Now Reading
ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਜੂਨ 2021)

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਜੂਨ 2021)

ਪਾਕਿਸਤਾਨੀ ਕਹਾਣੀ
ਬਨਵਾਸ

  • ਜਮੀਲਾ ਹਾਸ਼ਮੀ
    ਪੰਛੀ ਤੇਜ਼-ਤੇਜ਼ ਖੰਭ ਮਾਰਦੇ ਉਡਦੇ ਜਾਂਦੇ ਸਨ। ਅਤੇ ਧੁੱਪ ਪੀਲੀ ਹੋ ਕੇ ਅਚਲ ਦੇ ਵੱਡੇ ਤਲਾਅ ਦੀਆਂ ਪੌੜੀਆਂ ‘ਤੇ ਆਣ ਲੱਥੀ ਹੈ। ਗੁਰਦੁਆਰੇ ਦੇ ਗੁੰਬਦ ਦਾ ਰੰਗ ਡੁੱਬਦੀਆਂ ਕਿਰਨਾਂ ‘ਚ ਸੁਨਹਿਰਾ ਚਿੱਟਾ ਜਾਪ ਰਿਹਾ ਹੈ। ਵੱਡੇ ਮੈਦਾਨ ‘ਚ ਦੂਜੇ ਪਾਸੇ ਲਾਲੀ ਖਿਲਰਨ ਲੱਗੀ ਹੈ। ਹੁਣ ਥੋੜ੍ਹੀ ਦੇਰ ‘ਚ ਹੀ ‘ਰਾਵਣ’ ਨੂੰ ਅੱਗ ਲਾ ਦਿੱਤੀ ਜਾਏਗੀ। ਲੋਕ ਸ਼ੋਰ ਮਚਾਉਣਗੇ, ਡਰਦੇ-ਡਰਦੇ ਦੂਰ ਭੱਜਣਗੇ ਅਤੇ ਸ਼ਾਮ ਦੇ ਨੀਲੇ ਧੁੰਦਲੇਕੇ ‘ਚ ਉਡਦੀਆਂ ਚਿੰਗਾਰੀਆਂ ਫੁੱਲਝੜੀਆਂ ਜਾਪਣਗੀਆਂ। ਅੱਧੀ ਰਾਤ ਤੱਕ ਅੱਗ ਦੀਆਂ ਲਾਟਾਂ ਉਠਦੀਆਂ ਰਹਿਣਗੀਆਂ। ਆਲੇ-ਦੁਆਲੇ ਦੇ ਲੋਕਾਂ ਦੇ ਚਿਹਰੇ ਅੱਗ ਦੇ ਚਾਨਣ ‘ਚ ਬੜੇ ਡਰਾਉਣੇ ਜਾਪਣਗੇ, ਜਿਵੇਂ ਇਨ੍ਹਾਂ ‘ਚੋਂ ਹਰੇਕ ਰਾਵਣ ਦਾ ਰੂਪ ਧਾਰੀ ਸੀਤਾ ਨੂੰ ਵਿਛੋੜੇ ‘ਚ ਵਿਰਲਾਪ ਕਰਦਿਆਂ ਦੇਖਣ ਅਤੇ ਦੂਜੀ ਵਾਰ ਬਨਵਾਸ ਭੋਗਦੇ ਦੇਖ ‘ਖੁਸ਼ ਹੋਣ’ ਇੱਥੇ ਆਇਆ ਹੋਵੇ।
    ਬਨਵਾਸ ਕਿੱਡਾ ਔਖਾ ਝੰਜਟ ਹੈ, ਪਰ ਕਿਸੇ ਦੇ ਵੱਸ ‘ਚ ਤਾਂ ਕੁਝ ਵੀ ਨਹੀਂ। ਕਿਹੜਾ ਆਪਣੀ ਮਰਜ਼ੀ ਨਾਲ ਦੁੱਖ ਨੂੰ ਗਲ ਲਾਉਂਦਾ ਹੈ?
    ਭਾਈ ਸਾਹਿਬ ਕਹਿੰਦੇ ਹੁੰਦੇ ਸਨ -”ਬੀਬੀ! ਇਹ ਹਰ ਵੇਲੇ ਸੁਪਨੇ ਜਹੇ ਕਿਉਂ ਦੇਖਦੀ ਐਂ? ਇਹ ਪਿਆਰ ਜੋ ਹੁਣ ਤੈਨੂੰ ਮਿਲਦਾ ਐ, ਰੌਸ਼ਨੀ ਜੋ ਤੇਰੇ ਆਲੇ-ਦੁਆਲੇ ਦਿਸ ਰਹੀ ਐ, ਹੌਲੀ-ਹੌਲੀ ਘਟਦੀ ਜਾਊ। ਸਮਾਂ ਹਰ ਚੀਜ਼ ‘ਚ ਕਟੌਤੀ ਕਰੀ ਜਾਂਦੈ। ਪਰ ਇਹ ਤਬਾਹੀ ਏਨੀ ਹੌਲੀ ਜਹੀ ਹੁੰਦੈ ਐ ਕਿ ਸਾਨੂੰ ਇਸ ਦੀ ਆਦਤ ਪੈ ਜਾਂਦੀ ਹੈ।”
    ਅੱਜ ਭਾਈ ਕਿੱਥੇ ਹੈ? ਜੇ ਜੰਮਣ-ਭੌਂ ਦੀ ਖੁਸ਼ਬੋ ਲਈ ਮੇਰੇ ਨਾਲ-ਨਾਲ ਚੱਲਣ ਵਾਲੀ ਹਵਾ ਜਾ ਸਕਦੀ ਤੇ ਉਨ੍ਹਾਂ ਨੂੰ ਕਿਤੇ ਲੱਭ ਸਕਦੀ ਹੁੰਦੀ ਤਾਂ ਮੈਂ ਆਖਦੀ ”ਜਾਕੇ ਪੁੱਛੋ ਤਾਂ ਸਹੀ ਇਹ ਦੁੱਖ ਘਟਦਾ ਕਿਉਂ ਨੀਂ?”
    ਸਾਲਾਂ ਬੱਧੀ ਭਾਰ ਚੁੱਕਦਿਆਂ ਅਤੇ ਔਝੜੀ ਰਾਹੋਂ ਲੰਘਦਿਆਂ ਵੀ ਇਨਸਾਨ ਸੁਪਨੇ ਕਿਉਂ ਦੇਖਦਾ ਹੈ? ਸੁੱਖ ਦੀ ਲੋਚਾ ਕਿਉਂ ਰੱਖਦਾ ਹੈ? ਰੌਸ਼ਨੀ ਨਾਲ ਏਡਾ ਮੋਹ ਕਿਉਂ ਕਰਦਾ ਹੈ?
    ਸੀਤਾ ਮਾਤਾ ਨੇ ਬਨਵਾਸ ਭੋਗ ਕੇ ਇਹੀ ਅਰਦਾਸ ਕਿਉਂ ਕਰੀ ਸੀ ਕਿ ਉਹ ਰਾਮਚੰਦਰ ਜੀ ਨੂੰ ਮਿਲ ਸਕੇ! ਕੀ ਮੁਸੀਬਤ ਮਨੁੱਖ ਨੂੰ ਸਖ਼ਤ ਨਹੀਂ ਕਰ ਦਿੰਦੀ ਕਿ ਉਹ ਚੰਗੇ ਦਿਨਾਂ ਦੀ ਆਸ ਹੀ ਛੱਡ ਦੇਵੇ!
    ਹਨੇਰੇ ਨਾਲ ਪਿਆਰ ਕਿਉਂ ਨੀ ਹੋ ਸਕਦਾ? ਆਖਰ ਕਿਉਂ? ਨਾਖ਼ ਦੇ ਰੁੱਖ ਨੂੰ ਉਸ ਸਾਲ ਤੋਂ ਫੁੱਲ ਲੱਗ ਰਹੇ ਹਨ, ਜਿਸ ਸਾਲ ਮੁੰਨੀ ਜੰਮੀ ਸੀ। ਰੁੱਤ ਬਦਲਦੀ ਹੈ ਤਾਂ ਟਾਹਣੀਆਂ ਫੁੱਲਾਂ ਨਾਲ ਭਰ ਜਾਂਦੀਆਂ ਹਨ। ਰੁੱਖ ਅਤੇ ਧਰਤੀ ਦਾ ਰਿਸ਼ਤਾ ਹੋਰ ਵੀ ਡੂੰਘਾ ਹੋ ਜਾਂਦਾ ਹੈ। ਇਸ ਦੀਆਂ ਜੜ੍ਹਾਂ ਧਰਤੀ ‘ਚ ਹੋਰ ਡੂੰਘੀਆਂ ਹੁੰਦੀਆਂ ਜਾਂਦੀਆਂ ਹਨ। ਕੋਈ ਨੀ ਤੋੜ ਸਕਦਾ ਇਹ ਨਾਤਾ!
    ਮੁੰਨੀ ਹੁਣ ਵੱਡੀ ਹੋ ਗਈ ਹੈ। ਕਿੰਨੇ ਹੀ ਸਾਲ ਮੇਰੇ ਕੋਲੋਂ ਦੀ ਅਛੋਪਲੇ ਹੀ ਖਿਸਕਦੇ ਜਾ ਰਹੇ ਹਨ।
    ਅੱਜ ਦਾਦੀ ਨੇ ਗੁਰਪਾਲ ਨੂੰ ਆਖਿਆ ਸੀ ”ਕਾਕਾ, ਬਹੂ ਅਤੇ ਬੱਚਿਆਂ ਨੂੰ ਦੁਸਹਿਰੇ ਦੇ ਮੇਲੇ ‘ਚ ਲੈਜਾ। ਕਿੰਨੇ ਸਾਲਾਂ ਤੋਂ ਉਸ ਨੇ ਇਸ ਪਿੰਡੋਂ ਬਾਹਰ ਪੈਰ ਨੀ ਧਰਿਆ।”
    ਗੁਰਪਾਲ ਨੇ ਹਾਜ਼ਰ-ਜੁਆਬੀ ਵਰਤੀ-”ਮੈ, ਤੂੰ ਇਹ ਵੀ ਕਦੀ ਕਿਹਾ ਸੀ ਕਿ ਇਹ ਨਹੀਂ ਗਈ ਤਾਂ ਇਸ ‘ਚ ਮੇਰਾ ਕੀ ਦੋਸ਼ ਹੈ?”
    ”ਭਲਾ ਇਸ ‘ਚ ਕੀਹਦਾ ਦੋਸ਼ ਹੋ ਸਕਦਾ ਹੈ? ਜਦ ਕੋਈ ਮੈਨੂੰ ਬਹੂ ਕਹਿਕੇ ਬੁਲਾਉਂਦੈ, ਤਾਂ ਜਾਪਦੈ, ਗਾਲ੍ਹ ਕੱਢ ਰਿਹੈ। ਸਾਲ ਗੁਜ਼ਰ ਗਏ ਸੁਣਦਿਆਂ। ਓਸ ਰਾਤ ਤੋਂ ਸੁਣਦੀ ਆਈ ਹਾਂ ਜਦ ਗੁਰਪਾਲ ਨੇ ਮੈਨੂੰ ਇਸ ਵੇਹੜੇ ਕੰਨੀਂ ਧੱਕਿਆ ਸੀ ਅਤੇ ਚੌਂਕੇ ‘ਚ ਬੈਠੀ ਦਾਦੀ ਮਾਂ ਨੂੰ ਆਖਿਆ ਸੀ।
    ”ਮਾਂ ਦੇਖ ਤੇਰੇ ਲਈ ਬਹੂ ਲਿਆਇਆਂ। ਬਾਂਕੀ ਅਤੇ ਸੋਹਣੀ। ਅੱਜ ਤੱਕ ਜਿੰਨੀਆਂ ਕੁੜੀਆਂ ਸਾਡੇ ਹੱਥ ਲੱਗੀਆਂ ਉਨ੍ਹਾਂ ‘ਚੋਂ ਸਭ ਤੋਂ ਚੰਗੀ ਐ।” ਅਤੇ ਦੀਵਾ ਚੁੱਕੀ ਮਾਂ ਮੇਰੇ ਵੱਲ ਆਈ ਸੀ। ਭੁੱਖ ਅਤੇ ਡਰ ਨਾਲ ਮੇਰੀਆਂ ਅੱਖਾਂ ਪਾਟੀਆਂ ਪਈਆਂ ਸਨ। ਮੀਲਾਂ-ਬੱਧੀ ਨੰਗੇ ਪੈਰੀਂ ਤੁਰਦਿਆਂ ਹੁਣ ਮੇਰੇ ‘ਚ ਉਂਗਲ ਚੁੱਕਣ ਦੀ ਵੀ ਹਿੰਮਤ ਨਹੀਂ ਸੀ ਰਹੀ। ਮੈਂ ਇਹਨਾਂ ਦੋ ਕਦਮਾਂ ‘ਚ ਢਹਿ ਪਈ। ਵਿਹੜੇ ‘ਚ ਬੰਨ੍ਹੀ ਮੱਝ ਅਤੇ ਗਾਂ ਮੇਰੇ ਵੱਲ ਇਕ-ਟੱਕ ਦੇਖ ਰਹੀਆਂ ਸਨ। ਚਾਰਾ ਖਾਂਦੀਆਂ ਛੱਡ ਖੜੋਅ ਗਈਆਂ ਸਨ। ਮਾਂ ਨੇ ਸਿਰ ਤੋਂ ਪੈਰਾਂ ਤੱਕ ਮੈਨੂੰ ਕਈ ਵਾਰ ਦੇਖਿਆ ਅਤੇ ਫੇਰ ਆਖਿਆ : –
    ”ਤੇਰੇ ਜੇ ਚੱਜ ਚੰਗੇ ਹੁੰਦੇ ਤਾਂ ਅੱਜ ਮੇਰਾ ਇਹ ਹਾਲ ਨਾ ਹੁੰਦਾ। ਦੇਖ, ਚੁੱਲ੍ਹੇ-ਚੌਂਕੇ ਨੇ ਮੇਰੀਆਂ ਅੱਖਾਂ ਦਾ ਕੀ ਹਾਲ ਕਰ ਛੱਡਿਐ? ਸਾਰੀਆਂ ਝਿਊਰੀਆਂ ਨੇ ਫਸਲ ‘ਤੇ ਸਾਡੇ ਘਰੋਂ ਅਨਾਜ ਨਾ ਮਿਲਣ ‘ਤੇ ਘਰ ਦਾ ਕੰਮ ਕਰਨੋਂ ਜਵਾਬ ਦੇ ਦਿੱਤੈ। ਹੁਣ ਤੂੰ ਮੈਨੂੰ ਆਪ ਹੀ ਦੱਸ ਕਿ ਇਸ ਘਰ ਦਾ ਭਾਰ ਕਿਵੇਂ ਸੰਭਾਲੇਂਗਾ? ਤੂੰ ਜੇ ਖੇਤੀ ਕਰੇਂ ਤਾਂ ਹੀ ਮੈਨੂੰ ਕੁੱਝ ਸੁੱਖ ਮਿਲੇ।”
    ਗੁਰਪਾਲ ਬੋਲਿਆ-”ਦੇਖ ਤਾਂ ਸਹੀ, ਝਿਊਰੀਆਂ ਦੇ ਨਖ਼ਰੇ ਕਾਹਨੂੰ ਸਹਿਣੇ ਐ? ਇਹ ਤਾਂ ਤੇਰੀ ਦਾਸੀ ਹੈ। ਇਸ ਤੋਂ ਚੱਕੀ ਪਿਹਾ, ਪਾਣੀ ਭਰਵਾ, ਜੋ ਦਿਲ ਕਰੇ ਕਰਵਾ, ਆਪਾਂ ਤਾਂ ਹੁਣ ਤੈਨੂੰ ਬਹੂ ਲਿਆ ਕੇ ਦੇਤੀ।”
    ਸਾਰੇ ਪਿੰਡ ‘ਚ ਹੋਰ ਵੀ ਬਹੂਆਂ ਆਈਆਂ। ਨਾ ਕੋਈ ਵਾਜਾ ਵੱਜਿਆ, ਨਾ ਕਿਸੇ ਢੋਲਕੀ ‘ਤੇ ਲਹਿਕ-ਲਹਿਕ ਗੀਤ ਗਾਏ, ਨਾ ਨੱਚਣ ਵਾਲੀਆਂ ਬਹੁਰੂਪਣਾਂ ਬਣੀਆਂ, ਨਾ ਹੀ ਕੁੱਲ੍ਹੇ ਮਟਕਾ-ਮਟਕਾ ਕੋਈ ਨਾਟਕ ਖੇਡਿਆ। ਮਿੱਟੀ ਲਿੱਬੜੇ ਮੇਰੇ ਵਾਲਾਂ ‘ਚ ਨਾ ਕਿਸੇ ਤੇਲ ਪਾਇਆ, ਨਾ ਕਿਸੇ ਸ਼ਿੰਗਾਰ ਕੀਤਾ। ਬਿਨ ਮਹਿੰਦੀ ਦੇ ਹੱਥਾਂ ਅਤੇ ਉਜੜੀ ਮਾਂਗ ਨਾਲ ਮੈਂ ਸੁਹਾਗਣ ਬਣ ਗਈ।
