ਕਹਾਣੀ
‘ਨਿਓਂਦਾ’
- ਅਵਤਾਰ ਸਿੰਘ ਓਠੀ
ਤੜਕੇ ਕੁੱਕੜ ਦੀ ਬਾਂਗ ਵੇਲੇ ਮੋਬਾਇਲ ਫੋਨ ਦੀ ਘੰਟੀ ਟਰਨ-ਟਰਨ ਵੱਜੀ। ਏਨੇ ਸਵੇਰੇ ਸ਼ੇਰਾ ਹੀ ’ਮਰੀਕਾ ਤੋਂ ਫੋਨ ਕਰਦਾ ਐ। ਜਸਵੀਰ ਉੱਭੜ ਵਾਹੇ ਉੱਠ ਕੇ ਫੋਨ ਸੁਣਨ ਲਈ ਕਾਹਲੇ ਪੈਰੀਂ ਬਰਾਂਡੇ ’ਚੋਂ ਕਮਰੇ ਵੱਲ ਨੂੰ ਭੱਜਾ। ਜਸਵੀਰ ਨੇ ਫੋਨ ਦਾ ਬਟਨ ਦੱਬਿਆ, ‘‘ਹੈਲੋ ਹੈਲੋ ਸ਼ੇਰੇ ਪੁੱਤ ਮੈਂ ਤੇਰਾ ਪਾਪਾ ਬੋਲ ਰਿਹਾਂ।
ਕੀ ਗੱਲ ਸ਼ੇਰੇ ਪੁੱਤ, ਤੂੰ ਕੁਝ ਬੋਲ ਕਿਉਂ ਨਹੀਂ ਰਿਹਾ? ਤੇਰੀ ਅਵਾਜ਼ ਕਿਉਂ ਨਹੀਂ ਨਿਕਲ ਰਹੀਂ? ’’
ਕੁਝ ਸਮਾਂ ਚੁੱਪ ਰਹਿਣ ਪਿੱਛੋਂ ਸ਼ੇਰੇ ਦੇ ਅੰਦਰੋਂ ਹੂਕ ਜਹੀ ਨਿਕਲੀ, ‘‘ਪਾਪਾ… ਆਪਾਂ ਲੁੱਟੇ ਗਏ, ਜੱਜ ਨੇ ਮੈਨੂੰ ਇੰਡੀਆ ਡੀਪੋਰਟ ਕਰਨ ਦੇ ਆਡਰ ਕਰ ਦਿੱਤੇ ਆ।’’
ਸ਼ੇਰੇ ਦੀ ਗੱਲ ਸੁਣ ਕੇ ਜਸਵੀਰ ਸੁੰਨ ਜਿਹਾ ਹੋ ਗਿਆ, ਉਸਦੇ ਹੱਥੋਂ ਫੋਨ ਜ਼ਮੀਨ ਤੇ ਡਿੱਗ ਪਿਆ।
ਮੈਂ ਅੱਧੋ ਜਾਗੀ ਜਹੀ ਮੰਜੀ ’ਤੇ ਲੰਮੀ ਪਈ ਸਾਂ। ਫੋਨ ਜ਼ਮੀਨ ਤੇ ਡਿੱਗਣ ਦਾ ਖੜ੍ਹਾਕ ਸੁਣ ਕੇ ਝੱਟ ਨਾਲ ਉੱਠੀ, ‘‘ਕੀ ਹੋਇਆ ਸ਼ੇਰੇ ਦੇ ਪਾਪਾ ਤੂੰ ਡੌਰ-ਭੌਰਾ ਜਿਹਾ ਕਿਉਂ ਹੋ ਗਿਆ ਏਂ ? ਕੀ ਹੋਇਆ ਸ਼ੇਰੇ ਨੂੰ ? ਤੂੰ ਕੁੱਝ ਦੱਸ ਕਿਉਂ ਨਹੀਂ ਰਿਹਾ? ’’
ਜਸਵੀਰ ਨੇ ਥੋੜ੍ਹਾ ਸੰਭਲਦੇ ਹੋਏ ਨੇ ਕੂਕ ਮਾਰੀ, ‘‘ਬੀਰੋ, ਮਾਰ ’ਤਾ ਈ ਰੱਬ ਨੇ, ਹੁਣ ਉੱਠ ਨਹੀਂਓ ਹੋਣਾ, ਲੱਕ ਤੋੜਤਾ ਮੇਰਾ, ਜੱਜ ਨੇ ਸ਼ੇਰੇ ਨੂੰ ਡੀਪੋਰਟ ਕਰਨ ਦਾ ਹੁਕਮ ਸੁਣਾ ਦਿੱਤਾ ਏ।’’
‘‘ਤਾਂ ਕੀ ਹੋਇਆ ਜੇ ਡੀਪੋਰਟ ਕਰ ਦੇਣਗੇ, ਮੇਰਾ ਪੁੱਤ ਠੀਕ-ਠਾਕ ਤਾਂ ਐ ਨਾ? ’’
‘‘ਤੂੰ ਐਂ ਕਿਵੇਂ ਗੋਰੇ ਬਲਦ ਵਾਂਗ ਸਿਰ ਸੁੱਟ ਕੇ ਪੈ ਗਿਆ ਏਂ?’’
ਛੋਟੀ ਹੁੰਦੀ ਜਦੋਂ ਮੈਂ ਆਪਣੇ ਬਾਪੂ ਦੀ ਰੋਟੀ ਲੈ ਕੇ ਖੇਤਾਂ ’ਚ ਜਾਂਦੀ ਤਾਂ, ਬਾਪੂ ਨੂੰ ਸਾਵੇ ਅਤੇ ਗੋਰੇ ਬਲਦ ਨਾਲ ਹਲ ਵਾਹੁੰਦਾ ਦੇਖਦੀ ਸਾਂ। ਕਈ ਵਾਰੀ ਗੋਰਾ ਬਲਦ ਹਲ ਵਾਹੁੰਦਾ-ਵਾਹੁੰਦਾ ਸਿਰ ਸੁੱਟ ਕੇ ਬੈਠ ਜਾਂਦਾ ਤੇ ਉਹ ਮੁੜ ਕੇ ਨਹੀਂ ਸੀ ਉੱਠਦਾ ਭਾਵੇਂ ਕੋਈ ਲੱਖ ਜ਼ੋਰ ਲਾ ਲੈਂਦਾ।
ਡੀਪੋਰਟ ਕੀ ਹੁੰਦਾ ਐ, ਟੱਬਰ ਦੇ ਬਾਕੀ ਜੀਆਂ ਤੋਂ ਘਰ ਵਿਚ ਰੋਜ਼ ਗੱਲਾਂ ਸੁਣ ਕੇ ਮੈਨੂੰ ਪਤਾ ਲੱਗ ਚੁੱਕਿਆ ਸੀ।
‘‘ਮੇਰੀ ਅੱਧੀ ਉਮਰ ਖਾਅ ਲਈ ਇਸ ਬੰਦੇ ਦੇ ਸਿਆਪਿਆਂ ਨੇ। ਮੈਂ ਬਥ੍ਹੇਰਾ ਪਿੱਟੀ ਸਾਂ ਵੀ ਸਰਦਾਰਾ ਮੁੰਡੇ ਨੂੰ ਨਾ ਘੱਲ ਬਿਗ਼ਾਨੇ ਦੇਸ਼। ਕੌਣ ਹੈ ਓਥੇ ਪ੍ਰਦੇਸੀਂ ਸਾਡਾ! ਮੇਰੀ ਇਕ ਨਹੀਂ ਮੰਨੀ ਸੀ। ਅਜੇ ਦੋ ਖੜ੍ਹੀਆਂ ਨੇ ਸਰੂ ਵਰਗੀਆਂ ਬਰੂਹੀਂ।’’
‘‘ਮੈਨੂੰ ਇਸ ਇਸ ਗੱਲ ਦੀ ਵੀ ਚਿੰਤਾ ਲੱਗੀ ਰਹਿੰਦੀ ਸੀ ਕਿ ਮੇਰੀ ਵੱਡੀ ਧੀ ਸਿਮਰਨ ਦੀ ਜਿੰਨੀ ਉਮਰ ਹੋ ਗਈ ਏ ਏਨੀ ਉਮਰ ’ਚ ਮੈਂ ਤਿੰਨ ਨਿਆਣਿਆਂ ਦੀ ਮਾਂ ਬਣ ਗਈ ਸਾਂ।’’
‘‘ਵਿਆਹ ਤੋਂ ਬਾਅਦ ਉੱਤੋਥਲੀ ਦੋਵੇਂ ਧੀਆਂ, ਸਿਮਰਨਜੀਤ ‘ਸਿਮਰਨ’ ਅਤੇ ਰਮਨਜੀਤ ‘ਰਮਨ’ ਸਾਲ-ਸਾਲ ਦੇ ਫ਼ਰਕ ਨਾਲ ਜੰਮ ਪਈਆਂ ਸਨ।’’
ਬੀਜੀ ਘਰ ਵਿਚ ਸਵੇਰੇ ਹੀ ਸੇਹ ਦਾ ਤੱਕਲਾ ਗੱਡ ਕੇ ਬੈਠ ਜਾਂਦੀ, ‘‘ਦੋ ਪੱਥਰ ਜੰਮ ਧਰੇ ਆ, ਪਤਾ ਨਹੀਂ ਕਦੋਂ ਮੇਰੇ ਪੱੁਤ ਦੀ ਜੜ੍ਹ ਲੱਗੂ ਗੀ ? ਬਾਬਾ ਬੁੱਢਾ ਜੀ ਤੂੰ ਸਭ ਨੂੰ ਪੁੱਤ ਦੇਂਦਾ ਏਂ ਮੇਰੇ ਪੁੱਤ ਦੀ ਵੀ ਜੜ੍ਹ ਲਾ ਦੇ।’’
‘‘ਘਰ ’ਚ ਬੀਜੀ ਦੀ ਚੱਲਦੀ ਸੀ ਤੇ ਜਿਵੇਂ ਉਹ ਚਾਹੁੰਦੀ ਉਵੇਂ ਹੀ ਹੁੰਦਾ ਸੀ। ਮੇਰੇ ਪੁੱਤ ਜੰਮੇ ਇਸ ਲਈ ਉਹ ਮੈਨੂੰ ਅਤੇ ਜਸਵੀਰ ਨੂੰ ਹਰ ਮਹੀਨੇ ਸੰਗਰਾਂਦ ਵਾਲੇ ਦਿਨ ਮੂੰਹ ਨ੍ਹੇਰੇ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਮੱਥਾ ਟੇਕਣ ਲਈ ਭੇਜ ਦਿੰਦੀ।’’
ਮੈਨੂੰ ਤੀਜਾ ਗਰਭ ਠਹਿਰਿਆ ਤਾਂ ਘਰ ਵਿਚ ਫਿਰ ਸਿਆਪਾ ਖੜ੍ਹਾ ਹੋ ਗਿਆ। ਬੀਜੀ ਨੇ ਬਹੁਕਰ ਖੜ੍ਹੀ ਕਰ ਲਈ ਕਿ ਮੈਂ ਗਰਭ ’ਚ ਬੱਚੇ ਦਾ ਟੈਸਟ ਕਰਵਾਵਾਂ ਤੇ ਜੇ ਕੁੜੀ ਹੋਵੇ ਤਾਂ ਗਰਭ ਗਿਰਵਾਵਾਂ। ਪਰ ਮੈਂ ਇਸ ਦੇ ਹੱਕ ਵਿਚ ਨਹੀਂ ਸਾਂ।
‘‘ਸਾਡਾ ਵੇਲਾ ਤਾਂ ਔਖਾ ਸੀ, ਜੰਮਣੀਆਂ ਈ ਪੈਂਦੀਆਂ ਸਨ। ਹੁਣ ਤਾਂ ਦੱਸਦੇ ਆ ਮਸ਼ੀਨਾਂ ਸਭ ਕੁੱਝ ਪਹਿਲਾਂ ਹੀ ਦੱਸ ਦੇਂਦੀਆਂ ਨੇ ਵੀ ਕੁੜੀ ਐ ਜਾਂ ਕੋਈ ਚੰਗੀ ਚੀਜ ਆ।’’ ਬੀਜੀ ਬੜੇ ਮਾਣ ਨਾਲ ਕਹਿੰਦੀ।
ਮੈਨੂੰ ਤੀਜਾ ਤੇ ਚੌਥਾ ਗਰਭ ਠਹਿਰਣ ’ਤੇ ਟੈਸਟ ਕਰਵਾਉਣਾ ਤੇ ਗਰਭ ਗਿਰਵਾਉਣਾ ਪਿਆ ਸੀ, ਜਿਸ ਦਾ ਮੇਰੀ ਸਿਹਤ ਤੇ ਬੜਾ ਮਾੜਾ ਅਸਰ ਪਿਆ ਸੀ।
ਦੋ ਧੀਆਂ ਦੀ ਹੱਤਿਆਰੀ ਮੈਂ ਵੀ ਆਂ। ਇਹ ਸੋਚ ਕੇ ਮੈਨੂੰ ਆਪਣਾ-ਆਪ ਪਾਪੀ ਲੱਗਣ ਲੱਗਾ ਸੀ ਤੇ ਆਪਣੇ-ਆਪ ਨਾਲ ਨਫ਼ਰਤ ਜੇਹੀ ਹੋਣੀ ਸ਼ੁਰੂ ਹੋ ਗਈ ਸੀ।
‘‘ਧੰਨ ਬਾਬਾ ਬੁੱਢਾ ਜੀ ਤੇਰੇੇ ਘਰ ਕਾਹਦਾ ਘਾਟਾ ਐ ਮੇਰੇ ਪੁੱਤ ਦੀਆਂ ਜੜਾਂ ਲੱਗਣ ਲਈ ਏਹਨੂੰ ਵੀ ਇਕ ਪੁੱਤ ਦੀ ਦਾਤ ਬਖ਼ਸ਼ ਦੇੇ।’’ ਬੀਜੀ ਜਦੋਂ ਵੀ ਮੈਂਨੂੰ ਦੇਖਦੀ ਇਹੋ ਜਾਪ ਜਪਣ ਲੱਗ ਪੈਂਦੀ।
ਪੰਜਵੀਂ ਵਾਰੀ ਦਾ ਗਰਭ ਠਹਿਰਣ ਤੇ ਪਤਾ ਨਹੀਂ ਮੇਰੇ ’ਚ ਕਿਥੋਂ ਸ਼ਕਤੀ ਆ ਗਈ ਤੇ ਮੈਂ ਅੜ ਗੀ, ‘‘ਮੈਂ ਨਹੀਂ ਹੁਣ ਟੈਸਟ ਕਰਵਾਉਣਾ, ਸੱਚੇ ਪਾਤਸ਼ਾਹ ਵਾਹੇਗੁਰੂ ਦੀ ਆਪੇ ਮਿਹਰ ਹੋਵੇਗੀ।’’ ਉਂਝ ਵੀ ਸਰਕਾਰ ਨੇ ਭਰੂਣ ਹੱਤਿਆ ਵਿਰੁੱਧ ਸਖ਼ਤ ਕਾਨੂੰਨ ਬਣਾ ਕੇ ਸਕੈਨ ਸੈਂਟਰਾਂ ਤੇ ਸਖ਼ਤੀ ਕਰ ਦਿੱਤੀ ਸੀ।
ਮੈਂ ਪਹਿਲੇ ਦੋਵੇਂ ਜਣੇਪੇ ਆਪਣੇ ਪੇਕੇ ਜਾ ਕੇ ਕੀਤੇ ਸਨ। ਓਥੇ ਸੌਖਾ ਕੰਮ ਇਹ ਵੀ ਹੋ ਜਾਂਦਾ ਕਿ ਪਿੰਡ ’ਚ ਸਰਕਾਰੀ ਡਿਸਪੈਨਸਰੀ-ਹਸਪਤਾਲ ਹੋਣ ਕਰਕੇ ਹਸਪਤਾਲ ਵਿਚ ਇਕ ਨਰਸ ਪੱਕੀ ਰਹਿੰਦੀ ਸੀ। ਪਿੰਡ ਦੇ ਸਾਰੇ ਕੇਸ ਉਹੋ ਹੀ ਕਰਦੀ। ਸ਼ਹਿਰੀ ਡਾਕਟਰਾਂ ਨਾਲੋਂ ਸਸਤੀ ਵੀ ਬੜੀ ਸੀ। ਤੀਜਾ ਜਣੇਪਾ ਵੀ ਮੈਂ ਪੇਕੇ ਕਰਨ ਆ ਗਈ ਤੇ ਚੰਗੀ ਕਿਸਮਤ ਨੂੰ ਸ਼ੇਰਾ ਜੰਮਿਆ।
ਮੈਂ ਪੇਕਿਆਂ ਤੋਂ ਸ਼ੇਰੇ ਨੂੰ ਲੈਕੇ ਜਦੋਂ ਪਿੰਡ ਘਰ ਦੀ ਸਰਦਲ ਦੇ ਅੰਦਰ ਪੈਰ ਧਰੇ ਤਾਂ ਮੈਂਨੂੰ ਆਪਣੇ ’ਚ ਕੁਝ ਬਦਲਿਆ-ਬਦਲਿਆ ਲੱਗਿਆ। ਮੈਨੂੰ ਜਾਪਿਆ ਕਿ ਮੈਂ ਵੀ ਹੁਣ ਇਸ ਘਰ ਦੀ ਹਿੱਸੇਦਾਰ ਆਂ।
ਪੁੱਤੀਂ ਗੰਢ ਪਵੇ ਸੰਸਾਰ, ਮੈਂਨੂੰ ਇਸ ਘਰ ’ਚ ਆਪਣੀਆਂ ਜੜ੍ਹਾਂ ਲੱਗੀਆਂ ਮਹਿਸੂਸ ਹੋ ਰਹੀਆਂ ਸਨ।
ਜਿਓਂ-ਜਿਓਂ ਸ਼ੇਰਾ ਵੱਡਾ ਹੋਣ ਲੱਗਿਆ, ਮੇਰਾ ਇਸ ਘਰ ਦੀ ਮਾਲਕ ਹੋਣ ਦਾ ਅਹਿਸਾਸ ਵੱਧਣ ਲੱਗਿਆ ਸੀ।
ਪੰਜਾਬ ਵਿਚ ਕਾਲੇ ਦਿਨਾਂ ’ਚ ਜਦੋਂ ਖਾੜਕੂਵਾਦ ਜ਼ੋਰਾਂ ’ਤੇ ਸੀ ਉਦੋਂ ਮੈਂ ਆਪਣੇ ਪਿੰਡ ਦੇ ਸਕੂਲ ਵਿਚ ਅੱਠਵੀਂ ਜਮਾਤ ਵਿਚ ਪੜ੍ਹਦੀ ਸਾਂ। ਨਾਲ ਦੇ ਪਿੰਡ ਭੈਣੀ ਵਿਖੇ ਸਰਕਾਰੀ ਹਾਈ ਸਕੂਲ ਹੋਣ ਕਰਕੇ ਬੱਚੇ ਅਗਲੀ ਪੜ੍ਹਾਈ ਲਈ ਉੱਥੇ ਪੜ੍ਹਨ ਜਾਂਦੇ ਸਨ। ਸਾਡਾ ਪਿੰਡ ਬਾਡਰ ’ਤੇ ਹੋਣ ਕਰਕੇ ਪਿੰਡ ਤੋਂ ਭੈਣੀ ਨੂੰ ਜਾਂਦੀ ਸੜਕ ਦੇ ਦੋਵੇਂ ਪਾਸੇ ਸਰਕੜੇ ਦੇ ਬੂਝੇ ਸਨ ਅਤੇ ਸੜਕ ਦੀ ਹਾਲਤ ਵੀ ਬਹੁਤੀ ਚੰਗੀ ਨਹੀਂ ਸੀ। ਇਸ ਕਰਕੇ ਅੱਠਵੀਂ ਪਾਸ ਕਰਨ ਤੋਂ ਬਾਅਦ ਮੈਂਨੂੰ ਅੱਗੇ ਪੜ੍ਹਨੇ ਨਹੀਂ ਸੀ ਪਾਇਆ ਗਿਆ। ਜਦੋਂ ਮੈਂਨੂੰ ਉੱਨੀਵਾਂ ਸਾਲ ਲੱਗਿਆ ਤਾਂ ਘਰਦਿਆਂ ਨੇ ਮੇਰਾ ਵਿਆਹ ਜਸਵੀਰ ਨਾਲ ਕਰ ਦਿੱਤਾ।
