
ਸਵਦੇਸ਼ ਸਿਨ੍ਹਾ
ਗੀਤਾ ਪ੍ਰੈਸ ਦੀ ਸਥਾਪਨਾ 1923 ’ਚ ਕੋਲਕਾਤਾ ਦੇ ਮਾਰਵਾੜੀ ਸੇਠ ਜੈ ਦਿਆਲ ਗੋਇੰਦਕਾ ਨੇ ਕੀਤੀ ਸੀ। 2023 ਵਿੱਚ ਉਸਦੇ 100 ਸਾਲ ਪੂਰੇ ਹੋਣ ’ਤੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕਮੇਟੀ ਨੇ ‘ਗਾਂਧੀ ਸਾਂਤੀ ਪੁਰਸਕਾਰ’ ਦੇਣ ਲਈ ਗੀਤਾ ਪ੍ਰੈਸ ਨੂੰ ਚੁਣਿਆ ਸੀ। ਜਿਵੇਂ ਗੀਤਾ ਪ੍ਰੈਸ ਦੇ ਮੈਨੇਜਰ ਖੁੱਲ੍ਹੇਆਮ ਮੰਨੁਸਮਿ੍ਰਤੀ ਨੂੰ ਪੂਰੀ ਤਰ੍ਹਾਂ ਮੰਨਣ ਅਤੇ ਆਪਣੀ ਸੰਸਥਾ ਵਿੱਚ ਲਾਗੂ ਕਰਨ ਦੀ ਘੋਸ਼ਣਾ ਕਰਦੇ ਹਨ, ਉਸ ਤਰ੍ਹਾਂ ਤਾਂ ਇਹ ਗੱਲ ਸੰਘ ਪਰਿਵਾਰ ਵਾਲੇ ਵੀ ਨਹੀਂ ਕਰਦੇ, ਜੋ ਆਪ ਵੀ ਵਰਣਵਿਵਸਥਾ ’ਤੇ ਡੂੰਘਾਈ ਨਾਲ ਰੱਖਦੇ ਹਨ।”
ਲੇਖਕ ਅਕਸ਼ਯ ਮੁਕੁਲ ਨੇ ਆਪਣੀ ਕਿਤਾਬ “ਗੀਤਾ ਪ੍ਰੈਸ ਐਂਡ ਦ ਮੇਕਿੰਗ ਆਫ ਹਿੰਦੂ ਭਾਰਤ’’ ’ਚ ਲਿਖਿਆ ਹੈ ਕਿ ਕਿਵੇਂ ਇਹ ਸੰਸਥਾ ਹਿੰਦੂ ਸਮਾਜ ’ਚ ਉਸ ਦੀ ਸਭ ਤੋਂ ਪਿੱਛੜੀ ਕਦਰ, ਵਰਣ ਵਿਵਸਥਾ ਤੇ ਜਾਤੀ ਪ੍ਰਥਾ ਨੂੰ ਖਾਧ-ਖੁਰਾਕ ਦਿੰਦੀ ਹੈ। ਲੇਖਕ ਨੇ ਸੰਸਥਾ ਅੰਦਰਲਾ ਸੱਚ ਜਾਣਨ ਲਈ ਕੁਝ ਸਮਾਂ ਉੱਥੇ ਰਹਿ ਕੇ ਕੰਮ ਵੀ ਕੀਤਾ ਹੈ। ਕਿਉਂਕਿ ਇਹ ਕਿਤਾਬ ਉਪਲੱਬਧ ਹੈ, ਇਸ ਲਈ ਇੱਥੇ ਉਸ ਬਾਰੇ ਚਰਚਾ ਕਰਨ ਦੀ ਲੋੜ ਨਹੀਂ। ਪਰ ਗੀਤਾ ਪ੍ਰੈਸ ਨਾਲ ਸਬੰਧਿਤ ਮੇਰੇ ਕੁਝ ਨਿੱਜੀ ਤਜ਼ਰਬੇ ਸਾਂਝੇ ਕਰਨੇ ਅਤਿਅੰਤ ਲਾਜ਼ਮੀ ਹਨ। ਦੱਸਿਆ ਜਾ ਰਿਹਾ ਹੈ ਕਿ ਗੀਤਾ ਪ੍ਰੈਸ ਦੇ ਸ਼ਤਾਬਦੀ ਸਮਾਰੋਹ ਦਾ ਉਦਘਾਟਨ ਕਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪ ਆ ਰਹੇ ਹਨ। ਪਰ ਕੀ ਤੁਹਾਨੂੰ ਪਤਾ ਹੈ, ਜੇ ਉਹ ਪ੍ਰਧਾਨ ਮੰਤਰੀ ਨਾ ਹੁੰਦੇ ਤੇ ਗੀਤਾ ਪ੍ਰੈਸ ਵਿੱਚ ਨੌਕਰੀ ਕਰਨਾ ਚਾਹੁੰਦੇ ਤਾਂ ਉਨ੍ਹਾਂ ਨੂੰ ਸੰਪਾਦਕੀ ਵਿਭਾਗ ’ਚ ਨੌਕਰੀ ਨਹੀਂ ਸੀ ਮਿਲਣੀ!
