
ਅਮ੍ਰਿੰਤਸਰ, 2 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਦਿਹਾਤੀ ਮਜ਼ਦੂਰ ਸਭਾ ਵੱਲੋਂ ਪਲਾਟਾਂ ਦੀਆਂ ਅਰਜੀਆਂ ਦੀ ਤਰੀਕ 2 ਅਕਤੂਬਰ ਤੋਂ ਵਧਾ ਕੇ 20 ਨਵੰਬਰ ਤੱਕ ਕਰਨ ਦੀ ਮੰਗ ਕੀਤੀ ਗਈ।ਇਸ ਸਬੰਧੀ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਆਗੂ ਪਲਵਿੰਦਰ ਸਿੰਘ ਮਹਿਸਮਪੁਰ, ਗੁਰਨਾਮ ਸਿੰਘ ਭਿੰਡਰ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਮਜ਼ਦੂਰਾਂ ਨਾਲ ਵਾਅਦੇ ਕਰਕੇ ਸਰਕਾਰ ਬਣਾਈ ਸੀ, ਪਰ ਹੁਣ ਮਜ਼ਦੂਰਾਂ ਵੱਲ ਪਿੱਠ ਕੀਤੀ ਹੋਈ ਹੈ।
ਪੰਜਾਬ ਦੀਆਂ ਸੱਤ ਮਜ਼ਦੂਰ ਜਥੇਬੰਦੀਆਂ ਨੇ ਲਹੂ ਵੀਟਵਾ ਸੰਘਰਸ਼ ਪਟਿਆਲਾ ਵਿਖੇ ਮੋਤੀ ਮਹਿਲ ਘੇਰ ਕੇ ਲੜਿਆ, ਜਿਸ ਤੇ ਲੋਕਾਂ ਦੇ ਇਕੱਠ ਦਾ ਦਬਾਅ ਕਰਕੇ ਸਰਕਾਰ ਨੇ ਆਗੂਆਂ ਨਾਲ ਮੀਟਿੰਗ ਬੁਲਾਈ, ਜਿਸ ਵਿੱਚ ਕੁਝ ਮੰਗਾਂ ਤੇ ਸਹਿਮਤੀ ਬਣੀ। ਬਿਜਲੀ ਬਿੱਲਾਂ ਦੇ ਸਮੁੱਚੇ ਬਕਾਏ ਮੁਆਫ਼ ਕਰਨ, ਬਿੱਜਲੀ ਦੇ ਕੱਟੇ ਕੁਨੈਕਸ਼ਨ ਤੁਰੰਤ ਜੋੜਨ, 5-5 ਮਰਲੇ ਦੇ ਰਿਹਾਇਸ਼ੀ ਪਲਾਟ, ਪੰਚਾਇਤੀ ਜਮੀਨਾਂ ਤੋਂ ਦਲਿਤਾਂ ਦੇ ਤੀਜੇ ਹਿੱਸੇ ਦੀ ਜਮੀਨ ਆਦਿ। ਆਗੂਆਂ ਨੇ ਕਿਹਾ ਕਿ ਕੀਤੇ ਵਾਅਦੇ ਤੋਂ ਬਾਅਦ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੇ, ਜਥੇਬੰਦੀਆਂ ਨੇ ਫਿਰ ਸੰਘਰਸ਼ ਦਾ ਐਲਾਨ ਕੀਤਾ ਤਾਂ 13 ਅਗਸਤ ਨੂੰ ਫਿਰ ਪਟਿਆਲਾ ਵਿਖੇ ਵੱਡਾ ਇਕੱਠ ਕੀਤਾ। ਹੁਣ ਪੰਜਾਬ ਸਰਕਾਰ ਨੇ ਪੰਚਾਇਤਾਂ ਨੂੰ ਰਿਹਾਇਸ਼ੀ ਪਲਾਟਾਂ ਤੇ ਮਤੇ ਪਾਉਣ ਦਾ ਫੁਰਮਾਨ ਜਾਰੀ ਕੀਤਾ ਤੇ ਅਰਜੀਆਂ ਦੀ ਤਰੀਕ 2 ਅਕਤੂਬਰ ਨਿਸ਼ਚਤ ਕੀਤੀ, ਜੋ ਬਹੁਤ ਹੀ ਘੱਟ ਹੈ।
ਪਿੰਡਾਂ ਦੀਆਂ ਪੰਚਾਇਤਾਂ ਸਿਆਸੀ ਰੰਜਸ਼ ਤਹਿਤ ਮਤੇ ਨਹੀਂ ਪਾਉਣਗੀਆਂ, ਜਿਸ ਲਈ ਸੰਘਰਸ਼ ਕਰਨਾ ਪਵੇਗਾ। ਦਿਹਾਤੀ ਮਜ਼ਦੂਰ ਸਭਾ ਦੇ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਅਰਜੀਆਂ ਦੀ ਤਰੀਕ 20 ਨਵੰਬਰ ਕੀਤੀ ਜਾਵੇ ਤੇ ਲੋੜਵੰਦ ਗਰੀਬਾਂ ਨੂੰ ਬਿਨਾ ਵਿਤਕਰਾ ਦੇ ਰਿਹਾਇਸ਼ੀ ਪਲਾਟ ਦਿੱਤੇ ਜਾਣ। ਇਸ ਮੌਕੇ ਚਕਨ ਸਿੰਘ ਖਲਚੀਆ, ਬਲਵਿੰਦਰ ਸਿੰਘ ਖਲਚੀਆ, ਨਿਰਮਲ ਸਿੰਘ ਮਹਿਸਮਪੁਰ, ਪਲਵਿੰਦਰ ਸਿੰਘ ਬੁਟਾਰੀ, ਗੁਰਨਾਮ ਸਿੰਘ ਮਹਿਸਮਪੁਰ, ਸੁਰਜੀਤ ਸਿੰਘ ਵਡਾਲਾ, ਜਗੀਰ ਸਿੰਘ ਵਡਾਲਾ ਆਦਿ ਸਾਥੀ ਹਾਜਿਰ ਸਨ।