Now Reading
ਡੀਐੱਸਪੀ ਦਫ਼ਤਰ ਅੱਗੇ ਲਗਾਇਆ ਧਰਨਾ ਦੂਜੇ ਦਿਨ ‘ਚ ਦਾਖ਼ਲ

ਡੀਐੱਸਪੀ ਦਫ਼ਤਰ ਅੱਗੇ ਲਗਾਇਆ ਧਰਨਾ ਦੂਜੇ ਦਿਨ ‘ਚ ਦਾਖ਼ਲ


ਬਾਬਾ ਬਕਾਲਾ ਸਾਹਿਬ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਤਹਿਸੀਲ ਇਕਾਈ ਬਾਬਾ ਬਕਾਲਾ ਸਾਹਿਬ ਵੱਲੋਂ ਸਥਾਨਕ ਡੀਐੱਸਪੀ ਦਫ਼ਤਰ ਸਾਹਮਣੇ ਲੱਗਾ ਪੱਕਾ ਮੋਰਚਾ ਅੱਜ ਦੂਸਰੇ ਦਿਨ ਸਫਲਤਾ ਨਾਲ ਜਾਰੀ ਰਿਹਾ, ਜਿਸ ਦੀ ਅਗਵਾਈ ਨਿਰਮਲ ਸਿੰਘ ਭਿੰਡਰ, ਪਲਵਿੰਦਰ ਸਿੰਘ ਮਹਿਸਮਪੁਰ ਨੇ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਸਰਵ ਸਾਥੀ ਅਮਰੀਕ ਸਿੰਘ ਦਾਊਦ, ਗੁਰਮੇਜ ਸਿੰਘ ਤਿੰਮੋਵਾਲ, ਗੁਰਨਾਮ ਸਿੰਘ ਭਿੰਡਰ, ਹਰਪ੍ਰੀਤ ਸਿੰਘ ਬੁਟਾਰੀ ਨੇ ਕਿਹਾ ਕਿ ਹਲਕੇ ਦੀ ਪੁਲਿਸ ਹਲਕਾ ਵਿਧਾਇਕ ਦੇ ਇਸਾਰਿਆਂ ਤੇ ਕੰਮ ਕਰਦਿਆਂ ਗਰੀਬ ਲੋਕਾਂ ਨਾਲ ਬੇਇਨਸਾਫੀ ਕਰ ਰਹੀ ਹੈ। ਉਨ੍ਹਾਂ ਕਿਹਾ ਪਿੰਡ ਟੌਂਗ ਦੇ ਗਰੀਬ ਪਰਿਵਾਰ ਦੀਆਂ ਔਰਤਾਂ ਨੂੰ ਇਨਸਾਫ਼ ਦੇਣ ਦੀ ਬਜਾਏ ਪੀੜਤਾਂ ਖਿਲਾਫ਼ ਹੀ ਪਰਚਾ ਦਰਜ ਕੀਤਾ ਸੀ ਜਿਸ ਸਬੰਧੀ ਪਾਰਟੀ ਵੱਲੋਂ ਸੰਘਰਸ਼ ਵਿੱਢਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਵੱਲੋਂ ਮਾਨਯੋਗ ਅਦਾਲਤ ਵਿੱਚ ਜਮਾਨਤ ਲਈ ਚਾਰਾਜੋਈ ਕੀਤੀ ਪਰ ਪੁਲਿਸ ਵੱਲੋਂ ਹਰ ਤਰੀਕ ਤੇ ਅਧੂਰਾ ਰਿਕਾਰਡ ਪੇਸ਼ ਕੀਤਾ ਜਾਂਦਾ ਰਿਹਾ ਜਿਸ ਕਾਰਨ ਉਹਨਾਂ ਦੀਆਂ ਜਮਾਨਤਾਂ ਨਹੀਂ ਹੋ ਸਕੀਆਂ ਜੋ ਕਿ ਬਹੁਤ ਵੱਡੀ ਨਾਇਨਸਾਫੀ ਹੈ। ਆਗੂਆਂ ਨੇ ਕਿਹਾ ਨਜਾਇਜ਼ ਪਰਚਾ ਰੱਦ ਕਰਵਾਉਣ ਅਤੇ ਦੋਸ਼ੀਆਂ ਖ਼ਿਲਾਫ਼ ਪਰਚਾ ਦਰਜ ਕਰਵਾਉਣ ਤੱਕ ਮੋਰਚਾ ਜਾਰੀ ਰਹੇਗਾ।
ਇਸ ਮੌਕੇ ਸਵਿੰਦਰ ਸਿੰਘ ਖਹਿਰਾ, ਕੇਵਲ ਸਿੰਘ ਸੱਤੋਵਾਲ, ਅਮਰੀਕ ਸਿੰਘ ਟਾਂਗਰਾ, ਸੁਰਜੀਤ ਸਿੰਘ ਤਲਵੰਡੀ, ਹਰਭਜਨ ਸਿੰਘ ਫੇਰੂਮਾਨ, ਪਰਗਟ ਸਿੰਘ ਟੌਂਗ ਆਦਿ ਆਗੂਆਂ ਨੇ ਸੰਬੋਧਨ ਕੀਤਾ। ਜਿਕਰਯੋਗ ਪਾਰਟੀ ਦੇ 90 ਸਾਲ ਉਮਰ ਦੇ ਆਗੂ ਕਾਮਰੇਡ ਅਜੀਤ ਸਿੰਘ ਵਡਾਲਾ ਕਲਾਂ ਨੇ ਮੋਰਚਾ ਜਿੱਤਣ ਤੱਕ ਹਾਜਰ ਰਹਿਣ ਦਾ ਪ੍ਰਣ ਕੀਤਾ।

Scroll To Top