Now Reading
ਸਾਮਰਾਜ ਭਗਤੀ ਦੀ ਉਘੜਵੀਂ ਮਿਸਾਲ ਹਨ ਸਾਵਰਕਰ ਦੇ ਮੁਆਫ਼ੀਨਾਮੇ

ਸਾਮਰਾਜ ਭਗਤੀ ਦੀ ਉਘੜਵੀਂ ਮਿਸਾਲ ਹਨ ਸਾਵਰਕਰ ਦੇ ਮੁਆਫ਼ੀਨਾਮੇ

ਡਾ. ਕਰਮਜੀਤ ਸਿੰਘ
ਸਾਵਰਕਰ ਬਾਰੇ ਘੜ੍ਹੀਆਂ ਜਾ ਰਹੀਆਂ ਮਿੱਥਾਂ ਕਿ : ‘ਸਾਵਰਕਰ ਇਕ ਲੀਜੈਂਡਰੀ ਸੁਤੰਤਰਤਾ ਸੈਨਾਨੀ ਸੀ, ਉਸਨੇ ਜੀਵਨ ਦਾ ਬਹੁਤਾ ਹਿੱਸਾ ਸੈਲੂਲਰ ਜੇਲ੍ਹ ਵਿਚ ਬਿਤਾਇਆ, ਉਸ ਵੱਲੋਂ ਲਿਖੇ ਗਏ ਮੁਆਫ਼ੀਨਾਮੇ ਜੇਲ੍ਹ ’ਚੋਂ ਬਾਹਰ ਆਉਣ ਲਈ ਵਰਤੀ ਗਈ ਹੁਸ਼ਿਆਰੀ ਸੀ, ਸਾਵਰਕਰ ਮੁਸਲਿਮ ਲੀਗ ਖਿਲਾਫ਼ ਚੱਟਾਨ ਵਾਂਗ ਖੜ੍ਹਾ ਸੀ, ਸਾਵਰਕਰ ਇਕ ਤਰਕਸ਼ੀਲ ਸੀ ਜੋ ਅਛੂਤਪੁਣੇ ਦੇ ਖਿਲਾਫ਼ ਲੜਿਆ, ਗਾਂਧੀ ਕਤਲ ਕੇਸ ਵਿਚ ਉਸਦੀ ਸ਼ਮੂਲੀਅਤ ਸਾਬਿਤ ਨਹੀਂ ਹੋ ਸਕੀ ਅਤੇ ਸਾਵਰਕਰ ਦੇ ਹਿੰਦੁਤਵ ਭਾਰਤੀ ਰਾਸ਼ਟਰਵਾਦ ਦਾ ਅਧਾਰ ਵਿਗਿਆਨਕ ਸੀ’ ਆਦਿ ਸਾਰੇ ਮੁੱਦਿਆਂ ’ਤੇ ਲੰਮੀ ਵਿਚਾਰ-ਚਰਚਾ ਕੀਤੀ ਜਾ ਸਕਦੀ ਹੈ। ਪਰ ਇਥੇ ਅਸੀਂ ਮੁੱਖ ਰੂਪ ਵਿਚ ਉਸਦੇ ਮੁਆਫ਼ੀਨਾਮਿਆਂ ਦੀ ਅਸਲੀਅਤ ਬਾਰੇ ਚਰਚਾ ਕਰਾਂਗੇ। ਜਦੋਂ ਦੀ ਬੀ. ਜੇ. ਪੀ. ਆਪਣੇ ਬਲਬੂਤੇ ’ਤੇੇ ਸੱਤਾ ਵਿਚ ਆਈ ਹੈ, ਉਹ ਆਰ. ਐਸ. ਐਸ. ਦੇ ਏਜੰਡੇ ਮੁਤਾਬਿਕ ਮਨੂੰਵਾਦੀ ਵਿਵਸਥਾ ਦੀ ਪੁਨਰ ਸਥਾਪਤੀ ਲਈ ਹਿੰਦੀ-ਹਿੰਦੂ-ਹਿੰਦੁਸਤਾਨ ਦੀ ਪਾਲਿਸੀ ਉੱਪਰ ਲਗਾਤਾਰ ਅੱਗੇ ਵੱਧਣ ਲਈ ਯਤਨਸ਼ੀਲ ਹੈ। ਇਸ ਲਈ ਉਹ ਘੱਟ ਗਿਣਤੀ ਮੁਸਲਮਾਨਾਂ ਅਤੇ ਈਸਾਈਆਂ ਨੂੰ ਮਨਫ਼ੀ ਕਰਨ ਜਾਂ ਹਾਸ਼ੀਏ ਤੋਂ ਬਾਹਰ ਧੱਕਣ ਲਈ ਹਰ ਹਰਬਾ ਵਰਤ ਰਹੀ ਹੈ। ਸਿੱਖਾਂ ਨੂੰ ਹਿੰਦੂ ਮੰਨ ਕੇ ਉਨ੍ਹਾਂ ਨਾਲ਼ ਹਾਲ ਦੀ ਘੜੀ ਵੱਖਰੇ ਢੰਗ ਨਾਲ਼ ਸਿੱਝ ਰਹੀ ਹੈ। ਇਵੇਂ ਹੀ ਗਾਂਧੀ, ਡਾ. ਅੰਬੇਡਕਰ, ਸਰਦਾਰ ਪਟੇਲ ਆਦਿ ਦੀ ਵਿਚਾਰਧਾਰਾ ਨੂੰ ਖੰੁਢਿਆਂ ਕਰਕੇ ਫਿਰਕੂ ਧਰੁਵੀਕਰਨ ਅਤੇ ਵੋਟ ਦੀ ਰਾਜਨੀਤੀ ਲਈ ਵਰਤਣ ਵਾਸਤੇ ਪੂਰਾ ਟਿੱਲ ਲਾ ਰਹੀ ਹੈ। ਨਾਲ ਹੀ ਇਸ ਕਲੰਕ ਤੋਂ ਬਚਣ ਲਈ ਕਿ ਆਰ. ਐਸ. ਐਸ. ਦਾ ਆਜ਼ਾਦੀ ਦੀ ਲੜਾਈ ਵਿਚ ਕੋਈ ਯੋਗਦਾਨ ਨਹੀਂ ਸੀ, ਉਹ ਨਕਲੀ ਸਵਤੰਤਰਤਾ ਸੈਨਾਨੀਆਂ ਨੂੰ ਅਗਾਂਹ ਲਿਆ ਰਹੀ ਹੈ। ਇਸ ਪ੍ਰਵਿਰਤੀ ਦਾ ਸਭ ਤੋਂ ਉਘੜਵਾਂ ਉਦਾਹਰਣ ਸਾਵਰਕਰ ਦਾ ਪਾਰਲੀਮੈਂਟ ਹਾਊਸ ਵਿਚ ਬੁੱਤ ਸਥਾਪਿਤ ਕਰਨ, ਸੈਲੂਲਰ ਜੇਲ੍ਹ ਵਿਚ ਸਾਵਰਕਰ ਦੀ ਕੋਠੜੀ ਨੂੰ ਧਿਆਨ ਦੇ ਕੇਂਦਰ ਵਿਚ ਲਿਆਉਣ ਅਤੇ ਹਵਾਈ ਅੱਡੇ ਦਾ ਨਾਂ ਉਸਦੇ ਨਾਂ ’ਤੇ ਰੱਖਣ ਅਤੇ ਉਸ ਉੱਪਰ ਲੱਗੇ ਧੱਬਿਆਂ ਨੂੰ ਧੋਣ ਲਈ ਉਪਰ ਬਿਆਨੀਆਂ ਮਿੱਥਾਂ ਘੜਨ ਦੀ ਪ੍ਰਕਿਰਿਆ ਆਦਿ ਰਾਹੀਂ ਵੇਖਿਆ ਜਾ ਸਕਦਾ ਹੈ।
ਸਾਵਰਕਰ ਬਾਰੇ ਲਿਖਣ ਵਾਲੇ ਵਿਦਵਾਨ ਉਸਦੇ ਜੀਵਨ ਦੇ ਦੋ ਪੜਾਅ ਮੰਨਦੇ ਹਨ। ਪਹਿਲੇ ਪੜਾਅ ’ਤੇ ਸਵਾਰਕਰ ਸਾਂਝੇ ਭਾਰਤੀ ਰਾਸ਼ਟਰ ਲਈ ਸੰਘਰਸ਼ਸ਼ੀਲ ਵਿਖਾਈ ਦਿੰਦਾ ਹੈ, ਜਿਸਦੀ ਆਜ਼ਾਦੀ ਲਈ ਹਿੰਦੂ-ਮੁਸਲਿਮ ਸਾਰੇ ਮਿਲ ਕੇ ਬਿ੍ਰਟਿਸ਼ ਸਾਮਰਾਜ ਵਿਰੁੱਧ ਲੜੇ ਸਨ ।ਇਹੀ ਕਾਰਣ ਹੈ ਕਿ ਜਦੋਂ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਹਿਰਾਸਤ ਵਿਚ ਲਿਆ ਜਾਂਦਾ ਹੈ ਤਾਂ ਉਨ੍ਹਾਂ ਦੇ ਟਿਕਾਣਿਆਂ ਤੋਂ ਸਾਵਰਕਰ ਦੀ 1857 ਦੇ ਸੁਤੰਤਰਤਾ ਸੰਗ੍ਰਾਮ ਬਾਰੇ ਲਿਖੀ ਗਈ ਪੁਸਤਕ ਫੜੀ ਜਾਂਦੀ ਹੈ। ਦੂਜੇ ਪੜਾਅ ’ਤੇ ਸਾਵਰਕਰ ਹਿੰਦੁਤਵ ਵਲ ਪਰਤਦਾ ਹੈ ਅਤੇ ਸਿਰਫ਼ ਤੇ ਸਿਰਫ਼ ਹਿੰਦੂਆਂ ਨੂੰ ਸੰਗਠਿਤ ਕਰਨ ਵਲ ਮੋੜਾ ਕੱਟਦਾ ਹੈ। ਹੁਣ ਉਹ ਹਿੰਦੂ-ਮੁਸਲਿਮ ਸਾਂਝ ਦੀ ਵਿਚਾਰਧਾਰਾ ਦਾ ਨਿਰਾਦਰ ਤੇ ਨਿਖੇਧ ਕਰਦਾ ਹੈ। ਇਸ ਪੜਾਅ ’ਤੇ ਉਹ ਹਿੰਦੂ ਵੱਖਵਾਦ ਦੇ ਅਵਤਾਰ ਦੇ ਰੂਪ ਵਿਚ ਅੰਗਰੇਜ਼ਾਂ ਸਾਹਮਣੇ ਗੋਡੇ ਟੇਕ ਦਿੰਦਾ ਹੈ। ਸੰਪ੍ਰਦਾਇਕ ਰਾਹ ’ਤੇ ਦੌੜਦਿਆਂ ਉਹ ਸਾਮਰਾਜ ਵਿਰੋਧੀ ਸੰਘਰਸ਼ਾਂ ਨੂੰ ਪਿੱਠ ਦਿਖਾ ਦਿੰਦਾ ਹੈ। ਮਾਨਿਨੀ ਚੈਟਰਜੀ ਨੇ ਆਪਣੇ ਲੇਖ ‘ਕਾਲੇ ਪਾਣੀ ਦੀ ਕਥਾ’ (ਦਾ ਕਾਲਾ ਪਾਣੀ ਸਟੋਰੀ) ਵਿਚ ਲਿਖਿਆ ਹੈ, ‘‘ਜੇਲ੍ਹ ਤੋਂ ਰਿਹਾਅ ਹੋ ਕੇ ਸਾਵਰਕਰ ਨੇ ਆਪਣੇ ਭੂਤਕਾਲ ਤੋਂ ਤਲਾਕ ਲੈ ਲਿਆ ਅਤੇ ਹਿੰਦੂ ਰਾਸ਼ਟਰ ਦਾ ਭਵਿੱਖੀ ਨਕਸ਼ਾ (ਬਲਿਊ ਪਿ੍ਰੰਟ) ਬਣਾਉਣ ਲੱਗ ਪਿਆ। ਉਸਦਾ ਅੰਗ੍ਰੇਜ਼ਾਂ ਖਿਲਾਫ਼ ਗੁੱਸਾ ਹੁਣ ਬਿਨਾਸ਼ਕਾਰੀ ਵਿਦੇਸ਼ੀ ਰਾਜ ਦੀ ਥਾਂ ਪੁੰਨਯ ਭੂਮੀ ਅਤੇ ਪਿੱਤਰ ਭੂਮੀ ਦੇ ਰੂਪ ਵਿਚ ਵਟ ਗਿਆ ਜਿਸ ਵਿਚ ਗੈਰ-ਹਿੰਦੂ ਕੌਮਾਂ ਨੂੰ ਬਾਹਰੀ ਕੌਮਾਂ ਗਰਦਾਨ ਦਿੱਤਾ ਗਿਆ। ਖ਼ੁਦੀ ਰਾਮ ਬੋਸ, ਸੂਰਯ ਸੇਨ, ਅਸ਼ਫਾਕਉੱਲਾ ਖਾਨ ਅਤੇ ਭਗਤ ਸਿੰਘ ਆਦਿ ਜਿਨ੍ਹਾਂ ਨੇ ਨੌਜਵਾਨਾਂ ਦੀਆਂ ਪੀੜ੍ਹੀਆਂ ਨੂੰ ਸੁਤੰਤਰਤਾ ਸੰਗ੍ਰਾਮ ਵਲ ਤੋਰਿਆ, ਦੇ ਉਲਟ ਅੰਡੇਮਾਨ ਜੇਲ੍ਹ ’ਚੋਂ ਰਿਹਾ ਹੋਣ ਤੋਂ ਬਾਅਦ ਸਾਵਰਕਰ, ਨੱਥੂ ਰਾਮ ਗੌਡਸੇ ਵਰਗਿਆਂ ਨੂੰ ਪ੍ਰਭਾਵਿਤ ਕਰਦਾ ਹੈ।’’
