Now Reading
ਦਿਹਾਤੀ ਮਜ਼ਦੂਰ ਸਭਾ ਨੇ ਤਹਿਸੀਲਦਾਰ ਬਟਾਲਾ ਨੂੰ ਦਿੱਤਾ ਮੰਗ ਪੱਤਰ

ਦਿਹਾਤੀ ਮਜ਼ਦੂਰ ਸਭਾ ਨੇ ਤਹਿਸੀਲਦਾਰ ਬਟਾਲਾ ਨੂੰ ਦਿੱਤਾ ਮੰਗ ਪੱਤਰ


ਬਟਾਲਾ: ਮਜ਼ਦੂਰਾਂ ਦੇ ਭੱਖਦੇ ਮਸਲਿਆਂ ਨੂੰ ਲੈ ਕੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਫੈਸਲੇ ਤਹਿਤ ਤਹਿਸੀਲ ਕਮੇਟੀ ਬਟਾਲਾ ਵੱਲੋਂ ਮਨੀਰ ਮਸੀਹ ਸਤਕੋਹਾ, ਜਸਵਿੰਦਰ ਸਿੰਘ ਛਿੱਤ ਦੀ ਅਗਵਾਈ ਹੇਠ ਮਜ਼ਦੂਰ ਮੰਗਾਂ ਦਾ ਮੰਗ ਪੱਤਰ ਤਹਿਸੀਲਦਾਰ ਬਟਾਲਾ ਦੇ ਰਾਹੀਂ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਭੇਜਿਆ ਗਿਆ।
ਇਸ ਮੌਕੇ ਹੋਏ ਇਕੱਠ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਵਿੱਤ ਸਕੱਤਰ ਕਾਮਰੇਡ ਸ਼ਮਸ਼ੇਰ ਸਿੰਘ ਨਵਾਂ ਪਿੰਡ ਨੇ ਕਿਹਾ ਕਿ ਪੰਜਾਬ ਅੰਦਰ ਹੜ੍ਹ ਤੇ ਬਾਰਸ਼ਾਂ ਨਾਲ ਹੋਏ ਭਾਰੀ ਨੁਕਸਾਨ ਦੀ ਪੂਰਤੀ ਲਈ ਅਤੇ ਉਨ੍ਹਾਂ ਦੇ ਮੁੜ ਵਸੇਬੇ ਲਈ ਯੋਗ ਮੁਆਵਜ਼ਾ ਤੁਰੰਤ ਦਿੱਤਾ ਜਾਵੇ ਅਤੇ ਮਨਰੇਗਾ ਕਾਨੂੰਨ ਅਧੀਨ ਸਾਰੇ ਕਿਰਤੀ ਪਰਿਵਾਰਾਂ ਦੇ ਸਮੁੱਚੇ ਜੀਆਂ ਨੂੰ ਘੱਟੋ-ਘੱਟ 700 ਰੁਪਏ ਦਿਹਾੜੀ ਨਾਲ ਪੂਰਾ ਸਾਲ ਕੰਮ ਦਿੱਤਾ ਜਾਵੇ ਅਤੇ ਇਸ ਐਕਟ ਦਾ ਘੇਰਾ ਵਧਾ ਕੇ ਸ਼ਹਿਰੀ ਮਜ਼ਦੂਰਾਂ ਨੂੰ ਵੀ ਬੱਝਵਾਂ ਰੁਜ਼ਗਾਰ ਦਿੱਤਾ ਜਾਵੇ। ਜਨਤਕ ਵੰਡ ਪ੍ਰਣਾਲੀ ਰਾਹੀਂ ਨਿੱਤ ਵਰਤੋਂ ਦੀਆਂ ਸਾਰੀਆਂ ਜ਼ਰੂਰੀ ਵਸਤਾਂ ਸਰਕਾਰੀ ਡਿਪੂਆਂ ਰਾਹੀਂ ਸਸਤੇ ਭਾਅ ‘ਤੇ ਮੁੱਹਈਆ ਕਰਵਾਈਆਂ ਜਾਣ, ਲੋੜਵੰਦਾਂ ਦੇ ਕੱਟੇ ਕਾਰਡ ਬਹਾਲ ਕੀਤੇ ਜਾਣ। ਬੇਘਰੇ, ਲੋੜਵੰਦਾਂ ਨੂੰ ਪਿੰਡਾਂ ਅੰਦਰ 10-10 ਮਰਲੇ ਦੇ ਰਿਹਾਇਸ਼ੀ ਪਲਾਟ ਤੇ ਮਕਾਨ ਬਣਾਉਣ ਲਈ ਘੱਟੋ-ਘੱਟ ਪੰਜ ਲੱਖ ਰੁਪਏ ਗ੍ਰਾਂਟ ਅਤੇ ਸ਼ਹਿਰਾਂ ਵਿਚ ਫਲੈਟ ਬਣਾ ਕੇ ਦਿੱਤੇ ਜਾਣ,ਬੁਢਾਪਾ-ਵਿਧਵਾ-ਅੰਗਹੀਣ-ਆਸ਼ਰਿਤ ਪੈਨਸ਼ਨ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ, ਇਕਸਾਰ ਤੇ ਮਿਆਰੀ ਸਿੱਖਿਆ ਅਤੇ ਸਿਹਤ ਸਹੂਲਤਾਂ ਤੇ ਪੀਣ ਵਾਲਾ ਸਵੱਛ ਪਾਣੀ ਮੁਫਤ ਦੇਣ ਦਾ ਪ੍ਰਬੰਧ ਕੀਤਾ ਜਾਵੇ, ਨਸ਼ਾ ਤਸਕਰੀ ਨੂੰ ਪੱਕੀ ਠੱਲ੍ਹ ਪਾਉਣ ਲਈ ਨਸ਼ਾ ਕਾਰੋਬਾਰੀਆਂ, ਭ੍ਰਿਸ਼ਟ ਸਿਆਸਤਦਾਨਾਂ ਅਤੇ ਪੁਲਸ-ਪ੍ਰਸ਼ਾਸਨ ਵਿਚਲੀਆਂ ਕਾਲੀਆਂ ਭੇਡਾਂ ਦੇ ਨਾਪਾਕ ਗਠਜੋੜ ਨਾਲ ਕਰੜੇ ਹੱਥੀਂ ਨਜਿੱਠਿਆ ਜਾਵੇ।
ਜਾਤੀ-ਪਾਤੀ, ਲਿੰਗਕ ‘ਤੇ ਸਮਾਜਿਕ ਜਬਰ-ਵਿਤਕਰਾ ਅਤੇ ਪੁਲਿਸ ਤਸ਼ੱਦਦ ਬੰਦ ਕੀਤੇ ਜਾਣ। ਮਜ਼ਦੂਰਾਂ ਸਿਰ ਚੜ੍ਹਿਆ ਸਰਕਾਰੀ, ਗੈਰ-ਸਰਕਾਰੀ ਅਤੇ ਮਾਈਕਰੋ ਫਾਇਨਾਂਸ ਕੰਪਨੀਆਂ ਦਾ ਸਾਰਾ ਕਰਜ਼ਾ ਮੁਆਫ ਕੀਤਾ ਜਾਵੇ। ਲੈਂਡ ਸੀਲਿੰਗ ਐਕਟ ਤਹਿਤ ਵਾਧੂ ਨਿਕਲਦੀ ਜ਼ਮੀਨ ਅਤੇ ਬੰਜ਼ਰ, ਨਜੂਲ ਤੇ ਸ਼ਾਮਲਾਟ ਜ਼ਮੀਨਾਂ, ਬੇਜ਼ਮੀਨੇ ਮਜ਼ਦੂਰਾਂ ਵਿਚ ਵੰਡੀਆਂ ਜਾਣ, ਪੰਚਾਇਤੀ ਜ਼ਮੀਨਾਂ ਵਿਚੋਂ ਕਾਨੂੰਨ ਅਨੁਸਾਰ ਬਣਦਾ ਦਲਿਤਾਂ ਦਾ ਤੀਜਾ ਹਿੱਸਾ ਦਿੱਤਾ ਜਾਵੇ।ਸੂਬਾ ਸਰਕਾਰ ਵੱਲੋਂ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ-ਗਰੰਟੀਆਂ ਫੌਰੀ ਲਾਗੂ ਕੀਤੇ ਜਾਣ। ਕੰਮ ਦੇ ਅਧਿਕਾਰ ਨੂੰ ਸੰਵਿਧਾਨ ਦੇ ਮੌਲਿਕ ਅਧਿਕਾਰਾਂ ‘ਚ ਸ਼ਾਮਲ ਕਰਕੇ ਕੰਮ ਕਰਨ ਯੋਗ ਸਮੁੱਚੀ ਵਸੋਂ ਗੁਜ਼ਾਰੇਯੋਗ ਸਥਾਈ ਰੁਜ਼ਗਾਰ ਦਿੱਤਾ ਜਾਵੇ ਅਤੇ ਕੰਮ ਨਾ ਮਿਲਣ ਤੱਕ ਸਾਰੇ ਲੋੜਵੰਦਾਂ ਨੂੰ ਘੱਟੋ-ਘੱਟ 5000 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ।ਵਿਭਾਗਾਂ ‘ਚ ਖਾਲੀ ਪਈਆਂ ਪੋਸਟਾਂ ਪੱਕੇ ਤੌਰ ‘ਤੇ ਭਰੀਆਂ ਜਾਣ ਅਤੇ ਸਾਰੇ ਕੱਚੇ ਕਾਮੇ ਬਿਨਾਂ ਦੇਰੀ ਪੱਕੇ ਕੀਤੇ ਜਾਣ।
ਇਸ ਮੌਕੇ ਮੁਖਤਾਰ ਸਿੰਘ ਭਾਗੋਵਾਲ, ਅਵਤਾਰ ਸਿੰਘ ਮੁਰਗੀ ਮੁਹੱਲਾ, ਬਲਵਿੰਦਰਪਾਲ ਮਿਸ਼ਰਪੁਰਾ, ਗੁਰਨਾਮ ਸਿੰਘ ਬਾਉਲੀ, ਇੰਦਰਜੀਤ, ਬੂਟਾ ਮਸੀਹ ਕੋਟਲੀ ਫੱਸੀ, ਨਾਥਾਨੀਅਲ ਦਿਆਲਗੜ੍ਹ, ਮਾਸਟਰ ਡੇਵਿਡ ਦਿਆਲਗੜ੍ਹ, ਵਿਕਟਰ ਕੋਟਲੀ ਫੱਸੀ, ਅਜੀਤ ਮਸੀਹ ਸਤਕੋਹਾ, ਸਤਪਾਲ ਸਿੰਘ ਫਜ਼ਲਾਬਾਦ ਆਦਿ ਹਾਜ਼ਰ ਸਨ।

Scroll To Top