
ਬਾਬਾ ਬਕਾਲਾ ਸਾਹਿਬ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੇ ਵਰਕਰਾਂ ਵਲੋਂ ਸਥਾਨਕ ਸਿਵਲ ਹਸਪਤਾਲ ਦੇ ਦਫਤਰ ਸਾਹਮਣੇ ਰੋਸ ਮੁਜਾਹਰਾ ਕੀਤਾ, ਜਿਸਦੀ ਅਗਵਾਈ ਗੁਰਮੇਜ ਸਿੰਘ ਤਿੰਮੋਵਾਲ ਅਤੇ ਗੁਰਨਾਮ ਸਿੰਘ ਭਿੰਡਰ ਨੇ ਕੀਤੀ।
ਇਸ ਮੌਕੇ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਗੁਰਨਾਮ ਸਿੰਘ ਦਾਊਦ, ਸੂਬਾ ਕਮੇਟੀ ਮੈਂਬਰਾਂ ਬਲਦੇਵ ਸਿੰਘ ਸੈਦਪੁਰ, ਅਮਰੀਕ ਸਿੰਘ ਦਾਊਦ ਨੇ ਕਿਹਾ ਹਲਕੇ ਦੇ ਪਿੰਡ ਟੌਂਗ ਵਿੱਚ 21 ਜੂਨ ਨੂੰ ਪਰਮਜੀਤ ਕੌਰ ਅਤੇ ਨਰਿੰਦਰ ਕੌਰ ਨਾਂ ਦੀਆਂ ਮਜ਼ਦੂਰ ਔਰਤਾਂ ਨੂੰ ਕਥਿਤ ਤੌਰ ’ਤੇ ਜਗਰੂਪ ਸਿੰਘ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਵੱਲੋਂ ਲੋਹੇ ਦੀਆਂ ਰਾਡਾਂ ਨਾਲ ਸੱਟਾਂ ਮਾਰੀਆਂ ਅਤੇ ਬਾਹਾਂ ਤੋੜ ਦਿੱਤੀਆਂ। ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਦੇ ਸਟਾਫ ਅਤੇ ਐੱਸਐੱਮਓ ਵੱਲੋਂ 24 ਦਿਨ ਬੀਤ ਜਾਣ ਉਪਰੰਤ ਵੀ ਐੱਮਐੱਲਆਰ ਨਹੀਂ ਦਿੱਤੀ, ਉਨ੍ਹਾਂ ਕਿਹਾ ਕਿ ਇਹ ਸਭ ਕੁਝ ਹਲਕਾ ਵਿਧਾਇਕ ਦੀ ਸ਼ਹਿ ’ਤੇ ਹੋ ਰਿਹਾ ਹੈ।
ਅੱਜ ਲੋਕ ਸ਼ਕਤੀ ਦੇ ਦਬਾਅ ਹੇਠ ਐੱਸਐੱਮਓ ਵਲੋਂ ਸੱਟਾਂ ਦੇ ਨਤੀਜੇ ਦੀਆਂ ਕਾਪੀਆਂ ਦੇਣ ਉਪਰੰਤ ਰੋਸ ਮੁਜ਼ਾਹਰਾ ਸਮਾਪਤ ਕੀਤਾ ਗਿਆ। ਇਸ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਬੁਟਾਰੀ, ਰਸ਼ਪਾਲ ਸਿੰਘ ਬੁਟਾਰੀ, ਸਵਿੰਦਰ ਸਿੰਘ ਖਹਿਰਾ, ਸੁਰਜੀਤ ਸਿੰਘ ਤਲਵੰਡੀ, ਸ਼ੰਗਾਰਾ ਸਿੰਘ ਸੁਧਾਰ, ਪਰਗਟ ਸਿੰਘ ਟੌਂਗ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਪੀੜਤਾਂ ਨੂੰ ਇਨਸਾਫ਼ ਦਿਵਾਉਣ ਤਿੱਖਾ ਸੰਘਰਸ਼ ਕੀਤਾ ਜਾਵੇਗਾ।