Now Reading
ਨਿਘਾਰਗ੍ਰਸਤ ਸਿਆਸੀ ਕਦਰਾਂ-ਕੀਮਤਾਂ ਖ਼ਿਲਾਫ਼ ਘੋਲਾਂ ਦੇ ਪਿੜ ਮੱਲੋ!

ਨਿਘਾਰਗ੍ਰਸਤ ਸਿਆਸੀ ਕਦਰਾਂ-ਕੀਮਤਾਂ ਖ਼ਿਲਾਫ਼ ਘੋਲਾਂ ਦੇ ਪਿੜ ਮੱਲੋ!

ਪੂੰਜੀਵਾਦੀ ਢਾਂਚੇ ਦੇ ਨਿਘਾਰ ਗ੍ਰਸਤ ਹੋਣ ਨਾਲ ਲੋਕ ਰਾਜੀ ਵਿਵਸਥਾ ਦੀਆਂ ਬੁਨਿਆਦਾਂ ਸਮਝੀਆਂ ਜਾਂਦੀਆਂ ਰਾਜਨੀਤਕ ਤੇ ਸਮਾਜਿਕ ਨੈਤਿਕ ਕਦਰਾਂ-ਕੀਮਤਾਂ ਨੂੰ ਵੀ ਭਾਰੀ ਢਾਅ ਲੱਗੀ ਹੈ। ਜਦੋਂ ਬਾਹੂਬਲੀ ਪੈਸੇ ਤੇ ਧੌਂਸ ਦੇ ਬਲਬੂਤੇ ਪਾਰਲੀਮੈਂਟ/ਅਸੈਂਬਲੀਆਂ ਦੇ ਮੈਂਬਰ ਚੁਣੇ ਜਾਣ ਤੇ ਅੱਗੋਂ ਮੰਤਰੀ ਪਦ ਵੀ ਹਾਸਲ ਕਰ ਲੈਣ ਤਾਂ ਫਿਰ ਨੈਤਿਕ ਮਿਆਰਾਂ ਦੀ ਅਣਦੇਖੀ ਹੋਣੀ ਲਾਜ਼ਮੀ ਹੈ। ਲੋਕ ਰਾਜੀ ਪ੍ਰਣਾਲੀ ਦੇ ਆਰੰਭਕ ਦੌਰ ’ਚ ਹਰ ਰਾਜਨੀਤਕ ਪਾਰਟੀ ਦਾ ਮੈਂਬਰ ਉਸ ਪਾਰਟੀ ਦੇ ਸਿਧਾਂਤ ਪ੍ਰਤੀ ਕੁਝ ਨਾ ਕੁਝ ਮੁੱਢਲੀ ਸਮਝ ਜ਼ਰੂਰ ਰੱਖਦਾ ਸੀ ਤੇ ਉਸ ਪ੍ਰਤੀ ਵਫਾਦਾਰ ਰਹਿਣ ਦਾ ਵਾਅਦਾ ਵੀ ਕਰਦਾ ਸੀ। ਭਾਵੇਂ ਜਮਾਤੀ ਸਮਾਜ ਅੰਦਰ ਹਾਕਮ ਧਿਰ ਵਲੋਂ ਆਰਥਿਕ ਤੇ ਸਮਾਜਿਕ ਅਨਿਯਮਤਾਵਾਂ ਕਰਨਾ ਆਮ ਗੱਲ ਰਹੀ ਹੈ, ਪ੍ਰੰਤੂ ਫਿਰ ਵੀ ਲੋਕ ਲੱਜਿਆ ਵਸ ਰਾਜਨੀਤਕ ਜੀਵਨ ਅੰਦਰ ਲੋਕ ਹਿਤਾਂ ਦਾ ਕੁਝ ਨਾ ਕੁ ਅੰਸ਼ ਮਾਤਰ ਜ਼ਰੂਰ ਦਿਸਦਾ ਰਹਿੰਦਾ ਸੀ। ਪ੍ਰੰਤੂ ਜਿਓਂ-ਜਿਓਂ ਆਰਥਿਕ ਪ੍ਰਬੰਧ ਦੇ ਸੰਕਟਗ੍ਰਸਤ ਹੋਣ ਨਾਲ ਲੋਕ ਰਾਜ ਦੇ ਮਿਆਰਾਂ ਅੰਦਰ ਵੀ ਤ੍ਰੇੜਾਂ ਆਉਣੀਆਂ ਸ਼ੁਰੂ ਹੋਈਆਂ, ਉਦੋਂ ਤੋਂ ਰਾਜਨੀਤੀ ਸਿਰਫ ਤੇ ਸਿਰਫ ਲੁੱਟ ਖਸੁੱਟ ਨਾਲ ਧਨ ਜਮਾਂ ਕਰਨ, ਅਸਮਾਜਿਕ ਕਾਰਵਾਈਆਂ ਰਾਹੀਂ ਧੌਂਸ ਜਮਾਉਣ ਤੇ ਨਿੱਜੀ ਹਿਤਾਂ ਤੋਂ ਅੱਗੇ ਪਰਿਵਾਰਕ ਤੇ ਦੂਰ-ਨੇੜੇ ਦੇ ਰਿਸ਼ਤੇਦਾਰਾਂ ਤੇ ਮਿੱਤਰਾਂ ਦੇ ਵਾਰੇ-ਨਿਆਰੇ ਕਰਨ ਦਾ ਮਲੀਨ ਧੰਦਾ ਬਣ ਗਈ ਹੈ।
