
ਅਮਨ-ਚੈਨ ਦੇ ਮਾਹੌਲ ਅਤੇ ਭਾਈਚਾਰਕ ਸਾਂਝ ਦੀ ਰਾਖੀ ਲਈ ਫਿਰਕੂ-ਫਾਸ਼ੀ ਹਜ਼ੂਮੀ ਹਮਲਿਆਂ ਦਾ ਡਟਵਾਂ ਵਿਰੋਧ ਕਰੋ
ਮੱਧ ਪ੍ਰਦੇਸ਼ ਦੇ ਇੰਦੌਰ ਵਿਖੇ ਕੱਚ ਦੀਆਂ ਚੂੜੀਆਂ (ਵੰਗਾਂ) ਵੇਚਣ ਵਾਲੇ 25 ਸਾਲਾਂ ਦੇ ਇਕ ਮੁਸਲਿਮ ਨੌਜਵਾਨ ਤਸਲੀਮ ਅਲੀ ਨੂੰ ਬਜਰੰਗ ਦਲ ਦੇ ਕਾਰਕੁੰਨਾ ਵਲੋਂ ਬਹੁਤ ਹੀ ਬੇਰਹਿਮੀ ਨਾਲ ਕੁੱਟਣ ਦੀ ਵੀਡੀਓ ਦੇਖਣ ਤੋਂ ਬਾਅਦ ਇੱਕ ਵਾਰ ਫਿਰ ਸੰਘ ਪਰਿਵਾਰ ਦੀ ‘ਤਾਲਿਬਾਨੀ ਮਾਨਸਿਕਤਾ’ ਜਗ-ਜ਼ਾਹਰ ਹੋਈ ਹੈ। ਤਸਲੀਮ ਅਲੀ ਦਾ ਦੋਸ਼ ਇਹ ਹੈ ਕਿ ਉਹ ਯੂ.ਪੀ. ’ਚੋਂ ਸਾਵਣ ਦੇ ਮਹੀਨੇ ਰੱਖੜੀ ਦੇ ਤਿਉਹਾਰ ’ਤੇ ਵੰਗਾਂ ਵੇਚਣ ਵਾਸਤੇ ਹਿੰਦੂ ਵਸੋਂ ਵਾਲੇ ਇਲਾਕੇ ’ਚ ਕਿਉਂ ਆਇਆ? ਪੁਲਸ ਨੇ ਬੇਰਹਿਮੀ ਨਾਲ ਕੁੱਟੇ ਗਏ ਵਿਅਕਤੀ ਤਸਲੀਮ ਅਲੀ, ਜਿਸਦੀਆਂ ਸਾਰੀਆਂ ਵੰਗਾਂ ਤੇ ਹੋਰ ਸਮਾਨ ਤੋੜ ਦਿੱਤਾ ਗਿਆ ਜਾਂ ਲੁੱਟ ਲਿਆ ਗਿਆ ਤੇ ਨਾਲ ਹੀ ਉਸਦੀ ਦਸ ਹਜ਼ਾਰ ਦੀ ਨਕਦੀ ਵੀ ਖੋਹ ਲਈ ਗਈ, ਉਪਰ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਜਿਵੇਂ ਧਾਰਾ 354, 354ਏ, 467, 468, 471, 420, 506 ਅਤੇ ਪੌਕਸੋ ਅਧੀਨ ਮੁਕੱਦਮਾ ਦਰਜ਼ ਕੀਤਾ ਹੈ। ਉਸਨੂੰ ਕੁੱਟਣ ਵਾਲੇ ਬਜਰੰਗ ਦਲ ਦੇ ਕਾਰਕੁੰਨ ਦੀ ਇਕ ਛੋਟੀ ਬੱਚੀ ਨੂੰ ਛੇੜਨ ਦਾ ਇਲਜ਼ਾਮ ਲਾ ਕੇ ਤਸਲੀਮ ਅਲੀ ਵਿਰੁੱਧ ਇਹ ਕੇਸ ਦਰਜ਼ ਕੀਤਾ ਗਿਆ ਹੈ। ਪੁਲਸ ਅਨੁਸਾਰ ਦੋਸ਼ੀ ਕੋਲ ਦੋ ਨਾਵਾਂ ਵਾਲੇ ਆਧਾਰ ਕਾਰਡ ਸਨ ਤੇ ਉਸਨੇ ਬਜਰੰਗ ਦਲ ਦੇ ਕਾਰਕੁੰਨਾਂ ਦੇ ਪੁੱਛਣ ’ਤੇ ਆਪਣਾ ਅਸਲੀ ਨਾਮ ਛੁਪਾ ਕੇ ਗੋਲੂ (ਬਦਲਿਆ ਨਾਂਅ) ਦੱਸਿਆ। ਕਿਸੇ ਵੰਗਾਂ ਵੇਚਣ ਜਾਂ ਸਬਜ਼ੀ ਦੀ ਰੇੜ੍ਹੀ ਲਾਉਣ ਵਾਲਾ ਵਿਅਕਤੀ, ਜੇ ‘ਭਗਵੇਂ ਬਰਗੇਡ’ ਦੀ ਮਾਰ ਤੋਂ ਡਰਦਾ ਹੋਇਆ ਆਪਣਾ ਅਸਲੀ ਨਾਮ ਵੀ ਦੱਸਣ ਤੋਂ ਡਰਦਾ ਹੈ, ਤਾਂ ਦੇਸ਼ ਅੰਦਰ ਅੱਜ ਡਰ, ਸਹਿਮ ਤੇ ਆਤੰਕ ਦਾ ਕਿਹੋ ਜਿਹਾ ਮਾਹੌਲ ਹੈ, ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਜੇਕਰ ਕੋਈ ਵਿਅਕਤੀ ਆਪੂੰ ਬਣੇ ‘ਥਾਣੇਦਾਰਾਂ’ ਤੋਂ ਆਪਣਾ ਨਾਮ ਛੁਪਾਉਂਦਾ ਵੀ ਹੈ ਤਾਂ ਕੀ ਇਹ ਅਜਿਹਾ ਦੋਸ਼ ਹੈ, ਜਿਸਦੀ ਸਜ਼ਾ ਬਜਰੰਗ ਦਲ ਦੇ ਹੁੜਦੰਗੀ ਸ਼ਰੇ ਬਾਜ਼ਾਰ ਉਸ ਨੂੰ ਅੱਤ ਦੀ ਬੇਰਹਿਮੀ ਨਾਲ ਮਾਰ ਕੁੱਟ ਸਕਦੇ ਹਨ? ਅਜਿਹਾ ਅਧਿਕਾਰ ਕਿਸ ਸੰਵਿਧਾਨ ਜਾਂ ਕਾਨੂੰਨ ਅਧੀਨ ਭਾਜਪਾ ਸਰਕਾਰ ਵਲੋਂ ‘ਸੰਘ ਪਰਿਵਾਰ’ ਦੇ ਹੁੜਦੰਗੀ ਕਾਰਕੁੰਨਾਂ ਨੂੰ ਦਿੱਤਾ ਗਿਆ ਹੈ? ਸ਼ਾਇਦ ਦਿੱਲੀ ਬੈਠੇ ਹੁਕਮਰਾਨਾਂ ਨੂੰ ਇਸ ਘਟਨਾ ਦਾ ਪਤਾ ਕੁਝ ਦੇਰ ਬਾਅਦ ਲੱਗਿਆ ਹੋਵੇਗਾ, ਨਹੀਂ ਤਾਂ ‘ਦੇਸ਼ ਧ੍ਰੋਹੀ’ ਦਾ ਮੁਕੱਦਮਾ ਦਰਜ਼ ਵੀ ਕੀਤਾ ਜਾ ਸਕਦਾ ਸੀ ਤਸਲੀਮ ਅਲੀ ਦੇ ਖ਼ਿਲਾਫ਼। ਜੇਕਰ ਤਸਲੀਮ ਅਲੀ ਨੇ ਛੋਟੀ ਬੱਚੀ ਨਾਲ ਕਿਸੇ ਕਿਸਮ ਦੀ ਛੇੜਖਾਨੀ ਜਾਂ ਸ਼ਰਾਰਤ ਕੀਤੀ ਹੈ, ਤਾਂ ਇਹ ਬਹੁਤ ਹੀ ਸ਼ਰਮਨਾਕ ਕਰਤੂਤ ਹੈ। ਇਸ ਘਟਨਾ ਦੀ ਪੂਰੀ ਪੜਤਾਲ ਕਰਕੇ ਬਣਦੀ ਸਜ਼ਾ ਦੇਣਾ ਅਦਾਲਤ ਦਾ ਅਧਿਕਾਰ ਹੈ। ਪ੍ਰਧਾਨ ਮੰਤਰੀ ਮੋਦੀ, ਉਸ ਦੀ ਵਜ਼ੀਰ ਮੰਡਲੀ, ਭਾਜਪਾ ਤੇ ਸੰਘ ਪਰਿਵਾਰ ਦੇ ਵੱਡੇ ਨੇਤਾਵਾਂ ਦੇ ਉੱਚੀ-ਉੱਚੀ ਦੋਹਾਈ ਪਾ ਕੇ ਇਹ ਕਹਿੰਦਿਆਂ ‘ਸੰਘ ਸੁੱਕ’ ਗਏ ਹਨ ਕਿ ‘‘ਭਾਰਤ ਦੇ ਸਭ ਲੋਕਾਂ ਦਾ ਇਕੋ ਹੀ ਡੀ.ਐਨ.ਏ. ਹੈ, ਭਾਵ ਇੱਥੇ ਕਿਸੇ ਧਰਮ ਤੇ ਜਾਤ ਨਾਲ ਕੋਈ ਵਿਤਕਰਾ ਨਹੀਂ ਹੋ ਸਕਦਾ।’’
‘ਸਭ ਕਾ ਸਾਥ, ਸਭ ਕਾ ਵਿਕਾਸ’, ‘ਮੁਸਲਮਾਨ ਕਿਸੇ ਵੀ ਹੋਰ ਦੇਸ਼ ਨਾਲੋਂ ਭਾਰਤ ’ਚ ਜ਼ਿਆਦਾ ਸੁਰੱਖਿਅਤ ਹਨ’, ‘ਸਾਡੇ ਲਈ ਸਾਰਾ ਸੰਸਾਰ ਇਕ ਪਰਿਵਾਰ ਸਮਾਨ ਹੈ’ ਆਦਿ ਤਰ੍ਹਾਂ-ਤਰ੍ਹਾਂ ਦੇ ਪੋਚਵੇਂ ਨਾਅਰੇ, ਵਿਖਿਆਨ ਤੇ ਭਾਸ਼ਨ ਹਰ ਰੋਜ਼ ਹੀ ਸੰਘ- ਭਾਜਪਾ ਨੇਤਾ ਕਰਨ ਤੋਂ ਨਹੀਂ ਉਕਦੇ। ਪ੍ਰੰਤੂ ਅਸਲੀਅਤ ਐਨ ਇਸਦੇ ਵਿਪਰੀਤ ਹੈ। ਕਦੀ ਕਾਨਪੁਰ, ਕਦੀ ਦਿੱਲੀ, ਫਿਰ ਹਾਥਰਸ ਤੇ ਹੁਣ ਭੁਪਾਲ ਤੇ ਅਜਮੇਰ ਸ਼ਰੀਫ ਦੀਆਂ ਘਟਨਾਵਾਂ (ਜਿੱਥੇ ਦੋ ਮੁਸਲਮਾਨ ਮੰਗਤਿਆਂ ਨੂੰ ਤਿੰਨ ਸ਼ਰਾਰਤੀਆਂ ਨੇ ਕੁੱਟਿਆ ਤੇ ਪਾਕਿਸਤਾਨ ਚਲੇ ਜਾਣ ਦਾ ਹੁਕਮ ਦਿੱਤਾ) ਨੇ ਦਰਸਾ ਦਿੱਤਾ ਹੈ ਕਿ ਜਿਸ ਮਨਸ਼ੇ ਨਾਲ 1925 ’ਚ ਅੰਗਰੇਜ਼ ਸਾਮਰਾਜ ਦੇ ਹਿੱਤ ਪੂਰਨ ਵਾਸਤੇ ‘ਹਿੰਦੂ ਮਹਾਂ ਸਭਾ’ ਨੇ ਜਨਮ ਧਾਰਿਆ ਸੀ, ਉਸ ਨੇ ਆਪਣਾ ‘ਕੱਟੜ ਹਿੰਦੂਵਾਦੀ’ ਚਿਹਰਾ ਨਾ ਤਾਂ ਬਦਲਿਆ ਹੈ ਤੇ ਨਾ ਹੀ ਦੇਸ਼ ਦੇ ਧਰਮ ਨਿਰਪੱਖ ਤੇ ਲੋਕਰਾਜੀ ਤਾਣੇ-ਬਾਣੇ ਨੂੰ ਤਬਾਹ ਕਰਕੇ ‘‘ਫਾਸ਼ੀ ਹਿੰਦੂ ਰਾਸ਼ਟਰ’’ ਕਾਇਮ ਕਰਨ ਦੇ ਨਿਸ਼ਾਨੇ ਨੂੰ ਹੀ ਤਿਆਗਿਆ ਹੈ। ਸੌ ਸਾਲਾਂ ਦੌਰਾਨ ਖੁੱਲ੍ਹੇ ਰੂਪ ’ਚ ਜਾਂ ਚੋਰੀ-ਛੁਪੇ ਇਹੀ ਫਿਰਕੂ ਪ੍ਰਚਾਰ ਜਾਰੀ ਰੱਖਣਾ ਸੰਘ ਦੀ ‘ਪ੍ਰਾਪਤੀ’ ਕਿਹਾ ਜਾਣਾ ਚਾਹੀਦਾ ਹੈ, ਜਿਸ ਦੇ ਸਿੱਟੇ ਵਜੋਂ ਅੱਜ ਉਹ ਭਾਰਤੀ ਸੱਤਾ ’ਤੇ ਕਾਬਜ਼ ਹੋਇਆ ਬੈਠਾ ਹੈ। ਹਾਲਾਂਕਿ ਇਸ ਸਾਰੇ ਅਰਸੇ ਅੰਦਰ ਸੰਘ ਆਗੂਆਂ ਨੇ ਕਦੀ ਵੀ ਦੇਸ਼ ਦੀ ਆਜ਼ਾਦੀ ਲਈ ਜਾਂ ਅੰਗਰੇਜ਼ੀ ਸਾਮਰਾਜ ਵਿਰੁੱਧ ਕੋਈ ਸ਼ਬਦ ਤੱਕ ਵੀ ਆਪਣੇ ਸ੍ਰੀ ਮੁੱਖ ਤੋਂ ਨਹੀਂ ਉਚਾਰਿਆ। ਇਸ ਦੇ ਉਲਟ ਪਹਿਲਾਂ ਆਜ਼ਾਦੀ ਸੰਗਰਾਮ ’ਚ ਕੁੱਦੇ ਭਾਰਤੀ ਲੋਕਾਂ ਦੀ ਏਕਤਾ ਨੂੰ ਖੇਂਰੂ-ਖੇਰੂੰ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਤੇ 1947 ’ਚ ਆਜ਼ਾਦੀ ਪ੍ਰਾਪਤੀ ਤੋਂ ਬਾਅਦ ਸਰਮਾਏਦਾਰ-ਜਗੀਰਦਾਰ ਤੇ ਸਾਮਰਾਜੀ ਲੁਟੇਰਿਆਂ ਖਿਲਾਫ਼ ਮਜ਼ਦੂਰਾਂ-ਕਿਸਾਨਾਂ ਤੇ ਦੂਸਰੇ ਮਿਹਨਤਕਸ਼ ਲੋਕਾਂ ਦੇ ਹੱਕੀ ਸੰਘਰਸ਼ਾਂ ਦੌਰਾਨ ਕਿਸੇ ਸੰਘ ਪ੍ਰਚਾਰਕ ਜਾਂ ਸੰਘ ਸਮਰਥਕ ਨੇ ਖੂਨ ਤਾਂ ਕੀ, ਪਸੀਨੇ ਦਾ ਤੁਪਕਾ ਤੱਕ ਵੀ ਨਹੀਂ ਵਹਾਇਆ। ਹਾਂ, ਕਈ ਵਾਰ ਜਨ ਅੰਦੋਲਨਾਂ ’ਚ ਘੁਸਪੈਠ ਕਰਕੇ ਸੰਘ ਪਰਿਵਾਰ ਦੇ ਮੈਂਬਰਾਂ ਨੇ ਜੁਝਾਰੂ ਲੋਕਾਂ ਦੀ ਫੌਲਾਦੀ ਏਕਤਾ ਨੂੰ ਤਬਾਹ ਕਰਨ ਲਈ ਸਰਕਾਰ ਦੇ ਏਜੰਟਾਂ ਦੀ ਭੂਮਿਕਾ ਜ਼ਰੂਰ ਅਦਾ ਕੀਤੀ ਹੈ।