    ਦਾਦੀ ਨੇ ਗੁਰਪਾਲ ਦੀਆਂ ਗੱਲਾਂ ਸੁਣਕੇ ਮੇਰੇ ਵੱਲ ਇੰਝ ਦੇਖਿਆ ਜਿਵੇਂ ਉਸ ਦਾ ਪੋਤਾ ਮੈਨੂੰ ਮੁਸੀਬਤ ਨੂੰ ਕਿਤੋਂ ਚੁੱਕ ਲਿਆਇਆ ਹੋਵੇ। ਫਿਰ ਓਸੇ ਤਰ੍ਹਾਂ ਚੌਂਕੇ ਵੱਲ ਚਲੀ ਗਈ। ਮੈਥੋਂ ਕਿਸੇ ਨੇ ਕੁਝ ਨਾ ਪੁੱਛਿਆ ਕਿ ਬਹੂ ਦਾ ਕਿਹੋ ਜਿਹਾ ਸਵਾਗਤ ਹੋ ਰਿਹੈ।
    ਓਦੋਂ ਤੋਂ ਹੁਣ ਤੱਕ ਮੈਂ ਵੀ ਸੀਤਾ ਵਰਗੀ ਹਾਂ। ਬਨਵਾਸ ਭੋਗ ਰਹੀ ਹਾਂ। ਮੇਲੇ ‘ਚ ਝੂਲੇ ਉਖਾੜਦੇ, ਬੀੜੀਆਂ ਪੀਂਦੇ, ਝੂਲਿਆਂ ਵਾਲੇ ਇਕ-ਦੂਜੇ ਨੂੰ ਗਾਲ੍ਹਾਂ ਬੱਕ ਰਹੇ ਹਨ। ਅਤੇ ਖੋਤੇ ‘ਤੇ ਸਾਮਾਨ ਏਦਾਂ ਲੱਦ ਰਹੇ ਹਨ ਜਿਵੇਂ ਖੋਤੇ ਲੱਕੜ ਦੇ ਬਣੇ ਹੋਣ।
    ਰਾਮਲੀਲ੍ਹਾ ਦੇ ਰੱਥ ਇਕ ਪਾਸੇ ਖੜੋਤੇ ਹਨ। ਰਾਮ, ਲਛਮਣ, ਸੀਤਾ ਆਦਿ ਬਣੇ ਮੁੰਡੇ ਚਮਕੀਲੇ ਕੱਪੜੇ ਪਾਈ ਮਲਾਈ ਦੀਆਂ ਕੁਲਫੀਆਂ ਅਤੇ ਚੱਟਣੀ ਨਾਲ ਪਕੌੜੇ ਖਾ ਰਹੇ ਹਨ। ਚਟਣੀ ਅਤੇ ਚੋਂਦੀਆਂ ਕੁਲਫੀਆਂ ਦੀਆਂ ਬੂੰਦਾਂ ਰੰਗ-ਬਰੰਗੇ ਕੱਪੜਿਆਂ ‘ਤੇ ਕੋਹੜ ਦੇ ਦਾਗਾਂ ਵਾਂਗ ਜਾਪਦੀਆਂ ਹਨ। ਮੁੰਨੀ ਖਲੋਤੀ ਉਨ੍ਹਾਂ ਨੂੰ ਦੇਖ ਰਹੀ ਹੈ। ਉਸ ਨੂੰ ਭੀੜ ‘ਚ ਗੁੰਮ ਜਾਣ ਦਾ ਅਹਿਸਾਸ ਈ ਨਹੀਂ। ਨਾਲੇ ਅਹਿਸਾਸ ਹੋਣ ਨਾਲ ਵੀ ਕੀ ਹੁੰਦੈ-ਜਿਸ ਗੁੰਮ ਹੋਣੈਂ, ਭਰੇ ਭਕੁੰਨੇ ਘਰ ‘ਚ ਵੀ ਗੁੰਮ ਹੋ ਜਾਂਦਾ ਹੈ!
    ਗੁਰਪਾਲ ਬੱਚਿਆਂ ਨੂੰ ਖਿੱਚ ਰਿਹਾ ਹੈ। ਦੋਵੇਂ ਮੁੰਡੇ ਥੱਕ ਕੇ ਰੋਂਦੇ ਹੋਏ, ਹਰ ਵੇਚਣ ਵਾਲੇ ਨੂੰ ਦੇਖਕੇ, ਚੀਜ਼ਾਂ ਖਰੀਦਣ ਲਈ ਜਿੱਦਾਂ ਕਰ ਰਹੇ ਹਨ। ਇਹ ਮੇਲਾ ਹੈ। ਮਾਵਾਂ, ਬੱਚਿਆਂ ਵਲੋਂ ਲਾਪ੍ਰਵਾਹ ਹੋ, ਭੀੜ ‘ਚ ਧੱਕੇ ਖਾਂਦੀਆਂ ਇੱਧਰ-ਉੱਧਰ ਹੋ ਜਾਂਦੀਆਂ ਹਨ। ਛੋਟੇ ਬੱਚੇ, ‘ਕੱਲੇ ਚੇਹਰੇ ਨੂੰ ਦੇਖਦੇ, ਉੱਚੀ-ਉੱਚੀ ਚੀਕਾਂ ਮਾਰਦੇ ਅੱਗੇ ਹੀ ਭੱਜੇ ਜਾਂਦੇ ਹਨ। ਭਲਾ ਮੇਲੇ ‘ਚ ਵਿਛੜੇ ਬੱਚੇ ਵੀ ਕਦੇ ਮਿਲਦੇ ਹਨ? ਇਹ ਵਿਛੋੜਾ ਜਨਮ-ਜਨਮ ਤੋਂ ਚਾਹੁਣ ਵਾਲਿਆਂ ‘ਚ ਕੰਧ ਦਾ ਰੂਪ ਧਾਰ ਲੈਂਦਾ ਹੈ।
    ਉਹ ਚਿਹਰੇ ਜਿਨ੍ਹਾਂ ਤੋਂ ਸਭ ਕੁਝ ਵਾਰ ਦੇਈਏ, ਇਸ ਆਸ ‘ਤੇ ਕਿ ਅਸੀਂ ਉਨ੍ਹਾਂ ਨੂੰ ਇਕ ਵਾਰ ਦੇਖ ਸਕੀਏ, ਕਿਤੇ ਨਹੀਂ ਦਿੱਸਦੇ-ਉਹ ਰਾਹ ਲਹਿਰਾਂ ‘ਤੇ ਤਾਣਾ-ਬਾਣਾ ਬੁਣਨ ਵਾਲੇ ਕੀੜਿਆਂ ਦੇ ਕਦਮਾਂ ਦੇ ਪਦ-ਚਿੰਨ੍ਹਾਂ ਵਾਂਗ ਸਾਡੇ ਪਿੱਛੇ ਮਿਟ ਜਾਂਦੇ ਹਨ। ਜਿਨ੍ਹਾਂ ਰਾਹਾਂ ਤੋਂ ਅਸੀਂ ਤੁਰ ਕੇ ਆਉਂਦੇ ਹਾਂ, ਉਨ੍ਹਾਂ ਤੋਂ ਪਰਤ ਨਹੀਂ ਸਕਦੇ। ਕੁਝ ਵੀ ਤਾਂ ਨਹੀਂ ਮੁੜਦਾ। ਅਤੇ ਮੇਲੇ ਦੀ ਭੀੜ ਅੱਗੇ ਹੀ ਅੱਗੇ ਤੁਰਦੀ ਰਹਿੰਦੀ ਹੈ।
    ਸਮਾਂ ਕਦੇ ਮੁੜਕੇ ਨੀ ਪਰਤਦਾ, ਭਾਈ ਸਾਹਿਬ ਕਿਹਾ ਕਰਦੇ ਸਨ, ”ਬੀਬੀ ਜੋ ਪਲ ਬੀਤ ਗਿਆ, ਓਹ ਮਿਟ ਜਾਂਦੈ, ਧੂੜ ਬਣ ਜਾਂਦੈ,” ਜਦ ਮੈਂ ਪੜ੍ਹਾਈ ਵੱਲ ਧਿਆਨ ਨਹੀਂ ਸਾਂ ਦਿੰਦੀ ਤੇ ਸਕੂਲੋਂ ਆ ਕੇ ਗੁੱਡੀਆਂ ਪਟੋਲਿਆਂ ‘ਚ ਮਸਤ ਹੋ ਜਾਂਦੀ ਸਾਂ ਸਹੇਲੀਆਂ ਨਾਲ, ਤਾਂ ਭਾਈ ਸਾਹਿਬ ਮੈਨੂੰ ਸਮਝਾਉਂਦੇ। ਉਹ ਗੁੱਡੀ ਮੈਨੂੰ ਦਾਦਾ ਜੀ ਨੇ ਲਿਆਕੇ ਦਿੱਤੀ ਸੀ।”
