Now Reading
ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਅਕਤੂਬਰ 2021)

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਅਕਤੂਬਰ 2021)

ਕਹਾਣੀ
‘ਦ੍ਰੌਪਦੀ’
(ਪ੍ਰਗਤੀਵਾਦੀ ਸਰੋਕਾਰਾਂ ਦੀ ਘੋਰ ਵਿਰੋਧੀ, ਪਿੱਛਲਖੁਰੀ ਵਿਚਾਰਧਾਰਾ ਨੂੰ ਅੱਗੇ ਵਧਾ ਰਹੀ ਮੋਦੀ ਸਰਕਾਰ ਆਰ.ਐਸ.ਐਸ. ਦੇ ਏਜੰਡੇ ’ਤੇ ਚੱਲਦਿਆਂ ਅਗਾਂਹਵਧੂ ਲੇਖਕਾਂ ਦੀਆਂ ਸਾਹਿਤਕ ਲਿਖਤਾਂ ਅਤੇ ਹੋਰ ਉਚ ਪਾਏ ਦੀ ਸਮੱਗਰੀ ਨੂੰ ਸਲੇਬਸਾਂ ’ਚੋਂ ਕੱਢਦੀ ਜਾ ਰਹੀ ਹੈ। ਇਸੇ ਕੜੀ ’ਚ ਆਦਿਵਾਸੀਆਂ ਨਾਲ ਹੁੰਦੇ ਜਗੀਰੂ ਅਤੇ ਪੁਲਸ ਅੱਤਿਆਚਾਰਾਂ ਦਾ ਭਿਆਨਕ ਦਿ੍ਰਸ਼ ਪੇਸ਼ ਕਰਦੀ ਸੰਸਾਰ ਪ੍ਰਸਿੱਧ ਕਹਾਣੀ ‘ਦ੍ਰੌਪਦੀ’ ਨੂੰ ਦਿੱਲੀ ਯੂਨੀਵਰਸਿਟੀ ਦੇ ਪਾਠਕ੍ਰਮ ’ਚੋਂ ਕੱਢ ਦਿੱਤਾ ਗਿਆ ਹੈ। ਇਸ ਅੰਕ ਵਿਚ ਅਸੀਂ ਉਹੀ ਕਹਾਣੀ ਛਾਪ ਰਹੇ ਹਾਂ। – ਸੰਪਾਦਕੀ ਮੰਡਲ)

ਨਾਂ ਦ੍ਰੌਪਦੀ ਮੇਝੋਨ, ਉਮਰ ਸਤਾਈ ਵਰ੍ਹੇ, ਪਤੀ ਦਾ ਨਾਂ-ਦੂਲਨ ਮਾਝੀ (ਸਵਰਗਵਾਸੀ), ਨਿਵਾਸੀ ਪਿੰਡ ਚੋਰਾਖਾਨ, ਥਾਣਾ-ਬਾਂਕੁੜਾ ਝਾੜ, ਮੋਢੇ ’ਤੇ ਜ਼ਖਮ ਦਾ ਨਿਸ਼ਾਨ, (ਦੌ੍ਰਪਦੀ ਦੇ ਗੋਲੀ ਵੱਜੀ ਸੀ) ਜ਼ਿੰਦਾ ਜਾਂ ਮੁਰਦਾ, ਪਤਾ ਲਗਾਉਣ ਅਤੇ ਜਿਉਂਦੇ ਜੀਅ ਫੜ੍ਹੇ ਜਾਣ ’ਚ ਮਦਦ ਕਰਨ ਵਾਲੇ ਲਈ ਸੌ ਰੁਪਏ ਇਨਾਮ….।
ਹਿੱਕ ’ਤੇ ਬਿੱਲਾ ਸਜਾਈ ਦੋ (ਬੈਜਧਾਰੀ) ‘ਵਰਦੀਆਂ’ ਆਪੋ-ਵਿੱਚੀ ਗੱਲਾਂ ਕਰ ਰਹੀਆਂ ਹਨ।
ਪਹਿਲਾ ਬੈਜਧਾਰੀ, ‘‘ਇਸ ਸੰਥਾਲਨ ਦਾ ਨਾਂ ਦ੍ਰੋਪਦੀ ਕਿਵੇਂ ਪਿਆ? ਨਾਵਾਂ ਦੀ ਜਿਹੜੀ ਸੂਚੀ ਮੈਂ ਲਿਆਂਦੀ ਹੈ, ਉਸ ’ਚ ਤਾਂ ਅਜਿਹੇ ਨਾਂ ਹੈ ਹੀ ਨਹੀਂ!’’
ਦੂਜਾ ਬੈਜਧਾਰੀ, ‘ਦ੍ਰੌਪਦੀ ਨਹੀਂ, ਦ੍ਰੌਪਦੀ ਮੇਝੇਨ। ਇਸ ਦੀ ਮਾਂ ਜਿਹੜੇ ਸਾਲ ਬਾਂਕੁਰੀ ਦੇ ਸੂਰਯ ਸਾਹੂ (ਸਵਰਗੀ) ਦਾ ਝੋਨਾ ਵੱਢ ਰਹੀ ਸੀ, ਇਹ ਉਸੇ ਸਾਲ ਜੰਮੀ ਸੀ। ਇਸ ਦਾ ਇਹ ਨਾਂ ਸੂਰਯ ਸਾਹੂ ਦੀ ਪਤਨੀ ਨੇ ਹੀ ਰੱਖਿਆ ਸੀ।’’
ਪਹਿਲਾ ਬੈਜਧਾਰੀ ‘‘ਇੱਥੋਂ ਦੇ ਅਫਸਰਾਂ ਨੂੰ ਤਾਂ ਬਸ ਅੰਗਰੇਜ਼ੀ ’ਚ ਫਰ੍ਹਾ ਲਿਖਣਾ ਈ ਆਉਂਦੈ। ਇਸਦੇ ਨਾਮ ’ਤੇ ਏਨੀ ਲਿਖਾ-ਪੜ੍ਹੀ ਕਿਉਂ ਹੋ ਰਹੀ ਏ?’’
ਦੂਜਾ ਬੈਜਧਾਰੀ, ‘‘ਮੋਸਟ ਨੋਟੋਰੀਅਸ ਵੂਮਨ। ਲਾਂਗ ਵਾਂਟਿੰਡ ਇੰਨ ਮੈਨੀ…।’’
ਡੋਸੀਅਰ : ਦੂਲਨ ਤੇ ਦ੍ਰੌਪਦੀ ਲੁੱਟਮਾਰ ਕਰਦੇ ਸਨ। ਬੀਰਭੂਮ, ਵਰਧਮਾਨ, ਮੁਰਸ਼ਿਦਾਬਾਦ, ਬਾਂਕੁਰਾ ਵਿਚਾਲੇ ਘੁੰਮਦੇ ਰਹਿੰਦੇ ਸਨ। 1971 ਦੇ ਮਸ਼ਹੂਰ ‘ਬਾਂਕੁਲੀ ਆਪਰੇਸ਼ਨ’ ਅਧੀਨ ਜਦੋਂ ਤਿੰਨ ਪਿੰਡਾਂ ਨੂੰ ਹੈਵੀ ਕਾਰਡਨ ਕਰਕੇ ਮਸ਼ੀਨਗੰਨਾਂ ਨਾਲ ਭੁੰਨ ਦਿੱਤਾ ਗਿਆ ਸੀ, ਉਦੋਂ ਇਹ ਦੋਵੇਂ ਝੂਠੀ-ਮੂਠੀ ਦੇ ਮੁਰਦੇ ਬਣ ਕੇ ਲੇਟ ਗਏ ਸਨ। ਅਸਲ ’ਚ ਇਹ ਦੋਵੇਂ ਹੀ ਮੇਨ ਕਰਿਮੀਨਲ (ਮੁੱਖ ਅਪਰਾਧੀ) ਸਨ। ਸੂਰਯ ਸਾਹੂ ’ਤੇ ਉਸਦੇ ਮੁੰਡੇ ਦਾ ਖੂਨ, ਡਰਾਊਟ (ਸੋਕੇ) ਦੇ ਸਮਿਆਂ ’ਚ ਅਪਰ ਕਾਸਟ (ਉੱਚੀਆਂ ਜਾਤਾਂ) ਦੀਆਂ ਜ਼ਮੀਨਾਂ ਅਤੇ ਟਿਊਬਵੈਲਾਂ ’ਤੇ ਕਬਜ਼ੇ, ਅਜਿਹੇ ਸਾਰੇ ਜ਼ੁਰਮਾਂ ’ਚ ਇਹ ਦੋਵੇਂ ਮੁੱਖ ਦੋਸ਼ੀ ਸਨ। ਜਿਨ੍ਹਾਂ ਤਿੰਨਾਂ ਮੁੰਡਿਆਂ ਨੇ ਪੁਲਿਸ ਦੇ ਸਾਹਮਣੇ ਸਰੈਂਡਰ ਨਹੀਂ ਸੀ ਕੀਤਾ ਉਨ੍ਹਾਂ ਨੂੰ ਬਚਾਉਣ ’ਚ ਵੀ ਇਹਨਾਂ ਦਾ ਹੀ ਹੱਥ ਸੀ। ‘ਆਪਰੇਸ਼ਨ ਬਾਂਕੁਰੀ’ ਦੇ ਮੇਨ ਆਰਕੀਟੈਕਟ ਕੈਪਟਨ ਅਰਜਨ ਸਿੰਘ ਨੇ ਜਦੋਂ ਤੜਕੇ ਲਾਸ਼ਾਂ ਗਿਣਨ ਵੇਲੇ ਇਨ੍ਹਾਂ ਤੀਵੀਂ-ਪੁਰਸ਼ ਦੀਆਂ ਲਾਸ਼ਾਂ ਨਾ ਵੇਖੀਆਂ, ਤਾਂ ਉਸੇ ਵੇਲੇ ਹੀ ਉਹਦਾ ਬਲੱਡ ਸ਼ੁਗਰ ਵੱਧ ਗਿਆ ਸੀ ਤੇ ਉਸ ਨੂੰ ਬਹੁਮੂਤਰ (ਵਾਰ-ਵਾਰ ਪਿਸ਼ਾਬ ਆਉਣਾ) ਦਾ ਰੋਗ ਹੋ ਗਿਆ ਸੀ। ਇਸ ਤੋਂ ਸਿੱਧ ਹੁੰਦਾ ਹੈ ਕਿ ਬਹੁਮੂਤਰ ਰੋਗ ਜ਼ਿਆਦਾ ਵੱਧਣ ਦੇ ਪ੍ਰਮੁੱਖ ਕਾਰਨ ਸਚੀਓਂ ਚਿੰਤਾ ਤੇ ਖਿੱਝ ਹੀ ਹੁੰਦੇ ਹਨ। ਬਹੁਮੂਤਰ ਰੂਪੀ ਜਨਾਨੀ ਦੇ ਬਾਰਾਂ ਖਸਮਾਂ ’ਚੋਂ ਹੀ ਇਕ ਐਂਗਜ਼ਾਇਟੀ ਵੀ ਏ।
ਦੂਲਨ ਅਤੇ ਦ੍ਰੋਪਦੀ ਕਈ ਦਿਨਾਂ ਤੱਕ ਨਿਆਨਡਰਖਾਲ ਦੇ ਹਨੇਰੇ ਵਿਚ ਲੁੱਕੇ ਰਹੇ ਸਨ। ਉਸ ਅੰਧਕਾਰ ਨੂੰ ਹਥਿਆਰਬੰਦ ਨਿਸ਼ਾਨੇ ਰਾਹੀਂ ਬਿਨ੍ਹਣ ਲਈ ਗਈ ਵਿਸ਼ੇਸ਼ ਟੁਕੜੀ ਨੇ ਪੱਛਮੀ ਬੰਗਾਲ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਲੁੱਟਮਾਰ ਕਰਦੇ ਸੰਥਾਲ-ਸੰਥਾਲਨਾਂ ਨੂੰ, ਨਾ ਚਾਹੁੰਦੇ ਹੋਏ ਵੀ ਸਿੰਗਬੋਧਾ ਵੱਲ ਨੂੰ ਖਿਸਕ ਜਾਨ ਲਈ ਮਜ਼ਬੂਰ ਕਰ ਦਿੱਤਾ ਸੀ।
ਭਾਰਤੀ ਸੰਵਿਧਾਨ ਵਿਚ ਜਾਤੀ-ਧਰਮ ਦੇ ਵਿਤਕਰੇ ਤੋਂ ਬਿਨਾਂ ਸਾਰੇ ਮਨੁੱਖ ਪਵਿੱਤਰ ਮੰਨੇ ਗਏ ਹਨ, ਇਸ ਦੇ ਬਾਵਜੂਦ ਅਜਿਹੀਆਂ ਅਣਹੋਣੀਆਂ ਵਾਪਰ ਜਾਂਦੀਆਂ ਨੇ। ਇਹਦੇ ਦੋ ਕਾਰਨ ਹਨ। ਪਹਿਲਾ ਹੈ ਇਸ ਲਾਪਤਾ ਜੋੜੇ ਦੀ ਰੂਹਪੋਸ਼ ਰਹਿਣ ਦੀ ਅਸਾਧਾਰਣ ਯੋਗਤਾ।
ਦੂਜਾ, ਅਪਰੇਸ਼ਨ ਬਾਂਕੁਲੀ ਲਈ ਤਾਇਨਾਤ ਵਿਸ਼ੇਸ਼ ਟੁਕੜੀ ਨੂੰ ਸੰਥਾਲ ਹੀ ਨਹੀਂ, ਐਸਟਰੋ-ਏਸ਼ੀਆਟਿਕ ‘ਮੁੰਡਾ’ ਉਪਜਾਤੀ ਦੀ ਸਮੁੱਚੀ ਔਲਾਦ ਦੇ ਚਿਹਰੇ ਇਕੋ ਜਿਹੇ ਹੀ ਜਾਪਦੇ ਹਨ।
ਅਸਲ ਵਿਚ ਬਾਂਕੁਰਾਝਾੜ ਥਾਣੇ ਦੇ ਅੰਡਰ (ਭਾਰਤ ਵਿਚ ਹਰੇਕ ਜਗ੍ਹਾ ਕਿਸੇ ਨਾ ਕਿਸੇ ਥਾਣੇ ਦੇ ਅੰਡਰ ਹੈ) ਦੋਹੀਂ ਪਾਸੀਂ ਖਿੱਲਰਿਆ-ਪੁਲੱਰਿਆ, ਬਦਨਾਮ ਝਾੜਖਾਨੀ ਜੰਗਲ ਏ। ਇਸ ਦੇ ਚਾਰ ਚੁਫੇਰੇ, ਇੱਥੋਂ ਤੱਕ ਕਿ ਅਗਨੀ ਅਤੇ ਨੈਰਿਤਿਆਕੋਣ ਵਿਖੇ ਸਥਾਪਿਤ ਥਾਣਿਆਂ ਉਤੇ ਹਮਲੇ ਅਤੇ ਅਸਲਾ ਖੋਹ ਲੈ ਜਾਣ ਦੀਆਂ ਘਟਨਾਵਾਂ ਵਾਪਰੀਆਂ ਨੇ। ਕਿਉਂਕਿ ਬੰਦੂਕਾਂ ਖੋਹਣ ਵਾਲੇ ਪੜ੍ਹੇ-ਲਿਖੇ ਨਹੀਂ ਹਨ, ਇਸ ਲਈ ਬੰਦੂਕ ਦੀ ਥਾਂ ਉਹ, ‘‘ਚੈਂਬਰ ਦੇ ਦਿਉ’’, ਉਚਾਰਦੇ ਹਨ।
ਜਗੀਰਦਾਰ, ਸ਼ਾਹੂਕਾਰ, ਸ਼ਾਂਤੀ ਵਾਹਿਣੀ ਅਤੇ ਕਾਗਜ਼ੀ ਬਾਬੂਆਂ ਤੇ ਖਚੜਾਂ ਆਦਿ ਦੇ ਕਤਲਾਂ ਦੇ ਅਪਰਾਧੀ ਹੋਣ ਦਾ ਜਿਨ੍ਹਾਂ ਉਤੇ ਸ਼ੱਕ ਕੀਤਾ ਜਾਂਦਾ ਸੀ, ਉਹਨਾਂ ਬਾਰੇ ਮੌਕੇ ਦੇ ਗਵਾਹਾਂ ਵਲੋਂ ਪੇਸ਼ ਕੀਤੇ ਜਾਂਦੇ ਵੇਰਵੇ ਬੜੇ ਹੈਰਾਨ ਕਰਨ ਵਾਲੇ ਹਨ। ਕਾਲੇ ਰੰਗ ਵਾਲੇ ਇਸ ਜੋੜੇ ਨਾਲ ਜੁੜੀ ਘਟਨਾ ਤੋਂ ਪਹਿਲਾਂ ਸਾਇਰਨ ਦੀ ਚੀਕ ਨੇ ਕੰਨਾਂ ’ਚ ਹਲਚਲ ਮਚਾਈ ਸੀ। ਕੁਝ ਅਸੱਭਿਅਕ ਸੰਥਾਲਾਂ ਲਈ ਵੀ ਸਮਝ ਵਿਚ ਨਾ ਆਉਣ ਵਾਲੀ ਭਾਸ਼ਾ ਵਿਚ ਉਹਨਾਂ ਨੇ ਮਾਰੇ ਗਏ ਲੋਕਾਂ ਨੂੰ ਘੇਰ ਕੇ ਖੁਸ਼ੀ ਦਾ ਗੀਤ ਗਾਇਆ ਸੀ, ਜਿਵੇਂ :
‘‘ਸਾਮਾਰੇ ਹਿੱਲੂਲੇਨਾਕੋ ਮਾਰ ਗੋਏਕੋਣੇ’’
ਅਤੇ ‘ਹਿੰਦੇ ਰਾਂਬਰਾ ਕੇਚੇ ਕੇਚੇ,
ਪੁਨੜਿ ਰਾਂਬਰਾ ਕੇਚੇ ਕੇਚੇ।’’
ਇਸ ਤੋਂ ਬਿਨਾਂ ਸ਼ੱਕ ਇਹ ਸਿੱਧ ਹੁੰਦਾ ਏ ਕਿ ਕੈਪਟਨ ਅਰਜਨ ਸਿੰਘ ਦੇ ਬਹੁਮੂਤਰ ਰੋਗ ਪਿੱਛੇ ਇਹੋ ਕਾਰਣ ਨੇ। ਗਿਣਤੀਆਂ-ਮਿਣਤੀਆਂ ਦੇ ਮਾਹਿਰਾਂ ਤੇ ਮਕੜਾ ਦਰਸ਼ਕਾਂ ਦੀਆਂ ਅੱਖਾਂ ’ਚ ਏਤੋਨਿਉਨੀ ਦੀਆਂ ਮੁੱਢਲੀਆਂ ਫ਼ਿਲਮਾਂ ਵਾਂਗ ਪ੍ਰਸ਼ਾਸਨਿਕ ਕਾਰਜਨੀਤੀ ਛੇਤੀ ਸਮਝ ’ਚ ਨਾ ਆਉਣ ਕਰਕੇ ਪ੍ਰਸ਼ਾਸਕ ਨੇ ਫੇਰ ਅਰਜਨ ਸਿੰਘ ਨੂੰ ਹੀ ਅਪਰੇਸ਼ਨ ਫਾਰੈਸਟ ਝਾੜਖਾਨੀ ਵਿਚ ਭੇਜਿਆ। ਸੀ.ਆਈ.ਡੀ. ਦਫਤਰ ’ਚੋਂ ਜਦੋਂ ਇਹ ਪਤਾ ਲੱਗਾ ਕਿ ਇਹ ਉਹੀ ਨਚਾਰ ਜੋੜਾ ਹੈ ਜੋ ਲਾਸ਼ਾਂ ਹੋਣ ਦਾ ਭੁਲੇਖਾ ਪਾ ਕੇ ਗਾਇਬ ਹੋ ਗਿਆ ਸੀ ਤਾਂ ਅਰਜਨ ਸਿੰਘ ਕੁਝ ਪਲਾਂ ਲਈ ਬੁੱਜ ਬਣ ਗਿਆ। ਕਾਲੇ ਰੰਗ ਦੇ ਲੋਕਾਂ ਪ੍ਰਤੀ ਉਸਦੇ ਮਨ ’ਚ ਬਿਨਾ ਮਤਲਬੋਂ ਹੀ ਏਨਾ ਡਰ ਪੈਦਾ ਹੋ ਗਿਆ ਕਿ ਉਹ ਲੰਗੋਟੀ ਬੰਨ੍ਹੀ ਕਾਲੇ ਬੰਦੇ ਨੂੰ ਦੇਖਣ ਸਾਰ ‘‘ਹਾਏ ਮਰ ਗਿਆ ਉਏ’’ ਕਹਿ ਕੇ ਅਧ ਮਰਿਆ ਹੋ ਜਾਂਦਾ ਅਤੇ ਬਿੰਦੇ-ਝੱਟੇ ਪਾਣੀ ਪੀਣ ਤੇ ਉਨੀ ਹੀ ਕਾਹਲੀ ਨਾਲ ਮੂਤਣ ਦੇ ਚੱਕਰ ’ਚ ਉਲਝ ਕੇ ਰਹਿ ਗਿਆ ਸੀ। ਉਸ ਨੂੰ ਇਸ ਹੀਨ ਭਾਵ ਚੋਂ ਵਰਦੀ ਤੇ ਗ੍ਰੰਥ ਸਾਹਿਬ ਨਹੀਂ ਸਨ ਕੱਢ ਸਕੇ।
ਸਮੇਂ ਤੋਂ ਪਹਿਲਾਂ ਜ਼ਬਰੀ ਸੇਵਾਮੁਕਤੀ ਦਾ ਡਰਾਵਾ ਦੇ ਕੇ ਉਹਨੂੰ ਜੰਗ ਅਤੇ ਖੱਬੇਪੱਖੀ ਅੱਤਵਾਦੀ ਰਾਜਨੀਤੀ ਦੇ ਮਾਹਰ, ਹੰਢੇ ਵਰਤੇ ਬੰਗਾਲੀ ਸੈਨਾਪਤੀ ਸਾਹਵੇਂ ਪੇਸ਼ ਕੀਤਾ ਗਿਆ।
ਸੈਨਾਪਤੀ ਸਾਬੵ, ਵਿਰੋਧੀਆਂ ਦੀ ਕਾਰਜਨੀਤੀ ਅਤੇ ਇਲਮ ਨੂੰ ਵਿਰੋਧੀਆਂ ਨਾਲੋਂ ਵੀ ਬਿਹਤਰ ਸਮਝਦੇ ਨੇ।
ਇਸ ਲਈ ਉਹਨਾਂ ਨੇ ਅਰਜਨ ਸਿੰਘ ਸਾਹਵੇਂ ਪਹਿਲਾਂ ਸਿੱਖਾਂ ਦੇ ਯੁੱਧ ਕੌਸ਼ਲ ਦੀ ਤਾਰੀਫ਼ ਕੀਤੀ। ਪਿਛੋਂ ਸਮਝਾਇਆ, “ਕੀ ਬੰਦੂਕ ਦੀ ਨਾਲੀ ’ਚੋਂ ਸੱਤਾ ਦਾ ਜਨਮ ਕੇਵਲ ਵਿਰੋਧੀਆਂ ਖਾਤਰ ਹੀ ਹੁੰਦਾ ਹੈ? ਅਰਜਨ ਸਿੰਘ ਤੇਰੇ ਲਈ ਵੀ ਤਾਂ ਸੱਤਾ, ਬੰਦੂਕ ਦੇ ਮੇਲ ਆਰਗਨ ਤੋਂ ਹੀ ਨਿਕਲਦੀ ਏ। ਜੇ ਹੱਥ ਵਿਚ ਬੰਦੂਕ ਨਾ ਹੋਵੇ ਤਾਂ ਅੱਜ ਕੱਲ੍ਹ ਪੰਜ ਕੱਕਾਰ ਤੇ ਹੋਰ ਸਾਰਾ ਕੁਝ ਹੀ ਨਿਹਫ਼ਲ ਅਤੇ ਵਿਅਰਥ ਹੈ।’’ ਇਹ ਸਾਰੀਆਂ ਗੱਲਾਂ ਸੈਨਾਪਤੀ ਨੇ ਦੂਜੇ ਫੌਜੀਆਂ ਨੂੰ ਵੀ ਕਹੀਆਂ। ਨਤੀਜੇ ਵਜੋਂ ਜੰਗਾਂ ’ਚ ਰੁੱਝੀ ਰਹਿਣ ਵਾਲੀ ਟੁਕੜੀ ਦੇ ਮਨ ਵਿਚ ਵੀ ‘‘ਫੌਜੀ ਕਿਤਾਬਚੇ’’ ਪ੍ਰਤੀ ਨਿਹਚਾ ਮੁੜ ਪਰਤ ਆਈ। ਇਹ ਕਿਤਾਬ ਜਨ ਸਾਧਾਰਨ ਖਾਤਰ ਨਹੀਂ। ਉਸ ਵਿਚ ਲਿਖਿਆ ਏ ਕਿ ਰਵਾਇਤੀ ਹਥਿਆਰਾਂ ਨਾਲ ਲੜਿਆ ਜਾਣ ਵਾਲਾ ਗੁਰੀਲਾ ਯੁੱਧ ਸਭ ਤੋਂ ਵੱਧ ਘਿਰਣਾ ਯੋਗ ਤੇ ਨਖਿੱਧ ਹੁੰਦਾ ਏ। ਅਜਿਹੇ ਲੜਾਕਿਆਂ ਦੀ ਦੇਖਣ ਸਾਰ ਅਲਖ ਮੁਕਾ ਦੇਣਾ ਸਾਰੀਆਂ ਫੌਜਾਂ ਦਾ ਪਵਿੱਤਰ ਫਰਜ਼ ਹੈ। ਦ੍ਰੌਪਦੀ ਅਤੇ ਦੂਲਨ ਵੀ ਇਨ੍ਹਾਂ ’ਚ ਹੀ ਆਉਂਦੇ ਨੇ, ਕਿਉਂਕਿ ਉਹ ਕੁਹਾੜੀ, ਦਾਤਰ, ਤੀਰ-ਧਨੁਸ਼ ਆਦਿ ਦੀ ਮਦਦ ਨਾਲ ਕਤਲ ਕਰਦੇ ਨੇ। ਉਹਨਾਂ ਦੀ ਮਾਰਨ ਦੀ ਸਮਰੱਥਾ ਬਾਬੂਆਂ ਤੋਂ ਕਿਤੇ ਵੱਧ ਹੁੰਦੀ ਏ। ਬਾਬੂ ਵਰਗ ਦੇ ਸਾਰੇ ਫੌਜੀ ਗੋਲੀਬਾਰੀ ਦੇ ਮਾਹਰ ਨਹੀਂ ਹੁੰਦੇ। ਉਹ ਸੋਚਦੇ ਨੇ ਸੱਤਾ, ਬੰਦੂਕ ਫੜਦਿਆਂ ਹੀ ਇਸ ਵਿੱਚੋਂ ਆਪੇ ਨਿੱਕਲ ਆਵੇਗੀ। ਪਰ ਦੂਲਨ ਅਤੇ ਦ੍ਰੌਪਦੀ ਅਨਪੜ੍ਹ ਹੋਣ ਕਰਕੇ ਰਵਾਇਤੀ ਹਥਿਆਰਾਂ ’ਤੇ ਜਨਮ ਤੋਂ ਹੀ ਹੱਥ ਅਜਮਾਉਂਦੇ ਆ ਰਹੇ ਹਨ। ਇੱਥੇ ਇਹ ਜਾਣ ਲੈਣਾ ਜ਼ਰੂਰੀ ਏ ਕਿ ਵਿਰੋਧੀ ਬੇਸ਼ਕ ਸੈਨਾਪਤੀ ਨੂੰ ਤੁੱਛ ਸਮਝਦੇ ਹੋਣ ਪਰ ਉਹ ਮਾਮੂਲੀ ਆਦਮੀ ਨਹੀਂ। ਉਹ ਅਮਲ ਭਾਵੇਂ ਜੋ ਮਰਜ਼ੀ ਕਰੇ ਪਰ ਸਿਧਾਂਤਕ ਪੱਖੋਂ ਵਿਰੋਧੀਆਂ ਦੇ ਆਦਰਸ਼ਾਂ ਪ੍ਰਤੀ ਸ਼ਰਧਾ ਰੱਖਦਾ ਹੈ। ਸ਼ਰਧਾ ਇਸ ਕਰਕੇ ਕਿਉਂਕਿ, ‘‘ਇਹ ਸਭ ਕੁਝ ਵੀ ਨਹੀਂ ਏ, ਮੁੰਡੇ ਬੰਦੂਕਾਂ ਲੈ ਕੇ ਖੇਡਾਂ ਕਰਦੇ ਨੇ’’ ਦੀ ਧਾਰਨਾ ਬਣਾ ਕੇ ਚੱਲਣ ਨਾਲ ਵਿਰੋਧੀਆਂ ਨੂੰ ਸਮਝਣਾ ਮੁਸ਼ਕਿਲ ਹੈ ਅਤੇ ਉਨ੍ਹਾਂ ਦਾ ਖਾਤਮਾ ਕਰਨਾ ਤਾਂ ਹੋਰ ਵੀ ਔਖਾ ਐ। “ਇਨ ਆਰਡਰ ਟੂ ਡੈਸਟ੍ਰਾਏ ਏਨਿਮੀ ਬਿਕਮ ਵਨ ਆਫ ਦੈਮ।“(ਦੁਸ਼ਮਣ ਨੂੰ ਮਾਰਨ ਲਈ ਦੁਸ਼ਮਣ ਵਰਗੇ ਹੀ ਬਣ ਜਾਉ) ਇਸ ਲਈ ਉਹ ਉਨ੍ਹਾਂ ਨਾਲ ਘੁਲ-ਮਿਲ ਕੇ (ਸਿਧਾਂਤਕ ਰੂਪ ਨਾਲ) ਉਹਨਾਂ ਬਾਬਤ ਆਪਣੀ ਸਮਝ ਵਧਾਉਣ ਦੇ ਯਤਨ ਕਰਦਾ ਹੈ। ਉਸ ਦੀ ਭਵਿੱਖ ’ਚ ਇਸ ਸਬੰਧੀ ਕੁੱਝ ਲਿਖਣ ਦੀ ਇੱਛਾ ਵੀ ਹੈ ਅਤੇ ਉਸ ਨੇ ਇਹ ਤੈਅ ਕੀਤਾ ਹੋਇਆ ਹੈ ਕਿ ਆਪਣੀ ਕਿਤਾਬ ’ਚ ਉਹ ਬਾਬੂਸ਼ਾਹੀ ਨੂੰ ਨਕਾਰ ਕੇ ਅੱਤਵਾਦੀਆਂ ਦਾ ਗੁਣਗਾਨ ਕਰੇਗਾ। ਉਸ ਦੇ ਮਨ ’ਚ ਘਰ ਕਰੀ ਬੈਠੀ ਇਸ ਸਾਰੀ ਪ੍ਰਕਿਰਿਆ ਨੂੰ ਅਤਿ ਗੁੰਝਲਦਾਰ ਮੰਨਿਆ ਜਾ ਸਕਦਾ ਏ ਪਰ ਅਸਲ ’ਚ ਇਹ ਅਤਿਅੰਤ ਸਰਲ ਹੈ ਅਤੇ ਆਪਣੇ ਗੱਭਲੇ ਦਾਦੇ ਵਾਂਗੂੰ ਉਸ ਨੂੰ ਵੀ ਕੱਛੂ ਦਾ ਮਾਸ ਖਾਣ ’ਚ ਬਹੁਤ ਅਨੰਦ ਆਉਂਦਾ ਹੈ। ਅਸਲ ਵਿਚ ਉਹ ਜਾਣਦਾ ਹੈ ਕਿ ਪੁਰਾਣੇ ਨਾਟ ਲੋਕ ਗੀਤ ਅਨੁਸਾਰ ਯੁਗ ਪਲਟੇਗਾ। ਆਖਿਰ ਹਰ ਯੁਗ ਵਿੱਚ ਆਦਰ ਮਾਣ ਨਾਲ ਟਿਕੇ ਰਹਿਣ ਦੀ ਟਿਕਟ ਦੀ ਲੋੜ ਉਸ ਨੂੰ ਵੀ ਤਾਂ ਹੈ! ਲੋੜ ਪੈਣ ’ਤੇ ਉਹ ਭਵਿੱਖ ਨੂੰ ਦਿਖਾ ਦੇਵੇਗਾ ਕਿ ਉਸ ਨੇ ਮਸਲੇ ਦੀ ਕਿੰਨੇ ਸਹੀ ਢੰਗ ਨਾਲ ਆਪਸੀ ਸਮਝ ਦੇ ਆਧਾਰ ’ਤੇ ਥਾਹ ਪਾਈ ਸੀ।
ਇਸ ’ਚ ਭੋਰਾ ਭਰ ਵੀ ਸ਼ੱਕ ਨਹੀਂ ਕਿ ਅੱਜ ਉਹ ਜੋ-ਜੋ ਕੁੱਝ ਕਰ ਰਿਹਾ ਹੈ ਨੇ ਭਵਿੱਖ ’ਚ ਲੋਕੀਂ ਉਹ ਸਭ ਕੁੱਝ ਭੁੱਲ-ਭੁਲਾ ਜਾਣਗੇ। ਜੇ ਇਕ ਯੁਗ ਤੋਂ ਦੂਸਰੇ ਯੁਗ ਤੱਕ ਸਭਨਾਂ ਦੇ ਰੰਗ ਵਿਚ ਰੰਗ ਮਿਲਾ ਕੇ ਹੀ ਉਹ ਮਿਸ਼ਰਿਤ ਯੁੱਗ ਦਾ ਪ੍ਰਤੀਨਿੱਧੀ ਬਣ ਸਕੇਗਾ, ਇਸ ਦਾ ਵੀ ਉਸਨੂੰ ਗਿਆਨ ਹੈ। ਅੱਜ ‘‘ਐਪਰੀਹੈਂਸ਼ਨ ਐਂਡ ਅਲਿਮੀਨੇਸ਼ਨ’’ ਕਰਕੇ ਉਹ ਜਵਾਨਾਂ ਨੂੰ ਇਸ ਦੁਨੀਆਂ ਤੋਂ ਵਿਦਾ ਕਰ ਰਹੇ ਨੇ, ਪਰ ਇਸ ਖੂਨ-ਖਰਾਬੇ ਦੀਆਂ ਯਾਦਾਂ ਅਤੇ ਸਬਕ ਮਨੁੱਖ ਜਲਦੀ ਹੀ ਭੁਲਾ ਦੇਣਗੇ ਇਹ ਵੀ ਉਸ ਨੂੰ ਪਤਾ ਹੈ।
ਸ਼ੈਕਸਪੀਅਰ ਵਾਂਗੂੰ ਉਹ ਵੀ ਇਸ ਦੁਨੀਆਂ ਦੀ ਲਗਾਮ ਜਵਾਨਾਂ ਦੇ ਹੱਥ ਵਿਚ ਦੇਣ ਵਿਚ ਵਿਸ਼ਵਾਸ਼ ਰੱਖਦੇ ਨੇ। ਉਹ ਵੀ ‘ਪ੍ਰਾਸਪਰੋ’ ਨੇ।
ਜੋ ਵੀ ਹੋਵੇ, ਇਸ ਪਿੱਛੋਂ ਪਤਾ ਇਹ ਲੱਗਿਆ ਕਿ ਬਹੁਤ ਸਾਰੇ ਜਵਾਨ ਤੇ ਮੁਟਿਆਰਾਂ ਬੈਚ ਦਰ ਬੈਚ ਜੀਪਾਂ-ਗੱਡੀਆਂ ’ਤੇ ਚੜ੍ਹ ਕੇ ਇਕ ਤੋਂ ਬਾਅਦ ਦੂਜੇ ਥਾਣਿਆਂ ’ਤੇ ਹਮਲੇ ਕਰਕੇ ਉਪਰੋਕਤ ਇਲਾਕੇ ਨੂੰ ਇਕੋ ਵੇਲੇ ਖੁਸ਼ ਅਤੇ ਦੁਖੀ ਕਰਕੇ ਝਾੜਖਾਨੀ ਦੇ ਜੰਗਲਾਂ ਵਿਚ ਅਲੋਪ ਹੋ ਗਏ। ਕਿਉਂਕਿ ਦ੍ਰੌਪਦੀ ਤੇ ਦੂਲਨ ਨੇ ਲਗਭਗ ਸਾਰੇ ਜ਼ਿਮੀਂਦਾਰਾਂ ਕੋਲ ਕੰਮ ਕੀਤਾ ਹੋਇਆ ਸੀ, ਇਸ ਲਈ ਉਹ ਫਟਾਫਟ ਮਾਰੇ ਜਾਣ ਦੇ ਯੋਗ ਵਿਅਕਤੀਆਂ ਦੀਆਂ ਖਬਰਾਂ ਮਾਰਨ ਵਾਲਿਆਂ ਤੀਕ ਪੁਚਾਉਂਦੇ ਰਹੇ ਅਤੇ ਮਾਣ ਨਾਲ ਐਲਾਨ ਕਰਦੇ ਰਹੇ ਕਿ ਉਹ ਵੀ ਫੌਜੀ ਨੇ ਯਾਨਿ ਕਿ ‘‘ਰੈਂਕ ਐਂਡ ਫਾਈਲ’’ ਨੇ। ਅੰਤ ਵਿਚ ਬਹੁਤ ਸੰਘਣੇ ਝਾੜਖਾਨੀ ਜੰਗਲ ਦੇ ਸੈਨਾਪਤੀ ਨੇ ਚੱਕਰਵਿਊਹ ਵਿਚ ਫਸਾ ਕੇ ਉਸ ਨੂੰ ਚਾਰ-ਚੁਫੇਰਿਓਂ ਘੇਰ ਲਿਆ। ਆਰਮੀ ਧੁਰ ਅੰਦਰ ਤੀਕ ਜਾ ਵੜੀ ਅਤੇ ਉਸਨੇ ਰਣਭੂਮੀ ਚੀਰ-ਫਾੜ ਕੇ ਭਗੌੜਿਆਂ ਦਾ ਪਤਾ ਕੀਤਾ। ਇੱਕੋ ਵੇਲੇ ਫੋਟੋਗ੍ਰਾਫਰ ਜੰਗਲ ਦਾ ਨਕਸ਼ਾ ਬਣਾਈ ਗਏ ਤੇ ਫੌਜਾਂ ਪੀਣ ਵਾਲੇ ਪਾਣੀ ਦੇ ਸੋਮਿਆਂ-ਝਰਨਿਆਂ ਅਤੇ ਕੁੰਡਾਂ ਦੀ ਓਟ ਲੈ ਕੇ ਪਹਿਰਾ ਦਿੰਦੀਆਂ ਰਹੀਆਂ। ਅੱਜ ਵੀ ਦੇ ਰਹੀਆਂ ਨੇ ਅਤੇ ਅੱਜ ਵੀ ਭਗੌੜਿਆਂ ਦੀ ਟੋਹ ਲਈ ਜਾ ਰਹੀ ਏ। ਅਜਿਹੀ ਹੀ ਇਕ ਤਲਾਸ਼ ਦੌਰਾਨ ਫੌਜ ਦੇ ਸੂਹੀਏ ਦੁਖੀ ਰਾਮ ਘੜਾਰੀ ਨੇ ਦੇਖਿਆ ਕਿ ਪੱਥਰ ਉਤੇ ਮੂੰਹ ਭਾਰ ਪਿਆ ਸੰਥਾਲ ਨੌਜਵਾਨ ਚਿੱਘੀ ਲਾਕੇ ਪਾਣੀ ਪੀ ਰਿਹਾ ਏ। ਉਸ ਨੂੰ ਉਸੇ ਹਾਲਤ ’ਚ ਪਏ ਨੂੰ ਗੋਲੀ ਨਾਲ ਵਿੰਨ੍ਹ ਦਿੱਤਾ ਗਿਆ। ਥ੍ਰੀ ਨਾੱਟ ਥ੍ਰੀ ਦੀ ਮਾਰ ਨਾਲ ਤੜਫ ਕੇ ਡਿੱਗਣ ਤੋਂ ਪਹਿਲਾਂ ਦੋਵੇਂ ਹੱਥ ਫੈਲਾਅ ਕੇ ਉਹ ਜ਼ੋਰ ਦੀ ਗਰਜਿਆ ‘‘ਮਾਂ ਹੋ।’’ ਅਤੇ ਝੱਗ ਦੇ ਨਾਲ ਖੂਨ ਉਗਲਦਿਆਂ ਉਹ ਠੰਡਾ ਹੋ ਗਿਆ। ਪਿੱਛੋਂ ਪਤਾ ਲੱਗਿਆ ਕਿ ਉਹੀ ਬਦਨਾਮ ਦੂਲਨ ਮਾਝੀ ਹੈ।
ਇਸ ‘‘ਮਾਂ-ਹੋ’’ ਸ਼ਬਦ ਦਾ ਮਤਲਬ ਕੀ ਏ? ਕੀ ਇਹ ਆਦਿਵਾਸੀ ਭਾਸ਼ਾ ਦਾ ਕੋਈ ਅੱਤਵਾਦੀ ਨਾਹਰਾ ਐ? ਇਹ ਭੇਤ ਸਮਝਣ ਲਈ ਸ਼ਾਂਤੀ ਵਾਹਿਣੀ ਦੇ ਦਫਤਰ ਵਿੱਚ ਬਹੁਤ ਮੱਥਾਫੋੜੀ ਹੋਈ, ਪਰ ਕੱਖ ਵੀ ਪੱਲੇ ਨਾ ਪਿਆ। ਦੋ ਆਦਿਵਾਸੀ ਮਾਹਿਰ ਕਲਕੱਤਿਓਂ ਹਵਾਈ ਜਹਾਜ਼ ਰਾਹੀਂ ਬੁਲਾਏ ਗਏ ਅਤੇ ਉਹ ਵਿਚਾਰੇ ਹਾਫਮੈਨ ਜੈਫਰ ਤੇ ਗੋਲਡਨ ਪਾਮਰ ਆਦਿ ਮਹਾਪੁਰਸ਼ਾਂ ਦੇ ਰਚੇ ਸ਼ਬਦਕੋਸ਼ ਦੇਖਦੇ ਮੁੜੵਕੋ-ਮੁੜੵਕੀ ਹੁੰਦੇ ਰਹੇ। ਅਖੀਰ ਸਰਵ ਗਿਆਨੀ ਸੈਨਾਪਤੀ ਨੇ ਚਮਰੂ ਨੂੰ ਸੱਦਿਆ। ਕੈਂਪ ਲਈ ਪਾਣੀ ਢੋਣ ਵਾਲਾ ਸੰਥਾਲ ਚਮਰੂ ਦੋਹਾਂ ਮਾਹਿਰਾਂ ਨੂੰ ਦੇਖ ਕੇ ਖਿਲ-ਖਿਲਾਅ ਕੇ ਹੱਸਿਆ ਤੇ ਫੇਰ ਬੀੜੀ ਨਾਲ ਕੰਨ ਖੁਰਕਦਾ ਬੋਲਿਆ, ‘‘ਮਾਲਦਾ ਦੇ ਸੰਥਾਲਾਂ ਨੇ ਗਾਂਧੀ ਰਾਜਾ ਦੇ ਵੇਲਿਆਂ ’ਚ ਲੜਾਈ ਲਈ ਤਿਆਰ ਹੋਣ ਵਾਸਤੇ ‘‘ਮਾਂ-ਹੋ’’ ਕਿਹਾ ਸੀ। ਇਹ ਲੜਾਈ ਦੀ ਪੁਕਾਰ ਏ। ਪਰ ਇਥੇ ਕਿਹੜਾ ਸ਼ੇਰਬੱਗਾ ‘ਮਾਂ ਹੋ’ ਬੋਲਣ ਵਾਲਾ ਆ ਗਿਆ। ਕੋਈ ਸੰਥਾਲ ਮਾਲਦਾ ਤੋਂ ਆਇਆ ਹੈ?’’
ਇਉਂ ਸਮੱਸਿਆ ਹੱਲ ਹੋਈ। ਇਸ ਪਿੱਛੋਂ ਦੂਲਨ ਦੀ ਲਾਸ਼ ਉਸੇ ਪੱਥਰ ’ਤੇ ਛੱਡ ਕੇ ਸਾਰੇ ਫੌਜੀ ਹਰੀ ਵਰਦੀ ਦੇ ਕੈਮੋਫਲਾਜ ਵਿਚ ਹਰੇਕ ਦਰੱਖਤ ਉਤੇ ਚੜ੍ਹ ਕੇ ਪੱਤਿਆਂ ਨਾਲ ਲੱਦੇ ਦਰੱਖਤਾਂ ਨੂੰ ਜੱਫੀ ਪਾਈ ਲਾਲ ਕੀੜੀਆਂ ਦੇ ਡੰਗਾਂ ਦੀ ਪੀੜ ਸਹਿੰਦੇ ਹੋਏ ਇੰਤਜ਼ਾਰ ਕਰਦੇ ਰਹੇ ਕਿ ਦੇਖੀਏ ਲਾਸ਼ ਚੁੱਕਣ ਕੋਈ ਆਉਂਦਾ ਏ ਕਿ ਨਹੀਂ! ਇਹ ਜਿੰਨੀ ਚੰਗੀ ਸ਼ਿਕਾਰ ਨੀਤੀ ਏ, ਉਨੀ ਢੁੱਕਵੀਂ ਯੁੱਧ ਨੀਤੀ ਨਹੀਂ। ਪਰ ਸੈਨਾਪਤੀ ਜਾਣਦਾ ਹੈ ਕਿ ਕਿਸੇ ਜਾਣੇ-ਪਛਾਣੇ ਤਰੀਕੇ ਨਾਲ ਇਹਨਾਂ ਖੋਚਲਾਂ ਦਾ ਅੰਤ ਨਹੀਂ ਕੀਤਾ ਜਾ ਸਕਦਾ। ਇਸ ਲਈ ਕੁੰਡੀ ’ਚ ਚਾਰਾ ਲਾ ਕੇ ਸ਼ਿਕਾਰ ਨੂੰ ਘੇਰਨਾ ਚਾਹੁੰਦੇ ਨੇ। ਉਹ ਵੀ ਜਾਣਦੇ ਨੇ ਕਿ ਸਭ ਕੁਝ ਸਪੱਸ਼ਟ ਹੋ ਜਾਵੇਗਾ। ਦ੍ਰੌਪਦੀ ਦੇ ਗਾਏ ਗਾਣਿਆਂ ਦਾ ਮਤਲਬ ਵੀ ਉਹ ਸਮਝ ਗਏ ਨੇ।
