
ਸਰਦੂਲਗੜ੍ਹ: ਭਾਰੀ ਗਿਣਤੀ ‘ਚ ਜੁੜੇ ਸਮਾਜ ਦੇ ਸਾਰੇ ਵਰਗਾਂ ਦੇ ਮੋਹਤਬਰ ਲੋਕਾਂ ਨੇ ਅੱਜ ਇੱਥੋਂ ਦੇ ਸ਼੍ਰੀ ਸਨਾਤਨ ਧਰਮ ਮੰਦਰ ਵਿਖੇ ਲੰਘੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੀ ਸਰਦੂਲਗੜ੍ਹ ਤਹਿਸੀਲ ਕਮੇਟੀ ਦੇ ਪ੍ਰਧਾਨ ਸਾਥੀ ਰਣਬੀਰ ਕੁਮਾਰ ਜੈਨ ਨੂੰ ਭਰਪੂਰ ਸ਼ਰਧਾਂਜਲੀਆਂ ਭੇਟ ਕੀਤੀਆਂ।
ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ ਤੇ ਜ਼ਿਲ੍ਹਾ ਸਕੱਤਰ ਸਾਥੀ ਲਾਲ ਚੰਦ, ਉੱਘੇ ਬੁੱਧੀਜੀਵੀ ਪ੍ਰੋ ਬਿੱਕਰ ਸਿੰਘ ਸਾਧੂ ਵਾਲਾ, ਜਮਹੂਰੀ ਕਿਸਾਨ ਸਭਾ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਅਮਰੀਕ ਸਿੰਘ ਫਫੜੇ ਭਾਈ ਕੇ, ਮਜ਼ਦੂਰ ਆਗੂ ਆਤਮਾ ਰਾਮ, ਜੈਨ ਸਭਾ ਦੇ ਆਗੂ ਸ਼੍ਰੀ ਨਰਿੰਦਰ ਕੁਮਾਰ ਨੇ ਉਨ੍ਹਾਂ ਵਲੋਂ ਭੋਗੇ ਸਮਰਪਿਤ ਕਮਿਊਨਿਸਟ ਵਾਲੇ ਮਿਸਾਲੀ ਜੀਵਨ ਅਤੇ ਕਿਰਤੀ ਸ਼੍ਰੇਣੀ ਦੀ ਲੁੱਟ-ਚੋਂਘ ਤੇ ਜਬਰ-ਵਿਤਕਰੇ ਤੋਂ ਮੁਕਤੀ ਦੇ ਮਾਨਵੀ ਸੰਗਰਾਮ ‘ਚ ਪਾਏ ਗਏ ਸ਼ਾਨਦਾਰ ਯੋਗਦਾਨ ਨੂੰ ਅਦਬੋ-ਅਹਤਿਰਾਮ ਨਾਲ ਯਾਦ ਕਰਦਿਆਂ ਉਨ੍ਹਾਂ ਦੀਆਂ ਘਾਲਣਾਵਾਂ ਨੂੰ ਸੂਹਾ ਸਲਾਮ ਪੇਸ਼ ਕੀਤਾ। ਮੰਚ ਸੰਚਾਲਕ ਦੇ ਫਰਜ ਸ਼੍ਰੀ ਰਿਸ਼ਭ ਕੁਮਾਰ ਜੈਨ ਨੇ ਕੁਸ਼ਲਤਾ ਪੂਰਵਕ ਅਦਾ ਕੀਤੇ।
ਨੇੜਲੇ ਪਿੰਡ ਖੈਰਾ ਕਲਾਂ ਦੇ ਜੰਮਪਲ ਸਾਥੀ ਰਣਵੀਰ ਕੁਮਾਰ ਜੈਨ, ਦਹਿਸ਼ਤਗਰਦੀ ਦੇ ਦੌਰ ‘ਚ ਕਮਿਊਨਿਸਟ ਲਹਿਰ ਵੱਲ ਆਕਰਸ਼ਿਤ ਹੋਏ ਸਨ ਅਤੇ 1994 ‘ਚ ਸੀਪੀਆਈ (ਐਮ) ਦੇ ਮੈਂਬਰ ਬਣੇ ਸਨ। ਆਪ ਨਵੀਂ ਬਣੀ ਸੀਪੀਐਮ ਪੰਜਾਬ ਤੇ ਆਰ.ਐਮ.ਪੀ.ਆਈ. ਦੇ ਸੰਸਥਾਪਕ ਆਗੂ ਸਨ। ਪਾਰਟੀ ਦੇ ਪਸਾਰ ਤੇ ਮਜ਼ਬੂਤੀ ਲਈ ਉਨ੍ਹਾਂ ਨੇ ਸ਼ਾਨਦਾਰ ਯੋਗਦਾਨ ਪਾਇਆ ਸੀ। ਲੱਗਭਗ ਤਿੰਨ ਦਹਾਕਿਆਂ ਦੇ ਬੇਦਾਗ ਸਿਆਸੀ ਜੀਵਨ ਦੌਰਾਨ ਜਿੱਥੇ ਉਨ੍ਹਾਂ ਸੰਸਾਰ ਕਿਰਤੀ ਦੀ ਬੰਦ ਖਲਾਸੀ ਦੇ ਫਲਸਫੇ, ਮਾਰਕਸੀ-ਲੈਨਿਨੀ ਸਿਧਾਂਤ ਦੀ ਡੱਟਵੀਂ ਪਹਿਰਾਬਰਦਾਰੀ ਕੀਤੀ ਉੱਥੇ ਨਾਲ ਹੀ ਪਰਿਵਾਰਕ ਤੇ ਸਮਾਜਿਕ ਫਰਜ਼ ਵੀ ਬਾਖੂਬੀ ਅਦਾ ਕੀਤੇ।
ਇਸ ਮੌਕੇ ਮਾਰਕੀਟ ਕਮੇਟੀ ਬਠਿੰਡਾ ਦੇ ਸਾਬਕਾ ਚੇਅਰਮੈਨ ਸ਼੍ਰੀ ਮੋਹਨ ਲਾਲ ਝੁੰਬਾ, ਜੈਨ ਸਭਾ ਪੰਜਾਬ ਦੇ ਅਹੁਦੇਦਾਰ ਸ਼੍ਰੀ ਧਰਮਿੰਦਰ ਜੈਨ, ਜੈਨ ਸਭਾ ਸਿਰਸਾ ਦੇ ਪ੍ਰਧਾਨ ਮਨੋਹਰ ਲਾਲ ਜੈਨ, ਨਾਮਵਰ ਪੱਤਰਕਾਰ ਨਾਰਾਇਣ ਗਰਗ ਤੇ ਸੰਦੀਪ ਸਿੰਗਲਾ ਤੋਂ ਇਲਾਵਾ ਕਿਸਾਨ ਆਗੂ ਮੰਗਤ ਰਾਮ ਕਰੰਡੀ ਤੇ ਕੇਵਲ ਸਿੰਘ ਫੂਸ ਮੰਡੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਆਗੂ ਮਨਦੀਪ ਸਿੰਘ ਸੰਧੂ, ਡਾਕਟਰ ਕ੍ਰਿਸ਼ਨ ਕੁਮਾਰ ਉੱਪਲ, ਕਾਮਰੇਡ ਦਰਸ਼ਨ ਸਿੰਘ ਵੀ ਮੌਜੂਦ ਸਨ।
ਵਿਛੜੇ ਸਾਥੀ ਸੁਪਤਨੀ ਸੁਨੀਤਾ ਰਾਣੀ ਅਤੇ ਸਪੁੱਤਰ ਸ਼੍ਰੀ ਅਭਿਨੰਦਨ ਜੈਨ ਨੇ ਪਾਰਟੀ ਤੇ ਧਾਰਮਿਕ-ਸਮਾਜਿਕ ਸੰਸਥਾਵਾਂ ਨੂੰ ਮਾਲੀ ਇਮਦਾਦ ਵੀ ਦਿੱਤੀ।