ਜਦੋਂ ਮੇਰਾ ਜਸਵੀਰ ਨਾਲ਼ ਰਿਸ਼ਤਾ ਹੋਇਆ ਤਾਂ ਵਿਚੋਲਣ, ਭੂਆ ਬੰਤੀ ਕਹੇ ਕਿ ‘‘ਮੁੰਡਾ ਦੱਸ ਜਮਾਤਾਂ ਪਾਸ ਐ। ਦੋ ਭਰਾ, ਦੋ ਭੈਣਾਂ ਨੇ। ਬਹੁਤਾ ਵੱਡਾ ਟੱਬਰ ਨਹੀਂ।’’
ਇਹ ਪੋਲ ਤਾਂ ਵਿਆਹ ਤੋਂ ਪਿੱਛੋਂ ਖੁੱਲ੍ਹੀ ਕਿ ਜਸਵੀਰ ਦੇ ਛੋਟੇ ਮਾਮਾ ਜੀ ਐਨ ਬਾਡਰ ਤੇ ਪੈਂਦੇ ਕਿਸੇ ਪਿੰਡ ਦੇ ਸਕੂਲ ਵਿਚ ਮਾਸਟਰ ਲੱਗੇ ਹੋਏ ਸਨ। ਮਾਮਾ ਜੀ ਨੇ ਆਪਣੇ ਸਕੂਲ ਵਿਚ ਜਸਵੀਰ ਨੂੰ ਦੱਸਵੀਂ ਜਮਾਤ ’ਚ ਦਾਖ਼ਲ ਕਰਵਾਇਆ ਅਤੇ ਜਸਵੀਰ ਦੀ ਜਗ੍ਹਾ ਕਿਸੇ ਹੋਰ ਮੁੰਡੇ ਤੋਂ ਪੇਪਰ ਦੁਆ ਕੇ ਦਸਵੀਂ ਪਾਸ ਕਰਵਾਈ ਸੀ। ਪੜ੍ਹਨ-ਲਿਖਣ ਵਿਚ ਜਸਵੀਰ ਦਾ ਹੱਥ ਵੀ ਮੇਰੇ ਵਾਂਗੂ ਤੰਗ ਈ ਆ।
ਮੈਂ ਆਪਣੀਆਂ ਧੀਆਂ ਅਤੇ ਪੁੱਤ ਨੂੰ ਪੜ੍ਹਾ ਕੇ ਅਫਸਰ ਬਣੇ ਵੇਖਣਾ ਚਾਹੁੰਦੀ ਸਾਂ। ਮੇਰੀਆਂ ਦੋਵੇਂ ਧੀਆਂ, ਸਿਮਰਨ ਅਤੇ ਰਮਨ ਮੇਰੇ ਜੇਠ ਜੈਮਲ ਸਿਹੁੰ ਦੇ ਨਿਆਣਿਆਂ ਗੁਰਅਮਨ ਅਤੇ ਗੁਰਤੇਗ ਦੇ ਨਾਲ ਹੀ ਸਰਕਾਰੀ ਸਕੂਲ ਵਿਚ ਪੜ੍ਹਦੀਆਂ ਸਨ। ਮੇਰੀ ਕੁੜੀਆਂ ਨੂੰ ਅੰਗਰੇਜ਼ੀ ਸਕੂਲ ’ਚ ਪੜ੍ਹਨੇ ਪਾਉਣ ਦੀ ਮਰਜੀ ਨਹੀਂ ਚੱਲੀ ਸੀ।
ਸ਼ੇਰਾ ਜਦੋਂ ਸਾਢੇ ਤਿੰਨ ਸਾਲਾਂ ਦਾ ਹੋਇਆ ਤਾਂ ਮੇਰੀ ਅਤੇ ਜਸਵੀਰ ਦੀ ਸਲਾਹ ਸੀ ਕਿ ਸ਼ੇਰੇ ਨੂੰ ਲਾਗਲੇ ਪਿੰਡ ਵਿਚ ਨਵੇਂ ਖੁਲ੍ਹੇ ਅੰਗਰੇਜ਼ੀ ਕਾਨਵੈਂਟ ਸਕੂਲ ਵਿਚ ਪੜ੍ਹਨੇ ਪਾਇਆ ਜਾਵੇ।
ਜਦੋਂ ਇਹ ਗੱਲ ਮੇਰੇ ਜੇਠ ਜੈਮਲ ਸਿੰਹੁ ਅਤੇ ਜਠਾਣੀ ਬਿੰਦਰ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਘਰ ਵਿਚ ਜਿਵੇਂ ਤੂਫ਼ਾਨ ਜਿਹਾ ਖੜ੍ਹਾ ਕਰ ਦਿੱਤਾ ਸੀ।
‘‘ਤੂੰ ਤੇ ਆਥੜੀ ਲੱਗਿਐਂ ਇਸ ਘਰ ਦਾ । ਪਹਿਲਾਂ ਭੈਣਾਂ ਵਿਆਹੀਆਂ, ਹੁਣ ਭਤੀਜੀਆਂ-ਭਤੀਜੇ ਵਿਆਹੁੰਦਾ ਮਰ ਜਾਵੀਂ ਤੇ ਅੱਗੇ ਮੇਰੇ ਪੁੱਤਾਂ ਤੋਂ ਆਥੜੀ ਕਰਵਾਵੀਂ ਇਸ ਘਰ ਦੀ।’’ ਜਠਾਣੀ ਬਿੰਦਰ ਉੱਚੀ-ਉੱਚੀ ਬੋਲ ਰਹੀ ਸੀ।
‘‘ਜੇ ਵੱਡੇ ਦੇ ਨਿਆਣੇ ਸਰਕਾਰੀ ਸਕੂਲ ’ਚ ਪੜ੍ਹ ਗਏ ਨੇ ਤਾਂ ਇਹ ਵੀ ਪੜ੍ਹ ਜੂਗਾ, ਐਵੇਂ ਘਰ ਵਿਚ ਕਲੇਸ਼ ਨਾ ਪਾਓ।’’ ਬੀਜੀ ਵੀ ਓਹਨਾਂ ਦੇ ਪਾਸੇ ਦੀ ਗੱਲ ਕਰ ਰਹੀ ਸੀ।
ਮੇਰੇ ਜੇਠ-ਜਠਾਣੀ ਨੇ ਅੱਡ ਹੋਣ ਦੀ ਧਾਰ ਲਈ। ਓਹਨਾਂ ਨੂੰ ਲੱਗਦਾ ਸੀ ਕਿ ਜੇ ਇਕੱਠੇ ਰਹੇ ਤਾਂ ਮੇਰੀਆਂ ਕੁੜੀਆਂ ਦੇ ਵਿਆਹਾਂ ਤੇ ਖ਼ਰਚਾ ਕਰਨਾ ਪਊ।
ਉਹਨਾਂ ਦੇ ਦੋਵੇਂ ਮੁੰਡੇ ਗਿਆਰਵੀਂ ਤੇ ਬਾਹਰਵੀਂ ਵਿਚ ਪੜ੍ਹਦੇ ਸਨ ਤੇ ਕਮਾਉਣ ਜੋਗੇ ਹੋ ਗਏ ਸਨ।
ਜਠਾਣੀ ਨੇ ਆਪਣੀ ਗੱਠੜੀ ਚੁੱਕੀ ਤੇ ਆਪਣੇ ਪੇਕੇ ਤੁਰ ਗਈ। ਜੇਠ ਸਵੇਰੇ-ਸਵੇਰੇ ਦਾਰੂ ਪੀ ਕੇ ਅੰਦਰ ਵੜ ਕੇ ਬੈਠ ਜਾਂਦਾ। ਉਪਰੋਂ ਕਣਕ ਦੀ ਵਾਢੀ ਸਿਰ ਤੇ ਸੀ ।
‘‘ਭਾਊ, ਛਿੰਦਿਆ ਵੱਡਾ ਭਰਾ ਬਣ ਕੇ ਸਾਡੀ ਕਣਕ ਪਹਿਲਾਂ ਵੱਢਾ ਦੇ, ਵੱਡਾ ਭਾਊ ਜੈਮਲ ਸਿੰਹੁ ਤਾਂ ਤਿੰਨ-ਚਾਰ ਦਿਨਾਂ ਦਾ ਦਾਰੂ ਡੱਫੀ ਜਾਂਦੈ। ਇਕੋ ਰੱਟ ਲਾਈ ਐ ਕਿ ਮੈਨੂੰ ਅੱਡ ਕਰ ਦਿਉ।’’ ਜਸਵੀਰ ਕਣਕ ਦੀ ਵਾਢੀ ਕਰਵਾਉਣ ਲਈ ਭਸੀਨੀਆਂ ਦੇ ਮੁੰਡੇ ਛਿੰਦੇ ਦਾ ਤਰਲਾ ਕਰ ਕੇ ਆਇਆ ਸੀ।
ਭਸੀਨੀਏ ਪਿੰਡ ਵਿਚ ਵੱਡੇ ਲਾਟੀਏ ਹੋਣ ਕਰਕੇ ਪਿੰਡ ਦੀ ਜ਼ਿਆਦਾ ਪੈਲੀ ਦੇ ਮਾਲਕ ਨੇ। ਉਹਨਾਂ ਦੇ ਕਣਕ ਅਤੇ ਝੋਨੇ ਦੀ ਵਾਢੀ ਕਰਨ ਲਈ ਲਾਗਲੇ ਪਿੰਡ ਤੋਂ ਕੰਮਬੈਨ ਹਾੜ੍ਹੀ-ਸਾਉਣੀ ਪੱਕੀ ਆਉਂਦੀ ਸੀ।
ਜਦੋਂ ਇਸ ਗੱਲ ਦਾ ਪਤਾ ਮੇਰੇ ਜੇਠ ਨੂੰ ਲੱਗਿਆ ਕਿ ਕੱਲ੍ਹ ਨੂੰ ਕਣਕ ਵੱਢਣ ਲਈ ਕੰਮਬੈਨ ਆ ਰਹੀ ਐ ਤਾਂ ਉਹ ਸ਼ਾਮ ਨੂੰ ਸ਼ਰਾਬ ਨਾਲ਼ ਰੱਜ ਕੇ ਬੀਜੀ ਦੇ ਦੁਆਲੇ ਹੋ ਗਿਆ ਤੇ ਗੰਡਾਸੀ ਕੱਢ ਲਈ, ‘‘ਇਹ ਫੱਫੇ ਕੁੱਟਣੀ ਬੁੱਢੜੀ ਨੇ ਕਿਸੇ ਤਨ ਪੱਤਣ ਨਹੀਂ ਲੱਗਣ ਦੇਣਾ ਮੈਨੂੰ।’’
‘‘ਮੈਨੂੰ ਮੌਤ ਕਿਉਂ ਨਹੀਂ ਆ ਗਈ ਏਹੋ ਜਿਹੀ ਗੰਦੀ ’ਲਾਦ ਨੂੰ ਜੰਮਣ ਤੋਂ ਪਹਿਲਾਂ, ਮੈਂ ਨਿੱਜ ਜੰਮਦੀ ਤੇਰੇ ਵਰਗੀ ਗੰਦੀ ’ਲਾਦ ਨੂੰ । ਆਪ ਤੁਰ ਗਿਆ ਮੈਂਨੂੰ ਕੱਲ੍ਹੀ ਨੂੰ ਛੱਡ ਕੇ ਇਹ ਦਿਨ ਵੇਖਣ ਲਈ।’’ ਬੇਬੇ ਕਲਪੀ।
ਆਂਹਦੇ ਨੇ ਜਸਵੀਰ ਦੀਆਂ ਦੋ ਵੱਡੀਆਂ ਭੈਣਾਂ ਦੇ ਵਿਆਹ ਕਰਨ ਲਈ ਬਾਪੂ ਜੀ ਨੇ ਬੈਂਕ ਦੀ ਲਿਮਟ ਰਾਹੀਂ ਅਤੇ ਆੜ੍ਹਤੀ ਤੋਂ ਕਰਜ਼ਾ ਲਿਆ ਸੀ। ਲਗਾਤਾਰ ਦੋ ਫਸਲਾਂ ਮੌਸਮ ਅਤੇ ਬਿਮਾਰੀ ਨਾਲ ਖ਼ਰਾਬ ਹੋਣ ਕਰਕੇ ਬੈਂਕ ਦੀ ਲਿਮਟ ਨਵੀਂ-ਪੁਰਾਣੀ ਨਹੀਂ ਸੀ ਹੋ ਸਕੀ ਅਤੇ ਆੜ੍ਹਤੀ ਤੋਂ ਲਿਆ ਕਰਜ਼ਾ ਵੀ ਨਹੀਂ ਮੋੜਿਆ ਜਾ ਸਕਿਆ ਸੀ।
ਬਾਪੂ ਜੀ ਨੇ ਜਸਵੀਰ ਤੋਂ ਛੋਟੇ ਜਗਦੀਪ ਨੂੰ ਬੜੇ ਔਖੇ ਹੋ ਕੇ ਪੁਲੀਸ ਵਿਚ ਸਿਪਾਹੀ ਭਰਤੀ ਕਰਵਾਇਆ ਸੀ। ਉਸ ਨੂੰ ਭਰਤੀ ਕਰਵਾਉਣ ਲਈ ਕਿਸੇ ਨੂੰ ਵੱਢੀ ਦੇਣ ਲਈ ਇਕ ਕਿੱਲਾ ਪੈਲੀ ਗਹਿਣੇ ਕਰਨੀ ਪਈ ਸੀ। ਜਗਦੀਪ ਸਿਖਲਾਈ ਦੌਰਾਨ ਹੀ ਨਸ਼ੇ ਦੇ ਵਹਿਣ ਵਿਚ ਵਹਿ ਤੁਰਿਆ ਅਤੇ ਸਮੈਕ ਦਾ ਸੂਟਾ ਜ਼ਿਆਦਾ ਲਾਉਣ ਨਾਲ ਉਸਦੀ ਮੌਤ ਹੋ ਗਈ ਸੀ।
ਬੈਂਕ ਵੱਲੋਂ ਲਿਮਟ ਕਲੀਅਰ ਕਰਨ ਲਈ ਜ਼ੋਰ ਪਾਇਆ ਜਾ ਰਿਹਾ ਸੀ। ਓਧਰ ਆੜ੍ਹਤੀ ਨੇ ਠਾਣੇਦਾਰ ਨਾਲ ਗੰਢ ਤੁੱਪ ਕਰਕੇ ਬਾਪੂ ਜੀ ਨੂੰ ਠਾਣੇ ਬੁਲਾ ਕੇ ਧੱਕੇ ਨਾਲ ਦੋ ਕਿੱਲੇ ਪੈਲੀ ਬੈਅ ਕਰਨ ਦਾ ਇਕਰਾਰ ਨਾਮਾਂ ਲਿਖਵਾ ਲਿਆ ਸੀ। ਜਗਦੀਪ ਕਰਕੇ ਪਹਿਲਾਂ ਗਹਿਣੇ ਪਈ ਕਿੱਲਾ ਪੈਲੀ ਵੀ ਬੈਂਕ ਦੀ ਲਿਮਟ ਨਾ ਤਾਰਨ ਕਰਕੇ ਬੈਅ ਕਰਨੀ ਪਈ ਸੀ। ਪੁੱਤ ਦੀ ਸਮੈਕ ਦੇ ਨਸ਼ੇ ਨਾਲ ਹੋਈ ਮੌਤ ਅਤੇ ਪੈਲੀ ਦੇ ਬੈਅ ਹੋ ਜਾਣ ਦੀ ਨਮੋਸ਼ੀ ਉਹਨਾਂ ਕੋਲੋਂ ਬਰਦਾਸ਼ਤ ਨਹੀਂ ਸੀ ਹੋਈ ਤੇ ਸਾਡੇ ਵਿਆਹ ਤੋਂ ਸਾਲ ਕੁ ਪਹਿਲਾਂ ਬਾਪੂ ਜੀ ਨੇ ਸਪਰੇਅ ਵਾਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ ਸੀ।
‘‘ਬੁੜ੍ਹੀਏ, ਮੈਂ ਇਸ ਘਰ ਵਿਚ ਇਕੱਠੇ ਇਕ ਦਿਨ ਵੀ ਨਹੀਂ ਕੱਢਣਾ। ਮੈਂ ਆਪਣੇ ਹਿੱਸੇ ਦੀ ਕਣਕ ਆਪ ਵੱਢਾਵਾਂਗਾ। ਜੇ ਤੁਸੀਂ ਕੋਈ ਉੱਨੀ-ਇੱਕੀ ਕੀਤੀ, ਮੈਂ ਸਾਰੀ ਕਣਕ ਨਾ ਲੂਹ ਦਿੱਤੀ ਤਾਂ ਮੈਨੂੰ ਜੱਟ ਨਾ ਜਾਣਿਓ।’’ ਮੇਰਾ ਜੇਠ ਬੀਜੀ ਨੂੰ ਮੁੜ-ਮੁੜ ਝਈਆਂ ਲੈ-ਲੈ ਪੈ ਰਿਹਾ ਸੀ।
ਬੀਜੀ ਵੀ ਕਿਹੜੀ ਘੱਟ ਸੀ, ‘‘ਕੁੱਤੀ ਆਪ ਪੇਕੇ ਜਾ ਬੈਠੀ ਆ। ਇਥੇ ਛੱਡ ਗਈ ਹਲਕੇ ਕੁੱਤੇ ਨੂੰ, ਹਰੇਕ ਨੂੰ ਵੱਢਦਾ ਫਿਰਦੈ। ਕੁੱਤਿਆ ਹੁਣ ਉਸ ਮਰੇ ਪਿਓ ਦੀ ਮਿੱਟੀ ਤਾਂ ਨਾ ਪੁੱਟ।’’
‘‘ਹਾਹੋ ਉਹ ਸਾਡੇ ਲਈ ਬੜੇ ਮੁਰੱਬੇ ਛੱਡ ਕੇ ਗਿਐ ਨਾ, ਜਿਹੜਾ ਮੈਂ ਉਸ ਦੀ ਆਰਤੀ ਕਰਾਂ!’’