ਉਹਨਾਂ ਦੀ ਗੱਲ ਨੂੰ ਫੌਜ ਨੇ ਸਿਰ ਮੱਥੇ ਸਵੀਕਾਰਿਆ ਤੇ ਤਿਆਰੀ ਵਿੱਢ ਲਈ। ਪਰ ਦੂਲਨ ਦੀ ਲਾਸ਼ ਲੈਣ ਕੋਈ ਨਾ ਆਇਆ। ਰਾਤ ਦੇ ਹਨੇਰੇ ਵਿਚ ਸੁੱਕੇ ਪੱਤਿਆਂ ਦੀ ਖੜ-ਖੜ ਸੁਣ ਕੇ ਫੌਜੀਆਂ ਨੇ ਗੋਲੀ ਚਲਾਈ ਤੇ ਦਰੱਖਤ ਤੋਂ ਉਤਰ ਕੇ ਦੇਖਿਆ ਕਿ ਉਹਨਾਂ ਨੇ ਸੁੱਕੇ ਪੱਤਿਆਂ ਦੇ ਵਿਛਾਉਣੇ ਉਤੇ ਸੰਭੋਗ ਕਰਦੇ ਸੇਹ ਦੇ ਜੋੜੇ ਨੂੰ ਮਾਰ ਸੁੱਟਿਆ ਏ। ਜੰਗਲ ਵਿਚ ਫੌਜ ਦੇ ਰਾਹ ਵਿਖਾਵੇ ਖੋਜੀ ਦਲ ਦਾ ਦੁਖੀ ਰਾਮ ਘੜਾਰੀ ਦੂਲਨ ਨਾਲ ਸੰਬੰਧਿਤ ਇਨਾਮ ਲਏ ਬਗੈਰ ਸੰਨਿਆਸੀ ਵਾਂਗੂੰ, ਬਿਨਾਂ ਕਿਸੇ ਦੇ ਦਾਤਰ ਨਾਲ ਆਪਣਾ ਗਲ ਵੱਢ ਕੇ ਮਰ ਗਿਆ। ਦੂਲਨ ਦੀ ਲਾਸ਼ ਨੂੰ ਲਿਆਉਂਦੇ ਹੋਏ ਫੌਜੀ ਜ਼ਹਿਰੀਲੀਆਂ ਕੀੜੀਆਂ ਦੇ ਵੱਢਣ ਤੋਂ ਬਹੁਤ ਦੁਖੀ ਹੋਏ। ਅਸਲ ਵਿਚ ਕੀੜੀਆਂ ਲਾਸ਼ ਨੂੰ ਖਾ ਰਹੀਆਂ ਸਨ। ਆਪਣੇ ਕੰਮ ’ਚ ਵਿਘਨ ਪੈਂਦਾ ਦੇਖ ਕੇ ਉਨ੍ਹਾਂ ਨੇ ਫੌਜੀਆਂ ’ਤੇ ਹੱਲਾ ਬੋਲ ਦਿੱਤਾ। ਇਹ ਸੁਣ ਕੇ ਕਿ ਲਾਸ਼ ਲੈਣ ਕੋਈ ਨਹੀਂ ਆਇਆ, ਸੈਨਾਪਤੀ ਨੇ ਐਂਟੀ ਫਾਸਿਸਟ ਪੇਪਰਬੈਕ ਕਿਤਾਬ ‘ਡੈਪੁਟੀ’ ਉਤੇ ਹੱਥ ਮਾਰ ਕੇ ਚੀਕਦਿਆਂ ਕਿਹਾ, “ਵ੍ਹਾਟ?’’ ਉਦੋਂ ਹੀ ਇਕ ਆਦਿਵਾਸੀ ਮਾਹਿਰ ਆਰਕਮਿਡੀਜ਼ ਵਾਂਗ ਖੁਸ਼ੀ ’ਚ ਘਾਬਰਿਆ ਭੱਜਿਆ ਆਇਆ ਅਤੇ ਬੋਲਿਆ, “ਸਰ ਹੇਂਦੇ ਰਾਂਬਰਾ ਦੀਆਂ ਗੱਲਾਂ ਦਾ ਮਤਲਬ ਮੈਂ ਕੱਢ ਲਿਆ ਹੈ। ਇਹ ਸ਼ਬਦ ਮੁੰਡਾਰੀ ਭਾਸ਼ਾ ਦਾ ਐ।’’
ਦ੍ਰੌਪਦੀ ਦੀ ਭਾਲ ਜਾਰੀ ਰਹੀ। ਝਾੜਖਾਨੀ ਜੰਗਲੀ ਪੱਟੀ ’ਚ ਆਪ੍ਰੇਸ਼ਨ ਚੱਲਦਾ ਰਿਹਾ। ਇਹ ਪ੍ਰਸ਼ਾਸਨ ਦੇ ਪਿਛਵਾੜੇ ਹੋਏ ਦੁਸ਼ਟ ਫੋੜੇ ਜਾਂ ਭਗੰਦਰ ਵਰਗਾ ਸੀ। ਨਾ ਆਜਮਾਈਆਂ ਹੋਈਆਂ ਮਲ੍ਹਮਾਂ ਨਾਲ ਠੀਕ ਹੋਣ ਵਾਲਾ ਸੀ ਅਤੇ ਨਾ ਹੀ ਕਿਸੇ ਤਰੀਕੇ ਫਿੱਸਣ ਵਾਲਾ ਸੀ। ਆਪ੍ਰੇਸ਼ਨ ਦੇ ਪਹਿਲੇ ਪੜਾਅ ’ਚ ਜੰਗਲ ਦੀ ਟੋਪੋਗ੍ਰਾਫੀ ਨਾ ਜਾਨਣ ਕਰਕੇ ਭਗੌੜੇ ਝੱਟ ਦੇਣੀਂ ਫੜ੍ਹੇ ਗਏ ਅਤੇ ਮੁੱਠਭੇੜ ਦੇ ਨਿਯਮਾਂ ਅਨੁਸਾਰ ਟੈਕਸ ਭਰਨ ਵਾਲਿਆਂ ਦੇ ਪੈਸਿਆਂ ਦਾ ਸ਼ਰਾਧ ਕਰਦੇ ਹੋਏ ਉਹਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਆਮ੍ਹਣੇ-ਸਾਹਮਣੇ ਦੇ ਭੇੜ ਵਿਚ ਮਾਰੇ ਜਾਣ ਦੇ ਨਿਯਮਾਂ ਮੁਤਾਬਕ ਉਹਨਾਂ ਦੇ ਸਰੀਰ ਦੇ ਵੱਖ ਵੱਖੋ-ਵੱਖ ਅੰਗਾਂ ਜਿਵੇਂ ਅੱਖਾਂ ਦੀਆਂ ਪੁਤਲੀਆਂ, ਭੋਜਨ ਦੀ ਨਾਲੀ, ਮਿਹਦਾ, ਦਿਲ, ਜਣਨ ਅੰਗਾਂ ਆਦਿ ਨੂੰ ਗਿੱਦੜ, ਬਘਿਆੜ, ਲੱਕੜਬੱਘੇ, ਜੰਗਲੀ ਬਿੱਲੀਆਂ ਅਤੇ ਕੀੜੀਆਂ ਦਾ ਭੋਜਨ ਬਣਨ ਲਈ ਛੱਡ ਦਿੱਤਾ ਗਿਆ ਅਤੇ ਉਹਨਾਂ ਦੇ ਮਾਸ ਵਿਹੂਣੇ ਪਿੰਜਰਾਂ ਨੂੰ ਡੋਮ ਲੋਕੀਂ ਬੜੀ ਖੁਸ਼ੀ ਨਾਲ ਵੇਚਣ ਗਏ।
ਪਹਾੜੀ ਇਲਾਕੇ ਵਿਚ ਇਹ ਲੋਕ ਆਮ੍ਹਣੇ-ਸਾਹਮਣੇ ਦੇ ਸੰਘਰਸ਼ ਵਿਚ ਫੜੇ ਨਹੀਂ ਗਏ। ਜਿਸ ਤੋਂ ਅਜਿਹਾ ਲੱਗਦਾ ਏ ਕਿ ਉਨ੍ਹਾਂ ਨੂੰ ਕੋਈ ਵਿਸ਼ਵਾਸ਼ਯੋਗ ਸੰਦੇਸ਼ ਵਾਹਕ ਲੱਭ ਪਿਆ ਸੀ। ਅਤੇ ਇਸਦੀ ਸੰਭਾਵਨਾ ਰੁਪਏ ਵਿਚੋਂ ਨੱਬੇ ਪੈਸੇ ਸੀ ਕਿ ਇਹ ਸੰਦੇਸ਼ ਵਾਹਕ ਦ੍ਰੌਪਦੀ ਹੈ। ਦ੍ਰੌਪਦੀ, ਦੂਲਨ ਨੂੰ ਆਪਣੀ ਜਾਨ ਤੋਂ ਜ਼ਿਆਦਾ ਚਾਹੁੰਦੀ ਸੀ। ਜ਼ਰੂਰ ਹੁਣ ਉਹੀ ਉਹਨਾਂ ਨੂੰ ਬਚਾ ਰਹੀ ਐ।
‘‘ਉਹਨਾਂ ਲੋਕਾਂ ਦਾ-ਇਹ ਕਥਨ ਵੀ ਇਕ ਹਾਈਪਾਥੀਸਿਸ ਏ।’’
‘‘ਕਿਉਂ?’’
‘‘ਉਰਿਜ਼ਿਨਲੀ ਕਿੰਨੇ ਲੋਕ ਗਏ ਸਨ?’’
ਉੱਤਰ ਸਿਫਰ। ਇਸ ਬਾਰੇ ਬਹੁਤ ਸਾਰੇ ਕਿੱਸੇ ਹਵਾ ਵਿਚ ਤੈਰ ਰਹੇ ਸਨ ਅਤੇ ਬਹੁਤ ਸਾਰੀਆਂ ਕਿਤਾਬਾਂ ਛਪੀਆਂ ਸਨ। ਇਹਨਾਂ ਸਾਰੀਆਂ ਗੱਲਾਂ ਤੇ ਵਿਸ਼ਵਾਸ਼ ਨਾ ਕਰਨਾ ਹੀ ਚੰਗਾ ਏ।
‘‘ਛੇ ਸਾਲਾਂ ਵਿਚ ਕਿੰਨੇ ਲੋਕ ਆਮ੍ਹਣੇ-ਸਾਹਮਣੇ ਦੇ ਮੁਕਾਬਲੇ ਵਿਚ ਮਾਰੇ ਗਏ?’’
ਉੱਤਰ ਸਿਫਰ। ਆਮ੍ਹਣੇ-ਸਾਹਮਣੇ ਦੇ ਮੁਕਾਬਲੇ ’ਚ ਮਰਨ ਵਾਲਿਆਂ ਦੇ ਜਿਹੜੇ ਪਿੰਜਰ ਮਿਲੇ, ਉਹਨਾਂ ਦੇ ਹੱਥ ਵੱਢੇ ਹੋਏ ਜਾਂ ਟੁੱਟੇ ਹੋਏ ਕਿਉਂ ਨੇ? ਕੀ ਲੂਲੇ ਆਮ੍ਹਣੇ-ਸਾਹਮਣੇ ਦਾ ਮੁਕਾਬਲਾ ਕਰ ਸਕਦੇ ਨੇ? ਉਹਨਾਂ ਦੇ ਗਲ ਦੀਆਂ ਹੱਡੀਆਂ ਲਮਕਦੀਆਂ ਹੋਈਆਂ, ਪੈਰਾਂ ਦੀਆਂ ਹੱਡੀਆਂ ਅਤੇ ਪਸਲੀਆਂ ਚੂਰ-ਚੂਰ ਕਿਉਂ ਨੇ?
ਜਵਾਬ ਦੋ ਕਿਸਮ ਦੇ ਨੇ। ਬਿਨਾਂ ਕੁਝ ਬੋਲੇ ਜਾਂ ਅੱਖਾਂ ਵਿਚ ਘਮੰਡੀ ਹਿਕਾਰਤ ਭਰ ਕੇ, ‘‘ਹੈਤ। ਕੀ ਇਹ ਵੀ ਕੋਈ ਪੁੱਛਣ ਵਾਲੀਆਂ ਗੱਲਾਂ ਨੇ? ਜੋ ਹੋਣਾ ਸੀ ਉਹ ਤਾਂ….’’
“ਹੁਣ ਜੰਗਲਾਂ ਵਿਚ ਕਿੰਨੇ ਲੋਕ ਨੇ?’’
ਉੱਤਰ ਜੀਰੋ।
‘ਕੀ ਉਹ ਇਕ ਪੂਰੀ ਫੌਜ ਦੇ ਬਰਾਬਰ ਨੇ? ਉਹਨਾਂ ਲਈ ਟੈਕਸ ਦਾਤਾਵਾਂ ਦਾ ਦਿੱਤਾ ਪੈਸਾ ਖਰਚ ਕੇ ਇਸ ਜੰਗਲੀ ਮਾਹੌਲ ਵਿਚ ਇਕ ਵੱਡੀ ਸੈਨਾ ਨੂੰ ਤੈਨਾਤ ਕਰਨਾ ਹੱਕ ਬਜਾਨਬ ਐ?’’
ਉੱਤਰ-“ਆਬਜੈਕਸ਼ਨ। ਜੰਗਲੀ ਪਰਿਵੇਸ਼ ਕਹਿਣਾ ਠੀਕ ਨਹੀਂ ਏ। ਉਥੇ ਤਾਇਨਾਤ ਫੌਜ ਲਈ ਸੰਤੁਲਿਤ ਭੋਜਨ, ਡਾਕਟਰੀ ਸਹਾਇਤਾ ਆਪਣੇ-ਆਪਣੇ ਧਰਮ ਅਨੁਸਾਰ ਸੈਨਿਕਾਂ ਲਈ ਵਰਤ-ਤਿਉਹਾਰ ਮਨਾਉਣ ਦੀ ਸੁਵਿਧਾ ਅਤੇ ‘ਯਹੀ ਹੈ ਜ਼ਿੰਦਗੀ’ ਫਿਲਮ ਵਿਚ ਸੰਜੀਵ ਕੁਮਾਰ ਅਤੇ ਸ਼੍ਰੀ ਕਿ੍ਰਸ਼ਨ ਨੂੰ ਆਹਮਣੇ-ਸਾਹਮਣੇ ਪੇਸ਼ ਕਰਨ ਦੀ ਚੰਗੀ ਸੁਵਿਧਾ ਪ੍ਰਾਪਤ ਹੈ। ਨਹੀਂ, ਪਰਿਵੇਸ਼ ਜੰਗਲੀ ਨਹੀਂ।’’
‘‘ਕਿੰਨੇ ਲੋਕ ਨੇ।’’
ਉੱਤਰ ਸਿਫਰ।
‘‘ਕਿੰਨੇ ਲੋਕ ਹਨ। ਕੋਈ ਹੈ ਵੀ ਜਾਂ ਨਹੀਂ?’’
ਉਤੱਰ ਲੰਮਾ ਐ।
ਜਿਵੇਂ: “ਵੈਲ, ਐਕਸ਼ਨ ਹੋ ਰਿਹਾ ਏ। ਜ਼ਿੰਮੀਦਾਰ, ਸ਼ਾਹੂਕਾਰ, ਜੱਥੇਬੰਦ ਗੁੰਡਾ ਗਰੋਹ, ਵੇਸਵਾਵਾਂ ਦੇ ਕੋਠਿਆਂ ਦੇ ਬੇਨਾਮੀ ਮਾਲਕ ਅਤੇ ਪੁਰਾਣੇ ਖੱਚ ਇਸ਼ਤਿਹਾਰੀ ਮੁਜ਼ਰਿਮ-ਇਹ ਸਾਰੇ ਅੱਜ ਵੀ ਪ੍ਰੇਸ਼ਾਨ ਨੇ। ਕੰਗਾਲ ਅਤੇ ਲੁੱਚੇ-ਲੰਡੇ ਲੋਕ ਅੱਜ ਵੀ ਬਦ ਤਮੀਜ ਤੇ ਬਾਗ਼ੀ ਨੇ। ਅਤੇ ਕਿਸੇ-ਕਿਸੇ ਪਾੱਕੇਟ ਵਿਚ ਅੱਜ ਵੀ ਅੱਤਵਾਦੀਆਂ ਨੂੰ ਬੱਝਵੇਂ ਪੈਸੇ ਮਿਲ ਰਹੇ ਨੇ। ਭਗੌੜਿਆਂ ਪ੍ਰਤੀ ਹਮਦਰਦੀ ਰੱਖਣ ਵਾਲੇ ਪਿੰਡ ਅੱਜ ਵੀ ਚੁੱਪ ਅਤੇ ਵਿਦਰੋਹੀ ਹਨ। ਇਹਨਾਂ ਸਾਰੀਆਂ ਘਟਨਾਵਾਂ ਤੋਂ ਇਹ ਮੰਨਣ ਦਾ ਕਾਰਣ ਏ….।’’
‘‘ਇਸ ਚੌਖਟੇ ’ਚ ਦ੍ਰੌਪਦੀ ਮੇਝੇਨ ਕਿਥੇ ਫਿੱਟ ਬੈਠਦੀ ਏ?’’
‘ਨਿਸ਼ਚਿਤ ਹੀ ਉਹ ਭਗੌੜਿਆਂ ’ਚ ਸ਼ਾਮਿਲ ਏ। ਪਰ ਡਰ ਦੀ ਗੱਲ ਹੋਰ ਐ। ਜੋ ਹਨ, ਉਹ ਬਹੁਤ ਦਿਨਾਂ ਤੋਂ ਜੰਗਲ ਦੇ ਪੁਰਾਤਨ ਜਗਤ ਵਿਚ ਰਹਿਣ ਗਿੱਝੇ ਹੋਏ ਨੇ। ਤੇ ਇਹ ਦਰਿੱਦਰੀ ਅੱਤਵਾਦੀਆਂ ਤੇ ਆਦਿਵਾਸੀਆਂ ਦੀ ਮਦਦ ਕਰ ਰਹੇ ਨੇ। ਇੰਝ ਇਕੱਠੇ ਰਹਿਣ ਦੇ ਨਤੀਜੇ ਵਜੋਂ ਬਿਨਾਂ ਸ਼ੱਕ ਉਹ ਆਪਣੀ ਕਿਤਾਬੀ ਸਿੱਖਿਆ ਨੂੰ ਭੁੱਲਾ ਬੈਠੇ ਹਨ। ਜਿਸ ਮਿੱਟੀ ਵਿਚ ਰਹਿ ਰਹੇ ਨੇ, ਸ਼ਾਇਦ ਉਸ ਮੁਤਾਬਕ ਕਿਤਾਬੀ ਸਿੱਖਿਆ ਨੂੰ ਢਾਲ ਕੇ ਨਵੇਂ ਸਿਰੇਓਂ ਸੰਘਰਸ਼ ਕਰਨ ਦੇ ਢੰਗ ਅਤੇ ਜਿਉਂਦੇ ਰਹਿਣ ਦੇ ਨਿਯਮ ਸਿੱਖ ਰਹੇ ਨੇ। ਬਾਹਰ ਦੀ ਕਿਤਾਬੀ ਸਿੱਖਿਆ ਅਤੇ ਅੰਦਰ ਦਾ ਉਦੱਮ ਹੁਣ ਤੱਕ ਜਿਹਨਾਂ ਦੀ ਸ਼ਕਤੀ ਏ ਉਹਨਾਂ ਨੂੰ ਗੋਲੀ ਮਾਰ ਕੇ ਖਤਮ ਕਰਨਾ ਪੁੱਗ ਸਕਦਾ ਐ। ਕਲਮ ਨਾਲ ਕੰਮ ਕਰਨ ਵਾਲਿਆਂ ਨੂੰ ਖਤਮ ਕਰਨਾ ਇੰਨਾ ਸੌਖਾ ਨਹੀਂ।
ਏਸੇ ਲਈ ‘ਆਪਰੇਸ਼ਨ ਝਾੜਖਾਨੀ ਫਾਰੈਸਟ’ ਰੁਕ ਨਹੀਂ ਸਕਦਾ। ਕਾਰਨ.. ‘ਆਰਮੀ ਹੈਂਡ ਬੁੱਕ’ ਵਿੱਚ ਲਿਖੀ ਚਿਤਾਵਨੀ।
ਦੋ
ਦੌ੍ਰਪਦੀ ਮੇਝੋਨ ਨੂੰ ਫੜ੍ਹੋ, ਉਹੀ ਉਨ੍ਹਾਂ ਨੂੰ ਫੜਾਵੇਗੀ।
ਦ੍ਰੌਪਦੀ ਆਪਣੀ ਚੁੰਨੀ ਦੀ ਪੋਟਲੀ ’ਚ ਉਬਲੇ ਚੌਲ (ਭਾਤ) ਬੰਨ੍ਹੀ ਹੌਲੀ-ਹੌਲੀ ਤੁਰੀ ਜਾ ਰਹੀ ਸੀ। ਚੌਲ ਮੁਸਾਈ ਟੂਡੁ ਦੀ ਬਹੂ ਨੇ ਉਬਾਲ ਦਿੱਤੇ ਸਨ। ਵਿਚ-ਵਿਚ ਦੀ ਉਹ ਚੌਲ ਉਬਾਲ ਕੇ ਦ੍ਰੌਪਦੀ ਨੂੰ ਦੇ ਦਿੰਦੀ ਐ। ਚੌਲ ਜਦੋਂ ਉਬਲ ਜਾਂਦੇ ਨੇ ਤਾਂ ਦ੍ਰੌਪਦੀ ਉਹਨਾਂ ਨੂੰ ਪੱਲੇ ਵਿਚ ਪੋਟਲੀ ਬਣਾ ਕੇ ਹੌਲੀ-ਹੌਲੀ ਤੁਰ ਪੈਂਦੀ ਏ। ਤੁਰੀ-ਤੁਰੀ ਜਾਂਦੀ ਲੁਕ ਕੇ ਉਹ ਸਿਰ ਦੇ ਵਾਲਾਂ ’ਚ ਉਂਗਲੀਆਂ ਫੇਰ ਕੇ ਜੂੰ ਫੜ੍ਹ ਕੇ ਮਾਰਦੀ ਏ। ਕਿਤਿਓਂ ਥੋੜ੍ਹਾ ਜਿਹਾ ਮਿੱਟੀ ਦਾ ਤੇਲ ਮਿਲ ਜਾਵੇ ਤਾਂ ਉਹ ਆਪਣੇ ਸਿਰ ਦੇ ਵਾਲਾਂ ਵਿਚ ਰਗੜ ਲੈਂਦੀ, ਪਰ ਹਰਾਮੀ ਸਾਰੇ ਝਰਨਿਆਂ ਦੇ ਇਕ-ਇਕ ਮੋੜ ’ਤੇ ਕੁੰਡਲੀਆਂ ਮਾਰੀ ਬੈਠੇ ਨੇ। ਪਾਣੀ ਵਿਚ ਮਿੱਟੀ ਦੇ ਤੇਲ ਦੀ ਬੋ ਸੁੰਘ ਕੇ ਉਹ ਉਸ ਦੇ ਪਿੱਛੇ-ਪਿੱਛੇ ਚਲੇ ਆਉਂਦੇ ਨੇ।
‘‘ਦ੍ਰੌਪਦੀ।’’
ਦ੍ਰੌਪਦੀ ਨੇ ਕੋਈ ਜਵਾਬ ਨਹੀਂ ਦਿੱਤਾ। ਜੇ ਕੋਈ ਉਸ ਦਾ ਨਾਂ ਲੈ ਕੇ ਬੁਲਾਉਂਦਾ ਐ ਤਾਂ ਉਹ ਜਵਾਬ ਨਹੀਂ ਦਿੰਦੀ। ਆਪਣੇ ਸਿਰ ’ਤੇ ਰੱਖੇ ਇਨਾਮ ਦੇ ਐਲਾਨ ਦਾ ਕਾਗਜ਼ ਉਹ ਅੱਜ ਵੀ ਪੰਚਾਇਤ ਦੇ ਦਫਤਰ ਵਿਚ ਦੇਖ ਕੇ ਆਈ ਹੈ। ਮੁਸਾਈ ਟੁਡੂ ਦੀ ਬਹੂ ਨੇ ਕਿਹਾ, ‘‘ਉਹ ਕੀ ਦੇਖਦੀ ਏ? ਪਤਾ ਨਹੀਂ, ਕਿਥੋਂ ਦੀ ਕੋਈ ਦ੍ਰੌਪਦੀ ਮੇਝੇਨ ਏ। ਉਸ ਨੂੰ ਫੜਵਾਉਣ ’ਤੇ ਰੁਪਏ ਮਿਲਣਗੇ।’’
‘‘ਕਿੰਨੇ ਰੁਪਏ।’’
‘‘ਦੋ ਸੌ।’’
‘‘ਅੱਛਾ!’’
ਬਾਹਰ ਆ ਕੇ ਮੁਸਾਈ ਦੀ ਬਹੂ ਨੇ ਕਿਹਾ, ‘‘ਇਹ ਖੂਬ ਸਾਜ-ਬਾਜ ਕਰਕੇ ਆਏ ਨੇ। ਸਾਰੇ ਨਵੇਂ ਪੁਲਸਿਏ ਨੇ?’’