    ਮੁੰਨੀ ਨੇ ਆਪਣੇ ਦੋਹਾਂ ਹੱਥਾਂ ਨਾਲ ਕੱਪੜੇ ਦੀ ਇਕ ਵੱਡੀ ਸਾਰੀ ਗੁੱਡੀ ਫੜ ਰੱਖੀ ਹੈ। ਗੁਰਪਾਲ ਉਪਰ ਭੀੜ ਨੂੰ ਦੇਖ ਰਿਹਾ ਹੈ। ਮੁੰਨੀ ਦਾ ਆਪਣੀ ਗੁੱਡੀ ਵੱਲ ਪੂਰਾ ਧਿਆਨ ਹੈ। ਦੋਵੇਂ ਮੁੰਡੇ ਰਾਵਣ ਦੀ ਮੂਰਤੀ ਫੜੀ ਹਰ ਚੇਹਰੇ ਨੂੰ ਹੈਰਾਨੀ ਨਾਲ ਦੇਖ ਰਹੇ ਹਨ। ਮੁੰਨੀ ਦੀਆਂ ਅੱਖਾਂ ‘ਚ ਆਪਣੀ ਗੁੱਡੀ ਲਈ ਅਥਾਹ ਮੋਹ ਹੈ। ਕੱਪੜੇ ਦੇ ਚੌੜੇ ਜਹੇ ਪਾਸੇ ‘ਤੇ ਬੇਢੰਗੇ ਰੰਗਾਂ ਨਾਲ ਨੱਕ, ਸਿਰ, ਅੱਖਾਂ ਬਣੀਆਂ ਹੋਈਐਂ। ਨੱਕ ‘ਚ ਨੱਥ ਵੀ ਪਾਈ ਹੋਈ ਹੈ। ਗੋਟੇ ਵਾਲੀ ਚੁੰਨੀ ਸਿਰ ‘ਤੇ ਰੱਖੀ, ਆਪਣੇ ਲਹਿੰਗੇ ਨੂੰ ਸੰਭਾਲੀ ਇਹ ਕੰਜਰੀ, ਜਾਪਦੈ ਕਿ ਨੱਚੀ ਕਿ ਨੱਚੀ।
    ਤਲਾਅ ਦੇ ਕਿਨਾਰਿਓਂ ਹੋ ਕੇ ਖੇਤਾਂ ਵਿਚ ਦੀ ਸਾਡਾ ਰਾਹ ਸੰਗਰਾਓਂ ਨੂੰ ਜਾਂਦਾ ਹੈ। ਜ਼ਿੰਦਗੀ ਦਾ ਸਫ਼ਰ ਲਗਾਤਾਰ ਜਾਰੀ ਰਹਿੰਦਾ ਹੈ। ਵਿੰਗੇ-ਟੇਢੇ ਰਾਹਾਂ ਅਤੇ ਉਲਝੀਆਂ ਪਗਡੰਡੀਆਂ ਰਾਹੀਂ ਕਿਸੇ ਉਦੇਸ਼ ‘ਤੇ ਪਹੁੰਚਣ ਦੀ ਪ੍ਰਚੰਡ ਇੱਛਾ ਵੀ ਹੋਵੇ ਤਾਂ ਵੀ ਲਗਾਤਾਰ ਤੁਰਦੇ ਈ ਰਹਿਣਾ ਪੈਂਦਾ ਹੈ। ਹਮੇਸ਼ਾ-ਹਮੇਸ਼ਾ ਲਈ, ਭਾਵੇਂ ਪੈਰ ਜ਼ਖਮੀ ਹੋਣ ਅਤੇ ਦਿਲ ‘ਚ ਕੁਝ ਨਾ ਹੋਵੇ।
    ਸ਼ਾਮ ਦਾ ਹੁੰਦਾ ਮੂੰਹ ਹਨੇਰਾ ਹੋਰ ਹੇਠਾਂ ਉਤਰ ਆਇਆ ਹੈ। ਸ਼ਾਮ ਖ਼ੌਰੇ ਮੈਨੂੰ ਕਿਉਂ ਉਦਾਸ ਕਰ ਦਿੰਦੀ ਹੈ। ਅਸਮਾਨ ‘ਤੇ ਇਕੱਲਾ ਤਾਰਾ, ਧੜਕਦਾ, ਕੰਬਦਾ, ਦੀਵੇ ਦੀ ਲੋਅ ਵਾਂਗ ਝੂਲਦਾ ਅਤੇ ਨੀਲੱਤਣ ਤੋਂ ਬਿਨਾਂ ਸਾਗਰ ‘ਚ ਇਸ ਦੀ ਖਾਮੋਸ਼ੀ ਮੈਨੂੰ ਆਪਣੇ ਬਨਵਾਸ ਦੀ ਯਾਦ ਦਿਵਾਉਂਦਾ ਹੈ। ਅੰਤਰੀਵ ਦੇ ਇਸ ਇਕੱਲੇਪਣ ‘ਚ ਮੈਂ ਓਸ ਇਕੱਲੇ ਰੁੱਖ ਵਾਂਗ ਹਾਂ, ਜਿਸ ‘ਤੇ ਨਾ ਫੁੱਲ ਆਉਂਦੇ ਹਨ, ਨਾ ਫਲ।
    ਇਹ ਤਾਰਾ ਮੈਨੂੰ ਓਸ ਜਹਾਜ਼ ਦੀ ਯਾਦ ਦਿਵਾਉਂਦੈ, ਜਿਸ ‘ਚ ਬੈਠ ਭਾਈ ਸਾਹਿਬ ਸਾਗਰੋਂ ਪਾਰ ਗਏ ਸਨ। ਆਪਣੇ ਨਾਲ ਭਾਰੀ ਸਾਮਾਨ ਨਾਲ ਏਨੀ ਦੂਰ ਦੇ ਸਫ਼ਰ ਲਈ ਜਦ ਤਿਆਰ ਹੋ ਰਹੇ ਸਨ, ਤਾਂ ਅੰਮਾਂ ਰੋ ਪਈ ਸੀ। ਪਰ ਫਿਰ ਵੀ ਧੀਰਜ ਧਾਰਕੇ ਸਾਮਾਨ ਠੀਕ ਕਰ ਰਹੀ ਸੀ ਅਤੇ ਅਰਦਾਸਾਂ ਦੁਹਰਾਈ ਜਾ ਰਹੀ ਸੀ। ਬਾਹਰ ਬਾਬਾ ਜੀ ਕਈ ਤਰ੍ਹਾਂ ਦੇ ਪ੍ਰਬੰਧਾਂ ‘ਚ ਰੁੱਝੇ ਹੋਏ ਸਨ। ਭਾਈ ਸਾਹਿਬ ਬਹੁਤ ਉਦਾਸ ਸਨ। ਵੱਡੀ ਭੈਣ ਚੁੱਪ-ਚਾਪ, ਗੁੰਮ-ਸੁੰਮ ਵਿਹੜੇ ‘ਚ ਮਲਕੜੇ ਜਹੇ ਤੁਰਦੀ ਇਧਰ-ਉਧਰ ਆ-ਜਾ ਰਹੀ ਸੀ। ਮੈਂ ਸਾਰੇ ਘਰ ‘ਚ ਚਹਿਕਦੀ ਫਿਰਦੀ ਸਾਂ। ਸੱਟ ਜਦ ਤੱਕ ਆਪਣੇ ਆਪ ਨੂੰ ਨਾ ਲੱਗੇ, ਜਖ਼ਮ ਦੇ ਦਰਦ ਦਾ ਕਿਵੇਂ ਪਤਾ ਲੱਗ ਸਕਦੈ। ਬੰਦਰਗਾਹ ਤੱਕ ਅਸੀਂ ਸਾਰੇ ਛੱਡਣ ਗਏ ਸਾਂ। ਵੀਰੇ ਤੇ ਭਾਬੀ ਦਾ ਸਾਮਾਨ ਰਖਵਾਉਣ, ਕਾਗਜ਼ ਠੀਕ ਕਰਨ ਲੲਂੀ ਜਹਾਜ਼ ‘ਤੇ ਆ ਜਾ ਰਹੇ ਸਨ। ਅਤੇ ਮੈਂ ਜੰਗਲੇ ‘ਤੇ ਝੁਕੀ ਮਟਿਆਲੇ ਹਰੇ ਰੰਗ ਦੇ ਪਾਣੀ ਨੂੰ ਦੇਖਦੀ ਭਾਈ ਸਾਹਿਬ ਤੋਂ ਪੁੱਛ ਰਹੀ ਸਾਂ-”ਇਹ ਪਾਣੀ ਅਜਿਹਾ ਕਿਉਂ ਹੈ? ਇਸ ‘ਤੇ ਤੇਲ ਦੇ ਦਾਗ਼ ਕਿਉਂ ਹਨ? ਕਿਸ਼ਤੀਆਂ ਕਿਉਂ ਹਨ? ਉਚੀਆਂ-ਉਚੀਆਂ ਲਹਿਰਾਂ ‘ਤੇ ਡੋਲਦੀਆਂ ਇਹ ਕਿਸ਼ਤੀਆਂ ਜਦੋਂ ਲੜਖੜਾਉਂਦੀਆਂ ਹਨ ਤਾਂ ਸਿਰ ਨੂੰ ਚੱਕਰ ਨਹੀਂ ਆਉਂਦੇ?”