ਹਾਂ! ਉਨ੍ਹਾਂ ਨੂੰ ਚੌਥੇ ਦਰਜੇ ਦੇ ਕੰਮ, ਜਿਵੇਂ ਮਸ਼ੀਨ ਚਲਾਉਣ, ਜ਼ਿਲ੍ਹਦਾਂ ਬੰਨ੍ਹਣ ਵਰਗੇ ਜਿਸਮਾਨੀ ਮਿਹਨਤ ਵਾਲੇ ਕੰਮ ਜ਼ਰੂਰ ਮਿਲ ਸਕਦੇ ਸਨ। ਇਸ ਦਾ ਕਾਰਣ ਇਹ ਹੈ ਕਿ ਉੱਥੇ ਪੂਰੇ ਅਦਾਰੇ ’ਚ ਪੂਰੀ ਤਰ੍ਹਾਂ ਨਾਲ ਕਠੋਰ ਜਾਤੀ ਪ੍ਰਥਾ ਲਾਗੂ ਹੈ। ਦਿਮਾਗ਼ੀ ਮਿਹਨਤ ਨਾਲ ਜੁੜੇ ਸਾਰੇ ਕੰਮ ਕੇਵਲ ਬ੍ਰਾਹਮਣਾਂ ਨੂੰ ਮਿਲਦੇ ਹਨ। ਇਸ ਦੇ ਸਾਰੇ ਟ੍ਰਸਟੀ ਵੱਡੇ ਮਾਰਵਾੜੀ ਵਪਾਰੀ ਹਨ ਅਤੇ ਪਿ੍ਰੰਟਿੰਗ ਤੇ ਛਪਾਈ ਆਦਿ ਦਾ ਕੰਮ ਕਰਨ ਵਾਲੇ ਜ਼ਿਆਦਾਤਰ ਪਿੱਛੜੀਆਂ ਜਾਤੀਆਂ ’ਚੋਂ ਆਉਂਦੇ ਹਨ। ਦਲਿਤ ਕੋਈ ਵੀ ਨਹੀਂ ਹੈ, ਕਿਉਂਕਿ ਇਸ ਨਾਲ ਬ੍ਰਾਹਮਣਾਂ ਨੂੰ ਛੂਤ ਲੱਗਣ ਦਾ ਖਤਰਾ ਹਮੇਸਾ ਮੌਜੂਦ ਰਹਿੰਦਾ ਹੈ। ਜੇਕਰ ਨੀਵੇਂ ਅਹੁਦਿਆਂ ਲਈ ਵੀ ਬ੍ਰਾਹਮਣ ਮਿਲ ਜਾਣ ਤਾਂ ਪਹਿਲ ਉਨ੍ਹਾਂ ਨੂੰ ਹੀ ਦਿਤੀ ਜਾਂਦੀ ਹੈ। ਇਸੇ ਲਈ ਇੱਥੇ ਗਾਰਡ, ਚਪੜਾਸੀ ਆਦਿ ਵੀ ਜ਼ਿਆਦਾਤਰ ਬ੍ਰਾਹਮਣ ਹੀ ਹਨ।
ਇਹ ਸ਼ਾਇਦ 2011 ਦੀ ਗੱਲ ਹੈ। ਮੈਂ ਗੋਰਖਪੁਰ ਰਹਿੰਦਾ ਸੀ ਤੇ ਇੱਕ ਅਖ਼ਬਾਰ ’ਚ ਨੌਕਰੀ ਕਰਦਾ ਸੀ। ਉਦੋਂ ਗੀਤਾ ਪ੍ਰੈਸ ਦੇ ਸੰਪਾਦਕੀ ਵਿਭਾਗ ’ਚ ਕੁੱਝ ਪੋਸਟਾਂ ਨਿਕਲੀਆਂ ਸਨ। ਮੇਰਾ ਇੱਕ ਦੋਸਤ ‘ਅਜੈ ਮਾਲਵੀਯਾ’, (ਬਦਲਿਆ ਨਾਂ) ਲੰਮੇ ਸਮੇਂ ਤੋਂ ਉਥੇ ਕੰਮ ਕਰਦਾ ਸੀ। ਉਸ ਨੇ ਗੋਰਖਪੁਰ ਯੂਨੀਵਰਸਿਟੀ ਤੋਂ ਹਿੰਦੀ ਵਿੱਚ ਪੀਐਚ.