
ਮੁਕਤਸਰ ਸਾਹਿਬ: ਅੱਜ ਇੱਥੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਸਥਾਨਕ ਡੀਸੀ ਮੁਕਤਸਰ ਸਾਹਿਬ ਮਜ਼ਦੂਰ ਮੰਗਾਂ ਦਾ ਮੰਗ ਪੱਤਰ ਸੌਂਪਿਆ ਗਿਆ। ਪਹਿਲਾਂ ਮੁਕਤੀ ਏ ਮਨਾਰ ਪਾਰਕ ਵਿੱਚ ਮਜ਼ਦੂਰਾਂ ਦਾ ਇਕੱਠ ਕੀਤਾ ਗਿਆ, ਜਿਸ ਵਿੱਚ ਜ਼ਿਲ੍ਹੇ ਭਰ ਚੋਂ ਸਰਗਰਮ ਕਾਰਕੁਨ ਸ਼ਾਮਿਲ ਹੋਏ। ਇਹ ਮੰਗ ਪੱਤਰ ਪੰਜਾਬ ਭਰ ਵਿੱਚ ਡੀ ਸੀਜ ਦਿੱਤੇ ਜਾ ਰਹੇ ਮੰਗ ਪੱਤਰ ਦੀ ਕੜੀ ਤਹਿਤ ਸੌਂਪਿਆ ਗਿਆ।
ਖੰਡਾ ਪਾਰਕ ਵਿੱਚ ਮਜਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜੁਆਇੰਟ ਸਕੱਤਰ ਜਗਜੀਤ ਸਿੰਘ ਜਸਿਆਣਾ, ਜ਼ਿਲ੍ਹਾ ਪ੍ਰਧਾਨ ਲਖਬੀਰ ਸਿੰਘ ਤਖਤ ਮੁਲਾਣਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਹਰਜੀਤ ਸਿੰਘ ਮਦਰਸਾ ਨੇ ਨਰੇਗਾ ਦਾ ਕੰਮ ਬੰਦ ਕਰਨ ਵਿਰੁੱਧ ਕੇਂਦਰ ਅਤੇ ਪੰਜਾਬ ਸਰਕਾਰ ਦੀ ਜੋਰਦਾਰ ਨਿੰਦਿਆ ਕੀਤੀ ਅਤੇ ਮੰਗ ਪੱਤਰ ਵਿੱਚ ਹੜ੍ਹ ਪੀੜਤਾਂ ਨੂੰ ਯੋਗ ਮੁਆਵਜਾ ਦੇਣ ਲਈ ਅਤੇ ਮੰਗ ਪੱਤਰ ਦੀਆਂ ਦੂਸਰੀਆਂ ਮੰਗਾਂ ਦੀ ਵਿਸਥਾਰ ਨਾਲ ਵਿਆਖਿਆ ਕੀਤੀ। ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਨੇ ਰਲ ਕੇ ਨਰੇਗਾ ਦਾ ਕੰਮ ਠੱਪ ਕਰ ਦਿੱਤਾ ਹੈ ਜਿਸ ਨਾਲ ਮਜ਼ਦੂਰ ਵਰਗ ਦਾ ਵੱਡੀ ਪੱਧਰ ਤੇ ਆਰਥਿਕ ਨੁਕਸਾਨ ਹੋਇਆ, ਮਜ਼ਦੂਰਾਂ ਦੇ ਚੁੱਲੇ ਠੰਡੇ ਪੈ ਗਏ ਹਨ ਅਤੇ ਬੇਰੁਜ਼ਗਾਰੀ ਦੀ ਹਾਲਤ ਵਿੱਚ ਮਜ਼ਦੂਰਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਨਰੇਗਾ ਦਾ ਕੰਮ ਨਾ ਚਾਲੂ ਕੀਤਾ ਗਿਆ ਅਤੇ ਹੜ੍ਹ ਪੀੜਤਾਂ ਨੂੰ ਮੁਆਵਜਾ ਨਾ ਦਿੱਤਾ ਗਿਆ ਤਾਂ ਦਿਹਾਤੀ ਮਜ਼ਦੂਰ ਸਭਾ ਦੂਸਰੀਆਂ ਮਜ਼ਦੂਰ ਜਥੇਬੰਦੀਆਂ ਨੂੰ ਨਾਲ ਲੈ ਕੇ ਜੋਰਦਾਰ ਸੰਘਰਸ਼ ਆਰੰਭ ਕਰੇਗੀ। ਉਹਨਾਂ ਕਿਹਾ ਕਿ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਸਰਗਰਮੀ ਹੋਰ ਵਧਾਈ ਜਾਏਗੀ। ਖੰਡਾ ਪਾਰਕ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਮਜ਼ਦੂਰਾਂ ਨੇ ਜੋਰਦਾਰ ਨਾਰੇਬਾਜ਼ੀ ਕੀਤੀ ਅਤੇ ਨਰੇਗਾ ਦਾ ਕੰਮ ਚਾਲੂ ਕਰਨ ਦੀ ਮੰਗ ਕੀਤੀ ਇਸ ਤੋਂ ਬਾਅਦ ਮਜ਼ਦੂਰਾਂ ਨੇ ਡੀਸੀ ਦਫਤਰ ਤੱਕ ਮਾਰਚ ਕੀਤਾ।
ਇਥੇ ਮਜ਼ਦੂਰ ਮੰਗਾਂ ਦਾ ਮੰਗ ਪੱਤਰ ਡੀਸੀ ਨੂੰ ਸੌਂਪਿਆ। ਇਸ ਸਮੇਂ ਜ਼ਿਲ੍ਹਾ ਆਗੂ ਪ੍ਰੀਤਮ ਸਿੰਘ, ਕਰਮ ਸਿੰਘ ਮਦਰੱਸਾ, ਰੀਤ ਕੌਰ, ਜੱਗਾ ਸਿੰਘ ਸੀਰਾਲੀ, ਮਨਦੀਪ ਕੌਰ ਅਤੇ ਰਾਜਾ ਸਿੰਘ ਸੱਕਾਂਵਾਲੀ, ਲਾਡੀ ਸਿੰਘ ਵੰਗਲ, ਗੁਰਤੇਜ ਸਿੰਘ ਅਤੇ ਚਮਕੌਰ ਸਿੰਘ ਡੋਹਕ ਸਮੇਤ ਅਨੇਕਾਂ ਵਰਕਰ ਸ਼ਾਮਿਲ ਹੋਏ।