‘‘ਤੈਨੂੰ ਕਿਹੜਾ ਕਿਸੇ ਨੇ ਡੱਕਿਐ, ਆਪਣਿਆਂ ਲਈ ਖਰੀਦ ਲੈ ਮੁਰੱਬੇ।’’
‘‘ਮੈਂ ਤਾਂ ਹੁਣ ਤੱਕ ਤੁਹਾਡੇ ਦੋਹਾਂ ਦੇ ਪੁੱਟੇ ਖੂਹ ਪੂਰਦਾ ਰਿਹਾਂ।’’
‘‘ਨਾ ਤੂੰ ਹੁਣ ਅੱਗੇ ਲੈ ਲਈਂ ਮੁਰੱਬੇ। ਮੈਂ ਵੀ ਮਰਦੀ-ਮਰਦੀ ਵੇਖ ਜਾਵਾਂਗੀ।’’
ਘਰ ਵਿਚ ਕਲੇਸ਼ ਵਧਦਾ ਵੇਖ ਕੇ ਜਸਵੀਰ ਮੋਟਰ ਸਾਇਕਲ ਚੁੱਕ ਕੇ ਆਪਣੇ ਨਾਨਕਿਆਂ ਨੂੰ ਭੱਜ ਤੁਰਿਆ। ਨਾਨਕਿਆਂ ਦਾ ਪਿੰਡ ਲਾਗੇ ਹੋਣ ਕਰਕੇ ਮੁੜਦੇ ਪੈਰੀਂ ਆਪਣੇ ਛੋਟੇ ਮਾਮੇ ਨੂੰ ਲੈ ਆਇਆ।
ਮਾਮੇ ਨੇ ਜੈਮਲ ਸਿੰਹੁ ਦੀ ਕਾਫ਼ੀ ਲਾਹ-ਪਾਹ ਕੀਤੀ ਪਰ ਜੈਮਲ ਸਿੰਹੁ ਨੇ ਇਕੋ ਨੰਨਾ ਧਰਿਆ ਸੀ,‘‘ਮੈਨੂੰ ਅੱਡ ਕਰ ਦਿਓ, ਮੈਂ ਇਕੱਠ ’ਚ ਨਹੀਂ ਰਹਿਣਾ ਚਾਹੁੰਦਾ।’’
ਮਾਮੇ ਦੇ ਜ਼ੋਰ ਦੇਣ ਤੇ ਜੈਮਲ ਸਿੰਹੁ ਇਸ ਗੱਲ ਤੇ ਸਹਿਮਤ ਹੋਇਆ ਕਿ ਕਣਕ ਦੀ ਵਾਢੀ ਇਕੱਠੀ ਕਰ ਲਈ ਜਾਵੇ, ਮੰਡੀ ਵੇਚਣ ਪਿੱਛੋਂ ਬਚਦੀ ਕਣਕ ਵੰਡ ਲਈ ਜਾਵੇ ਅਤੇ ਪੈਲੀ ਵੰਡ ਕੇ ਸਾਉਣੀ ਦੀ ਫ਼ਸਲ ਆਪੋ-ਆਪਣੀ ਬੀਜ ਲਈ ਜਾਵੇ।
ਬੀਜੀ ਨੇ ਵੀ ਆਪਣੀ ਮੋਹੜੀ ਗੱਡ ਲਈ, ‘‘ਮੈਂ ਆਪਣੀਆਂ ਕੁੜੀਆਂ ਤੇ ਨਨਾਣਾਂ ਨਾਲ ਖੁਸ਼ੀ-ਗ਼ਮੀ ਤੇ ਵਰਤਣਾ ਐ। ਇਸ ਲਈ ਮੈਂ ਇਹਨਾਂ ਦੇ ਹੱਥਾਂ ਵੱਲ ਥੋੜ੍ਹਾ ਵੇਖਾਂਗੀ, ਮੇਰਾ ਹਿੱਸਾ ਵੀ ਪੈਲੀ ’ਚੋਂ ਕੱਢੋ। ਜਿੰਨਾ ਚਿਰ ਮੈਂ ਜਿਉਂਦੀ ਹਾਂ ਮੈਂਨੂੰ ਕਿੱਲੇ-ਕਿੱਲੇ ਦਾ ਠੇਕਾ ਦੇਣ ਦੋਵੇਂ ਭਰਾ।’’
ਮੇਰੇ ਜੇਠ ਨੇ ਤਾਂ ਦੋ ਟੁੱਕ ਜਵਾਬ ਦੇ ਦਿੱਤਾ, ‘‘ਜੇ ਬੀਜੀ ਨੇ ਠੇਕਾ ਲੈਣਾ ਐ ਤਾਂ ਮੈਂ ਭੈਣਾਂ ਅਤੇ ਭੂਆ ਨਾਲ ਨਹੀਂ ਵਰਤਾਂਗਾ ੳਹਨਾਂ ਦੇ ਨਿਆਣਿਆਂ ਦੀ ਨਾਨਕੀ ਛੱਕ ਬੀਜੀ ਖੜ੍ਹੇਗੀ, ਮੈਂ ਦੁਆਨੀ ਨਹੀਂ ਲਾਵਾਂਗਾ ਓਹਨਾਂ ਦੀ ਖੁਸ਼ੀ-ਗ਼ਮੀ ਦੇ ਵਿਹਾਰ ਤੇ।’’
ਸਿਹਤ ਚੰਗੀ ਹੋਣ ਕਰਕੇ ਗੁਰਅਮਨ ਬਾਰਵੀਂ ਪਾਸ ਕਰਨ ਤੋਂ ਬਾਅਦ ਫੌਜ ’ਚ ਭਰਤੀ ਹੋ ਗਿਆ ਸੀ।
ਗੁਰਤੇਜ ਨੂੰ ਬਾਰ੍ਹਵੀਂ ਕਰਨ ਤੋਂ ਬਾਅਦ ਆਈਲੈਟਸ ਕਰਕੇ ਕਨੇਡਾ ਭੇਜਣ ਦੀ ਕੋਸ਼ਿਸ਼ ਕੀਤੀ ਪਰ ਉਹ ਪੰਜ ਬੈਂਡ ਨਹੀਂ ਸੀ ਲੈ ਸਕਿਆ। ਉਸਨੂੰ ਕਿਸੇ ਏਜੰਟ ਨਾਲ਼ ਤੀਹ ਲੱਖ ਰੂਪੈ ਵਿਚ ਸੌਦਾ ਕਰਕੇ ਮੈਕਸੀਕੋ ਰਾਹੀਂ ਦੋ ਨੰਬਰ ’ਚ ਅਮਰੀਕਾ ਦਾ ਬਾਡਰ ਪਾਰ ਕਰਵਾ ਦਿੱਤਾ ਸੀ। ਅਮਰੀਕਾ ਦੀ ਪੁਲੀਸ ਨੇ ਉਸ ਨੂੰ ਫੜ੍ਹ ਲਿਆ। ਮੇਰੀ ਜਠਾਣੀ ਬਿੰਦਰ ਦੇ ਦੂਰ ਦੇ ਅਮਰੀਕਾ ਰਹਿੰਦੇ ਰਿਸ਼ਤੇਦਾਰ, ਰਾੜੇ ਵਾਲੇ ਸੰਧੂ ਨੇ ਉਸਦੀ ਜ਼ਮਾਨਤ ਦੇ ਕੇ ਉਸ ਨੂੰ ਆਪਣੇ ਲਿਕਰ ਸਟੋਰ ਤੇ ਰੱਖ ਲਿਆ ਸੀ।
ਗੁਰਤੇਜ ਅਠਾਰ੍ਹਾਂ-ਅਠਾਰ੍ਹਾਂ ਘੰਟੇ ਕੰਮ ਕਰਦਾ। ਸਟੋਰ ਦੇ ਦਫ਼ਤਰ ਵਿਚ ਹੀ ਰਾਤ ਕੱਟ ਲੈਂਦਾ। ਉਸ ਦੇ ਦਫ਼ਤਰ ਵਿਚ ਸੌਣ ਨਾਲ ਦੂਜੇ ਕਰਿੰਦਿਆਂ ਵੱਲੋਂ ਸਟੋਰ ’ਚੋਂ ਕੀਤੀ ਜਾਂਦੀ ਚੋਰੀ ਰੁੱਕ ਗਈ ਅਤੇ ਸੰਧੂ ਦੇ ਲਿਕਰ ਸਟੋਰ ਦੀ ਕਮਾਈ ਵਿਚ ਚੋਖਾ ਵਾਧਾ ਹੋਇਆ। ਸੰਧੂ ਗੁਰਤੇਜ ਤੇ ਬਹੁਤ ਖੁਸ਼ ਸੀ। ਉਹ ਉਸ ਨੂੰ ਓਵਰ ਟਾਇਮ ਦੀ ਡਬਲ ਪੇਮੈਂਟ ਦਿੰਦਾ।
ਮੇਰੇ ਜੇਠ ਨੇ ਗੁਰਤੇਜ ਦੇ ਭੇਜੇ ਪੈਸਿਆਂ ਨਾਲ ਰਿਸ਼ਤੇਦਾਰ੍ਹਾਂ ਤੋਂ ਲਿਆ ਉਧਾਰ, ਜ਼ਮੀਨ ਦੀ ਲਿਮਟ ਤੇ ਆੜ੍ਹਤੀ ਤੋਂ ਲਿਆ ਵਿਆਜ਼ੂ ਕਰਜ਼ਾ ਇਕ ਸਾਲ ਵਿਚ ਹੀ ਲਾਹ ਦਿੱਤਾ ਸੀ।
ਉਸ ਨੇ ਆਪਣੇ ਹਿੱਸੇ ਆਈ ਹਵੇਲੀ ਦੇ ਵਾੜੇ ਵਿਚ ਵੱਡੀ ਸਾਰੀ ਕੋਠੀ ਪਾਉਣੀ ਸ਼ੁਰੂ ਕਰ ਦਿੱਤੀ। ਕੋਠੀ ਜਿਓਂ-ਜਿਓਂ ਜ਼ਮੀਨ ’ਚੋਂ ਉਪਰ ਨੂੰ ਉੱਠਣੀ ਸ਼ੁਰੂ ਹੋਈ ਤਿਓਂ-ਤਿਓਂ ਜਸਵੀਰ ਦੇ ਅੰਦਰ ਸ਼ਰੀਕਾਂ ਵਾਲੀ ਈਰਖਾ ਨੇ ਭਾਂਬੜ ਬਣ ਕੇ ਮੱਚਣਾ ਸ਼ੁਰੂ ਕਰ ਦਿੱਤਾ ਸੀ।
‘‘ਮੈਂ ਸ਼ੇਰੇ ਪੁੱਤ ਕੱਲ੍ਹ ਤੇਰੇ ਮਾਸੜ ਨੂੰ ਨਾਲ ਲੈ ਕੇ ’ਜੰਟ ਤੋਂ ਪਤਾ ਕਰਕੇ ਆਇਆਂ। ’ਜੰਟ ਨੇ ਕਿਹੈ ਪੰਜ ਬੈਂਡ ਤੇ ਬਾਰਵੀਂ ਨਾਨ ਮੈਡੀਕਲ ਨਾਲ ਕੀਤੀ ਹੋਵੇ ਤਾਂ ਕਨੇਡਾ ਦਾ ਪੜ੍ਹਾਈ ਲਈ ਵੀਜ਼ਾ ਮਿਲ ਜਾਂਦੈ। ਮੇਰਾ ਪੁੱਤ ਜ਼ੋਰ ਲਾ ਕੇ ਪੰਜ ਬੈਂਡ ਲੈ ਲਾ ਸਾਰੀ ਉਮਰ ਮੌਜ ਕਰੇਂਗਾ, ਨਾਲੇ ਆਪਣੇ ਤਾਈ-ਤਾਏ ਦੀ ਹਿੱਕ ਤੇ ਦੀਵਾ ਬਾਲੇਂਗਾ।’’ ਜਸਵੀਰ ਨੇ ਆਪਣੀ ਗੱਲ ਪੂਰੀ ਕੀਤੀ ਸੀ।
‘‘ਭਾਪਾ ਮੈਂ ਆਪਣਾ ਜ਼ੋਰ ਲਾਵਾਂਗਾ ਬਾਕੀ ਕਿਸਮਤ ’ਚ ਕੀ ਆ ਪਤਾ ਨਹੀਂ’’ ਸ਼ੇਰੇ ਨੇ ਜਸਵੀਰ ਦੀ ਗੱਲ ਦਾ ਜੁਆਬ ਦਿੱਤਾ ਸੀ।
ਜਸਵੀਰ ਖ਼ਿਆਲੀ ਸੁਪਨੇ ਲੈਂਦਾ, ‘‘ਸ਼ੇਰਾ ਕਨੇਡਾ ਜਾਵੇਗਾ ਤੇ ਓਥੇ ਪੱਕਾ ਹੋ ਕੇ ਸਾਨੂੰ ਸੱਦੇਗਾ, ਅਸੀਂ ਫਿਰ ਕੁੜੀਆਂ ਨੂੰ ਸੱਦ ਲਵਾਂਗੇ, ਕਨੇਡਾ ਦੇ ਲਾਲਚ ’ਚ ਕੁੜੀਆਂ ਦੇ ਰਿਸ਼ਤੇ ਬਿਨਾਂ ਦਹੇਜ ਤੋਂ ਹੋ ਜਾਣਗੇ।’’
ਮੈਂਨੂੰ ਜਸਵੀਰ ਦੇ ਦਿਨੇਂ ਲਏ ਸੁਪਨੇ ਨਹੀਂ ਸਨ ਭਾਉਂਦੇ। ਮੈਂ ਜਸਵੀਰ ਨੂੰ ਟੋਕਦੀ, ‘‘ਬੰਦਿਆ ਧਰਤੀ ਤੇ ਰਹਿਣਾ ਸਿੱਖ। ਐਵੇਂ ਹਵਾ ’ਚ ਨਾ ਘੋੜੇ ਦੁੜਾਇਆ ਕਰ।’’ ਪ੍ਰੰਤੂ ਜਸਵੀਰ ਕਿੱਥੇ ਕਿਸੇ ਦੀ ਸੁਣਦਾ ਸੀ?
ਸ਼ੇਰਾ ਬਾਰਵੀਂ ਦੇ ਇਮਤਿਹਾਨ ਦੇ ਕੇ ਆਈਲੈਟਸ ਕਰਨ ਲਈ ਸ਼ਹਿਰ ਜਾ ਕੇ ਕਲਾਸਾਂ ਲਾਉਣ ਲੱਗਾ। ਉਸ ਨੇ ਤਿੰਨ ਵਾਰ ਆਈਲੈਟਸ ਦੇ ਪੇਪਰ ਦਿੱਤੇ ਸਨ ਪਰ ਤੀਜੀ ਵਾਰੀ ਵੀ ਉਹ ਸਾਢੇ ਚਾਰ ਤੋਂ ਵੱਧ ਬੈਂਡ ਨਹੀਂ ਲੈ ਸਕਿਆ ਸੀ।
‘‘ਨਿਕੰਮੀ ਔਲਾਦ ਨਾਲੋਂ ਤਾਂ ਬੰਦਾ ਬੇ-ਔਲਾਦ ਈ ਚੰਗਾ ਐ।’’ ਉਹ ਹਰ ਰੋਜ਼ ਸ਼ੇਰੇ ਨੂੰ ਕੁਝ ਨਾ ਕੁਝ ਬੋਲਦਾ ਰਹਿੰਦਾ। ਸ਼ੇਰਾ ਵੀ ਸਰਵਣ ਪੁੱਤ ਵਾਂਗ ਸਾਰਾ ਕੁਝ ਸੁਣੀ ਜਾਂਦਾ, ਅੱਗੋਂ ਅੱਖ ਪੁੱਟ ਕੇ ਨਾ ਦੇਖਦਾ।
‘‘ਤੈਨੂੰ ਅਗਰੇਜ਼ੀ ਸਕੂਲੇ ਪੜ੍ਹਾਇਆ, ਤੇਰੇ ਨਾਲ ਧਰਮੇ ਫੌਜੀ ਦੇ ਮੁੰਡਾ-ਕੁੜੀ ਪੜ੍ਹਦੇ ਸੀ ਦੋਵਾਂ ਨੇ ਛੇ-ਛੇ ਬੈਂਡ ਲਏ ਨੇ ਆਈਲੈਟ ’ਚੋਂ, ਦੋਹਾਂ ਦਾ ਕਨੇਡਾ ਦਾ ਵੀਜਾ ਲੱਗ ਗਿਐ, ਕਿੱਡਾ ਕਿਸਮਤ ਵਾਲਾ ਐ ਧਰਮਾ ਫੌਜੀ !’’
ਹੁਣ ਸ਼ੇਰੇ ਦਾ ਇਕ ਤਰ੍ਹਾਂ ਨਾਲ ਬੰਨ ਟੁੱਟ ਗਿਆ, ‘‘ਚਾਚੀ ਫੌਜਣ ਬੀ. ਏ. ਐ, ਉਹ ਆਪਣੇ ਨਿਆਣਿਆਂ ਨਾਲ਼ ਅੰਗਰੇਜ਼ੀ ਬੋਲਦੀ ਐ, ਤੁਹਾਡੇ ਅਣਪੜ੍ਹ ਲਾਣੇ ਵਾਂਗੂੰ ਅੰਗਰੇਜ਼ੀ ਨੂੰ ’ਗਰੇਜੀ ਨੀਂ ਕਹਿੰਦੀ।’’
ਕਿੰਨੀ ਵਾਰ ਸਮਝਾਇਐ ਇਸ ਬੰਦੇ ਨੂੰ ਪਰ ਇਸ ਦੇ ਖ਼ਾਨੇ ’ਚ ਨਹੀਂ ਵੜਦੀ। ਪੁੱਤ ਹੁਣ ਜਵਾਨ ਹੋ ਗਿਐ, ਐਵੇਂ ਨਾ ਹਰ ਵੇਲੇ ਟੋਕਦਾ ਰਿਹਾ ਕਰ ਪੁੱਤ ਨੂੰ। ਲੋਕਾਂ ਦੇ ਮੁੰਡਿਆਂ ਵੱਲ ਵੇਖ ਕਿਵੇਂ ਸਮੈੱਕਾਂ ਦੇ ਸੂਟੇ ਲਾ-ਲਾ ਘਰਦੇ ਸੂਲੀ ਟੰਗੇ ਐ।
ਸਮੈਕ ਪੀ.ਪੀ. ਕੇ ਜ਼ਮੀਨਾਂ ਬੈਅ ਕਰਕੇ ਘਰ ਖਾਲੀ ਕਰ ਦਿੱਤੇ ਐ। ਆਪ ਵੀ ਮਰ ਗਏ ਐ ਤੇ ਬਾਕੀ ਦੇ ਟੱਬਰਾਂ ਨੂੰ ਦਰ-ਦਰ ਧੱਕੇ ਖਾਣ ਲਈ ਛੱਡ ਗਏ ਆ।
ਜਸਵੀਰ ਜਦੋਂ ਵੀ ਆਪਣੇ ਭਰਾ ਦੀ ਬਣ ਰਹੀ ਕੋਠੀ ਵੇਖਦਾ ਤਾਂ ਮੱਚ ਉੱਠਦਾ। ਉਸ ਦੇ ਮਨ ’ਚ ਕੋਈ ਨਾ ਕੋਈ ਵਿਉਂਤ ਚੱਲਦੀ ਰਹਿੰਦੀ। ‘‘ਮੇਰੀ ਵੀ ਇਸ ਤਰ੍ਹਾਂ ਦੀ ਵੱਡੀ ਸਾਰੀ ਕੋਠੀ ਹੋਵੇਗੀ ਕਦੀ?
ਸ਼ੇਰੇ ਨੂੰ ਬਾਹਰ ਭੇਜਣ ਲਈ ਉਹ ਕਦੀ ਇਸ ਏਜੰਟ ਕੋਲ ਜਾਂਦਾ, ਕਦੀ ਉਸ ਕੋਲ। ਏਜੰਟਾਂ ਵੱਲੋਂ ਜਿਨੇ ਪੈਸੇ ਦੀ ਮੰਗ ਕੀਤੀ ਜਾਂਦੀ ਓਨੇ ਪੈਸੇ ਦਾ ਜੁਗਾੜ ਨਾ ਬਣਦਾ ਤੇ ਗੱਲ ਵਿਚੇ ਹੀ ਰਹਿ ਜਾਂਦੀ।
ਇਕ ਰਾਤੀਂ ਜਸਵੀਰ ਨੇ ਉੱਠ ਕੇ ਦਿਨ ਚੜ੍ਹਦੇ ਨੂੰ ਵਿਹੜੇ ’ਚ ਲੱਗੀ ਧਰੇਕ ਮੁੱਢੋਂ ਪੁੱਟ ਦਿੱਤੀ। ਜਦੋਂ ਮੈਂ ਸਵੇਰੇ ਉੱਠੀ ਤਾਂ ਵੇਹੜਾ ਭਾਂ-ਭਾਂ ਕਰੇ। ਜਸਵੀਰ ਧਰੇਕ ਦੀਆਂ ਡਾਹਣੀਆਂ ਦਾਤਰ ਨਾਲ ਵੱਢ ਵੱਢ ਕੇ ਇਕੱਠੀਆਂ ਕਰ ਰਿਹਾ ਸੀ।
‘‘ਰੱਬ ਦਿਆ ਬੰਦਿਆ ਕੀ ਹੋ ਗਿਐ ਤੇਰੇ ਡਮਾਕ ਨੂੰ! ਦੁਪਹਿਰ ਨੂੰ ਦੋ ਘੜੀਆਂ ਛਾਵੇਂ ਬਹਿ ਲਈਦਾ ਸੀ ਇਸ ਦੀ। ਕੀ ਹੋ ਗਿਆ ਤੇਰੀ ਮੱਤ ਨੂੰ ?’’
