Now Reading
ਸਰਾਭੇ ਦੇ ਜਨਮ ਦਿਵਸ ਮੌਕੇ ਪ੍ਰਭਾਵਸ਼ਾਲੀ ਨੌਜਵਾਨ-ਵਿਦਿਆਰਥੀ ਕਨਵੈਨਸ਼ਨ ਤੇ ਮਾਰਚ

ਸਰਾਭੇ ਦੇ ਜਨਮ ਦਿਵਸ ਮੌਕੇ ਪ੍ਰਭਾਵਸ਼ਾਲੀ ਨੌਜਵਾਨ-ਵਿਦਿਆਰਥੀ ਕਨਵੈਨਸ਼ਨ ਤੇ ਮਾਰਚ


ਜਲੰਧਰ: ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ (ਐੱਸਬੀਵਾਈਐੱਫ.) ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀਐੱਸਐੱਫ) ਵਲੋਂ ਅੱਜ ਇਥੋਂ ਦੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਪ੍ਰਭਾਵਸ਼ਾਲੀ ਸੂਬਾ ਪੱਧਰੀ ਨੌਜਵਾਨ-ਵਿਦਿਆਰਥੀ ਕਨਵੈਨਸ਼ਨ ਕੀਤੀ ਗਈ। ਗ਼ਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਹਾੜੇ ਮੌਕੇ ਕੀਤੀ ਇਸ ਕਨਵੈਨਸ਼ਨ ਦੀ ਸਮਾਪਤੀ ’ਤੇ ਬਹੁਤ ਹੀ ਪ੍ਰਭਾਵਸ਼ਾਲੀ ਮਾਰਚ ਵੀ ਕੀਤਾ ਗਿਆ।
ਹਾਜ਼ਰ ਪ੍ਰਤੀਨਿਧਾਂ ਨੇ ਸਰਵ ਸੰਮਤੀ ਨਾਲ ਪ੍ਰਵਾਨ ਕੀਤੇ ਇਕ ਮਤੇ ਰਾਹੀਂ ਘਾਤਕ ਸਮਾਜੀ ਅਲਾਮਤ ਬਣ ਚੁੱਕੀ ਬੇਰੁਜ਼ਗਾਰੀ, ਜਾਨ ਲੇਵਾ ਨਸ਼ਾ ਕਾਰੋਬਾਰ, ਗਰੀਬਾਂ ਤੇ ਕਮਜ਼ੋਰ ਵਰਗਾਂ ਨੂੰ ਸਿਖਿਆ ਤੋਂ ਮਹਿਰੂਮ ਕਰਨ ਵਾਲੀ ਨਵੀਂ ਸਿੱਖਿਆ ਨੀਤੀ, ਮਾਫੀਆ ਲੁੱਟ, ਅਪਰਾਧਿਕ ਵਾਰਦਾਤਾਂ ਖਿਲਾਫ਼ ਤਿੱਖਾ, ਬੱਝਵਾਂ ਲੋਕ ਘੋਲ ਵਿੱਢਣ ਦਾ ਨਿਰਣਾ ਲਿਆ ਹੈ।
