
ਲੁਧਿਆਣਾ: ਲਾਲ ਝੰਡਾ ਬਜਾਜ ਸੰਨਜ਼ ਮਜ਼ਦੂਰ ਯੂਨੀਅਨ ਵੱਲੋਂ ਸੀਟੀਯੂ ਪੰਜਾਬ ਦੇ ਜਿਲ੍ਹਾ ਪ੍ਰਧਾਨ ਕਾਮਰੇਡ ਪਰਮਜੀਤ ਸਿੰਘ ਅਤੇ ਜਿਲ੍ਹਾ ਜਨਰਲ ਸਕੱਤਰ ਕਾਮਰੇਡ ਜਗਦੀਸ਼ ਚੰਦ ਦੀ ਅਗਵਾਈ ‘ਚ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਲਾਲਾ ਲਾਜਪਤ ਰਾਏ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ। ਕਾਮਰੇਡ ਜਗਦੀਸ਼ ਚੰਦ ਅਤੇ ਪਰਮਜੀਤ ਸਿੰਘ ਨੇ ਕਿਹਾ ਕਿ ਅੱਜ ਸ਼ਹੀਦਾ ਦੀ ਵਿਚਾਰਧਾਰਾ ਨੂੰ ਅੱਗੇ ਲਿਜਾਣ ਲਈ ਲਾਲ ਝੰਡਾ ਬਜਾਜ ਸੰਨਜ਼ ਮਜ਼ਦੂਰ ਯੂਨੀਅਨ ਵੱਲੋਂ ਸਾਮਰਾਜਵਾਦ ਵਿਰੁੱਧ ਅਪਣੇ ਹੱਕਾਂ ਦੀ ਪ੍ਰਾਪਤੀ ਲਈ ਅਰੰਭੀ ਗਈ ਲੜਾਈ ਉਸ ਵਕਤ ਤੱਕ ਜਾਰੀ ਰਹੇਗੀ, ਜਦ ਤਕ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਪੂਰਾ ਨਹੀ ਹੁੰਦਾ।
ਉਨ੍ਹਾ ਕਿਹਾ ਕਿ ਅੱਜ ਸ਼ਹੀਦਾ ਦੀ ਸੋਚ ਦੇ ਉਲਟ ਸਾਮਰਾਜਵਾਦ ਦਾ ਖਤਰਾ ਦਿਨੋ ਦਿਨ ਵਧਦਾ ਜਾ ਰਿਹਾ ਹੈ। ਮਜ਼ਦੂਰ ਜਮਾਤ ਅੱਜ ਵੀ ਵੱਡੀਆਂ ਔਕੜਾਂ ‘ਚ ਦੀ ਗੁਜਰ ਰਹੀ ਹੈ। ਕੇਂਦਰ ਤੇ ਪੰਜਾਬ ਸਰਕਾਰ ਮਜ਼ਦੂਰ ਮਾਰੂ ਨੀਤੀਆਂ ਦਾ ਰਾਹ ਅਪਣਾ ਕੇ ਉਨ੍ਹਾ ਦੇ ਹੱਕਾਂ ‘ਤੇ ਡਾਕਾ ਮਾਰ ਰਹੀ ਹੈ। ਐਨਡੀਏ ਦੀ ਕੇਂਦਰ ਸਰਕਾਰ ਮਜ਼ਦੂਰ ਜਮਾਤ ਵੱਲੋਂ ਵੱਡੀ ਜਦੋ-ਜਹਿਦ ਤੋਂ ਬਾਅਦ ਪ੍ਰਾਪਤ ਕੀਤੇ 44 ਕਾਨੂੰਨਾਂ ਨੂੰ ਤੋੜ ਕੇ 4 ਕੋਡ ਬਿੱਲ ਲਾਗੂ ਕਰਨ ਦਾ ਐਲਾਨ ਕਰ ਚੁੱਕੀ ਹੈ, ਜਿਸ ਨੂੰ ਮਜ਼ਦੂਰ ਜਮਾਤ ਹਰਗਿਜ਼ ਬਰਦਾਸਤ ਨਹੀਂ ਕਰੇਗੀ। ਉਨ੍ਹਾ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਨਿੱਜੀਕਰਨ ‘ਤੇ ਰੋਕ ਲਾਈ ਜਾਵੇ। ਠੇਕੇਦਾਰੀ ਪ੍ਰਥਾ ਖਤਮ ਕਰ ਕੇ ਕਿਰਤ ਕਾਨੂੰਨ ਲਾਗੂ ਕੀਤੇ ਜਾਣ। ਕਾਮਰੇਡ ਜਗਦੀਸ਼ ਨੇ ਕਿਹਾ ਪਿਛਲੇ ਇੱਕ ਦਹਾਕੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਦੀ ਮਜ਼ਦੂਰ ਜਮਾਤ ਦਾ ਮਿਨੀਮਮ ਵੇਜ ਰਿਵਾਈਜ਼ ਨਹੀਂ ਹੋਇਆ ਅਤੇ ਕਰੋਨਾ ਤੋਂ ਬਾਅਦ 6 ਮਹੀਨੇ ਬਾਅਦ ਮਿਲਣ ਵਾਲਾ ਮਹਿਗਾਈ ਭੱਤਾ ਵੀ ਮੌਜੂਦਾ ਸਰਕਾਰ ਦੀ ਮਨਮਾਨੀ ਵਿੱਚ ਬਦਲ ਚੁੱਕਾ ਹੈ। ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੈਰ- ਜਮਹੂਰੀ ਤੇ ਤਾਨਾਸ਼ਾਹੀ ਤੁਗਲਕੀ ਫੁਰਮਾਨ ਤੁਰੰਤ ਰੱਦ ਤੇ ਬੰਦ ਕੀਤੇ ਜਾਣ।
ਇਸ ਮੌਕੇ ਬਲਰਾਮ ਸਿੰਘ, ਰਾਮ ਧਨੀ, ਤਹਿਸੀਲਦਾਰ, ਸਦੇਸ਼ਵਰ ਤਿਵਾੜੀ, ਅਜੀਤ ਕੁਮਾਰ, ਅਮਰਦੀਪ, ਹਰਜੀਤ ਸਿੰਘ, ਸੁਨੀਲ ਗਿਰੀ, ਫੂਲ ਬਦਨ, ਮੁਕੇਸ਼ ਕੁਮਾਰ ਨੇ ਵੀ ਸੰਬੋਧਨ ਕੀਤਾ।