    ਮੇਰਿਆਂ ਸਵਾਲਾਂ ਤੋਂ ਪ੍ਰੇਸ਼ਾਨ ਭਾਈ ਸਾਹਿਬ ਕਹਿ ਰਹੇ ਸਨ-ਬੀਬੀ ਜਦੋਂ ਵੱਡੀ ਹੋ ਜਾਵੇਂਗੀ ਤਾਂ ਸਾਰੀਆਂ ਗੱਲਾਂ ਆਪੇ ਪਤਾ ਲੱਗ ਜਾਣਗੀਆਂ।
    ਅਤੇ ਅੱਜ ਮੈਂ ਜਾਤਾ ਕਿ ਜਿਸ ਕਿਸ਼ਤੀ ਨਾਲ ਚੱਪੂ ਨਾ ਹੋਵੇ, ਉਹ ਡੁੱਬ ਜਾਇਆ ਕਰਦੀ ਹੈ। ਕਿਸ਼ਤੀਆਂ ਨੂੰ ਡੋਬਾ ਦੇਣ ਲਈ ਇਕ ਲਹਿਰ ਹੀ ਕਾਫੀ ਹੈ। ਉਹ ਤਾਂ ਕਿਨਾਰਿਆਂ ‘ਤੇ ਵੀ ਡੁੱਬ ਜਾਂਦੀਆਂ ਹਨ। ਵੱਡਿਆਂ ਹੋ ਕੇ ਜਦ ਇਨ੍ਹਾਂ ਗੱਲਾਂ ਦਾ ਭੇਤ ਪਾਇਆ ਤਾਂ ਭਾਈ ਸਾਹਿਬ ਨਹੀਂ ਹਨ।
    ਫਿਰ ਜਹਾਜ਼ ਦੀਆਂ ਸੀਟੀਆਂ ਸੁਣਾਈ ਦਿੱਤੀਆਂ। ਬਾਬਾ ਜੀ ਨੇ ਭਾਈ ਸਾਹਿਬ ਨੂੰ ਗਲ ਲਾ ਕੇ ਸਿਰ ਪਲੋਸਿਆ ਅਤੇ ਅਖੀਰ ‘ਚ ਖ਼ੁਦਾ ਹਵਾਲੇ ਡੋਰ ਛੱਡ ਦਿੱਤੀ। ਭਾਈ ਸਾਹਿਬ ਮਾਂ ਨਾਲ ਚੁੰਬੜ ਗਏ। ਵੱਡੀ ਭੈਣ ਬੜੀ ਕਮਜ਼ੋਰ ਦਿਲ ਵਾਲੀ ਸੀ। ਗੱਲ-ਗੱਲ ‘ਤੇ ਹੰਝੂਆਂ ਦਾ ਹੜ੍ਹ ਆ ਜਾਂਦਾ। ਉਸ ਨੂੰ ਹਿਚਕੀਆਂ ਲੈਂਦੀ ਨੂੰ ਦੇਖ ਕੇ ਭਾਈ ਸਾਹਿਬ ਨੇ ਕਿਹਾ ਸੀ : –
    ”ਬੀਬੀ ਨੂੰ ਦੇਖੋ ਕਿੰਨੀ ਬਾਗੋ-ਬਾਗ ਐ! ਭਲਾ ਇਸ ‘ਚ ਰੋਣ ਵਾਲੀ ਕਿਹੜੀ ਗੱਲ ਐ? ਦੋ ਸਾਲਾਂ ‘ਚ ਤਾਂ ਮੁੜ ਈ ਆਉਣੈ। ਹਮੇਸ਼ਾ ਲਈ ਥੋੜ੍ਹਾ ਜਾ ਰਿਹਾਂ।”
    ਫਿਰ ਮੈਨੂੰ ਛਾਤੀ ਨਾਲ ਲਾ ਕੇ ਬੋਲੇ, ”ਬੀਬੀ ਮੈਂ ਤੇਰੇ ਲਈ ਪੈਰਿਸ ਤੋਂ ਤੋਹਫ਼ੇ ਲਿਆਊਂਗਾ ਤੂੰ ਚਿੱਠੀਆਂ ਲਿਖਦੀ ਰਹੀਂ।” ਅਤੇ ਮੈਂ ਜ਼ੋਰ ਦੀ ਸਿਰ ਹਿਲਾਇਆ।
    ਫਿਰ ਜਦ ਅਖੀਰਲੀ ਸੀਟੀ ਸੁਣਾਈ ਦਿੱਤੀ ਤਾਂ ਉਹ ਸੰਤੁਸ਼ਟ ਜਿਹੇ ਬਹੁਤ ਲਾਪਰਵਾਹੀ ਨਾਲ ਪੈਰ ਪੁੱਟਦੇ, ਜਿਵੇਂ ਕਿਤੇ ਨੇੜੇ ਹੀ ਜਾ ਰਹੇ ਹੋਣ, ਚਲੇ ਗਏ। ਜਦ ਤੱਕ ਜਹਾਜ਼ ਦਿੱਸਦਾ ਰਿਹਾ, ਅਸੀਂ ਰੁਮਾਲ ਹਿਲਾਉਂਦੇ ਰਹੇ। ਫਿਰ ਸ਼ਾਮ ਦੀ ਧੁੰਦ ‘ਚ ਬੰਦਰਗਾਹ ਦੀ ਰੌਸ਼ਨੀ ਦਾ ਪ੍ਰਛਾਵਾਂ ਪਾਣੀ ਦੀਆਂ ਲਹਿਰਾਂ ‘ਚ ਡੋਲਣ ਲੱਗਾ। ਅਤੇ ਜਹਾਜ਼ ਦੀ ਬੱਤੀ ਤਾਰੇ ਵਾਂਗ ਕੰਬਦੀ ਹੋਈ ਅੱਖੀਓਂ ਓਹਲੇ ਹੋ ਗਈ। ਇਸ ਪਿਛੋਂ ਸਾਰੀ ਰੌਸ਼ਨੀ ਮੇਰੇ ਚੁਤਰਫ਼ੋਂ ਸਦਾ ਲਈ ਡੁੱਬ ਗਈ। ਲਹਿਰਾਂ ‘ਚੋਂ ਫਿਰ ਕੋਈ ਕਿਰਨ ਨਹੀਂ ਨਿਕਲੀ।
    ਮੈਂ ਅੰਮਾਂ ਨੂੰ ਚੁੰਬੜ ਕੇ ਕਿੰਨੇ ਜ਼ੋਰ ਦੀ ਚੀਕ ਪਈ ਸਾਂ! ਜਿਵੇਂ ਕੋਈ ਮੇਰੇ ਦਿਲ ‘ਚ ਕਹਿ ਰਿਹਾ ਸੀ-ਇਹ ਚੇਹਰਾ ਹੁਣ ਕਦੀ ਨਹੀਂ ਦਿੱਸਣਾ। ਹੁਣ ਤੂੰ ਕਦੇ ਭਰਾ ਦੀ ਸ਼ਕਲ ਨਹੀਂ ਦੇਖ ਸਕੇਂਗੀ। ਮੇਰਾ ਦਿਲ ਜ਼ੋਰ-ਜ਼ੋਰ ਨਾਲ ਕੰਬ ਰਿਹਾ ਸੀ, ਜਿਵੇਂ ਪੱਛਮ ‘ਚ ਖਾਲੀ ਆਕਾਸ਼ ਦੇਖ ਕੇ ਰੂਹਾਂ ਕੰਬ ਜਾਂਦੀਆਂ ਹਨ।
    ਦੇਰ ਬਾਗੀਂ ਰਾਤ ਆਪਣੀਆਂ ਕਾਲੀਆਂ ਲਿਟਾਂ ਖਿਲਾਰ ਰਹੀ ਸੀ। ਗੁਰਪਾਲ ਨੇ ਦੋਹਾਂ ਮੁੰਡਿਆਂ ਨੂੰ ਮੋਢਿਆਂ ਤੇ ਬਿਠਾ ਲਿਆ। ਅਤੇ ਉਹ ਖੇਤਾਂ ਵਿਚਦੀ ਚਿੱਟੀਆਂ ਲਕੀਰਾਂ ਵਰਗੀ ਪਗਡੰਡੀ ‘ਤੇ ਅੱਗੇ-ਅੱਗੇ ਜਾ ਰਿਹਾ ਹੈ। ਮੁੰਨੀ ਹੌਲੀ-ਹੌਲੀ ਤੁਰੀ ਜਾ ਰਹੀ ਹੈ।
    ਪਾਣੀ ਵਾਲੇ ਖਾਲ ਲੰਘ ਕੇ ਓਸ ਖੇਤ ‘ਤੇ ਸਾਨੂੰ ਉਡੀਕੇਗਾ ਅਤੇ ਦੋਵੇਂ ਬੱਚਿਆਂ ਨੂੰ ਰਾਵਣ ਦੀ ਕਹਾਣੀ ਸੁਣਾਊਗਾ। ਉਸ ਨੂੰ ਕੀ ਪਤਾ ਕਿ ਸੀਤਾ ਉਸ ਦੇ ਪਿੱਛੇ ਆ ਰਹੀ ਹੈ ਅਤੇ ਰਾਵਣ ਉਹ ਆਪ ਹੈ।
    ਮੁੰਨੀ ਮੈਨੂੰ ਕਹਿੰਦੀ ਐ-”ਮਾਂ, ਸਰੂਪ ਦੇ ਮਾਮੇ ਨੇ ਉਸਨੂੰ ਦੁਸਹਿਰੇ ‘ਤੇ ਰੰਗ-ਬਰੰਗੇ ਕੱਪੜੇ ਭੇਜੇ ਸਨ। ਰੇਸ਼ਮੀ ਹਨ। ਹੱਥ ਲਾਣ ‘ਤੇ ਚੰਗੇ ਬਹੁਤ ਲੱਗਦੇ ਹਨ। ਮਾਂ ਮੇਰਾ ਕੋਈ ਮਾਮਾ ਨਹੀਂ, ਜਿਹੜਾ ਮੈਨੂੰ ਚੰਗੀਆਂ ਚੀਜ਼ਾਂ ਲੈ ਕੇ ਦੇਵੇ? ਮਾਂ ਤੂੰ ਬੋਲਦੀ ਕਿਉਂ ਨੀ? ਮੇਲਾ ਚੰਗਾ ਨੀ ਲੱਗਿਆ? ਤੂੰ ਥੱਕ ਗਈ ਐਂ ਨਾ ਮਾਂ?”
    ”ਹਾਂ ਮੁੰਨੀ ਮੈਂ ਥੱਕ ਗਈ ਆਂ-ਮੈਂ ਬੁੱਢੀ ਹੋ ਗਈ ਆਂ। ਮੈਨੂੰ ਬਹੁਤ ਤੁਰਨਾ ਪਿਐ ਨਾ…।”
    ”ਨਹੀਂ ਹੋਈ ਬੁੱਢੀ ਤੂੰ ਮਾਂ।” ਮੁੰਨੀ ਬੜੇ ਭਰੋਸੇ ਨਾਲ ਮੇਰੇ ਵੱਲ ਦੇਖ ਕੇ ਕਹਿੰਦੀ ਹੈ, ”ਤੂੰ ਤਾਂ ਦੇਵੀ ਦੀ ਮੂਰਤੀ ਲੱਗਦੀ ਐਂ, ਦਾਦੀ ਵੀ ਇਹੀ ਕਹਿੰਦੀ ਐ।”
    ਮੁੰਨੀ ਕੀ ਜਾਣੇ, ਮੈਨੂੰ ਕਿੰਨਾ ਤੁਰਨਾ ਪਿਆ ਹੈ! ਇਕ ਜ਼ਿੰਦਗੀ ਤੋਂ ਦੂਜੀ ਜ਼ਿੰਦਗੀ ਤੱਕ ਦੀ ਦੂਰੀ ਘੱਟ ਨਹੀਂ ਹੁੰਦੀ ਅਤੇ ਜਦ ਇਨਸਾਨ ਆਕੜ ਜਾਂਦਾ ਹੈ ਤਾਂ ਉਸ ਦੇ ਮਨ ‘ਚ ਕੋਈ ਵੀ ਆਸ ਨਹੀਂ ਰਹਿੰਦੀ, ਤਾਂ ਉਹ ਪੂਜਨੀਕ ਹੋ ਜਾਂਦਾ ਹੈ।
    ਸੰਗਰਾਓਂ ਦੇ ਰਾਹ ‘ਤੇ, ਵਿਛੜਿਆਂ ਦੀ ਉਡੀਕ ਕਰਦਿਆਂ ਮੇਰੀਆਂ ਅੱਖਾਂ ਪਥਰਾਅ ਗਈਆਂ ਹਨ। ਮੇਰਾ ਮਨ ਖਾਲੀ ਹੈ, ਮੈਂ ਲੱਛਮੀ ਹਾਂ। ਫਿਰ ਵੀ ਦੁੱਖਾਂ ਦਾ ਤਾਣਾ ਕਿੰਨਾ ਅਟੁੱਟ ਹੈ! ਗੂੜ੍ਹਾ ਅਤੇ ਪੱਕਾ, ਕਦੀ ਸਾਥ ਨਾ ਛੱਡਣ ਵਾਲਾ।
    ਮੁੰਨੀ ਫਿਰ ਪੁੱਛ ਰਹੀ ਸੀ : ”ਕੀ ਮੇਰਾ ਕੋਈ ਮਾਮਾ ਨਹੀਂ?”
    ਮੈਂ ਕੀ ਆਖਾਂ ਮੁੰਨੀ ਨੂੰ? ਦੋਰਾਹੇ ‘ਤੇ ਖੜ੍ਹੀ ਸੋਚ ਰਹੀ ਹਾਂ।
    ਭਾਈ ਸਾਹਿਬ ਮੈਨੂੰ ਅੰਤਾਂ ਦਾ ਮੋਹ ਕਰਦੇ ਸਨ। ਪਰ ਮੈਂ ਉਨ੍ਹਾਂ ਤੋਂ ਡਰਦੀ ਵੀ ਸਾਂ। ਉਹ ਘਰ ‘ਚ ਪੈਰ ਰੱਖਦੇ ਤਾਂ ਚੁੰਨੀ ਸਿਰ ‘ਤੇ ਆ ਜਾਂਦੀ। ਤੋਰ ਵੀ ਮੱਠੀ ਹੋ ਜਾਂਦੀ ਤੇ ਹਾਸਾ ਵੀ ਕੋਸਾ-ਕੋਸਾ ਰਹਿ ਜਾਂਦਾ। ਮੈਂ ਭਾਈ ਸਾਹਿਬ ਮੂਹਰੇ ਖਲੋਤੀ ਹੁੰਦੀ ਤਾਂ ਜਾਪਦਾ ਕਿ ਇਨ੍ਹਾਂ ਤੋਂ ਲੰਮਾ ਵਿਅਕਤੀ ਕੋਈ ਨੀ ਹੋਣਾ। ਸਾਫ ਸੁਥਰੀਆਂ ਲਕੀਰਾਂ। ਨਾ ਕਾਗਜ਼ ਗੰਦੇ ਕਰਦੇ, ਨਾ ਸਿਆਹੀ ਨਾਲ ਹੱਥ ਹੀ ਲਬੇੜਦੇ। ਮੈਨੂੰ ਕਹਿੰਦੇ : ”ਬੀਬੀ ਜਦ ਤੂੰ ਵੱਡੀ ਹੋ ਜਾਏਂਗੀ ਤਾਂ ਤੂੰ ਵੀ ਏਨਾ ਵਧੀਆ-ਵਧੀਆ ਲਿਖਿਆ ਕਰੇਂਗੀ।
    ਅੱਜ ਭਾਈ ਸਾਹਿਬ ਮੈਨੂੰ ਦੇਖਦੇ ਤਾਂ ਕੀ ਕਹਿੰਦੇ? ਮੇਰੇ ਭਾਗ ਦੀਆਂ ਲਕੀਰਾਂ ‘ਤੇ ਏਨੀ ਸ਼ਿਆਹੀ ਹੈ ਕਿ ਇਕ ਵੀ ਤਾਂ ਨੀ ਦਿਸਦੀ ਸਿੱਧੀ ਲਕੀਰ। ਮੈਨੂੰ ਤਾਂ ਕਦੇ ਵੀ ਸੋਹਣਾ ਲਿਖਣਾ ਨਾ ਆਇਆ। ਓਦੋਂ ਗੁੱਡੀ ਦਾ ਘਰ ਸਜਾ ਕੇ ਸੋਚਿਆ ਕਰਦੀ ਸਾਂ। ਅਸੀਂ ਇਸ ‘ਚ ਰਹਿ ਸਕਦੇ ਹਾਂ। ਅੰਮਾ, ਬਾਬਾ ਅਤੇ ਮੈਂ, ਭਾਈ ਸਾਹਿਬ ਅਤੇ ਵੱਡੀ ਭੈਣ, ਸਾਰੇ ਇੱਥੇ ਰਹਾਂਗੇ। ਜੀਵਨ ਇਕ ਰਸੀਲਾ ਗੀਤ ਹੈ, ਕੋਈ ਘਾਟ ਨਹੀਂ ਇਸ ‘ਚ।
    ਭਾਈ ਸਾਹਿਬ ਦਾ ਵਿਆਹ ਹੋਇਆ ਤਾਂ ਮੈਂ ਆਖਿਆ ਸੀ-ਸਾਡਾ ਘਰ ਸਵਰਗ ਹੈ। ਆਕਾਸ਼ ਵਾਲਾ ਸਵਰਗ। ਉਨ੍ਹਾਂ ਦਿਨਾਂ ‘ਚ ਜੇ ਮੈਂ ਅਰਦਾਸ ਕਰਦੀ ਤਾਂ ਸਮਝ ਨਾ ਆਉਂਦਾ ਕਿ ਮੰਗਾਂ ਕੀ! ਅੱਜ ਵਾਂਗ ਮੈਂ ਰੱਬ ਤੋਂ ਕੁਝ ਨਹੀਂ ਮੰਗਿਆ। ਸੁੱਖ ਅਤੇ ਦੁੱਖ ਦੀ ਚਰਮ ਸੀਮਾ, ਜ਼ਿੰਦਗੀ ‘ਚ ਇਕ ਹੀ ਰਾਹ ‘ਤੇ ਹੈ।
    ਭਾਈ ਸਾਹਿਬ ਸਾਗਰੋਂ ਪਾਰ ਚਲੇ ਗਏ। ਅਤੇ ਮੇਰੇ ਸਵਰਗ ਦੇ ਸੁਪਨੇ ਚੂਰ-ਚੂਰ ਹੋ ਗਏ। ਸਾਰੀ ਜ਼ਿੰਦਗੀ ਦੇ ਵੱਟ ਨੋਕਦਾਰ ਕਿਨਾਰਿਆਂ ਦੇ ਕੱਚ ਦੇ ਟੁਕੜਿਆਂ ਵਾਂਗ ਏਧਰ-ਓਧਰ ਖਿੱਲਰੇ ਲੰਘਣ ਵਾਲਿਆਂ ਨੂੰ ਜ਼ਖਮੀ ਕਰ ਰਹੇ ਹਨ। ਰਾਹ ਦੇ ਦੂਜੇ ਪਾਸਿਓਂ ਜਾਣ ਵਾਲਾ ਕੋਈ ਨਹੀਂ ਰਿਹਾ। ਰਾਹ ਏਦਾਂ ਸੁੰਨਸਾਨ ਪਿਆ ਸੀ, ਜਿਵੇਂ ਸ਼ਮਸ਼ਾਨਘਾਟ ਹੋਵੇ। ਦੂਰ ਦੂਰ ਤੱਕ ਕੋਈ ਨੀ ਆਉਂਦਾ ਦਿਸਦਾ।
    ਸੀਤਾ ਮਾਤਾ ਦੇ ਵਿਰਲਾਪ ਨੂੰ ਇਸ ਦੇਸ਼ ‘ਚ ਕੌਣ ਸੁਣਦੈ? ਇਕਲਾਪੇ ਦਾ ਦੁੱਖ ਕਿੰਨਾ ਕਰੜਾ ਹੁੰਦਾ, ਜ਼ਿੰਦਗੀ ਕਿੱਡੀ ਔਖੀ ਹੈ।
    ਗੁਰਪਾਲ ਦੂਰ ਖਲੋਤਾ ਮੈਨੂੰ ਅਵਾਜ਼ਾਂ ਮਾਰ ਰਿਹਾ ਸੀ, ਮੁੰਨੀ ਦਾ ਨਾਂ ਲੈ ਕੇ। ਅਸੀਂ ਮਾਂ-ਧੀ ਹੌਲੀ-ਹੌਲੀ ਤੁਰ ਰਹੀਆਂ ਸਾਂ। ਕਪਾਹ ਦੇ ਖੇਤਾਂ ‘ਚ ਸਿਰਫ ਛਟੀਆਂ ਹੀ ਖਲੋਤੀਐਂ, ਹੱਸਦੇ ਫੁੱਲ (ਕਪਾਹ ਦੀਆਂ ਫੁੱਟੀਆਂ) ਲੋਕ ਪੰਡਾਂ ਬੰਨ੍ਹ ਕੇ ਲੈ ਜਾਂਦੇ ਹਨ। ਕਣਕ ਦੇ ਖੇਤਾਂ ‘ਚ ਅਜੇ ਨਾ ਬੱਲੀਆਂ ਫੁੱਟੀਆਂ ਨੇ ਅਤੇ ਨਾ ਹੀ ਅਜੇ ਦਾਣੇ ਪਏ ਐ।
    ਦਾਦੀ ਬੜਾ ਫ਼ਿਕਰ ਕਰਦੀ ਹੋਊ। ਮੇਰੀ ਉਹ ਹਮੇਸ਼ਾ ਚਿੰਤਾ ਕਰਦੀ ਹੈ। ਜਿਸ ਦੇਸ਼ ਬਾਰੇ ਉਹ ਸੋਚਦੀ ਹੈ, ਉਸ ਦਾ ਰਾਹ ਬਿਖੜਾ ਹੈ। ਜ਼ਖ਼ਮੀ ਦਿਲ ਅਤੇ ਉਜੜੀ ਮਾਂਗ ਮੈਂ ਭਲਾ ਕਿੱਥੇ ਜਾ ਸਕਦੀ ਹਾਂ?”
    ਗਾਉਣ ਵਾਲਿਆਂ ਦੀਆਂ ਟੋਲੀਆਂ ਭਜਨ ਗਾਉਂਦੀਆਂ ਮੇਰੇ ਪਿੱਛੇ ਆ ਰਹੀਐਂ। ਅਚਲ ਦੇ ਤਲਾਅ ਕੋਲ ਲੱਗਿਆ ਮੇਲਾ ਹੁਣ ਖਿੰਡ-ਪੁੰਡ ਰਿਹਾ ਹੈ। ਮਜ਼ਦੂਰ ਉੱਚੀ-ਉੱਚੀ ਬੋਲਦੇ ਸਾਡੇ ਕੋਲੋਂ ਲੰਘੀ ਜਾ ਰਹੇ ਹਨ। ਸਜੀਆਂ-ਧਜੀਆਂ ਮਾਵਾਂ, ਚੁੰਨੀਆਂ ਸੰਭਾਲਦੀਆਂ, ਮੱਥਿਆਂ ਤੱਕ ਘੁੰਡ ਕੱਢੀ-ਮੇਲੇ ‘ਚੋਂ ਖਰੀਦੀਆਂ ਮਠਿਆਈਆਂ ਅਤੇ ਪੋਟਲੀਆਂ ਸੰਭਾਲੀ, ਬੱਚੇ ਮੋਢੀਂ ਬਿਠਾਈ-ਨੰਗੇ ਪੈਰੀਂ ਤੇਜ਼-ਤੇਜ਼ ਤੁਰ ਰਹੀਐਂ।
    ”ਮਾਂ ਤੁੂੰ ਚੁੱਪ ਕਿਉਂ ਐ? ਕੋਈ ਗੱਲ ਕਰ ਨਾ। ਮੈਨੂੰ ਡਰ ਲੱਗ ਰਿਹੈ।” ਮੁੰਨੀ ਤੋਂ ਵੱਧਦੇ ਹਨੇਰੇ ‘ਚ ਮੇਰਾ ਹੱਥ ਫੜਨ ਦੀ ਕੋਸ਼ਿਸ਼ ‘ਚ ਆਪਣੀ ਗੁੱਡੀ ਨਹੀਂ ਸਾਂਭੀ ਜਾ ਰਹੀ।
    ਮੁੰਨੀ ਜਦ ਵੱਡੀ ਹੋ ਜਾਊ, ਤਾਂ ਇਸ ਨੂੰ ਆਪੇ ਪਤਾ ਲੱਗ ਜਾਣੈ ਕਿ ਹਨੇਰੇ ਤੋਂ ਡਰਨਾ ਵਿਅਰਥ ਹੈ। ਜਦ ਇਸ ਦਾ ਜਾਦੂ ਚੱਲ ਪੈਂਦੈ ਤਾਂ ਸਾਰੇ ਹੀਲੇ ਮੁੱਕ ਜਾਂਦੇ ਹਨ। ਭਾਈ ਸਾਹਿਬ ਆਖਦੇ ਹੁੰਦੇ ਸਨ-”ਬੀਬੀ, ਪਾਣੀ ‘ਚ ਤਾਕਤ ਹੈ। ਇਹ ਆਪਣਾ ਰਾਹ ਆਪੇ ਢੂੰਡ ਲੈਂਦੈ।” ਮੈਂ ਕਿਸੇ ਨਾ ਕਿਸੇ ਕਿੱਤੇ ‘ਚ ਰੁੱਝੀ ਰਹਿੰਦੀ ਹਾਂ ਤਾਂ ਕਿ ਇਸ ਮਨ ਨੂੰ ਸੋਚਾਂ ਦੇ ਘੋੜੇ ਦੁੜਾਉਣ ਦਾ ਸਮਾਂ ਹੀ ਨਾ ਮਿਲੇ।