ਉਹ ਆਪਣੇ ਗਿਣੇ-ਚੁਣੇ ਸ਼ਾਗਿਰਦਾਂ ਨੂੰ ਇਕ ਈਸ਼ਵਰ, ਇਕ ਦੇਸ਼ ਅਤੇ ਇਕ ਨਿਸ਼ਾਨਾ, ਇਕ ਨਸਲ, ਇਕ ਜ਼ਿੰਦਗੀ ਅਤੇ ਇਕ ਭਾਸ਼ਾ ਦੀ ਸਹੰੁ ਚੁਕਾਉਦਾ ਹੈ। ਉਹ ਭੁੱਲ ਜਾਂਦਾ ਹੈ ਕਿ ਸੈਲੂਲਰ ਜੇਲ੍ਹ ਵਿਚ ਹਿੰਦੂਆਂ ਨੇ ਹੀ ਤਸੀਹੇ ਨਹੀਂ ਸਨ ਝੱਲੇ ਸਗੋਂ ਮੁਸਲਮਾਨਾਂ, ਸਿੱਖਾਂ ਤੇ ਹੋਰਨਾਂ ਧਰਮਾਂ ਨੂੰ ਮੰਨਣ ਵਾਲੇ ਲੋਕ ਵੀ ਇਨ੍ਹਾਂ ਤਸੀਹਿਆਂ ਦੇ ਸ਼ਿਕਾਰ ਹੋਏ ਸਨ। ਸਾਵਰਕਰ ਦੇ ਪੈਰੋਕਾਰ ਇਹ ਦੱਸਣ ਦਾ ਯਤਨ ਕਰਦੇ ਹਨ ਕਿ ਸੈਲੂਲਰ ਜੇਲ੍ਹ ਵਿਚ ਮੁਸਲਿਮ ਲੋਕਾਂ ਹੱਥੋਂ ਸਜ਼ਾਵਾਂ ਸਹਿਣ ਕਾਰਣ ਸਾਵਰਕਰ ਆਪਣੇ-ਆਪ ਨੂੰ ਸੰਘਰਸ਼ ਤੋਂ ਵੱਖ ਕਰਦਾ ਹੈ। ਸੱਚ ਇਹ ਹੈ ਕਿ ਜੇਲ੍ਹ ਵਿਚ ਹਿੰਦੂ, ਸਿੱਖ ਅਤੇ ਈਸਾਈ ਭਾਵ ਹਰ ਧਰਮ ਨਾਲ ਸਬੰਧਤ ਵਾਰਡਨ ਸਨ ਜੋ ਸਰਕਾਰੀ ਹੁਕਮਾਂ ਤਹਿਤ ਕੈਦੀਆਂ ਉੱਪਰ ਤਸ਼ੱਦਦ ਕਰਦੇ ਸਨ। ਇਸ ਲਈ ਸਾਵਰਕਰਵਾਦੀਆਂ ਦਾ ਪੱਖ ਝੂਠ ਦਾ ਪੁਲੰਦਾ ਬਣ ਜਾਂਦਾ ਹੈ। ਅਸਲ ਵਿਚ ਸਾਵਰਕਰ ਅੰਗ੍ਰੇਜ਼ਾਂ ਦੇ ਹਿੰਦੂ-ਮੁਸਲਿਮ ਏਕਤਾ ਨੂੰ ਤੋੜਨ ਦੇ ਯਤਨਾਂ ਵਿਚ ਉਨ੍ਹਾਂ ਨਾਲ ਖੜ੍ਹਦਾ ਹੈ। ਸ਼ਮਸੁਲ ਇਸਲਾਮ ਦਾ ਕਥਨ ਮਹੱਤਵਪੂਰਨ ਹੈ ਕਿ, ‘‘ਅਸਹਿਯੋਗ ਅੰਦੋਲਨ ਆਪਣੇ ਸਿਖ਼ਰ ’ਤੇ ਸੀ ਜਿਸ ਵਿਚ ਹਿੰਦੂ-ਮੁਸਲਿਮ ਏਕਤਾ ਵੀ ਬੜੀ ਪੀਡੀ ਸੀ। ਬਿ੍ਰਟਿਸ਼ ਸਾਮਰਾਜੀ ਇਸ ਤੱਥ ਤੋਂ ਘਬਰਾ ਉੱਠੇ ਸਨ। ਉਹ ਅਜਿਹੇ ਆਗੂ ਦੀ ਭਾਲ਼ ਵਿਚ ਸਨ ਜੋ ਦੋਨਾਂ ਦੀ ਏਕਤਾ ਨੂੰ ਤੋੜ ਸਕੇ। ਸਾਵਰਕਰ ਜੋ ਹਿੰਦੁਤਵ ਦੇ ਸਿਧਾਂਤ ’ਤੇ ਕੰਮ ਕਰ ਰਿਹਾ ਸੀ ਉਨ੍ਹਾਂ ਲਈ ਬੜੇ ਕੰਮ ਦਾ ਬੰਦਾ ਸੀ। ਉਂਝ ਤਾਂ ਜੇਲ੍ਹ ’ਚੋਂ ਛੁੱਟਣ ਤੋਂ ਪਿੱਛੋਂ ਸਾਵਰਕਰ ’ਤੇ ਕਿਸੇ ਵੀ ਤਰ੍ਹਾਂ ਦੀ ਰਾਜਨੀਤਿਕ ਸਰਗਰਮੀ ਕਰਨ ਉੱਪਰ ਬੈਨ ਸੀ। ਪਰ ਉਸ ਦੀਆਂ ਹਿੰਦੁਤਵ ਦੀਆਂ ਸਰਗਰਮੀਆਂ ਨੂੰ ਸਰਕਾਰ ਜਾਣ-ਬੁੱਝ ਕੇ ਅੱਖੋਂ ਪਰੋਖੇ ਕਰ ਰਹੀ ਸੀ।’’
ਸਾਵਰਕਰਵਾਦੀ ਇਸ ਵਿਚਾਰ ਦਾ ਫੈਲਾਅ ਵੱਡੇ ਪੱਧਰ ’ਤੇ ਕਰ ਰਹੇ ਹਨ ਕਿ ਉਸ ਦੇ ਮੁਆਫ਼ੀਨਾਮੇ ਜੇਲ੍ਹ ਤੋਂ ਰਿਹਾ ਹੋ ਕੇ ਭਾਰਤ ਨੂੰ ਆਜ਼ਾਦ ਕਰਵਾਉਣ ਦੇ ਸੰਘਰਸ਼ਾਂ ਨੂੰ ਤੇਜ਼ ਕਰਨ ਦਾ ਇਕ ਪੈਂਤੜਾ ਸਨ। ਸਾਵਰਕਰਵਾਦੀ ਤਾਂ ਉਸਦੇ ਮੁਆਫ਼ੀਨਾਮਿਆਂ ਦੀ ਸ਼ਿਵਾਜੀ ਵੱਲੋਂ ਔਰੰਗਜੇਬ ਦੀ ਕੈਦ ਵਿਚੋਂ ਛੁੱਟਣ ਦੇ ਪੈਂਤੜੇ ਨਾਲ ਹਾਸੋਹੀਣੀ ਤੁਲਨਾ ਵੀ ਕਰਦੇ ਹਨ। ਪਰ ਤੱਥ ਕੁੱਝ ਹੋਰ ਕਹਿੰਦੇ ਹਨ। ਵਿਸ਼ੇਸ਼ ਤੌਰ ’ਤੇ ਮੁਆਫ਼ੀਨਾਮਿਆਂ ਦੀ ਵਿਸ਼ਾ ਵਸਤੂ ਤਾਂ ਅਜਿਹਾ ਕੋਈ ਸੰਕੇਤ ਨਹੀਂ ਦਿੰਦਾ, ਸਗੋਂ ਉਸ ਦੀਆਂ ਪਟੀਸ਼ਨਾਂ ਮੁਆਫ਼ੀ ਲਈ ਲੇਲ੍ਹੜੀਆਂ ਕੱਢਣ ਵਾਲੇ ਬੰਦੇ ਦਾ ਬਿੰਬ ਪੇਸ਼ ਕਰਦੀਆਂ ਹਨ। ਗਵਰਨਰ ਜਨਰਲ ਦੀ ਕੌਂਸਲ ਦੇ ਮੈਂਬਰ ਸਰ ਰੈਜੀਨੈਡਲ ਕੈਡੌਕ ਦੀ ਅੰਡੇਮਾਨ ਫੇਰੀ ਸਮੇਂ ਸਾਵਰਕਰ ਨੇ ਉਸ ਸਾਹਵੇਂ ਨਿੱਜੀ ਤੌਰ ’ਤੇ ਪੇਸ਼ ਹੋ ਕੇ ਜੋ ਪਟੀਸ਼ਨ ਦਿੱਤੀ, ਉਸਦਾ ਪਾਠ ਇਉ ਹੈ :
‘‘ਮੈਂ ਤੁਹਾਡੇ ਧਿਆਨ ਹਿੱਤ ਹੇਠ ਲਿਖੇ ਨੁਕਤੇ ਪੇਸ਼ ਕਰਨਾ ਚਾਹਾਂਗਾ :