‘‘ਹਾਂ।’’
‘‘ਤੂੰ ਅੱਜ ਕੱਲ੍ਹ ਆਉਂਦੀ ਨਹੀਂ।’’
‘‘ਕਿਉਂ?’’
ਮੁਸਾਈ ਦੀ ਬਹੂ ਅੱਖਾਂ ਨੀਵੀਆਂ ਕਰਕੇ ਹੌਲੀ ਦੇਣੀ ਬੋਲੀ, ‘‘ਟੂਡੂ ਨੇ ਦੱਸਿਆ ਕਿ ਉਹ ਸਾਹਬ ਫੇਰ ਆਇਆ ਏ। ਤੈਨੂੰ ਫੜਨ ’ਤੇ ਪੂਰੀ ਬਸਤੀ ਨੂੰ….।’’
‘‘ਸਾੜ ਦੇਣਗੇ।’’
‘‘ਫੇਰ। ਅਤੇ ਦੁਖੀਰਾਮ ਦੀ ਗੱਲ….।’’
‘‘ਸਾਹਬ ਨੂੰ ਪਤੈ?’’
‘‘ਸੋਮਈ ਤੇ ਬੁਧਨਾ ਨੇ ਹਰਾਮਜ਼ਦਗੀ ਕੀਤੀ ਏ।’’
ਉਹ ਕਿਥੇ ਨੇ?’’
‘‘ਰੇਲਗੱਡੀ ’ਚ ਬੈਠ ਕੇ ਭੱਜ ਗਏ।’’
ਦ੍ਰੌਪਦੀ ਨੇ ਇੱਕ ਪਲ ਸੋਚਿਆ ਫੇਰ ਕਿਹਾ, ਘਰੇ ਜਾ। ਮੈਨੂੰ ਨਹੀਂ ਪਤਾ ਕੀ ਹੋਵੇਗਾ। ਜੇ ਮੈਨੂੰ ਫੜ੍ਹ ਲਿਆ ਤਾਂ ਤੁਸੀਂ ਪਛਾਨਣ ਤੋਂ ਨਾਂਹ ਕਰ ਦੇਣਾ।’’
ਤੂੰ ਭੱਜ ਕਿਉਂ ਨਹੀਂ ਜਾਂਦੀ?
‘‘ਨਾ। ਤੂੰ ਹੀ ਦਸ ਕਿੰਨੀ ਕੁ ਵਾਰ ਭੱਜਾਂਗੀ? ਫੜ੍ਹ ਕੇ ਵੀ ਕੀ ਕਰਨਗੇ… ਦੱਸ? ਕਾਉਂਟਰ ਕਰ ਦੇਣਗੇ, ਕਰ ਦੇਣ।’’
‘‘ਅਸੀਂ ਤਾਂ ਕਿਤੇ ਜਾਣ ਜੋਗੇ ਵੀ ਨਹੀਂ, ਮਸਾਈ ਦੀ ਬਹੂ ਬੋਲੀ।’’
ਦ੍ਰੌਪਦੀ ਜਾਣਦੀ ਹੈ। ਇੰਨੇ ਦਿਨਾਂ ਤੋਂ ਸੁਣ-ਸੁਣ ਕੇ ਉਸ ਨੇ ਸਿੱਖ ਲਿਐ ਕਿ ਜਬਰ ਦਾ ਮੁਕਾਬਲਾ ਕਿਵੇਂ ਕੀਤਾ ਜਾਵੇ। ਜੇ ਸਰੀਰ ਅਤੇ ਮਨ ਵਧੇਰੇ ਤਕਲੀਫ ਸਹਿਣ ਤੋਂ ਜਵਾਬ ਦੇ ਦਿੱਤਾ ਤਾਂ ਦ੍ਰੌਪਦੀ ਆਪਣੇ ਹੱਥੀਂ ਆਪਣੀ ਜੀਭ ਵੱਢ ਲਵੇਗੀ। ਉਸ ਮੁੰਡੇ ਨੇ ਇਹੀ ਤਾਂ ਕੀਤਾ ਸੀ। ਸਿਪਾਹੀਆਂ ਨੇ ਉਸ ਦਾ ਕਾਊਂਟਰ ਕਰ ਦਿੱਤਾ ਸੀ।
ਕਾਊਂਟਰ ਵੇਲੇ ਦੋਵੇਂ ਹੱਥ ਪਿੱਛੇ ਬੱਝੇ ਹੁੰਦੇ ਨੇ। ਸਰੀਰ ਦੀ ਇਕ ਇਕ ਹੱਡੀ ਚੂਰ-ਚੂਰ ਹੋਈ ਹੁੰਦੀ ਏ ਅਤੇ ਯੋਨੀ (ਗੁਪਤ ਅੰਗ) ਲੀਰੋ-ਲੀਰ…। ‘ਕਿਲਡ ਬਾਈ ਪੋਲਿਸ ਇਨ ਐਨ ਇਨਕਾਉਂਟਰ’…. ਅਨਨੋਨ ਮੇਲ… ਏਜ ਟਵੰਟੀ ਥ੍ਰੀ…..।’’
ਇਹੀ ਸਭ ਸੋਚਦੀ ਦ੍ਰੌਪਦੀ ਤੁਰੀ ਜਾ ਰਹੀ ਸੀ ਕਿ ਉਸ ਨੇ ਸੁਣਿਆ ਕਿ ਕੋਈ ਉਸ ਨੂੰ ਬੁਲਾ ਰਿਹਾ ਏ,.. “ਦ੍ਰੌਪਦੀ।’’
ਉਹਨੇ ਕੋਈ ਜਵਾਬ ਨਾ ਦਿੱਤਾ। ਨਾਂ ਲੈ ਕੇ ਬੁਲਾਉਣ ’ਤੇ ਉਹ ਜਵਾਬ ਨਹੀਂ ਦਿੰਦੀ। ਵੇਖਦੀ ਤੱਕ ਨਹੀਂ। ਇੱਥੇ ਉਸਦਾ ਨਾਂ ਊਮੀ ਮੇਝੇਨ ਹੈ। ਪਰ ਬੁਲਾ ਕੌਣ ਰਿਹਾ ਏ?
ਉਸਦੇ ਮਨ ’ਚ ਹਮੇਸ਼ਾ ਸ਼ੱਕ ਦਾ ਕੰਡਾ ਸੇਹ ਵਾਂਗ ਚਭਿਆ ਰਹਿੰਦਾ ਹੈ। ਦ੍ਰੌਪਦੀ ਸੁਣਦਿਆਂ ਹੀ ਸ਼ੱਕ ਦਾ ਇਹ ਕੰਡਾ ਸੇਹ ਦੇ ਕੰਡਿਆਂ ਵਾਂਗ ਖੜ੍ਹਾ ਹੋ ਗਿਆ। ਤੁਰੀ ਜਾਂਦੀ ਨੇ ਉਸਨੇ ਮਨ ਈ ਮਨ ਜਾਣੇ-ਪਛਾਣੇ ਚਿਹਰਿਆਂ ਦੀ ਰੀਲ੍ਹ ਖੋਲ੍ਹ ਲਈ। ਕੌਣ ਹੋ ਸਕਦਾ ਏ? ਸੋਮਰਾ ਤਾਂ ਨਹੀਂ, ਉਹ ਤਾਂ ਭਗੌੜਾ ਹੋ ਗਿਆ ਏ। ਸੋਮਾਈ ਅਤੇ ਬੁਧਨਾ ਵੀ ਕਿਸੇ ਹੋਰ ਕਾਰਨ ਭੱਜ ਗਏ ਨੇ। ਗੋਲਖ ਹੋ ਨਹੀਂ ਸਕਦਾ ਉਹ ਬਾਂਕੁਰੀ ਵਿਚ ਏ। ਬਾਂਕੁਰੀ ਦਾ ਹੀ ਕੋਈ ਹੋਵੇਗਾ? ਬਾਂਕੁਰੀ ਛੱਡਣ ਤੋਂ ਬਾਅਦ ਉਹਦੇ ਅਤੇ ਦੂਲਨ ਦੇ ਨਾਂ ਉਮੀ ਮੇਝੇਨ ਅਤੇ ਮਾਤੰਗ ਮਾਂਝੀ ਹੋ ਗਏ ਸਨ। ਇੱਥੇ ਮੁਸਾਈ ਅਤੇ ਉਸਦੀ ਪਤਨੀ ਦੇ ਇਲਾਵਾ ਕੋਈ ਉਸਦਾ ਅਸਲੀ ਨਾਂ ਨਹੀਂ ਜਾਣਦਾ। ਪੜ੍ਹੇ-ਲਿਖੇ ਮੁੰਡਿਆਂ ਵਿਚ ਪਹਿਲੇ ਬੈਚ ਦੇ ਵੀ ਸਾਰੇ ਨਹੀਂ ਜਾਣਦੇ।
ਸਮਾਂ ਬੜਾ ਅਜੀਬ ਏ। ਦ੍ਰੌਪਦੀ ਸੋਚਦੀ ਏ ਤਾਂ ਉਹਦੇ ਸਿਰ ਵਿਚ ਸਾਰੀਆਂ ਚੀਜ਼ਾਂ ਰਲਗੱਡ ਹੋ ਜਾਂਦੀਆਂ ਨੇ। ਬਾਂਕੁਰੀ ਵਿਚ ਆਪਰੇਸ਼ਨ ਬਾਂਕੁਰੀ ਚਲ ਰਿਹਾ ਏ। ਸੂਰਯ ਸਾਹੂ ਨੇ ਬਿੱਡੀ ਬਾਬੂ ਦੇ ਨਾਲ ਮਿਲਕੇ ਹੇਰਾਫੇਰੀ ਨਾਲ ਆਪਣੇ ਮਕਾਨ ਦੀ ਚਾਰਦੀਵਾਰੀ ਦੇ ਅੰਦਰ ਦੋ-ਦੋ ਟਿਊਬਵੈਲ ਲਾ ਲਏ ਅਤੇ ਤਿੰਨ-ਤਿੰਨ ਖੂਹ ਪੁੱਟ ਲਏ। ਪੂਰੇ ਬੀਰਭੂਮ ਇਲਾਕੇ ਵਿਚ ਸੋਕਾ ਪਿਆ ਹੋਣ ਕਰਕੇ ਕਿਤੇ ਵੀ ਪਾਣੀ ਨਹੀਂ। ਪਰ ਸੂਰਯ ਸਾਹੂ ਦੇ ਮਕਾਨ ’ਚ ਅਥਾਹ ਪਾਣੀ ਏ ਅਤੇ ਉਹ ਵੀ ਕਾਂ ਦੀਆਂ ਪੁਤਲੀਆਂ ਵਰਗਾ ਨਿਰਮਲ ਪਾਣੀ।
ਕੈਨਾਲ ਤੋਂ ਟੈਕਸ ਦੇ ਕੇ ਪਾਣੀ ਲਿਆਓ ਪਰ ਟੈਕਸ ਦੇ ਪਾਣੀ ਨਾਲ ਖੇਤੀ ਕਰਕੇ ਕੀ ਮਿਲੇਗਾ? ਸਭ ਕੁਝ ਤਬਾਹ ਹੋ ਗਿਆ।
‘‘ਜਾਓ-ਜਾਓ। ਤੁਹਾਡੀ ਪੰਚਾਇਤੀ ਬਦਮਾਸ਼ੀ ਮੈਂ ਨਹੀਂ ਮੰਨਦਾ। ਪਾਣੀ ਲੈ ਕੇ ਖੇਤੀ ਵਧਾਉਗੇ ਅਤੇ ਅੱਧਾ ਝੋਨਾ ਬਟਾਈ ’ਚ ਲੈ ਲਵੋਗੇ। ਪਿੱਛੋਂ ਮਕਾਨ ਬਣਾਉਣ ਲਈ ਪੈਸੇ ਮੰਗੋਗੇ। ਤੁਹਾਡੀ ਭਲਾਈ ਕਰਕੇ ਮੈਨੂੰ ਚੰਗਾ ਸਬਕ ਮਿਲ ਗਿਐ।’’
‘‘ਕੀ ਭਲਾ ਕੀਤੈ ਤੂੰ?’’
‘‘ਪਿੰਡ ਨੂੰ ਪਾਣੀ ਨਹੀਂ ਦਿੱਤਾ?’’
‘‘ਉਹ ਸਭ ਕੁਝ ਤਾਂ ਤੂੰ ਬਿਜਲੀ ਲਈ ਦਿੱਤਾ ਸੀ।’’
‘‘ਤੁਹਾਨੂੰ ਪਾਣੀ ਨਹੀਂ ਮਿਲਿਆ?’’
‘‘ਨਾ। ਡੋਮ-ਚਾਂਡਾਲ ਨੂੰ ਤਿੱਪ ਵੀ ਪਾਣੀ ਨਹੀਂ ਮਿਲਿਆ।’’
ਇਸੇ ਗੱਲੋਂ ਝਗੜਾ ਸ਼ੁਰੂ ਹੋ ਗਿਆ। ਸੋਕੇ ਤੋਂ ਦੁਖੀ ਆਦਮੀ ਦੀ ਸਹਿਣਸ਼ੀਲਤਾ ਛੇਤੀ ਜਵਾਬ ਦੇ ਜਾਂਦੀ ਐ। ਪਿੰਡ ਦੇ ਸਤੀਸ਼ ਯੁਗਲ ਅਤੇ ਉਹ ਸ਼ਹਿਰ ਦਾ ਮੁੰਡਾ ਜੀਹਦਾ ਨਾ ਸ਼ਇਦ ਰਾਣਾ ਸੀ-ਸਾਰਿਆਂ ਨੇ ਕਿਹਾ, ‘‘ਜ਼ਿਮੀਦਾਰਾਂ ਸਾਹੂਕਾਰਾਂ ਨੇ ਕੱਖ ਨ੍ਹੀਂ ਦੇਣਾ। ਇਹਨਾਂ ਦਾ ਫਸਤਾ ਵੱਢੋ।’’
ਸੂਰਯ ਸਾਹੂ ਦਾ ਮਕਾਨ ਘੇਰ ਲਿਆ ਗਿਆ। ਸੂਰਯ ਸਾਹੂ ਨੇ ਬੰਦੂਕ ਕੱਢੀ। ਡੰਗਰ ਬੰਨ੍ਹਣ ਵਾਲੀ ਰੱਸੀ ਨਾਲ ਸੂਰਯ ਸਾਹੂ ਦੇ ਹੱਥ ਪਿੱਛੇ ਬੰਨ੍ਹ ਦਿੱਤੇ ਗਏ। ਉਸਦੀਆਂ ਅੱਖਾਂ ਦੀਆਂ ਪੁਤਲੀਆਂ ਡਰ ਨਾਲ ਅੱਖਾਂ ਦੀਆਂ ਕਟੋਰੀਆਂ ਵਿਚ ਘੁੰਮ ਰਹੀਆਂ ਸਨ ਅਤੇ ਉਹਦੀ ਧੋਤੀ ਖਰਾਬ ਹੋ ਰਹੀ ਸੀ। ਦੂਲਨ ਨੇ ਕਿਹਾ, ‘‘ਪਹਿਲਾਂ ਮੈਨੂੰ ਖੋਭਣ ਦਿਓ। ਮੇਰੇ ਬਾਪ ਦੇ ਬਾਪ ਨੇ ਇਸ ਤੋਂ ਪਾਨ ਉਧਾਰ ਲਿਆ ਸੀ, ਉਸ ਦੇ ਬਦਲੇ ਵਿਚ ਮੈਂ ਅੱਜ ਵੀ ਵਗਾਰ ਕਰ ਰਿਹਾ ਹਾਂ, ਇਹਦੇ ਘਰ।’’
ਦ੍ਰੌਪਦੀ ਨੇ ਕਿਹਾ, ‘‘ਮੇਰੇ ਵੱਲ ਦੇਖ ਕੇ ਇਹਦੇ ਮੂੰਹ ’ਚੋਂ ਲਾਲਾਂ ਡਿਗਦੀਆਂ ਸਨ। ਇਸਦੀਆਂ ਅੱਖਾਂ ਮੈਂ ਕੱਢਾਂਗੀ।’’
ਸੂਰਯ ਸਾਹੂ। ਇਸ ਤੋਂ ਬਾਅਦ ਸਿਉੜੀ ਤੋਂ ਟੈਲੀਗਰਾਫਿਕ ਮੈਸੇਜ। ਸਪੈਸ਼ਲ ਟ੍ਰੇਨ। ਆਰਮੀ। ਜੀਪ-ਬਾਂਕੁਰੀ ਤੱਕ ਨਹੀਂ ਆ ਸਕੀ। ਮਾਰਚ-ਮਾਰਚ-ਮਾਰਚ। ਖੁਰੀਆਂ ਵਾਲੇ ਬੂਟਾਂ ਥੱਲੇ ਰੋੜਿਆਂ ਦੀ ਕਰੜ-ਕਰੜ। ਮਾਈਕ ਤੋਂ ਹੁਕਮ-ਕਾਰਡਨ ਅੱਪ। ਯੁਗਲ ਮੰਡਲ, ਸਤੀਸ਼ ਮੰਡਲ, ਰਾਣਾ ਏਲਿਆਸ, ਪ੍ਰਵੀਰ ਏਲਿਆਸ, ਦੀਪਕ, ਦੂਲਨ ਮਾਂਝੀ-ਦ੍ਰੋਪਦੀ ਮੇਝੇਨ ਸਰੈਂਡਰ-ਸਰੈਂਡਰ। ਨੋ ਸਰੈਂਡਰ… ਸਰੈਂਡਰ। ਗੋ-ਗੋ-ਗੋ ਡਾਊਨ ਦਾ ਵਿਲੇਜ਼ ਖੜਖੜ-ਖੜਖੜ ਹਵਾ ਵਿਚ ਕੋਰਡਾਈਟ ਖੜਖੜ-ਰਾਊਂਡ ਦਾ ਕਲਾਕ ਖੜਖੜ। ਫਲੇਮ ਥ੍ਹੋਅਰ, ਬਾਂਕੁਰੀ ਜਲ ਰਿਹਾ ਏ। ਮੋਰ ਮੈਨ, ਵੂਮੈਨ ਐਂਡ ਚਿਲਡਰਨ ਫਾਇਰ-ਫਾਇਰ ਕਲੋਜ਼ ਕੇਨਾਲ ਅਪ੍ਰੋਚ। ਓਵਰ-ਓਵਰ ਬਾਈ ਨਾਈਟ ਫਾਲ ਦ੍ਰੋਪਦੀ ਅਤੇ ਦੂਲਨ ਪੇਟ ਪਰਨੇ ਲੇਟ ਕੇ ਘਿਸੜਦੇ ਹੋਏ ਗਾਇਬ ਹੋ ਗਏ ਸਨ।
ਬਾਂਕੁਰੀ ਤੋਂ ਬਾਅਦ ਪਲਤਾਕੁੜੀ ਉਹ ਪਹੁੰਚ ਨਹੀਂ ਸਕਦੇ ਸਨ। ਭੂਪਿਤੀ ਅਤੇ ਤਪਾ ਉਹਨਾਂ ਨੂੰ ਲੈ ਗਏ। ਫੇਰ ਤੈਅ ਕੀਤਾ ਗਿਆ ਕਿ ਦ੍ਰੋਪਦੀ ਅਤੇ ਦੂਲਨ ਝਾੜਖਾਨੀ ਪੱਟੀ ਦੇ ਨੇੜੇ-ਤੇੜੇ ਕੰਮ ਕਰਨਗੇ। ਦੂਲਨ ਨੇ ਦ੍ਰੋਪਦੀ ਨੂੰ ਸਮਝਾਇਆ ਸੀ, ‘‘ਇਹੀ ਠੀਕ ਏ, ਇਸ ਨਾਲ ਸਾਡੀ ਨਾ ਕਬੀਲਦਾਰੀ ਹੋਵੇਗੀ ਅਤੇ ਨਾ ਹੀ ਬਾਲ-ਬੱਚੇ ਹੋਣਗੇ। ਕੌਣ ਕਹਿ ਸਕਦਾ ਏ ਕਿ ਇਕ ਦਿਨ ਜ਼ਿਮੀਦਾਰ, ਸ਼ਾਹੂਕਾਰ, ਪੁਲਿਸ ਸਾਰੇ ਖਤਮ ਨਹੀਂ ਹੋਣਗੇ?
ਪਰ ਅੱਜ ਉਸਨੂੰ ਪਿਛਓਂ ਕਿਸ ਨੇ ਬੁਲਾਇਐ?
ਦ੍ਰੌਪਦੀ ਤੁਰਦੀ ਹੀ ਗਈ। ਪਿੰਡ, ਮੈਦਾਨ, ਝਾੜੀਆਂ ਅਤੇ ਖੋਵਾਈ ਪੀ.ਡਬਲਯੂ.ਡੀ. ਦਾ ਖੰਭਾ-ਪਿਛਓਂ ਕਿਸੇ ਦੇ ਦੌੜ ਕੇ ਆਉਣ ਦੀ ਆਵਾਜ਼। ਇੱਕੋ ਬੰਦਾ ਆ ਰਿਹੈ। ਝਾੜਖਾਨੀ ਦਾ ਜੰਗਲ ਅਜੇ ਵੀ ਇਕ ਕੋਹ ਦੂਰ ਏ। ਹੁਣ ਉਸ ਨੂੰ ਲੱਗਿਆ ਕਿ ਜੇ ਉਹ ਜੰਗਲ ’ਚ ਵੜ ਜਾਂਦੀ ਤਾਂ ਜਾਨ ਬਚ ਜਾਂਦੀ। ਉਹਨਾਂ ਨੂੰ ਦੱਸਣਾ ਹੋਵੇਗਾ ਕਿ ਪੁਲਸ ਨੇ ਫੇਰ ਉਹਦੇ ਨਾਂ ਦਾ ਨੋਟਿਸ ਜਾਰੀ ਕੀਤਾ ਏ। ਦੱਸਣਾ ਹੋਵੇਗਾ ਕਿ ਉਹੀ ਹਰਾਮੀ ਸਾਬੵ ਫੇਰ ਆ ਗਿਆ ਹੈ। ਹਾਈਡ ਆਊਟ ਬਦਲਣਾ ਹੋਵੇਗਾ। ਇਸ ਤੋਂ ਬਿਨ੍ਹਾਂ ਸੰਢਾਰਾ ਵਿਚ ਖੇਤ ਮਜ਼ਦੂਰਾਂ ਨੂੰ ਪੈਸੇ ਦੇਣ ਦੀ ਗੱਲ ਨੂੰ ਲੈ ਕੇ ਜਿਹੜਾ ਹੰਗਾਮਾ ਹੋਇਆ ਏ, ਉਸ ਪਿੱਛੋਂ ਉਥੇ ਲਕਸ਼ਮੀ ਬੇਗ ਅਤੇ ਨਾਗਰ ਬੇਗ ਨੂੰ ਸੂਰਯ ਸ਼ਾਹੂ ਬਣਾ ਦੇਣ ਦੀ ਯੋਜਨਾ ਨੂੰ ਵੀ ਕੈਂਸਿਲ ਕਰਨਾ ਹੋਵੇਗਾ। ਸੋਮਈ ਅਤੇ ਬੁਧਨਾ ਸਾਰਾ ਕੁਛ ਜਾਣਦੇ ਸਨ। ਦ੍ਰੌਪਦੀ ਦੀ ਛਾਤੀ ਵਿਚ ਜਿਵੇਂ ਕਿਸੇ ਗੰਭੀਰ ਮੁਸੀਬਤ ਦੀ ਅਰਜੈਂਸੀ ਧੱਕ-ਧੱਕ ਕਰ ਰਹੀ ਏ। ਉਸਨੂੰ ਲੱਗਿਆ ਕਿ ਸੋਮਈ ਅਤੇ ਬੁਧਨਾ ਸੰਥਾਲ ਹੋ ਕੇ ਵੀ ਉਸ ਨਾਲ ਜੋ ਹਰਾਮੀਪੁਣਾ ਕਰਨਗੇ ਉਸ ਲਈ ਇਸ ਤੋਂ ਜ਼ਿਆਦਾ ਦੀ ਸ਼ਰਮ ਗੱਲ ਕੋਈ ਨਹੀਂ। ਦ੍ਰੌਪਦੀ ਦਾ ਖੂਨ ਚੰਪਾ ਭੂਮੀ ਦਾ ਪਵਿੱਤਰ ਕਾਲਾ ਖੂਨ ਏ, ਇਕਦਮ ਖਾਲਸ। ਚੰਪਾ ਤੋਂ ਬਾਂਕੁਲੀ ਕਿੰਨੇ ਲੱਖ ਚੰਦਾਂ ਦੇ ਉਗਣ ਅਤੇ ਡੁੱਬਣ ਦਾ ਰਸਤਾ ਏ। ਖੂਨ ਵਿਚ ਮਿਲਾਵਟ ਹੋ ਸਕਦੀ ਸੀ, ਪਰ ਨਹੀਂ ਹੋਈ। ਦ੍ਰੌਪਦੀ ਨੂੰ ਆਪਣੇ ਪੁਰਖਿਆਂ ’ਤੇ ਮਾਣ ਮਹਿਸੂਸ ਹੋਇਆ ਜੋ ਆਪਣੀਆਂ ਇਸਤਰੀਆਂ ਦੇ ਖੂਨ ਦੀ ਸ਼ੁੱਧਤਾ ’ਤੇ ਪਹਿਰਾ ਦਿੰਦੇ ਸਨ। ਸੋਮਈ ਅਤੇ ਬੁਧਨਾ ਨਾਰਾਜ਼ ਹਨ। ਨਹੀਂ ਤਾਂ ਕਾਂ ਬੇਸ਼ਕ ਕਾਂ ਦਾ ਮਾਸ ਖਾਵੇ ਪਰ ਇੱਕ ਸੰਥਾਲ ਦੂਜੇ ਸੰਥਾਲ ਨੂੰ ਫੜਾਉਣ ਵਰਗਾ ਹਰਾਮੀ ਕੰਮ ਨਹੀਂ ਕਰ ਸਕਦਾ।
ਪਿਛੇ ਫੇਰ ਪੈੜਚਾਲ। ਪੈਰਾਂ ਦੇ ਆਵਾਜ਼ ਅਤੇ ਦ੍ਰੌਪਦੀ ਵਿਚਾਲੇ ਇੱਕ ਹੀ ਪਰਦਾ। ਦ੍ਰੌਪਦੀ ਦੇ ਪੱਲੇ ਵਿਚ ਚੌਲ ਬੰਨ੍ਹੇ ਨੇ ਅਤੇ ਉਹਦੀ ਗੁਥਲੀ ਵਿਚ ਤੰਬਾਖੂ ਦੇ ਪੱਤੇ ਹਨ। ਅਰਿਜਿਤ, ਮਾਲਿਨੀ, ਸ਼ਾਮੂ, ਮੋਂਟੂ-ਕੋਈ ਵੀ ਬੀੜੀ-ਸਿਗਰਟ ਜਾਂ ਚਾਹ ਨਹੀਂ ਪੀਂਦਾ। ਬਸ ਤੰਬਾਖੂ ਦਾ ਪੱਤਾ ਜਾਂ ਚੂਨਾ। ਕਾਗਜ ਦੀ ਇਕ ਪੁੜੀ ਵਿਚ ਅਲਕੂਲੀ ਦੇ ਬੀਜ ਕੁੱਟ ਕੇ ਰੱਖੇ ਹੋਏ ਸਨ ਜਿਨ੍ਹਾਂ ਨੂੰ ਉਸਨੇ ਗੁਥਲੀ ਵਿਚ ਤੁੰਨ ਲਿਆ ਸੀ। ਬਿੱਛੂ ਦੇ ਕੱਟਣ ਦੀ ਪੇਟੈਂਟ ਦਵਾਈ। ਕੁਝ ਵੀ ਉਹਨਾਂ ਤੱਕ ਨਹੀਂ ਪੁੱਜ ਸਕੇਗਾ।
ਦੌੌਪਦੀ ਖੱਬੇ ਘੁੰਮੀ। ਉਸ ਪਾਸੇ ਦੋ ਮੀਲ ਦੂਰ ਕੈਂਪ ਸੀ। ਇਹ ਰਾਹ ਜੰਗਲ ਨੂੰ ਜਾਂਦਾ ਸੀ ਪਰ ਦ੍ਰੌਪਦੀ ਨਹੀਂ ਚਾਹੁੰਦੀ ਸੀ ਕਿ ਉਸ ਦੇ ਮਗਰ ਆ ਰਿਹਾ ‘ਖੋਤਾ’ ਵੀ ਜੰਗਲ ’ਚ ਦਾਖਲ ਹੋਵੇ।
ਜਾਨ ਦੀ ਸਹੁੰ ਦੂਲਨਾ, ਕੁਝ ਵੀ ਨਹੀਂ ਦੱਸਾਂਗੀ। ਪਿੱਛੇ ਆਉਂਦੀ ਪੈੜ ਚਾਲ ਵੀ ਖੱਬੇ ਮੁੜੀ। ਦ੍ਰੌਪਦੀ ਨੇ ਲੱਕ ’ਤੇ ਹੱਥ ਰੱਖਿਆ। ਹਥੇਲੀ ਵਿਚ ਚੰਦਰਮਾ ਵਰਗੇ ਟੇਢੇ ਦਾਤਰ ਦੀ ਚੋਭ ਨੇ ਉਸਨੂੰ ਨਿਸ਼ਚਿੰਤ ਕੀਤਾ। ਦਾਤਰ ਨਹੀਂ, ਦਾਤਰ ਦਾ ਬੱਚਾ। ਝਾੜਖਾਨੀ ਦੇ ਲੋਹਾਰ ਚੰਗੀ ਦਾਤਰ ਬਣਾਉਂਦੇ ਨੇ। ਅਜਿਹੀ ਸਾਨ ਚੜਾਉਂਗਾ ਅੰਮੀਂ ਕਿ ਸੈਂਕੜੇ ਦੁਖੀ ਰਾਮਾਂ ਨੂੰ….। ਕਿਸਮਤ ਨਾਲ ਦ੍ਰੌਪਦੀ ਸ਼ਹਿਰੀ ਨਹੀਂ ਏ। ਚੰਗੀ ਦਾਤਰ, ਕੁਹਾੜੀ, ਛੁਰੀ ਆਦਿ ਨੂੰ ਬਹੁਤ ਚੰਗੀ ਤਰ੍ਹਾਂ ਪਛਾਣਦੀ ਏ। ਇਹ ਚੁਪਚਾਪ ਕੰਮ ਕਰ ਜਾਂਦੇ ਹਨ। ਦੂਰ ਕੈਂਪ ਦੀ ਰੌਸ਼ਨੀ ਏ। ਦੌ੍ਰਪਦੀ ਉਧਰ ਕਿਉਂ ਜਾ ਰਹੀ ਏ? ਇੱਕ ਮਿੰਟ ਰੁਕਦੀ ਏ ਤੇ ਫਿਰ ਟੇਢ ਵੱਟ ਜਾਂਦੀ ਏ। ‘‘ਹਾਂ। ਰਾਤ ਭਰ ਮੈਂ ਅੱਖਾਂ ਮੀਟੀ ਘੁੰਮਦੀ ਰਹਿ ਸਕਦੀ ਹਾਂ। ਜੰਗਲ ਵਿਚ ਨਹੀਂ ਜਾਵਾਂਗੀ ਅਤੇ ਨਾ ਹੀ ਰਸਤਾ ਭੁੱਲਾਂਗੀ। ਹਫਾਂਗੀ ਵੀ ਨਹੀਂ। ਤੂੰ ਸਾਲਾ ਹਰਾਮੀ ਦੁਨੀਆਂ ਦੀ ਮਾਇਆ ਵਿਚ ਮਰ ਰਿਹਾ ਏਂ। ਤੂੰ ਮੇਰੇ ਪਿੱਛੇ ਸਵਾਹ ਤੁਰੇਂਗਾ? ਤੇਰਾ ਸਾਹ ਫੁੱਲਿਆ ਤਾਂ ਖੱਡ ਵਿਚ ਸੁਟ ਕੇ ਖਤਮ ਕਰ ਦਿਆਂਗੀ ਤੈਨੂੰ।’’
ਕੁੱਝ ਵੀ ਕਿਹਾ ਨਹੀਂ ਜਾ ਸਕੇਗਾ। ਉਹ ਨਵਾਂ ਕੈਂਪ ਦੇਖ ਆਈ ਏ? ਅਤੇ ਬਸ ਅੱਡੇ ’ਤੇ ਬੈਠ ਕੇ ਬੀੜੀ ਪੀਂਦੇ ਨੇੜੇ-ਤੇੜੇ ਦੇ ਲੋਕਾਂ ਨਾਲ ਗੱਪਸ਼ੱਪ ਕਰਕੇ ਪਤਾ ਕਰ ਆਈ ਏ ਕਿ ਪੁਲਸ ਦੀਆਂ ਕਿੰਨੀਆਂ ਗੱਡੀਆਂ ਤੇ ਕਿੰਨੀਆਂ ਵਾਇਰਲੈਸ ਵੈਨਾਂ ਆਈਆਂ ਨੇ। ਬੰਡਾ ਚਾਰ, ਪਿਆਜ ਸੱਤ ਅਤੇ ਮਿਰਚਾਂ ਪੰਜਾਹ… ਸਿੱਧਾ ਹਿਸਾਬ ਏ। ਇਹ ਸਾਰਾ ਕੁਛ ਵੀ ਮੈਂ ਉਹਨਾਂ ਨੂੰ ਦੱਸ ਨਹੀਂ ਸਕਾਂਗੀ। ਮੇਰੇ ਨਾ ਪਹੁੰਚਣ ਤੋਂ ਉਹ ਸਮਝ ਤਾਂ ਜਾਣਗੇ ਕਿ ਦ੍ਰੌਪਦੀ ਮੇਝੇਨ ਕਾਊਂਟਰ ਹੋ ਗਈ ਤੇ ਉਹ ਭੱਜ ਜਾਣਗੇ। ਅਰਿਜਿਤ ਨੇ ਕਿਹਾ ਸੀ ਜੇਕਰ ਕੋਈ ਫੜ੍ਹਿਆ ਜਾਵੇ ਤਾਂ ਇੱਕ ਖਾਸ ਟਾਈਮ ਤੱਕ ਉਸਦਾ ਇੰਤਜ਼ਾਰ ਕਰਕੇ ਦੂਸਰੇ ਲੋਕ ਹਾਈਡ ਆਉਟ ਚੇਂਜ ਕਰ ਲੈਣਗੇ। ਕਾਮਰੇਡ ਦ੍ਰੌਪਦੀ ਜੇ ਦੇਰ ਕਰਕੇ ਆਵੇਂ ਤਾਂ ਅਸੀਂ ਇਹ ਥਾਂ ਛੱਡ ਦੇਵਾਂਗੇ। ਕਿਥੇ ਜਾ ਰਹੇ ਹਾਂ, ਇਸ ਦੀ ਨਿਸ਼ਾਨੀ ਛੱਡ ਜਾਵਾਂਗੇ। ਕੋਈ ਕਾਮਰੇਡ ਆਪਣੇ ਲਈ ਦੂਸਰੇ ਕਾਮਰੇਡਾਂ ਨੂੰ ਨਸ਼ਟ ਨਹੀਂ ਹੋਣ ਦੇਵੇਗਾ।
ਝਰਨੇ ਦੀ ਕਲ-ਕਲ ਦੀ ਆਵਾਜ਼ ਸੁਣਾਈ ਦੇ ਰਹੀ ਹੈ ਅਤੇ ਉਸਦੇ ਨਾਲ ਹੀ ਅਰਿਜਿਤ ਦੀ ਆਵਾਜ਼ ਗੂੰਜ ਰਹੀ ਏ, “ਪੱਥਰ ਦੇ ਥੱਲੇ ਦੱਬ ਕੇ ਰੱਖੇ ਲੱਕੜ ਦੇ ਤੀਰ ਦਾ ਫਲ ਜਿਹੜੀ ਦਿਸ਼ਾ ਵੱਲ ਹੋਵੇਗਾ ਉਸੇ ਦਿਸ਼ਾ ਵਿਚ ਹਾਈਡ-ਆਉਟ ਲੱਭਣ ਲਈ ਜਾਵਾਂਗੇ।’’
ਇਹ ਦ੍ਰੌਪਦੀ ਨੂੰ ਪਸੰਦ ਏ, ਉਹਦੀ ਸਮਝ ’ਚ ਆਉਂਦਾ ਏ। ਦੂਲਨ ਮਾਰਿਆ ਗਿਆ, ਕਿਸੇ ਨੂੰ ਮਾਰ ਕੇ ਨਹੀਂ ਮਰਿਆ। ਇਸ ਲਈ ਕਿ ਸ਼ੁਰੂ ਤੋਂ ਹੀ ਇਹ ਸਭ ਉਸਦੇ ਦਿਮਾਗ ਵਿਚ ਨਹੀਂ ਸੀ ਆਇਆ। ਨਹੀਂ ਤਾਂ ਕਿਸੇ ਹਮਲੇ ਵਿਚ ਜਾ ਕੇ ਕਾਊਂਟਰ ਹੁੰਦਾ। ਹੁਣ ਜੋ ਅਸੂਲ ਬਣੇ ਹਨ ਉਹ ਸਖਤ ਹੁੰਦੇ ਹੋਏ ਵੀ ਅਸਾਨ ਤੇ ਸਮਝ ਵਿਚ ਆਉਣ ਦੇ ਕਾਬਿਲ ਨੇ। ਦ੍ਰੌਪਦੀ ਵਾਪਸ ਆਈ ਤਾਂ ਠੀਕ, ਨਹੀਂ ਆਈ ਤਾਂ ਬੁਰਾ। ਚੇਂਜ ਦਾ ਹਾਈਡ ਆਉਟ। ਨਿਸ਼ਾਨੀ ਅਜਿਹੀ ਹੋਵੇਗੀ ਕਿ ਵਿਰੋਧੀ ਦੇਖ ਹੀ ਨਹੀਂ ਸਕਣਗੇ। ਜੇ ਦੇਖ ਵੀ ਲੈਣ ਤਾਂ ਸਮਝ ਨਹੀਂ ਸਕਣਗੇ।
ਪਿੱਛੋਂ ਪੈੜਚਾਲ ਸੁਣੀ। ਦ੍ਰੌਪਦੀ ਫੇਰ ਘੁੰਮੀ। ਸਾਢੇ ਤਿੰਨ ਮੀਲ ’ਚ ਫੈਲਿਆ ਇਹ ਉੱਚਾ-ਨੀਵਾਂ ਮੈਦਾਨ ਖੋਆਈ ਦੇ ਜੰਗਲ ਵਿਚ ਵੜਨ ਦੀ ਪੈਰ ਡੰਡੀ ਏ। ਦ੍ਰੋਪਦੀ ਉਸ ਰਸਤੇ ਨੂੰ ਛੱਡ ਕੇ ਅਗਾਂਹ ਵੱਧ ਗਈ। ਸਾਹਮਣੇ ਥੋੜੀ ਜਿਹੀ ਪੱਧਰ ਜ਼ਮੀਨ ਏ, ਉਸ ਪਿੱਛੋਂ ਫੇਰ ਖੋਆਈ ਦਾ ਜੰਗਲ। ਅਜਿਹੀ ਉਚੀ ਨੀਵੀਂ ਥਾਂ ਤੇ ਆਰਮੀ ਨੇ ਕਦੇ ਕੈਂਪ ਨਹੀਂ ਲਾਇਆ। ਇਧਰ ਕਾਫੀ ਉਜਾੜ ਹੈ। ਭੁੱਲ-ਭੁਲੇਖੇ ਜਿਹੇ, ਛੋਟੀਆਂ-ਛੋਟੀਆਂ ਝਾੜੀਆਂ ਵਿਚ ਇਕੋ ਜਿਹੇ ਦਿਸਦੇ ਮਿੱਟੀ ਦੇ ਅਨੇਕ ਉੱਚੇ ਢੇਰ ਸਨ। ਠੀਕ ਏ ਦ੍ਰੌਪਦੀ ਇਸ ਬਦਮਾਸ਼ ਨੂੰ ਸ਼ਮਸ਼ਾਨ ਪਹੁੰਚਾ ਕੇ ਰਵ੍ਹੇਗੀ। ਪਤਿਤ ਪਾਵਨ ਨੂੰ ‘ਸ਼ਮਸ਼ਾਨ ਕਾਲੀ’ ਦੇ ਨਾ ’ਤੇ ਹੀ ਬਲੀ ਚੜ੍ਹਾਇਆ ਗਿਆ ਸੀ।
‘‘ਏਪਿ੍ਰਹੈਂਡ’’
ਮਿੱਟੀ ਦੇ ਢੇਰਾਂ ਵਿਚੋਂ ਇੱਕ ਉਠ ਖੜਾ ਹੋਇਆ। ਫੇਰ ਇੱਕ ਹੋਰ। ਫਿਰ ਇੱਕ ਹੋਰ। ਤਜਰਬੇਕਾਰ ਸੈਨਾਪਤੀ, ਇੱਕੋ ਵੇਲੇ ਖੁਸ਼ ਵੀ ਤੇ ਨਿਰਾਸ਼ ਵੀ। “ਇਫ ਯੂ ਵਾਂਟ ਟੂ ਡਿਸਟ੍ਰਾਏ ਦਿ ਏਨਿਮੀ ਬਿਕਮ ਵਨ ਆਫ ਦੈਮ।’’ (ਜੇ ਤੁਸੀਂ ਦੁਸ਼ਮਣ ਨੂੰ ਮਾਰਨਾ ਚਾਹੁੰਦੇ ਹੋ ਤਾਂ ਉਸ ਵਰਗੇ ਹੀ ਬਣ ਜਾਓ) ਸੈਨਾਪਤੀ ਦੁਸ਼ਮਣ ਦੇ ਨਾਲ ਇੱਕਮਿੱਕ ਹੋ ਗਏ ਸਨ। ਛੇ ਸਾਲ ਪਹਿਲਾਂ ਵੀ ਉਹ ਉਹਨਾਂ ਦੀ ਹਰ ਗਤੀਵਿਧੀ ਦਾ ਅੰਦਾਜ਼ਾ ਲਾ ਸਕਦੇ ਸਨ ਤੇ ਅੱਜ ਵੀ ਲਾ ਰਹੇ ਹਨ, ਖੁਸ਼ੀ ਦੀ ਗੱਲ ਹੈ। ਸਾਹਿਤ ਨਾਲ ਜੁੜੇ ਹੋਣ ਕਰਕੇ ‘ਕਰਸਡ ਬਲੱਡ’ ਪੜ੍ਹ ਕੇ ਉਹਨਾਂ ਨੇ ਆਪਣੀ ਵਿਚਾਰਧਾਰਾ ਅਤੇ ਕਾਰਜ ਪ੍ਰਣਾਲੀ ਦਾ ਸਮਰਥਨ ਦੇਖ ਲਿਆ ਏ।
ਦ੍ਰੌਪਦੀ ਉਹਨਾਂ ਨੂੰ ਧੋਖਾ ਨਹੀਂ ਦੇ ਸਕੀ, ਇਹ ਹੈ ਦੁੱਖ ਅਤੇ ਨਿਰਾਸ਼ਾ ਦਾ ਕਾਰਨ। ਕਾਰਨ ਦੋ ਤਰ੍ਹਾਂ ਦੇ ਨੇ। ਛੇ ਸਾਲ ਪਹਿਲਾਂ ਦਿਮਾਗ ਵਿਚ ਇਕੱਠੇ ਹੋਏ ਅੰਕੜਿਆਂ ਦੇ ਆਧਾਰ ’ਤੇ ਲਿਖਿਆ ਉਨ੍ਹਾਂ ਇੱਕ ਦਾ ਨਿਬੰਧ ਛਪਿਆ ਸੀ। ਇਸ ਵਿੱਚ ਉਹਨਾਂ ਨੇ ਇਸ ਸਾਬਤ ਕੀਤਾ ਸੀ ਕਿ ਉਹ ਅੱਤਵਾਦੀਆਂ ਦੇ ਸੰਘਰਸ਼ ਦੇ ਨਜ਼ਰੀਏ ਤੋਂ ਉਹ ਉਨ੍ਹਾਂ ਦੇ ਸਮਰਥਕ ਹਨ। ਦ੍ਰੌਪਦੀ ਅੱਤਵਾਦੀ ਏ, ਵੈਟਰਨ ਫਾਈਟਰ। ਮਾਰਚ ਐਂਡ ਡਿਸਟ੍ਰਾਏ। ਦ੍ਰੌਪਦੀ ਮੇਝੇਨ ਏਪਿਰਹੈਂਡ ਹੋਣ ਵਾਲੀ ਏ। ਡਿਸਟ੍ਰਾਏ ਹੋਵੇਗੀ। ਦੁੱਖ ਦੀ ਗੱਲ ਏ।
“ਹਾਲਟ।’’
ਦ੍ਰੌਪਦੀ ਇਕਦਮ ਖੜ੍ਹੀ ਹੋ ਗਈ। ਪਿੱਛੇ ਸੁਣਦੀ ਪੈੜਚਾਲ ਘੁੰਮ ਕੇ ਸਾਹਮਣੇ ਆ ਖੜ੍ਹੀ। ਦ੍ਰੌਪਦੀ ਦੀ ਛਾਤੀ ਵਿਚ ਜਿਵੇਂ ਕੇਨਾਲ ਦਾ ਬੰਨ੍ਹ ਟੁੱਟ ਗਿਆ। ਸੱਤਿਆਨਾਸ। ਸੂਰਯ ਸ਼ਾਹੂ ਦਾ ਭਰਾ ਰੌਤੋਨੀ ਸਾਹੂ ਸੀ। ਸਾਹਮਣੇ ਦੇ ਦੋ ਢੇਰ ਹੋਰ ਅੱਗੇ ਖਿਸਕ ਆਏ, ਸੋਮਈ ਅਤੇ ਬੁਧਨਾ। ਮਤਲਬ ਇਹ ਰੇਲ ਗੱਡੀ ਵਿੱਚ ਬੈਠ ਕੇ ਭੱਜੇ ਨਹੀਂ ਸਨ।
ਅਰਿਜਿਤ ਦਾ ਬੋਲ ਸੁਣਾਈ ਦਿੱਤਾ ‘‘ਜਿੱਤ ਹੋਣ ਤੇ ਜਿਵੇਂ ਰਹੋਗੇ ਹਾਰ ਨੂੰ ਵੀ ਉਹੋ ਜਿਹਾ ਈ ਮੰਨੋਗੇ ਤਾਂ ਬਾਅਦ ਵਿਚ ਉਸੇ ਸਟੇਜ ਤੋਂ ਕੰਮ ਕਰਨਾ ਸ਼ੁਰੂ ਕਰ ਦੇਵੋਗੇ।’’
ਹੁਣ ਦ੍ਰੌਪਦੀ ਦੋਵੇਂ ਹੱਥ ਫੈਲਾ ਕੇ, ਆਕਾਸ਼ ਵੱਲ ਮੂੰਹ ਕਰ ਕੇ ਜੰਗਲ ਵੱਲ ਘੁੰਮੀ ਅਤੇ ਪੂਰੀ ਤਾਕਤ ਨਾਲ ਆਵਾਜ਼ ਦਿੱਤੀ ਇਕ ਵਾਰ, ਦੋ ਵਾਰ, ਤਿੰਨ ਵਾਰ। ਉਸ ਦੀ ਤੀਸਰੀ ਆਵਾਜ਼ ਨਾਲ ਝਾੜਖਾਨੀ ਜੰਗਲ ਦੇ ਇਲਾਕੇ ’ਚ ਦਰਖਤਾਂ ’ਤੇ ਬੈਠੇ ਪੰਛੀਆਂ ਦੀ ਨੀਂਦ ਟੁੱਟ ਗਈ ਅਤੇ ਉਹ ਖੰਭ ਫੜਫੜਾਉਂਦੇ ਹੋਏ ਚੀਕ-ਪੁਕਾਰ ਕਰਨ ਲੱਗੇ। ਦ੍ਰੌਪਦੀ ਦੀ ਪੁਕਾਰ ਦੀ ਧੁਨੀ ਕਾਫ਼ੀ ਦੂਰ ਤੱਕ ਗਈ।
ਤਿੰਨ
ਸ਼ਾਮ ਦੇ ਛੇ ਵੱਜ ਕੇ ਸਤਵੰਜਾ ਮਿੰਟ ’ਤੇ ਦ੍ਰੌਪਦੀ ਮੇਝੇਨ ਏਪਿ੍ਰਹੈਂਡ ਹੋਈ। ਕੈਂਪ ਤੱਕ ਉਸ ਨੂੰ ਲੈ ਜਾਣ ਲਈ ਇਕ ਘੰਟਾ ਲੱਗਿਆ। ਠੀਕ ਇਕ ਘੰਟਾ ਜਿਰਾਹ ਹੁੰਦੀ ਰਹੀ। ਕਿਸੇ ਨੇ ਉਸਨੂੰ ਛੂਹਿਆ ਨਹੀਂ। ਉਸਨੂੰ ਇਕ ਸਟੂਲ ’ਤੇ ਬਿਠਾ ਦਿੱਤਾ ਗਿਆ। ਅੱਠ ਵੱਜ ਕੇ ਸਤਵੰਜਾ ਮਿੰਟ ਤੇ ਸੈਨਾਪਤੀ ਦਾ ਡਿਨਰ ਹੁੰਦਾ ਸੀ। ਉਹਨਾਂ ਨੇ ਕਿਹਾ, ‘ਉਹਨੂੰ “ਬਣਾ ਕੇ’’ ਲੈ ਆਵੋ। ‘ਡੂ ਦਿ ਨੀਡਫੁੱਲ।’ ਕਹਿ ਕੇ ਉਹ ਅੰਤਰ ਧਿਆਨ ਹੋ ਗਏ।
ਇਸ ਦੇ ਬਾਅਦ ਇਕ ਲੱਖ ਚੰਦਰ ਵਰ੍ਹੇ ਬੀਤ ਗਏ, ਇਕ ਲੱਖ ਚੰਦਰ ਵਰ੍ਹੇ। ਲੱਖਾਂ ਪ੍ਰਕਾਸ਼ ਵਰ੍ਹਿਆਂ ਪਿੱਛੋਂ ਦ੍ਰੌਪਦੀ ਨੇ ਅੱਖਾਂ ਖੋਲ੍ਹੀਆਂ। ਕਿੰਨੀ ਹੈਰਾਨੀ ਦੀ ਗੱਲ ਏ ਕਿ ਉਹਨੇ ਆਕਾਸ਼ ਤੇ ਚੰਦਰਮਾ ਨੂੰ ਹੀ ਦੇਖਿਆ! ਫੇਰ ਜਿਵੇਂ ਹੌਲੀ-ਹੌਲੀ ਉਸਦੇ ਦਿਮਾਗ ਵਿੱਚ ਖੁੱਭੀਆਂ ਲਹੂ ਲਿਬੜੀਆਂ ਪਿੰਨਾਂ ਦੇ ਸਿਰੇ ਹਟਣ ਲੱਗੇ। ਹਿੱਲਣ ਦੀ ਕੋਸ਼ਿਸ਼ ਕਰਕੇ ਉਸਨੇ ਜਾਣਿਆ ਕਿ ਉਸਦੇ ਦੋਵੇਂ ਹੱਥ ਅਤੇ ਪੈਰ ਕਿੱਲਿਆਂ ਨਾਲ ਬੰਨ੍ਹੇ ਹੋਏ ਨੇ। ਪਿੱਠ ਅਤੇ ਕਮਰ ਦੇ ਹੇਠਾਂ ਕੋਈ ਚਿਪਚਿਪੀ ਚੀਜ ਫੈਲਰੀ ਪਈ ਹੈ। ਉਸ ਦਾ ਖੁਦ ਦਾ ਖੂਨ। ਸਿਰਫ ਉਹਦੇ ਮੂੰਹ ਵਿਚ ਕੋਈ ਕੱਪੜਾ ਨਹੀਂ ਸੀ ਤੁੰਨਿਆ ਹੋਇਆ। ਭਿਆਨਕ ਪਿਆਸ, ਕਿਤੇ ਉਹ ਪਾਣੀ-ਪਾਣੀ ਨਾ ਚੀਕ ਪਵੇ, ਇਸ ਡਰ ਨਾਲ ਉਸਨੇ ਹੇਠਲਾ ਬੁੱਲ੍ਹ ਦੰਦਾਂ ਦੇ ਵਿਚਾਲੇ ਦੱਬ ਲਿਆ। ਉਹ ਸਮਝ ਗਈ ਕਿ ਉਹਦੀ ਯੋਨੀ ਦੇ ਮੂੰਹ ’ਚੋਂ ਖੂਨ ਵਗ ਰਿਹਾ ਹੈ। ਕਿੰਨੇ ਜਣੇ ਉਸ ਨੂੰ “ਬਣਾਉਣ’’ ਲਈ ਆਏ ਸਨ।
ਸ਼ਰਮ ਨਾਲ ਉਹਦੀਆਂ ਅੱਖਾਂ ਦੇ ਕੋਇਆਂ ਵਿਚੋਂ ਹੰਝੂ ਵਹਿ ਤੁਰੇ। ਚੰਨ ਦੀ ਧੁੰਦਲੀ ਚਾਨਣੀ ਵਿਚ ਧੁੰਦਲੀਆਂ ਅੱਖਾਂ ਨੂੰ ਹੇਠਾਂ ਵੱਲ ਝੁਕਾਉਂਦਿਆਂ ਉਹਨੂੰ ਆਪਣੀਆਂ ਦੋਵੇਂ ਛਾਤੀਆਂ ਦਿਖਾਈ ਦਿੱਤੀਆਂ ਅਤੇ ਉਹ ਸਮਝ ਗਈ। ਹਾਂ। ਉਸਨੂੰ ਠੀਕ ਤਰ੍ਹਾਂ ਨਾਲ “ਬਣਾਇਆ ਗਿਆ’’ ਸੀ। ਹੁਣ ਉਹ ਸੈਨਾਪਤੀ ਨੂੰ ਪਸੰਦ ਆਵੇਗੀ। ਉਸਦਾ ਸਵਾਦ ਉਹਨੂੰ ਚੰਗਾ ਲੱਗੇਗਾ। ਉਹਦੀਆਂ ਦੋਵੇਂ ਛਾਤੀਆਂ ਵੱਢਣ-ਟੁੱਕਣ ਨਾਲ ਲਹੂ-ਲੁਹਾਣ ਹੋਈਆਂ ਪਈਆਂ ਸਨ। ਕਿੰਨੇ ਲੋਕ? ਚਾਰ-ਪੰਜ, ਛੇ-ਸੱਤ। ਇਸ ਤੋਂ ਬਾਅਦ ਦ੍ਰੌਪਦੀ ਬੇਹੋਸ਼ ਹੋ ਗਈ ਸੀ।
ਉਸਨੇ ਆਪਣੀਆਂ ਅੱਖਾਂ ਘੁਮਾਈਆਂ ਤਾਂ ਉਸਦੇ ਕੁਝ ਚਿੱਟਾ ਜਿਹਾ ਨਜਰੀਂ ਪਿਆ। ਇਹ ਉਸ ਦੇ ਕੱਪੜੇ ਸਨ। ਹੋਰ ਕੁਝ ਉਸਨੇ ਨਹੀਂ ਦੇਖਿਆ। ਅਚਾਨਕ ਉਸਨੇ ਈਸ਼ਵਰ ਦੀ ਕਿਰਪਾ ਦੀ ਆਸ ਕੀਤੀ। ਸ਼ਾਇਦ ਉਹ ਲੋਕ ਉਸਨੂੰ ਸੁੱਟ ਕੇ ਚਲੇ ਗਏ ਨੇ ਤਾਂ ਜੋ ਮਾਸ ਖੋਰੇ ਜਾਨਵਰ ਉਸਨੂੰ ਖਾ ਜਾਣ। ਪਰ ਉਸ ਦੇ ਕੰਨਾਂ ਵਿਚ ਪੈਰ ਘੜੀਸਨ ਦੀ ਆਵਾਜ਼ ਆਈ। ਉਹਨੇ ਗਰਦਨ ਮੋੜੀ ਤੇ ਦੇਖਿਆ ਬੋਨੈਟ ’ਤੇ ਭਾਰ ਦੇਈ ਖੜ੍ਹਾ ਸੰਤਰੀ ਉਸ ਵੱਲ ਦੇਖ ਕੇ ਹੱਸ ਰਿਹਾ ਏ। ਦ੍ਰੌਪਦੀ ਨੇ ਅੱਖਾਂ ਮੀਟ ਲਈਆਂ। ਜ਼ਿਆਦਾ ਦੇਰ ਉਡੀਕਣਾ ਨਹੀਂ ਪਿਆ। ਫੇਰ “ਬਣਾ ਕੇ ਲੈ ਆਉਣ’’ ਦਾ ਕੰਮ ਸ਼ੁਰੂ ਹੋ ਗਿਆ। ਹੁੰਦਾ ਰਿਹਾ। ਥੋੜ੍ਹੀ ਜਿਹੀ ਚਾਨਣੀ ਹੋਰ ਉੱਗਲ ਕੇ ਚੰਦ ਸੌਣ ਚਲਿਆ ਗਿਆ। ਰਹਿ ਗਿਆ ਕੇਵਲ ਹਨੇਰਾ। ਹੱਥ-ਪੈਰ ਬੰਨ੍ਹ ਕੇ ਲੰਮੀ ਪਾਈ ਗਈ ਇਕ ਪੱਥਰ ਹੋਈ ਔਰਤ ਦੀ ਦੇਹ ਅਤੇ ਉਸ ਉੱਪਰ ਕਾਰਜਸ਼ੀਲ ਮਾਸ ਦਾ ਪਿਸਟਨ ਉਠਦਾ ਏ, ਡਿੱਗਦਾ ਏ, ਉਠਦਾ ਏ, ਡਿੱਗਦਾ ਏ।
ਫਿਰ ਸਵੇਰਾ ਹੁੰਦਾ ਏ।
ਇਸ ਪਿੱਛੋਂ ਦ੍ਰੌਪਦੀ ਮੇਝੇਨ ਨੂੰ ਤੰਬੂ ਵਿਚ ਲੈ ਜਾਇਆ ਜਾਂਦਾ ਏ ਅਤੇ ਘਾਹ ’ਤੇ ਰੋੜ੍ਹ ਦਿੱਤਾ ਜਾਂਦਾ ਹੈ। ਦੇਹ ਦੇ ਉੱਤੇ ਉਹਦੇ ਕੱਪੜੇ ਵੀ ਸੁੱਟ ਦਿੱਤੇ ਜਾਂਦੇ ਨੇ।
ਉਹਦੇ ਬਾਅਦ ਬ੍ਰੇਕਫਾਸਟ, ਅਖਬਾਰ ਦੀ ਨਜ਼ਰਸਾਨੀ ਅਤੇ ਰੇਡੀਓ ਮੈਸੇਜ, “ਦ੍ਰੌਪਦੀ ਮੇਝੇਨ ਏਪਿ੍ਰਹੈਂਡੇਡ।’’ ਸਮਾਚਾਰ ਭੇਜਣ ਪਿੱਛੋਂ ਦ੍ਰੌਪਦੀ ਮੇਝੇਨ ਨੂੰ ਲੈ ਕੇ ਆਉਣ ਦਾ ਹੁਕਮ ਹੋਇਆ।
ਪਰ ਅਚਾਨਕ ਸਭ ਕੁਝ ਗੜਬੜ ਹੋ ਗਿਆ।
ਸਿਪਾਹੀ ਦੇ ‘‘ਚੱਲ’’ ਕਹਿੰਦਿਆਂ ਈ ਦ੍ਰੌਪਦੀ ਉਠ ਬੈਠੀ ਅਤੇ ਪੁੱਛਿਆ, “ਕਿਥੇ ਜਾਣ ਨੂੰ ਕਹਿ ਰਿਹਾ ਏਂ?’’
ਵੱਡੇ ਸਾਹਬ ਦੇ ਤੰਬੂ ਵਿਚ।
ਤੰਬੂ ਕਿਥੇ ਵੇ?
ਉਥੇ।
ਦ੍ਰੌਪਦੀ ਲਾਲ-ਲਾਲ ਅੱਖਾਂ ਨਾਲ ਘੂਰ ਕੇ ਦੇਖਦੀ ਏ। ਤੰਬੂ ਕੋਲ ਹੀ ਏ। ਫੇਰ ਕਹਿੰਦੀ ਏ ‘‘ਚੱਲ ਚੱਲਦੀ ਹਾਂ।’’
ਸੰਤਰੀ ਪਾਣੀ ਦਾ ਗੜਵਾ ਅੱਗੇ ਕਰਦਾ ਹੈ।
ਦ੍ਰੌਪਦੀ ਉਠ ਖੜੀ ਹੁੰਦੀ ਏ, ਪਾਣੀ ਦਾ ਗੜਵਾ ਲੈ ਕੇ ਉਲੱਦ ਦਿੰਦੀ ਏ, ਸਾਰਾ ਪਾਣੀ ਰੁੜ੍ਹ ਜਾਂਦਾ ਹੈ। ਆਪਣੇ ਕੱਪੜੇ ਦੰਦਾਂ ਨਾਲ ਖਿੱਚ-ਖਿੱਚ ਕੇ ਪਾੜਦੀ ਹੈ। ਉਸਦਾ ਇਹ ਵਿਹਾਰ ਦੇਖ ਕੇ ‘ਪਾਗਲ ਹੋ ਗਈ ਓਏ’ ਕਹਿੰਦਾ ਸੰਤਰੀ ਆਦੇਸ਼ ਲੈਣ ਭੱਜਦਾ ਏ। ਉਹ ਕੈਦੀ ਨੂੰ ਲਿਜਾ ਸਕਦਾ ਏ ਪਰ ਕੋਈ ਇਹੋ ਜਿਹੇ ਅਜੀਬ ਕੰਮ ਕਰੇ ਤਾਂ ਕੀ ਕਰਨਾ ਚਾਹੀਦਾ ਏ ਇਹ ਉਸਨੂੰ ਨਹੀਂ ਪਤਾ। ਇਸ ਲਈ ਉਹ ਉਪਰ ਵਾਲਿਆਂ ਤੋਂ ਪੁੱਛਣ ਲਈ ਭੱਜਦਾ ਹੈ।
ਜੇਲ੍ਹ ਵਿਚ ਖਤਰੇ ਦੀ ਘੰਟੀ ਵੱਜਣ ’ਤੇ ਜਿਵੇਂ ਭਾਜੜ ਪੈਂਦੀ ਹੈ ਉਹੋ ਜਿਹੀ ਹੀ ਭੱਜ-ਦੌੜ ਸ਼ੁਰੂ ਹੋ ਗਈ ਹੈ। ਸੈਨਾਪਤੀ ਹੈਰਾਨ ਹੋ ਕੇ ਆਪਣੇ ਤੰਬੂ ਚੋਂ ਬਾਹਰ ਆਇਆ ਅਤੇ ਸੂਰਜ ਦੀ ਰੌਸ਼ਨੀ ਵਿਚ ਨਗਨ ਦ੍ਰੌਪਦੀ ਨੂੰ ਦੇਖਿਆ। ਉਹ ਸਿਰ ਉੱਚਾ ਕਰੀ ਉਸੇ ਵੱਲ ਆ ਰਹੀ ਸੀ ਤੇ ਡੌਰ-ਭੌਰ ਹੋਇਆ ਸੰਤਰੀ ਉਸਦੇ ਮਗਰ-ਮਗਰ ਥੋੜ੍ਹੀ ਵਿੱਥ ’ਤੇ।
‘‘ਇਹ ਕੀ?’’ ਕਹਿੰਦੇ-ਕਹਿੰਦੇ ਉਹ ਰੁਕ ਗਏ।
ਦ੍ਰੌਪਦੀ ਆ ਕੇ ਉਹਦੇ ਸਾਹਮਣੇ ਖੜ੍ਹੀ ਹੋ ਗਈ। ਨਿਰਵਸਤਰ ਦ੍ਰੌਪਦੀ ਅਤੇ ਉਹਦੇ ਯੋਨੀ ਦੇ ਵਾਲਾਂ ਉਤੇ ਖੂਨ ਦੇ ਧੱਬੇ, ਦੋਵੇਂ ਛਾਤੀਆਂ ਇਉਂ ਦਿੱਸੀਆਂ ਜਿਵੇਂ ਵੱਡੇ-ਵੱਡੇ ਜ਼ਖ਼ਮ ਹੋਣ
‘‘ਇਹ ਕੀ?’’ ਉਹ ਧਮਕੀ ਭਰੇ, ਲਹਿਜ਼ੇ ਵਿਚ ਕਹਿੰਦੇ ਨੇ।
ਦ੍ਰੌਪਦੀ ਉਹਦੇ ਹੋਰ ਕੋਲ ਆਉਂਦੀ ਏ। ਲੱਕ ਤੇ ਹੱਥ ਰੱਖ ਕੇ ਹੱਸਦੀ ਏ ਫੇਰ ਕਹਿੰਦੀ ਏ ‘‘ਤੂੰ ਜਿਸ ਨੂੰ ਫੜ੍ਹਨਾ ਚਾਹੁੰਦਾ ਸੀ, ਮੈਂ ਉਹੀ ਦ੍ਰੌਪਦੀ ਮੇਝੇਨ ਹਾਂ। “ਬਣਾ ਕੇ ਲਿਆਉਣ’’ ਲਈ ਕਿਹਾ ਸੀ ਨਾ, ਦੇਖੇਂਗਾ ਨਹੀਂ ਕਿਵੇਂ “ਬਣਾਇਆ’’ ਏ ?’’
‘‘ਇਸਦੇ ਕੱਪੜੇ ਕਿੱਥੇ ਨੇ?’’
‘‘ਪਾਉਂਦੀ ਨਹੀਂ ਏ ਸਰ, ਪਾੜ ਦਿੱਤੇ ਨੇ।
ਦ੍ਰੌਪਦੀ ਦਾ ਕਾਲਾ ਸ਼ਰੀਰ ਹੋਰ ਕੋਲ ਨੂੰ ਆਉਂਦਾ ਏ, ਦ੍ਰੌਪਦੀ ਇਕਦਮ ਸਮਝੋਂ ਬਾਹਰੀ ਹੋ ਰਹੀ ਏ। ਸੈਨਾਪਤੀ ਉਸਨੂੰ ਸਮਝਣ ਜੋਗਾ ਨਹੀਂ। ਦ੍ਰੌਪਦੀ ਇਕ ਭਿਆਨਕ ਹਾਸੇ ਨਾਲ ਕੰਬ ਉੱਠਦੀ ਏ। ਹੱਸਣ ਨਾਲ ਉਸਦੇ ਵੱਢੇ-ਟੁੱਕੇ ਬੁੱਲ੍ਹਾਂ ’ਚੋਂ ਲਹੂ ਕਿਰਦਾ ਏ। ਆਪਣੀ ਹਥੇਲੀ ਨਾਲ ਖੂਨ ਪੂੰਝਦੀ ਹੋਈ ਦ੍ਰੌਪਦੀ ਆਕਾਸ਼ ਪਾੜਵੀਂ ਭਿਆਨਕ ਆਵਾਜ਼ ਵਿਚ ਕਹਿੰਦੀ ਏ, ‘‘ਕੱਪੜੇ ਕੀ ਕਰਨੇ ਐ, ਕੱਪੜੇ? ਨੰਗੀ ਕਰ ਸਕਦਾ ਏ ਤਾਂ ਕੱਪੜੇ ਕਿਵੇਂ ਪੁਆਏਂਗਾ? ਤੂੰ ਆਪਣੇ-ਆਪ ਨੂੰ ਮਰਦ ਸਮਝਦਾ ਏਂ?’’
ਚਾਰੇ ਪਾਸੇ ਦੇਖ ਕੇ ਦ੍ਰੌਪਦੀ ਨੇ ਖੂਨ ਨਾਲ ਭਰਿਆ ਥੁੱਕ ਸੁੱਟਣ ਲਈ ਸੈਨਾਪਤੀ ਦੀ ਚਿੱਟੀ ਦੁੱਧ ਵਰਗੀ ਕਮੀਜ਼ ਨੂੰ ਚੁਣਿਆ ਅਤੇ ਠੀਕ ਉਸੇ ਜਗ੍ਹਾ ਥੁੱਕ ਕੇ ਉਹਨੇ ਕਿਹਾ, “ਜਦੋਂ ਇੱਥੇ ਕੋਈ ਮਰਦ ਹੈ ਈ ਨਹੀਂ ਤਾਂ ਸ਼ਰਮ ਕਿਸ ਤੋਂ ਕਰਾਂ? ਕੱਪੜੇ ਨਹੀਂ ਪਾਵਾਂਗੀ ਮੈਂ। ਹੋਰ ਕੀ ਕਰੇਂਗਾ ਤੂੰ? ਕਾਊਂਟਰ?…. ਲੈ ਕਰ ਕਾਉਂਟਰ… ਕਰ ਕਾਉਂਟਰ…।’’
ਦ੍ਰੌਪਦੀ ਆਪਣੀਆਂ ਦੋਵੇਂ ਜਖ਼ਮੀ ਛਾਤੀਆਂ ਨਾਲ ਸੈਨਾਪਤੀ ਨੂੰ ਧੱਕਣ ਲੱਗੀ ਅਤੇ ਸੈਨਾਪਤੀ ਪਹਿਲੀ ਵਾਰ ਬੇਹਥਿਆਰੇ ਟਾਰਗੇਟ ਦੇ ਸਾਹਵੇਂ ਖੜ੍ਹਾ ਹੋਣ ਤੋਂ ਡਰ ਗਿਆ।