ਡੀ. ਵੀ ਕੀਤੀ ਸੀ। ਮੈਂ ਉੱਥੇ ਨੌਕਰੀ ਕਰਨ ਲਈ ਉਸ ਤੋਂ ਇਸ ਬਾਬਤ ਪੁੱਛ-ਪੜਤਾਲ ਕੀਤੀ ਤਾਂ ਉਸ ਨੇ ਕਿਹਾ, “ਗੀਤਾ ਪ੍ਰੈਸ ’ਚ ਇੱਕ ਬਿਨਾਂ ਲਿਖਿਆ ਨਿਯਮ ਹੈ ਕਿ ਉੱਥੋਂ ਦੇ ਸੰਪਾਦਕੀ ਵਿਭਾਗ ’ਚ ਸਿਰਫ ਬ੍ਰਾਹਮਣ ਹੀ ਰੱਖੇ ਜਾਂਦੇ ਹਨ। ਤੁਹਾਨੂੰ ਤਾਂ ਸਾਇਦ ਪਾਣੀ ਪਿਆਉਣ ਵਾਲੀ ਨੌਕਰੀ ਵੀ ਨਾ ਮਿਲੇ, ਕਿਉਂਕਿ ਉੱਚੀ ਜਾਤੀ ਦਾ ਹੋਣ ਦੇ ਬਾਵਜੂਦ ਤੁਹਾਡੀ ਜਾਤੀ ਨੂੰ ਉੱਥੇ ਸ਼ੂਦਰ ਹੀ ਮੰਨਿਆ ਜਾਂਦਾ ਹੈ।” ਇਵੇਂ ਹੀ ਹੋਇਆ। ਪਿੱਛੋਂ ਆਨੰਦ ਨਾਰਾਇਣ ਪਾਂਡੇ ਨਾਂ ਦੇ ਬੰਦੇ ਨੂੰ ਰੱਖਿਆ ਗਿਆ। ਹਾਲਾਂਕਿ ਉਹ ਕਮਿਊਨਿਸਟ ਤੇ ਨਾਸਤਿਕ ਸੀ, ਪਰ ਬ੍ਰਾਹਮਣ ਹੋਣ ਕਰਕੇ ਉਸ ਨੂੰ ਇਹ ਅਹੁਦਾ ਮਿਲ ਗਿਆ ਸੀ।
ਗੀਤਾ ਪ੍ਰੈਸ ਦੇ ਪ੍ਰੋਡਕਸਨ ਮੈਨੇਜਰ ਆਸ਼ੁਤੋਸ ਉਪਾਧਿਆਇ ਅਤੇ ਧਿਆਨਿੰਦਰ ਤਿਵਾਰੀ ਨੇ ਹਾਲ ਹੀ ’ਚ ‘ਦਿ ਪਿ੍ਰੰਟ’ ਨਾਲ ਕੀਤੀ ਗੱਲਬਾਤ ’ਚ ਦੱਸਿਆ ਹੈ, “ਟ੍ਰਸਟ ਦੇ ਸਾਰੇ 11 ਮੈਂਬਰ ਮਾਰਵਾੜੀ ਹਨ ਅਤੇ ਦੂਜੀ ਜਾਤੀ ਦੇ ਕਿਸੇ ਵੀ ਬੰਦੇ ਨੂੰ ਇਸ ’ਚ ਕਦੀ ਵੀ ਥਾਂ ਨਹੀਂ ਦਿੱਤੀ ਗਈ। ਇਸ ਤੋਂ ਇਲਾਵਾ ਪ੍ਰਬੰਧਕੀ ਪੋਸਟਾਂ ’ਤੇ ਦਲਿਤ ਭਾਈਚਾਰੇ ਦਾ ਕੋਈ ਬੰਦਾ ਨਹੀਂ ਰੱਖਿਆ ਜਾਂਦਾ। ਹਾਲਾਂਕਿ ਮਸ਼ੀਨ ਓਪਰੇਟਰ ਅਤੇ ਕਲੀਨਰ ਵਜੋਂ ਦਲਿਤ ਮਜ਼ਦੂਰ ਵੀ ਕੰਮ ਕਰਦੇ ਹਨ।” ਮੈਨੇਜਰ ਤਿਵਾਰੀ ਨੇ ਕਿਹਾ, “ਅਸੀਂ ਅੱਜ ਵੀ ਗੀਤਾ ’ਚ ਲਿਖੀ ਵਰਣ ਵਿਵਸਥਾ ’ਚ ਵਿਸ਼ਵਾਸ ਰੱਖਦੇ ਹਾਂ। ਅਸਾਡਾ ਗੀਤਾ ’ਚ ਭਰੋਸਾ ਹੈ, ਕਿਉਂਕਿ ਇਹੋ ਇਕਲੌਤਾ ਸੱਚ ਹੈ।”
