Now Reading
ਪੇਰੀਆਰ ਦੀ ਤਰਕਸ਼ੀਲਤਾ ਦੇ ਪਾਸਾਰ

ਪੇਰੀਆਰ ਦੀ ਤਰਕਸ਼ੀਲਤਾ ਦੇ ਪਾਸਾਰ

ਡਾ. ਕਰਮਜੀਤ ਸਿੰਘ
ਫ਼ਿਲਾਸਫ਼ੀ ਦੇ ਪ੍ਰੋਫੈਸਰ ਗੁਨਾਸ਼ੇਖਰ ਨੇ ਪੇਰੀਆਰ ਦੀ ਤਰਕਸ਼ੀਲਤਾ ਬਾਰੇ ਲਿਖੇ ਆਪਣੇ ਇਕ ਲੇਖ ਵਿਚ ਕਿਹਾ ਹੈ, ‘‘ਆਤਮ ਸਨਮਾਨ ਅੰਦੋਲਨ ਅਤਾਰਕਿਕ ਅਤੇ ਅਣਵਿਗਿਆਨਕ ਵਿਸ਼ਵਾਸ਼ਾਂ ਖ਼ਿਲਾਫ਼ ਵੀ ਅੰਦੋਲਨ ਸੀ।’’ ਉਹ ਇਸ ਗੱਲ ’ਤੇ ਜ਼ੋਰ ਦਿੰਦੇ ਸਨ ਕਿ ਲੋਕ ਵਿਸ਼ਵਾਸ਼ਾਂ ਅਤੇ ਵਿਹਾਰਾਂ ਦੀ ਕੋਈ ਉਚਿੱਤਤਾ ਜਾਂ ਪ੍ਰਮਾਣਿਕਤਾ ਹੋਣੀ ਚਾਹੀਦੀ ਹੈ। ਪੇਰੀਆਰ ਲਈ ਰੱਬ/ਈਸ਼ਵਰ ’ਤੇ ਵਿਸ਼ਵਾਸ਼, ਧਾਰਮਿਕ ਆਸਥਾ, ਜਾਤੀ ਭਾਵਨਾਵਾਂ, ਬੇਤੁਕੇ ਰੀਤੀ ਰਿਵਾਜ, ਅਤਾਰਕਿਕ ਹਨ। ਗੁਨਾਸ਼ੇਖਰ ਦੇ ਸ਼ਬਦਾਂ ਵਿਚ, ‘‘ਈ. ਵੀ. ਰਾਮਾਸਾਮੀ ਪੇਰੀਆਰ ਨੇ ਈਸ਼ਵਰ, ਆਤਮਾ, ਮਨੁੱਖ ਦੀ ਪ੍ਰਕਿਰਤੀ, ਧਰਮ, ਨੈਤਿਕਤਾ ਅਤੇ ਸਿਖਿਆ ਉੱਪਰ ਆਪਣੇ ਵਿਚਾਰ ਨਿਡਰ ਹੋ ਕੇ ਪੂਰੀ ਤਾਕਤ ਨਾਲ ਪੇਸ਼ ਕੀਤੇ। ਉਨ੍ਹਾਂ ਅਨੁਸਾਰ ਪੁਰਾਤਨ ਸਮਿਆਂ ਵਿਚ ਲੋਕਾਂ ਨੇ ਹਵਾ, ਮੀਂਹ, ਸੂਰਜ ਅਤੇ ਹੋਰ ਸੰਕਲਪਾਂ ਨੂੰ ਅਰਥ ਦੇਣ ਲਈ ਦੇਵਤਿਆਂ ਦੀ ਕਲਪਨਾ ਕੀਤੀ। ਭਾਰਤ ਵਿਚ ਧਰਤੀ, ਹਵਾ, ਅਗਨੀ, ਦਰਿਆ, ਚੰਦ-ਸੂਰਜ, ਬਾਰਿਸ਼, ਬਿਜਲੀ, ਬੱਦਲਾਂ ਦੀ ਗਰਜਣ ਇਥੋਂ ਤਕ ਕਿ ਕੁਝ ਬਿਮਾਰੀਆਂ ਨੂੰ ਵੀ ਦੇਵਤਿਆਂ ਦੇ ਰੂਪ ਵਿਚ ਕਾਲਪਨਿਕ ਕੀਤੀ ਗਈ। ਦੇਵਤਿਆਂ ਵਿਚ ਅਵਿਸ਼ਵਾਸ਼, ਅਗਿਆਨੀ ਲੋਕਾਂ ਦੇ ਤਿੱਖੇ ਸਵਾਲਾਂ ਅਤੇ ਉਤੇਜਿਤ ਭਾਵਨਾਵਾਂ ਨੂੰ ਸ਼ਾਂਤ ਕਰਨ ਲਈ ਹਰ ਸਿਧਾਂਤ ਦੀ ਵਿਆਖਿਆ ਕਰਨ ਲਈ ਦੇਵਤਿਆਂ ਵਿਚ ਵਿਸ਼ਵਾਸ਼ ਨੂੰ ਸਾਹਮਣੇ ਰੱਖਿਆ ਗਿਆ। ਸਦਾਚਾਰ ਇਨ੍ਹਾਂ ਦੇਵਤਿਆਂ ਨਾਲ ਜੋੜਿਆ ਗਿਆ। ਇਸੇ ਲਈ ਇਸ ਈਸ਼ਵਰ ਵਿਚ ਵਿਸ਼ਵਾਸ਼ ਨੂੰ ਲੰਮਾ ਜੀਵਨ ਮਿਲ਼ਿਆ।’’ ਪ੍ਰਮੋਦ ਰੰਜਨ ਅਨੁਸਾਰ ਇਸ ਸਭ ਨੂੰ ਪੇਰੀਆਰ ਦੇ ਬੁੱਧੀਵਾਦ ਨਾਲ ਜੋੜਿਆ ਜਾ ਸਕਦਾ ਹੈ। ਪੇਰੀਆਰ ਅਨੁਸਾਰ, ‘‘ਤੁਹਾਨੂੰ ਆਪਣਾ ਆਮ ਗਿਆਨ ਵਧਾਉਣ ਲਈ ਤਰਕ ਦੀ ਵਰਤੋਂ ਕਰਨੀ ਚਾਹੀਦੀ ਹੈ।’’ ਪੇਰੀਆਰ ਨੂੰ ਵਿਗਿਆਨ ਦੀਆਂ ਡਿਗਰੀਆਂ ਲੈਣ ਵਾਲ਼ੇ ਲੋਕਾਂ ਨੂੰ ਅੰਧਵਿਸ਼ਵਾਸ਼ਾਂ ਵਿਚ ਫਸੇ ਦੇਖ ਕੇ ਬੇਹੱਦ ਗੁੱਸਾ ਆਉਦਾ ਸੀ। ਉਹ ਕਹਿੰਦੇ ਹਨ, ‘‘ਇਕ ਪੱਥਰ ਨੂੰ ਦੇਵਤਾ ਮੰਨ ਕੇ ਉਸ ਦੇ ਸਾਹਮਣੇ ਕਿਉਂ ਡੰਡੌਤ ਕਰਦੇ ਹਨ? ਸਾਇੰਸ ਵਿਚ ਮੁਹਾਰਤ ਹਾਸਲ ਕਰਨ ਵਾਲੇ ਵਿਦਵਾਨ ਵੀ ਕਿਉਂ ਆਪਣੇ ਪਾਪਾਂ ਨੂੰ ਧੋਣ ਲਈ ਖੁਦ ਗੰਦੇ ਪਾਣੀ ਵਿਚ ਨਹਾਉਂਦੇ ਹਨ? ਕੀ ਉਨ੍ਹਾਂ ਦੇ ਪੜ੍ਹੇ ਗਏ ਵਿਗਿਆਨ ਦਾ ਗੋਹੇ-ਮੂਤਰ ਦੀ ਲੇਟੀ ਨਾਲ ਪੂਜਾ ਕਰਨ ਨਾਲ ਕੋਈ ਸੰਬੰਧ ਹੈ?’’ ਅਸਲ ਵਿਚ ਵਰਤਮਾਨ ਅਰਾਜਕਤਾ ਅਤੇ ਪਤਨ ਦਾ ਕਾਰਣ ਇਹ ਹੈ ਕਿ ਸਾਨੂੰ ਖੋਜ ਅਤੇ ਵਿਚਾਰ ਕਰਨ ਤੋਂ ਰੋਕਿਆ ਗਿਆ ਹੈ ਅਤੇ ਤਰਕ ਦੀ ਵਰਤੋਂ ਕਰਨ ’ਤੇ ਸਾਡਾ ਦਮਨ ਕੀਤਾ ਗਿਆ ਹੈ। ਪੇਰੀਆਰ ਦੇ ਸਮੇਂ ਵਾਲੀ ਸਥਿਤੀ ਅੱਜ ਹੋਰ ਵੀ ਭਿਅੰਕਰ ਰੂਪ ਧਾਰ ਗਈ ਹੈ। ਵਿਗਿਆਨ ਦੇ ਮੁਢਲੇ ਪ੍ਰਸ਼ਨ ਹਨ ਕਿਉ? ਕੀ? ਕਿਵੇਂ? ਅੱਜ ਜਦ ਕੋਈ ਜਾਗਰੂਕ ਨਾਗਰਿਕ ਸੱਤਾ ਨੂੰ ਸਵਾਲ ਕਰਦਾ ਹੈ ਤਾਂ ਉਸ ਉੱਪਰ ਦੇਸ਼ਧ੍ਰੋਹ ਦਾ ਆਰੋਪ ਲਾ ਦਿੱਤਾ ਜਾਂਦਾ ਹੈ ਪਰ ਵਿਗਿਆਨਕ ਦਿ੍ਰਸ਼ਟੀ ਦੇ ਲੋਕਾਂ ਨੂੰ ਇੰਜ ਡਰਾਇਆ ਨਹੀਂ ਜਾ ਸਕਦਾ। ਪੇਰੀਆਰ ਅਨੁਸਾਰ ਸਾਰੇ ਧਰਮਾਂ ਨੂੰ ਕਿੰਨੇ ਵੀ ਨੇਕ ਇਰਾਦਿਆਂ ਨਾਲ ਮੰਨਿਆ ਜਾਏ ਉਸਦਾ ਨਤੀਜਾ ਇਕ ਹੀ ਨਿਕਲਦਾ ਹੈ। ਇਕ ਸੁਧਾਰਵਾਦੀ ਈਸ਼ਵਰ ਅਤੇ ਇਕ ਧਰਮ ਤੋਂ ਤੁਸੀਂ ਇਕ ਅੰਧਵਿਸ਼ਵਾਸ਼ੀ ਈਸ਼ਵਰ ਅਤੇ ਇਕ ਅੰਨ੍ਹੇ ਧਰਮ ਤੋਂ ਜ਼ਿਆਦਾ ਕੁਝ ਵੀ ਹੋਰ ਹਾਸਿਲ ਨਹੀਂ ਕਰ ਸਕੋਗੇ।
ਅੰਧਵਿਸ਼ਵਾਸ਼ ਸਾਡੇ ’ਤੇ ਇੰਨੇ ਹਾਵੀ ਕਿਉਂ ਹਨ? ਕਿਉਂਕਿ ਦੋ ਹਜ਼ਾਰ ਸਾਲਾਂ ਤੋਂ ਲੋਕਾਂ ਤੋਂ ਆਪਣੀ ਬੁੱਧੀ ਵਰਤਣ ਦਾ ਵਿਸ਼ੇਸ਼ ਅਧਿਕਾਰ ਖੋਹ ਲਿਆ ਗਿਆ ਹੈ। ਗਿਆਨ ਵਿਚ ਇਸੇ ਲਈ ਵਾਧਾ ਨਹੀਂ ਹੋਇਆ ਅਤੇ ਸਮਾਜ ਵਿਚ ਸੁਧਾਰ ਨਹੀਂ ਹੋ ਸਕਿਆ, ਕਿਉਂਕਿ ਲੋਕਾਂ ਨੂੰ ਇਹ ਸਵਾਲ ਕਰਨ ਦਾ ਅਧਿਕਾਰ ਵੀ ਨਹੀਂ ਸੀ ਕਿ ਉਹ ਇਹ ਪੁੱਛ ਸਕਣ ਕਿ ਚੀਜ਼ਾਂ ਕਿਉਂ ਤੇ ਕਿਵੇਂ ਹੁੰਦੀਆਂ ਹਨ ? ਲੋਕਾਂ ਨੇ ਸਿਰਫ਼ ਲਿਖੇ ਗਏ ਸ਼ਬਦਾਂ ਨੂੰ ਹੀ ਸੁਣਿਆ ਅਤੇ ਉਨ੍ਹਾਂ ਉੱਪਰ ਹੀ ਵਿਸ਼ਵਾਸ਼ ਕੀਤਾ। ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਸੋਚਣਾ, ਬਹਿਸ ਕਰਨਾ ਅਤੇ ਸ਼ੱਕ ਕਰਨਾ ਪਾਪ ਹੈ। ਪਰ ਪੇਰੀਆਰ ਕਹਿੰਦੇ ਹਨ ਕਿ, “ਜੋ ਸੁਣਿਆ ਜਾਂਦਾ ਹੈ, ਜੋ ਲਿਖਿਆ ਗਿਆ ਹੈ, ਜੋ ਲੰਮੇ ਸਮੇਂ ਤੋਂ ਹੁੰਦਾ ਆ ਰਿਹਾ ਹੈ, ਜੋ ਬਹੁਗਿਣਤੀ ਵਲੋਂ ਮੰਨਿਆ ਜਾਂਦਾ ਹੈ ਜਾਂ ਈਸ਼ਵਰ ਵਲੋਂ ਕਿਹਾ ਗਿਆ ਹੈ, ਉਸ ਉੱਪਰ ਵਿਵੇਕਸ਼ੀਲ ਲੋਕਾਂ ਨੂੰ ਤੁਰੰਤ ਹੀ ਵਿਸ਼ਵਾਸ਼ ਨਹੀਂ ਕਰਨਾ ਚਾਹੀਦਾ। ਜੋ ਕੁਝ ਵੀ ਸਾਨੂੰ ਹੈਰਾਨੀਜਨਕ ਲੱਗਦਾ ਹੈ, ਉਸਨੂੰ ਤੁਰੰਤ ਹੀ ਦੈਵੀ ਜਾਂ ਚਮਤਕਾਰੀ ਨਹੀਂ ਮੰਨ ਲੈਣਾ ਚਾਹੀਦਾ। ਹਰ ਸਥਿਤੀ ਵਿਚ ਸਾਨੂੰ ਆਜ਼ਾਦ ਰੂਪ ਵਿਚ ਤਰਕ ਸੰਮਤ ਅਤੇ ਨਿਰਪੱਖ ਰੂਪ ਵਿਚ ਸੋਚਣ ਲਈ ਤਿਆਰ ਰਹਿਣਾ ਚਾਹੀਦਾ ਹੈ।“
ਪੇਰੀਆਰ ਅਨੁਸਾਰ ਇਹ ਸੋਚਣ ਦੀ ਸ਼ਕਤੀ ਹੀ ਹੈ ਜੋ ਮਨੁੱਖਾਂ ਨੂੰ ਜਾਨਵਰਾਂ ਤੋਂ ਵੱਖ ਕਰਦੀ ਹੈ। ਇਸ ਸੋਚਣ ਸ਼ਕਤੀ ਕਰਕੇ ਹੀ ਆਦਮੀ ਆਪਣੇ ਤੋਂ ਵੀ ਤਕੜੇ/ਸ਼ਕਤੀਸ਼ਾਲੀ ਜਾਨਵਰਾਂ ਨੂੰ ਗ਼ੁਲਾਮ ਬਣਾ ਲੈਂਦਾ ਹੈ। ਮਨੁੱਖ ਵਿਚ ਤਰਕ ਸ਼ਕਤੀ ਕਿਸੇ ਵੀ ਹੋਰ ਸ਼ਕਤੀ ਤੋਂ ਵਧੇਰੇ ਹੈ। ਇਹੀ ਇਸਨੂੰ ਦੂਸਰੇ ਸਾਰੇ ਪ੍ਰਾਣੀਆਂ ਤੋਂ ਉੱਤਮ ਬਣਾਉਂਦੀ ਹੈ। ਮਨੁੱਖ ਤਰਕਸ਼ੀਲ ਹੈ, ਜਿਸਦੀਆਂ ਕਈ ਸੈਂਸਿਜ਼ ਹਨ ਜਦ ਕਿ ਪੇੜ-ਪੌਦਿਆਂ ਕੋਲ ਇਕ ਹੀ ਸੈਂਸ ਹੈ। ਸਾਨੂੰ ਦੱਸਿਆ ਗਿਆ ਹੈ ਕਿ ਤਰਕ ਨਾਲ ਕਿਸੇ ਮਾਮਲੇ ਦੀ ਜਾਂਚ ਪੜਤਾਲ ਕਰਨਾ ਪਾਪ ਹੈ ਇਸੇ ਲਈ ਅਸੀਂ ਹੁਣ ਕਿਸੇ ਵੀ ਮਾਮਲੇ ਦਾ ਵਿਸ਼ਲੇਸ਼ਣ ਕਰਨ ਦੇ ਅਸਮਰੱਥ ਹਾਂ। ਜੇਕਰ ਅਸੀਂ ਹੌਂਸਲੇ ਨਾਲ ਤਰਕ ਦਾ ਇਸਤੇਮਾਲ ਕਰੀਏ ਤਾਂ ਅਸੀਂ ਤੇਜ਼ੀ ਨਾਲ ਅਗਾਂਹ ਵਧ ਸਕਦੇ ਹਾਂ ਅਤੇ ਪ੍ਰਗਤੀ ਕਰ ਸਕਦੇ ਹਾਂ। ਤਰਕ ਸੰਗਤ ਢੰਗ ਨਾਲ ਸੋਚੇ ਬਿਨਾਂ ਅੰਧ ਵਿਸ਼ਵਾਸ਼ਾਂ ਨੂੰ ਮੰਨਦੇ ਰਹਿਣ ਨਾਲ ਹੀ ਮਜ਼ਦੂਰ ਗ਼ੁਲਾਮ ਬਣਨ ਦੀ ਸਥਿਤੀ ਵਿਚ ਪਹੁੰਚੇ ਹਨ। ਜੇਕਰ ਅਨੁਭਵ ਅਤੇ ਪੜਤਾਲ ਕਰਨ ਤੋਂ ਬਗ਼ੈਰ, ਰੀਤੀ ਰਿਵਾਜਾਂ, ਪਰੰਪਰਾਵਾਂ ਅਤੇ ਪਿਤਾ-ਪੁਰਖੀ ਪ੍ਰਥਾਵਾਂ ਦਾ ਪਾਲਣ ਕੀਤਾ ਜਾਂਦਾ ਰਹੇਗਾ ਤਾਂ ਸਿਰਫ਼ ਮੂਰਖ਼ਤਾ ਵਿਚ ਵਾਧਾ ਹੋਵੇਗਾ, ਬੁੱਧੀ ਵਿਚ ਨਹੀਂ। ਆਪਣੀ ਜ਼ਮੀਰ ਵੇਚਣ ਦੀ ਬਜਾਇ ਹਰ ਚੀਜ਼ ਦਾ ਵਿਸ਼ਲੇਸ਼ਣ ਕਰਨਾ ਜ਼ਰੂਰੀ ਹੈ। ਜੇਕਰ ਅਸੀਂ ਇਕ ਸਾੜ੍ਹੀ ਖਰੀਦਦੇ ਹਾਂ ਤਾਂ ਸੌ ਤਰ੍ਹਾਂ ਦੀ ਪੁੱਛ-ਪੜਤਾਲ ਕਰਦੇ ਹਾਂ, ਪ੍ਰੰਤੂ ਮਹੱਤਵਪੂਰਨ ਮਾਮਲਿਆਂ ਵਿਚ ਵਿਵੇਕ ਦੀ ਵਰਤੋਂ ਕਰਨ ਤੋਂ ਖੁੰਝ ਜਾਂਦੇ ਹਾਂ। ਇਸੇ ਲਈ ਠਗੇ ਵੀ ਜਾਂਦੇ ਹਾਂ। ਪੇਰੀਆਰ ਦਾ ਕਹਿਣਾ ਹੈ ਕਿ ਉਹ ਕਿਸੇ ਠੱਗੀ ਤੋਂ ਬਚਣ ਲਈ ਹੀ ਵਿਵੇਕ ਦੀ ਲੋੜ ਉੱਪਰ ਜ਼ੋਰ ਦਿੰਦੇ ਹਨ। ਉਨ੍ਹਾਂ ਦਾ ਕਥਨ ਹੈ, ‘‘ਸਿਰਫ ਉਹੀ ਸਵੀਕਾਰ ਕਰੋ ਜੋ ਤੁਹਾਡੇ ਵਿਵੇਕ ਨੂੰ ਸਹੀ ਲੱਗੇ।’’ ਤੁਹਾਡਾ ਵਿਵੇਕ ਤੁਹਾਡਾ ਮਾਰਗਦਰਸ਼ਕ ਹੋਵੇ ਨਹੀਂ ਤਾਂ ਤੁਹਾਨੂੰ ਬਾਰ-ਬਾਰ ਇਹ ਚੇਤੇ ਕਰਵਾਇਆ ਗਿਆ ਹੈ ਕਿ ਗਿਆਨ ਬੰਦੇ ਨੂੰ ਮੂਰਖ਼ ਬਣਾਉਦਾ ਹੈ। ਅਜਿਹੇ ਵਿਚਾਰ ਅਸਲ ਵਿਚ ਤੁਹਾਨੂੰ ਗ਼ੁਲਾਮੀ ਵਲ ਧੱਕਦੇ ਹਨ।
ਇੱਕ ਭਾਸ਼ਣ ਵਿਚ ਪੇਰੀਆਰ ਦੱਸਦੇ ਹਨ ਕਿ, ‘‘ਅਸੀਂ ਉਸ ਚੀਜ਼ ਦਾ ਪ੍ਰਚਾਰ ਨਹੀਂ ਕਰਦੇ ਜਿਹੜੀ ਵਿਸ਼ਵਾਸ਼ਯੋਗ ਨਾ ਹੋਵੇ। ਅਸੀਂ ਈਸ਼ਵਰ, ਦੇਵਤਿਆਂ ਤੇ ਉਨ੍ਹਾਂ ਦੀ ਔਲਾਦ ਬਾਰੇ, ਅਵਤਾਰਵਾਦ ਬਾਰੇ, ਧਰਮ ਬਾਰੇ, ਸ਼ਾਸਤਰਾਂ, ਰੀਤੀ-ਰਿਵਾਜਾਂ ਆਦਿ ਉੱਪਰ ਅਧਾਰਿਤ ਕਿਸੇ ਵਿਚਾਰ ਨੂੰ ਅਗਾਂਹ ਨਹੀਂ ਲਿਆਉਂਦੇ। ਸਗੋਂ ਤਰਕ ਅਧਾਰਿਤ ਵਿਸ਼ਿਆਂ ਉੱਪਰ ਪਹਿਰਾ ਦਿੰਦੇ ਹਾਂ।’’ ਪੇਰੀਆਰ ਨੇ ਰੈਸ਼ਨਿਲਿਸਟ ਫੋਰਮ ਅਤੇ ਐਸੋਸੀਏਸ਼ਨਾਂ ਦੀ ਨੀਂਹ ਰੱਖੀ। ਉਹ ਮੰਨਦੇ ਸਨ ਕਿ ਤਰਕਸ਼ੀਲਤਾ ਦਾ ਪ੍ਰਚਾਰ ਵੱਡੀ ਪੱਧਰ ’ਤੇ ਹੋਣਾ ਚਾਹੀਦਾ ਹੈ। ਪੇਰੀਆਰ ਦੇੇ ਆਪਣੇ ਕਹਿਣ ਅਨੁਸਾਰ ਉਨ੍ਹਾਂ ਨੇ ਕਦੇ ਵੀ ਨਿਆਂ ਦਾ ਵਿਰੋਧ ਨਹੀਂ ਕੀਤਾ ਅਤੇ ਨਾ ਹੀ ਤਰਕ ਨੂੰ ਨਕਾਰਿਆ।
ਪੇਰੀਆਰ ਨੇ ਕਿਸਮਤਵਾਦ ਨੂੰ ਤਰਕ ਦੇ ਅਧਾਰ ’ਤੇ ਖ਼ਾਰਿਜ ਕੀਤਾ ਅਤੇ ਇਸੇ ਤਰ੍ਹਾਂ ਹੀ ਜੋਤਿਸ਼ ਨੂੰ ਵੀ ਅਸਵੀਕਾਰ ਕੀਤਾ। ਉਨ੍ਹਾਂ ਅਨੁਸਾਰ ਜੋਤਿਸ਼ ਆਤਮਾ, ਪਿਛਲੇ ਜਨਮ, ਕਰਮ, ਕਿਸਮਤ, ਪਾਪ ਅਤੇ ਪੁੰਨ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਹਿੰਦੇ ਹਨ, ‘‘ਕਿਸੇ ਵੀ ਸਾਇੰਸਦਾਨ ਨੇ ਜੋਤਿਸ਼ ਦੀ ਸੱਚਾਈ ਜਾਂ ਕਲਪਨਾਵਾਂ ਨੂੰ ਸਵੀਕਾਰ ਨਹੀਂ ਕੀਤਾ। ਜੋਤਿਸ਼ ਵਿਗਿਆਨ ਦੇ ਨੇੜੇ-ਤੇੜੇ ਵੀ ਨਹੀਂ ਪਹੁੰਚਦਾ। ਇਥੋਂ ਤਕ ਕਿ ਹੱਥ ਦੇਖਣਾ ਅਤੇ ਚਿਹਰੇ ਤੋਂ ਸ਼ਖਸ਼ੀਅਤ ਨੂੰ ਪੜ੍ਹਨਾ, ਮੰਤਰਾਂ ਦੀ ਸ਼ਕਤੀ ਆਦਿ ਨੂੰ ਵਿਗਿਆਨ ਸਵੀਕਾਰ ਨਹੀਂ ਕਰਦਾ।