
ਲੁਧਿਆਣਾ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਅਤੇ ਜੁਝਾਰੂ ਜਨਤਕ ਸੰਗਠਨਾਂ ਵਲੋਂ ਲੰਘੀ 26 ਜਨਵਰੀ ਨੂੰ ਸੂਬੇ ਭਰ ‘ਚ ਵੱਖੋ-ਵੱਖ ਥਾਵਾਂ ‘ਤੇ ਭਰਵੀਆਂ ਰੈਲੀਆਂ, ਮੀਟਿੰਗਾਂ ਕਰਕੇ ਉਤਸ਼ਾਹ ਪੂਰਵਕ ਗਣਤੰਤਰਤਾ ਦਿਵਸ ਮਨਾਇਆ ਗਿਆ।
ਉਕਤ ਇਕੱਠਾਂ ‘ਚ ਜੋਸ਼ੋ-ਖਰੋਸ਼ ਨਾਲ ਪੁੱਜੇ ਕਿਰਤੀ ਜਨ ਸਮੂਹਾਂ ਨੇ ਭਾਰਤ ਦੇ ਮੌਜੂਦਾ ਸੰਵਿਧਾਨ, ਦੇਸ਼ ਦੇ ਲੋਕਰਾਜੀ, ਧਰਮ ਨਿਰਪੱਖ ਤੇ ਫੈਡਰਲ ਢਾਂਚੇ, ਪ੍ਰੈਸ ਦੀ ਆਜ਼ਾਦੀ ਅਤੇ ਆਧੁਨਿਕ ਲੋਕ ਤੰਤਰ ਦੇ ਆਧਾਰ ਸਤੰਭ ਵਿਚਾਰ ਪ੍ਰਗਟਾਵੇ ਤੇ ਅਸਹਿਮਤੀ ਦੇ ਅਧਿਕਾਰ ਦੀ ਸਲਾਮਤੀ ਲਈ ਜੂਝਣ ਦਾ ਸੰਕਲਪ ਲਿਆ ਗਿਆ। ਫਿਰਕੂ ਇਕਸੁਰਤਾ, ਭਾਈਚਾਰਕ ਸਾਂਝ ਨੂੰ ਖੇਰੂੰ-ਖੇਰੂੰ ਕਰਨ ‘ਤੇ ਬਜਿਦ ਫਿਰਕੂ-ਫਾਸ਼ੀ, ਵੰਡਵਾਦੀ ਤਾਕਤਾਂ ਵਿਰੁੱਧ ਜਦੋਜਹਿਦ ਜਾਰੀ ਰੱਖਣ ਦਾ ਵੀ ਅਹਿਦ ਲਿਆ ਗਿਆ।
ਇਥੋਂ ਦੀ ‘ਬਜਾਜ ਸੰਨਜ ਮਿਲ’ ਦੇ ਕਿਰਤੀਆਂ ਵਲੋਂ ਕੀਤੇ ਗਏ ਅਜਿਹੇ ਹੀ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਆਰ.ਐੱਮ.ਪੀ.ਆਈ. ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਸੂਬੇ ਦੀ ‘ਆਪ’ ਸਰਕਾਰ ਵਲੋਂ ਦੇਸ਼ ਦੇ ਪ੍ਰਤਿਸ਼ਠਾਵਾਨ ਮੀਡੀਆ ਹਾਊਸ ‘ਹਿੰਦ ਸਮਾਚਾਰ ਅਖ਼ਬਾਰ ਸਮੂਹ’ ‘ਤੇ ਦਬਾਊ ਨੀਤੀ ਪੈਂਤੜੇ ਤਹਿਤ ਕੀਤੀ ਗਈ ਛਾਪੇਮਾਰੀ ਦੀ ਕਰੜੀ ਨਿੰਦਿਆ ਕੀਤੀ ਹੈ। ਉਨ੍ਹਾਂ ਪ੍ਰਾਂਤ ਦੇ ਲੋਕਾਂ ਨਾਲ ਖੜ੍ਹਨ ਵਾਲੇ ਪੱਤਰਕਾਰਾਂ ਖਿਲਾਫ਼ ਝੂਠੇ ਪਰਚੇ ਦਰਜ ਕਰਨ ਰਾਹੀਂ ਮੀਡੀਆ ਦੀ ਜ਼ੁਬਾਨਬੰਦੀ ਕੀਤੇ ਜਾਣ ਦੇ ਕੇਂਦਰੀ ਤੇ ਪ੍ਰਾਂਤਕ ਸਰਕਾਰਾਂ ਦੇ ਕੋਝੇ ਯਤਨਾਂ ਦੀ ਵੀ ਜ਼ੋਰਦਾਰ ਨਿਖੇਧੀ ਕੀਤੀ ਹੈ। ਹੋਰਨਾਂ ਤੋਂ ਇਲਾਵਾ ਸੀਟੀਯੂ ਪੰਜਾਬ ਦੇ ਮੀਤ ਪ੍ਰਧਾਨ ਸਾਥੀ ਜਗਦੀਸ਼ ਚੰਦਰ, ਗੁਰਦਰਸ਼ਨ ਬੀਕਾ, ਤਹਿਸੀਲਦਾਰ ਯਾਦਵ ਵੀ ਮੌਜੂਦ ਸਨ।
ਇਸੇ ਦੌਰਾਨ ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ ਆਦਿ ਵਿਖੇ ਵੀ ਉਕਤ ਮਕਸਦ ਅਧੀਨ ਪ੍ਰਭਾਵਸ਼ਾਲੀ ਇਕੱਠ ਕੀਤੇ ਗਏ। ਇਨ੍ਹਾਂ ਇੱਕਠਾਂ ਨੂੰ ਸਰਵ ਸਾਥੀ ਨੱਥਾ ਸਿੰਘ ਢਡਵਾਲ, ਸ਼ਿਵ ਕੁਮਾਰ ਪਠਾਨਕੋਟ, ਕਿਰਪਾਲ ਸਿੰਘ ਗਿੱਲ, ਰਤਨ ਸਿੰਘ ਰੰਧਾਵਾ ਤੇ ਪਰਗਟ ਸਿੰਘ ਜਾਮਾਰਾਏ ਨੇ ਸੰਬੋਧਨ ਕੀਤਾ।