  1. ਜਦੋਂ ਮੈਂ ਜੂਨ 1911 ਵਿਚ ਏਥੇ ਆਇਆ ਸੀ ਤਾਂ ਮੈਨੂੰ ਆਪਣੀ ਪਾਰਟੀ ਦੇ ਦੂਸਰੇ ਦੋਸ਼ੀਆਂ ਨਾਲ਼ ਚੀਫ਼ ਕਮਿਸ਼ਨਰ ਦੇ ਦਫ਼ਤਰ ਲਿਜਾਇਆ ਗਿਆ। ਓਥੇ ਮੈਨੂੰ ‘ਡੀ’ ਕਲਾਸ ਦਿੱਤੀ ਗਈ, ਜਿਸਦਾ ਅਰਥ ਖ਼ਤਰਨਾਕ ਕੈਦੀ ਹੁੰਦਾ ਹੈ, ਬਾਕੀ ਦੋਸ਼ੀਆਂ ਨੂੰ ‘ਡੀ’ ਕਲਾਸ ਵਿਚ ਨਹੀਂ ਰੱਖਿਆ ਗਿਆ। ਮੈਨੂੰ ਪੂਰੇ ਛੇ ਮਹੀਨੇ ਇਕੱਲਿਆਂ ਕੋਠੜੀ ਵਿਚ ਰਹਿਣਾ ਪਿਆ। ਜਦ ਕਿ ਦੂਸਰਿਆਂ ਨੂੰ ਅਜਿਹਾ ਕੁੱਝ ਨਹੀਂ ਭੋਗਣਾ ਪਿਆ। ਮੈਨੂੰ ਹੱਥਾਂ ਨਾਲ ਸੁੱਕੇ ਨਾਰੀਅਲ ਛਿਲਣ ’ਤੇ ਲਾਇਆ ਗਿਆ, ਜਿਸ ਨਾਲ਼ ਮੇਰੇ ਹੱਥਾਂ ਵਿਚੋਂ ਖ਼ੂਨ ਚੋਣ ਲੱਗ ਪਿਆ। ਫਿਰ ਮੈਨੂੰ ਕੋਹਲੂ ਗੇੜਨ ’ਤੇ ਲਾਇਆ ਗਿਆ। ਇਹ ਜੇਲ੍ਹ ਵਿਚ ਸਭ ਤੋਂ ਸਖ਼ਤ ਸਜ਼ਾ ਹੈ। ਭਾਵੇਂ ਇਸ ਸਮੇਂ ਦੌਰਾਨ ਮੇਰਾ ਵਿਹਾਰ ਬੜਾ ਸ਼ਾਨਦਾਰ ਸੀ ਫਿਰ ਵੀ ਮੈਨੂੰ ਛੇ ਮਹੀਨੇ ਤੋਂ ਬਾਅਦ ਵੀ ਜੇਲ੍ਹ ਨਹੀਂ ਭੇਜਿਆ ਗਿਆ। ਜਦੋਂ ਕਿ ਮੇਰੇ ਨਾਲ ਦੇ ਕੈਦੀਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਉਸ ਸਮੇਂ ਤੋਂ ਲੈ ਕੇ ਹੁਣ ਤਕ ਮੈਂ ਆਪਣੇ ਵਿਹਾਰ ਨੂੰ ਜਿੰਨਾ ਸੰਭਵ ਹੋ ਸਕਿਆ ਠੀਕ ਰੱਖਿਆ।
  2. ਜਦੋਂ ਮੈਂ ਉਨਤੀ ਲਈ ਅਰਜ਼ੀ ਦਿੱਤੀ ਤਾਂ ਮੈਨੂੰ ਕਿਹਾ ਗਿਆ ਕਿ ਮੈਂ ਖ਼ਾਸ ਕਲਾਸ ਦਾ ਕੈਦੀ ਹਾਂ ਇਸ ਲਈ ਮੈਨੂੰ ਜੇਲ੍ਹ ਨਹੀਂ ਭੇਜਿਆ ਜਾ ਸਕਦਾ। ਜਦੋਂ ਸਾਡੇ ਵਿਚੋਂ ਕੋਈ ਚੰਗੇ ਖਾਣੇ ਅਤੇ ਚੰਗੇ ਵਿਹਾਰ ਲਈ ਕਹਿੰਦਾ ਤਾਂ ਸਾਨੂੰ ਦੱਸਿਆ ਜਾਂਦਾ ਕਿ, ‘‘ਤੁਸੀਂ ਆਮ ਦੋਸ਼ੀ ਹੋ ਇਸ ਲਈ ਤੁਹਾਨੂੰ ਉਹੀ ਕੁਝ ਖਾਣਾ ਪਵੇਗਾ ਜੋ ਦੂਸਰੇ ਖਾਂਦੇ ਹਨ।’’ ਇਸ ਲਈ ਜਨਾਬ ਇਹ ਦੇਖਣਗੇ ਕਿ ਸਾਨੂੰ ਵਿਸ਼ੇਸ਼ ਰਿਅਇਤਾਂ ਤੋਂ ਵਿਰਵਾ ਰੱਖਣ ਲਈ ਹੀ ਖ਼ਾਸ ਕੈਦੀਆਂ ਦਾ ਦਰਜਾ ਦਿੱਤਾ ਗਿਆ ਹੈ।
  3. ਜਦੋਂ ਕਿ ਮੇਰੇ ਨਾਲ਼ ਦੇ ਸਾਥੀਆਂ ਨੂੰ ਬਾਹਰ ਭੇਜਿਆ ਗਿਆ ਤਾਂ ਮੈਂ ਵੀ ਛੁੱਟਣ ਦੀ ਅਰਜ਼ੀ ਦਿੱਤੀ। ਭਾਵੇਂ ਮੈਨੂੰ ਦੋ-ਤਿੰਨ ਵਾਰ ਹੀ ਕੋੜੇ ਮਾਰੇ ਗਏ, ਪਰ ਜਿਨ੍ਹਾਂ ਨੂੰ ਛੱਡਿਆ ਗਿਆ ਉਨ੍ਹਾਂ ਨੂੰ ਦਰਜਨਾਂ ਤੋਂ ਵੱਧ ਵਾਰ ਕੋੜਿਆਂ ਦੀ ਸਜ਼ਾ ਮਿਲੀ ਸੀ। ਫਿਰ ਵੀ ਮੈਨੂੰ ਉਨ੍ਹਾਂ ਨਾਲ ਨਹੀਂ ਛੱਡਿਆ ਗਿਆ ਭਾਵੇਂ ਮੈਂ ਉਨ੍ਹਾਂ ਜਿੰਨਾ ਹੀ ਦੋਸ਼ੀ ਸਾਂ। ਜਦੋਂ ਬਾਅਦ ਵਿਚ ਮੇਰੀ ਰਿਹਾਈ ਦੇ ਹੁਕਮ ਹੋਏ ਅਤੇ ਜਦੋਂ ਕੁਝ ਰਾਜਨੀਤਿਕ ਕੈਦੀਆਂ ਨੇ ਕਈ ਮੁਸੀਬਤਾਂ ਅੰਦਰ ਲਿਆਂਦੀਆਂ ਤਾਂ ਮੈਨੂੰ ਵੀ ਉਨ੍ਹਾਂ ਨਾਲ਼ ਅੰਦਰ ਬੰਦ ਕਰ ਦਿੱਤਾ ਗਿਆ ਕਿਉਕਿ ਮੇਰਾ ਕੇਸ ਵੀ ਉਨ੍ਹਾਂ ਵਾਲਾ ਸੀ।
  4. ਜੇ ਮੈਂ ਭਾਰਤੀ ਜੇਲ੍ਹ ਵਿਚ ਹੁੰਦਾ ਤਾਂ ਮੈਨੂੰ ਹੁਣ ਤਕ ਕਈ ਛੋਟਾਂ ਮਿਲ ਜਾਂਦੀਆਂ, ਮੈਂ ਘਰ ਨੂੰ ਵਧੇਰੇ ਖ਼ਤ ਲਿਖ ਸਕਦਾ ਅਤੇ ਪੈਰੋਲ ’ਤੇ ਬਾਹਰ ਜਾ ਸਕਦਾ। ਓਥੇ ਵੀ ਜੇਕਰ ਮੇਰਾ ਵਿਹਾਰ ਸਾਦਾ ਤੇ ਚੰਗਾ ਹੁੰਦਾ ਤਾਂ ਮੈਂ ਹੁਣ ਤਕ ਇਸ ਜੇਲ੍ਹ ਵਿਚੋਂ ਛੁੱਟ ਗਿਆ ਹੁੰਦਾ ਤੇ ਮੈਂ ਛੁੱਟੀਆਂ ਆਦਿ ਬਾਰੇ ਸੋਚ ਰਿਹਾ ਹੁੰਦਾ। ਪਰ ਹੁਣ ਮੈਨੂੰ ਨਾ ਤਾਂ ਭਾਰਤੀ ਜੇਲ੍ਹ ਵਾਲੇ ਅਤੇ ਨਾ ਹੀ ਇਸ ਵਿਦੇਸ਼ੀ ਕਲੋਨੀ ਦੇ ਨਿਯਮਾਂ ਅਨੁਸਾਰ ਫ਼ਾਇਦੇ ਮਿਲੇ ਹਨ। ਮੈਨੂੰ ਦੋਨਾਂ ਵੱਲੋਂ ਹੱਥ ਧੋਣੇ ਪਏ ਹਨ।
  5. ਇਸ ਲਈ ਜਨਾਬ ਇਸ ਵਿਸੰਗਤ ਸਥਿਤੀ ਦਾ ਅੰਤ ਕਰਨ ਜਿਸ ਵਿਚ ਮੈਨੂੰ ਪਾਇਆ ਗਿਆ ਹੈ। ਜਾਂ ਤਾਂ ਮੈਨੂੰ ਭਾਰਤੀ ਜੇਲ੍ਹਾਂ ਵਿਚ ਭੇਜਿਆ ਜਾਵੇ ਅਤੇ ਮੇਰੇ ਨਾਲ ਦੂਸਰੇ ਕੈਦੀਆਂ ਵਾਲਾ, ਤਬਦੀਲੀ ਕਰਨ ਵਾਲ਼ਾ ਵਿਹਾਰ ਕੀਤਾ ਜਾਵੇ। ਮੈਂ ਕਿਸੇ ਪਹਿਲ ’ਤੇ ਅਧਾਰਿਤ ਵਿਹਾਰ ਦੀ ਮੰਗ ਨਹੀਂ ਕਰ ਰਿਹਾ। ਜਦੋਂ ਕਿ ਮੇਰਾ ਰਾਜਨੀਤਿਕ ਕੈਦੀ ਹੋਣ ਦੇ ਨਾਤੇ ਵਿਸ਼ਵਾਸ਼ ਹੈ ਕਿ ਅਜਿਹਾ ਕੁਝ ਦੁਨੀਆਂ ਦੇ ਕਿਸੇ ਵੀ ਸੁਲਝੇ (ਸਿਵੀਲਾਈਕੁਡ ਐਡਮਿਨਸਟ੍ਰੇਸ਼ਨ) ਦੇਸ਼ ਵਿਚ ਵੀ ਇਹ ਆਸ ਕੀਤੀ ਜਾ ਸਕਦੀ ਹੈ। ਮੈਂ ਤਾਂ ਉਹ ਛੋਟਾਂ ਅਤੇ ਸਹੂਲਤਾਂ ਦੀ ਮੰਗ ਕਰ ਰਿਹਾ ਹਾਂ ਜਿਹੜੀਆਂ ਸਭ ਤੋਂ ਵੱਡੇ ਦੋਸ਼ੀ ਅਤੇ ਸਦੀਵੀ ਅਪਰਾਧੀ ਨੂੰ ਵੀ ਮਿਲਦੀਆਂ ਹਨ। ਮੈਨੂੰ ਜੇਲ੍ਹ ਵਿਚ ਸਦਾ ਲਈ ਡੱਕੇ ਰੱਖਣ ਦੀ ਯੋਜਨਾ ਮੈਨੂੰ ਜ਼ਿੰਦਗੀ ਅਤੇ ਆਸ਼ਾ ਦੀ ਸੰਭਾਵਨਾ ਤੋਂ ਨਿਰਾਸ਼ਾ ਵਲ ਧੱਕ ਰਹੀ ਹੈ। ਅਪਰਾਧੀ ਮੰਨੇ ਗਿਆਂ ਲਈ ਵੱਖਰੀ ਤਰ੍ਹਾਂ ਦਾ ਵਿਹਾਰ ਹੈ। ਪਰ ਸ਼੍ਰੀਮਾਨ ਜੀ ਮੈਂ 50 ਸਾਲ ਦਾ ਹੋ ਰਿਹਾ ਹਾਂ। ਮੇਰੀ ਸਦਾਚਾਰਕ ਸ਼ਕਤੀ ਕਿਵੇਂ ਜੇਲ੍ਹ ਵਿਚ ਰਹਿਣਾ ਸਹਿ ਸਕਦੀ ਹੈ? ਜਦੋਂ ਕਿ ਹੋਰ ਰਿਆਇਤਾਂ ਬੁਰੇ ਤੋਂ ਬੁਰੇ ਅਪਰਾਧੀਆਂ ਨੂੰ ਮਿਲ਼ ਸਕਦੀਆਂ ਹਨ ਅਤੇ ਉਹ ਆਪਣੀ ਜ਼ਿੰਦਗੀ ਸਹਿਜ ਵਿਚ ਜਿਉਦੇ ਹਨ, ਪਰ ਮੇਰੇ ਲਈ ਇਨ੍ਹਾਂ ਸਹੂਲਤਾਂ ਤੋਂ ਇਨਕਾਰ ਕੀਤਾ ਜਾਂਦਾ ਹੈ। ਜਾਂ ਤਾਂ ਮੈਨੂੰ ਭਾਰਤੀ ਜੇਲ੍ਹ ਵਿਚ ਭੇਜ ਦਿੱਤਾ ਜਾਵੇ ਤਾਂ ਕਿ ਮੈਨੂੰ (ੳ) ਛੋਟ ਮਿਲ ਸਕੇ, (ਅ) ਮੇਰੇ ਸੰਬੰਧੀਆਂ ਨੂੰ ਹਰ ਤਿੰਨ ਮਹੀਨੇ ਬਾਅਦ ਮੈਨੂੰ ਮਿਲਣ ਦੀ ਇਜਾਜ਼ਤ ਮਿਲ ਸਕੇ। ਜਿਹੜੇ ਬਦਕਿਸਮਤ ਜੇਲ੍ਹ ਵਿਚ ਹਨ ਉਹ ਹੀ ਜਾਣ ਸਕਦੇ ਹਨ ਕਿ ਆਪਣਿਆਂ ਨੂੰ ਕਦੇ-ਕਦਾਈਂ ਮਿਲਣਾ ਕਿੰਨਾ ਸੁਭਾਗਾ ਹੁੰਦਾ ਹੈ। (ੲ) ਇਹ ਸਦਾਚਾਰਕ ਅਧਿਕਾਰ ਹੈ, ਕਾਨੂੰਨੀ ਅਧਿਕਾਰ ਭਾਵੇਂ ਨਾ ਹੋਵੇ ਕਿ 14 ਸਾਲ ਬਾਅਦ ਜੇਲ੍ਹ ਤੋਂ ਰਿਹਾਈ ਹੋਵ,ੇ (ਸ) ਹੋਰ ਵੱਧ ਚਿੱਠੀਆਂ ਦੇ ਅਦਾਨ-ਪ੍ਰਦਾਨ ਅਤੇ ਹੋਰ ਛੋਟੇ-ਮੋਟੇ ਫ਼ਾਇਦੇ ਵੀ ਮਿਲ਼ ਸਕਣ।
    ਜੇਕਰ ਮੈਨੂੰ ਭਾਰਤ ਨਹੀਂ ਭੇਜਿਆ ਜਾ ਸਕਦਾ ਤਾਂ ਮੈਨੂੰ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਦੂਸਰੇ ਅਪਰਾਧੀਆਂ ਵਾਂਗ 5 ਸਾਲਾਂ ਬਾਅਦ ਟਿਕਟ ਸਮੇਤ ਛੁੱਟੀ ਮਿਲੇ ਤਾਂ ਕਿ ਮੈਂ ਆਪਣੇ ਪਰਿਵਾਰ ਨੂੰ ਏਥੇ ਬੁਲਾ ਸਕਾਂ। ਜੇ ਇਹ ਛੁੱਟੀ ਮਿਲ ਸਕਦੀ ਹੈ ਤਾਂ ਫਿਰ ਵੀ ਇਕ ਇਤਰਾਜ਼ ਬਾਕੀ ਰਹਿੰਦਾ ਹੈ ਕਿ ਮੇਰੀਆਂ ਗ਼ਲਤੀਆਂ ਕਾਰਣ ਮੈਨੂੰ ਹੀ ਜ਼ਿੰਮੇਂਵਾਰ ਠਹਿਰਾਇਆ ਜਾਵੇੇ, ਦੂਸਰਿਆਂ ਨੂੰ ਨਹੀਂ। ਇਹ ਤਰਸ ਦੀ ਸਥਿਤੀ ਹੈ-ਕਿ ਹਰ ਇਨਸਾਨ ਦਾ ਮੁਢਲਾ ਅਧਿਕਾਰ ਹੈ, ਕਿ ਇਕ ਪਾਸੇ ਤਾਂ 20 ਰਾਜਨੀਤਿਕ ਕੈਦੀ ਹਨ ਜੋ ਨੌਜਵਾਨ ਐਕਟਿਵ ਅਤੇ ਮਨਚਲੇ ਹਨ ਅਤੇ ਦੂਜੇ ਪਾਸੇ ਅਪਰਾਧੀ ਕਲੋਨੀ ਦੇ ਨਿਯਮ ਹਨ ਜੋ ਆਜ਼ਾਦੀ ਅਤੇ ਪ੍ਰਗਟਾਵੇ ਨੂੰ ਹੇਠਲੀ ਤੋਂ ਹੇਠਲੀ ਪੱਧਰ ਤਕ ਲੈ ਜਾਂਦੇ ਹਨ (ਭਾਵ ਉਨ੍ਹਾਂ ਨੂੰ ਪ੍ਰਗਟਾਵੇ ਦੀ ਆਜ਼ਾਦੀ ਨਾ ਮਾਤਰ ਹੈ)। ਇਸ ਲਈ ਇਹ ਸੁਭਾਵਿਕ ਹੈ ਕਿ ਇਹ ਲੋਕ ਕਦੇ-ਕਦੇ ਨਿਯਮਾਂ ਦੀ ਉਲੰਘਣਾ ਵੀ ਕਰ ਦਿੰਦੇ ਹਨ। ਜੇਕਰ ਸਾਰੇ ਉਸ ਲਈ ਜ਼ਿੰਮੇਂਵਾਰ ਠਹਿਰਾਏ ਜਾਣਗੇ ਜਿਵੇਂ ਕਿ ਹੁਣ ਕੀਤਾ ਗਿਆ ਹੈ ਤਾਂ ਬਹੁਤ ਘੱਟ ਮੌਕੇ ਹਨ ਕਿ ਮੈਂ ਬਾਹਰ ਰਹਿ ਸਕਾਂਗਾ।
    ਅੰਤ ਵਿਚ ਮੈਂ ਜਨਾਬ ਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਉੱਪਰ ਦਇਆ ਕਰਨ ਵਾਲ਼ੀ ਉਸ ਅਰਜ਼ੀ ’ਤੇ ਵਿਚਾਰ ਕੀਤਾ ਜਾਵੇ ਜੋ ਮੈਂ ਜਨਾਬ ਨੂੰ 1911 ਵਿਚ ਭੇਜੀ ਸੀ ਅਤੇ ਇਸ ਨੂੰ ਭਾਰਤੀ ਸਰਕਾਰ ਨੂੰ ਭੇਜਣ ਦੀ ਇਜਾਜ਼ਤ ਦਿੱਤੀ ਜਾਵੇ। ਹੁਣ ਦੇ ਭਾਰਤੀ ਰਾਜਨੀਤੀ ਵਿਚ ਹੋਏ ਪਰਿਵਰਤਨਾਂ ਅਤੇ ਸਰਕਾਰ ਦੀ ਮੇਲ-ਜੋਲ ਦੀ ਪਾਲਿਸੀ ਨੇ ਸੰਵਿਧਾਨਕ ਲਾਈਨ ’ਤੇ ਇਕ ਵਾਰ ਫਿਰ ਮੋੜਾ ਕੱਟਿਆ ਹੈ। ਹੁਣ ਭਾਰਤ ਦਾ ਭਲਾ ਚਾਹੁਣ ਵਾਲਾ ਅਤੇ ਦਿਲੋਂ ਮਾਨਵਵਾਦੀ ਸੋਚ ਵਾਲਾ ਜਾਣ ਬੁੱਝ ਕੇ ਅੰਨੇ੍ਹਵਾਹ ਕੰਡਿਆਂ ਦਾ ਰਾਹ ਨਹੀਂ ਚੁਣੇਗਾ। ਜਿਵੇਂ ਕਿ 1906-1907 ਵਿਚ ਬੇਆਸ ਸਥਿਤੀ ਵਿਚ ਸਾਨੂੰ ਪ੍ਰਗਤੀ ਦੇ ਰਾਹ ਤੋਂ ਭਟਕਾਇਆ ਗਿਆ ਸੀ। ਇਸ ਲਈ ਸਰਕਾਰ ਨੂੰ, ਮੈਨੂੰ ਬਣਦੇ ਲਾਭ ਦਿੰਦੇ ਹੋਏ ਅਤੇ ਮਿਹਰਬਾਨੀ ਕਰਕੇ ਛੱਡ ਦੇਣਾ ਚਾਹੀਦਾ ਹੈ। ਮੇਰੇ ਜਿੰਨਾ ਸੰਵਿਧਾਨਕ ਪ੍ਰਗਤੀ ਦਾ ਕੱਟੜ ਸਮਰਥੱਕ ਕੋਈ ਨਹੀਂ ਹੋ ਸਕਦਾ ਅਤੇ ਨਾ ਹੀ ਅੰਗ੍ਰੇਜ਼ੀ ਸਰਕਾਰ ਦਾ ਐਨਾ ਵਫ਼ਾਦਾਰ ਹੋ ਸਕਦਾ ਹੈ। ਇਹ ਸਥਿਤੀ ਪ੍ਰਗਤੀ ਦੀ ਪਹਿਲੀ ਸ਼ਰਤ ਹੈ-
    ਜਿੰਨਾ ਚਿਰ ਅਸੀਂ ਜੇਲ੍ਹ ਵਿਚ ਹਾਂ ਉਨਾਂ ਚਿਰ ਮਹਾਮਹਿਮ ਦੇ ਭਾਰਤ ਵਿਚ ਹਜ਼ਾਰਾਂ ਘਰਾਂ ਦੀ ਅਸਲੀ ਖੁਸ਼ੀ ਵਾਪਿਸ ਨਹੀਂ ਆ ਸਕਦੀ ਕਿਉਕਿ ਖੂਨ ਪਾਣੀ ਨਾਲੋਂ ਵਧੇਰੇ ਗਾੜ੍ਹਾ ਹੁੰਦਾ ਹੈ। ਜੇ ਅਸੀਂ ਲੋਕਾਂ ਨੂੰ ਰਿਹਾਅ ਕਰਾਂਗੇ ਤਾਂ ਲੋਕ ਮਨੋਂ ਸਰਕਾਰ ਦਾ ਸ਼ੁਕਰਾਨਾ ਕਰਦੇ ਹੋਏ ਬਾਘੀਆਂ ਪੌਣਗੇ। ਸਰਕਾਰ ਜੋ ਠੀਕ ਨੂੰ ਮੁਆਫ਼ ਕਰਨਾ ਜਾਣਦੀ ਹੈ ਤੇ ਜਾਣਦੀ ਹੈ ਕਿ ਬਦਲੇ ਨੂੰ ਠੰਢਾ ਕਿਵੇਂ ਕੀਤਾ ਜਾ ਸਕਦਾ ਹੈ। ਇਸਤੋਂ ਵੀ ਵੱਧ ਮੇਰੀ ਸੰਵਿਧਾਨਕ ਤਰੀਕੇ ਵਲ ਤਬਦੀਲੀ ਉਨ੍ਹਾਂ ਭੱਟਕੇ ਭਾਰਤੀ ਤੇ ਵਿਦੇਸ਼ੀ ਨੌਜਵਾਨਾਂ ਨੂੰ ਵਾਪਿਸ ਧਾਰਾ ਵਿਚ ਲਿਆਵੇਗੀ ਜੋ ਮੈਨੂੰ ਆਪਣਾ ਗੁਰੂ ਮੰਨਦੇ ਹਨ।