“ (ਕੁਲੈਕਟਡ ਵਰਕਸ ਆਫ਼ ਪੇਰੀਆਰ ਈ. ਵੀ. ਆਰ, ਪੰਨਾ-353) ਹਿੰਦੂ ਅਨੇਕਾਂ ਚੀਜ਼ਾਂ ਵਿਚ ਵਿਸ਼ਵਾਸ਼ ਕਰਦੇ ਹਨ ਜਿਵੇਂ, ‘‘ਦੇਵਤਿਆਂ ਦਾ ਮਨੁੱਖ ਵਿਚ ਆਉਣਾ ਤੇ ਨਿ੍ਰਤ ਕਰਨਾ, ਆਤਮਾਵਾਂ ਦਾ ਬੰਦੇ ਰਾਹੀਂ ਬੋਲਣਾ, ਭੂਤਾਂ ਦਾ ਲੋਕਾਂ ’ਤੇ ਹਮਲਾ ਕਰਨਾ, ਕਾਲੇ ਜਾਦੂ ਰਾਹੀਂ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਜਾਂ ਮਾਰਨਾ, ਅਦੈਵੀ ਸ਼ਕਤੀ ਦੀ ਨਕਲ ਰਾਹੀਂ ਗੁੱਸੇ ਕਰਨਾ ਜਾਂ ਤੰਗੀ ਦੇਣਾ, ਲੋਕਾਂ ਨੂੰ ਮੈਸਮਰਾਈਜ਼ ਕਰਕੇ ਮਨਇੱਛਤ ਕੰਮ ਕਰਾਉਣਾ, ਪਿਛਲੇ ਕਰਮਾਂ ਅਨੁਸਾਰ ਅੱਜ ਦਾ ਜੀਵਨ ਨਿਰਧਾਰਿਤ ਹੋਣਾ ਆਦਿ ਅਜਿਹੇ ਅਜੀਬ ਵਿਸ਼ਵਾਸ਼ ਹਨ ਜਿਨ੍ਹਾਂ ਰਾਹੀਂ ਹਿੰਦੂ ਸਮਝਦੇ ਹਨ ਕਿ ਉਨ੍ਹਾਂ ਦਾ ਜੀਵਨ ਬਦਲ ਸਕਦਾ ਹੈ ਅਤੇ ਦੂਸਰੇ ਲੋਕਾਂ ਨੂੰ ਦੁਖੀ ਕੀਤਾ ਜਾ ਸਕਦਾ ਹੈ ਜਾਂ ਉਨ੍ਹਾਂ ਨੂੰ ਮਰਵਾਇਆ ਜਾ ਸਕਦਾ ਹੈ।’’ (ਉਹੀ-ਪੰਨਾ ਨੰ. 355) ਇਹ ਵਿਸ਼ਵਾਸ਼ ਸਮੇਂ ਦਾ ਖੌਅ ਹਨ, ਸ਼ਕਤੀ ਅਤੇ ਧਨ ਦਾ ਕਬਾੜਾ ਕਰਦੇ ਹਨ। ਇਨ੍ਹਾਂ ਨਾਲ ਲੋਕਾਂ ਦੀਆਂ ਮੁਸੀਬਤਾਂ ਵਿਚ ਢੇਰਾਂ ਵਾਧਾ ਹੁੰਦਾ ਹੈ। ਸ਼ਨੀ ਵਰਗੇ ਗ੍ਰਹਿਆਂ ਨੂੰ ਸ਼ਾਂਤ ਕਰਕੇ ਜੀਵਨ ਬਿਹਤਰ ਬਨਾਉਣ ਦੀ ਵੀ ਪੇਰੀਆਰ ਨੇ ਆਲੋਚਨਾ ਕੀਤੀ ਹੈ।
ਜਨਮ ਪੱਤਰੀਆਂ ਬਣਾਉਣ ਦਾ ਵੀ ਪੇਰੀਆਰ ਨੇ ਇਕ ਤਰ੍ਹਾਂ ਨਾਲ ਮਖੌਲ ਉਡਾਇਆ ਹੈ, ਜਦੋਂ ਉਹ ਜਾਨਵਰਾਂ ਦੀਆਂ ਪੱਤਰੀਆਂ ’ਤੇ ਚਰਚਾ ਕਰਦੇ ਹਨ। ਉਨ੍ਹਾਂ ਅਨੁਸਾਰ, ‘‘ਇਕ ਸਮੇਂ ਆਦਮੀ ਹੀ ਨਹੀਂ ਸਗੋਂ ਜਾਨਵਰ, ਕੀੜਾ-ਮਕੌੜਾ, ਮੇਜ਼ ਜਾਂ ਪੱਥਰ ਦਾ ਬੁੱਤ ਵੀ ਪੈਦਾ ਹੋ ਸਕਦਾ ਹੈ। ਕੀ ਇਨ੍ਹਾਂ ਦੀ ਵੀ ਜਨਮ ਪੱਤਰੀ ਬਣਾਈ ਜਾ ਸਕੇਗੀ?’’ ਕੁਝ ਵੀ ਪੂਰਵ-ਨਿਰਧਾਰਿਤ ਨਹੀਂ, ਸਾਰਾ ਕੁਝ ਅਨੁਮਾਨ ਅਤੇ ਕਲਪਨਾ ਦੀ ਖੇਡ ਹੈ।
ਇਹ ਕਹਿਣਾ ਕਿ ਉਪਰਲੇ ਪੱਖਾਂ ਦਾ ਮਨੁੱਖਤਾ ਉੱਤੇ ਕੋਈ ਪ੍ਰਭਾਵ ਪੈਂਦਾ ਹੈ, ਅਸਲ ਵਿਚ ਹਰ ਤਰ੍ਹਾਂ ਦੀ ਜ਼ਿੰਮੇਂਵਾਰੀ ਤੋਂ ਭੱਜਣਾ ਹੈ ਅਤੇ ਮਨੁੱਖ ਨੂੰ ਘੋਰ ਕਿਸਮਤਵਾਦੀ ਬਣਾਉਣਾ ਹੈ। ਪੇਰੀਆਰ ਨੇ ਗ੍ਰਹਿਆਂ ਉੱਪਰ ਪ੍ਰਭਾਵ ਪਾ ਕੇ ਇਨ੍ਹਾਂ ਤੋਂ ਬਚਣ ਨੂੰ ਤਰਕ ਨਾਲ ਸਿਰੇ ਤੋਂ ਖ਼ਾਰਿਜ ਕੀਤਾ ਹੈ। ‘‘ਉਦਾਹਰਣ ਦੇ ਤੌਰ ’ਤੇ ਇਹ ਕਿਵੇਂ ਸੰਭਵ ਹੈ ਕਿ ਇਕ ਭਾਰੂ ਗ੍ਰਹਿ (ਸ਼ਨੀ ਆਦਿ) ਨੂੰ ਮਨੁੱਖੀ ਧਾਰਮਿਕ ਅਤੇ ਅੰਧਵਿਸ਼ਵਾਸ਼ੀ ਉਛਲਣ-ਕੁੱਦਣ ਨਾਲ ਇਕ ਘਰ ਤੋਂ ਦੂਸਰੇ ਘਰ ਭੇਜ ਦੇਵੇ? ਇਸ ਲਈ ਜੋਤਿਸ਼ੀ ਦਾ ਦੱਸਿਆ ਉਪਾਅ, ਧਾਰਮਿਕ ਤੇ ਜਾਦੂਈ ਕਸਰਤਾਂ ਸਿਰਫ਼ ਮਰੀਜ਼ ਨੂੰ ਧੋਖਾ ਦੇਣ ਦੇ ਟਰਿੱਕ ਮਾਤਰ ਹਨ।’’ (ਉਹੀ-ਪੰਨਾ ਨੰ. 358) ਬਦਮਾਸ਼ ਜੋਤਿਸ਼ੀਆਂ, ਜਾਦੂਗਰਾਂ ਅਤੇ ਪੁਜਾਰੀਆਂ ਨੇ ਸਦੀਵੀ ਗ਼ਲਤ ਅਤੇ ਕਾਲਪਨਿਕ ਜੋਤਿਸ਼ ਕਲਾ ਦੀ ਕਾਢ ਕੱਢੀ ਹੈ। ਜਿੰਨਾ ਚਿਰ ਲੋਕ ਤਰਕਸ਼ੀਲ ਅਤੇ ਸੋਚਵਾਨ ਨਹੀਂ ਹੋਣਗੇ ਇਹ ਧੰਦਾ ਵਧਦਾ-ਫੁਲਦਾ ਰਹੇਗਾ।
ਇਸੇ ਤਰ੍ਹਾਂ ਵਿਆਹ ਸਮੇਂ ਜੋਤਿਸ਼ੀਆਂ ਵੱਲੋਂ ਦੋਨਾਂ ਧਿਰਾਂ ਦੀਆਂ ਪੱਤਰੀਆਂ ਦੇ ਮਿਲਾਨ ਨੂੰ ਵੀ ਅਸਵਿਕਾਰ ਕੀਤਾ ਗਿਆ ਹੈ। ਆਤਮ ਸਨਮਾਨ ਵਿਆਹਾਂ ਦੀ ਪ੍ਰਥਾ ਵਿਚ ਅਸੀਂ ਦੇਖ ਆਏ ਹਾਂ। ਕੀ ਇਨ੍ਹਾਂ ਸਾਰੇ ਟਰਿੱਕਾਂ ਨੂੰ ਵਿਗਿਆਨ ਸਵੀਕਾਰ ਕਰਦਾ ਹੈ? ਜੇ ਅਨੁਮਾਨ ਅਤੇ ਕਲਪਨਾ ਹੀ ਚੀਜ਼ਾਂ ਨੂੰ ਨਿਰਧਾਰਿਤ ਕਰ ਸਕਦੀਆਂ ਤਾਂ ਫਿਰ ਸਾਇੰਸ ਦੀ ਕੋਈ ਲੋੜ ਨਹੀਂ ਸੀ। ਵਿਗਿਆਨ ਸਹੀ ਗਿਆਨ ਅਤੇ ਸਹੀ ਡਾਟਾ (ਗਿਣਤੀਆਂ) ਉੱਪਰ ਅਧਾਰਿਤ ਹੈ। ਬਿਨਾਂ ਨਿਯਮਾਂ ਤੋਂ ਜ਼ਿੰਦਗੀ ਦਾ ਅਗਾਂਹ ਵਧਣਾ ਅਸੰਭਵ ਹੈ। ਧਰਮ ਅਤੇ ਜੋਤਿਸ਼ ਨੂੰ ਅੰਧ-ਵਿਸ਼ਵਾਸ਼ਾਂ, ਅਨੁਮਾਨਾਂ ਅਤੇ ਕਲਪਨਾ ਦੇ ਆਧਾਰ ਤੇ ਅਗਾਂਹ ਤੋਰਿਆ ਗਿਆ ਹੈ। ਇਨ੍ਹਾਂ ਸਭ ਨੂੰ ਤਰਕ ਦੀ ਕਸੌਟੀ ’ਤੇ ਪਰਖ ਕੇ ਹੀ ਜ਼ਿੰਦਗੀ ਤੇ ਸਮਾਜ, ਵਿਕਾਸ ਦੇ ਰਾਹ ਪੈ ਸਕਦਾ ਹੈ।
ਸਿਆਣਪ ਸੋਚਣ ਵਿਚ ਹੈ ਅਤੇ ਸੋਚਣ ਦਾ ਰਾਹ ਹੀ ਤਰਕਸ਼ੀਲਤਾ ਦਾ ਰਾਹ ਹੈ। ਤਫ਼ਰਕੇ(ਵਖਰੇਵੇਂ), ਨਫ਼ਰਤ, ਦੁਸ਼ਮਣੀ, ਪਤਨ ਅਤੇ ਗਰੀਬੀ ਆਦਿ ਜੇਕਰ ਅਜੋਕੇ ਸਮਾਜ ਵਿਚ ਪ੍ਰਚਲਿਤ ਹਨ ਤਾਂ ਇਸਦਾ ਕਾਰਣ ਹੈ ਸਿਆਣਪ ਅਤੇ ਤਰਕਸ਼ੀਲਤਾ ਦੀ ਘਾਟ। ਅਜਿਹਾ ਕੁਝ ਈਸ਼ਵਰ ਦੀ ਦੇਣ ਨਹੀਂ ਅਤੇ ਨਾ ਹੀ ਸਮੇਂ ਦੀ ਸਾਜ਼ਿਸ਼ ਜਾਂ ਜ਼ੁਲਮ। ਇਹ ਦੁਖਦਾਈ ਹੈ ਕਿ ਤਰਕਸ਼ੀਲ ਹੋਣ ’ਤੇ ਵੀ ਆਦਮੀ ਬਹੁਤ ਸਾਰੀਆਂ ਖ਼ੁਰਾਫ਼ਾਤਾਂ ਕਰਦਾ ਹੈ। ਕੋਈ ਹੋਰ ਪ੍ਰਾਣੀ ਆਪਣੀ ਜਮਾਤ ਨੂੰ ਮਨੁੱਖ ਜਿੰਨਾ ਨੁਕਸਾਨ ਨਹੀਂ ਪੁਚਾਉਂਦਾ ਤੇ ਨਾ ਹੀ ਉਹ ਆਪਣੀ ਜਮਾਤ ਨੂੰ ਨੀਵਾਂ ਦਿਖਾਉਦਾ ਹੈ। ਕੋਈ ਹੋਰ ਜੀਵਿਤ ਪ੍ਰਾਣੀ ਆਪਣੀ ਜਮਾਤ ਦਾ ਇੰਨਾ ਸੋਸ਼ਣ ਨਹੀਂ ਕਰਦਾ ਜਿੰਨਾ ਮਨੁੱਖ ਕਰਦਾ ਹੈ। ਪੂੰਜੀਪਤੀ ਮਸ਼ੀਨਾਂ ਨੂੰ ਕੰਟ੍ਰੋਲ ਕਰਦਾ ਹੈ। ਉਹ ਕਾਮਿਆਂ ਲਈ ਮੁਸੀਬਤਾਂ ਖੜ੍ਹੀਆਂ ਕਰਦਾ ਹੈ। ਨਤੀਜੇ ਦੇ ਤੌਰ ’ਤੇ ਗਰੀਬੀ ਪੈਦਾ ਹੋ ਰਹੀ ਹੈ ਅਤੇ ਸੱਤਾ ‘ਤੇ ਕਾਬਜ਼ ਸ਼ਕਤੀਆਂ ਕਰਕੇ ਲੋਕਾਂ ਦੀਆਂ ਮੁਸੀਬਤਾਂ ਵਿਚ ਵਾਧਾ ਹੁੰਦਾ ਹੈ।
ਰੱਬ ਵਿਚ ਵਿਸ਼ਵਾਸ਼ ਨੇ ਮਨੁੱਖ ਵਿਚ ਤਰਕ ਨੂੰ ਹੀ ਤਬਾਹ ਕੀਤਾ ਹੈ। ਇਹੀ ਕਾਰਣ ਹੈ ਕਿ ਤਰਕਹੀਨ ਮਾਨਵ ਦੀ ਜ਼ਿੰਦਗੀ ਜਾਨਵਰਾਂ ਤੋਂ ਵੀ ਬਦਤਰ ਹੈ। ਮਨੁੱਖਤਾ ਬਿਮਾਰ ਅਤੇ ਗ਼ਮਗ਼ੀਨ ਹੈ। ਤੁਸੀਂ ਧਾਰਮਿਕ ਆਦਮੀ ਤੋਂ ਤਰਕਸ਼ੀਲ ਵਿਚਾਰਾਂ ਦੀ ਆਸ ਨਹੀਂ ਰੱਖ ਸਕਦੇ। ਉਹ ਪਾਣੀ ਵਿਚ ਅੜਿੱਕਾ ਬਣੀ ਲਕੜੀ ਦੀ ਗੇਲੀ ਵਰਗਾ ਹੈ। ਜੇ ਮਨੁੱਖ ਕੋਲ ਗਿਆਨ ਅਤੇ ਆਤਮ ਸਨਮਾਨ ਨਹੀਂ ਤਾਂ ਉੱਚੇ ਅਹੁਦੇ ’ਤੇ ਬੈਠ ਕੇ ਦੌਲਤ ਇੱਕਠੀ ਕਰਨ ਦਾ ਕੋਈ ਫ਼ਾਇਦਾ ਨਹੀਂ। ਵਿਦੇਸ਼ੀ, ਉਪਰਲੇ ਗ੍ਰਹਿਆਂ ਉੱਪਰ ਸੰਦੇਸ਼ ਭੇਜ ਰਹੇ ਹਨ ਅਤੇ ਅਸੀਂ ਬ੍ਰਾਹਮਣਾਂ ਰਾਹੀਂ ਪਿਤਰਾਂ ਨੂੰ ਦਾਲ਼-ਚੌਲ਼ ਭੇਜ ਰਹੇ ਹਾਂ! ਇਹ ਕਿਹੜਾ ਗਿਆਨ ਹੈ? ਪੇਰੀਆਰ ਸਮਕਾਲੀ ਬ੍ਰਾਹਮਣਾਂ ਨੂੰ ਸੰਬੋਧਿਤ ਹੁੰਦੇ ਹਨ, ‘‘ਮੈਂ ਬ੍ਰਾਹਮਣਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਸਾਨੂੰ ਈਸ਼ਵਰ, ਧਰਮ ਅਤੇ ਸ਼ਸਤਰਾਂ ਦੇ ਨਾਂ ’ਤੇ ਧੋਖਾ ਦਿੱਤਾ ਹੈ। ਅਸੀਂ ਰਾਜ ਕਰਦੇ ਲੋਕ ਸਾਂ। ਇਸੇ ਸਾਲ ਤੋਂ ਇਹ ਠੱਗੀ ਦੀ ਜ਼ਿੰਦਗੀ ਬੰਦ ਕਰੋ ਅਤੇ ਤਰਕਸ਼ੀਲਤਾ ਅਤੇ ਮਾਨਵਤਾ ਨੂੰ ਥਾਂ ਦਿਉ।’’ ਈਸ਼ਵਰ ਆਦਿ ਤੋਂ ਲੋਕਾਂ ਦਾ ਡਰ ਚੁੱਕਣ ਲਈ ਪੇਰੀਆਰ ਆਪਣਾ ਉਦਾਹਰਣ ਦਿੰਦੇ ਹਨ ਕਿ, ‘‘ਮੈਂ 17 ਸਾਲ ਦੀ ਉਮਰ ਤੋਂ ਹੀ ਦੇਵਤਿਆਂ ਅਤੇ ਬ੍ਰਾਹਮਣਾਂ ਦਾ ਵਿਰੋਧ ਸ਼ੁਰੂ ਕਰ ਦਿੱਤਾ ਸੀ। ਉਦੋਂ ਤੋਂ ਲੈ ਕੇ ਹੁਣ ਤਕ ਮੈਂ 53 ਸਾਲ ਤੋਂ ਤਰਕਸ਼ੀਲਤਾ ਦਾ ਪ੍ਰਚਾਰ ਕਰ ਰਿਹਾ ਹਾਂ। ਕੀ ਮੈਂ ਮਰ ਗਿਆ ਹਾਂ? ਕੀ ਮੈਂ ਬੇਇੱਜ਼ਤ ਹੋਇਆ ਹਾਂ? ਕਦੇ ਵੀ ਨਹੀਂ। ਫਿਰ ਤੁਹਾਨੂੰ ਕਾਹਦਾ ਡਰ ਹੈ? ਗਿਆਨੀ ਬਣੋ।’
ਸਮਾਜਵਾਦ, ਆਤਮਸਨਮਾਨ, ਤਰਕਸ਼ੀਲਤਾ ਤੋਂ ਇਲਾਵਾ ਪੇਰੀਆਰ ਨੇ ਸਮਾਜ ਸੁਧਾਰਾਂ, ਸਿੱਖਿਆ, ਮਾਤ ਭਾਸ਼ਾ, ਸਾਹਿਤ (ਵਿਸ਼ੇਸ਼ ਤੌਰ ’ਤੇ ਸੰਸਕਿ੍ਰਤ ਸਾਹਿਤ), ਕਲਾਵਾਂ, ਕੋਆਪ੍ਰੇਸ਼ਨ, ਆਰਥਿਕਤਾ, ਚਰਿੱਤਰ, ਨਿਰਮਾਣ, ਨਾਰੀ ਅਧਿਕਾਰਾਂ, ਨੌਜਵਾਨਾਂ, ਰਾਜਨੀਤੀ, ਲੋਕ ਸੇਵਾ ਅਤੇ ਜਾਤ-ਪਾਤ ਆਦਿ ਵਿਸ਼ਿਆਂ ਉੱਪਰ ਆਪਣੇ ਮੌਲਿਕ ਵਿਚਾਰ ਦਿੱਤੇ ਹਨ ਜਿਨ੍ਹਾਂ ਨੇ ਨਾ ਕੇਵਲ ਤਾਮਿਲਨਾਡੂ ਬਲਕਿ ਬਾਹਰਲੇ ਸੰਸਾਰ ਨੂੰ ਵੀ ਪ੍ਰਭਾਵਿਤ ਕੀਤਾ ਹੈ। ਇਨ੍ਹਾਂ ਦੀ ਚਰਚਾ ਕਰਨ ਲਈ ਸ਼ਾਇਦ ਪੂਰੀ ਪੁਸਤਕ ਦੀ ਲੋੜ ਹੈ, ਪਰ ਇਥੇ ਅਸੀਂ ਕੁਝ ਦੀ ਚਰਚਾ ਸੰਖੇਪ ਵਿਚ ਕਰਾਂਗੇ।
‘ਮਹਿਲਾਏਂ ਉਨਹੇਂ ਕਹਿਤੀ ਥੀ ਪੇਰੀਆਰ (ਮਹਾਨ)’ ਨਾਂ ਦੇ ਲੇਖ ਵਿਚ ਲਲਿਤਾ ਧਾਰਾ ਨੇ ਲਿਖਿਆ ਹੈ, ‘‘ਪੇਰੀਆਰ ਨੇ ਜਿਥੇ ਬ੍ਰਾਹਮਣਵਾਦੀ ਹਿੰਦੂ ਧਰਮ ਦੇ ਵਿਰੁੱਧ ਲੜਾਈ ਵਿਚ ਤਰਕਸ਼ੀਲਤਾ ਨੂੰ ਆਪਣਾ ਹਥਿਆਰ ਬਣਾਇਆ, ਓਥੇ ਪਿਤਰ ਸੱਤਾ ਦਾ ਵਿਰੋਧ ਉਨ੍ਹਾਂ ਨੇ ਆਪਣੇ ਇਸ ਦਿ੍ਰੜ ਵਿਸ਼ਵਾਸ਼ ਦੇ ਅਧਾਰ ’ਤੇ ਕੀਤਾ ਕਿ ਔਰਤਾਂ ਆਪਣੇ ਆਪ ਵਿਚ ਸੁਤੰਤਰ ਹਨ ਅਤੇ ਕਿਸੇ ਦੇ ਅਧੀਨ ਨਹੀਂ ਹਨ।’’ (ਜਾਤੀ ਵਿਵਸਥਾ ਪਿਤਰ ਸੱਤਾ, ਪ੍ਰਮੋਦ ਰੰਜਨ (ਸੰ.) ਪੰਨਾ-97) ਪੇਰੀਆਰ ਦੇ ਆਤਮ ਸਨਮਾਨ ਵਿਆਹ ਦੀ ਚਰਚਾ ਕਰਦਿਆਂ ਲਲਿਤਾ ਧਾਰਾ ਨੇ ਪੇਰੀਆਰ ਤੋਂ 40 ਸਾਲ ਪਹਿਲਾਂ ਜਯੋਤੀਬਾ ਫੂਲੇ ਵਲੋਂ ਚਲਾਏ ਗਏ ‘ਸਤਿਆਸ਼ੋਧਕ ਵਿਆਹ ਸੰਸਕਾਰ’ ਨਾਲ ਉਸਦੀ ਤੁਲਨਾ ਕੀਤੀ ਹੈ। ਇਨ੍ਹਾਂ ਵਿਆਹਾਂ ਵਿਚ ਵੀ ਕੋਈ ਪੰਡਿਤ ਨਹੀਂ ਸੀ ਹੁੰਦਾ ਅਤੇ ਹਿੰਦੂ ਧਾਰਮਿਕ ਮੰਤਰਾਂ ਦੀ ਥਾਂ ਵਰ-ਵਧੂ ਆਪਣੇ ਲਈ ਨਿਰਧਾਰਿਤ ਧਰਮ ਨਿਰਪੇਖ ਮੰਤਰਾਂ ਦਾ ਖ਼ੁਦ ਹੀ ਜਾਪ ਕਰਦੇ ਸਨ। ‘ਭਾਵੇਂ ਪੇਰੀਆਰ ਨੇ ਫੂਲੇ ਦਾ ਨਾਮ ਵੀ ਨਹੀਂ ਸੁਣਿਆ ਸੀ ਫਿਰ ਵੀ ਉਨ੍ਹਾਂ ਨੇ ਫੂਲੇ ਦੇ ਕੰਮ ਨੂੰ ਹੀ ਅੱਗੇ ਵਧਾਇਆ।’ (ਉਹੀ-ਪੰਨਾ 98)
ਪੇਰੀਆਰ ਔਰਤਾਂ ਨੂੰ ਸੈਕਸ ਅਤੇ ਬੱਚੇ ਪੈਦਾ ਕਰਨ ਦੇ ਮਾਮਲਿਆਂ ਵਿਚ ਅਸੀਮਤ ਅਤੇ ਬਿਨਾਂ ਸ਼ਰਤ ਆਜ਼ਾਦੀ ਦੇਣ ਦੇ ਹਾਮੀ ਸਨ। ਉਹ ਚਾਹੁੰਦੇ ਸਨ ਕਿ ‘ਜਤ-ਸਤ ਅਤੇ ਚਰਿੱਤਰ’ ਵਰਗੇ ਮਾਪਦੰਡ ਜਾਂ ਤਾਂ ਔਰਤ-ਮਰਦ ਦੋਵਾਂ ’ਤੇ ਲਾਗੂ ਹੋਣ ਜਾਂ ਫਿਰ ਕਿਸੇ ’ਤੇ ਵੀ ਨਹੀਂ। ਇਥੋਂ ਤਕ ਕਿ ਮੁੰਡੇ-ਕੁੜੀਆਂ ਦਾ ਨਾਂ ਅਤੇ ਪਹਿਰਾਵਾ ਵੀ ਇਕੋ ਜਿਹਾ ਹੋਣਾ ਚਾਹੀਦਾ ਹੈ। ਕੁੜੀਆਂ ਨੂੰ ਮੁੱਕੇਬਾਜ਼ੀ ਅਤੇ ਕੁਸ਼ਤੀ ਜਿਹੀਆਂ ਖੇਡਾਂ ਵਿਚ ਹਿੱਸਾ ਲੈਣਾ ਚਾਹੀਦਾ ਹੈ। ਪੇਰੀਆਰ ਗਰਭ ਨਿਰੋਧਕਾਂ ਨੂੰ ਔਰਤਾਂ ਦੀ ਆਜ਼ਾਦੀ ਅਤੇ ਆਪਣੀ ਜ਼ਿੰਦਗੀ ’ਤੇ ਅਧਿਕਾਰ ਦਾ ਇਕ ਹਥਿਆਰ ਮੰਨਦੇ ਸਨ। ਔਰਤਾਂ ਨੂੰ ਇਹ ਤੈਅ ਕਰਨ ਦਾ ਅਧਿਕਾਰ ਹੈ ਕਿ ਉਹ ਬੱਚੇ ਚਾਹੁੰਦੀਆਂ ਹਨ ਜਾਂ ਨਹੀਂ। ਪੇਰੀਆਰ ਦੀ ਕਰਨੀ ਤੇ ਕਥਨੀ ਦੀ ਏਕਤਾ ਆਪਣੀ ਪਤਨੀ ਨਰਾਮੱਲ ਨੂੰ ਮੰਗਲ ਸੂਤਰ ਦਾ ਤਿਆਗ ਕਰਨ ਲਈ ਰਾਜ਼ੀ ਕਰਨ ਤੋਂ ਬਾਖੂਬੀ ਸਾਹਮਣੇ ਆਉਂਦੀ ਹੈ। ਸਪੱਸ਼ਟ ਹੈ ਕਿ ਪੇਰੀਆਰ ਆਪਣੇ ਸਮੇਂ ਤੋਂ ਸਦੀਆਂ ਅਗਾਂਹ ਦੀ ਸੋਚ ਰੱਖਦੇ ਸਨ।