ਪਿਛਲੇ ਐਤਵਾਰ ਉਹ ਕਿੱਤੇ ਬੇਰ ਸਾਹਿਬ ਵਾਲੇ ਬਾਬੇ ਦੀਪੇ ਤੋਂ ਪੁੱਛਣਾ ਲੈਣ ਗਿਆ ਸੀ। ਬਾਬੇ ਦੀਪੇ ਨੇ ਦੱਸਿਆ, ‘‘ਤੇਰੇ ਵੇਹੜੇ ’ਚ ਜਿਹੜਾ ਰੁੱਖ ਲੱਗਿਐ ਉਸ ਉੱਪਰ ਤੇਰੇ ਕਿਸੇ ਵਡੇਰੇ ਦੀ ਰੂਹ ਰਾਤ ਨੂੰ ਉੱਲੂ ਬਣ ਕੇ ਆਣ ਬਹਿੰਦੀ ਐ, ਉਹ ਸ਼ੇਰੇ ਦੇ ਬਾਹਰ ਜਾਣ ਦਾ ਕੰਮ ਨਹੀਂ ਬਨਣ ਦੇਂਦੀ।’’
ਕਈ ਵਾਰ ਰਾਤ ਨੂੰ ਧਰੇਕ ਤੇ ਬਿੱਲ ਬਤਾਉਰੀ ਆਣ ਬੈਠਦੀ ਸੀ ਜਿਸਨੂੰ ਲੈ ਕੇ ਜਸਵੀਰ ਦੇ ਮਨ ’ਤੇ ਬਾਬੇ ਦੀ ਗੱਲ ਦਾ ਬੜਾ ਅਸਰ ਹੋਇਆ ਸੀ ਤੇ ਉਸ ਨੇ ਬਿਨਾਂ ਕੁਝ ਸੋਚੇ-ਸਮਝੇ ਧਰੇਕ ਮੁੱਢੋਂ ਪੁੱਟ ਦਿੱਤੀ ਸੀ।
ਬਾਪੂ ਜੀ ਦੀ ਨਿਸ਼ਾਨੀ, ਧਰੇਕ ਪੱੁਟਣ ਕਰਕੇ ਬੀਜੀ ਨਰਾਜ਼ ਹੋ ਕੇ ਆਪਣਾ ਡੰਡਾ-ਡੇਰਾ ਚੁੱਕ ਕੇ ਵੱਡੇ ਪੁੱਤ ਦੇ ਘਰੇ ਚਲੇ ਗਈ ਸੀ।
ਜਸਵੀਰ ਸ਼ੇਰੇ ਨੂੰ ਬਾਹਰ ਘੱਲਣ ਲਈ ਲਗਾਤਾਰ ਚਾਲੀ ਐਤਵਾਰ ਸਵੇਰੇ-ਸਵੇਰੇ ਹੀ ਅੰਬਰਸਰ, ਸ਼ਹੀਦ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਜਾ ਕੇੇ ਚੌਪਈ ਦਾ ਪਾਠ ਕਰਦਾ ਤੇ ਪਾਠ ਤੋਂ ਬਾਅਦ ਅਰਦਾਸ ਕਰਦਾ,‘‘ਧੰਨ-ਧੰਨ ਬਾਬਾ ਦੀਪ ਸਿੰਘ ਜੀ, ਸ਼ਹੀਦਾਂ ਦੇ ਸਰਤਾਜ ਵਾਹਗੁਰੂ ਜੀ ਤੇਰੇ ਇਸ ਨਿਮਾਣੇ ਜਿਹੇ ਸੇਵਕ ਦੀ ਅਰਦਾਸ ਜੋਦੜੀ ਐ, ਆਪਣੇ ਬੱਚੇ ਸ਼ੇਰੇ ਨੂੰ ਬਾਹਰ ਭੇਜੋ ਜੀ।’’
ਜਸਵੀਰ ਨੂੰ ਸ਼ੇਰੇ ਨੂੰ ਬਾਹਰ ਭੇਜਣ ਦਾ ਏਨਾ ਸ਼ੁਦਾਅ ਹੋਇਆ ਕਿ ਇਕ ਦਿਨ ਉਹ ਖਿਡਾਉਣੇ ਵਾਲਾ ਜਹਾਜ਼ ਲੈ ਆਇਆ। ਮੈਂ ਹੱਸੀ ਜਾਵਾਂ, ‘‘ਸਰਦਾਰਾ ਮੈਂ ਨਹੀਂ ਹੁਣ ਹੋਰ ਜੰਮ ਸਕਦੀ ਜਿਸ ਲਈ ਇਹ ਖਿਡਾਉਣਾ ਲੈ ਆਇਆ ਏਂ।’’
‘‘ਨਹੀਂ, ਮੈਂ ਕਲ੍ਹ ਸਵੇਰੇ/ਸਵੱਖਤੇ ਅੰਬਰਸਰ ਤੋਂ ਬੱਸ ਬਹਿ ਕੇ ਜਲੰਧਰ ਜ਼ਿਲ੍ਹੇ ’ਚ ਤੱਲਣ ਪਿੰਡ ਦੇ ਗੁਰਦਵਾਰੇ ’ਚ ਇਹ ਜਹਾਜ਼ ਚੜ੍ਹਾ ਕੇ ਆਉਣੈ। ਕਹਿੰਦੇ ਨੇ ਮਹਾਰਾਜ ਬਾਹਰ ਜਾਣ ਦੀ ਮਨੋਕਾਮਨਾ ਪੂਰੀ ਕਰਦੇ ਐ।’’
ਜਸਵੀਰ ਨੂੰ ਸ਼ੇਰੇ ਨੂੰ ਬਾਹਰ ਭੇਜਣ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਸੀ ਆਹੁੜਦਾ ਤੇ ਉਹ ਦਿਨੇ, ਜਾਗਦੀਆਂ ਅੱਖਾਂ ਨਾਲ ਵੀ ਸ਼ੇਰੇ ਨੂੰ ਬਾਹਰ ਭੇਜਣ ਦੇ ਸੁਪਨੇ ਲੈਂਦਾ ਸੀ। ਉਸਦੀ ਰਾਤਾਂ ਦੀ ਨੀਂਦ ਉੱਡਦੀ ਜਾ ਰਹੀ ਸੀ।
ਰਮਨ ਨੂੰ ਤੇਵੀਵਾਂ ਤੇ ਸਿਮਰਨ ਨੂੰ ਚੌਵੀਵਾਂ ਸਾਲ ਲੱਗਾ ਗਿਆ ਸੀ। ਮੈਂ ਉਹਨਾਂ ਦੇ ਹਰ ਮਹੀਨੇ ਦੇ ਕੱਪੜਿਆਂ ਨੂੰ ਗਹੁ ਨਾਲ ਦੇਖਦੀ। ਮੇਰੇ ਮਨ ਵਿਚ ਕਈ ਤਰ੍ਹਾਂ ਦੇ ਭੈੜੇ-ਭੈੜੇ ਖ਼ਿਆਲ ਆਉਂਦੇ। ਦੁੱਧ ਤੇ ਬੁੱਧ ਫੱਟਦੇ ਕਹਿੰਦੇ ਦੇਰ ਨਹੀਂ ਲਾਉਂਦੇ। ਨਹੀਂ, ਮੇਰੀਆਂ ਧੀਆਂ ਇਸ ਤਰ੍ਹਾਂ ਨਹੀਂ ਕਰ ਸਕਦੀਆਂ। ਪਤਾ ਨਹੀਂ ਕਿੰਨੇ ਭੈੜੇ ਸੁਪਨੇ ਆਉਂਦੇ। ਅੱਜ ਕਲ੍ਹ ਦਾ ਮਾਹੌਲ ਵੇਖ ਕੇ ਤੇ ਲੋਕਾਂ ਦੀਆਂ ਗੱਲਾਂ ਸੁਣਕੇ ਡਰ ਲੱਗਦਾ।
ਜਦੋਂ ਦੀ ਨੱਕਵੱਢਿਆਂ ਦੀ ਧੀ ਮਨਜੋਤ ਨੇ ਕਾਲਜ ਪੜ੍ਹਦੇ ਆਪਣੇ ਜਮਾਤੀ ਨਾਲ ਘਰਦਿਆਂ ਦੀ ਮਰਜ਼ੀ ਤੋਂ ਬਗੈਰ ਬੀੜ ਬਾਬੇ ਬੁੱਢੇ ਸਾਹਬ ਜਾ ਕੇ ਵਿਆਹ ਕਰ ਲਿਆ ਸੀ ਉਦੋਂ ਤੋਂ ਮੇਰੀ ਰਾਤਾਂ ਦੀ ਨੀਂਦ ਹਰਾਮ ਹੋ ਗਈ ਸੀ।
ਪਤਾ ਲੱਗਾ ਉਹ ਦੋਵੇਂ ਚਿੱਟੇ ਤੇ ਲੱਗ ਗਏ ਸਨ। ਪਹਿਲਾਂ-ਪਹਿਲਾਂ ਤਾਂ ਮਨਜੋਤ ਦੇ ਪਿਓ ਨੇ ਉਸਨੂੰ ਇਕ-ਦੋ ਵਾਰ ਦਬਕਿਆ ਸੀ। ਪਰ ਉਹ ਕੁੜੀ ਬੜੀ ਮੂੰਹ ਜ਼ੋਰ ਸੀ, ਉਹ ਕਿਥੇ ਰੁੱਕਣ ਵਾਲੀ ਸੀ! ਦੱਸਦੇ ਨੇ ਹੁਣ ਉਹ ਚਿੱਟਾ ਵੇਚਦੀ ਫੜੀ ਗਈ ਐ ਤੇ ਉਹਦਾ ਘਰਵਾਲਾ ਚਿੱਟਾ ਜ਼ਿਆਦਾ ਪੀਣ ਨਾਲ ਮਰ ਗਿਆ ਏ।
‘‘ਨਹੀਂ-ਨਹੀਂ ਮੇਰੀਆਂ ਧੀਆਂ ਇਸ ਤਰ੍ਹਾਂ ਦੀਆਂ ਨਹੀਂ ਹੋ ਸਕਦੀਆਂ,’’ ਮੈਂ ਆਪਣੇ ਆਪ ਨੂੰ ਦਿਲਾਸਾ ਦੇਂਦੀ ਆਂ।
ਭਲਾ ਹੋਵੇ ਗਰਾਮ ਸੇਵਕ ਭੈਣ ਜੀ ਦਾ ਜਿਹਨੇ ਸਿਮਰਨ ਤੇ ਰਮਨ ਨੂੰ ਸਿਲਾਈ-ਕਢਾਈ ਸਿੱਖਾ ਕੇ ਸ਼ਹਿਰ ਕਿਸੇ ਬੁਟੀਕ ਵਾਲੀ ਤੋਂ ਸਲਵਾਰਾਂ ਸਿਉਣ ਦਾ ਕੰਮ ਲੈ ਦਿੱਤਾ ਏ। ਬੁਟੀਕ ਵਾਲੀ ਆਪੇ ਆ ਕੇ ਸਲਵਾਰਾਂ ਦਾ ਕੱਪੜ੍ਹਾ ਦੇ ਜਾਂਦੀ ਐ ਤੇ ਦੱਸੇ ਦਿਨ ਤੇ ਸੀਤੀਆਂ ਸਲਵਾਰ੍ਹਾਂ ਲੈ ਜਾਂਦੀ ਐ, ਦੋਵੇਂ ਆਹਰੇ ਲੱਗੀਆਂ ਰਹਿੰਦੀਆਂ ਨੇ।
‘‘ਭਾਅ ਜਸਵੀਰ ਸਿੰਹਾ ਆ ਕਨੇਡਾ-ਕਨੂੂਡਾ ਨੂੰ ਛੱਡ, ਆਪਾਂ ਸ਼ੇਰੇ ਨੂੰ ਦੋ ਨੰਬਰ ’ਚ ’ਮਰੀਕਾ ਭੇਜਦੇ ਆਂ, ਸਾਲ ’ਚ ਸ਼ੇਰੇ ਦਾ ’ਮਰੀਕਾ ’ਚ ਪੱਕਾ ਹੋਣਾ ਵੱਟ ਤੇ ਪਿਐ, ਮੈਂ ਜਲੰਧਰ ਵਾਲੇ ‘ਜੰਟ ਤੋਂ ਭਾਊ ਜੈਮਲ ਸਿੰਹੁ ਦੇ ਮੁੰਡੇ ਗੁਰਤੇਜ ਦਾ ਕੰਮ ਕਰਵਾਇਆ ਸੀ, ’ਜੰਟ ਮੇਰਾ ਯਾਰ ਐ ਭਾਅ ਜਸਵੀਰ ਸਿੰਹਾ, ’ਜੰਟ ਨੇ ਪਹਿਲਾਂ ਇਹ ਪੱਕੀ ਕਰਵਾਉਣੀ ਆ ਕਿ ਸ਼ੇਰੇ ਨੂੰ ’ਮਰੀਕਾ ’ਚ ਕੋਈ ਸਾਂਭਣ ਵਾਲਾ ਹੋਵੇ। ਭਾਅ ਜਸਵੀਰ ਸਿੰਹਾ ਸ਼ੇਰੇ ਨੇ ਇਕ ਸਾਲ ’ਚ ਪੈਸੇ ਪੂਰੇ ਕਰ ਲੈਣੇ ਆ, ਭਾਅ ਪੰਦਰਾਂ ਡਾਲਰ ਤੇ ਘੰਟੇ ਦੇ ਵੱਟ ਤੇ ਪਏ ਆ, ਜੇ ਓਵਰ ਟਾਇਮ ਲਾਊਗਾ ਤਾਂ ਉਹ ਵੱਖਰਾ, ਦੋ ਢਾਈ ਸੌ ਡਾਲਰ ਤਾਂ ਦਿਹਾੜੀ ਦੇ ਕੁੱਟ ਹੀ ਲੈਣੇ ਆ। ਢਾਈ ਸੌ ਨੂੰ ਜ਼ਰਾ ਬੱਹਤਰਾਂ ਨਾਲ ਹਿਸਾਬ ਕਰ ਕੇ ਦੇਖ ਖਾਂ, ਦਿਹਾੜੀ ਦੇ ਅਠਾਰ੍ਹਾਂ ਹਜ਼ਾਰ ਬਣਦੇ ਆ। ਅਠਾਰਾਂ ਹਜਾਰ ਰੋਜ ਦੇ ਨਾਲ ਤੀਹ ਦਿਨਾਂ ਦਾ ਹਿਸਾਬ ਕਰ ਖਾਂ, ਸਾਢੇ ਪੰਜ ਲੱਖ ਬਣਦੈ ਮਹੀਨੇ ਦਾ। ਅੱਧਾ ਖ਼ਰਚਾ ਲਾ ਲੈ ਤੇ ਬਚਦਾ ਅੱਧ ਵੀ ਤੀਹ-ਕੱਤੀ ਲੱਖ ਬਣਦਾ ਐ ਸਾਲ ਦਾ। ਇਕ ਸਾਲ ’ਚ ਸਾਰਾ ਖ਼ਰਚਾ ਨਿਕਲ ਆਉਣਾ ਐ। ਭਾਊ ਜੈਮਲ ਸਿੰਹੁ ਨੇ ਮੁੰਡੇ ਦੇ ਭੇਜੇ ਪੈਸੇ ਨਾਲ ਇਕ ਸਾਲ ’ਚ ਸਾਰਾ ਕਰਜ਼ਾ ਲਾਹ ਲਿਆ ਐ ਨਾ।’’ ਜਸਵੀਰ ਨੂੰ ਵੱਢ ਖਾਣਿਆਂ ਦੇ ਦਤਾਰ ਸਿੰਹੁ, ਤਾਰੇ ਆੜ੍ਹਤੀ ਨੇ ਸ਼ੇਰੇ ਨੂੰ ’ਮਰੀਕਾ ਘੱਲਣ ਲਈ ਆਪਣੇ ਢਾਹੇ ਚੜ੍ਹਾ ਲਿਆ ਸੀ।
ਤਾਰਾ ਜਸਵੀਰ ਨੂੰ ਨਾਲ ਲੈ ਕੇੇ ਜਲੰਧਰ ਵਾਲੇ ’ਜੰਟ ਨਾਲ ਸ਼ੇਰੇ ਨੂੰ ਦੋ ਨੰਬਰ ’ਚ ਮੈਕਸੀਕੋ ਰਾਹੀਂ ’ਮਰੀਕਾ ਭੇਜਣ ਲਈ ਤੀਹ ਲੱਖ ਵਿੱਚ ਗੱਲ ਤਹਿ ਕਰ ਆਇਆ ਸੀ। ਤਾਰੇ ਦਾ ਜੰਟ ਨਾਲ ਦੱਸ ਪੈਸੇ ਕਮਿਸ਼ਨ ਚੱਲਦਾ ਸੀ। ’ਮਰੀਕਾ ’ਚ ਸ਼ੇਰੇ ਦੇ ਫੜ੍ਹੇ ਜਾਣ ਤੇ ਉਸ ਦੀ ਜ਼ਮਾਨਤ ਅਤੇ ਬਾਂਡ ਭਰਨ ਅਤੇ ਸਾਂਭਣ ਦਾ ਪ੍ਰਬੰਧ ਸਾਨੂੰ ਕਰਨਾ ਪੈਣਾ ਸੀ।
ਜਸਵੀਰ ਆਉਂਦਾ-ਆਉਂਦਾ ਵੱਢ ਖਾਣਿਆਂ ਦੇ ਤਾਰੇ ਨਾਲ ਸਤਾਈ ਲੱਖ ’ਚ ਤਿੰਨ ਕਿੱਲ੍ਹੇ ਪੈਲੀ ਗਹਿਣੇ ਦੇਣ ਦੀ ਗੱਲ ਵੀ ਕਰ ਆਇਆ ਸੀ। ਗਹਿਣੇ ਦਿੱਤੀ ਪੈਲੀ ਅਸੀਂ ਹੀ ਵਾਹੁਣੀ ਸੀ,। ਤਾਰੇ ਨੂੰ ਇਸ ਦਾ ਡੇੜ ਲੱਖ ਰੁਪੈ ਸਾਲ ਦਾ ਠੇਕਾ ਦਿਆ ਕਰਨਾ ਸੀ। ਸਾਲ ਦਾ, ਪਹਿਲਾ ਠੇਕਾ ਤਾਰੇ ਨੇ ਸਤਾਈ ਲੱਖ ਦੇ ਵਿਚੋਂ ਕੱਟ ਲੈਣਾ ਸੀ ਤੇ ਤਿੰਨ ਲੱਖ ਉਸਨੂੰ ’ਜੰਟ ਤੋਂ ਮਿਲਣਾ ਸੀ। ਇਉਂ ਉਸਨੂੰ ਤਾਂ ਘਰੇ ਬੈਠੇ ਨੂੰ ਸਾਢੇ ਚਾਰ ਲੱਖ ਮਿਲ ਜਾਣਾ ਸੀ।
ਮੈਂ ਆਪਣੀ ਵੱਡੀ ਭੈਣ ਦਾ ਤਰਲਾ ਮਾਰਿਆ ਕਿ ਉਹ ਆਪਣੇ ’ਮਰੀਕਾ ਰਹਿੰਦੇ ਜੇਠ ਦੇ ਮੁੰਡੇ, ਅਮਨ ਨੂੰ ਕਹੇ ਕਿ ਉਹ ਸ਼ੇਰੇ ਦਾ ’ਮਰੀਕਾ ’ਚ ਵੜਨ ਤੇ ਉਸ ਦੀ ਜ਼ਮਾਨਤ ਦਾ ਬਾਂਡ ਭਰਦੇ, ਬਾਂਡ ਦਾ ਖ਼ਰਚਾ ਸ਼ੇਰਾ ਉਸ ਦੇ ਪਟਰੋਲ ਪੰਪ ਤੇ ਕੰਮ ਕਰਕੇ ਲਾਹ ਦੇਵੇਗਾ।
ਮੈਂ ਦੁੱਧ ਵੇਚ ਕੇ ਤੇ ਕੁੜੀਆਂ ਨੇ ਬੁਟੀਕ ਦੇ ਕਪੜੇ ਸਿਉਂ ਕੇ ਲੱਖ ਕੁ ਰੁਪਇਆ ਜੋੜਿਆ ਸੀ। ਬਾਕੀ ਬਚੀ ਦੋ ਕਿੱਲੇ ਪੈਲੀ ਦੀ ਲਿਮਟ ਤੇ ਸਾਢੇ ਤਿੰਨ ਲੱਖ ਬੈਂਕ ਤੋਂ ਲੈ ਕੇ, ਜਸਵੀਰ ਵੱਢ ਖਾਣਿਆਂ ਦੇ ਤਾਰੇ ਦੇ ਨਾਲ ਜਾ ਕੇ ਏਜੰਟ ਨੂੰ ਪੈਸੇ ਤੇ ਸ਼ੇਰੇ ਦਾ ਪਾਸਪੋਰਟ ਦੇ ਆਇਆ ਸੀ।
ਨਵੰਬਰ ਦੇ ਮਹੀਨੇ ਕਣਕ ਦੀ ਬਿਜਾਈ ਚੱਲ ਰਹੀ ਸੀ। ਸ਼ੇਰੇ ਨੂੰ ’ਮਰੀਕਾ ਜਾਣ ਲਈ ਦਿੱਲੀ ਤੋਂ ਗੁਆਟੇਮਾਲਾ ਰਾਹੀਂ ਮੈਕਸੀਕੋ ਲਈ ਜਹਾਜ਼ ਤੇ ਚੜ੍ਹਾ ਦਿੱਤਾ ਸੀ। ’ਜੰਟ ਦੇ ਬੰਦਿਆਂ ਨੇ ਸ਼ੇਰੇ ਨੂੰ ਗੁਆਟੇਮਾਲਾ ਦਾ ਬਾਰਡਰ ਪਾਰ ਕਰਵਾ ਕੇ ਮੈਕਸੀਕੋ ਤੋਂ ਚੋਰੀ ਬਾਰਡਰ ਪਾਰ ਕਰਾਕੇ ’ਮਰੀਕਾ ’ਚ ਵਾੜਨਾ ਸੀ।
ਵੀਹ ਕੁ ਦਿਨਾਂ ਬਾਅਦ ਸ਼ੇਰੇ ਦਾ ਫੋਨ ਆਇਆ, ਸ਼ੇਰਾ ਭੁਬਾਂ ਮਾਰ-ਮਾਰ ਰੋਈ ਜਾਵੇ, ‘‘ਭਾਪਾ ਹੋਰਾਂ ਨੂੰ ਦੱਸ ਦੇ ਮੇਰੇ ਵਾਂਗ ’ਮਰੀਕਾ ਕੋਈ ਨਾ ਆਵੇ।’’
ਪਹਿਲਾਂ ਤਾਂ ਗੁਆਟੇਮਾਲਾ ਦੇ ਜੰਗਲਾਂ ’ਚ ਰਾਤਾਂ ਨੂੰ ਸੱਪਾਂ ਦੀਆਂ ਸਿਰੀਆਂ ਮਿਧਦਾ ਰਿਹਾ, ਚੰਗੀ ਕਿਸਮਤ ਨੂੰ ਬਚ ਗਿਆ। ‘‘ਅਸੀਂ ਚਾਲੀ ਜਾਣੇ ਗੁਆਟੇਮਾਲਾ ਦੇ ਬਾਡਰ ਤੋਂ ਮੈਕਸੀਕੋ ’ਚ ਦਾਖਲ ਹੋਏ ਸਾਂ। ਸਾਨੂੰ ਕਨਟੇਨਰਾਂ ’ਚ ਬੰਦ ਕਰਕੇ ਰਾਤਾਂ ਨੂੰ ਸਫ਼ਰ ਕਰਵਾਉਂਦੇ ਸਨ।’’
‘‘ਸਾਡੇ ਨਾਲ ਦੇ ਤਿੰਨ ਜਣੇ ਤਾਂ ਵਿਚਾਰੇ ਗਰਮੀ ਨਾਲ ਪਾਣੀ ਤੋਂ ਤਿਹਾਏ ਹੀ ਮਰ ਗਏ ਸੀ ਰਾਤ ਨੂੰ। ਪਤਾ ਨਹੀਂ ਕਿਥੇ ਸੁੱਟ ਆਏ ਸੀ ’ਜੰਟ ਉਹਨਾਂ ਦੀਆਂ ਲੋਥਾਂ ਨੂੰ।’’
‘‘ਵੀਹਾਂ ਦਿਨਾਂ ਬਾਅਦ ਅਸੀਂ ਮੈਕਸੀਕੋ ਤੋਂ ਬਾਰਡਰ ਪਾਰ ਕਰਕੇ ਅਮਰੀਕਾ ’ਚ ਵੜਦੇ ਫੜੇ ਗਏ ਸਾਂ।’’
ਸ਼ੇਰਾ ਭੁੱਬਾਂ ਮਾਰ-ਮਾਰ ਰੋਦਾਂ ਰਿਹਾ ਤੇ ਅਸੀਂ ਵੀ ਸਾਰਾ ਟੱਬਰ ਭੁੱਬਾਂ ਮਾਰ-ਮਾਰ ਕੇ ਰੋਈ ਜਾ ਰਹੇ ਸਾਂ।
ਸ਼ੇਰੇ ਨੇ ਕਿਸੇ ਤਰ੍ਹਾਂ ਅਮਨ ਨਾਲ ਸੰਪਰਕ ਕਰ ਲਿਆ ਸੀ। ਸ਼ੇਰੇ ਨੂੰ ਕੋਰਟ ਵਿਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ। ਅਮਨ ਨੇ ਡੇਢ ਹਜ਼ਾਰ ਡਾਲਰ ਆਪਣੇ ਕੋਲੋਂ ਦੇ ਕੇ ਸ਼ੇਰੇ ਦੀ ਜ਼ਮਾਨਤ ਅਤੇ ਬਾਂਡ ਭਰਨ ਲਈ ਵਕੀਲ ਕਰ ਦਿੱਤਾ ਸੀ। ਜੇਲ੍ਹ ਭੇਜਣ ਤੋਂ ਬਾਅਦ ਦੋ ਤਿੰਨ ਮਹੀਨੇ ਤੱਕ ਸ਼ੇਰੇ ਦਾ ਕੋਈ ਥਹੁ ਪਤਾ ਨਾ ਲੱਗਾ।
ਜਸਵੀਰ ਕਦੀ ਬਾਬੇ ਸ਼ਹੀਦੀਂ, ਕਦੀ ਬਾਬੇ ਬੁੱਢੇ ਸੁੱਖਣਾ ਸੁੱਖਦਾ, ‘‘ਧੰਨ-ਧੰਨ ਬਾਬਾ ਦੀਪ ਸਿੰਘ ਜੀ, ਧੰਨ-ਧੰਨ ਬਾਬਾ ਬੁੱਢਾ ਵਾਹਗੁਰੂ ਜੀ ਆਪਣੇ ਪੁੱਤ ਸ਼ੇਰੇ ਤੇ ਮੇਹਰ ਭਰਿਆ ਹੱਥ ਰੱਖਣਾ।’’
ਜਿਉਂ-ਜਿਉਂ ਦਿਨ ਲੰਘੀ ਜਾ ਰਹੇ ਸਨ, ਸ਼ੇਰੇ ਦਾ ਕੋਈ ਪਤਾ-ਸੁਰ ਨਹੀਂ ਲੱਗ ਰਿਹਾ ਸੀ। ਜਸਵੀਰ ਦੀ ਬੇਚੈਨੀ ਵੱਧਦੀ ਜਾ ਰਹੀ ਸੀ। ਜਸਵੀਰ ਗੁੰਮ-ਸੁੰਮ ਜਿਹਾ ਹੋ ਕੇ ਘਰੋਂ ਚਲਾ ਜਾਂਦਾ ਤੇ ਰਾਤ ਨੂੰ ਹਨ੍ਹੇਰੇ ਹੋਏ ਸ਼ਰਾਬ ਨਾਲ ਰੱਜ ਕੇ ਮੁੜਦਾ।
ਡੰਗਰਾਂ ਨੂੰ ਪੱਠਾ-ਦੱਥਾ ਚਾਚਾ ਹਰੀ ਸਿੰਹੁ ਯਾਨਿ ਕਿ ਹਰੀਆ ਹੀ ਪਾਉਂਦਾ। ਜਸਵੀਰ ਦੀ ਇਹ ਹਾਲਤ ਦੇਖ ਕੇ ਚਾਚਾ ਹਰੀਆ ਬੜਾ ਦੁਖੀ ਹੁੰਦਾ। ਚਾਚੇ ਹਰੀਏ ਦੀ ਸਾਰੀ ਉਮਰ ਜਸਵੀਰ ਹੋਰਾਂ ਦੇ ਪਰਿਵਾਰ ਨਾਲ ਕੰਮ ਕਰਦੇ ਦੀ ਲੰਘੀ ਸੀ। ਚਾਚੇ ਦੇ ਦੋ ਮੁੰਡੇ ਤੇ ਦੋ ਧੀਆਂ ਨੇ। ਸਾਰੇ ਵਿਆਹੇ-ਵਰੇ ਨੇ। ਏਥੇ ਚਾਚਾ ਹਰੀਆ ਤੇ ਚਾਚੀ ਬੇਅੰਤ ਕੌਰ ਰਹਿੰਦੇ ਨੇ। ਦੋਵੇਂ ਮੁੰਡੇ ਅੰਬਰਸਰ ਵਿਆਹੇ ਹੋਣ ਕਰਕੇ ਤੇ ਉਥੇ ਹੀ ਕੰਮ ਕਦੇ ਹੋਣ ਕਰਕੇ ਆਪਣੇ ਸਹੁਰੇ ਘਰ ਹੀ ਜਾ ਵਸੇ ਨੇ।
ਚਾਚਾ ਹਰੀਆ ਜਸਵੀਰ ਨੂੰ ਇਸ ਤਰ੍ਹਾਂ ਟੁੱਟਦਾ ਵੇਖ ਕੇ ਗੱਲਾਂ ਕਰਦਾ ਕਰਦਾ ਬਾਪੂ ਜੀ ਦਾ ਕਿੱਸਾ ਛੇੜ ਲੈਂਦਾ, ‘‘ਬੀਰ ਧੀਏ, ਤੇਰਾ ਸਹੁਰਾ ਭਾਊ ਬੜਾ ਦਲੇਰ ਬੰਦਾ ਸੀ, ਅਣਖ ਲਈ ਤਾਂ ਮਰ ਮਿਟਦਾ ਸੀ।’’
ਉਹ ਕੰਮ ਦੀ ਕਦੀ ਪਰਵਾਹ ਨਾ ਕਰਦਾ, ਉਸ ਵਿਚ ਝੋਟੇ ਜਿੰਨੀ ਜਾਨ ਸੀ। ਜਦੋਂ ਮੈਂ ਪਹਿਲੀ ਵਾਰੀ ਤੁਹਾਡੇ ਨਾਲ ਆਥੜੀ ਕੀਤੀ, ਉਦੋਂ ਆਹ ਬੰਬੀਆਂ-ਬੁੰਬੀਆਂ ਕਿਥੇ ਹੁੰਦੀਆਂ ਸੀ! ਪਿੰਡ ਦੇ ਚੜ੍ਹਦੇ ਬੰਨੇ ਵਾਲੇ ਸੂਏ ਦਾ ਪਾਣੀ ਆਪਣੀਆਂ ਪੈਲੀਆਂ ਨੂੰ ਲੱਗਦਾ ਸੀ। ਆ ਗਿੱਠਾ ਝੋਨਾ ਆਪਣੇ ਪਿੰਡਾਂ ’ਚ ਉਦੋਂ ਨਵਾਂ-ਨਵਾਂ ਲੱਗਣਾ ਸ਼ੁਰੂ ਹੋਇਆ ਸੀ।
ਜੇਠ ਮਹੀਨੇ ’ਚ ਸੂਏ ਦੀ ਬੰਦੀ ਸਮੇਂ ਸਾਰੇ ਭਾਈਵਾਲ ਖਾਲ ਦੀ ਖਲਾਈ ਕਰਦੇ ਸੀ। ਮੈਂ ਤੇ ਭਾਊ ਆਪਣੇ ਹਿੱਸੇ ਦੀ ਖਲਾਈ ਬਾਕੀਆਂ ਨਾਲੋਂ ਅੱਧੀ ਖਲਾਈ ਤੋਂ ਪਹਿਲਾਂ ਕਰ ਲੈਂਦੇ ਸਾਂ।
ਹਾੜ੍ਹ ਮਹੀਨੇ ’ਚ ਗਿੱਠਾ ਝੋਨਾ ਲਾਉਣ ਖ਼ਾਤਰ ਕੱਦੂ ਕਰਨ ਲਈ ਸੂਏ ਤੋਂ ਪਾਣੀ ਦੀ ਵਾਰੀ ਲਾਈ ਸੀ। ਭਾਊ ਦੇ ਸ਼ਰੀਕੇ ’ਚੋਂ ਚਾਚੇ ਦੇ ਮੁੰਡੇ ਤਾਰਾ ਸਿੰਹੁ ਨੇ ਪਾਣੀ ਆਪਣੀ ਪੈਲੀ ਨੂੰ ਤੋੜ ਲਿਆ। ਪਾਣੀ ਸਾਡੇ ਕੱਦੂ ’ਚ ਆਉਣਾ ਬੰਦ ਹੋ ਗਿਆ। ਅਸੀਂ ਜਦੋਂ ਨੱਠੇ-ਨੱਠੇ ਮੋਘੇ ਵੱਲ ਗਏ ਤਾਂ ਤਾਰਾ ਸਿੰਹੁ ਪਾਣੀ ਤੋੜ ਕੇ ਆਪਣੀ ਪੈਲ਼ੀ ’ਚ ਕੱਦੂ ਕਰ ਰਿਹਾ ਸੀ।
‘‘ਤਾਰਾ ਸਿੰਹਾਂ ਕੀ ਗੱਲ ਪਾਣੀ ਤੋੜ ਲਿਆ ਤੂੰ ?’’
‘‘ਪਹਿਲਾਂ ਜੱਟ ਦਾ ਕੱਦੂ ਹੋਊ ਤਾਂ ਹੀ ਅੱਗੇ ਪਾਣੀ ਜਾਊ ਨਾ।’’ ਤਾਰੂ ਨੇ ਸਵੇਰੇ ਹੀ ਘੁੱਟ ਪੀਤੀ ਹੋਈ ਸੀ।
ਉਹ ਭਾਊ ਨਾਲ ਪਹਿਲਾਂ ਵੀ ਖ਼ਾਰ ਖਾਂਦਾ ਸੀ। ਭਾਊ ਨੇ ਕੁਝ ਨਹੀਂ ਪੁੱਛਿਆ, ਪੈਂਦੀ ਸੱਟੇ ਉਸ ਨੂੰ ਕੱਦੂ ਵਿਚ ਹੀ ਸੁੱਟ ਲਿਆ। ਲਾਲਾ-ਲਾਲਾ ਹੋ ਗਈ। ਤਾਰੂ ਦਾ ਮੁੰਡਾ ਡਾਂਗ ਲਈ ਭੱਜਾ ਆਇਆ। ਉਹ ਭਾਊ ਦੇ ਡਾਂਗ ਮਾਰਨ ਲੱਗਾ, ਮੈਂ ਅੱਖ ਝਪਕਦੇ ਮੁੰਡੇ ਤੋਂ ਡਾਂਗ ਖੋਹ ਲਈ ਤੇ ਉਸ ਨੂੰ ਢਾਹ ਲਿਆ। ‘‘ਮੁੰਡਾ ਉਹ ਦੋਵੇਂ ਭਰਾ-ਭਰਾ ਡਹੇ ਨੇ ਤੂੰ ਏਨਾ ਵਿਚ ਖਾਹ-ਮਖਾਹ ਵੜਨ ਡਿਹਾ ਏਂ।’’ ਭਾਊ ਨੇ ਹੂਰੇ ਮਾਰ-ਮਾਰ ਤਾਰੂ ਦੀ ਤਸੱਲੀ ਕਰਵਾ ਦਿੱਤੀ ਸੀ। ਲਾਗੇ ਕੰਮ ਕਰਦੇ ਲੋਕਾਂ ਨੇ ਛੁਡਾਇਆ ਸੀ। ਦੋਹਾਂ ਦਾ ਠਾਣੇ ਜਾ ਕੇ ਰਾਜੀਨਾਵਾਂ ਹੋਇਆ ਸੀ।
ਉਸ ਦਿਨ ਤੋਂ ਬਾਅਦ ਭਾਊ ਮੇਰੇ ਨਾਲ ਵੱਡੇ ਭਰਾ ਵਾਂਗ ਵਰਤਿਆ। ਮੇਰੇ ਹਰ ਦੁੱਖ-ਸੁੱਖ ’ਚ ਮੇਰੇ ਨਾਲ ਖਲੋਤਾ।
ਉਹ ਸ਼ੇਰ ਮਰਦ ਸੀ, ਪਤਾ ਨਹੀਂ ਗ਼ਲਤੀ ਕਿਉਂ ਕਰ ਗਿਆ !
ਬੀਰ ਧੀਏ ਮੇਰਾ ਟੱਬਰ ਵੱਡਾ ਸੀ। ਸੁੱਖ ਨਾਲ ਦੋ ਪੁੱਤ ਤੇ ਦੋ ਧੀਆਂ। ਇਕ ਦਿਨ ਭਾਊ ਕਹਿਣ ਲੱਗਾ, ‘‘ਹਰੀ ਸਿੰਹਾਂ ਧੀਆਂ ਤਾਂ ਸਭ ਦੀਆਂ ਸਾਂਝੀਂਆਂ ਹੁੰਦੀਆਂ ਨੇ, ਹੁਣ ਤੇਰੀਆਂ ਦੋਵੇਂ ਧੀਆਂ ਜਵਾਨ ਹੋ ਗਈਆਂ ਨੇ, ਇੰਝ ਕਰ ਧੀਆਂ ਦੇ ਵਿਆਹ ਕਰਕੇ ਆਪਣਾ ਭਾਰ ਹੌਲਾ ਕਰ, ਮੁੰਡੇ ਆਪੇ ਵਿਆਹੀਦੇ ਰਹਿਣਗੇ।’’
‘‘ਭਾਊ ਹੱਥ ਥੋੜ੍ਹਾ ਤੰਗ ਐ ਅਜੇ ਹੌਸਲਾ ਨਹੀਂ ਪੈਂਦਾ।’’
‘‘ਹਰੀ ਸਿੰਹਾਂ ਆਪਣੇ ਲੋਕਾਂ ਦੇ ਵਿਆਹ ਕਦੀ ਪੈਸੇ ਜੋੜ ਕੇ ਨਹੀਂ ਹੁੰਦੇ, ਤੂੰ ਵਿਆਹ ਰੱਖ ਪੈਸੇ ਵੀ ਆ ਜਾਣਗੇ।’’
ਭਾਊ ਨੇ ਭਾਦੋਂ ਦੇ ਮਹੀਨੇ ਮੈਨੂੰ ਸਬਜ਼ੀ ਮੰਡੀ ਦੇ ਆੜ੍ਹਤੀ ਤੋਂ ਅਰਕਲ ਮਟਰਾਂ ਦੇ ਬੀਆਂ ਦਾ ਇਕ ਬੋਰਾ ਅਤੇ ਐਨ. ਪੀ. ਕੇ. ਖਾਦ ਦਾ ਇਕ ਬੋਰਾ ਲਿਆ ਦਿੱਤਾ। ਇਕ ਕਿੱਲਾ ਪੈਲੀ ਜਿਹੜੀ ਗਿੱਠੇ ਝੋਨੇ ਨੂੰ ਬਿਮਾਰੀ ਪੈਣ ਕਰਕੇ ਪਹਿਲਾਂ ਖਾਲੀ ਹੋਈ ਸੀ ਉਹ ਮਟਰ ਬੀਜਣ ਲਈ ਮੈਨੂੰ ਦੇ ਦਿੱਤੀ।
ਭਾਊ ਕਹਿਣ ਲੱਗਾ, ‘‘ਹਰੀ ਸਿੰਹਾਂ ਆ ਜੋਗ ਲੈ ਲਾ ਤੇ ਪੈਲੀ ਵਾਹ-ਬਣਾ ਕੇ ਮਟਰ ਬੀਜ ਲੈ। ਬੰਤੀ ਤੇ ਨਿਆਣਿਆਂ ਨੂੰ ਨਾਲ ਲਾ ਕੇ ਚੁੱਗਾਈ ਕਰ ਲਈਂ ਤੇ ਆੜ੍ਹਤੀ ਦੇ ਖਾਦ, ਬੀਅ ਦੇ ਪੈਸੇ ਲਾਹ ਕੇ ਜੋ ਵੱਟੇਂ-ਖੱਟੇਂ ਗਾ ਉਹ ਮੇਰੇ ਵੱਲੋਂ ਧੀਆਂ ਦੇ ਵਿਆਹ ਕਰਨ ਲਈ ਸ਼ਗਨ ਏ।’’
ਆੜ੍ਹਤੀ ਦਾ ਨਾਵਾਂ ਲਾਹ ਕੇ ਭਲੇ ਜਮਾਨੇ ’ਚ ਮੈਨੂੰ ਅੱਠ ਹਜ਼ਾਰ ਰੁਪਏ ਬੱਚ ਗਏ ਸੀ। ਇਕ ਟੂੰਬ ਤੇਰੀ ਚਾਚੀ ਕੋਲ ਸੀ, ਇਕ ਟੂੰਬ ਹੋਰ ਬਣਾ ਕੇ ਤੇਰੀਆਂ ਦੋਹਾਂ ਨਣਾਨਾਂ ਦੇ ਇਕੱਠੇ ਵਿਆਹ ਕਰ ਦਿੱਤੇ ਸਨ।
ਬੀਰ ਧੀਏ, ਮਾੜੇ ਦਾ ਵਿਆਹ ਵੀ ਤੇ ਅੰਨ੍ਹੇ ਦੇ ਸੌਣ ਵਾਂਗ ਹੁੰਦਾ ਐ। ਜਿਵੇਂ ਅੰਨ੍ਹੇ ਨੂੰ ਕਿਸੇ ਨੇ ਕਿਹਾ ਸੌਂ ਜਾ ਤੇ ਅੰਨ੍ਹਾ ਅੱਗੋਂ ਕਹਿੰਦਾ, ‘‘ਮੈਂ ਕਿਹੜੀਆਂ ਅੱਖਾਂ ਬੰਦ ਕਰਨੀਆਂ ਨੇ ਮੂੰਹ ਈ ਬੰਦ ਕਰ ਲੈਣਾ ਐ।’’
ਕਦੀ-ਕਦੀ ਜੱਸ ਵੀ ਮੈਨੂੰ ਤੇਰੇ ਸੁਹਰੇ ਵਰਗਾ ਲੱਗਦੈ। ਉਸੇ ਤਰ੍ਹਾਂ ਗਰੀਬ-ਗੁਰਬੇ ਦਾ ਦੁੱਖ ਵੰਡਾਉਣ ਵਾਲਾ।
ਬੀਰ ਧੀਏ ਜੱਟ ਤੇ ਪੈਲੀ ਪਿੱਛੇ ਮਰ ਜਾਂਦੇ ਨੇ, ਮੈਂ ਸੁਣਿਐ ਜੱਸ ਨੇ ਪੈਲੀ ਗਹਿਣੇ ਧਰੀ ਆ ਸ਼ੇਰੇ ਨੂੰ ’ਮਰੀਕਾ ਘੱਲਣ ਲਈ। ਜੇ ਇੰਜ ਕੀਤਾ ਐ ਤਾਂ ਮਾੜੀ ਬਾਤ ਕੀਤੀ ਐ।
ਜੱਸ ਦੇ ਬਾਪ ਕੋਲ ਦੱਸ ਕਿੱਲੇ, ਦੋ ਹਲਾਂ ਦੀ ਪੈਲੀ ਸੀ। ਪਿੰਡ ਦੇ ਜੱਟਾਂ ਦੇ ਸਾਰੇ ਘਰਾਂ ਤੋਂ ਵੱਡੀ ਢੇਰੀ ਦਾ ਮਾਲਕ ਸੀ ਉਹ। ਜੱਸ ਵੀ ਪਿੰਡ ’ਚ ਕਿਸੇ ਤੋਂ ਘੱਟ ਥੋੜ੍ਹਾ ਐ? ਆਪਣੇ ਸਰੀਕੇ ’ਚੋਂ ਬਾਹਲੀ ਪੈਲੀ ਦਾ ਮਾਲਕ ਆ।
ਕਿਸੇ ਦੀ ਗ਼ੁਲਾਮੀ ਨਹੀਂ ਕਰਨੀ। ਆਪਣਾ ਕੰਮ ਆਪ ਕਰਨਾ। ਆਟਾ-ਦਾਲ ਘਰ ਦੇ, ਸਬਜ਼ੀ-ਭਾਜੀ ਘਰ ਦੀ ਤੇਲ-ਘਿਉ ਘਰ ਦਾ ਹੋਰ ਬੰਦੇ ਨੂੰ ਕੀ ਚਾਹੀਦੈ। ਮਾਲਕ ਦੀ ਦਇਆ ਐ।
ਚਾਚਾ ਹਰੀਆ ਗੱਲਾਂ ਕਰਦਾ-ਕਰਦਾ ਹਫ਼ ਜਾਂਦਾ। ਹੁਣ ਉਮਰ ਵੀ ਵਡੇਰੀ ਹੋ ਗਈ ਐ।
ਡੰਗਰਾਂ ਨੂੰ ਪੱਠਾ-ਦੱਥਾ ਕਰਕੇ ਚਾਚਾ ਪਹਿਲਾਂ ਵਿਹੜੇ ’ਚ ਧਰੇਕ ਦੀ ਛਾਵੇਂ ਬੈਠ ਜਾਂਦਾ ਸੀ। ਧਰੇਕ ਵੱਢੇੇ ਜਾਣ ਪਿਛੋਂ ਹੁਣ ਉਹ ਬਰਾਂਡੇ ’ਚ ਆ ਕੇ ਬੈਠ ਜਾਂਦਾ ਐ ਤੇ ਛੋਟੀਆਂ-ਛੋਟੀਆਂ ਗੱਲਾਂ ਛੇੜ ਲੈਂਦਾ ਐ।
‘‘ਬੀਰ ਧੀਏ ਹੁਣ ਬੰਦੇ ਵਾਹਗੁਰ ਦੇ ਹੁਕਮ ’ਚ ਰਹਿਣਾ ਭੁੱਲ ਗਏ ਨੇ, ਤਾਂ ਹੀ ਤਾਂ ਔਖੇ ਹੁੰਦੇ ਨੇ।’’
‘‘ਆ ਆਪਣੇ ਕਾਲੇ-ਗੋਰੇ ਦੀ ਲੈ ਲਾ। ਦੋਹਾਂ ਨੇ ਅੱਤ ਚੁੱਕੀ ਸੀ, ਅਖੇ ਅਸੀਂ ਅੰਬਰਸਰ ਚਲੇ ਜਾਣਾ ਐ। ਏਥੇ ਪਿੰਡ ’ਚ ਤੇ ਆਥੜੀਆਂ ਕਰਦੇ ਮਰ ਜਾਵਾਂਗੇ। ਮੈਂ ਵੀ ਨਹੀਂ ਡੱਕਿਆ, ਜਾਓ ਭਾਈ ਜੀ ਸਦਕੇ ਜਾਓ।’’
‘‘ਹੁਣ ਸੁਣ ਲਾ, ਜਦੋਂ ਕਦੀ ਆਉਣਗੇ ਆਪਣੀ ਮਾਂ ਕੋਲ ਕੱਲੇ-ਕੱਲੇ ਰੋਣਾ ਰੋਣਗੇ। ਅਸੀਂ ਘਰ ਦਾ ਕਿਰਾਇਆ ਦੇਣਾ ਐ, ਸਾਡਾ ਆਟਾ ਮੁੱਕਾ ਐ। ਜੇੜ੍ਹੀਆਂ ਦੋ ਛਿਲਾਂ ਮੇਰੇ ਤੋਂ ਚੋਰੀ ਤੇਰੀ ਚਾਚੀ ਨੇ ਜੋੜ ਕੇ ਰੱਖੀਆਂ ਹੁੰਦੀਆਂ ਨੇ ਉਸਨੂੰ ਪਲੋਸ-ਪਲਾਸ ਕੇ ਲੈ ਜਾਂਦੇ ਨੇ।’’
‘‘ਬੀਰ ਧੀਏ ਆ ਦੱਸ ਆਪਣੇ ਜਸ ਨੂੰ ਕੀ ਹੋ ਗਿਐ ਪਤਾ ਨੀ ਕਿਉਂ ਕਮਲ ਕੁੱਟ ਰਿਹੈ।’’ ਚਾਚੇ ਹਰੀਏ ਦੇ ਅੰਦਰੋਂ ਇਕ ਚੀਸ ਜਿਹੀ ਉੱਠਦੀ। ਜਸਵੀਰ ਆਪਣੀ ਧੁੰਨ ’ਚ ਉਸ ਤਰ੍ਹਾਂ ਤੁਰੀ ਜਾ ਰਿਹਾ ਸੀ।
ਸਾਰਾ ਟੱਬਰ ਟੀ. ਵੀ. ਵੇਖ ਰਿਹਾ ਸੀ। ਅਚਾਨਕ ਪ੍ਰਧਾਨ ਮੰਤਰੀ ਮੋਦੀ ਨੇ ਕਰੋਨਾ ਦੀ ਬਿਮਾਰੀ ਨੂੰ ਮਹਾਂਮਾਰੀ ਦੱਸ ਕੇ ਸਾਰੇ ਦੇਸ ’ਚ ਇੱਕੀ ਦਿਨਾਂ ਲਈ ਲਾਕ ਡਾਊਨ ਲਾਉਣ ਦਾ ਐਲਾਨ ਕਰ ਦਿੱਤਾ। ਸਭ ਕੁੱਝ ਬੰਦ। ਸਭ ਘਰਾਂ ਦੇ ਅੰਦਰ ਤਾੜ ਦਿੱਤੇ। ਪਿੰਡ ਤੋਂ ਬਾਹਰ ਦੀ ਦੁਨੀਆਂ ਨਾਲ ਸਿਰਫ ਟੀ. ਵੀ. ਤੇ ਮੋਬਾਇਲ ਫੋਨ ਨਾਲ ਹੀ ਮਿਲਣ ਦਾ ਸਾਧਨ ਰਹਿ ਗਿਆ ਸੀ।
ਸ਼ੇਰੇ ਦੇ ਜੇਲ ਜਾਣ ਤੋਂ ਬਾਅਦ ਉਸ ਨਾਲ ਕੋਈ ਸੰਪਰਕ ਨਹੀਂ ਹੋ ਰਿਹਾ ਸੀ। ਸਾਰਾ ਟੱਬਰ ਸੁੱਕਣੇ ਪਿਆ ਸੀ। ਕੀ ਕੀਤਾ ਜਾਵੇ ਕੋਈ ਸਮਝ ਨਹੀਂ ਪੈ ਰਹੀ ਸੀ?
ਜਸਵੀਰ ਅੰਦਰ ਵੜ ਕੇ ਰੋਂਦਾ, ਉਸ ਨਾਲ਼ ਸਾਰਾ ਟੱਬਰ ਰੋਣਾ ਸ਼ੁਰੂ ਕਰ ਦਿੰਦਾ। ਹੌਲੀ-ਹੌਲੀ ਸਾਰੇ ਰੋ-ਖਪ ਕੇ ਚੁੱਪ ਕਰ ਜਾਂਦੇ।
ਆਹ ਚੰਦਰੀ ਕਰੋਨੇ ਦੀ ਬਿਮਾਰੀ ਦੀਆਂ ਕਈ ਤਰ੍ਹਾਂ ਦੀਆਂ ਅਫਵਾਹਾਂ ਸੁਣ-ਸੁਣ ਕੇ ਦਿਲ ਹੋਰ ਦਹਿਲ ਜਾਂਦਾ। ਜਸਵੀਰ ਦੇ ਮੋਬਾਇਲ ’ਤੇ ਫੇਸ ਬੁੱਕ ਅਤੇ ਵੱਟਸੱਪ ’ਤੇ ਆਉਂਦੀਆਂ ’ਮਰੀਕਾਂ ’ਚ ਹੋ ਰਹੀਆਂ ਮੌਤਾਂ ਦੀਆਂ ਖ਼ਬਰਾਂ ਸਾਨੂੰ ਹੋਰ ਪ੍ਰੇਸ਼ਾਨ ਕਰਦੀਆਂ।
ਕਰੋਨੇ ਨਾਲ ਅੰਬਰਸਰ ਤੋਂ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਹੋਈ ਮੌਤ ਦੀ ਖ਼ਬਰ ਆ ਗਈ। ਮੌਤ ਤੋਂ ਬਾਅਦ, ਭਾਈ ਸਾਹਿਬ ਦੀ ਦੇਹ ਨੂੰ ਜਿਸ ਤਰ੍ਹਾਂ ਰੋਲਿਆ ਗਿਆ ਉਸ ਨਾਲ ਮਨ ’ਚ ਹੋਰ ਡਰ ਬੈਠ ਗਿਆ। ਸਭ ਆਪਣੇ ਪਰਾਏ ਹੋ ਗਏ ਨੇ। ਕੋਈ ਕਰੋਨਾ ਨਾਲ ਮੋਏ ਦਾ ਮੂੰਹ ਤੱਕ ਨਹੀਂ ਵੇਖਣਾ ਚਾਹੁੰਦਾ। ਮਾਂ ਬਾਪ ਪੁੱਠੇ-ਸਿੱਧੇ ਕੰਮ ਕਰਕੇ ਔਲਾਦ ਲਈ ਦੌਲਤ ਇਕੱਠੀ ਕਰਦੇ ਰਹੇ, ਅੱਜ ਉਹੀ ਔਲਾਦ ਉਹਨਾਂ ਦੀ ਚਿਖ਼ਾ ਨੂੰ ਅੱਗ ਦੇਣ ਤੋਂ ਡਰ ਰਹੀ ਏ। ਕਰੋਨਾ ਕਿਤੇ ਸਾਨੂੰ ਵੀ ਨਾ ਹੋ ਜਾਵੇ !
