀ। ਭਰਾ ਨੇ ਉਸ ਨਾਲ ਝਗੜਦਿਆਂ ਕਿਹਾ ਕਿ “ਤੈਨੂੰ ਤੇ ਤੇਰੇ ਪਤੀ ਨੂੰ ਜਾਤ ਨਿਕਾਲਾ ਠੀਕ ਹੀ ਦਿੱਤਾ ਗਿਆ ਹੈ, ਕਿਉਂਕਿ ਤੁਸੀਂ ਦੋਨੋ ਅਛੂਤਾਂ (ਮਹਾਰ ਤੇ ਮਾਂਗ) ਦੀ ਸੇਵਾ ਕਰਦੇ ਹੋ। ਅਛੂਤ ਪਤਿਤ ਲੋਕ ਹਨ ਤੇ ਉਨ੍ਹਾਂ ਦੀ ਮਦਦ ਕਰਦੇ ਸਮੇਂ ਤੁਸੀਂ ਪਰਿਵਾਰ ਦਾ ਨਾਂ ਵੀ ਬਦਨਾਮ ਕਰਦੇ ਹੋ, ਇਸੇ ਲਈ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਤੁਸੀਂ ਆਪਣੇ ਪਰਿਵਾਰ ਦੀਆਂ ਪ੍ਰੰਪਰਾਵਾਂ ਅਨੁਸਾਰ ਵਿਵਹਾਰ ਕਰੋ ਤੇ ਬ੍ਰਾਹਮਣਾਂ ਦੇ ਆਦੇਸ਼ਾਂ ਦਾ ਪਾਲਣ ਕਰੋ।”
ਨਾਲ ਜੰਮੇ ਅੰਮੀ ਜਾਏ ਦੀਆਂ ਇਹ ਗੱਲਾਂ ਸੁਣ ਕੇ ਸਵਿੱਤਰੀ ਬਾਈ ਦਾ ਸੀਨਾ ਛਲਣੀ ਹੋ ਗਿਆ ਸੀ। ਉਸ ਨੂੰ ਭਰਾ ’ਤੇ ਗੁੱਸਾ ਤਾਂ ਬਹੁਤ ਆਇਆ, ਪਰ ਉਸਨੇ ਸੋਚਿਆ ਕਿ ਮੇਰਾ ਭਰਾ ਵੀ ਤਾਂ ਇਸੇ ਸਮਾਜ ਦਾ ਹੀ ਅੰਗ ਹੈ। ਜਿਸ ਸਮਾਜ ’ਚ ਉਹ ਰਹਿ ਰਿਹਾ ਹੈ, ਉਹ ਸਾਰਾ ਹੀ ਇਸੇ ਸੋਚ ਦਾ ਮਾਲਕ ਹੈ। ਆਪਣੇ ਭਰਾ ਨੂੰ ਸਵਿੱਤਰੀ ਬਾਈ ਨੇ ਜਿਸ ਲਹਿਜ਼ੇ ਨਾਲ ਸਮਝਾਇਆ ਉਹ ਕਾਬਲੇ ਤਾਰੀਫ਼ ਹੈ : “ਵੀਰ ਤੇਰੀ ਸੋਚ ਸੌੜੀ ਹੈ ਤੇ ਬ੍ਰਾਹਮਣਾਂ ਨੇ ਇਸ ਨੂੰ ਹੋਰ ਵੀ ਭੈੜੀ ਬਣਾ ਦਿੱਤਾ ਹੈ। ਬੱਕਰੀਆਂ-ਗਾਵਾਂ ਵਰਗੇ ਜਾਨਵਰ ਤਾਂ ਤੇਰੇ ਲਈ ਅਛੂਤ ਨਹੀਂ ਹਨ! ਉਨ੍ਹਾਂ ਨੂੰ ਤੂੰ ਬੜੇ ਮੋਹ ਨਾਲ ਪਲੋਸਦਾ ਹੈਂ! ਨਾਗ ਪੰਚਮੀ ਵਾਲੇ ਦਿਨ ਨਾਗਾਂ ਨੂੰ ਫੜ੍ਹ-ਫੜ੍ਹ ਕੇ ਦੁੱਧ ਪਿਆਉਂਦਾ ਹੈਂ! ਪਰ ਮਹਾਰ ਤੇ ਮਾਂਗ ਜੋ ਤੇਰੇ ਵਰਗੇ ਹੀ ਇਨਸਾਨ ਹਨ, ਨੂੰ ਤੂੰ ਅਛੂਤ ਸਮਝਦਾ ਹੈਂ! ਬ੍ਰਾਹਮਣ ਜਦੋਂ ਪਵਿੱਤਰ ਕੱਪੜੇ ਪਾ ਕੇ ਪੂਜਾ-ਪਾਠ ਕਰਦੇ ਹਨ ਤਾਂ ਉਹ ਤੁਹਾਨੂੰ ਵੀ ਅਸ਼ੁੱਧ ਤੇ ਅਛੂਤ ਹੀ ਮੰਨਦੇ ਹਨ। ਉਹ ਮੰਨਦੇ ਹਨ ਕਿ ਤੁਹਾਡਾ ਛੂਹਣਾ ਉਨ੍ਹਾਂ ਨੂੰ ਦੂਸ਼ਿਤ ਕਰ ਦੇਵੇਗਾ। ਉਹ ਤੁਹਾਡੇ ਨਾਲ ਮਹਾਰਾਂ ਤੋਂ ਵੱਖਰਾ ਵਿਵਹਾਰ ਨਹੀਂ ਕਰਦੇ।”
ਪਰ ਭਰਾ ਉਸਦੀ ਗੱਲ ਮੰਨਣ ਨੂੰ ਰਤਾ ਵੀ ਤਿਆਰ ਨਹੀਂ ਸੀ, ਕਿਉਂਕਿ ਜਦੋਂ ਵੀ ਸਵਿੱਤਰੀ ਬਾਈ ਕੁੜੀਆਂ ਨੂੰ ਪੜ੍ਹਾਉਣ ਲਈ ਘਰੋਂ ਬਾਹਰ ਨਿਕਲਦੀ ਸੀ ਤਾਂ ਅਖੌਤੀ ਲੋਕ ਉਸਨੂੰ ਬਹੁਤ ਗਾਲ੍ਹਾਂ ਦਿੰਦੇ ਸਨ। ਉਸ ਉਪਰ ਗੋਹਾ, ਚਿੱਕੜ, ਮਿੱਟੀ ਆਦਿ ਸੁੱਟੀ ਜਾਂਦੀ ਸੀ। ਨਾਲੀਆਂ ਦੇ ਗੰਦੇ ਪਾਣੀ ਨਾਲ ਉਸਦੀ ਸਾੜੀ ਪਲੀਤ ਕਰ ਦਿੱਤੀ ਜਾਂਦੀ ਸੀ। ਪਰ ਉਹ ਵੀਰਾਂਗਣਾ ਆਪਣੇ ਕੰਮ ਤੋਂ ਪਿੱਛੇ ਨਾ ਹਟੀ। ਜ਼ਹਿਰ ਨੂੰ ਅੰਮ੍ਰਿਤ ਬਣਾਉਣਾ ਉਹ ਬਾਖ਼ੂਬੀ ਜਾਣਦੀ ਸੀ। ਉਸਨੇ ਘਰੋਂ ਇੱਕ ਹੋਰ ਸਾੜੀ ਲੈ ਕੇ ਜਾਣੀ ਸ਼ੁਰੂ ਕਰ ਦਿੱਤੀ। ਉਹ ਸਕੂਲ ਪਹੁੰਚ ਕੇ ਚਿੱਕੜ ਨਾਲ ਲਿਬੜੀ ਸਾੜੀ ਉਤਾਰ ਕੇ ਘਰੋਂ ਲਿਆਂਦੀ ਸਾਫ ਸਾੜੀ ਪਹਿਨ ਲੈਂਦੀ ਤੇ ਫਿਰ ਕੁੜੀਆਂ ਨੂੰ ਪੜ੍ਹਾਉਣ ਤੋਂ ਪਿਛੋਂ ਉਹੀ ਲਿਬੜੀ ਸਾੜੀ ਪਹਿਨ ਕੇ ਘਰ ਵਾਪਸ ਆ ਜਾਂਦੀ ਸੀ। ਕੁੜੀਆਂ ਨੂੰ ਪੜ੍ਹਾਉਣ ਲਈ ਸਵਿੱਤਰੀ ਬਾਈ ਫੂਲੇ ਵਲੋਂ ਕੀਤੀ ਇਹ ਕੁਰਬਾਨੀ ਕੋਈ ਛੋਟਾ ਤਿਆਗ ਨਹੀਂ ਸੀ। ਅੱਜ ਜਦੋਂ ਅਸੀਂ ਹਰ ਜਮਾਤ ਦੇ ਨਿਕਲ ਰਹੇ ਸਲਾਨਾ ਨਤੀਜਿਆਂ ’ਤੇ ਨਜ਼ਰ ਮਾਰਦੇ ਹਾਂ ਤਾਂ ਕੁੜੀਆਂ ਦੇ ਨਾਂ ਮੈਰਿਟ ਦੀਆਂ ਮੋਹਰੀ ਸਫ਼ਾਂ ’ਤੇ ਹੁੰਦੇ ਹਨ। ਜ਼ਾਹਰ ਹੈ ਕੁੜੀਆਂ ਦੀ ਪੜ੍ਹਾਈ ’ਚ ਬਾਕਮਾਲ ਕਾਮਯਾਬੀ ਦੀ ਪਿੱਠ ਭੂਮੀ ’ਚ ਕਿਤੇ ਨਾ ਕਿਤੇ ਸਵਿੱਤਰੀ ਬਾਈ ਵਲੋਂ ਲੜਿਆ ਗਿਆ ਸੰਘਰਸ਼ ਪਿਆ ਹੈ। ਔਰਤ ਦੀ ਜ਼ਿੰਦਗੀ ’ਚ ਨਰਕ ਘੋਲਣ ਵਾਲੀਆਂ ਥੋਥੀਆਂ ਰਸਮਾਂ ਜਿਵੇਂ ਬਾਲ ਵਿਆਹ, ਵਿਧਵਾ ਵਿਆਹ ’ਤੇ ਰੋਕ, ਔਰਤਾਂ ਦਾ ਗਰਭਪਾਤ, ਪ੍ਰੇਮ ਵਿਆਹ ਜਾਂ ਅੰਤਰ ਜਾਤੀ ਵਿਆਹ ਨੂੰ ਲੈਕੇ ਉੱਠਦਾ ਵਾਵਰੋਲਾ, ਛੂਆ-ਛਾਤ, ਜਾਤੀ-ਪਾਤੀ ਵਿਤਕਰੇ ਜਿਹੇ ਮਸਲਿਆਂ ’ਤੇ ਉਹ ਔਰਤ ਦੇ ਹੱਕਾਂ ਪ੍ਰਤੀ ਡੱਟ ਕੇ ਖੜ੍ਹੀ। ਉਸ ਨੇ ਸਮਾਜਿਕ ਕੁਰੀਤੀਆਂ ’ਤੇ ਸੱਟ ਮਾਰਨ ਤੇ ਔਰਤਾਂ ਨੂੰ ਸਿੱਖਿਅਤ ਕਰਨ ਦਾ ਕੰਮ ਉਨ੍ਹਾਂ ਸਮਿਆਂ ’ਚ ਕੀਤਾ, ਜਦੋਂ ਇੱਕ ਪਾਸੇ ਭਾਰਤ ਅੰਗਰੇਜ਼ਾਂ ਦਾ ਤੇ ਦੂਜੇ ਪਾਸੇ ਪਿਛਾਂਹ ਖਿੱਛੂ, ਜਗੀਰੂ ਕਦਰਾਂ-ਕੀਮਤਾਂ ਦਾ ਗ਼ੁਲਾਮ ਸੀ। ਜਦੋਂ ਔਰਤਾਂ ਦਾ ਪੜ੍ਹਨਾ-ਲਿਖਣਾ ਜਾਂ ਕਿਸੇ ਸਮਾਜਿਕ ਲਹਿਰ ਦਾ ਹਿੱਸਾ ਬਣਨਾ ਤਾਂ ਦੂਰ ਰਿਹਾ, ਘਰੋਂ ਬਾਹਰ ਨਿਕਲਣਾ ਵੀ ਮੁਹਾਲ ਸੀ। ਇਸ ਸੰਘਰਸ਼ ’ਚ ਸਵਿੱਤਰੀ ਬਾਈ ਲਈ ਬੀਬੀ ਫ਼ਾਤਿਮਾ ਸ਼ੇਖ਼ ਦਾ ਸਾਥ ਵੀ ਬੜਾ ਸਾਰਥਕ ਸਿੱਧ ਹੋਇਆ। ਅੱਜ, ਦੇਖਣ ਵਾਲੀ ਗੱਲ ਇਹ ਹੈ ਕਿ ਕਿੰਨੀਆਂ ਔਰਤਾਂ ਸਵਿੱਤਰੀ ਬਾਈ ਫੂਲੇ ਦੇ ਸੰਘਰਸ਼ ਤੋਂ ਜਾਣੂੰ ਹਨ? ਕਿੰਨੀਆਂ ਔਰਤਾਂ ਸਵਿੱਤਰੀ ਬਾਈ ਫੂਲੇ ਵੱਲੋਂ ਵਿੱਢੀ ਲੜਾਈ ਨੂੰ ਹੋਰ ਅਗਾਂਹ ਲੈ ਕੇ ਜਾਣ ਲਈ ਤੱਤਪਰ ਹਨ?
ਮਹਾਤਮਾ ਜੋਤੀਬਾ ਰਾਓ ਫੂਲੇ ਤੇ ਸਵਿਤਰੀ ਬਾਈ ਫੂਲੇ ਸਮਾਜ ਸੁਧਾਰ ਦੀ ਆਪਣੀ ਜਦੋਜਹਿਦ ਤੇ ਇਸ ਨਾਲ ਜੁੜੇ ਰੋਜ਼ਾਨਾਂ ਦੇ ਕੰਮਾਂ ’ਚ ਇੰਨੇ ਜ਼ਿਆਦਾ ਰੁੱਝੇ ਹੋਏ ਸਨ ਕਿ ਕਈ-ਕਈ ਸਾਲ ਉਨਾਂ ਦੀ ਮੁਲਾਕਾਤ ਹੀ ਨਹੀਂ ਸੀ ਹੁੰਦੀ। ਸਵਿੱਤਰੀ ਬਾਈ ਨੇ ਇਸ ਸੰਘਰਸ਼ ਦੌਰਾਨ ਦੋ ਦਹਾਕਿਆਂ ’ਚ ਆਪਣੇ ਪਤੀ ਨੂੰ ਕੇਵਲ ਤਿੰਨ ਖ਼ਤ ਲਿਖੇ ਸਨ। ਜਦੋਂ ਅਸੀਂ ਇਨ੍ਹਾਂ ਖ਼ਤਾਂ ਦਾ ਅਧਿਐਨ ਕਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਇਨ੍ਹਾਂ ’ਚ ਪਰਿਵਾਰਕ ਮਸਲਿਆਂ ਜਾਂ ਪਤੀ-ਪਤਨੀ ਦੇ ਅਤਿ ਸੰਵੇਦਨਸ਼ੀਲ ਰਿਸ਼ਤੇ ਬਾਰੇ ਇੱਕ ਸ਼ਬਦ ਵੀ ਨਹੀਂ ਸੀ ਲਿਖਿਆ ਗਿਆ। ਸਾਰਾ ਬਿਰਤਾਂਤ ਸਮਾਜ ਕਲਿਆਣ ਤੇ ਸਮਾਜਿਕ ਅੰਦੋਲਨ ਦੀਆਂ ਗੱਲਾਂ ਨਾਲ ਭਰਿਆ ਪਿਆ ਹੈ।