ਇਕ ਵੱਖਰੇ ਮਤੇ ਰਾਹੀਂ ਭਾਰਤ-ਪਾਕਿ ਦਰਮਿਆਨ ਜੰਗੀ ਜਨੂੰਨ ਭੜਕਾਏ ਜਾਣ ਦੇ ਕੋਝੇ ਯਤਨਾਂ ਦੀ ਨਿਖੇਧੀ ਕਰਦਿਆਂ ਅਮਨ ਕਾਇਮੀ ਲਈ ਬੱਝਵੇਂ, ਨਿੱਗਰ ਯਤਨ ਕਰਨ ਲਈ ਸਰਹੱਦੀ ਖੇਤਰਾਂ ’ਚ ਕਨਵੈਨਸ਼ਨਾਂ ਸੱਦਣ ਦਾ ਫੈਸਲਾ ਲਿਆ ਗਿਆ ਹੈ।
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸਥਾਪਨਾ ਦਿਵਸ ਨੂੰ ਸਮਰਪਿਤ, ਇਸ ਕਨਵੈਨਸ਼ਨ ਦਾ ਮਨੋਰਥ ਸਾਂਝਾ ਕਰਦਾ ਮੁੱਖ ਮਤਾ ਮੰਚ ਸੰਚਾਲਕ ਅਜੈ ਫਿਲੌਰ ਨੇ ਰੱਖਿਆ। ਇਸਦੀ ਵਿਆਖਿਆ ਸੂਬਾਈ ਪ੍ਰਧਾਨ ਮਨਜਿੰਦਰ ਢੇਸੀ ਅਤੇ ਜਨਰਲ ਸਕੱਤਰ ਧਰਮਿੰਦਰ ਸਿੰਘ ਮੁਕੇਰੀਆਂ ਨੇ ਕੀਤੀ। ਪ੍ਰਧਾਨਗੀ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਨੇ ਕੀਤੀ।
ਪੀਐੱਸਐੱਫ ਦੇ ਸੂਬਾਈ ਕਨਵੀਨਰ ਗਗਨਦੀਪ ਸਰਦੂਲਗੜ੍ਹ, ਕੋ ਕਨਵੀਨਰ ਰਵਿੰਦਰ ਰਵੀ ਲੋਹਗੜ੍ਹ, ਪੰਜਾਬੀ ’ਵਰਸਿਟੀ ਪਟਿਆਲਾ ਦੀ ਵਿਦਿਆਰਥੀ ਆਗੂ ਕੰਚਨ, ਜਤਿੰਦਰ ਕੁਮਾਰ ਫਰੀਦਕੋਟ, ਸੁਲੱਖਣ ਸਿੰਘ ਤੁੜ, ਅੰਮਿ੍ਰਤ ਮੱਲੂ ਨੰਗਲ, ਲਾਜ਼ਰ ਲਾਖਣਾ, ਵਿਕਰਮ ਮੰਢਾਲਾ ਨੇ ਮੁੱਖ ਮਤੇ ਦੀ ਰੋਸ਼ਨੀ ’ਚ ਵਿਚਾਰ ਸਾਂਝੇ ਕੀਤੇ। ਇਸ ਮੌਕੇ ਮੱਖਣ ਸੰਗਰਾਮੀ, ਗੁਰਦੀਪ ਬੇਗਮਪੁਰ, ਸੁਖਦੇਵ ਸਿੰਘ ਜਵੰਦਾ, ਅਜੈ ਕੁਮਾਰ ਲੁਧਿਆਣਾ, ਦਲਵਿੰਦਰ ਕੁਲਾਰ, ਬੌਬੀ ਗੋਇੰਦਵਾਲ ਸਾਹਿਬ, ਸਰਬਜੀਤ ਹੈਰੀ, ਹਰਪ੍ਰੀਤ ਅਲਿਕਾ ਹਰਿਆਣਾ ਵੀ ਸਟੇਜ ’ਤੇ ਬਿਰਾਜਮਾਨ ਸਨ।