ਜਸਵੀਰ ਵੀ ’ਮਰੀਕਾ ਦੇ ਹਸਪਤਾਲਾਂ ਦੀਆਂ ਫੇਸ ਬੁੱਕ ਅਤੇ ਵੱਟਸੱਪ ਤੇ ਫੋਟੋਆਂ ਵੇਖ-ਵੇਖ ਕੇ ਪਾਗਲਾਂ ਵਾਂਗ ਕਰਨ ਲੱਗਾ।
ਜਿੱਦਣ ਉਸ ਨੇ ਫੇਸ ਬੁੱਕ ਤੇ ’ਮਰੀਕਾ ਦੇ ਨਿਊਯਾਰਕ ’ਚ ਦਫ਼ਨਾਉਣ ਲਈ ਥਾਂ ਨਾ ਮਿਲਣ ਕਰਕੇ ਲਾਸ਼ਾਂ ਨੂੰ ਟਰੱਕਾਂ ਦੇ ਫਰੀਜ਼ਰਾਂ ’ਚ ਰੱਖਦੇ ਵੇਖਿਆ, ਉਸ ਦਿਨ ਉਸ ਦੀ ਹਾਲਤ ਹੋਰ ਮਾੜੀ ਹੋ ਗਈ ਸੀ।
ਰੱਬ ਰੱਬ ਕਰਦੇ ਕਰੋਨਾ ਦੇ ਲਾਕ ਡਾਊਨ ਤੋਂ ਥੋੜ੍ਹੀ-ਥੋੜ੍ਹੀ ਖੁੱਲ੍ਹ ਮਿਲਣੀ ਸ਼ੁਰੂ ਹੋਈ।
‘‘ਮੈਂ ਕੋਈ ਵੱਖਰਾ ਖਾਤਾ ਖੋਲ੍ਹ ਰੱਖਿਐ ? ਜਿਹੜੇ ਦੋ ਪੈਸੇ ਕੋਲ ਸੀ, ਉਹ ਤੇ ਮੋਦੀ ਨੇ ਨੋਟ ਬੰਦੀ ਕਰਕੇ ਕਢਵਾ ਲਏ। ਹੁਣ ਮੇਰੇ ਕੋਲ ਕਿਥੇ ਨੇ !’’ ਜਸਵੀਰ ਨੇ ਇਕ ਦਿਨ ਮੇਰੇ ਕੋਲੋਂ ਪੈਸੇ ਮੰਗੇ ਤੇ ਮੈਂ ਨਾਂਹ ਕਰ ਦਿੱਤੀ ਸੀ।
ਜਸਵੀਰ ਨੂੰ ਪਤਾ ਸੀ ਕਿ ਜੇ ਕਿਤੇ ਮੈਨੂੰ ਕੋਈ ਰਿਸ਼ਤੇਦਾਰ ਸ਼ਗਨ ਵਜੋਂ ਪੰਜ ਸੌ ਜਾਂ ਇਸ ਤੋਂ ਵੱਡਾ ਨੋਟ ਦੇ ਜਾਂਦਾ ਸੀ ਤਾਂ ਮੈਂ ਉਸ ਨੂੰ ਪੇਟੀ ’ਚ ਪਏ ਖੇਸਾਂ-ਦਰੀਆਂ ਦੀਆਂ ਤਹਿਆਂ ’ਚ ਲਕੋ ਕੇ ਰੱਖਦੀ ਸਾਂ।
ਜਸਵੀਰ ਨੇ ਪੇਟੀ ਫੋਲਣੀ ਸ਼ੁਰੂ ਕਰ ਦਿੱਤੀ। ਮੈਂ ਖਲਾਰੇ ਤੋਂ ਡਰਦੀ ਨੇ ਲਕੋ-ਲਕੂ ਕੇ ਰੱਖੇ ਸਾਢੇ ਪੰਜ ਹਜ਼ਾਰ ਰੁਪਏ ਆਪੇ ਉਸ ਨੂੰ ਦੇ ਦਿੱਤੇ ਸਨ।
ਜਸਵੀਰ ਨੇ ਅਗਲੇ ਦਿਨ ਮੂੰਹ ਹਨ੍ਹੇਰੇ ਸਵੇਰੇ ਤਿੰਨ ਵਜੇ ਉਠਾ ਕੇ ਮੈਨੂੰ ਰੋਟੀ ਬਣਾਉਣ ਲਈ ਕਿਹਾ। ਮੇਰੇ ਜ਼ੋਰ ਪਾਉਣ ਤੇ ਉਸ ਨੇ ਦੱਸਿਆ, ‘‘ਮੈਂ ਬੀੜ ਬਾਬਾ ਬੁੱਢਾ ਸਾਹਬ ਜੀ ਦੇ ਗੁਰਦਵਾਰੇ ਅਖੰਡ ਪਾਠ ਬੁੱਕ ਕਰਵਾਉਣ ਚੱਲਿਆਂ।’’
ਮੈਂ ਬਥ੍ਹੇਰਾ ਕਿਹਾ ਅਜੇ ਲਾਕਡਾਊਨ ਪੂਰੀ ਤਰ੍ਹਾਂ ਖੁੱਲ੍ਹਿਆ ਨਹੀਂ, ਕਿਤੇ ਪੁਲਸ ਵਾਲੇ ਬਿਠਾ ਛੱਡਣਗੇ ਫਿਰ ਤੂੰ ਕੀ ਕਰੇਂਗਾ? ਮੇਰੇ ਕਹੇ ਤੋਂ ਉਸਨੇ ਕਿਹੜਾ ਰੁੱਕਣਾ ਸੀ! ਮੈਂ ਰੋਟੀ ਬਣਾ ਦਿੱਤੀ। ਉਸ ਨੇ ਤਿੰਨ ਰੋਟੀਆਂ ਰਾਤ ਦੀ ਵਧੀ ਸਬਜ਼ੀ ਨਾਲ ਖਾ ਲਈਆਂ ਤੇ ਚਾਰ ਰੋਟੀਆਂ ਮੈਂ ਅੰਬ ਦੇ ਅਚਾਰ ਨਾਲ ਪੱਲੇ ਬੰਨ੍ਹ ਦਿੱਤੀਆਂ। ਉਸਨੇ ਮੋਟਰ ਸਾਇਕਲ ਚੁੱਕਿਆ, ‘‘ਵਾਹਿਗੁਰੂ’’, ਆਖ ਬੀੜ ਬਾਬਾ ਬੁੱਢਾ ਸਾਹਬ ਵੱਲ ਨੂੰ ਤੁਰ ਪਿਆ।
ਆ ਔਂਤਰੇ ਕਰੋਨੇ ਜਿਹੇ ਦੇ ਲਾਕ ਡਾਊਨ ਕਰਕੇ ਸਿਮਰਨ ਤੇ ਰਮਨ ਦਾ ਕੱਪੜ੍ਹੇ ਸੀਣ ਦਾ ਕੰਮ ਵੀ ਬੰਦ ਹੋ ਗਿਐ। ਬੁਟੀਕ ਵਾਲੀ ਕਹਿੰਦੀ ਐ ਲਾਕਡਾਊਨ ਕਰਕੇ ਕੋਈ ਗਾਹਕ ਹੀ ਨਹੀਂ ਆਉਂਦਾ। ਸਭ ਦਾ ਕੰਮ-ਧੰਦਾ ਮੰਦਾ ਪਿਆ ਐ।
ਘਰ ਦਾ ਗੁਜ਼ਾਰਾ ਦੁੱਧ ਤੋਂ ਚੱਲ ਰਿਹਾ ਏ। ਵਾਹੀ-ਖੇਤੀ ’ਚੋਂ ਮਸਾਂ ਨੱਕ ਵੱਢਿਆਂ ਦੇ ਤਾਰੇ ਅਤੇ ਬੈਂਕ ਦੀ ਲਿਮਟ ਨਵੀਂ-ਪੁਰਾਣੀ ਕਰਕੇ ਮਸਾਂ ਬੀਜੀ ਦਾ ਠੇਕਾ ਹੀ ਦਿੱਤਾ ਜਾਣਾ ਐ।
ਆਖ਼ਰ ਮੈਂ ਵੀ ਤਾਂ ਮਾਂ ਆਂ। ਸ਼ੇਰੇ ਬਾਰੇ ਸੋਚ-ਸੋਚ ਕੇ ਮੇਰੀ ਵੀ ਪਾਗਲਾਂ ਵਾਲੀ ਹਾਲਤ ਹੁੰਦੀ ਜਾ ਰਹੀ ਸੀ, ਪਰ ਮੈਂ ਕਰ ਕੁਝ ਵੀ ਨਹੀਂ ਸੀ ਸਕਦੀ। ਜਸਵੀਰ ਨਾਲ ਸ਼ੇਰੇ ਸਬੰਧੀ ਕੋਈ ਗੱਲ ਕਰਦੀ ਤਾਂ ਅੱਗੋਂ ਉਹ ਉੱਖੜੀ ਕੁਹਾੜੀ ਵਾਂਗ ਪੈਂਦਾ ।
ਸ਼ੇਰੇ ਗਏ ਨੂੰ ਸਾਲ ਦੇ ਨੇੜੇ ਸਮਾਂ ਹੋਣ ਲੱਗਿਆ।
ਜਸਵੀਰ ਬਾਬਾ ਬੁੱਢਾ ਸਾਹਿਬ ਤੋਂ ਕਾਫ਼ੀ ਰਾਤ ਲੰਘਣ ਤੇ ਵਾਪਸ ਮੁੜਿਆ ਸੀ। ਸਵੇਰੇ-ਸਵੇਰੇ ਸ਼ੇਰੇ ਦੇ ਫੋਨ ਆਉਣ ਤੇ ਉਸ ਦੇ ਡੀਪੋਰਟ ਹੋਣ ਦਾ ਪਤਾ ਲੱਗਾ ਤਾਂ ਬਾਅਦ ’ਚ ਜਸਵੀਰ ਨੇ ਪੂਰੀ ਤਰ੍ਹਾਂ ਢੇਰੀ ਢਾਹ ਲਈ ਸੀ। ਮੈਂ ਆਪ ਭਾਵੇਂ ਉਸ ਨੂੰ ਹੌਸਲਾ ਦੇ ਰਹੀ ਸਾਂ ਪਰ ਹਿੰਮਤ ਮੇਰੀ ਵੀ ਜਵਾਬ ਦੇ ਰਹੀ ਸੀ।
ਮੈਨੂੰ ਸ਼ੇਰੇ ਦੀ ਚਿੰਤਾ ਦੇ ਨਾਲ-ਨਾਲ ਸਿਮਰਨ ਤੇ ਰਮਨ ਦੀ ਚਿੰਤਾ ਵੀ ਹੋਣ ਲੱਗੀ ਸੀ। ਹੋਰ ਦੋ ਮਹੀਨੇ ਨੂੰ ਰਮਨ ਨੂੰ ਚੌਵੀਵਾਂ ਤੇ ਸਿਮਰਨ ਨੂੰ ਪੱਚੀਵਾਂ ਸਾਲ ਲੱਗ ਜਾਣਾ ਐ।
ਇਹ ਰੱਬ ਵੀ ਤੇ ਰੱਜਿਆਂ ਨੂੰ ਰਜਾਉਂਦੈ, ਗਰੀਬਾਂ ਦੀ ਤੇ ਇਹ ਵੀ ਨਹੀਂ ਸੁਣਦਾ। ਜਸਵੀਰ, ਬੀਰੇ ਮਹਿਰੇ ਦੇ ਘਰੋਂ ਸਵੇਰੇ-ਸਵੇਰੇ ਸ਼ਰਾਬ ਪੀ ਆਇਆ ਸੀ।
‘‘ਸਿਮਰਨ ਦੇ ਪਾਪਾ ਹੌਂਸਲਾ ਕਰ ਹੁਣ ਇਸ ਤਰ੍ਹਾਂ ਹਿੰਮਤ ਛੱਡਿਆ ਕੁੱਝ ਨਹੀਂ ਬਨਣਾ।’’ ‘‘ਆ ਜਿਹੜੀਆਂ ਦੋਂਵੇ ਕੌੜੀ ਵੇਲ ਵਾਂਗੂੰ ਵਧੀਆਂ ਪਈਆਂ ਨੇ ਹੁਣ ਏਨ੍ਹਾਂ ਦੀ ਚਿੰਤਾ ਕਰ।’’
‘‘ਚਿੰਤਾ ਮੈਂ ਕੀ ਕਰਾਂ, ਮੇਰੇ ਕੋਲ ਤਾਂ ਜ਼ਹਿਰ ਖਾਣ ਨੂੰ ਪੈਸਾ ਨਹੀਂ ਬਚਿਆ। ਜਿਹੜੇ ਕੋਲ ਸਨ ਉਹਨਾਂ ਦਾ ਕਲ੍ਹ ’ਖੰਡ ਪਾਠ ਬੁੱਕ ਕਰਵਾ ਆਇਆਂ। ਬਾਬਾ ਬੁੱਢਾ ਜੀ ਮੇਰੇ ਗਰੀਬ ਨਾਲ ਹੋ ਰਹੇ ਧੱਕੇ ਨੂੰ ਤੂੰ ਤੇ ਵੇਖਦਾ ਏਂ ਨਾ, ਹਾਏ ਓ ਮੇਰੇ ਰੱਬਾ ਮਾਰ ਕੇ ਰੱਖ ਤਾ ਈ, ਜਸਵੀਰ ਨੇ ਉੱਚੀ ਜਿਹੀ ਹੂਕ ਮਾਰੀ।’’ ‘‘ਲੱਗਦੈ ਸਾਰੇ ਟੱਬਰ ਨੂੰ ਫਾਹਾ ਲੈਣਾ ਪੈਣਾ ਐ।’’ ਜਸਵੀਰ ਬੋਲੀ ਜਾ ਰਿਹਾ ਸੀ।
ਚਾਚਾ ਹਰੀਆ ਡੰੰਗਰਾਂ ਨੂੰ ਪੱਠੇ ਪਾਉਂਦਾ-ਪਾਉਂਦਾ ਹਵੇਲੀ ਤੋਂ ਜਸਵੀਰ ਦੀ ਉੱਚੀ-ਉੱਚੀ ਬੋਲਦੇ ਦੀ ਅਵਾਜ਼ ਸੁਣ ਕੇ ਘਰ ਦੇ ਅੰਦਰ ਆ ਗਿਆ।
ਜਸਵੀਰ ਨੇ ਚਾਚੇ ਹਰੀਏ ਦੇ ਗਲ ਲੱਗ ਕੇ ਉੱਚੀ-ਉੱਚੀ ਧਾਹਾਂ ਮਾਰ ਕੇ ਰੋਣਾ ਸ਼ੁਰੂ ਕਰ ਦਿੱਤਾ ਸੀ।
‘‘ਚਾਚਾ ਮੈਂ ਲੁੱਟਿਆ ਗਿਆ ਈ, ਸਾਰਾ ਕੁੱਝ ਜਾਂਦਾ ਰਿਹਾ। ਪੈਲੀ ਗਈ, ਮੇਰਾ ਪੁੱਤ ਸ਼ੇਰਾ ਪਤਾ ਨੀ ਕਿਸ ਹਾਲ ’ਚ ਐ ? ਉਸ ਨੇ ਕਦੋਂ ਤੇ ਕਿਵੇਂ ਮੁੱੜਣਾ ਐ ?’’
‘‘ਜੱਸ ਪੁੱਤ ਹੌਸਲਾ ਰੱਖ। ਬਾਬਾ ਬੁੱਢਾ ਜੀ ਮੇਹਰ ਕਰਨਗੇ । ਵਾਹਿਗੁਰੂ ਆਪੇ ਜਾਣੀ ਜਾਣ ਆ, ਭਲੀ ਕਰੂ।’’
ਚਾਚੇ ਹਰੀਏ ਦੇ ਪਲੋਸਣ ਨਾਲ ਜਸਵੀਰ ਥੋੜ੍ਹਾ ਹੌਸਲੇ ’ਚ ਹੋਇਆ।
ਚਾਚਾ ਹਰੀਆ ਡੰੰਗਰਾਂ ਨੂੰ ਥਾਂ ਸਿਰ ਕਰਕੇ ਬਿਨਾਂ ਦੱਸੇ ਆਪਣੇ ਘਰ ਨੂੰ ਚਲੇ ਗਿਆ।
‘‘ਭੈਣ ਤਾਰੋ ਦਾ ਕਲ੍ਹ ਫੋਨ ਆਇਆ ਸੀ, ਉਸ ਦੇ ਦਿਉਰ ਦੇ ਦੋਵੇਂ ਮੁੰਡੇ ਸਿਮਰਨ ਤੇ ਰਮਨ ਦੇ ਹਾਣੀ ਨੇ। ਮਹੀਨਾ-ਖੰਡ ਵੱਡੇ ਆ। ਦੋਵੇਂ ਬਾਰ੍ਹਾਂ-ਬਾਰ੍ਹਾਂ ਜਮਾਤਾਂ ਪੜ੍ਹ ਕੇ ਆਪਣਾ ਦੁੱਧ ਦਾ ਕੰਮ ਕਰਦੇ ਆ। ਅੱਠ ਕਿੱਲੇ ਪੈਲੀ ਐ। ਦੋਹਾਂ ਨੂੰ ਚਾਰ-ਚਾਰ ਕਿੱਲੇ ਆਉਂਦੀ ਐ। ਦੋਵਾਂ ਦੇ ਅੰਮਿ੍ਰਤ ਛਕੇ ਆ। ਨਸ਼ੇ-ਪੱਤੇ ਤੋਂ ਬਚੇ ਨੇ। ਦੋਹਾਂ ਦੇ ਰਿਸ਼ਤੇ ਮੰਗ ਰਹੀ ਸੀ। ਉਹ ਕਹਿੰਦੀ ਆ ਮੇਰੇ ਦਿਉਰ ਦੇ ਘਰ ਸਭ ਕੁਝ ਐ। ਉਹਨੂੰ ਤੇ ਕੁੜੀਆਂ ਇੱਜ਼ਤ ਕਰਨ ਵਾਲੀਆਂ ਚਾਹੀਦੀਆਂ ਨੇ। ਅੱਜ ਕਲ੍ਹ ਕਿਥੇ ਮਿਲਦੇ ਨੇ ਇਸ ਤਰ੍ਹਾਂ ਦੇ ਰਿਸ਼ਤੇ’’, ਮੈਂ ਜਸਵੀਰ ਨਾਲ਼ ਗੱਲ ਕੀਤੀ।
‘‘ਆਪਣੀ ਭੈਣ ਗੁਰਮੀਤੋ ਦੀ ਕੁੜੀ ਜਸਮੀਤ ਜਿਥੇ ਵਿਆਹੀ ਆ ਸੁਣਿਐ ਮੁੰਡਾ ਸਮੈਕ ਪੀਂਦੈ। ਉਹਨੇ ਤੇ ਸਾਲ ’ਚ ਘਰ ਨੂੰ ਮੂਧਾ ਕਰ ਦਿੱਤੈ। ਦੋ ਕਿੱਲੇ ਪੈਲੀ ਸਾਲ ’ਚ ਹੀ ਖਾ ਗਿਐ। ਦੱਸਦੇ ਆ ਜਸਮੀਤ ਦੀ ਵੀ ਕੁੱਟ-ਮਾਰ ਕਰਦੈ। ਹੁਣ ਭੈਣ ਗੁਰਮੀਤੋ ਹੋਰੀਂ ਜਸਮੀਤ ਨੂੰ ਆਪਣੇ ਘਰ ਲੈ ਆਏ ਨੇ। ਜਸਮੀਤ ਪੈਰਾਂ ਤੋਂ ਭਾਰੀ ਆ ਅਠਵੇਂ ਮਹੀਨੇ ’ਚ ਆ।’’
‘‘ਆਪਾਂ ਬਹੁਤਾ ਸੋਚੀਏ ਨਾ ਬਸ ਹਾਂ ਕਰਨ ਦੀ ਗੱਲ ਕਰੀਏ।’’
‘‘ਕਰੋਨੇ ’ਚ ਜਿਵੇਂ ਲੋਕ ਚੁੰਨੀ ਚੜ੍ਹਾਵੇ ਕਰ ਕੇ ਵਿਆਹ ਕਰ ਰਹੇ ਨੇ ਆਪਾਂ ਵੀ ਦੋਵਾਂ ਦੇ ਚੁੰਨੀ ਚੜ੍ਹਾਵੇ ਕਰ ਦਈਏ।’’
ਮੈਂ ਅਜੇ ਜਸਵੀਰ ਨੂੰ ਭੈਣ ਤਾਰੋ ਦੇ ਦੱਸੇ ਰਿਸ਼ਤੇ ਬਾਰੇ ਦੱਸ ਹੀ ਰਹੀ ਸੀ ਕਿ ਚਾਚਾ ਹਰੀਆ ਤੇ ਚਾਚੀ ਬੰਤੀ ਦੋਵੇਂ ਬਿਨਾਂ ਦਰਵਾਜ਼ਾ ਖੜਕਾਏ ਅੰਦਰ ਆ ਗਏ ।
‘‘ਜਸ ਪੁੱਤ, ਨਿੱਕਾ ਮੂੰਹ ਬੜੀ ਬਾਤ ! ਮੈਂ ਤੇ ਤੇਰੀ ਚਾਚੀ ਡਾਢੇ ਚਿਰ ਤੋਂ ਤੁਹਾਡਾ ਭਾਰ ਚੁੱਕੀ ਫਿਰਦੇ ਸਾਂ, ਉਹ ਦੇਣ ਆਏ ਆਂ।’’
ਏਨੇ ਨੂੰ ਚਾਚੀ ਨੇ ਆਪਣੀ ਬੁੱਕਲ ’ਚੋਂ ਇਕ ਪੁਰਾਣੇ ਜਿਹੇ ਕਪੜੇ ਦੇ ਝੋਲ਼ੇ ’ਚੋਂ ਦੱਸ ਹਜ਼ਾਰ ਰੁਪੈ ਦੀਆਂ ਸੂਤ ਦੇ ਧਾਗੇ ਨਾਲ਼ ਬੰਨੀਆਂ ਸੌ-ਸੌ ਅਤੇ ਪੰਜਾਹ-ਪੰਜਾਹ ਦੇ ਨੋਟਾਂ ਦੀਆਂ ਦੋ ਥਈਆਂ ਮੇਰੇ ਸਾਹਮਣੇ ਰੱਖ ਦਿੱਤੀਆਂ।
‘‘ਜੇ ਵੱਡਾ ਭਾਊ ਸਾਡੀਆਂ ਧੀਆਂ ਦੇ ਵਿਆਹ ਤੇ ਮਟਰ ਬੀਜਣ ਲਈ ਪੈਲੀ ਨਾ ਦੇਂਦਾ ਤਾਂ ਸਾਡੇ ਤੋਂ ਧੀਆਂ ਕਿੱਥੇ ਤੋਰ ਹੋਣੀਆਂ ਸਨ।’’
‘‘ਜਦੋਂ ਸਿਮਰਨ ਤੇ ਰਮਨ ਜੰਮੀਆਂ ਸੀ, ਅਸੀਂ ਉਦੋਂ ਦੇ ਹੌਲੀ-ਹੌਲੀ ਪੈਸੇ ਜੋੜ ਰਹੇ ਸਾਂ। ਵੱਡਾ ਭਾਊ ਆਂਹਦਾ ਹੁੰਦਾ ਸੀ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ।’’
‘‘ਇਹ ਸਾਡੇ ਦੋਵਾਂ ਦਾ ਸਿਮਰਨ ਤੇ ਰਮਨ ਧੀਆਂ ਦੇ ਵਿਆਹ ਲਈ ਨਿਓਂਦਾ ਐ।’’
ਜਸਵੀਰ ਨੇ ਦੋਹਾਂ ਦੇ ਗਲ ਲੱਗ ਕੇ ਫਿਰ ਉੱਚੀ ਸਾਰੀ ਧਾਅ ਮਾਰੀ, ‘‘ਓ ਚਾਚਾ, ਮੈਂ ਤੇਰਾ ਦੇਣਾ ਕਿਵੇਂ ਦੇਵਾਂਗਾ?’’