ਇੱਕ ਖ਼ਤ ਵਿੱਚ ਉਹ ਆਪਣੇ ਭਰਾ ਨਾਲ ਹੋਈ ਵਾਰਤਾਲਾਪ ਨੂੰ ਇਉਂ ਸਮੇਟਦੀ ਹੈ : “ਪੜ੍ਹਾਈ-ਲਿਖਾਈ ਦੇ ਬਗੈਰ ਜੀਵਨ ਜੀਉਣਾ ਨਿਰਾ ਡੰਗਰਪੁਣਾ ਹੈ। ਗਿਆਨ ਹਾਸਲ ਕਰਨ ਕਰਕੇ ਹੀ ਬ੍ਰਾਹਮਣ ਦੀ ਇੰਨੀ ਮਾਣ-ਮਰਿਆਦਾ ਹੈ। ਸਿੱਖਿਆ ਤੇ ਗਿਆਨ ਉਚ ਕੋਟੀ ਦੀਆਂ ਚੀਜ਼ਾਂ ਹਨ। ਜੋ ਗਿਆਨ ਹਾਸਲ ਕਰ ਲੈਂਦਾ ਹੈ ਉਹ ਆਪਣਾ ਹੇਠਲਾ ਦਰਜਾ ਤਿਆਗ ਕੇ ਉੱਚ ਦਰਜਾ ਪ੍ਰਾਪਤ ਕਰ ਲੈਂਦਾ ਹੈ। ਮੇਰੇ ਪਤੀ ਦੇਵਤਾ ਹਨ। ਦੁਨੀਆਂ ’ਚ ਉਨ੍ਹਾਂ ਦੇ ਬਾਰਬਰ ਦਾ ਕੋਈ ਵੀ ਨਹੀਂ। ਉਨ੍ਹਾਂ ਦੀ ਕਿਸੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਨੂੰ ਲੱਗਦਾ ਹੈ ਕਿ ਅਛੂਤਾਂ ਨੂੰ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ ਤੇ ਆਜ਼ਾਦੀ ਪ੍ਰਾਪਤ ਕਰਨੀ ਚਾਹੀਦੀ ਹੈ। ਉਹ ਬ੍ਰਾਹਮਣਾਂ ਨਾਲ ਟੱਕਰ ਲੈਂਦੇ ਹਨ ਤੇ ਅਛੂਤਾਂ ਨੂੰ ਪੜ੍ਹਾਉਣ ਲਈ ਸੰਘਰਸ਼ ਕਰਦੇ ਹਨ। ਕਿਉਂ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਅਛੂਤ ਵੀ ਹੋਰਨਾਂ ਲੋਕਾਂ ਵਾਂਗ ਮਨੁੱਖ ਹੀ ਹਨ ਤੇ ਉਨ੍ਹਾਂ ਨੂੰ ਵੀ ਇੱਜ਼ਤਦਾਰ ਲੋਕਾਂ ਵਾਂਗ ਜੀਉਣਾ ਚਾਹੀਦਾ ਹੈ। ਬ੍ਰਾਹਮਣ ਨਰਾਜ਼ ਹਨ, ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਇਸ ਨਾਲ ਉਨ੍ਹਾਂ ਦੀ ਪ੍ਰੇਸ਼ਾਨੀ ਵਧੇਗੀ।”
ਸਵਿੱਤਰੀ ਬਾਈ ਫੂਲੇ ਦਾ ਲਿਖਿਆ ਹਰ ਸ਼ਬਦ ਹੌਂਸਲਾ ਦੇਣ ਵਾਲਾ ਤੇ ਆਸ ਨਾਲ ਭਰਿਆ ਪਿਆ ਹੈ। ਇੰਨੇ ਵੱਡੇ ਤੇ ਹਰ ਪੱਖੋਂ ਸੰਪੰਨ ਸਮਾਜ ਨਾਲ ਟੱਕਰ ਲੈਂਦਿਆਂ ਵੀ ਉਹ ਕਿਤੇ ਨਹੀਂ ਥਿੜਕਦੀ। ਬਾਲ ਵਿਆਹ ਤੇ ਵਿਧਵਾ ਵਿਆਹ ਦੀਆਂ ਰਸਮਾਂ ਨੂੰ ਦੇਖ ਕੇ ਤਾਂ ਫੂਲੇ ਜੋੜੀ ਨੇ ਬਹੁਤ ਸਖ਼ਤ ਰੁਖ਼ ਅਪਣਾਇਆ ਸੀ। ਉਸ ਦੌਰ ਦੇ ਅੰਕੜੇ ਕੱਢ ਕੇ ਦੇਖੋ। ਤੁਹਾਨੂੰ ਦੋ-ਚਹੁੰ ਮਹੀਨਿਆਂ ਦੀਆਂ ਵਿਧਵਾ ਕੁੜੀਆਂ ਦੀ ਗਿਣਤੀ ਪ੍ਰੇਸ਼ਾਨ ਕਰੇਗੀ। ਵਿਧਵਾ ਔਰਤ ਨੂੰ ਵਿਆਹ ਕਰਾਉਣ ਦਾ ਅਧਿਕਾਰ ਤਾਂ ਛੱਡੋ ਸਭਿਅਕ ਜੀਵਨ ਗੁਜ਼ਾਰਨ ਦਾ ਹੱਕ ਵੀ ਨਹੀਂ ਸੀ। ਪਾਟੇ-ਪੁਰਾਣੇ ਸਫੇਦ ਕੱਪੜੇ ਉਸਦੇ ਹਿੱਸੇ ਆਉਂਦੇ ਸਨ। ਸਿਰ ਦੇ ਵਾਲ਼ਾਂ ’ਤੇ ਕੈਂਚੀ ਚਲਾ ਕੇ ਉਸਦੀਆਂ ਭਾਵਨਾਵਾਂ ਦਾ ਮਜ਼ਾਕ ਉਡਾਇਆ ਜਾਂਦਾ ਸੀ। ਫੂਲੇ ਜੋੜੀ ਨੇ ਉਸ ਸਮੇਂ ਇਨ੍ਹਾਂ ਵਿਧਵਾ ਔਰਤਾਂ ਦੀ ਬਾਂਹ ਫੜ੍ਹੀ ਸੀ। ਇਨ੍ਹਾਂ ਲਈ ਖੋਲ੍ਹੇ ਇੱਕ ਵਿਧਵਾ ਆਸ਼ਰਮ ’ਚ ਪੈਂਤੀ ਵਿਧਵਾ ਔਰਤਾਂ ਦਾ ਦਾਖ਼ਲਾ ਹੋਇਆ ਸੀ। ਤੁਸੀਂ ਪੜ੍ਹ-ਸੁਣ ਕੇ ਹੈਰਾਨ-ਪ੍ਰੇਸ਼ਾਨ ਹੋਵੋਗੇ ਕਿ ਇਹ ਪੈਂਤੀ ਦੀਆਂ ਪੈਂਤੀ ਵਿਧਵਾ ਔਰਤਾਂ ਬਲਾਤਕਾਰ ਦਾ ਸ਼ਿਕਾਰ ਹੋ ਚੁੱਕੀਆਂ ਸਨ ਤੇ ਗਰਭਵਤੀ ਸਨ। ਇਨ੍ਹਾਂ ’ਚ ਇੱਕ ਕਾਸ਼ੀ ਬਾਈ ਨਾਂ ਦੀ ਬਹੁਤ ਸੁੰਦਰ ਬ੍ਰਾਹਮਣ ਔਰਤ ਵੀ ਸੀ। ਆਪਣੇ ਨਾਲ ਹੋਏ ਬੁਰੇ ਵਿਵਹਾਰ ਤੋਂ ਬਾਅਦ ਉਸਦੇ ਇੱਕ ਪੁੱਤਰ ਪੈਦਾ ਹੋਇਆ ਸੀ। ਪਰ ਕਾਸ਼ੀ ਬਾਈ ਨੇ ਆਪਣੇ ਅਤੇ ਘਰਦਿਆਂ ਦੀ ਬੇਇੱਜ਼ਤੀ ਤੋਂ ਡਰਦੇ ਮਾਰੇ ਖ਼ੁਦ ਆਪਣੇ ਹੱਥੀਂ ਇਸ ਬੱਚੇ ਦਾ ਚਾਕੂ ਨਾਲ ਕਤਲ ਕਰਕੇ ਉਸਦੀ ਲਾਸ਼ ਨੂੰ ਘਰ ਦੇ ਪਿਛਵਾੜੇ ਖੂਹੀ ’ਚ ਵਗਾਹ ਮਾਰਿਆ ਸੀ। ਤੀਹ ਔਰਤਾਂ ਨੇ ਘਾਤਕ ਜੜੀਆਂ-ਬੂਟੀਆਂ ਤੋਂ ਬਣੀ ਗਰਭਪਾਤ ਦੀ ਦਵਾਈ ਖਾ ਕੇ ਆਪਣੇ ਪੇਟ ਵਿਚਲੇ ਬੱਚੇ ਕਤਲ ਕਰ ਦਿੱਤੇ ਸਨ। ਸਵਿੱਤਰੀ ਬਾਈ ਫੂਲੇ ਨੇ ਬਾਕੀ ਬਚੀਆਂ ਔਰਤਾਂ ਦੀ ਦੇਖ-ਭਾਲ ਤੇ ਦਵਾ-ਦਾਰੂ ਕਰਦਿਆਂ ਚਾਰ ਬੱਚਿਆਂ ਦੀ ਸਹੀ-ਸਲਾਮਤ ਪੈਦਾਇਸ਼ ਕਰਵਾਈ ਸੀ। ਅਗਾਂਹ ਵਧੂ ਵਿਚਾਰਾਂ ਦੀ ਧਾਰਨੀ ਹੋਣ ਕਰਕੇ ਆਪਣੇ ਪਤੀ ਦੀ ਸਲਾਹ ਨਾਲ 1873 ਈਸਵੀ ’ਚ ਇਨ੍ਹਾਂ ’ਚੋਂ ਇੱਕ ਬੱਚਾ ਫੂਲੇ ਜੋੜੀ ਨੇ ਗੋਦ ਲਿਆ ਸੀ, ਜਿਸ ਦਾ ਨਾਂ ਯਸ਼ਵੰਤ ਰਾਓ ਰੱਖਿਆ ਗਿਆ ਸੀ। ਉਨ੍ਹਾਂ ਨੇ ਇਸ ਬੱਚੇ ਨੂੰ ਪੜ੍ਹਾਇਆ-ਲਿਖਾਇਆ ਅਤੇ ਇੱਕ ਕਾਬਲ ਡਾਕਟਰ ਬਣਾਇਆ।
1890 ਈਸਵੀ ਵਿੱਚ ਜਦੋਂ ਜੋਤੀਬਾ ਰਾਓ ਫੂਲੇ ਨੇ ਆਪਣਾ ਅੰਤਿਮ ਸਾਹ ਲਿਆ ਤਾਂ ਸਵਿਤਰੀ ਬਾਈ ਫੇਰ ਵੀ ਨਹੀਂ ਡੋਲੀ। ਪਤਾ ਨਹੀਂ ਉਹ ਕਿਸ ਮਿੱਟੀ ਦੀ ਬਣੀ ਹੋਈ ਸੀ। ਪਤੀ ਦੀ ਮੌਤ ’ਤੇ ਵੀ ਉਸਨੇ ਸਮਾਜ ਸੇਵਾ ਦਾ ਅਹਿਦ ਲਿਆ ਤੇ ਇਹ ਮਾਣਮੱਤਾ ਸਫ਼ਰ ਬਾਦਸਤੂਰ ਜਾਰੀ ਰੱਖਿਆ। ਜਦੋਂ ਅਛੂਤ ਲੋਕਾਂ ਨੂੰ ਕੋਈ ਖੂਹ ਦੀ ਮੌਣ ’ਤੇ ਵੀ ਨਹੀਂ ਸੀ ਚੜ੍ਹਨ ਦਿੰਦਾ, ਸਵਿੱਤਰੀ ਬਾਈ ਨੇ ਉਦੋਂ ਆਪਣੇ ਘਰ ਦੇ ਵਿਹੜੇ ’ਚ ਇੱਕ ਖੂਹ ਪੁਟਵਾਇਆ ਸੀ, ਜਿਸ ’ਚੋਂ ਹਰ ਜਾਤ-ਬਿਰਾਦਰੀ ਦਾ ਬੰਦਾ-ਬੁੜ੍ਹੀ ਬਿਨਾਂ ਕਿਸੇ ਭਿੰਨ-ਭੇਦ ਦੇ ਪਾਣੀ ਭਰ ਸਕਦਾ ਸੀ। ਇਹੋ ਜਿਹੇ ਮਾਦੇ ਦੀ ਜ਼ਿੰਦਾ ਦਿਲ ਔਰਤ ਸੀ ਸਵਿੱਤਰੀ ਬਾਈ ਫੂਲੇ।
ਸਵਿੱਤਰੀ ਬਾਈ ਫੂਲੇ ਆਪਣੀਆਂ ਲਿਖਤਾਂ ਲਈ ਵੀ ਜਾਣੀ ਜਾਂਦੀ ਹੈ। ਉਸਨੇ ਕਵਿਤਾਵਾਂ ਦੀਆਂ ਤਿੰਨ ਪੁਸਤਕਾਂ ਲਿਖੀਆਂ ਸਨ। ਉਸਦੀ ਪਹਿਲੀ ਕਾਵਿ ਪੁਸਤਕ 1854 ਈਸਵੀ ’ਚ ਛਪੀ ਸੀ। ਹਾਲਾਂ ਕਿ ਜੋਤੀਬਾ ਰਾਓ ਫੂਲੇ ਦਾ ਪਹਿਲਾ ਨਾਟਕ ‘ਤੀਸਰਾ ਨੇਤਰ’ ਜਿਸ ਨੂੰ ਉਸ ਸਮੇਂ ਦੇ ਛਾਪਾਖ਼ਾਨੇ ’ਤੇ ਕਾਬਜ਼ ਬ੍ਰਾਹਮਣਵਾਦੀ ਤੱਤਾਂ ਨੇ ਛਾਪਣ ਤੋਂ ਇਨਕਾਰ ਕਰ ਦਿੱਤਾ ਸੀ, 1855 ਈਸਵੀ ਵਿੱਚ ਫੂਲੇ ਦੁਆਰਾ ਖ਼ੁਦ ਛਾਪਿਆ ਗਿਆ ਸੀ। ਇਸ ਪਿਛੋਂ ਜੋਤੀਬਾ ਰਾਓ ਫੂਲੇ ਨੇ ਖ਼ੁਦ ਆਪਣੀਆਂ ਪੁਸਤਕਾਂ ਹੀ ਨਹੀਂ ਛਪਵਾਈਆਂ, ਸਗੋਂ ਅਖ਼ਬਾਰ ਵੀ ਕੱਢੇ ਸਨ।