    ਮੈਂ ਸਰਕਾਰ ਦੀ ਕਿਸੇ ਵੀ ਪੱਧਰ ’ਤੇ ਹਰ ਉਹ ਸੇਵਾ ਕਰਨ ਲਈ ਤਿਆਰ ਹਾਂ ਜੋ ਉਸਨੂੰ ਪਸੰਦ ਹੋਵੇ, ਕਿਉਕਿ ਮੇਰਾ ਪਰਿਵਰਤਨ ਇਮਾਨਦਾਰ ਜ਼ਮੀਰ ਵਾਲ਼ਾ ਹੈ ਅਤੇ ਭਵਿੱਖ ਵਿਚ ਵੀ ਮੇਰਾ ਵਿਹਾਰ ਇਹੀ ਰਹੇਗਾ। ਮੈਨੂੰ ਜੇਲ੍ਹ ਵਿਚ ਰੱਖ ਕੇ ਉਹ ਕੁਝ ਨਹੀਂ ਮਿਲੇੇਗਾ ਜੋ ਮੈਨੂੰ ਰਿਹਾ ਕਰ ਕੇ ਮਿਲ ਸਕਦਾ ਹੈ। ਸ਼ਕਤੀਸ਼ਾਲੀ ਹੀ ਦਇਆਵਾਨ ਹੋ ਸਕਦਾ ਹੈ। ਫ਼ਜ਼ੂਲ ਖ਼ਰਚ ਪੁੱਤਰ ਸਰਕਾਰੀ ਮਾਪਿਆਂ ਦੇ ਦਰ ਤੋਂ ਇਲਾਵਾ ਹੋਰ ਜਾ ਵੀ ਕਿੱਥੇ ਸਕਦਾ ਹੈ? ਆਸ ਹੈ ਕਿ ਜਨਾਬ ਮੇਰੇ ਇਨ੍ਹਾਂ ਨੁਕਤਿਆਂ ਨੂੰ ਹਮਦਰਦੀ ਨਾਲ ਵਿਚਾਰਨਗੇ।’’
    ਸ਼ਮਸੁਲ ਇਸਲਾਮ ਅਨੁਸਾਰ ਸਾਵਰਕਰ ਤੋਂ ਇਲਾਵਾ ਹਰੀਸ਼ੀ ਕੇਸ਼ ਕਾਂਜੀਲਾਲ, ਬਰਿੰਦਰ ਕੁਮਾਰ ਘੋਸ਼ (ਅਰਬਿੰਦੋ ਘੋਸ਼ ਦਾ ਭਰਾ) ਅਤੇ ਨੰਦ ਗੋਪਾਲ ਨੇ ਵੀ ਮੁਆਫ਼ੀਆਂ ਦੀਆਂ ਅਰਜ਼ੀਆਂ ਪਾਈਆਂ ਸਨ ਪਰ ਨਿੱਜੀ ਆਜ਼ਾਦੀ ਪਾਉਣ ਲਈ ਇਨਕਲਾਬੀ ਰਾਹ ਛੱਡਣ ਦਾ ਵਾਸਤਾ ਸਿਰਫ਼ ਸਾਵਰਕਰ ਅਤੇ ਬਰਿੰਦਰ ਕੁਮਾਰ ਨੇ ਹੀ ਪਾਇਆ ਸੀ। ਬਰਿੰਦਰ ਕੁਮਾਰ ਵੀ ਆਜ਼ਾਦੀ ਸੰਘਰਸ਼ ਵਾਲਿਆਂ ਨੂੰ ਕੁਰਾਹੇ ਪਏ ਨੌਜਵਾਨ ਕਹਿੰਦਾ ਹੈ। ਉਸ ਅਨੁਸਾਰ ‘‘ਮੈਂ ਆਪਣੇ-ਆਪ ਨੂੰ ਓਥੇ ਰੱਖਾਂਗਾ ਜਿਥੇ ਮਹਾਮਹਿਮ ਮੈਨੂੰ ਰਹਿਣ ਲਈ ਕਹਿਣਗੇ, ਮੈਂ ਕਿਸੇ ਵੀ ਅੰਦੋਲਨ ਤੋਂ ਬਾਹਰ ਰਹਾਂਗਾ ਤੇ ਉਨ੍ਹਾਂ ਦੀ ਹਰ ਇੱਛਾ ਅਨੁਸਾਰ ਕੰਮ ਕਰਾਂਗਾ। ਇਸ ਤੋਂ ਵੱਧ ਮੈਂ ਇਸ ਅਰਜ਼ੀ ਵਿਚ ਹੋਰ ਕੁਝ ਨਹੀਂ ਕਹਿ ਸਕਦਾ।’’ ਸਾਵਰਕਰ ਦੀ 1920 ਵਿਚ ਲਿਖੀ ਅਰਜ਼ੀ ਵੀ ਸਾਬਿਤ ਕਰ ਦਿੰਦੀ ਹੈ ਕਿ ਉਸਨੇ ਬਿ੍ਰਟਿਸ਼ ਸਰਕਾਰ ਸਾਹਮਣੇ ਗੋਡੇ ਟੇਕ ਦਿੱਤੇ ਸਨ। ਉਸਦਾ ਪਾਠ ਕਰ ਲੈਣਾ ਵੀ ਜ਼ਰੂਰੀ ਹੈ :
    ਸੈਲੂਲਰ ਜੇਲ੍ਹ ਪੋਰਟ ਬਲੇਅਰ 30 ਮਾਰਚ, 1920
    ਸੇਵਾ ਵਿਖੇ,
    ਚੀਫ਼ ਕਮਿਸ਼ਨਰ ਅੰਡੇਮਾਨ ਟਾਪੂ ਸਰਕਾਰ ਦੇ ਗ੍ਰਹਿ ਵਿਭਾਗ ਦੇ ਸਨਮਾਨਯੋਗ ਮੈਂਬਰ ਦੀ ਹੁਣੇ ਦਿੱਤੀ ਸਟੇਟਮੈਂਟ ਅਨੁਸਾਰ ‘ਸਰਕਾਰ ਕਿਸੇ ਵੀ ਵਿਅਕਤੀ ਦੇ ਕਾਗਜ਼ ਵਿਚਾਰਨ ਲਈ ਤਿਆਰ ਹੈ ਅਤੇ ਉਨ੍ਹਾਂ ਵਲ ਵਿਸ਼ੇਸ਼ ਤਵੱਜ਼ੋਂ ਦੇਣ ਲਈ ਵੀ ਤਿਆਰ ਹੈ ਜੋ ਉਨ੍ਹਾਂ ਦੇ ਸਾਹਮਣੇ ਲਿਆਏ ਜਾਂਦੇ ਹਨ।’’ ਅਤੇ ‘‘ਜਦੋਂ ਹੀ ਇਹ ਸਰਕਾਰ ਸਾਹਮਣੇ ਲਿਆਏ ਜਾਂਦੇ ਹਨ ਤਾਂ ਉਸ ਵਿਅਕਤੀ ਨੂੰ ਰਿਹਾਅ ਕੀਤਾ ਜਾ ਸਕਦਾ ਹੈ ਜਿਹੜਾ ਰਾਜ ਲਈ ਖ਼ਤਰਨਾਕ ਨਾ ਹੋਵੇ ਉਸਨੂੰ ਸਰਕਾਰ ਵੱਲੋਂ ਸ਼ਾਹੀ ਮੁਆਫ਼ੀ ਦਿੱਤੀ ਜਾ ਸਕਦੀ ਹੈ।’’ ਹੇਠਾਂ ਹਸਤਾਖ਼ਰ ਕਰਤਾ (ਸਾਵਰਕਰ) ਬਹੁਤ ਹਲੀਮੀ ਨਾਲ਼ ਬੇਨਤੀ ਕਰਦਾ ਹੈ ਕਿ ਇਸਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ ਉਸਨੂੰ ਆਪਣੇ ਕੇਸ ਨੂੰ ਆਖ਼ਰੀ ਬਾਰ ਪੇਸ਼ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਜਨਾਬ ਤੁਸੀਂ ਕਿਸੇ ਵੀ ਕੀਮਤ ’ਤੇ ਆਖਰੀ ਫ਼ਾਇਦੇ ਤੋਂ ਉਸਨੂੰ ਵਿਰਵਾ ਨਹੀਂ ਰੱਖੋਗੇ ਅਤੇ ਭਾਰਤ ਦੇ ਮਹਾਮਹਿਮ ਵਾਇਸਰਾਏ ਤਕ ਮੇਰੀ ਇਹ ਅਰਜ਼ੀ ਜ਼ਰੂਰ ਪੁੱਜਦੀ ਕਰੋਗੇ। ਮੈਨੂੰ ਤੁਸੀਂ ਸੁਣਿਆ ਹੋਇਆ ਹੈ, ਇਸੇ ਦੀ ਤਸੱਲੀ ਹੈ ਕਿ ਤੁਸੀਂ ਇਹ ਸ਼ੁਭ ਕਾਰਜ ਕਰੋਗੇ ਇਸਤੋਂ ਬਾਦ ਸਰਕਾਰ ਦਾ ਜੋ ਵੀ ਫੈਸਲਾ ਹੋਵੇ।
    ਸ਼ਾਹੀ ਫੁਰਮਾਨ ਬੜੀ ਖੁੱਲ੍ਹ ਦਿਲੀ ਨਾਲ ਦਰਜ ਕਰਦਾ ਹੈ ਕਿ ਸ਼ਾਹੀ ਮੁਆਫ਼ੀ ਹਰ ਉਸ ਸ਼ਖਸ਼ ਨੂੰ ਦਿੱਤੀ ਜਾਵੇਗੀ ਜੋ ਆਪਣੀ ਰਾਜਨੀਤਿਕ ਤਰੱਕੀ ਵਾਸਤੇ ਬੜੀ ਉਤੇਜਨਾ ਨਾਲ਼ ਕਾਨੂੰਨ ਤੋੜਨ ਦੇ ਅਪਰਾਧੀ ਵੀ ਹੋਣਗੇ।
    ਮੇਰਾ ਤੇ ਮੇਰੇ ਭਰਾ ਦਾ ਕੇਸ ਮੁਢਲੇ ਤੌਰ ’ਤੇ ਇਸੇ ਕੈਟੇਗਿਰੀ ਵਿਚ ਆਉਦਾ ਹੈ। ਨਾ ਤਾਂ ਮੈਂ ਅਤੇ ਨਾ ਹੀ ਮੇਰੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਸਰਕਾਰ ਵਿਰੁੱਧ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਹੈ, ਨਿੱਜੀ ਗਲਤੀ ਕਰਕੇ ਤੇ ਨਾ ਹੀ ਸਰਕਾਰ ਵੱਲੋਂ ਕਿਸੇ ਉਪਕਾਰ ਤੋਂ ਮਨ੍ਹਾਂ ਕਰਨ ਕਰਕੇੇ। ਮੇਰੇ ਸਾਹਮਣੇ ਬੜਾ ਸੁਨਹਿਰੀ ਕੈਰੀਅਰ ਸੀ, ਮੇਰੇ ਕੋਲ਼ ਵਿਅਕਤੀਗਤ ਤੌਰ ’ਤੇ ਅਜਿਹੇ ਖ਼ਤਰਨਾਕ ਰਾਹ ਦੀ ਚੋਣ ਤੋਂ ਮੈਨੂੰ ਕੋਈ ਫ਼ਾਇਦਾ ਨਹੀਂ ਸੀ ਸਗੋਂ ਸਭ ਕੁਝ ਗੁਆਇਆ ਜਾ ਸਕਦਾ ਸੀ। ਏਨਾ ਕਹਿਣਾ ਹੀ ਕਾਫ਼ੀ ਹੈ ਕਿ ਇਕ ਜਾਣੇ-ਮਾਣੇ ਗ੍ਰਹਿ ਵਿਭਾਗ ਦੇ ਮਾਣਯੋਗ ਮੈਂਬਰਾਂ ਨੇ 1913 ਵਿਚ ਮੈਨੂੰ ਵਿਅਕਤੀਗਤ ਤੌਰ ’ਤੇ ਕਿਹਾ ਸੀ ਕਿ- ‘‘ਅਜਿਹੀ ਸਿੱਖਿਆ ਤੇ ਐਨਾ ਪੜ੍ਹਿਆ-ਲਿਖਿਆ ਹੋਣਾ ਸਰਕਾਰ ਵਿਚ ਉੱਚ ਪਦਵੀ ਦੁਆ ਸਕਦਾ ਹੈ।’’ ਜੇਕਰ ਇਸ ਸਰਟੀਫਿਕੇਟ ਦੇ ਬਾਵਜੂਦ ਮੇਰਾ ਮਕਸਦ ਕਿਸੇ ਲਈ ਅਣਬੁੱਝ ਹੈ ਤਾਂ ਮੈਂ ਨਿਮਰਤਾ ਸਹਿਤ ਕਹਾਂਗਾ ਕਿ ਮੇਰੇ ਪਰਿਵਾਰ ਦੇ ਕਿਸੇ ਮੈਂਬਰ ਖਿਲਾਫ਼ 1909 ਦੇ ਸਾਲ ਤਕ ਕੋਈ ਮੁਕੱਦਮਾ ਦਰਜ ਨਹੀਂ ਸੀ।
    ਮੇਰਾ ਕੇਸ ਤਿਆਰ ਕਰਨ ਲਈ ਵਰਤੀਆਂ ਗਈਆਂ ਗਤੀਵਿਧੀਆਂ ਇਸ ਸਾਲ ਤੋਂ ਬਾਅਦ ਦੋ ਸਾਲਾਂ ਦੀਆਂ ਹੀ ਹਨ। ਮੁਕੱਦਮਾ, ਜੱਜ ਅਤੇ ਰੌਇਲਟ ਰਿਪੋਰਟ ਸਾਰੇ ਮੰਨਦੇ ਹਨ ਕਿ 1899 ਤੋਂ ਲੈ ਕੇ 1909 ਤਕ ਮਿਜ਼ਾਕੀ ਦੀ ਜੀਵਨੀ ਅਤੇ ਹੋਰ ਕਿਤਾਬਾਂ ਲਿਖੀਆਂ ਗਈਆਂ, ਕਈਆਂ ਸੁਸਾਇਟੀਆਂ ਦਾ ਗਠਨ ਹੋਇਆ। ਮੇਰੇ ਭਰਾ ਨੂੰ ਕੈਦ ਕਰਨ ਤੋਂ ਪਹਿਲਾਂ ਜਾਂ ਮੇਰੇ ਬਾਰੇ ਕੋਈ ਸ਼ਿਕਇਤ ਹੋਣ ਤੋਂ ਪਹਿਲਾਂ (ਰੌਇਲਟ ਰਿਪੋਰਟ, ਪੰਨਾ-6 ਆਦਿ ਅਨੁਸਾਰ) ਹਥਿਆਰਾਂ ਦੀ ਖੇਪ ਭੇਜੀ ਜਾ ਚੁੱਕੀ ਸੀ। ਪਰ ਕੀ ਕਿਸੇ ਹੋਰ ਨੇ ਸਾਡੇ ਕੇਸਾਂ ਦਾ ਇਸ ਦਿ੍ਰਸ਼ਟੀਕੋਣ ਤੋਂ ਵਿਸ਼ਲੇਸ਼ਣ ਕੀਤਾ? ਇਕ ਭਾਰੀ ਭਰਕਮ ਅਰਜ਼ੀ (ਪਟੀਸ਼ਨ) ਜੋ ਭਾਰਤੀ ਜਨਤਾ ਨੇ ਮਹਾਮਹਿਮ ਨੂੰ ਭੇਜੀ ਅਤੇ ਜਿਸ ਵਿਚ 5000 ਦਸਤਖ਼ਤ ਕੀਤੇ ਗਏ ਸਨ, ਵਿਚ ਮੇਰਾ ਖ਼ਾਸ ਤੌਰ ’ਤੇ ਜ਼ਿਕਰ ਕੀਤਾ ਗਿਆ ਹੈ। ਸੁਣਵਾਈ ਸਮੇਂ ਮੈਨੂੰ ਵਕੀਲ ਨਹੀਂ ਕਰਨ ਦਿੱਤਾ ਗਿਆ। ਹੁਣ ਸਾਰੇ ਦੇਸ਼ ਦੀ ਜ਼ਿਊਰੀ ਦਾ ਇਹ ਮੱਤ ਹੈ ਕਿ ਸਿਰਫ਼ ਰਾਜਨੀਤਿਕ ਉੱਗ੍ਰਤਾ ਅਤੇ ਅਗਾਂਹ ਵਧਣ ਦੀ ਇੱਛਾ (ਪ੍ਰਗਤੀ) ਇਸ ਪਿੱਛੇ ਸਾਡਾ ਮੋਟਿਵ ਸੀ ਜਿਸ ਨੇ ਸਾਥੋਂ ਕਾਨੂੰਨ ਤੋੜਨ ਦਾ ਅਫ਼ਸੋਸਨਾਕ ਕੰਮ ਕਰਵਾਇਆ। ਦੂਜਾ ਕੇਸ, ਕਤਲ ਲਈ ਮੈਨੂੰ ਉਕਸਾਉਣ ਵਾਲ਼ਾ ਸ਼ਾਹੀ ਮੁਆਫ਼ੀ ਲਈ ਨਹੀਂ ਭੇਜਿਆ ਗਿਆ।
    (ੳ) ਫਰਮਾਨ, ਕੀਤੇ ਅਪਰਾਧ ਦੀ ਪ੍ਰਕਿਰਤੀ ਵਿਚ ਕੋਈ ਅੰਤਰ ਨਹੀਂ ਕਰਦਾ ਤੇ ਨਾ ਹੀ ਕੀਤੇ ਅਪਰਾਧ ਦੇ ਮਨੋਰਥ ਤੋਂ ਪਰ੍ਹੇ ਅਦਾਲਤ ਦੇ ਇਨਸਾਫ਼ ਲਈ ਸੈਕਸ਼ਨ ਦੀ ਪ੍ਰਵਾਹ ਕਰਦਾ ਹੈ। ਇਹ ਸਿਰਫ਼ ਉਦੇਸ਼ ਨੂੰ ਮੁੱਖ ਰੱਖ ਕੇ ਤੈਅ ਕਰਦਾ ਹੈ ਕਿ ਇਹ ਰਾਜਨੀਤਿਕ ਹੋਣਾ ਚਾਹੀਦਾ ਹੈ ਨਿੱਜੀ ਨਹੀਂ।
    (ਅ) ਦੂਸਰੇ ਸਰਕਾਰ ਨੇ ਵੀ ਇਸੇ ਤਰ੍ਹਾਂ ਦਾ ਹੀ ਅਰਥ ਕੀਤਾ ਹੈ ਅਤੇ ਬਰਿੰਦਰ, ਹੇਸੂ ਅਤੇ ਹੋਰਾਂ ਨੂੰ ਰਿਹਾਅ ਕੀਤਾ ਗਿਆ ਹੈ। ਇਨ੍ਹਾਂ ਬੰਦਿਆਂ ਨੇ ਮੰਨ ਲਿਆ ਕਿ ਇਨ੍ਹਾਂ ਦੀ ਸਾਜਿਸ਼ ਦਾ ਉਦੇਸ਼ ਸੀ ‘‘ਮੁਹਤਬਰ ਸਰਕਾਰੀ ਅਫ਼ਸਰਾਂ ਦਾ ਕਤਲ’’ ਅਤੇ ਉਨ੍ਹਾਂ ਦੇ ਆਾਪਣੇ ਕਬੂਲਨਾਮੇ ਹਨ ਕਿ ਉਹ ਮੈਜਿਸਟ੍ਰੇਟ ਆਦਿ ਦੇ ਕਤਲਾਂ ਲਈ ਮੁੰਡਿਆਂ ਨੂੰ ਭੇਜਣ ਦੇ ਕਸੂਰਵਾਰ ਹਨ। ਇਸ ਮੈਜਿਸਟ੍ਰੇਟ ਨੇ ਬਰਿੰਦਰ ਦੇ ਭਰਾ ਅਰਬਿੰਦਰ ਤੇ ‘ਬੰਦੇ ਮਾਤਰਮ’ ਅਖ਼ਬਾਰ ਦੇ ਕੇਸ ਵਿਚ ਮੁਕੱਦਮਾ ਚਲਾਇਆ ਹੈ। ਇਸ ਲਈ ਬਰਿੰਦਰ ਬਾਰੇ ਸਹੀ ਤੌਰ ’ਤੇ, ਗ਼ੈਰ ਰਾਜਨੀਤਿਕ ਤੌਰ ’ਤੇ ਵਿਚਾਰ ਨਹੀਂ ਕੀਤੀ ਗਈ। ਮੇਰੇ ਬਾਰੇ ਕੀਤੇ ਗਏ ਇਤਰਾਜ਼ ਬੜੇ ਕਮਜ਼ੋਰ ਹਨ ਕਿਉਕਿ ਮੁਕੱਦਮੇ ਵਿਚ ਮੰਨਿਆ ਗਿਆ ਹੈ ਕਿ ਮੈਂ ਇੰਗਲੈਂਡ ਵਿਚ ਸਾਂ ਅਤੇ ਮੈਨੂੰ ਜੈਕਸਨ ਨੂੰ ਮਾਰਨ ਬਾਰੇ ਕੀਤੀ ਸਾਜਿਸ਼ ਦਾ ਕੋਈ ਪਤਾ ਨਹੀਂ ਸੀ ਜਾਂ ਕਿ ਹਥਿਆਰਾਂ ਦੀ ਖੇਪ (ਪਾਰਸਲ) ਬਾਰੇ ਆਪਣੇ ਭਰਾ ਦੇ ਫੜੇ ਜਾਣ ਤੋਂ ਪਹਿਲਾਂ ਮੈਨੂੰ ਕੋਈ ਪਤਾ ਨਹੀਂ ਸੀ। ਇਸ ਲਈ ਮੇਰਾ ਕਿਸੇ ਆਫ਼ਿਸਰ ਨਾਲ਼ ਕਿਸੇ ਤਰ੍ਹਾਂ ਦਾ ਵੀ ਕੋਈ ਨਿੱਜੀ ਵੈਰ ਭਾਵ ਨਹੀਂ ਸੀ। ਪਰ ਹੇਮ ਨੇ ਅਸਲ ਵਿਚ ਖਾਸ ਬੰਬ ਤਿਆਰ ਕੀਤਾ ਸੀ ਜਿਸਨੇ ਕੈਨੇਡੀ ਨੂੰ ਨਿਸ਼ਾਨਾ ਬਣਾਇਆ, ਇਸੇ ਨੂੰ ਨਿਸ਼ਾਨੇ ਦੀ ਪੂਰੀ ਜਾਣਕਾਰੀ ਸੀ। (ਰੌਲਟ-ਰਿਪੋਰਟ, ਪੰਨਾ-33) ਇਸ ਦੇ ਬਾਵਜੂਦ ਹੇਮ ਨੂੰ ਇਸ ਅਧਾਰ ’ਤੇ ਮੁਆਫ਼ੀਨਾਮੇ ਵਿਚੋਂ ਬਾਹਰ ਨਹੀਂ ਕੱਢਿਆ ਗਿਆ। ਜੇਕਰ ਬਰਿੰਦਰ ਤੇ ਹੋਰਨਾਂ ਨੂੰ ਉਕਸਾਉਣ ਲਈ ਵੱਖਰੇ ਤੌਰ ’ਤੇ ਚਿੰਤਨ ਨਹੀਂ ਕੀਤਾ ਗਿਆ, ਉਹ ਇਸ ਲਈ ਕਿ ਉਨ੍ਹਾਂ ਨੂੰ ਪਹਿਲਾਂ ਹੀ ਸਾਜਿਸ਼ ਕੇਸ ਵਿਚ ਮੌਤ ਦੀ ਸਜ਼ਾ ਹੋ ਚੁੱਕੀ ਸੀ। ਮੈਨੂੰ ਵਿਸ਼ੇਸ਼ ਤੌਰ ’ਤੇ ਦੋਸ਼ੀ ਠਹਿਰਾਇਆ ਗਿਆ ਕਿ ਮੈਨੂੰ ਅਜਿਹੀ ਸਜ਼ਾ ਨਹੀਂ ਸੀ ਹੋਈ। ਅੰਤਰਰਾਸ਼ਟਰੀ ਕਾਨੂੰਨਾਂ ਤਹਿਤ ਫਰਾਂਸ ਨੇ ਮੈਨੂੰ ਵਾਪਿਸ ਭੇਜ ਦਿੱਤਾ। ਮੈਂ ਬੜੀ ਨਿਮਰਤਾ ਨਾਲ਼ ਬੇਨਤੀ ਕਰਦਾ ਹਾਂ ਕਿ ਮੇਰੀ ਮੁਆਫ਼ੀ ਦੀ ਅਰਜ਼ੀ ਸਵੀਕਾਰ ਕੀਤੀ ਜਾਵੇ ਜਿਵੇਂ ਬਰਿੰਦਰ ਤੇ ਹੇਮ ਦੇ ਸੰਬੰਧ ਵਿਚ ਸਵੀਕਾਰ ਕੀਤੀ ਗਈ ਹੈ, ਜਿਨ੍ਹਾਂ ਨੇ ਆਫ਼ੀਸਰ ਨੂੰ ਮਾਰਨ ਲਈ ਉਕਸਾਉਣ ਨੂੰ ਸਵੀਕਾਰ ਕਰ ਲਿਆ ਹੈ ਅਤੇ ਸਾਜਿਸ਼ ਹੋਰ ਵੀ ਗਹਿਰੀ ਹੈ। ਇਥੇ ਅਪਰਾਧ ਉੱਪਰ ਕੇਂਦਿ੍ਰਤ ਹੋਣਾ ਵਧੇਰੇ ਜ਼ਰੂਰੀ ਹੈ, ਸੈਕਸ਼ਨ ਦਾ ਇਥੇ ਬਹੁਤ ਮਹੱਤਵ ਨਹੀਂ ਹੁੰਦਾ ਹੈ। ਮੇਰੇ ਭਰਾ ਦੇ ਸਬੰਧ ਵਿਚ ਇਹ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਕਿ ਉਸਦੇ ਕੇਸ ਦਾ ਕਿਸੇ ਕਤਲ ਆਦਿ ਨਾਲ ਕੋਈ ਸੰਬੰਧ ਨਹੀਂ।
    (ੲ) ਸਰਕਾਰ ਨੇ ਜਿਵੇਂ ਬਰਿੰਦਰ ਅਤੇ ਹੇਮ ਦੇ ਸੰਬੰਧੀ ਫੁਰਮਾਨ ਵਿਚ ਇਸਦੀ ਵਿਆਖਿਆ ਕੀਤੀ ਹੈ, ਮੈਂ ਅਤੇ ਮੇਰਾ ਭਰਾ ‘ਪੂਰਨ ਤੌਰ ’ਤੇ’ ਸ਼ਾਹੀ ਮੁਆਫ਼ੀ ਦੇ ਹੱਕਦਾਰ ਹਾਂ। ਕੀ ਅਜਿਹਾ ਕਰਨਾ ਜਨਤਾ ਲਈ ਸੁਰੱਖਿਅਤ ਹੋਵੇਗਾ? ਮੈਂ ਮੰਨਦਾ ਹਾਂ ਕਿ ਇਹ ਬਿਲਕੁਲ ਸੁਰੱਖਿਅਤ ਹੋਵੇਗਾ।
    (ਸ) ਮੈਂ ਪੂਰੇ ਜ਼ੋਰ ਨਾਲ ਐਲਾਨ ਕਰਦਾ ਹਾਂ ਕਿ ਅਸੀਂ ਅਰਾਜਕਤਾ ‘ਮਾਈਕਰੋਲੇਟਸ’ ਵਾਲ਼ਿਆਂ ਵਿਚ ਸ਼ਾਮਲ ਨਹੀਂ ਸਾਂ ਜਿਹਾ ਕਿ ਗ੍ਰਹਿ ਸਕੱਤਰ ਨੇ ਕਿਹਾ ਹੈ। ਜਿਥੋਂ ਤਕ ਅੱਤਵਾਦੀ ਸਕੂਲ ਦਾ ਸੰਬੰਧ ਹੈ ਮੈਂ ਤਾਂ ਕਰੋਪਟੋਕਿਨ ਜਾਂ ਟਾਲਸਟਾਇ ਦੀ ਸ਼ਾਂਤ ਅਤੇ ਦਾਰਸ਼ਨਿਕ ਅਰਾਜਕਤਾ ਤੋਂ ਵੀ ਦੂਰ ਰਿਹਾ ਹਾਂ। ਜਿਥੋਂ ਤਕ ਮੇਰੀਆਂ ਭੂਤ ਕਾਲ ਵਿਚ ਇਨਕਲਾਬੀ ਪ੍ਰਵਿਰਤੀਆਂ ਦਾ ਸੰਬੰਧ ਹੈ, ਇਹ ਹੁਣ ਲਈ ਮੁਆਫ਼ੀ ਦਾ ਵਿਸ਼ਾ ਨਹੀਂ ਹੈ ਸਗੋਂ ਬਹੁਤ ਚਿਰ ਪਹਿਲਾਂ ਹੀ ਮੈਂ ਸਰਕਾਰ ਨੂੰ ਸੂਚਿਤ ਕਰ ਦਿੱਤਾ ਸੀ ਅਤੇ ਆਪਣੀਆਂ ਅਰਜ਼ੀਆਂ ਵਿਚ (1918, 1914 ਵਿਚ) ਫਰੇਮ ਕੀਤੇ ਜਾਣ ਵਾਲੇ ਅਪਰਾਧ ਸਮੇਂ ਵੀ ਆਪਣਾ ਪੱਖ ਸਪੱਸ਼ਟ ਕਰ ਦਿੱਤਾ ਸੀ। ਉਦੋਂ ਦੇ ਸੁਧਾਰਾਂ ਤੋਂ ਲੈ ਕੇ ਫ਼ਰਮਾਨ ਤਕ ਮੈਂ ਆਪਣੇ ਵਿਚਾਰ ਵਿਚ ਹੋਰ ਸਪੱਸ਼ਟ ਹੋਇਆ ਹਾਂ ਅਤੇ ਜਨਤਕ ਤੌਰ ’ਤੇ ਵੀ ਮੈਂ ਸੰਵਿਧਾਨਕ ਰਸਤੇ ਤੇ ਚਲਣ ਦੇ ਆਪਣੇ ਪੱਖ ਤੇ ਰਜ਼ਾਮੰਦੀ ਵੀ ਜ਼ਾਹਿਰ ਕਰ ਦਿੱਤੀ ਸੀ। ਹੁਣ ਏਜੰਸੀਆਂ ਦੇ ਪਾਗਲ ਝੁੰਡਾਂ ਵੱਲੋਂ ਖਤਰਾ ਸਾਡੇ ਦੇਸ਼ ਨੂੰ ਧਮਕਾ ਰਿਹਾ ਹੈ, ਜੋ ਭਾਰਤ ਲਈ ਭੂਤਕਾਲ ਵਿਚ ਇਕ ਅਭਿਸ਼ਾਪ ਰਿਹਾ ਹੈ। ਉਹ ਦੁਸ਼ਮਣ ਵਜੋਂ ਆਏ ਸਨ ਤੇ ਭਵਿੱਖ ਵਿਚ ਵੀ ਆ ਸਕਦੇ ਹਨ, ਪਰ ਹੁਣ ਉਹ ਮਿੱਤਰਾਂ ਵਾਂਗ ਆਉਣਾ ਚਾਹੁੰਦੇ ਹਨ। ਇਸ ਸਭ ਨੇ ਮੈਨੂੰ ਜਤਾਅ ਦਿੱਤਾ ਹੈ ਕਿ ਭਾਰਤ ਨੂੰ ਪਿਆਰ ਕਰਨ ਵਾਲ਼ੇ ਹਰ ਸਿਆਣੇ ਨੂੰ ਦਿਲੋਂ ਅਤੇ ਵਫ਼ਾਦਾਰੀ ਨਾਲ਼ ਬਿ੍ਰਟਿਸ਼ ਲੋਕਾਂ ਦਾ ਸਾਥ ਦੇਣਾ ਚਾਹੀਦਾ ਹੈ, ਇਹ ਭਾਰਤ ਦੇ ਹੱਕ ਵਿਚ ਵੀ ਹੈ।
    ਇਸੇ ਲਈ ਜਦੋਂ ਜਰਮਨ-ਟਰਕੋ-ਅਫਗ਼ਾਨ ਦੇ ਹਮਲੇ ਬਾਰੇ ਕੋਈ ਸ਼ੱਕ ਨਹੀਂ ਰਿਹਾ ਸੀ ਤਾਂ ਮੈਂ 1914 ਵਿਚ ਆਪਣੇ-ਆਪ ਨੂੰ ਸਰਕਾਰ ਦੀ ਸੇਵਾ ਵਿਚ ਸਵੈਯਮਸੇਵੀ ਦੇ ਤੌਰ ’ਤੇ ਪੇਸ਼ ਕਰ ਦਿੱਤਾ ਸੀ। ਤੁਸੀਂ ਵਿਸ਼ਵਾਸ਼ ਕਰੋ ਜਾਂ ਨਾ ਕਰੋ ਪਰ ਮੈਂ ਆਪਣੀ ਤੀਬਰ ਇੱਛਾ ਪ੍ਰਗਟ ਕਰ ਰਿਹਾ ਹਾਂ ਕਿ ਮੈਂ ਸੰਵਿਧਾਨਕ ਰਾਹ ’ਤੇ ਤੁਰ ਪਿਆ ਹਾਂ।ਮੈਂ ਬਿ੍ਰਟਿਸ਼ ਹਕੂਮਤ ਦੇ ਹੱਥ ਮਜ਼ਬੂਤ ਕਰਨ ਲਈ, ਪਿਆਰ, ਸਤਿਕਾਰ ਅਤੇ ਪ੍ਰਸਪਰ ਸਹਾਇਤਾ ਕਰਨਾ ਚਾਹੁੰਦਾ ਹਾਂ। ਇਹੋ ਜਿਹਾ ਸਾਮਰਾਜ, ਜਿਸਦਾ ਫਰਮਾਨ ਤੋਂ ਆਭਾਸ ਦਿੰਦਾ ਹੈ, ਨੇ ਮੇਰਾ ਦਿਲ ਜਿੱਤ ਲਿਆ ਹੈ। ਮੈਂ ਸਿਰਫ਼ ਕਿਸੇ ਨਸਲ ਸੰਪ੍ਰਦਾਇ ਨੂੰ ਇਸ ਲਈ ਨਫ਼ਰਤ ਨਹੀਂ ਕਰਦਾ ਕਿ ਉਹ ਭਾਰਤੀ ਨਹੀਂ ਹੈ।
    () ਸਾਡਾ ਵਿਹਾਰ ਵੀ ਰਿਹਾ ਕੀਤੇ ਜਾ ਚੁੱਕੇ ਲੋਕਾਂ ਤੋਂ ਮਾੜਾ ਨਹੀਂ ਰਿਹਾ। ਰਿਹਾ ਹੋਇਆਂ ਨੇ ਤਾਂ ਪੋਰਟਬਲੇਅਰ ਵਿਚ ਵੀ ਸਾਜਿਸ਼ਾਂ ਰਚੀਆਂ ਅਤੇ ਉਨ੍ਹਾਂ ਨੂੰ ਦੁਬਾਰਾ ਜੇਲ੍ਹ ਵਿਚ ਬੰਦ ਕੀਤਾ ਗਿਆ। ਇਸਤੋਂ ਉਲਟ ਅਸੀਂ ਦੋਨਾਂ ਨੇ ਬੜਾ ਸਖ਼ਤ ਅਨੁਸਾਸ਼ਨ ਨਿਭਾਇਆ ਹੈ ਅਤੇ ਆਪਣੇ ਆਪ ’ਤੇ ਕਾਬੂ ਰੱਖਿਆ ਹੈ। ਪਿਛਲੇ ਛੇ ਸਾਲਾਂ ਤੋਂ ਸਾਡੇ ਉੱਪਰ ਅਨੁਸਾਸ਼ਨ ਤੋੜਨ ਦਾ ਇਕ ਵੀ ਛੋਟਾ-ਮੋਟਾ ਕੇਸ ਨਹੀਂ।