ਬੇਰੁਜ਼ਗਾਰੀ ਦੇ ਖਾਤਮੇ, ਬੇਰੁਜ਼ਗਾਰੀ ਭੱਤੇ ਦੀ ਪ੍ਰਾਪਤੀ ਅਤੇ ਨਸ਼ਾ ਕਾਰੋਬਾਰ ਨੂੰ ਮੁਕੰਮਲ ਠੱਲ੍ਹ ਪਾਏ ਜਾਣ ਲਈ ਸਾਰੇ ਜਿਲ੍ਹਿਆਂ ਅੰਦਰ ਰੋਸ ਐਕਸ਼ਨ ਲਾਮਬੰਦ ਕੀਤੇ ਜਾਣ ਦਾ ਵੀ ਨਿਰਣਾ ਲਿਆ ਗਿਆ ਹੈ।
ਦੋਨਾਂ ਸੰਗਠਨਾਂ ਦੀ ਸਾਂਝੀ ਕੇਂਦਰੀ ਮੰਗ, “ਬਰਾਬਰ ਵਿੱਦਿਆ ਸਿਹਤ ਤੇ ਰੁਜ਼ਗਾਰ ਸਭ ਨੂੰ ਹੋਵੇ ਇਹ ਅਧਿਕਾਰ’’ ਦੀ ਪ੍ਰਾਪਤੀ ਲਈ ਪਿੰਡਾਂ-ਸ਼ਹਿਰਾਂ ਅੰਦਰ ਮੈਂਬਰਸ਼ਿਪ ਮੁਹਿੰਮ ਚਲਾਉਣ ਅਤੇ ਲੋਕਲ ਕਮੇਟੀਆਂ ਕਾਇਮ ਕਰਨ ਦੀ ਵਿਉਂਤਬੰਦੀ ਕੀਤੀ ਗਈ ਹੈ।
ਉਚੇਚੇ ਪੁੱਜੇ ਜਮਹੂਰੀ ਲਹਿਰ ਦੇ ਨਾਮਵਰ ਆਗੂ, ਦੇਸ਼ ਭਗਤ ਯਾਦਗਾਰ ਜਲੰਧਰ ਦੇ ਟਰੱਸਟੀ ਸਾਥੀ ਮੰਗਤ ਰਾਮ ਪਾਸਲਾ ਨੇ ਗ਼ਦਰੀ ਸੂਰਬੀਰਾਂ ਵਲੋਂ ਸੁਤੰਤਰਤਾ ਸੰਗਰਾਮ ਦੌਰਾਨ ਅਤੇ ਪਿਛੋਂ ਕਿਰਤੀ-ਕਿਸਾਨਾਂ ਦੀ ਪੁੱਗਤ ਵਾਲਾ ਸਮਾਜਵਾਦੀ ਨਿਜ਼ਾਮ ਕਾਇਮ ਕਰਨ ਲਈ ਕੀਤੀਆਂ ਗਈਆਂ ਬੇਮਿਸਾਲ ਕੁਰਬਾਨੀਆਂ ਨੂੰ ਸਿਜਦਾ ਕਰਦਿਆਂ ਨੌਜਵਾਨਾਂ ਨੂੰ ਉਨ੍ਹਾਂ ਦੇ ਦਿਖਾਏ ਰਾਹ ’ਤੇ ਚੱਲਣ ਦੀ ਅਪੀਲ ਕੀਤੀ।
ਸਾਥੀ ਪਾਸਲਾ ਨੇ ਜ਼ੋਰ ਦੇ ਕੇ ਕਿਹਾ ਕਿ ਮਾਨਵਤਾ ਦੇ ਕਲਿਆਣ ਦਾ ਟੀਚਾ ਹਾਸਲ ਕਰਨ ਲਈ ਗ਼ਦਰੀ ਬਾਬਿਆਂ ਦੀ ਸਮਾਜਿਕ ਤਬਦੀਲੀ ਨੂੰ ਸਮਰਪਿਤ ਪ੍ਰਗਤੀਵਾਦੀ ਸੋਚ, ਮਾਨਵਤਾਵਾਦੀ ਜਜ਼ਬਾ ਅਤੇ ਧਰਮ ਨਿਰਪੱਖ ਨਜ਼ਰੀਆ ਅਜੋਕੀ ਨੌਜਵਾਨੀ ਦੇ ਮੱਥੇ ਦਾ ਸ਼ਿੰਗਾਰ ਬਣਨਾ ਚਾਹੀਦਾ ਹੈ।

Scroll To Top