ਮੋਦੀ ਸਰਕਾਰ ਲੋਕਾਂ ਨੂੰ ਰੁਜ਼ਗਾਰ ਦੇਣ, ਗਰੀਬੀ ਖਤਮ ਕਰਨ, ਮਹਿੰਗਾਈ ਤੇ ਭਰਿਸ਼ਟਾਚਾਰ ਨੂੰ ਨੱਥ ਪਾਉਣ, ਵਿਦੇਸ਼ਾਂ ’ਚ ਜਮ੍ਹਾਂ ਹੋਏ ਕਾਲੇ ਧਨ ਨੂੰ ਵਾਪਸ ਲਿਆ ਕੇ ਭਾਰਤੀ ਲੋਕਾਂ ਦੇ ਬੈਂਕ ਖਾਤਿਆਂ ’ਚ ਜਮਾਂ ਕਰਨ ਵਰਗੇ ਭਰਮਾਊ ਨਾਅਰਿਆਂ ਰਾਹੀਂ ਲੋਕਾਂ ਨੂੰ ਧੋਖਾ ਦੇ ਕੇ ਗੱਦੀ ’ਤੇ ਆਣ ਬੈਠੀ ਹੈ। ਇਸ ਤੋਂ ਬਿਨਾਂ ਵੋਟਾਂ ਖਾਤਰ ਧਰਮ ਦਾ ਫਿਰਕੂ ਪੱਤਾ ਵੀ ਖੁੱਲ੍ਹ ਕੇ ਖੇਡਿਆ ਗਿਆ। ‘ਰਾਮ’ ਦੇ ਨਾਮ ਦਾ ਵਿਉਪਾਰ ਕੀਤਾ ਗਿਆ। ਸੰਵਿਧਾਨ ਦੀ ਰਾਖੀ ਦੇ ਪਰਦੇ ਹੇਠ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਉਪਮਾ ਸਿਰਫ ਦਲਿਤ ਤੇ ਪੱਛੜੇ ਸਮਾਜ ਦੀਆਂ ਵੋਟਾਂ ਹਾਸਲ ਕਰਨ ਲਈ ਕੀਤੀ ਗਈ। ਜਦਕਿ ਆਪਣੇ ਮਨਾਂ ਅੰਦਰ ਅੰਦਰੂਨੀ ਤੌਰ ’ਤੇ ਭਾਜਪਾ ਆਗੂ ਬਾਬਾ ਸਾਹਿਬ ਜੀ ਦੀ ਪ੍ਰਧਾਨਗੀ ਹੇਠ ਲਿਖੇ ਗਏ ਭਾਰਤੀ ਸੰਵਿਧਾਨ ਦੀ ਮੂਲ ਭਾਵਨਾ ਨੂੰ ਹੀ ਤਿਲਾਂਜਲੀ ਦੇ ਕੇ ਮਨੂੰਵਾਦੀ ਵਿਚਾਰਧਾਰਾ ਦਾ ਅਨੁਸਰਨ ਕਰਦੇ ਹੋਏ ਇਕ ‘ਫਿਰਕੂ ਫਾਸ਼ੀ’ ਤਰਜ਼ ਦੀ ਹਕੂਮਤ ਕਾਇਮ ਕਰਨ ਦੀ ਠਾਨੀ ਬੈਠੇ ਸਨ, ਜਿਸ ਲਈ ਹੁਣ ਉਹ ਖੁੱਲ੍ਹ ਕੇ ਮੈਦਾਨ ’ਚ ਨਿੱਕਲ ਤੁਰੇ ਹਨ। ਮੋਦੀ ਸਰਕਾਰ ਨੇ ਆਪਣੇ ਕਾਰਜ ਕਾਲ ਦੌਰਾਨ ਬਹੁਤ ਸਾਰੇ ਪਿਛਾਂਹ ਖਿੱਚੂ ਤੇ ਲੋਕ ਵਿਰੋਧੀ ਆਰਥਿਕ, ਰਾਜਨੀਤਕ ਤੇ ਸਮਾਜਿਕ ਕਦਮ ਉਠਾਏ ਹਨ, ਜਿਨ੍ਹਾਂ ਦਾ ਭਾਜਪਾ ਵਲੋਂ ਕੀਤੇ ਗਏ ਉਨ੍ਹਾਂ ਵਾਅਦਿਆਂ ਨੂੰ ਪੂਰੇ ਕਰਨ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ। ਉਲਟਾ ਮੋਦੀ ਸਰਕਾਰ ਦੀਆਂ ਨਵਉਦਾਰਵਾਦੀ ਆਰਥਿਕ ਨੀਤੀਆਂ ਦੀ ਬਦੌਲਤ ਦੇਸ਼ ਅੰਦਰ ਬੇਕਾਰੀ ਤੇ ਮਹਿੰਗਾਈ ’ਚ ਲੱਕ ਤੋੜ ਵਾਧਾ ਹੋਇਆ ਹੈ, ਕਾਲੇ ਧਨ ਦੇ ਵਿਉਪਾਰੀ ਲੋਕਾਂ ਦੇ ਕਮਾਏ ਧੰਨ ਨਾਲ ਮੌਜਾਂ ਮਾਣ ਰਹੇ ਹਨ, ਸੰਵਿਧਾਨ ਦੀ ਸਿਰਫ ਬਾਹਰੀ ਜਿਲਦ ਤੋਂ ਸਿਵਾਏ ਬਾਕੀ ਸਾਰੇ ਮੁਲਵਾਨ ਕਾਨੂੰਨਾਂ ਤੇ ਸੇਧਾਂ ਮੇਟੀਆਂ ਜਾ ਚੁੱਕੀਆਂ ਹਨ ਜਾਂ ਖਤਮ ਕਰਨ ਦੀ ਦਿਸ਼ਾ ’ਚ ਮੋਦੀ ਸਰਕਾਰ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਸਰਕਾਰੀ ਖੇਤਰ ਦੇ ਕੁਲ ਅਦਾਰੇ ਤੇ ਅਸਾਸੇ ਨਿੱਜੀ ਧਨਵਾਨਾਂ ਤੇ ਕਾਰਪੋਰੇਟ ਘਰਾਣਿਆਂ ਨੂੰ ‘ਲੀਜ਼’ ਉਪਰ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਨਾਲ ਦੇਸ਼ ਦੇ ਕਿਰਤੀਆਂ ਦੀ ਆਰਥਿਕ ਸਥਿਤੀ ਹੋਰ ਵੀ ਬਦਤਰ ਹੋ ਜਾਵੇਗੀ।
ਸਭ ਤੋਂ ਵੱਧ ਦੁਖਦਾਈ ਵਰਤਾਰਾ ਦੇਸ਼ ਦੀਆਂ ਧਾਰਮਿਕ ਘੱਟ ਗਿਣਤੀਆਂ ਖਾਸਕਰ ਮੁਸਲਮਾਨ ਤੇ ਇਸਾਈ ਭਾਈਚਾਰੇ, ਦਲਿਤ ਅਤੇ ਪੱਛੜਾ ਸਮਾਜ, ਔਰਤਾਂ ਤੇ ਅਗਾਂਹ ਵਧੂ ਲੋਕਾਂ ਵਿਰੁੱਧ ਕੀਤੇ ਜਾ ਰਹੇ ਅਮੁੱਕ ਅਤਿਆਚਾਰਾਂ ਦਾ ਸਿਲਸਿਲਾ ਹੈ। ਜ਼ਬਰ ਦੀਆਂ ਦਿਲ ਕੰਬਾਊ ਖਬਰਾਂ ਲੋਕਾਂ ਦੇ ਕੰਨਾਂ ’ਚ ਪੈ ਰਹੀਆਂ ਹਨ, ਜਿਸ ਕਾਰਨ ਆਪਸੀ ਸਮਾਜਿਕ ਰਿਸ਼ਤਿਆਂ ਅੰਦਰ ਤ੍ਰੇੜਾਂ, ਬੇਵਿਸ਼ਵਾਸ਼ੀ ਤੇ ਅਸਹਿਣਸ਼ੀਲਤਾ ਦਾ ਵਾਤਾਵਰਣ ਸਿਖ਼ਰਾਂ ਛੂਹ ਰਿਹਾ ਹੈ। ਸੰਭਵ ਹੈ ਕਿ ਮੋਦੀ ਸਰਕਾਰ ਵਲੋਂ ਕੁਝ ਦੇਰ ਬਾਅਦ ‘ਧਰਮ ਨਿਰਪੱਖਤਾ’, ‘ਲੋਕ ਰਾਜ’ ਤੇ ‘ਸੰਘਾਤਮਕ ਢਾਂਚੇ’ ਵਰਗੇ ਸ਼ਬਦਾਂ ਨੂੰ ‘‘ਦੇਸ਼ ਧ੍ਰੋਹੀ ਜ਼ੁਰਮਾਂ’’ ਦੀ ਸੂਚੀ ’ਚ ਦਰਜ ਕਰ ਲਿਆ ਜਾਵੇ! ਦੇਸ਼ ਦੇ ਬਹੁ ਗਿਣਤੀ ਲੋਕ, ਜੋ ਹਿੰਦੂ ਭਾਈਚਾਰੇ ਨਾਲ ਸਬੰਧਤ ਹਨ, ਵੀ ਬਾਕੀ ਜਨਤਾ ਵਾਂਗ ਗਰੀਬੀ, ਬੇਕਾਰੀ, ਭੁੱਖਮਰੀ, ਬਦਇੰਤਜ਼ਾਮੀ ਤੇ ਭਰਿਸ਼ਟਾਚਾਰ ਤੋਂ ਡਾਢੇ ਪੀੜਤ ਹਨ। ਜਦੋਂ ਪੇਟ ਦੀ ਅੱਗ ਨਾ ਬੁਝੇ, ਤਾਂ ਉਦੋਂ ਧਰਮਾਂ ਦੇ ਨਾਮ ’ਤੇ ਕੀਤਾ ਜਾਂਦਾ ਕੂੜ ਪ੍ਰਚਾਰ ਵੀ ਬੇਅਰਥ ਹੋ ਜਾਂਦਾ ਹੈ।
ਅੱਜ ਉਨ੍ਹਾਂ ਸਾਰੇ ਲੋਕਾਂ ਲਈ ਜਾਗਰੂਕ ਹੋਣ ਦਾ ਸਮਾਂ ਹੈ, ਜੋ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨਾਲ ਮਹਿੰਗੇ ਭਾਅ ਹਾਸਲ ਕੀਤੀ ਆਜ਼ਾਦੀ ਨੂੰ ਕਾਇਮ ਰੱਖਦਿਆਂ ਹੋਇਆਂ, ਇਸਨੂੰ ‘ਹਕੀਕੀ ਆਜ਼ਾਦੀ’ ’ਚ ਤਬਦੀਲ ਹੁੰਦੀ ਦੇਖਣਾ ਲੋਚਦੇ ਹਨ। ਜਿਥੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦਾ ਸੰਪੂਰਨ ਖ਼ਾਤਮਾ, ਧਰਮ ਜਾਂ ਜਾਤੀ ਦੇ ਆਧਾਰ ’ਤੇ ਕਿਸੇ ਵੀ ਕਿਸਮ ਦੇ ਜਬਰ ਦੀ ਪੂਰਨ ਮਨਾਹੀ ਤੇ ‘ਧਰਮ ਨਿਰਪੱਖ, ਲੋਕਰਾਜੀ ਤੇ ਸੰਘਵਾਦੀ’ ਸਰੋਕਾਰਾਂ ਦੀ ਮਜ਼ਬੂਤੀ ਹੋਵੇ। ਸੰਘ ਪਰਿਵਾਰ ਤੇ ਮੋਦੀ ਸਰਕਾਰ ਉਪਰੋਕਤ ਨਿਸ਼ਾਨਿਆਂ ਦੇ ਐਨ ਉਲਟ ਦੇਸ਼ ਅੰਦਰ ਕਾਰਪੋਰੇਟ ਘਰਾਣਿਆਂ ਤੇ ਸਾਮਰਾਜੀ ਲੁਟੇਰਿਆਂ ਦੇ ਹਿਤਾਂ ਦੀ ਪੂਰਤੀ ਵਾਲਾ ਆਰਥਿਕ ਵਿਕਾਸ ਮਾਡਲ ਮਜ਼ਬੂਤ ਕਰਕੇ ਇਥੇ ਫਿਰਕੂ ਫਾਸ਼ੀ ਤਰਜ਼ ਦੀ ਧਰਮ ਅਧਾਰਤ ਹਕੂਮਤ ਕਾਇਮ ਕਰਨ ਲੲਂੀ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ, ਜੋ ਸਮੁੱਚੇ ਮਿਹਨਤਕਸ਼ ਲੋਕਾਂ ਦੇ ਹਿਤਾਂ ਨਾਲ ਖਿਲਵਾੜ ਕਰਨ ਦੇ ਤੁੱਲ ਹੋਵੇਗਾ। ਜੇਕਰ ਅਸੀਂ ਅਜਿਹੇ ਰਾਜ ਦੀ ਸਥਾਪਤੀ ਨੂੰ ਰੋਕਣ ’ਚ ਅਸਫਲ ਰਹਿੰਦੇ ਹਾਂ, ਤਾਂ ਸਾਡੇ ਦੇਸ਼ ਦਾ ਸਾਰਾ ਕੁਝ, ਜੋ ਮਾਣ ਕਰਨ ਯੋਗ ਤੇ ਲੋਕ ਪੱਖੀ ਹੈ, ਤਬਾਹ ਹੋ ਜਾਵੇਗਾ ਤੇ ਸਾਡਾ ਸਮਾਜ ਮੁੜ ਮੱਧ ਯੁਗ ਦੇ ਪਿਛਾਖੜੀ ਦੌਰ ’ਚ ਦਾਖ਼ਲ ਹੋ ਕੇ ਗੈਰ-ਵਿਗਿਆਨਕ ਰਹੁ ਰੀਤਾਂ ਤੇ ਰਿਵਾਜ਼ਾਂ ਨਾਲ ਪ੍ਰਦੂਸ਼ਤ ਹੋ ਜਾਵੇਗਾ। ਸੰਘ ਦੇ ਛਡਯੰਤਰਾਂ ਨੂੰ ਅਸਫਲ ਕਰਨ ਲਈ ਲੋਕਾਂ ਦੇ ਆਰਥਿਕ , ਰਾਜਨੀਤਕ ਤੇ ਵਿਚਾਰਧਾਰਕ ਖੇਤਰ ਦੇ ਵਿਸ਼ਾਲ ਸੰਘਰਸ਼ਾਂ ਦੀ ਜ਼ਰੂਰਤ ਹੈ, ਜਿਸਨੂੰ ਇਕ ਪਲ ਲਈ ਵੀ ਅੱਗੇ ਨਹੀਂ ਪਾਇਆ ਜਾਣਾ ਚਾਹੀਦਾ।
-ਮੰਗਤ ਰਾਮ ਪਾਸਲਾ