1897 ਈਸਵੀ ਵਿੱਚ ਪੂਨੇ ’ਚ ਪਲੇਗ ਦੀ ਬਹੁਤ ਭਾਰੀ ਮਹਾਂਮਾਰੀ ਫੈਲੀ ਸੀ, ਜਿਸਦੀ ਚਪੇਟ ’ਚ ਆ ਕੇ ਹਜ਼ਾਰਾਂ ਲੋਕ ਮੌਤ ਦੇ ਮੂੰਹ ਜਾ ਪਏ ਸਨ। ਸਵਿੱਤਰੀ ਬਾਈ ‘ਸੱਤਿਆ ਸ਼ੋਧਕ ਸਮਾਜ’ ਦੇ ਕਾਰਕੁੰਨਾਂ ਨੂੰ ਲੈ ਕੇ ਇਕ ਵਾਰ ਫੇਰ ਮੈਦਾਨ ’ਚ ਆ ਡੱਟੀ। ਜਿੱਥੇ ਬਿਮਾਰੀ ਦਾ ਬਹੁਤ ਜ਼ਿਆਦਾ ਅਸਰ ਸੀ, ਉੱਥੇ ਸਵਿਤਰੀ ਬਾਈ ਨੇ ਆਪਣੇ ਪੁੱਤਰ ਦਾ ਕਲੀਨਿਕ ਖੋਲਿ੍ਹਆ। ਇਹ ਜਾਣਦਿਆਂ ਵੀ ਕਿ ਪਲੇਗ ਇੱਕ ਛੂਤ ਦੀ ਬਿਮਾਰੀ ਹੈ, ਉਹ ਮਰੀਜ਼ਾਂ ਨੂੰ ਆਪ ਚੁੱਕ-ਚੁੱਕ ਕੇ ਲਿਆਉਂਦੀ ਤੇ ਕਲੀਨਿਕ ਤੋਂ ਦਵਾਈ-ਦਾਰੂ ਕਰਵਾਉਂਦੀ ਸੀ। ਸ਼ਾਇਦ ਉਸਨੂੰ ਡਰ ਇਸ ਕਰਕੇ ਵੀ ਨਾ ਲੱਗਦਾ ਹੋਵੇ, ਕਿਉਂ ਕਿ ਉਸਨੇ ਆਪਣੇ ਪਤੀ ਨਾਲ ਮਿਲ ਕੇ ਭਾਰਤ ਦੀ ਧਰਤੀ ’ਤੇ ਛੂਆ-ਛਾਤ ਰੂਪੀ ਬੜੀ ਵੱਡੀ ਬਿਮਾਰੀ ਦੇ ਖਿਲਾਫ਼ ਜੰਗ ਲੜੀ ਸੀ। ਛੂਆ-ਛਾਤ ਦੀ ਬਿਮਾਰੀ ਤੋਂ ਤਾਂ ਉਸਨੇ ਜੰਗ ਜਿੱਤ ਲਈ, ਪਰ ਪਲੇਗ ਦੀ ਬਿਮਾਰੀ ਨੇ ਉਸ ਨੂੰ ਪੂਰੀ ਤਰ੍ਰਾਂ ਲਾਲ ਆਪਣੀ ਜਕੜ ’ਚ ਲੈ ਲਿਆ ਸੀ। ਇੰਝ ਮਾਨਵਤਾ ਦੇ ਭਲੇ ਹਿੱਤ, ਗਰੀਬ-ਗੁਰਬੇ ਦੀ ਮਦਦ ਕਰਦਿਆਂ ਇਹ ਜੁਝਾਰੂ ਔਰਤ 10 ਮਾਰਚ, 1897 ਨੂੰ ਸਾਡੇ ਤੋਂ ਸਦਾ ਲਈ ਵਿੱਛੜ ਗਈ। 1983 ’ਚ ਪੂਨੇ ਸਿਟੀ ਕਾਰਪੋਰੇਸ਼ਨ ਨੇ ਸਵਿੱਤਰੀ ਬਾਈ ਫੂਲੇ ਦੀ ਯਾਦ ’ਚ ਇੱਕ ਸਮਾਰਕ ਬਣਾਇਆ। ਭਾਰਤੀ ਡਾਕ ਵਿਭਾਗ ਨੇ ਉਸ ਦੇ ਨਾਂ ’ਤੇ ਡਾਕ ਟਿਕਟ ਜਾਰੀ ਕੀਤੀ। 2015 ਨੂੰ ਪੂਨੇ ਵਿਸ਼ਵ ਵਿਦਿਆਲੇ ਦਾ ਨਾਂ ਭਾਰਤ ਦੀ ਇਸ ਪਹਿਲੀ ਮਹਿਲਾ ਅਧਿਆਪਕਾ ਦੇ ਨਾਂ ’ਤੇ ਰੱਖਿਆ ਗਿਆ।
ਫੂਲੇ ਜੋੜੀ ਦਾ ਆਪਣੇ ਆਖ਼ਰੀ ਸਾਹ ਲੈਣ ਤੋਂ ਪਹਿਲਾਂ ਇੱਕ ਵਸੀਅਤਨਾਮਾ ਵੀ ਲਿਖਿਆ ਮਿਲਦਾ ਹੈ। ਇਸਨੂੰ ਪੜ੍ਹ ਕੇ ਤੁਸੀਂ ਫੂਲੇ ਜੋੜੀ ਦੀ ਸਮਾਜ ਪ੍ਰਤੀ ਸਮਰਪਣ ਦੀ ਭਾਵਨਾ ਦੇਖ ਕੇ ਉਨ੍ਹਾਂ ਨੂੰ ਸਲਾਮ ਕਰੇ ਬਿਨਾਂ ਨਹੀਂ ਰਹਿ ਸਕੋਗੇ। ਇਹ ਗੱਲ 1886 ਈਸਵੀ ਦੀ ਹੈ। ਇਸ ’ਚ ਉਹ ਆਪਣੀ ਹਰ ਜਾਇਦਾਦ ਦਾ ਵਰਨਣ ਕਰਦਿਆਂ ਲਿਖਦੇ ਹਨ ਕਿ ਇਸ ’ਤੇ ਸਾਡੇ ਗੋਦ ਲਏ ਪੁੱਤਰ ਦਾ ਅਧਿਕਾਰ ਹੋਵੇਗਾ। ਪਰ ਜੇਕਰ ਸਾਡਾ ਪੁੱਤਰ ਯਸ਼ਵੰਤ ਰਾਓ ਆਗਿਆਕਾਰ ਨਾ ਨਿਕਲਿਆ ਜਾਂ ਸੱਤਿਆ ਸ਼ੋਧਕ ਸਮਾਜ ਦੀਆਂ ਸ਼ਰਤਾਂ ’ਤੇ ਖਰਾ ਨਾ ਉਤਰਿਆ ਤਾਂ ਉਹ ਇਸ ਸਾਰੀ ਜਾਇਦਾਦ ਦਾ ਹੱਕਦਾਰ ਨਹੀਂ ਹੋਵੇਗਾ। ਇਸ ਵਸੀਅਤਨਾਮੇ ’ਚ ਉਨ੍ਹਾਂ ਨੇ ਇਸ ਹਾਲਤ ’ਤੇ ਯਸ਼ਵੰਤ ਰਾਓ ਨੂੰ ਰਹਿਣ-ਸਹਿਣ ਜੋਗੀ ਸਿਰਫ਼ ਥੋੜ੍ਹੀ ਜਿਹੀ ਜਾਇਦਾਦ ਦਾ ਹੀ ਵਾਰਸ ਦੱਸਿਆ ਹੈ। ਉਨ੍ਹਾਂ ਕਿਹਾ ਹੈ ਕਿ ਬਾਕੀ ਬਚਦੀ ਸਾਡੀ ਸਾਰੀ ਜਾਇਦਾਦ ਸੱਤਿਆਸ਼ੋਧਕ ਸਮਾਜ ਦੇ ਹੁਸ਼ਿਆਰ ਬੱਚਿਆਂ ਦੇ ਨਾਂ ਕਰ ਦਿੱਤੀ ਜਾਵੇ ਤਾਂ ਜੋ ਸਾਡੇ ਤੋਂ ਬਾਅਦ ਉਹ ਸਾਡੀ ਸੋਚ ਦਾ ਸਮਾਜ ਸਿਰਜਣ ਦੇ ਮਾਨਵੀ ਸੰਗਰਾਮ ਦੇ ਪਾਂਧੀ ਬਣ ਸਕਣ।
ਹਾਕਮ ਜਮਾਤਾਂ, ਲੋਕਾਂ ਦੇ ਹੱਕਾਂ-ਹਿਤਾਂ ਦੀ ਜੰਗ ਲੜਨ ਵਾਲੇ ਨਾਇਕ-ਨਾਇਕਾਵਾਂ ਨੂੰ ਅਕਸਰ ਭੁਲਾ ਦਿੰਦੀਆਂ ਹਨ। ਉਹ ਇਨ੍ਹਾਂ ਦੇ ਸੰਘਰਸ਼ ਨੂੰ ਕਦੀ ਗੌਲਣ ਤੱਕ ਦਾ ਵੀ ਯਤਨ ਨਹੀਂ ਕਰਦੀਆਂ। ਕਿਉਂਕਿ ਅਜਿਹੇ ਯਤਨ ਉਨ੍ਹਾਂ ਦੀ ਕੁਰਸੀ ਦੀਆਂ ਚੂਲਾਂ ਹਿਲਾ ਦਿੰਦੇ ਹਨ। ਪਰ ਇਨ੍ਹਾਂ ਦੀਆਂ ਯਾਦਾਂ, ਸਦਾ ਮਾਨਵਤਾ ਦੇ ਹਿੱਤਾਂ ਦੀ ਰਾਖੀ ਕਰਨ ਵਾਲੀਆਂ ਧਿਰਾਂ ਦੀਆਂ ਸਿਮਰਤੀਆਂ ਦਾ ਹਿੱਸਾ ਬਣੀਆਂ ਰਹਿਣੀਆਂ ਚਾਹੀਦੀਆਂ ਹਨ।
ਦੋਸਤੋ! ਸਵਿੱਤਰੀ ਬਾਈ ਫੂਲੇ ਹੋਣ ਦਾ ਮਤਲਬ ਹੈ ਕਿ ਬਦ ਤੋਂ ਬਦਤਰ ਹਾਲਾਤਾਂ ’ਚ ਵੀ ਪੜ੍ਹਿਆ ਤੇ ਪੜ੍ਹਾਇਆ ਜਾ ਸਕਦਾ ਹੈ ਅਤੇ ਬਿਹਤਰੀਨ ਸਮਾਜ ਸਿਰਜਣ ਲਈ ਜੂਝਿਆ ਜਾ ਸਕਦਾ ਹੈ।
*ਖੋਜ ਅਫ਼ਸਰ ਤੇ ਜ਼ਿਲ੍ਹਾ ਭਾਸ਼ਾ ਅਫ਼ਸਰ, ਹੁਸ਼ਿਆਰਪੁਰ।

Scroll To Top