ਮੈਨੇਜਰ ਹਾਲਾਂਕਿ ਕਹਿੰਦਾ ਹੈ ਕਿ ਚੌਥੇ ਦਰਜ਼ੇ ਦੇ ਮੁਲਾਜ਼ਮਾਂ ’ਚ ਕੁੱਝ ਦਲਿਤ ਜਾਤੀ ਦੇ ਲੋਕ ਵੀ ਹਨ।’’ ਪਰ ਮੇਰੀ ਜਾਣਕਾਰੀ ਅਨੁਸਾਰ ਇਨ੍ਹਾਂ ’ਚ ਵੀ ਜ਼ਿਆਦਾਤਰ ਬ੍ਰਾਹਮਣ ਹੀ ਹਨ ਅਤੇ ਕੱੁਝ ਪਿੱਛੜੇ ਵਰਗਾਂ ਦੇ ਵੀ ਹਨ। ਮੈਂ ਇੱਥੇ ਕਦੇ ਕੋਈ ਇਸਤਰੀ ਮੁਲਾਜ਼ਮ ਨਹੀਂ ਦੇਖੀ। ਕੰਪੋਜ਼ਿੰਗ ਲਈ ਕੰਪਿਊਟਰ ਦੀ ਵਰਤੋਂ ਹੋਣ ਨਾਲ ਦੇਸ਼ ਭਰ ’ਚ ਇਸਤਰੀਆਂ ਦਾ ਦਬਦਬਾ ਵਧਿਆ ਹੈ, ਕਿਉਂਕਿ ਇਸਤਰੀਆਂ ਕੰਪਿਊਟਰ ’ਤੇ ਸਹਿਜਤਾ ਨਾਲ ਕੰਮ ਕਰ ਲੈਂਦੀਆਂ ਹਨ। ਪ੍ਰੰਤੂ ਇੱਥੇ ਸਾਰਾ ਕੰਮ ਮਰਦ ਹੀ ਕਰਦੇ ਹਨ। ਕਿਉਂਕਿ ਹਿੰਦੂ ਵਿਧੀ-ਵਿਧਾਨ ਅਨੁਸਾਰ ਔਰਤਾਂ ਘਰੇਲੂ ਕੰਮ, ਜਿਵੇਂ ਘਰ ਸੰਭਾਲਣ ਜਾਂ ਬੱਚੇ ਪਾਲਣ ਆਦਿ ਕਾਰਜ ਕਰਦੀਆਂ ਹਨ ਅਤੇ ਪੁਰਸ਼ ਬਾਹਰੋਂ ਪੈਸੇ ਕਮਾ ਕੇ ਲਿਆਉਣ ਦਾ ਕੰਮ ਕਰਦੇ ਹਨ। ਦੇਸ਼ ’ਚ ਬੇਸ਼ਕ 73 ਸਾਲ ਪਹਿਲਾਂ ਸੰਵਿਧਾਨ ਲਾਗੂ ਹੋ ਗਿਆ ਸੀ, ਪਰ ਇੱਥੇ ਅਜੇ ਵੀ ਮਨੁੰਸਮਿ੍ਰਤੀ ਦੇ ਕਾਨੂੰਨ ਹੀ ਚੱਲਦੇ ਹਨ, ਜਿਸਨੂੰ ਇੱਥੋਂ ਦੇ ਲੋਕ ਬੜੇ ਗਰਵ ਨਾਲ ਕਬੂਲ ਵੀ ਕਰਦੇ ਹਨ।