ਸਭ ਤੋਂ ਪਹਿਲਾਂ ਹਰ ਅਨੈਤਿਕ ਵਿਧੀ ਨਾਲ ਧਨ ਇਕੱਠਾ ਕਰਨ ਦਾ ਮੁੱਦਾ ਹੀ ਲੈ ਲਓ। ਖੱਬੇ ਪੱਖੀ ਰਾਜਨੀਤੀ ਨਾਲ ਜੁੜੇ ਲੋਕਾਂ ਤੋਂ ਬਿਨਾਂ ਹਾਕਮ ਧਿਰਾਂ ਦੀਆਂ ਰਾਜਸੀ ਪਾਰਟੀਆਂ ਦਾ ਸ਼ਾਇਦ ਹੀ ਕੋਈ ਨੇਤਾ ਮਿਲੇ, ਜਿਸਨੇ ਆਪਣੇ ਉਚਿਤ ਸਾਧਨਾਂ ਤੋਂ ਕਿਤੇ ਜ਼ਿਆਦਾ ਪੂੰਜੀ ਤੇ ਹੋਰ ਚਲ ਤੇ ਅਚੱਲ ਜਾਇਦਾਦ ’ਚ ਇਕੱਠੀ ਨਾ ਕੀਤੀ ਹੋਵੇ। ਜਦੋਂ ਹਾਕਮ ਧਿਰ ਇਹ ਕਾਰਜ ਕਰਦੀ ਹੈ, ਤਾਂ ਅਫਸਰਸ਼ਾਹੀ ਪਿੱਛੇ ਕਿਉਂ ਰਹੇ? ਵੱਗਦੀ ਗੰਗਾ ’ਚ ਉਹ ਵੀ ਹੱਥ ਕਿਉਂ ਨਾ ਧੋਵੇ? ਇਨ੍ਹਾਂ ਭਰਿਸ਼ਟ ਕਾਰਨਾਮਿਆਂ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਇਸ ਲਈ ਨਹੀਂ ਹੁੰਦੀ, ਕਿਉਂਕਿ ਇਸ ‘ਹਮਾਮ ’ਚ ਸਭ ਨੰਗੇ’ ਹਨ। ਅਕਸਰ ਹੀ ਰਾਜਸੀ ਬਦਲਾਖੋਰੀ ਅਧੀਨ ਜਾਂ ਵਿਰੋਧੀਆਂ ਨੂੰ ਡਰਾ ਧਮਕਾ ਕੇ ਆਪਣੇ ਨਾਲ ਜੋੜਨ ਲਈ ਸੀਬੀਆਈ, ਈਡੀ, ਇਨਕਮ ਟੈਕਸ ਵਿਭਾਗ ਆਦਿ ਦੀ ਦੁਰਵਰਤੋਂ ਕਰਕੇ ਭਰਿਸ਼ਟ ਰਾਜਨੀਤੀਵਾਨਾਂ ਖਿਲਾਫ਼ ਕੁਝ ਸਖਤੀ ਕੀਤੀ ਜਾਂਦੀ ਹੈ। ਜੇਕਰ ਸੰਬੰਧਤ ਵਿਅਕਤੀ ਗੋਡੇ ਟੇਕ ਕੇ ਹਾਕਮਾਂ ਸੰਗ ਮਿਲ ਜਾਵੇ, ਤਾਂ ਉਸਦਾ ਸਾਰਾ ਪਾਪ ਧੋਤਾ ਜਾਂਦਾ ਹੈ। ਇਨ੍ਹਾਂ ਕੁਕਰਮਾਂ ਤੋਂ ਉਕਤ ਅਦਾਰਿਆਂ ਦੀ ਦੁਰਵਰਤੋਂ ਕਰਨ ਵਾਲੇ ਵੀ ਬਰੀ ਨਹੀਂ ਹਨ, ਪ੍ਰੰਤੂ ਉਨ੍ਹਾਂ ਨੂੰ ਅਜੇ ਸੱਤਾ ਦੀ ਛੱਤਰੀ ਮਿਲੀ ਹੋਈ ਹੈ!