ਇਥੇ ਪੇਰੀਆਰ ਦੇ ਭਾਸ਼ਾ ਬਾਰੇ ਵਿਚਾਰਾਂ ਨੂੰ ਵੀ ਘੋਖ ਲੈਣਾ ਚਾਹੀਦਾ ਹੈ। ਪੇਰੀਆਰ ਨੇ ਵਿਦਵਾਨਾਂ ਨੂੰ ਤਾਮਿਲ ਵਰਣਮਾਲਾ ਵਿਚ ਸੁਧਾਰ ਕਰਨ ਲਈ ਕਿਹਾ ਪਰ ਕੋਈ ਨਾ ਨਿੱਤਰਿਆ। ਫਿਰ ਪੇਰੀਆਰ ਨੇ ਆਪ ਇਸ ਵਿਚ ਕੁਝ ਸੁਧਾਰ ਕੀਤੇ। 1935 ਵਿਚ ਵਰਣਮਾਲਾ ਵਿਚ ਕੀਤੇ ਸੁਧਾਰਾਂ ਨੂੰ ਅਖ਼ਬਾਰਾਂ ਨੇ ਮਾਨਤਾ ਦੇ ਦਿੱਤੀ ਅਤੇ ਪੇਰੀਆਰ ਦੀਆਂ ਕਿਤਾਬਾਂ ਵਿਚ ਵੀ ਇਹ ਸੁਧਾਰ ਲਾਗੂ ਹੋ ਗਏ। ਅਸੀਂ ਤਾਮਿਲ ਭਾਸ਼ਾ ਦੇ ਲਿਪੀ ਮਾਹਿਰ ਨਹੀਂ ਹਾਂ ਇਸ ਲਈ ਇਹ ਦੱਸਣ ਤੋਂ ਅਸਮਰੱਥ ਹਾਂ ਕਿ ਇਨ੍ਹਾਂ ਸੁਧਾਰਾਂ ਦੀ ਪ੍ਰਕਿਰਤੀ ਕੀ ਸੀ। ਕਾਂਚੀਪੁਰਮ ਕਾਨਫਰੰਸ ਵਿਚ ਹਿੰਦੀ ਵਿਰੋਧੀ ਮਤਾ ਪਾਸ ਕੀਤਾ ਗਿਆ। ਜਦੋਂ ਸੀ. ਰਾਜਗੋਪਾਲਾਚਾਰੀਆ ਮਦਰਾਸ ਪ੍ਰਾਵਿੰਸ (ਖੇਤਰ) ਦੇ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਨੇ ਸਕੂਲਾਂ ਦੇ ਪਾਠਕ੍ਰਮ ਵਿਚ ਹਿੰਦੀ ਨੂੰ ਜ਼ਰੂਰੀ ਵਿਸ਼ੇ ਦੇ ਤੌਰ ’ਤੇ ਲਾਗੂ ਕਰਵਾਉਣ ਦਾ ਫੈਸਲਾ ਲਿਆ, ਪਰ ਪੇਰੀਆਰ ਨੇ ਇਸਦਾ ਤਿੱਖਾ ਵਿਰੋਧ ਕੀਤਾ। ਤਾਮਿਲ ਕਾਨਫਰੰਸ (1937) ਵਿੱਚ ਪੇਰੀਆਰ ਨੇ ਕਿਹਾ ਕਿ ਹਿੰਦੀ ਦੀ ਸਰਦਾਰੀ ਨੂੰ ਮਾਤ ਦੇਣ ਲਈ ਇੱਕੋ-ਇੱਕ ਹੱਲ ਹੈ ‘ਵੱਖਰਾ ਸੋਵਰਾਈਨ ਸਟੇਟ (ਖ਼ੁਦਮੁਖ਼ਤਾਰ ਰਾਜ), ਤਾਮਿਲਾਂ ਵਾਸਤੇ ਤਾਮਿਲਨਾਡੂ। ਉਨ੍ਹਾਂ ਨੇ ਸਕੂਲਾਂ ਸਾਹਮਣੇ ਪਿਕਟਿੰਗ ਕੀਤੀ ਜਿਸ ਕਾਰਣ ਉਨ੍ਹਾਂ ਨੂੰ ਦੋ ਸਾਲ ਦੀ ਕੈਦ ਭੁਗਤਣੀ ਪਈ।
ਜਦੋਂ ਪੇਰੀਆਰ ਦਾ ਸੱਜਾ ਹੱਥ ਮੰਨੇ ਜਾਂਦੇ ਸੀ. ਐੱਨ. ਅੰਨਾਦੁਰਈ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਨੇ ਦੋਭਾਸ਼ੀ (ਤਾਮਿਲ ਅਤੇ ਅੰਗ੍ਰੇਜ਼ੀ) ਭਾਸ਼ਾ ਦਾ ਬਿੱਲ ਲਿਆਂਦਾ ਜੋ ਪਾਸ ਵੀ ਹੋਇਆ। ਇਹ ਪੇਰੀਆਰ ਦਾ ਪ੍ਰਭਾਵ ਹੀ ਸੀ ਕਿ ਸਾਰੇ ਸਰਕਾਰੀ ਦਫ਼ਤਰਾਂ ਵਿਚੋਂ ਹਿੰਦੂ ਦੇਵਤਿਆਂ ਦੀਆਂ ਤਸਵੀਰਾਂ ਹਟਾ ਦਿੱਤੀਆਂ ਗਈਆਂ। 1970 ਵਿਚ ਤਾਮਿਲਨਾਡੂ ਅਸੈਂਬਲੀ ਵਿਚ ਕਾਨੂੰਨ ਪਾਸ ਹੋਇਆ ਕਿ ਹਰ ਜਾਤ ਦੇ ਲੋਕ ਮੰਦਰ ਦੇ ਪੁਜਾਰੀ ਬਣ ਸਕਦੇ ਹਨ। ਇਹ ਪੇਰੀਆਰ ਦੀ ਮੰਗ ਦੇ ਅਨਕੂਲ ਸੀ ਕਿ ਹਰ ਥਾਂ ’ਤੇ ਜਾਤ ਦੀ ਬਰਾਬਰੀ ਹੋਵੇ। ਹੁਣੇ ਜਿਹੇ ਸਟਾਲਿਨ ਸਰਕਾਰ ਨੇ ਔਰਤ ਪੁਜਾਰੀਆਂ ਨੂੰ ਵੀ ਇਹ ਅਧਿਕਾਰ ਦਿੱਤਾ ਹੈ। ਪੇਰੀਆਰ ਨੇ ਭਾਰਤੀ ਸੰਵਿਧਾਨ ਦਾ ਵਿਰੋਧ ਕੀਤਾ ਅਤੇ ਪੱਛੜੀਆਂ ਜਾਤੀਆਂ ਲਈ ਬਰਾਬਰ ਦੇ ਅਧਿਕਾਰਾਂ ਦੀ ਮੰਗ ਕੀਤੀ। ਦਬਾਅ ਹੇਠ ਆ ਕੇ ਕੇਂਦਰ ਸਰਕਾਰ ਨੇ ਆਰਟੀਕਲ 15 ਵਿਚ ਚੌਥੀ ਕਲਾਜ਼ ਜੋੜੀ।
ਪੇਰੀਆਰ ਸ਼ੁਰੂ ਤੋਂ ਹੀ ਆਬਾਦੀ ਅਨੁਸਾਰ ਹੇਠਲੀਆਂ ਜਾਤਾਂ-ਜਮਾਤਾਂ ਦੀ ਰਿਜ਼ਰਵੇਸ਼ਨ ਦੇ ਹੱਕ ਵਿਚ ਸਨ। ਉਨ੍ਹਾਂ ਅਨੁਸਾਰ ਐਡਮਿਨਿਸਟ੍ਰੇਸ਼ਨ (ਪ੍ਰਸ਼ਾਸਕੀ ਕੰਮਕਾਜ) ਦਾ ਪੱਧਰ ਉੱਚਾ ਚੁੱਕਣਾ ਹੈ ਤਾਂ ਰਿਜ਼ਰਵੇਸ਼ਨ ਜ਼ਰੂਰੀ ਹੈ। ਮੋਨੋਪਲੀ (ਬ੍ਰਾਹਮਣ) ਜਾਤਾਂ ਨੂੰ ਨੱਥ ਪਾਉਣ ਲਈ ਜ਼ਰੂਰੀ ਹੈ ਕਿ ਹਰ ਸਰਕਾਰੀ ਖੇਤਰ ਅਤੇ ਗਤੀਵਿਧੀਆਂ ਵਿਚ ਹੇਠਲੀਆਂ ਜਾਤੀਆਂ ਦੀ ਪ੍ਰਤੀਨਿਧਤਾ ਹੋਵੇ। ਉਨ੍ਹਾਂ ਦਾ ਵਿਚਾਰ ਸਪੱਸ਼ਟ ਸੀ ਕਿ, ‘‘ਸਾਰੀਆਂ ਪੱਛੜੀਆਂ ਅਤੇ ਆਰੀਅਨ ਕਮਿਊਨਿਟੀਆਂ ਨੂੰ ਸਰਕਾਰੀ ਸੇਵਾਵਾਂ ਵਿਚ ਅਨੁਪਾਤਕ ਪ੍ਰਤੀਨਿਧਤਾ ਮਿਲਣੀ ਚਾਹੀਦੀ ਹੈ। ਇਸੇ ਤਰ੍ਹਾਂ ਹੀ ਸਮਾਜ ਵਿਚ ਸਮਾਜਿਕ ਅਤੇ ਜਾਤੀ ਇਨਸਾਫ਼ ਮਿਲ ਸਕੇਗਾ।’’ ਪੇਰੀਆਰ ਮੈਰਿਟ ਦੇ ਬਹੁਤ ਖ਼ਿਲਾਫ਼ ਸਨ। ਉਨ੍ਹਾਂ ਦੀ ਦਲੀਲ ਇਹ ਸੀ ਕਿ ਯੂਨੀਵਰਸਿਟੀ ਨੇ ਜੋ ਪਾਸ ਪ੍ਰਤੀਸ਼ਤ ਰੱਖੀ ਹੈ ਜੇ ਉੁਹ ਲੈ ਕੇ ਕਿਸੇ ਨੂੰ ਡਿਗਰੀ ਮਿਲੀ ਹੈ ਤਾਂ ਉਸਨੂੰ ਨੌਕਰੀ ਮਿਲਣੀ ਹੀ ਚਾਹੀਦੀ ਹੈ। ਮੈਰਿਟ ਦੇ ਰੌਲੇ ਨੂੰ ਉਹ ‘ਮੂਰਖ਼ਾਨਾ ਅਤੇ ਸ਼ਰਾਰਤੀ ਸਿਧਾਂਤ’ ਮੰਨਦੇ ਸਨ। ਪੇਰੀਆਰ ਦੇ ਵਿਚਾਰਾਂ ਅਨੁਸਾਰ, ‘‘ਇਸ ਵਿਵਸਥਾ ਦੇ ਅੰਤਰਗਤ 14% ਪਦ ਬ੍ਰਾਹਮਣਾਂ ਲਈ, 44% ਗ਼ੈਰ ਬ੍ਰਾਹਮਣਾਂ ਲਈ ਅਤੇ 14% ਦਲਿਤਾਂ ਲਈ ਰੱਖੇ ਜਾਣੇ ਸਨ।’’ ਪੇਰੀਆਰ ਅਤੇ ਰਾਜਾ ਸਰ ਬੋਬਲੀ ਦੇ ਲਗਾਤਾਰ ਯਤਨਾਂ ਨਾਲ ਕੇਂਦਰ ਸਰਕਾਰ ਦੀਆਂ ਸੰਸਥਾਵਾਂ ਵਿਚ 72% ਆਰਕਸ਼ਣ (ਰਾਖਵਾਂਕਰਨ) ਲਾਗੂ ਹੋ ਗਿਆ। ਇਹ ਇਤਿਹਾਸਕ ਸਰਕਾਰੀ ਆਦੇਸ਼ ਦੇਸ਼ ਵਿਚ ਬਿ੍ਰਟਿਸ਼ ਸਾਸ਼ਨ ਖ਼ਤਮ ਹੋਣ ਤਕ ਲਾਗੂ ਰਿਹਾ। ਪ੍ਰੰਤੂ ਕੁਝ ਹੀ ਸਮੇਂ ਬਾਅਦ ਭਾਰਤ ਦੇ ਬ੍ਰਾਹਮਣਵਾਦੀ ਸ਼ਾਸਕਾਂ ਨੇ ਇਸ ਆਦੇਸ਼ ਨੂੰ ਵਾਪਿਸ ਲੈ ਲਿਆ। ਬਾਅਦ ਦੀਆਂ ਆਰਕਸ਼ਣ ਦੀਆਂ ਲੜਾਈਆਂ ਅਤੇ ਹੁਣ ਆਕਰਸ਼ਣ ਦੀ ਸਥਿਤੀ ਬਾਰੇ ਸਾਰੇ ਜਾਣੂੰ ਹਨ।
ਪੇਰੀਆਰ ਅਤੇ ਡਾ. ਅੰਬੇਡਕਰ ਦੀ ਦੇਣ ਦੀ ਵਿਸਤਿ੍ਰਤ ਚਰਚਾ ਕੀਤੀ ਜਾ ਸਕਦੀ ਹੈ, ਪਰ ਇਹ ਕੰਮ ਅਸੀਂ ਹੋਰ ਸਮੇਂ ’ਤੇ ਛੱਡਦੇ ਹਾਂ। ਜਸਟਿਸ ਪਾਰਟੀ ਸਮੇਂ ਮੁੱਖ ਮੰਤਰੀ ਦੀ ਪੇਰੀਆਰ ਨਾਲ ਨੇੜਤਾ ਕਾਰਣ ਕਈ ਆਦੇਸ਼ਾਂ ਕਰਕੇ ਦਲਿਤਾਂ ਨੂੰ ਅਧਿਕਾਰ ਮਿਲੇ ਜਿਵੇਂ, ‘‘ਹਿੰਦੂ ਮੰਦਿਰਾਂ ਵਿਚ ਪ੍ਰਵੇਸ਼ ਦਾ ਅਧਿਕਾਰ, ਮੁੱਖ ਸੜਕਾਂ ’ਤੇ ਚੱਲਣ ਦਾ ਅਧਿਕਾਰ, ਬਸ ਵਿਚ ਯਾਤਰਾ ਕਰਨ ਦਾ ਅਧਿਕਾਰ, ਥੀਏਟਰਾਂ ਵਿਚ ਪ੍ਰਵੇਸ਼ ਦਾ ਅਧਿਕਾਰ ਅਤੇ ਸਾਮੂਹਿਕ ਤਲਾਵਾਂ ਤੋਂ ਪਾਣੀ ਪੀਣ ਤੇ ਲੈਣ ਦਾ ਅਧਿਕਾਰ ਸ਼ਾਮਲ ਸਨ। ਸਿਖਿਆ ਵਿਚ ਭੇਦਭਾਵ ਨੂੰ ਗ਼ੈਰ ਕਾਨੂੰਨੀ ਐਲਾਨਿਆ ਗਿਆ। ਇਸਤੋਂ ਇਲਾਵਾ ਇਸ ਸਰਕਾਰ ਨੇ ਮਿਊਂਸਿਪਲ ਸਕੂਲਾਂ ਦੇ ਵਿਦਿਆਰਥੀਆਂ ਲਈ ਦੁਪਹਿਰ ਦੇ ਮੁਫ਼ਤ ਭੋਜਨ ਦੀ ਸ਼ੁਰੂਆਤ ਕੀਤੀ ਸੀ ਅਤੇ ਔਰਤਾਂ ਨੂੰ ਵੋਟ ਦੇਣ ਅਤੇ ਚੋਣ ਲੜਨ ਦਾ ਅਧਿਕਾਰ ਦਿੱਤਾ ਸੀ।’’ (ਟੀ. ਥਮਰਾਈਕੱਨਨ, ਜਾਤੀ-ਵਿਵਸਥਾ ਔਰ ਪਿੱਤਰ ਸੱਤਾ, ਪੰਨਾ-103)
ਜਿਵੇਂ ਅਸੀਂ ਉੱਪਰ ਕਹਿ ਆਏ ਹਾਂ ਕਿ ਪੇਰੀਆਰ ਦੇ ਕੰਮਾਂ ਅਤੇ ਵਿਚਾਰਾਂ ਵਿਚ ਏਨੀ ਵਿਵਧਿਤਾ (ਵੰਨ-ਸੁਵੰਨਤਾ) ਹੈ ਕਿ ਇਸ ਬਾਰੇ ਪੂਰੀ ਪੁਸਤਕ ਦੀ ਦਰਕਾਰ ਹੈ। ਫਿਰ ਵੀ ਅਸੀਂ ਯਤਨ ਕੀਤਾ ਹੈ ਕਿ ਉਨ੍ਹਾਂ ਦੇ ਪ੍ਰਮੁੱਖ ਵਿਚਾਰਾਂ ਨੂੰ ਰੇਖਾਂਕਿਤ ਕੀਤਾ ਜਾ ਸਕੇ। ਅਸੀਂ ਇਸ ਪੱਖੋਂ ਸੁਚੇਤ ਹਾਂ ਕਿ ਪੰਜਾਬੀ ਵਿਚ ਇਹ ਪਹਿਲਾ ਯਤਨ ਹੈ। ਪੇਰੀਆਰ ਦੀਆਂ ਲਿਖਤਾਂ ਨੂੰ ਪੰਜਾਬੀ ਭਾਸ਼ਾ ਵਿਚ ਲਿਆਉਣ ਦੀ ਜ਼ਰੂਰਤ ਹੈ ਅਤੇ ਇਨ੍ਹਾਂ ਰਚਨਾਵਾਂ ਉੱਪਰ ਵਿਸਤਿ੍ਰਤ ਚਰਚਾ ਦੀ ਵੀ ਲੋੜ ਹੈ। ਆਉਣ ਵਾਲੇ ਸਮੇਂ ਵਿਚ ਇਸ ਘਾਟ ਨੂੰ ਪੂਰਾ ਕਰਨ ਦਾ ਯਤਨ ਕੀਤਾ ਜਾਵੇਗਾ।

Scroll To Top