ਗੀਤਾ ਪ੍ਰੈਸ ਇਕ ਗੈਰ-ਵਪਾਰਕ, ਬਿਨਾਂ ਮੁਨਾਫਾ ਚੱਲਣ ਵਾਲੀ, ਧਾਰਮਿਕ ਸੰਸਥਾ ਵਜੋਂ ਸੂਚੀਬੱਧ (ਰਜਿਸਟਰਡ) ਹੈ। ਉਨ੍ਹਾਂ ਦਾ ਮੰਨਣਾ ਹੈ ਕਿ, “ਸੰਸਥਾ ਦਾ ਉਦੇਸ਼ ਲਾਭ ਕਮਾਉਣਾ ਨਹੀਂ, ਹਿੰਦੂ ਧਰਮ ਦੀ ਸੇਵਾ ਕਰਨਾ ਹੈ।” ਪ੍ਰੰਤੂ ਅਜਿਹਾ ਨਹੀਂ ਹੈ। ਕੋਰੋਨਾ ਮਹਾਂਮਾਰੀ ਦੌਰਾਨ ਜਦੋਂ ਸਾਰੀਆਂ ਪ੍ਰਕਾਸ਼ਨ ਸੰਸਥਾਵਾਂ ਨੂੰ ਘਾਟਾ ਝੱਲਣਾ ਪੈ ਰਿਹਾ ਸੀ, ਉਦੋਂ ਗੀਤਾ ਪ੍ਰੈਸ ਨੇ 77 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਖੱਟਿਆ ਸੀ। ਗੀਤਾ ਪ੍ਰੈਸ ਦੇ ਪ੍ਰਸ਼ਾਸਕ ਕਹਿੰਦੇ ਹਨ, “ਗੈਰ-ਵਪਾਰਕ ਹੋਣ ਕਰਕੇ ਸਾਡੇ ’ਤੇ ਕਿਰਤ ਕਾਨੂੰਨ ਲਾਗੂ ਨਹੀਂ ਹੁੰਦੇ।” ਪ੍ਰੰਤੂ ਗੀਤਾ ਪ੍ਰੈਸ ’ਚ ਹੋਈ ਹੜਤਾਲ ਦੌਰਾਨ ਕਿਰਤ ਕਮਿਸ਼ਨਰ ਨੇ ਮੰਨਿਆ ਸੀ ਕਿ ਗੈਰ-ਲਾਭਕਾਰੀ ਸੰਸਥਾ ’ਤੇ ਵੀ ਕਿਰਤ ਕਾਨੂੰਨ ਲਾਗੂ ਹੁੰਦੇ ਹਨ।
2015 ’ਚ ਗੀਤਾ ਪ੍ਰੈਸ ਦੇ ਮੁਲਾਜ਼ਮਾਂ ਨੇ ਤਨਖਾਹ ’ਚ ਵਾਧੇ ਤੇ ਪੱਕੇ ਕੀਤੇ ਜਾਣ ਆਦਿ ਮੰਗਾਂ ਲਈ ਲੰਬੀ ਹੜਤਾਲ ਕੀਤੀ ਸੀ। ਉਦੋਂ ਇੱਕ ਮੁਲਾਜ਼ਮ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਮੈਨੂੰ ਦੱਸਿਆ ਕਿ ਇੱਥੇ ਮੁਲਾਜ਼ਮਾਂ ਲਈ ਤੈਅਸ਼ੁਦਾ ਤਨਖਾਹਾਂ, ਭੱਤੇ ਆਦਿ ਨਹੀਂ ਹਨ। ਤਨਖਾਹ ਵਧਾਉਣਾ ਜਾਂ ਘਟਾਉਣਾ ਪ੍ਰਬੰਧਕ ਦੀ ਜ਼ਮੀਰ ’ਤੇ ਨਿਰਭਰ ਕਰਦਾ ਹੈ। ਮਨਮਰਜ਼ੀ ਨਾਲ ਕਿਸੇ ਦੀ ਵੀ ਤਨਖਾਹ ਵਧਾਈ-ਘਟਾਈ ਜਾ ਸਕਦੀ ਹੈ। ਵੀਹ-ਵੀਹ ਸਾਲ ਨੌਕਰੀ ਕਰਨ ਪਿੱਛੋਂ ਵੀ ਮੁਲਾਜ਼ਮ ਪੱਕੇ ਨਹੀਂ ਕੀਤੇ ਜਾਂਦੇ। ਗੀਤਾ ਪ੍ਰੈਸ ’ਚ ਤਕਰੀਬਨ 180 ਪੱਕੇ ਅਤੇ 300 ਕੱਚੇ ਮੁਲਾਜ਼ਮ ਕੰਮ ਕਰਦੇ ਹਨ। ਹੜਤਾਲ ਤੋਂ ਪਿਛੋਂ ਪ੍ਰਬੰਧਕਾਂ ਨੇ ਤਾਲਾਬੰਦੀ ਕਰ ਦਿੱਤੀ ਅਤੇ ਪ੍ਰੈਸ ਮਹੀਨਾ ਭਰ ਬੰਦ ਰਿਹਾ। ਹੈਰਾਨੀ ਦੀ ਗੱਲ ਇਹ ਸੀ ਕਿ ਗੋਰਖਪੁਰ ਦੇ ਕਿਸੇ ਵੀ ਅਖ਼ਬਾਰ ਨੇ ਹੜਤਾਲ ਦੀ ਕੋਈ ਖਬਰ ਨਹੀਂ ਸੀ ਛਾਪੀ। ਹਾਂ, ਇਕ-ਦੋ ਅਖ਼ਬਾਰਾਂ ਨੇ ਇਸ ਹੜਤਾਲ ਨੂੰ ਹਿੰਦੂ ਧਰਮ ਵਿਰੁੱਧ ਸਾਜ਼ਿਸ਼ ਦੱਸ ਕੇ ਖਬਰ ਜ਼ਰੂਰ ਛਾਪੀ ਸੀ।
ਕੇਵਲ ‘ਤਹਲਕਾ’ ਅਖ਼ਬਾਰ ਨੇ ਇਸ ਘੋਲ ਬਾਰੇ ਇਕ ਲੰਮੀ ਰਿਪੋਰਟ ਛਾਪੀ ਸੀ, ਜਿਸ ’ਚ ਦੋਹਾਂ ਧਿਰਾਂ ਦਾ ਪੱਖ ਰੱਖਿਆ ਗਿਆ ਸੀ। ਪਰ ਹੈਰਾਨੀਜਨਕ ਢੰਗ ਨਾਲ ਉਸ ਦਿਨ ‘ਤਹਿਲਕਾ’ ਅਖ਼ਬਾਰ ਦੀਆਂ ਸਾਰੀਆਂ ਕਾਪੀਆਂ ਗੋਰਖਪੁਰ ’ਚੋਂ ਗਾਇਬ ਹੋ ਗਈਆਂ ਸਨ! ਮੈਨੂੰ ਜਦੋਂ ਇਸ ਘੋਲ ਬਾਬਤ ਜਾਣਨ ਦੀ ਲੋੜ ਮਹਿਸੂਸ ਹੋਈ ਤਾਂ ਇਕ ਲੇਖ ਇਕ ਮਜ਼ਦੂਰ ਨੇਤਾ ਨੇ ਲਖਨਊ ਤੋਂ ਫੋਟੋ ਸਟੇਟ ਕਰਵਾ ਕੇ ਮੈੰਨੂ ਭਿਜਵਾਇਆ ਸੀ। ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਉਦੋਂ ਗੋਰਖਪੁਰ ਤੋਂ ਸੰਸਦ ਦੇ ਮੈਂਬਰ ਸੀ। ਇਸ ਅੰਦੋਲਨ ਨੂੰ ਉਸ ਨੇ ‘ਹਿੰਦੂ ਧਰਮ ਖਿਲਾਫ਼ ਮਾਓਵਾਦੀਆਂ ਦੀ ਸਾਜਿਸ਼’ ਦੱਸਿਆ ਸੀ। ਮੁਲਾਜ਼ਮ ਜਦੋਂ ਉਸ ਨੂੰ ਮਿਲਣ ਗਏ ਤਾਂ ਉਸਨੇ ਕਿਹਾ ਸੀ, “ਧਰਮ ਦੀ ਰੱਖਿਆ ਲਈ ਤੁਸੀਂ ਇੰਨਾ ਕੁ ਬਲਿਦਾਨ ਵੀ ਨਹੀਂ ਦੇ ਸਕਦੇ?” ਇਹ ਵੀ ਸੱਚ ਹੈ ਕਿ ਗੋਰਖਪੁਰ ’ਚ ਕੋਈ ਵੀ ਸਿਆਸੀ ਪਾਰਟੀ ਜਾਂ ਟਰੇਡ ਯੂਨੀਅਨ ਮੁਲਾਜ਼ਮਾਂ ਦੇ ਪੱਖ ’ਚ ਖੜ੍ਹੀ ਨਹੀਂ ਸੀ ਹੋਈ। ਖੱਬੇ ਪੱਖ ਰੁਝਾਨ ਰੱਖਣ ਵਾਲੇ ਕੇਵਲ ਕੁੱਝ ਕੁ ਵਿਅਕਤੀ ਇਸ ਅੰਦੋਲਨ ਦੀ ਵਿਅਕਤੀਗਤ ਹਿਮਾਇਤ ਕਰ ਰਹੇ ਸਨ। ਇਸੇ ਕਰਕੇ ਇਸ ਅੰਦੋਲਨ ਨੂੰ “ਮਾਓਵਾਦੀ ਸਮਰਥਿਤ” ਦੱਸਿਆ ਗਿਆ। ਇਹ ਅੰਦੋਲਨ ਲੰਬਾ ਸਮਾਂ ਚੱਲਿਆ। ਡਿਪਟੀ ਕਮਿਸ਼ਨਰ ਤੇ ਕਿਰਤ ਕਮਿਸ਼ਨਰ ਨਾਲ ਕਈ ਦੌਰ ਦੀ ਗੱਲਬਾਤ ਵੀ ਹੋਈ। ਪਰ ਅੰਤ ’ਚ ਇਹ ਅੰਦੋਲਨ ਫੇਲ੍ਹ ਹੋ ਗਿਆ। ਅੰਦੋਲਨ ’ਚ ਭਾਗੀਦਾਰੀ ਕਰਨ ਵਾਲੇ ਅਨੇਕਾਂ ਕਿਰਤੀਆਂ ਨੂੰ ਨੌਕਰੀਓਂ ਕੱਢ ਦਿੱਤਾ ਗਿਆ। ਥੋੜ੍ਹੇ-ਬਹੁਤ ਸੁਧਾਰ ਵੀ ਹੋਏ, ਕੁੱਝ ਲੋਕਾਂ ਦੀ ਤਨਖਾਹ ਵੀ ਵਧਾਈ ਗਈ ਪਰ ਮੁਲਾਜ਼ਮਾਂ ਨੂੰ ਪੱਕਾ ਕੀਤੇ ਜਾਣ ਦੀ ਪ੍ਰਮੁੱਖ ਮੰਗ ਨਜ਼ਰਅੰਦਾਜ਼ ਕਰ ਦਿੱਤੀ ਗਈ। ਗੀਤਾ ਪ੍ਰੈਸ ਦੇ ਪ੍ਰਬੰਧਕਾਂ ਦਾ ਦਾਅਵਾ ਹੈ ਕਿ ਗੈਰ ਲਾਭਕਾਰੀ ਸੰਸਥਾ ਹੋਣ ਕਾਰਨ ਉਨ੍ਹਾਂ ਨੂੰ ਉੱਕਾ ਹੀ ਮੁਨਾਫਾ ਨਹੀਂ ਹੁੰਦਾ।
ਕੀ ਕੋਈ ਕਲਪਨਾ ਵੀ ਕਰ ਸਕਦਾ ਹੈ ਕਿ ਪੰਜਾਹ ਹਜ਼ਾਰ ਕਿਤਾਬਾਂ ਹਰ ਰੋਜ਼ ਵੇਚਣ ਦਾ ਦਾਅਵਾ ਕਰਨ ਵਾਲੀ ਸੰਸਥਾ ਨੂੰ ਉੱਕਾ ਹੀ ਮੁਨਾਫਾ ਨਹੀਂ ਹੁੰਦਾ? ਇਸ ਸੰਸਥਾ ਦੇ ਮੁਨਾਫ਼ੇ ਦਾ ਇੱਕ ਵੱਡਾ ਸਰੋਤ ਕੱਪੜੇ ਵੇਚਣ ਨਾਲ ਹੋਇਆ ਮੁਨਾਫਾ ਵੀ ਹੈ। ਗੋਰਖਪੁਰ ’ਚ ਗੀਤਾ ਪ੍ਰੈਸ ਦੇ ਬਿਲਕੁਲ ਨਾਲ ਗੀਤਾ ਪ੍ਰੈਸ ਦੀ ਹੀ ਕੱਪੜਿਆਂ ਦੀ ਵੱਡੀ ਦੁਕਾਨ ਹੈ। ਵੈਸੇ ਤਾਂ ਇਹ ਪ੍ਰਚੂਨ ਦੀ ਦੁਕਾਨ ਹੈ, ਪਰ ਇਹ ਲੋਕ ਭਾਰੀ ਮਿਕਦਾਰ ’ਚ ਥੋਕ ਵਪਾਰ ਵੀ ਕਰਦੇ ਹਨ। ਇੱਕ ਧਾਰਮਿਕ ਸੰਸਥਾ ਨਾਲ ਜੁੜੇ ਹੋਣ ਕਰਕੇ ਇਨ੍ਹਾਂ ਨੂੰ ਕੱਪੜੇ ਦੇ ਇਸ ਕਾਰੋਬਾਰ ’ਚ ਸਰਕਾਰੀ ਟੈਕਸ ਦਾ ਭੁਗਤਾਨ ਵੀ ਨਹੀਂ ਕਰਨਾ ਪੈਂਦਾ। ਇਸੇ ਕਰਕੇ ਇਨ੍ਹਾਂ ਦੇ ਕੱਪੜੇ ਕੁਝ ਸਸਤੇ ਹੁੰਦੇ ਹਨ, ਤਾਂ ਹੀ ਭਾਰੀ ਵਿਕਰੀ ਕਰਕੇ ਇਨ੍ਹਾਂ ਨੂੰ ਬੇਹੱਦ ਮੁਨਾਫਾ ਵੀ ਹੁੰਦਾ ਹੈ। ਇਸ ਤੋਂ ਇਲਾਵਾ ਗੀਤਾ ਪ੍ਰੈਸ ’ਚ ਬਹੁਤ ਸਾਰੀਆਂ ਆਯੂਰਵੇਦਿਕ ਦਵਾਈਆਂ ਦਾ ਨਿਰਮਾਣ ਤੇ ਕਾਰੋਬਾਰ ਵੀ ਹੁੰਦਾ ਹੈ। ਗੀਤਾ ਪ੍ਰੈਸ ਦੇ ਟ੍ਰਸਟੀ ਗੋਰਖਪੁਰ ਦੇ ਵੱਡੇ ਸਨਅਤਕਾਰ ਹਨ, ਜਿਨ੍ਹਾਂ ਦੇ ਸੀਮੈਂਟ-ਸਰੀਆ ਆਦਿ ਬਣਾਉਣ ਦੇ ਕਾਰਖਾਨੇ ਹਨ। ਇਨ੍ਹਾਂ ’ਚੋਂ ਇੱਕ ਸਨਅਤਕਾਰ ਤਾਂ ਸ਼ੇਅਰ ਬਾਜ਼ਾਰ ’ਚ ਵੀ ਸੂਚੀਬੱਧ ਹੈ। ਇਨ੍ਹਾਂ ਟ੍ਰਸਟੀਆਂ ਦੀ ਛੜੱਪੇ ਮਾਰ ਕੇ ਵਧਦੀ ਦੌਲਤ ਦੇ ਪਿੱਛੇ ‘ਈਸ਼ਵਰ ਦੀ ਕਿਰਪਾ’ ਹੈ ਜਾਂ ‘ਕੁਝ ਹੋਰ’, ਇਹ ਹਾਲੇ ਵੀ ਸੋਧ ਦਾ ਵਿਸ਼ਾ ਹੈ। ਗੀਤਾ ਪ੍ਰੈਸ ਦੇ ਧਰਮ, ਧੰਦੇ ਤੇ ਸ਼ੋਸ਼ਣ ਦੇ ਅਰਥਸ਼ਾਸਤਰ ਅਤੇ ਸਮਾਜ ਸ਼ਾਸਤਰ ਨੂੰ ਸਮਝੇ ਬਿਨਾਂ ਅਸੀਂ ਹਿੰਦੂਤਵ ਦੀ ਅਜੋਕੀ ਰਾਜਨੀਤੀ ਨੂੰ ਨਹੀਂ ਸਮਝ ਸਕਦੇ।
(ਜਨਚੌਂਕ ’ਚੋਂ ਧੰਨਵਾਦ ਸਹਿਤ)