ਦੂਸਰਾ ਵਿਸ਼ਾ ਹੈ ਰਾਜਨੀਤਕ ਆਗੂਆਂ ਦੀਆਂ ਮੌਕਾਪ੍ਰਸਤ ਦਲਬਦਲੀਆਂ ਦਾ। ਜੇਕਰ ਕੋਈ ਵਿਅਕਤੀ ਸਿਧਾਂਤਕ ਜਾਂ ਰਾਜਨੀਤਕ ਮੱਤਭੇਦਾਂ ਕਾਰਨ ਪਾਲਾ ਬਦਲਦਾ ਹੈ ਤੇ ਇਸ ਕੰਮ ਲਈ ਕਿਸੇ ਕਿਸਮ ਦੇ ਅਹੁਦੇ ਜਾਂ ਧਨ ਦੀ ਮੰਗ ਨਹੀਂ ਕਰਦਾ ਤਾਂ ਉਸਨੂੰ ਦਲ ਬਦਲੀ ਦੀ ਪਰਿਭਾਸ਼ਾ ’ਚ ਨਹੀਂ ਲਿਆਂਦਾ ਜਾਣਾ ਚਾਹੀਦਾ। ਪ੍ਰੰਤੂ ਜੇਕਰ ਕੋਈ ਰਾਜਨੀਤੀਵਾਨ ਇਕ ਪਾਰਟੀ ਨੂੰ ਅਲਵਿਦਾ ਕਹਿ ਕੇ, ਜੋ ਸਿਧਾਂਤਕ ਰੂਪ ’ਚ ਧਰਮ ਨਿਰਪੱਖਤਾ ਤੇ ਜਮਹੂਰੀ ਅਸੂਲਾਂ ਦਾ ਦਮ ਭਰਦੀ ਹੈ, ਕਿਸੇ ਵੀ ਲਾਲਚ ਵੱਸ ਇਕ ਫਿਰਕਾਪ੍ਰਸਤ, ਤਾਨਾਸ਼ਾਹ ਤੇ ਫਾਸ਼ੀ ਵਿਚਾਰਧਾਰਾ ਵਾਲੀ ਪਾਰਟੀ ਨਾਲ ਨਾਤਾ ਜੋੜ ਲੈਂਦਾ ਹੈ, ਤਾਂ ਉਸ ਤੋਂ ਮੌਕਾਪ੍ਰਸਤ ਤੇ ਘਟੀਆ ਵਿਅਕਤੀ ਹੋਰ ਕੌਣ ਹੋ ਸਕਦਾ ਹੈ? ਜਿਹੜਾ ਇਨਸਾਨ ਕੁੱਝ ਹੀ ਸਮੇਂ ’ਚ ਚਾਰ-ਪੰਜ ਰਾਜਨੀਤਕ ਦਲਾਂ ’ਚ ਗੇੜੀਆਂ ਲਾ ਲਾਉਂਦਾ ਹੈ, ਉਸ ਦੇ ਇਸ ‘ਅਵਾਗਮਨ’ ਨੂੰ ਤਾਂ ਫਿਰ ‘ਰਾਜਨੀਤਕ ਵੇਸ਼ਵਾ ਗਿਰੀ’ ਹੀ ਕਿਹਾ ਜਾਣਾ ਚਾਹੀਦਾ ਹੈ। ਅਜਿਹੇ ਲੋਕ ਸਰਕਾਰੀ ਏਜੰਸੀਆਂ ਦੇ ਮੱਦਦਗਾਰ ਬਣਕੇ ਮੌਜੂਦਾ ਗਲੇ-ਸੜੇ ਰਾਜਨੀਤਕ ਤੇ ਆਰਥਿਕ ਢਾਂਚੇ ਦੇ ਸੇਵਾਦਾਰੀ ਦਾ ‘ਫਰਜ਼’ ਵੀ ਨਿਭਾਉਂਦੇ ਰਹਿੰਦੇ ਹਨ ਤੇ ਲੋਕਾਂ ਦੇ ਇਕ ਹਿੱਸੇ ਨੂੰ ਧੋਖਾ ਦੇਣ ’ਚ ਸਫਲ ਵੀ ਹੋ ਜਾਂਦੇ ਹਨ। ਅਸਲ ’ਚ ‘‘ਲੋਕ ਪੱਖੀ ਰਾਜਨੀਤੀ’’ ਦੇ ਪਵਿੱਤਰ ਕਾਰਜ ਨੂੰ ਇਨ੍ਹਾਂ ਰਾਜਸੀ ਮੌਕਾਪ੍ਰਸਤ ਤੱਤਾਂ ਨੇ ਹੀ ਬਦਨਾਮ ਕੀਤਾ ਹੈ। ਇਹ ਸੱਜਣ ਮੰਡੀ ਦੀ ਵਿਕਾਊ ਵਸਤੂ ਵਾਂਗ ਹਨ, ਜਿਨ੍ਹਾਂ ਦਾ ਕੋਈ ਵੀ ਰਾਜਸੀ ਧਿਰ ਮੁੱਲ ਤਾਰਕੇ ਆਪਣੇ ਨਾਲ ਲੈ ਜਾ ਸਕਦੀ ਹੈ!
ਰਾਜਨੀਤਕ ਨਿਘਾਰ ਦੀ ਇਕ ਹੋਰ ਨਿਸ਼ਾਨੀ ਰਾਜਸੀ ਨੇਤਾਵਾਂ ਵਲੋਂ ਬੋਲੇ ਜਾਂਦੇ ਬੋਲ-ਕੁਬੋਲ, ਅੱਤ ਦੇ ਘਟੀਆ ਸ਼ਬਦ, ਜੋ ਸਭਿਅਕ ਸਮਾਜ ਨੂੰ ਕਦੀ ਪ੍ਰਵਾਨ ਨਹੀਂ ਹੋ ਸਕਦੇ, ਅੱਜ ਕੱਲ ਆਮ ਹੀ ਸੁਣੇ ਜਾ ਸਕਦੇ ਹਨ। ਵਿਰੋਧੀਆਂ ਪ੍ਰਤੀ ਘਟੀਆ ਸ਼ਬਦਾਵਲੀ ਤੇ ਗਾਲੀ-ਗਲੋਚ ਤੋਂ ਵੀ ਅਗਾਂਹ ਬਹੁਤੀ ਵਾਰ ਬਲਾਤਕਾਰ, ਕਤਲੋਗਾਰਤ ਜਾਂ ਗਰੀਬ ਲੋਕਾਂ ਉਪਰ ਲੂੰ ਕੰਡੇ ਖੜੇ੍ਹ ਕਰ ਦੇਣ ਵਾਲੇ ਅਤਿਆਚਾਰਾਂ ਵਰਗੇ ਸੰਵੇਦਨਸ਼ੀਲ ਮੁੱਦਿਆਂ ਬਾਰੇ ਹਾਕਮ ਧਿਰਾਂ ਦੇ ਸਿਆਸਤਦਾਨ ਐਸੀ ਭਾਸ਼ਾ ਦਾ ਇਸਤੇਮਾਲ ਕਰਦੇ ਹਨ, ਜਿਸਨੂੰ ਸੁਣਕੇ ਹਰ ਸੂਝਵਾਨ ਵਿਅਕਤੀ ਸੁੰਨ ਹੋ ਜਾਂਦਾ ਹੈ। ‘‘ਬਲਾਤਕਾਰ ਲਈ ਔਰਤਾਂ ਦਾ ਪਹਿਰਾਵਾ ਜ਼ਿੰਮੇਵਾਰ ਹੈ, ਧਾਰਮਿਕ ਘੱਟ ਗਿਣਤੀ ਲੋਕਾਂ (ਮੁਸਲਮਾਨਾਂ) ਨਾਲ ਦੇਸ਼ ਧ੍ਰੋਹੀਆਂ ਵਰਗਾ ਸਲੂਕ ਹੀ ਹੋਣਾ ਚਾਹੀਦਾ ਹੈ, ਦਲਿਤਾਂ ਨੂੰ ਆਪਣੀਆਂ ਸੀਮਾਵਾਂ ’ਚ ਰਹਿਣ ਦੀ ਜਾਂਚ ਸਿੱਖਣੀ ਚਾਹੀਦੀ ਹੈ’’, ਦੇਸ਼ ਕੇ ਗੱਦਾਰੋਂ ਕੋ-ਗੋਲੀ ਮਾਰੋ ਸਾਲੋਂ ਕੋ’’ ਵਰਗੀਆਂ ਘਟੀਆ ਟਿੱਪਣੀਆਂ ਸਿਰਫ ਮਾਮੂਲੀ ਜਿਹੀਆਂ ਉਦਾਹਰਣਾਂ ਹਨ, ਜੋ ਰਾਜ ਨੇਤਾਵਾਂ ਵਲੋਂ ਬਹੁਤ ਸਾਰੇ ਅਤਿ ਨਿੰਦਣਯੋਗ ਕੁਬੋਲਾਂ ਬਾਰੇ ਇਸ਼ਾਰਾ ਮਾਤਰ ਹੀ ਹਨ।
ਅੱਜ ਦੇ ਬਹੁਗਿਣਤੀ ਰਾਜਨੀਤੀਵਾਨ ਝੂਠੇ ਲਾਰਿਆਂ, ਵਾਅਦਿਆਂ ਤੇ ਲਾਲਚਾਂ ਰਾਹੀਂ ਲੋਕਾਂ ਨੂੰ ਧੋਖਾ ਦੇ ਕੇ ਵੋਟਾਂ ਹਾਸਲ ਕਰਨ ਨੂੰ ਆਪਣੀ ਕਾਬਲੀਅਤ ਸਮਝਦੇ ਹਨ। ਚੋਣਾਂ ਦੇ ਨੇੜੇ ਜਾ ਕੇ ਉਪਰੋਕਤ ਪ੍ਰਕਿਰਿਆਵਾਂ ਹੋਰ ਤੇਜ਼ ਹੋ ਜਾਂਦੀਆਂ ਹਨ। ਸੋਚਣ ਦੀ ਗੱਲ ਇਹ ਹੈ ਕਿ ਠੋਸ ਲੋਕਪੱਖੀ ਰਾਜਨੀਤੀ ਦੇ ਗਿਆਨ, ਸਿਧਾਂਤਕ ਜਾਣਕਾਰੀ ਤੇ ਲੋਕ ਸੇਵਾ ਦੇ ਲੰਬੇ ਤਜ਼ਰਬੇ ਤੋਂ ਬਿਨਾਂ ਸੱਤਾ ਉਪਰ ਬਿਰਾਜਮਾਨ ਵਿਅਕਤੀ ਜਾਂ ਰਾਜਸੀ ਦਲ ਜਨ ਸਧਾਰਨ ਦੀ ਕਿੰਨੀ ਕੁ ਸੇਵਾ ਕਰ ਸਕਦੇ ਹਨ? ਕੀ ਉਸਨੂੰ ਮੌਜੂਦਾ ਅਰਥਚਾਰੇ ਦੀਆਂ ਬੁਨਿਆਦੀ ਸੇਧਾਂ ਤੇ ਇਸਦੇ ਮਾਰੂ ਅਸਰਾਂ ਦਾ ਹਕੀਕੀ ਗਿਆਨ ਵੀ ਹੈ? ਕੀ ਉਹ ਲੋਕਾਂ ਦੇ ਕਸ਼ਟਾਂ ਦਾ ਨਿਵਾਰਨ ਕਰਨ ਦੀ ਕਿਸੇ ਠੋਸ ਵਿਧੀ ਬਾਰੇ ਜਾਣਦਾ ਹੈ ਤੇ ਉਸ ਦੇ ਦਿਲ ’ਚ ਜਨ ਸੇਵਾ ਲਈ ਲੋੜੀਂਦੀ ਪ੍ਰਤੀਬੱਧਤਾ ਤੇ ਇੱਛਾਸ਼ਕਤੀ ਹੈ? ਕੀ ਉਹ ਇਹ ਸਾਰਾ ਕੁਝ ਸਿੱਖਣ ਲਈ ਜ਼ਰੂਰੀ ਪੜ੍ਹਾਈ, ਵਿਚਾਰ ਵਟਾਂਦਰਾ ਜਾਂ ਅਮਲੀ ਤਜ਼ਰਬੇ ਲਈ ਲੋੜੀਂਦਾ ਸਮਾਂ ਖਰਚ ਵੀ ਕਰਦਾ ਹੈ? ਜਾਂ ਫਿਰ ਸੱਤਾ ’ਤੇ ਕਾਬਜ਼ ਰਹਿੰਦਿਆਂ ਸਾਰਾ ਸਮਾਂ ਪੈਸੇ ਇਕੱਠੇ ਕਰਨ ਦੇ ਨਵੇਂ ਢੰਗ ਤਰੀਕੇ ਤਲਾਸ਼ਣ ਤੇ ਐਸ਼ੋ ਇਸ਼ਰਤ ਕਰਨ ਵਿਚ ਹੀ ਬਰਬਾਦ ਕਰ ਦਿੰਦਾ ਹੈ।
ਜਿਹੜੇ ਲੋਕ ਮੌਜੂਦਾ ਨਾਕਸ ਆਰਥਿਕ ਤੇ ਰਾਜਸੀ ਪ੍ਰਬੰਧ ਤੋਂ ਨਿਰਾਸ਼ ਹਨ, ਲਾਚਾਰ ਹਨ, ਦੁਖੀ ਹਨ ਤੇ ਜ਼ਿੰਦਗੀ ਦੀਆਂ ਬੇਸ਼ੁਮਾਰ ਮੁਸ਼ਕਿਲਾਂ ਨਾਲ ਪੀੜਤ ਹਨ, ਉਨ੍ਹਾਂ ਨੂੰ ਹਾਕਮਾਂ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਤੇ ਆਪਣੀਆਂ ਹਕੀਕੀ ਮੰਗਾਂ ਦੀ ਪ੍ਰਾਪਤੀ ਲਈ ਸਾਂਝੇ ਜਨ ਸੰਘਰਸ਼ ਕਰਨ ਦੇ ਨਾਲ-ਨਾਲ ਰਾਜਨੀਤੀ ’ਚ ਆਏ ਉਪਰੋਕਤ ਨਿਘਾਰਾਂ ਦੇ ਸ਼ਿਕਾਰ ਰਾਜਸੀ ਦਲਾਂ ਤੇ ਰਾਜਨੀਤੀਵਾਨਾਂ ਦੀ ਨਿਸ਼ਾਨਦੇਹੀ ਵੀ ਕਰਨੀ ਹੋਵੇਗੀ, ਤਾਂ ਕਿ ਅਜਿਹੇ ਤੱਤਾਂ ਨੂੰ ਸਮਾਜ ’ਚੋਂ ਨਿਖੇੜਿਆ ਜਾ ਸਕੇ। ਮੌਜੂਦਾ ਸੰਵਿਧਾਨ ਦੇ ਚੌਖਟੇ ’ਚ ਜੋ ਵੀ ਸਾਰਥਕ ਕੀਤਾ ਜਾ ਸਕਦਾ ਹੈ, ਸਾਨੂੰ ਇਕੱਠਿਆਂ ਹੋ ਕੇ ਉਹ ਜ਼ਰੂਰ ਕਰਨਾ ਚਾਹੀਦਾ ਹੈ।

– ਮੰਗਤ ਰਾਮ ਪਾਸਲਾ

Scroll To Top