ਕਵਿਤਾ
- ਸੁਖਪਾਲ
ਮੈਂ ਉਸ ਬਾਰੇ ਅਪਸ਼ਬਦ ਸੁਣਦਾ ਹਾਂ,
ਉਸਦੀ ਪਤ ਰੱਖਣ ਲਈ,
ਹਥਿਆਰ ਚੁੱਕ ਲੈਂਦਾ ਹਾਂ,
ਉਸਦੀ ਪਤ ਮੇਰੀ ਮੁਹਤਾਜ ਨਹੀਂ।।
ਉਸਦੀ ਗੱਲ ਕਰਨ ਵਾਲੇ,
ਸਾਰਿਆਂ ਨੂੰ ਸੁਣਦਾ ਹਾਂ,
ਪੁਜਾਰੀ, ਵਿਦਵਾਨ, ਚੇਲੇ, ਯੋਧੇ,
ਬੱਸ ਉਸੇ ਨੂੰ ਹੀ ਨਹੀਂ ਸੁਣਦਾ।
ਉਹ ਆਪ ਤਾਂ ਕੁਝ ਵੀ ਨਹੀਂ,
ਨਾ ਮੁਸਲਮਾਨ,ਹਿੰਦੂ ਨਾ ਸਿੱਖ,
ਮੈਂ ਹੀ ਕੁਝ ਬਣਨਾ,
ਜ਼ਰੂਰੀ ਸਮਝਦਾ ਹਾਂ।
ਉਹ ਵੇਈਆਂ ਵਿੱਚ ਡੁੱਬਦਾ ਹੈ,
ਖ਼ਾਨਾਬਦੋਸ਼ ਹੋ ਜਾਂਦਾ ਹੈ,
ਮੈਂ ਉਸਦੀ ਬਾਣੀ ਦਾ ਗੁਟਕਾ ਫ਼ੜਦਾ ਹਾਂ,
ਬੂਹਾ ਢੋਅ ਕੇ ਬਹਿ ਜਾਂਦਾ ਹਾਂ।
ਉਸਦੇ ਆਖਿਆਂ ਰੱਬ ਨੂੰ ਇੱਕ ਮੰਨਦਾ ਹਾਂ,
ਰੱਬ ਦੇ ਬੰਦਿਆਂ ਨੂੰ ਇੱਕ ਨਹੀਂ ਸਮਝਦਾ,
ਉਦਾਸੀਆਂ ਕਰਨ ਵਾਲੇ ਨੂੰ,
ਮੈਂ ਉਦਾਸ ਕਰ ਦਿੱਤਾ ਹੈ।
ਮੈਂ ਉਸਦਾ ਸਿੱਖ ਹੋਣ ਦੀ ਕੋਸ਼ਿਸ਼ ਕਰਦਾ ਹਾਂ,
ਉਹ ਮੇਰੇ ਨਾਨਕ ਹੋਣ ਦੀ ਉਡੀਕ ਕਰਦਾ ਹੈ।
‘ਕਿੱਕਲੀ’
- ਸੁਰਿੰਦਰ ਗਿੱਲ ਜੈਪਾਲ
ਕਿੱਕਲੀ ਕਲੀਰ ਦੀ
ਖੇਤੀ ਮੇਰੇ ਵੀਰ ਦੀ
ਧਰਨਾ ਕਿਸਾਨੀ ਦਾ
ਫਿੱਟੇ ਮੂੰਹ ਅਡਾਨੀ ਦਾ
ਫਿੱਟੇ ਮੂੰਹ ਅੰਬਾਨੀ ਦਾ।
ਕਿੱਕਲੀ ਮੈਂ ਪਾਉਨੀ ਆਂ
ਝੰਡਾ ਲਹਿਰਾਉਨੀ ਆਂ
ਮੰਗਾ ਮਨਵਾਉਨੀ ਆਂ
ਕਾਨੂੰਨ ਹਟਵਾਉਨੀ ਆਂ
ਖੇਤੀ ਨੂੰ ਬਚਾਉਨੀ ਆਂ।
ਕਿੱਕਲੀ ਕਲੀਰ ਦੀ
ਭੈਣ ਅਤੇ ਵੀਰ ਦੀ
ਸਾਂਝੀ ਬਾਤ ਪਾਉਨੀ ਆਂ
ਹੋਰ ਰੁੱਖ ਲਾਉਨੀ ਆਂ
ਧਰਤ ਬਚਾਉਨੀ ਆਂ।
ਕਿੱਕਲੀ ਕਲੀਰ ਦੀ…….
ਗ਼ਜ਼ਲ
- ਮੱਖਣ ਕੁਹਾੜ
ਨਾ ਜਿੱਥੇ ਘਰ ਗਰਾਂ ਹੋਵੇ, ਕਿੰਜ ਆਖਾਂ ਦੇਸ਼ ਮਹਾਨ!
ਬਸੇਰੇ ਲਈ ਨਾ ਹੋਵੇ ਥਾਂ, ਕਿੰਜ ਆਖਾਂ ਦੇਸ਼ ਮਹਾਨ!
ਹਰ ਬਨੇਰੇ ’ਤੇ ਹੀ ਗਿੱਰਝਾਂ ਪਾ ਲੈਣ ਆਹਲਣੇ,
ਫਿਜ਼ਾ ਵਿਚ ਹੋਵੇ ਚੁੱਪ ਚਾਂ, ਕਿੰਜ ਆਖਾਂ ਦੇਸ਼ ਮਹਾਨ!
ਪਿਓ-ਦਾਦੇ ਤੋਂ ਲੈ ਕੇ, ਜਿਸ ਦੇਸ਼ ਰਹਿ ਰਿਹਾਂ ਮੈਂ,
ਫਹਿਰਿਸਤ ’ਚ ਨਾ ਹੋਵੇ ਪਰ ਨਾਂ, ਕਿੰਜ ਆਖਾਂ ਦੇਸ਼ ਮਹਾਨ!
ਉਹ ਜਿੱਥੇ ਲਾਜ਼ਮੀ ਹੋਵੇ ਹਕੂਮਤ ਦਾ ਜ਼ੁਲਮ ਸਹਿਣਾ,
ਤੇ ਰੋਣਾ ਹੋਵੇ ਗੁਨਾਹ, ਕਿੰਜ ਆਖਾਂ ਦੇਸ਼ ਮਹਾਨ!
ਜਿਥੇ ਬੁਲਬੁਲਾਂ ਤੇ ਕੋਇਲਾਂ ਦੇ ਗੀਤ ਹੋਣ ਵਰਜ਼ਿਤ,
ਹੋਵੇ ਬਾਗ਼ਾਂ ਵਿਚ ਖਿਜ਼ਾਂ, ਕਿੰਜ ਆਖਾਂ ਦੇਸ਼ ਮਹਾਨ!
ਹਮੇਸ਼ਾ ਹੀ ਤਮੰਨਾਵਾਂ ਦਾ ਹੁੰਦਾ ਹੋਵੇ ਕਤਲ ਜਿਥੇ,
ਕਾਤਿਲ ਹੱਥ ਹੋਵੇ ਨਿਆਂ, ਕਿੰਜ ਆਖਾਂ ਦੇਸ਼ ਮਹਾਨ!
ਹੈ ਜਿੱਥੇ ਉਲੂਆਂ, ਚਮਗਿੱਦੜਾਂ ਦਾ ਬਾਗ਼ਾਂ ’ਤੇ ਕਬਜ਼ਾ,
ਤੇ ਮਾਲੀ ਹੋਵੇ ਚੁੱਪ-ਚਾਂ, ਕਿੰਜ ਆਖਾਂ ਦੇਸ਼ ਮਹਾਨ!
ਸਜਾਵੇ ਤਾਜ ਮਿੱਟੀ ਦਾ, ਦੁੜ੍ਹਾਵੇ ਕਾਠ ਦਾ ਘੋੜਾ,
ਕਹਾਵੇ ਸ਼ਾਹ-ਇ-ਜਹਾਂ ਕਿੰਜ ਆਖਾਂ ਦੇਸ਼ ਮਹਾਨ!
ਓਟ ਨਿਓਟਿਆਂ ਲਈ, ਨਾ ਹੋਵੇ ਪਤ ਨਿਪੱਤਿਆਂ ਲਈ,
ਨਿਥਾਵਿਆਂ ਲਈ ਨਾ ਹੋਵੇ ਥਾਂ, ਕਿੰਜ ਆਖਾਂ ਦੇਸ਼ ਮਹਾਨ!
ਉਹ ਜਿਥੇ ਬਗਲੀਆਂ ਦੀ ਥਾਂ ਸਾਧ ਪਹਿਨਣ ਤਾਜ਼ ਸੋਨੇ ਦੇ
ਧਰਮ ਵੀ ਹੋਵੇ ਬਦਜ਼ੁਬਾਂ-ਕਿੰਜ ਆਖਾਂ ਹੈ ਦੇਸ਼ ਮਹਾਨ!
ਖ਼ਤਾ ਦੱਸੇ ਬਿਨਾਂ ਜਿਥੇ, ਮਿਲਣ ਫਤਵੇ ਮੌਤ ਦੇ,
ਖਤਾ ਪੁੱਛਣਾ ਜਿੱਥੇ ਗੁਨ੍ਹਾਹ, ਕਿੰਜ ਆਖਾਂ ਦੇਸ਼ ਮਹਾਨ!
ਗ਼ਜ਼ਲ
- ਸਫ਼ੀਆ ਹਯਾਤ
ਹਜੂਮ ਦੁਸ਼ਮਨਾ ਮੈਂ ਤਾਨ ਕਰ ਸੀਨਾ ਖੜੀ ਥੀ,
ਮੈਂ ਆਪਨੇ ਹੱਕ ਕੀ ਖ਼ਾਤਿਰ ਤਾ ਦਮ ਆਖ਼ਿਰ ਲੜੀ ਥੀ।
ਮੇਰਾ ਦੁਸ਼ਮਨ ਸਮਝਤਾ ਥਾ ਫ਼ਕਤ ਮੈਂ ਆਖ਼ਰੀ ਹੂ,ੰ
ਅਭੀ ਤੋਂ ਕੌਮ ਸਾਰੀ ਤਾਜ਼ਾ ਦਮ ਪੀਛੇ ਖੜ੍ਹੀ ਥੀ।
ਯੇ ਮੇਰਾ ਹੌਸਲਾ ਹੈ ਪਾਨੀਓਂ ਕੇ ਦਰਮਿਆਂ ਭੀ,
ਕਿਸੀ ਕੇ ਹੁਕਮ ਕੀ ਮੈਂ ਮੁੰਤਜ਼ਿਰ ਪਿਆਸੀ ਖੜ੍ਹੀ ਥੀ।
ਕਬੀਲਾ ਮੇਂ ਕੋਈ ਬੇਟੀ ਕੋ ਹੱਕ ਦੇਤਾ ਨਹੀਂ ਥਾ,
ਮੈਂ ਸਾਰੀ ਬੇਟੀਓਂ ਕੇ ਵਾਸਤੇ ਤਨਹਾ ਲੜੀ ਥੀ।
ਮੇਰੇ ਸਭ ਫ਼ੈਸਲੇ ਥੇ ਹੱਕਬਜਾਨਿਬ, ਸੋ ਮੈਂ ‘ਸਫ਼ੀਆ’,
ਸਭੀ ਸੇ ਉਮਰ ਮੇਂ ਛੋਟੀ ਮਗਰ ਸਭ ਸੇ ਬੜੀ ਥੀ।
ਕਵਿਤਾ
-ਮੰਗਤ ਰਾਮ ਪਾਸਲਾ
ਦਿੱਲੀ ਮੋਰਚੇ ਦੇ ਮਰਜੀਵੜਿਆਂ ਦੇ ਨਾਂਅ….
ਚਾਂਦਨੀ ਚੌਕ,
ਚਮਕੌਰ ਦੀ ਗੜ੍ਹੀ,
ਬਜਬਜ ਘਾਟ,
ਜਲ੍ਹਿਆਂ ਵਾਲਾ ਬਾਗ਼,
ਸਤਲੁਜ ਦਾ ਕੰਢਾ,
ਦੁਰਗਾ ਭਾਬੀ ਦਾ ਜਲੌਅ,
ਮਾਣ ਮੱਤੇ ਸ਼ਬਦਾਂ ਦਾ ਮਹਾਂ ਕੋਸ਼।
ਜੁੜ ਗਿਆ ਇਸ ਨਾਲ
ਸਿੰਘੂ, ਟਿੱਕਰੀ, ਗਾਜ਼ੀਪੁਰ,
ਦਿੱਲੀ ਦਾ ਸਫ਼ਰਨਾਮਾ।
ਕਰਨਾਲ, ਲਖ਼ੀਮਪੁਰ ਖ਼ੀਰੀ
ਡੁਲ੍ਹੇ ਖ਼ੂਨ ਦੀ ਵਿਥਿਆ।
ਮੁੜ ਆ ਗਿਆ ਬੋਲਾਂ ’ਚ
ਗੋਬਿੰਦ ਦਾ ਜਫ਼ਰਨਾਮਾ।
ਤਖਤ ਦਿੱਲੀ ਦਾ ਤਿਹਾਇਆ ਹੈ ਅਜੇ
ਮੰਗਦਾ ਹੈ ਹੋਰ ਖ਼ੂਨ।
ਔਰੰਗਾ…
ਫਰੰਗੀ…
ਸੰਘੀ…
ਤਿੰਨਾਂ ਦੀ ਔਕਾਤ ਇਕੋ ਹੈ।
ਤੁਰਦੇ, ਡਿੱਗਦੇ, ਜਖ਼ਮੀ ਹੋਏ… ਫਿਰ ਉਠਦੇ
ਧਰਤ-ਪੁੱਤਰਾਂ ਦਾ ਜਜ਼ਬਾਤ ਇਕੋ ਹੈ।
ਦੋ ਧੜਿਆਂ ਦਾ ਭੇੜ
ਬਿਜਲੀ ਕੜਕੇ
ਜਿਉਂ ਸਮੁੰਦਰ ਖੌਲਦਾ,
ਵਿਸ਼ ਹੈ ਘੋਲਦਾ।
ਜਿੱਤਣ ਦੀ ਤਾਂਘ
ਦੇਵੇ ਨਾ ਸੌਣ
ਲੱਗੇ ਨਾ ਭੁੱਖ
ਕੋਈ ਨਾ ਦੁੱਖ
ਜ਼ਿੰਦਗੀ ਦੇ ਵਲਵਲੇ ਅੰਗੜ੍ਹਾਈਆਂ ਲੈ ਰਹੇ
ਬੜਾ ਕੁਝ ਕਹਿ ਰਹੇ
ਮੌਸਮ ਬਦਲ ਰਿਹਾ…
ਕਵਿਤਾ
- ਸੰਤੋਖ ਸਿੰਘ ਧੀਰ
ਹੇ ਹਵਾ ! ਹੁਣ ਝੁੱਲ
ਜੀਵਨ ਮਘ ਸਕੇ
ਬਣ ਜਾ ਇਕ ਝੱਖੜ
ਜ਼ਮਾਨਾ ਤੁਰ ਸਕੇ
ਪੈਰ ਤੁਰਦੇ ਹੀ ਸਦਾ ਸੋਭਦੇ
ਮੁਰਦਿਆਂ ਦੇ ਹੀ
ਖਲੋਂਦੇ ਨੇ ਪੈਰ।
ਟੱਪੇ
- ਜਗਸੀਰ ਜੀਦਾ
ਦਿੱਲੀ ਦੇ ਬੌਡਰ ਤੇ ਲੱਗ ਗਏ ਮੋਰਚੇ ਪੱਕੇ।
ਕੰਧ ਕਾਲੇ ਕਾਨੂੰਨਾਂ ਦੀ ,ਚੜ੍ਹ ਗਈ ਲੋਕ ਲਹਿਰ ਦੇ ਧੱਕੇ।
ਇਹਨਾਂ ਕਾਲੇ ਕਾਨੂੰਨਾਂ ਨੇ ਨਿਗਲਨੇ ਖੇਤ ਖੋਹਣੀਆਂ ਮੰਡੀਆਂ।
ਰੋਟੀ-ਰੋਜੀ ਖੋਹ ਲੈਣੀ, ਖੋਹਣੀਆਂ ਸੜਕਾਂ ਤੇ ਪੱਗ ਡੰਡੀਆਂ।
ਸੈਲੋ ਪਲਾਂਟਾਂ ਨੇ ਹੂੰਝਣੇ, ਸਭ ਦੇ ਦਾਣੇ-ਫੱਕੇ।
ਧਰਤੀ ਤੇ ਧਨ ਉਤੇ ਕਾਬਜ਼ ਹੋਏ ਐ ਵੱਡ ਘਰਾਣੇ।
ਹੁਣ ਅੱਖ ਜ਼ਮੀਨਾਂ ਤੇ ਹਲਕੇ ਫਿਰਦੇ ਹਾਕਮ ਲਾਣੇ।
ਹਜ਼ਾਰਾ ਏਕੜਾਂ ਦੇ ਫਾਰਮ, ਤਾਰਾਂ ਵਲ ਕੇ ਜਾਣਗੇ ਡੱਕੇ।
ਰੇਲਾਂ ਬੈਂਕ ਸੁਸਾਬੈਂਕਂ ਵੀ ਹਵਾਈ ਅੱਡੇ ਚੌੜੀਆਂ ਸੜਕਾਂ।
ਹਸਪਤਾਲ ਤੇ ਵਿਦਿਆ ਨੂੰ ਵੇਚਣ ਲੱਗੇ ਕੱਢਤੀਆਂ ਰੜਕਾਂ।
ਬਿਜਲੀ ਥਰਮਲ ਪਾਣੀ ਵੀ, ਰੇਤਾ ਬੱਜਰੀ ਮਾਰਦੇ ਫੱਕੇ।
ਪਾਉਣੀ ਠੱਲ੍ਹ ਸੰਘਰਸ਼ਾਂ ਨੇ, ਧਰਤੀ ਦੇ ਪੁੱਤਰ ਹੁਣ ਜਾਗੇ।
ਲੋਕਾਂ ਦੀ ਲਹਿਰ ਉਠੀ ਕਿਰਤੀ ਕਾਮੇ ਜੋਟੀ ਪਾਗੇ।
ਲੋਕਾਂ ਦੇ ਹੜ ਅੱਗੇ, ਹਾਕਮਾਂ ਦੇ ਛਡਾਉਦੇ ਛੱਕੇ।
ਦਿੱਲੀ ਦੇ ਬਾਰਡਰ ਤੇ ਲਾ ਲਏ ਮੋਰਚੇ ਪੱਕੇ।
ਗ਼ਜ਼ਲ
- ਜਗਵਿੰਦਰ ਜੋਧਾ
ਪੱਗਾਂ ਲੱਥੀਆਂ, ਜ਼ਖਮ ਪੂੰਝਦੇ, ਡਿਗਦੇ-ਢਹਿੰਦੇ ਬਾਬੇ
ਪੁੱਤਾਂ ਵਰਗੀਆਂ ਡਾਂਗਾਂ ਮੂਹਰੇ ਤਣ-ਤਣ ਖੜ੍ਹਦੇ ਬਾਬੇ
ਇਕ ਹੱਥ ਹਲ ਦੀ ਜੰਘੀ ਫੜਨੀ, ਦੂਜੇ ਹੱਥ ਕਿਰਪਾਨਾਂ
ਆਪਣੇ ਪੂਰਵਜਾਂ ਤੋਂ ਏਹੀ ਸਿੱਖਦੇ ਆਏ ਬਾਬੇ
ਲਾਲ, ਹਰੇ ਤੇ ਪੀਲੇ ਝੰਡੇ ਲੈ ਕੇ ਅੜ ਜਾਂਦੇ ਨੇ
ਹਾੜ੍ਹਾਂ ਦੀ ਲੂ, ਪੋਹ ਦਾ ਕੱਕਰ ਜਰਦੇ ਆਉਂਦੇ ਬਾਬੇ
ਗੂੰਗੇ ਕੰਨਾਂ ਤਕ ਆਪਣੀ ਆਵਾਜ਼ ਪੁਚਾਉਣ ਦੀ ਖਾਤਰ
ਦਿੱਲੀ ਦੇ ਬਾਰਡਰ ’ਤੇ ਮੰਜੇ ਡਾਹ ਕੇ ਬੈਠੇ ਬਾਬੇ
ਕਾਲੇ ਕਾਵਾਂ ਕੋਲੋਂ ਮੁਲਕ ਬਚਾਉਣ ਲਈ ਪੁੱਜੇ ਨੇ
ਝੋਨੇ ਦੀ ਢੇਰੀ ’ਤੇ ਚੜ੍ਹ ਕੇ ਬੈਠਣ ਵਾਲੇ ਬਾਬੇ
ਬੁੱਢੇ ਹੱਡਾਂ ਵਿਚ ਜੂਝਣ ਦਾ ਜਜ਼ਬਾ ’ਕੱਠਾ ਕਰਕੇ
ਦੇਖੇ ਨਵੀਆਂ ਨਸਲਾਂ ਦੀ ਅਗਵਾਈ ਕਰਦੇ ਬਾਬੇ
ਇਸ ਧਰਤੀ ਦੇ ਲੋਕ ਕਿਤੇ ਸ਼ਰਮਿੰਦਾ ਹੋ ਨਾ ਜੰਮਣ
ਏਸ ਲਈ ਲੱਕ ਬੰਨ੍ਹ ਤੁਰੇ ਨੇ ਬੀਬੀਆਂ ਨਾਲੇ ਬਾਬੇ