    ਅੰਤ ਉੱਪਰ ਮੈਂ ਸੈਂਕੜੇ ਰਾਜਨੀਤਿਕ ਕੈਦੀਆਂ, ਜਿਨ੍ਹਾਂ ਵਿਚ ਅੰਡੇਮਾਨ ਦੇ ਕੈਦੀ ਵੀ ਸ਼ਾਮਲ ਹਨ, ਨੂੰ ਛੱਡਣ ਲਈ ਤੁਹਾਡਾ ਦਿਲੋਂ ਧੰਨਵਾਦ ਕਰਦਾ ਹਾਂ ਅਤੇ 1914 ਅਤੇ 1918 ਦੀਆਂ ਮੇਰੀਆਂ ਪਟੀਸ਼ਨਾਂ ਦੇਣ ਲਈ ਵੀ ਧੰਨਵਾਦ। ਇਸ ਲਈ ਇਹ ਆਸ ਰੱਖਣਾ ਕੋਈ ਜ਼ਿਆਦਾ ਨਹੀਂ ਕਿ ਮਹਾਮਹਿਮ ਰਹਿੰਦੇ ਕੈਦੀਆਂ ਨੂੰ ਵੀ ਰਿਹਾਅ ਕਰ ਦੇਣ ਕਿਉਕਿ ਰਿਹਾ ਹੋਏ, ਮੈਂ ਤੇ ਮੇਰਾ ਭਰਾ ਉਨ੍ਹਾਂ ਦੇ ਬਰਾਬਰ ਹੀ ਹਾਂ। ਪਿਛਲੇ ਕਈ ਸਾਲਾਂ ਤੋਂ ਖ਼ਾਸ ਤੌਰ ’ਤੇ ਮਹਾਂਰਾਸ਼ਟਰ ਵਿਚ ਕਿਸੇ ਤਰ੍ਹਾਂ ਦੀ ਹਿੰਸਾਤਮਕ ਗੜਬੜ ਨਹੀਂ ਹੋਈ ਹੈ। ਇਥੇ ਮੈਂ ਇਹ ਵੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸਾਡੀ ਰਿਹਾਈ ਬਿਨਾਂ ਸ਼ਰਤ ਹੋਵੇ ਜਿਵੇਂ ਦੂਸਰਿਆਂ ਦੇ ਵਿਹਾਰ ਨੂੰ ਦੇਖ ਕੇ ਰਿਹਾਅ ਕੀਤਾ ਜਾ ਰਿਹਾ ਹੈ ਕਿਉਕਿ ਸਾਨੂੰ ਮੁਆਫ਼ੀ ਤੋਂ ਇਨਕਾਰ ਕਰਨਾ ਅਤੇ ਕਿਸੇ ਹੋਰ ਦੀ ਗ਼ਲਤੀ ਕਰਕੇ ਕਿਸੇ ਹੋਰ ਨੂੰ ਸਜ਼ਾ ਦੇਣਾ ਆਪਣੇ ਆਪ ਵਿਚ ਫਜ਼ੂਲ ਗੱਲ ਹੈ।
    ਇਨ੍ਹਾਂ ਸਾਰਿਆਂ ਤੱਥਾਂ ਦੇ ਅਧਾਰ ’ਤੇ ਮੈਂ ਵਿਸ਼ਵਾਸ਼ ਕਰਦਾ ਹਾਂ ਕਿ ਸਰਕਾਰ ਮੇਰਾ ਪੇਸ਼ ਕੀਤਾ ਗਿਆ ਸਕਾਰਤਮਕ ਪ੍ਰਣ ਅਤੇ ਮੇਰਾ ਪਰਿਵਰਤਨ ਅਤੇ ਵਾਅਦੇ ਨੂੰ ਸੁਣੇਗੀ ਜੋ ਟਰਕੋ-ਅਫ਼ਗਾਨ ਦੇ ਕੱਟੜ ਸਾਂਝੇ ਖ਼ਤਰੇ ਵਿਰੁੱਧ ਮੇਰੀ ਵਫ਼ਾਦਾਰੀ ਅਤੇ ਸਹਿਯੋਗ ਕਰਨਾ ਸਾਡੇ ਦੋਨਾਂ ਦੇਸ਼ਾਂ ਦੇ ਹੱਕ ਵਿਚ ਹੈ। ਸਰਕਾਰ ਮੈਨੂੰ ਰਿਹਾ ਕਰੇਗੀ ਅਤੇ ਮੈਨੂੰ ਆਪਣਾ ਸ਼ੁਕਰਗੁਜ਼ਾਰ ਬਣਾਏਗੀ। ਮੇਰੀ ਪਹਿਲੀ ਜ਼ਿੰਦਗੀ ਵਾਲ਼ਾ ਸ਼ਾਨਦਾਰ ਪਰਿਪੇਖ ਛੇਤੀ ਹੀ ਰੌਸ਼ਨ ਹੋਵੇਗਾ। ਮੈਨੂੰ ਜ਼ਿੰਦਗੀ ਵਿਚ ਬੜਾ ਦੁਖਦਾਈ ਪਛਤਾਵਾ ਰਿਹਾ ਹੈ ਅਤੇ ਰਿਹਾਈ ਮੇਰਾ ਨਵਾਂ ਜਨਮ ਹੋਵੇਗਾ। ਇਹ ਰਿਹਾਈ ਮੇਰੇ ਦਿਲ ਨੂੰ ਪਿਘਲਾਏਗੀ ਜੋ ਬੜਾ ਸੈਂਸਟਿਵ ਅਤੇ ਹਲੀਮੀ ਵਾਲਾ ਹੈ। ਇਹ ਦਇਆ ਮੈਨੂੰ ਆਪਣੇ ਨਾਲ ਜੋੜੇਗੀ ਅਤੇ ਭਵਿੱਖ ਵਿਚ ਮੇਰੇ ਲਈ ਫ਼ਾਇਦੇਮੰਦ ਹੋਵੇਗੀ। ਕਈ ਵਾਰ ਜਿਥੇ ਤਾਕਤ ਹਾਰ ਜਾਂਦੀ ਉਦਾਰਤਾ ਜਿੱਤ ਜਾਂਦੀ ਹੈ। ਉਥੇ ਆਸ ਕਰਦਾ ਹਾਂ ਕਿ ਚੀਫ਼ ਕਮਿਸ਼ਨਰ ਸਾਹਿਬ ਮੇਰੇ ਨਿੱਜੀ ਸਨਮਾਨ ਨੂੰ ਯਾਦ ਰੱਖਣਗੇ ਜੋ ਮੈਂ ਉਨ੍ਹਾਂ ਦੇ ਸਮੇਂ ਉਨ੍ਹਾਂ ਨੂੰ ਦਿੱਤਾ ਸੀ। ਉਸ ਸਮੇਂ ਮੈਨੂੰ ਕਿੰਨੀ ਨਿਰਾਸ਼ਾ ਵਿਚੋਂ ਲੰਘਣਾ ਪਿਆ ਸੀ ਉਹ ਵੀ ਇਸ ਆਖ਼ਰੀ ਮੁਆਫ਼ੀ ਨਾਲ਼ ਖ਼ਤਮ ਹੋ ਜਾਵੇਗਾ ਅਤੇ ਮੇਰੀ ਨਿਰਾਸ਼ਾ ਵੀ ਖ਼ਤਮ ਕਰੇਗਾ। ਇਸ ਸਭ ਲਈ ਮੇਰੀ ਪਟੀਸ਼ਨ ਨੂੰ ਉੱਪਰ ਭੇਜਿਆ ਜਾਵੇ। ਮੈਂ ਆਸ ਕਰਾਂ ਕਿ ਤੁਸੀਂ ਆਪਣੀ ਸਕਾਰਾਤਮਿਕ ਰਾਏ ਨਾਲ਼ ਮੇਰੀ ਅਰਜ਼ੀ ਮਹਾਂਮਹਿਮ ਭਾਰਤ ਦੇ ਵਾਇਸਰਾਇ ਨੂੰ ਭੇਜੋਗੇ।
    ਮੈਂ ਬੇਨਤੀ ਕਰਤਾ ਸਰ ਜੀ
    ਤੁਹਾਡਾ ਸਭ ਤੋਂ ਵੱਧ ਵਫ਼ਾਦਾਰ ਸੇਵਕ
    (ਦਸਤਖ਼ਤ) ਵੀ. ਡੀ. ਸਾਵਰਕਰ
    ਕੈਦੀ ਨੰਬਰ : 32778
    ਸਾਵਰਕਰ ਦੇ ਮੁਆਫ਼ੀਨਾਮੇ ਸਭ ਤੋਂ ਪਹਿਲਾਂ ਇਹ ਸਾਬਤ ਕਰਦੇ ਹਨ ਕਿ ਉਹ ਜੇਲ੍ਹ ਦੀਆਂ ਤਕਲੀਫਾਂ ਸਹਿਣ ਤੋਂ ਬਚਣਾ ਚਾਹੁੰਦਾ ਹੈ। ਦੁਖਦਈ ਪੱਖ ਇਹ ਹੈ ਕਿ ਉਹ ਆਪਣੇ ਹੀ ਸਾਥੀਆਂ ਦੀ ਰਿਹਾਈ ਤੋਂ ਐਨਾ ਪ੍ਰੇਸ਼ਾਨ ਹੈ ਕਿ ਉਨ੍ਹਾਂ ਦੀਆਂ ਜ਼ਿਆਦਤੀਆਂ ਦਾ ਜ਼ਿਕਰ ਕਰਕੇ ਆਪਣੇ ਆਪ ਨੂੰ ਨਿਰਦੋਸ਼ ਸਾਬਿਤ ਕਰਨਾ ਚਾਹੁੰਦਾ ਹੈ। ਸ਼ਾਇਦ ਵਾਅਦਾ ਮੁਆਫ਼ ਗਵਾਹਾਂ ਅਤੇ ਗੱਦਾਰਾਂ ਤੋਂ ਇਲਾਵਾ ਕਿਸੇ ਵੀ ਸੁਤੰਤਰਤਾ ਸੈਨਾਨੀ ਨੇ ਅਜਿਹਾ ਨਹੀਂ ਕੀਤਾ ਹੋਵੇਗਾ। ਦੂਸਰਾ ਉਹ ਅੰਗ੍ਰੇਜ਼ਾਂ ਦੀ ਹਰ ਸ਼ਰਤ ਮੰਨ ਕੇ ਜੇਲ੍ਹ ਤੋਂ ਰਿਹਾਅ ਹੋਣਾ ਚਾਹੁੰਦਾ ਹੈ। ਇਸਨੂੰ ਅੰਗ੍ਰੇਜ਼ਾਂ ਸਾਹਵੇਂ ਗੋਡੇ ਟੇਕਣ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ ਕਿਹਾ ਜਾ ਸਕਦਾ। ਬਾਹਰ ਆ ਕੇ ਸਾਵਰਕਰ ਹਿੰਦੂ ਮਹਾ ਸਭਾ ਦਾ ਪ੍ਰਧਾਨ ਬਣਦਾ ਹੈ ਅਤੇ ਉਸਦਾ ਖੁੱਲ੍ਹਾ ਪ੍ਰਚਾਰ ਕਰਦਾ ਹੈ ਜਿਸਦਾ ਬਿ੍ਰਟਿਸ਼ ਸਾਮਰਾਜ ਬੁਰਾ ਨਹੀਂ ਮਨਾਉਦਾ’ ਕਿਉਂਕਿ ਇਸ ਨਾਲ਼ ਹਿੰਦੂ-ਮੁਸਲਿਮ ਏਕਤਾ ਭੰਗ ਹੁੰਦੀ ਹੈ ਅਤੇ ਉਨ੍ਹਾਂ ਨੂੰ ਰਾਜ ਕਰਨ ਵਿਚ ਅਸਾਨੀ ਹੁੰਦੀ ਹੈ। ਇਹ ਦੇ ਹੋਰ ਪੱਖਾਂ ਉੱਪਰ ਕਿਸੇ ਹੋਰ ਲੇਖ ਵਿਚ ਵਿਚਾਰ ਕੀਤਾ ਜਾਵੇਗਾ।
Scroll To Top