ਕਵਿਤਾ
ਲਾਸਾਂ ਦੀ ਇਬਾਰਤ ਪੜ੍ਹਦਿਆਂ

  • ਪਿ੍ਰੰਸੀਪਲ. ਡਾ. ਨਵਜੋਤ ਕੌਰ
    ਅੰਨ੍ਹਦਾਤਾ ਦੇ
    ਨੰਗੇ ਜਿਸਮ ਤੇ ਡਾਂਗਾਂ ਨਾਲ
    ਲਿਖੀ ਲਾਸਾਂ ਦੀ ਇਬਾਰਤ ਨੂੰ
    ਬਾਰ ਬਾਰ ਪੜ੍ਹਦਿਆਂ
    ਦਰਦ ਨਾਲ ਵਿੰਨੇ ਗਏ
    ਮੇਰੇ ਕੋਮਲ ਅਹਿਸਾਸ
    ਹੁਣ ਕਰ ਰਹੇ ਹਨ
    ਨਿਸ਼ਾਨਦੇਹੀ ਆਜ਼ਾਦ ਭਾਰਤ ਦੇ
    ਜਨਰਲ ਡਾਇਰ ਦੀ।
    ਦਾਨਵਾਂ ਦੀ ਰਾਜਨੀਤੀ ਤੇ
    ਬੇ-ਲਗਾਮ ਅਫ਼ਸਰਸ਼ਾਹੀ
    ਹੋ ਗਈ ਫਿਰ ਰਲਗੱਡ।
    ਹੋ ਗਈ ਪਹਿਚਾਣ
    ਅਜੋਕੇ ਰਕਤਬੀਜ ਦੀ
    ਜਿਸ ਨੇ ਆਪਣੇ ਵਰਗੇ ਖੂੰਖਾਰ
    ਕਿੰਨੇ ਸਿਰ ਹੋਰ ਕੀਤੇ ਤਿਆਰ।
    ਨਿਹੱਥੇ ਦਰਵੇਸ਼ਾਂ ਦੇ
    ਸਿਰ ਭੰਨਣ ਦਾ ਦੇ ਰਹੇ ਹੁਕਮ
    ਅੰਨ੍ਹੇ ਜ਼ਹਿਰੀ ਫੁਰਮਾਨ।
    ਇਹ ਮਹਿਜ਼ ਘਟਨਾ ਨਹੀਂ।
    ਇਸ ਦੇ ਓਹਲੇ ’ਚ ਛੁਪੀ
    ਸਾਜਿਸ਼ ਨੂੰ ਕਰਨਾ ਹੈ
    ਅਸੀਂ ਬੇ ਨਕਾਬ
    ਨਿਕਲ ਤਾਂ ਸਕਦੀ ਹੈ
    ਅੱਜ ਵੀ ‘ਕਾਲਕਾ’
    ਪੂਰੇ ਰੋਹ ਵਿੱਚ ਆ ਕੇ
    ਜਨ ਫਤਹਿ ਨਰਸਿੰਘਾ ਵਜਾ ਕੇ
    ਪੀ ਤਾਂ ਸਕਦੀ ਹੈ
    ਹੱਥ ਖੱਪਰ ਫੜ੍ਹ
    ਧਰਤੀ ’ਤੇ ਡਿੱਗਣ ਤੋਂ ਪਹਿਲਾਂ ਹੈਂਸਿਆਰਿਆਂ
    ਜਾਲਮਾਂ ਦੇ ਲਹੂ ਦੀ
    ਇੱਕ ਇੱਕ ਬੂੰ ਦ
    ਕੌਮ ਦੇ ਗਦਾਰੋ !
    ਭਿੜਨਾ ਤਾਂ ਆਉਂਦਾ ਹੈ
    ਸਾਨੂੰ ਵੀ ਸਵਾ ਲੱਖ ਨਾਲ
    ਵਿਸ਼ਵਾਸ਼ ਨਾਲ ਇਕੱਲਿਆਂ
    ਪਰ ਪੀੜੋ-ਪੀੜ ਸਾਡੀ ਆਤਮਾ
    ਸਾਨੂੰ ਲੈ ਤੁਰਦੀ ਹੈ
    ਸ਼ਹੀਦਾਂ ਦੇ ਸਿਰਤਾਜ ਦੀ
    ਸਬਰ ਸਿਦਕ ਨਾਲ
    ਦਿੱਤੀ ਸ਼ਹਾਦਤ ਵੱਲ
    ਹਿੰਦ ਦੀ ਚਾਦਰ ਦੇ
    ਬਲੀਦਾਨ ਵੱਲ।
    ਯਾਦ ਰੱਖੀਂ ਹੰਕਾਰੇ ਹਾਕਮਾ!
    ਜਿੰਨਾ ਤੇਜ ਤੇਰਾ ਜਬਰ ਹੋਵੇਗਾ
    ਓਨਾ ਡੂੰਘਾ ਸਾਡਾ ਸਬਰ ਹੋਵੇਗਾ।
    ਮਾਂ ਧਰਤੀ ਦੀ ਆਬਰੂ ’ਤੇ
    ਹੱਥ ਪਾਉਣ ਵਾਲਿਓ
    ਜਰਾ ਦੇਖੋ ਤਾਂ ਸਹੀ
    ਆਪਣੇ ਘੁਰਨਿਆਂ ’ਚੋਂ
    ਬਾਹਰ ਆ ਕੇ ਇੱਕ ਵਾਰ
    ਲੋਕ-ਰੋਹ ਦਾ ਖੌਲਦਾ ਸਮੁੰਦਰ
    ਅੱਜ ਕਿਸੇ
    ਕਿ੍ਰਸ਼ਨ ਨੇ ਨਹੀਂ ਆਉਣਾ
    ਸੁਦਰਸ਼ਨ ਚੱਕਰ ਲੈ
    ਦੁਸ਼ਮਣ ਦਾ ਕਰਨ ਸੰਹਾਰ
    ਆਪਣੀ ਸਵੈ_ਰੱਖਿਆ ਤੇ
    ਸਵੈ-ਮਾਣ ਲਈ
    ਹੱਕ ਸੱਚ ਤੇ ਇਨਸਾਫ ਲਈ
    ਹੋਣਾ ਪੈਣਾ ਹੁਣ
    ਆਪੇ ਹੀ ਤਿਆਰ।

ਕਵਿਤਾ
ਤੂੰ ਨਕਾਰ ਦਿੱਤਾ ਗਿਐਂ’

  • ਅਮਰਜੀਤ ਕਸਕ

ਪਹਿਲਾਂ ਗੂੰਜਿਆ
ਕਿਸਾਨ ਏਕਤਾ ਜ਼ਿੰਦਾਬਾਦ….
ਜ਼ਿੰਦਾਬਾਦ!
ਫਿਰ ਗੁੰਜ਼ਾਰ
ਕਿਸਾਨ-ਮਜ਼ਦੂਰ ਏਕਤਾ ਜ਼ਿੰਦਾਬਾਦ….
ਜ਼ਿੰਦਾਬਾਦ!!
ਹੁਣ ਦਹਾੜ
ਲੋਕ ਏਕਤਾ ਜ਼ਿੰਦਾਬਾਦ…..
ਜ਼ਿੰਦਾਬਾਦ!!!
ਤੂੰ ਨਕਾਰ ਦਿੱਤਾ ਗਿਐਂ।

ਕਵਿਤਾ
ਸੀਨੀਅਰ/ਜੂਨੀਅਰ
ਗੁਰਪ੍ਰੀਤ ਰਾਏਪੁਰ
ਦਿੱਲੀ ਨੂੰ ਤੁਰਦਿਆਂ
ਬੇਬੇ ਤਾਕੀਦ ਕਰਦੀ ਹੈ
ਪੁੱਤ! ’ਕੱਲਾ ਨਾ ਜਾਹ
‘ਨੰਜੀ’ ਨੂੰ ਨਾਲ ਲੈ ਜਾ…।
ਭੋਲੀ ਏ ਬੇਬੇ
ਕੋਈ ਪੁੱਛੇ
ਉੱਥੇ ਕੰਮੀਆਂ ਦਾ ਕੀ ਕੰਮ?
ਉਥੇ ਕਿਹੜਾ ਡੰਗਰ ਸਾਂਭਣੇ ਐ?
ਲੜਨੈ…ਬੱਸ ਹੱਕਾਂ ਖ਼ਾਤਰ।
ਮੂੰਹੋਂ ਕੁਝ ਨਾ ਬੋਲ
ਝਾਕਦਾ ਹਾਂ ਨਰੰਜਣ ਸਿੰਘ ਵੱਲ
‘ਨੰਜੀ’…ਜੂਨੀਅਰ ਬੰਦਾ ।
ਗੂੰਗੇ ਦੀ ਮਾਂ ਸਮਝਦੀ ਹੈ
ਸੱਭੇ ਰਮਜ਼ਾਂ
ਮੇਰੀ ਸ਼ਕਲ ਪੜ੍ਹਦਿਆਂ
ਕੋਲ ਨੂੰ ਹੁੰਦੀ
ਕੰਨ ’ਚ ਪਾਉਂਦੀ ਹੈ-
‘ਸਾਊ! ਆਪਾਂ ਲੜਨਾ ਹੁਣੇ-ਹੁਣੇ ਸਿੱਖਿਆ ਐ
ਏਹ ਸਦੀਆਂ ਤੋਂ ਲੜਦੇ ਆਏ ਨੇ
ਹੰਭੇ ਨੀਂ ਹਾਲੇ ਤਾਈਂ…।’
ਬੇਬੇ ਨੰਜੀ ਦਾ ਝੋਲਾ
ਆਪ ਟਰਾਲੀ ’ਚ ਧਰਦੀ
ਪਲੋਸਦੀ ਹੈ ਨੰਜੀ ਦਾ ਸਿਰ-
‘ਨਿਆਣ-ਮੱਤ ਆ ਪੁੱਤ
ਕੰਮੀ ਬਿਨਾਂ ਕਿਸਾਨ ਕਾਹਦਾ ?
ਬਸ ਤੂੰ ਖਿਆਲ ਰੱਖੀਂ’
ਛਾਲ ਮਾਰ ਟਰੈਕਟਰ ’ਤੇ ਬੈਠਦਾ ਹੈ
‘ਨੰਜੀ’…ਜਨਮ-ਜਾਤ ਸੀਨੀਅਰ।

ਕਵਿਤਾ
ਦੇਖ ਲੇਨਾ

  • ਸਾਫ਼ੀਆ ਹਯਾਤ
    ਦੇਖ ਲੇਨਾ ਤੁਮ
    ਏਕ ਦਿਨ
    ਮਜ਼ਲੂਮ ਕਬੀਲਾ ਕਾ ਆਖ਼ਰੀ ਬੱਚਾ
    ਜ਼ੁਲਮ ਕੇ ਖ਼ਿਲਾਫ਼ ਚੀਖ਼ਤੇ ਕਹੇਗਾ :
    ਮੈਂ ਗ਼ੁਲਾਮੀ ਕੀ ਸਬ ਜ਼ੰਜੀਰੇਂ ਕਾਟ ਡਾਲੂੰਗਾ
    ਮੁਝੇ ਅਬ
    ਆਸਮਾਨ ਕੀ ਤਰਫ਼ ਭੀ ਨਹੀਂ ਦੇਖਨਾ
    ਮੈਂ
    ਅਪਨੇ ਜ਼ੋਰ-ਇ-ਬਾਜ਼ੂ ਪੇ ਲੜੂੰਗਾ
    ਮੁਝੇ ਗ਼ੁਲਾਮੀ ਨਹੀਂ
    ਮੌਤ ਕਬੂਲ ਹੈ
    ਮੈਂ ਖ਼ੁਦ ਅਪਨੀ ਜ਼ੰਜੀਰੇਂ ਨਾ ਕਾਟ ਸਕਾ ਤੋ
    ਅਪਨੇ ਪਾਓਂ ਹੀ ਕਾਟ ਡਾਲੂੰਗਾ

ਗ਼ਜ਼ਲ
ਧੀਆਂ

  • ਬਾਬਾ ਨਜ਼ਮੀ
    ਜਣੇ ਖਣੇ ਦਾ ਆਹਜੀ ਹੋਇਆ ਧੀਆਂ ਲਈ,
    ਧੀਆਂ ਕੋਲੋਂ ਲੁਕ ਲੁਕ ਰੋਇਆ ਧੀਆਂ ਲਈ।
    ਉੱਚਾ ਕੱਦ ਸੀ ਆਪਣੀ ਜੂਹ ਦੇ ਲੋਕਾਂ ਤੋਂ,
    ਦਾਜ ਬਣਾਉਂਦਾ ਕੁੱਬਾ ਹੋਇਆ ਧੀਆਂ ਲਈ।
    ਫ਼ਜ਼ਰ ਤੋਂ ਲੈ ਕੇ ਸ਼ਾਮਾਂ ਤੀਕਰ ਸੜਕਾਂ ਤੇ,
    ਲੂੰ ਲੂੰ ਮੁੜ੍ਹਕੇ ਵਿਚ ਡਬੋਇਆ ਧੀਆਂ ਲਈ।
    ਵਿਚ ਧੀਆਂ ਦੇ ਬਹਿਕੇ ਇਹ ਮੈਂ ਖੋਲ੍ਹਾਂਗਾ,
    ਜੋ ਮੈਂ ਪਰਨੇ ਵਿਚ ਲਕੋਇਆ ਧੀਆਂ ਲਈ।
    ਮੇਰੀ ਅੱਜ ਦਿਹਾੜੀ ਚੰਗੀ ਲੱਗੀ ਜੇ,
    ਅੱਜ ਲਵਾਂਗਾ ਮਿੱਠਾ ਖੋਇਆ ਧੀਆਂ ਲਈ।
    ਵਿਚ ਹਵਾਵਾਂ ਹੂਕਾਂ ਕੂਕਾਂ ਚੀਕਾਂ ਨੇਂ,
    ਫਿਰ ਕੋਈ ਮੇਰੇ ਵਰਗਾ ਮੋਇਆ ਧੀਆਂ ਲਈ।
    ਸਦੀਆਂ ਹੋਈਆਂ ਹੁਣ ਤੱਕ ਲੱਭਦਾ ਫਿਰਨਾ ਵਾਂ,
    ਹੈ ਕੋਈ ਬਾਬਲ ਜੋ ਨਹੀਂ ਰੋਇਆ ਧੀਆਂ ਲਈ।
    ਹੋਰ ਕਿਸੇ ਵੀ ਹੱਟੀ ਉੱਤੋਂ ਲੱਭਣਾ ਨਹੀਂ,
    ਇਹ ਮੈਂ ਜਿਹੜਾ ਹਾਰ ਪਰੋਇਆ ਧੀਆਂ ਲਈ।
    ਲੋਕੀ ਤੇਲ ਨੇਂ ਚੋਂਦੇ ਬਾਬਾ ਸ਼ਗਨਾਂ ਤੇ,
    ਮਜ਼ਦੂਰਾਂ ਨੇ ਮੁੜ੍ਹਕਾ ਚੋਇਆ ਧੀਆਂ ਲਈਂ।

ਗ਼ਜ਼ਲ

  • ਮੱਖਣ ਕੁਹਾੜ
    ਕਿਸ ਵਰਮੀ ’ਚੋਂ ਨਿੱਕਲ ਆਏ ਕਾਲੇ ਨਾਗ਼।
    ਸਾਡੇ ਚਾਰ ਚੁਫੇਰੇ ਛਾਏ ਕਾਲ਼ੇ ਨਾਗ।
    ਰੰਗ-ਬਿਰੰਗੇ, ਮੋਟੇ-ਪਤਲੇ, ਸਭ ਕਿਸਮਾਂ ਦੇ,
    ਸਾਡੇ ਖੂਨ ਦੇ ਹੈਨ ਤਿਹਾਏ ਕਾਲੇ ਨਾਗ਼।
    ਆਈ ਰੁੱਤੇ ਕੁੰਜ ਬਦਲਕੇ ਆਉਂਦੇ ਹਨ,
    ਬਣਦੇ ਹਨ ਸਾਡੇ ਹਮਸਾਏ ਕਾਲ਼ੇ ਨਾਗ।
    ਸਮਝ ਕੇ ‘ਗੁੱਗਾ ਪੀਰ’ ਜੋ ਦੁੱਧ ਪਿਲਾਉਂਦੇ, ਰਹੇ
    ਉਹਨਾਂ ਨੇ ਹੀ ਹੈਨ ਵਧਾਏ ਕਾਲ਼ੇ ਨਾਗ਼।
    ’ਕੱਲੇ-’ਕੱਲੇ ਇਹਨਾਂ ਲੱਖਾਂ ਠੱਗੇ ਹਨ,
    ’ਕੱਲਾ ਨਾ ਕੋਈ ਮਾਰਨ ਜਾਏ ਕਾਲ਼ੇ ਨਾਗ਼।
    ਆਵੋ ਰਲਕੇ ਐਸਾ ਜੰਗਲ ਵੱਢ ਦੇਈਏ,
    ਹੁਣ ਤੱਕ ਜਿਸ ਵਿਚ ਪਲ਼ਦੇ ਆਏ ਕਾਲ਼ੇ ਨਾਗ।
    ਕਸਮਾਂ ਖਾਵੋ ਯਾਰ, ਉਹ ‘ਸਪਣੀ’ ਨਹੀਂ ਛੱਡਣੀ,
    ਨਿਸ ਦਿਨ ਜਿਹੜੀ ਜੰਮੀ ਜਾਏ ਕਾਲ਼ੇ ਨਾਗ਼।
    ਯਾਰ ‘ਕਿਸਾਨਾਂ’, ਕੀਲਣ ਦਾ ਉਹ ਮੰਤਰ ਦੱਸ,
    ਕਿੰਝ ਹਨ ਤੂੰ ਪਾਏ ਪਟਾਰੇ ਕਾਲ਼ੇ ਨਾਗ?
    ਉਲਝ ਪਏ ਨੇ ਕਾਲੇ ਨਾਗ਼ ਨਿਓਲਾਂ ਨਾਲ,
    ਸਮਝ ‘ਕੁਹਾੜ’ ਹੁਣ ਮਰਨ ਤੇ ਆਏ ਕਾਲ਼ੇ ਨਾਗ਼।
Scroll To Top