    ਜਦੋਂ ਸਮਾਂ ਸੀ ਤਾਂ ਸੋਚ ਨਹੀਂ ਸੀ। ਅੱਜ ਸੋਚ ਹੈ ਤਾਂ ਸਮਾਂ ਨਹੀਂ। ਹਰ ਥਾਂ ਕੋਈ ਨਾ ਕੋਈ ਘਾਟ ਰਹਿ ਜਾਂਦੀ ਹੈ। ਕਦੇ ਕੁਝ ਨਹੀਂ ਹੁੰਦਾ ਤੇ ਕਦੀ ਬਹੁਤ ਕੁੱਝ। ਅੱਜ ਅੱਖਾਂ ਬੰਦ ਕਰਦੀ ਹਾਂ ਤਾਂ ਦਿਲ ਕਹਿੰਦੈ, ਉਹ ਸਾਰੇ ਹੁਣੇ ਆਉਣਗੇ। ਭਾਈ ਸਾਹਿਬ ਮੈਨੂੰ ਦੇਖਦੇ ਈ ਕਹਿਣਗੇ- ”ਬੀਬੀ, ਇਹ ਕੀ ਸ਼ਕਲ ਬਣਾ ਰੱਖੀ ਐ? ਫੁਲਕਾਰੀ ਤਾਂ ਜਚਦੀ ਈ ਨਹੀਂ ਤੇਰੇ ਸਿਰ ‘ਤੇ। ਲਾਹ ਇਹਨੂੰ। ਦੇਖ ਮੈਂ ਤੇਰੇ ਲਈ ਕੀ ਲਿਆਇਆਂ? ਛੱਡਦੇ ਸਾਰੇ ਕੰਮ। ਇੱਧਰ ਆ, ਮੇਰੇ ਕੋਲ ਬੈਠ। ਜਦ ਮੈਂ ਆਇਆ ਕਰਾਂ ਤਾਂ ਮੇਰੇ ਕੋਲ ਹੀ ਬੈਠੀ ਰਿਹਾ ਕਰ।”
    ਪਿਆਰ ਦੇ ਸਹਾਰੇ ਜੋ ਸਵਰਗ ਉਸਰਿਆ ਹੋਇਆ ਸੀ, ਉਸ ‘ਤੇ ਏਦਾਂ ਧੂੜ ਛਾ ਜਾਏਗੀ, ਸੋਚਿਆ ਵੀ ਨਹੀਂ ਸੀ। ਅਸੀਂ ਤਸਵੀਰਾਂ ਵਾਂਗ ਅਸਲੀਅਤ ਦੇ ਪਰਛਾਵੇਂ ਹਾਂ। ਮੇਰਾ ਦਿਲ ਤਾਂ ਹਮੇਸ਼ਾ ਹੀ ਬਉਲਾ ਸੀ, ਪੁੱਠੀਆਂ ਗੱਲਾਂ ਸੋਚਣ ਵਾਲਾ, ਬੜਾ ਹੀ ਮੂਰਖ!
    ਦਿਲ ਸਦਾ ਅਨਹੋਣੀਆਂ ਗੱਲਾਂ ਸੋਚਦਾ ਅਤੇ ਐਵੇਂ ਹੀ ਧੜਕਦਾ ਰਹਿੰਦੈ। ਜਦ ਇਸ ਨਾਲ ਗੱਲਾਂ ਕਰਦੀ ਆਂ ਤਾਂ ਕਹਿੰਦੈ, ”ਆਖ਼ਿਰ ਤੇਰਾ ਘਸਦਾ ਕੀ ਐ ਬੀਬੀ?-ਸੁਪਨਿਆਂ ‘ਤੇ ਤਾਂ ਕਿਸੇ ਦਾ ਵੱਸ ਨਹੀਂ, ਅਤੇ ਫਿਰ ਉਸ ਸੁਪਨੇ ‘ਚ ਕੀ ਬੁਰਾਈ ਐ ਕਿ ਉਹ ਸਾਰੇ ਸੁਪਨੇ ਖੁੱਲ੍ਹੇ ਬੂਹਿਆਂ ਰਾਹੀਂ ਕਿਸੇ ਦਿਨ ਸਾਰੇ ਅੰਦਰ ਆ ਵੜਨ, ਜਿਨ੍ਹਾਂ ਦੀ ਤੈਨੂੰ ਉਡੀਕ ਸਤਾ ਰਹੀ ਐ।”
    ਮੈਂ ਕਹਿੰਦੀ ਹਾਂ-ਮੇਰੇ ਲਈ ਹਨੇਰਾ-ਹੀ ਹਨੇਰਾ ਹੈ। ਨਿਰਾਸ਼ ਹੋਣਾ ਘੋਰ ਪਾਪ ਹੈ, ਪਰ ਆਸ ਆਖ਼ਰ ਕਿਸ ਤੋਂ ਕਰਾਂ?
    ਮੁੰਨੀ ਮੇਰੀ ਚੁੰਨੀ ਦਾ ਲੜ ਫੜੀ ਪੁੱਛ ਰਹੀ ਐ-
    ”ਦੱਸ ਨਾ ਮਾਂ! ਮਾਮਾ ਜੀ ਸਾਡੇ ਘਰ ਕਿਉਂ ਨੀਂ ਆਉਂਦੇ? ਕੀ ਦੀਵਾਲੀ ਨੂੰ ਆਪਾਂ ਮਾਮਾ ਜੀ ਦੇ ਘਰ ਨਹੀਂ ਜਾਵਾਂਗੇ? ਮਾਂ ਹੁਣ ਮੇਰਾ ਦਿਲ ਕਿਤੇ ਨੀ ਲੱਗਦਾ, ਬੱਸ ਮੈਂ ਮਾਮਾ ਜੀ ਕੋਲ ਜਾਉਂਗੀ।”
    ਕਿਸ ਨੂੰ ਪੁੱਛਾਂ ਇਸ ਦੇ ਮਾਮਾ ਜੀ ਦਾ ਘਰ ਕਿਸ ਸ਼ਹਿਰ ‘ਚ ਹੈ? ਸੰਗਰਾਉਂ ਤੋਂ ਬਾਹਰ ਮੈਨੂੰ ਸਾਰੇ ਗੁੱਡੀਆਂ ਦੇ ਘਰ ਹੀ ਜਾਪਦੇ ਹਨ, ਜਿਨ੍ਹਾਂ ਦੀ ਕੋਈ ਅਸਲੀਅਤ ਨਹੀਂ। ਅਤੇ ਫਿਰ ਵੀ ਰੂਹ ਖੌਰੇ ਕਿਉਂ ਭਟਕਦੀ ਹੀ ਰਹਿੰਦੀ ਹੈ। ਰੂਹ ਅਜਿਹੀਆਂ ਚੀਜ਼ਾਂ ਢੂੰਡਦੀ ਐ ਜੋ ਕਿਤੇ ਵੀ ਨੀ ਦਿੱਸਦੀਆਂ । ਅਜਿਹੀਆਂ ਆਵਾਜ਼ਾਂ ਨੂੰ ਸੁਣਨਾ ਚਾਹੁੰਦੀ ਹੈ, ਜੋ ਫਿਰ ਕਦੇ ਸੁਣਾਈ ਨਹੀਂ ਦੇਣਗੀਆਂ।
    ਸਿਰ ‘ਤੇ ਗੋਹੇ ਦੇ ਟੋਕਰੇ ਢੋਂਹਦਿਆਂ, ਧਾਰਾਂ ਕੱਢਦਿਆਂ ਖ਼ੌਰੇ ਕਿਉਂ ਕਈ ਮਹੀਨਿਆਂ ਤੋਂ ਮੇਰਾ ਇਹ ਦਿਲ ਧੜਕਿਆ ਕਰਦੈ। ਪਰ ਹੁਣ ਮੈਨੂੰ ਪਤੈ, ਉਹ ਸਾਰੇ ਜਿੱਥੇ ਵੀ ਹਨ, ਉਹ ਦੇਸ਼ ਮੇਰੀ ਪਹੁੰਚੋਂ ਬਾਹਰ ਹੈ। ਕਹਾਣੀਆਂ ਦੇ ਓਸ ਸ਼ਹਿਰ ਨੂੰ ਢੂੰਡ ਕੇ ਮੈਂ ਕੀ ਕਰਾਂਗੀ?
    ਗੁਰਪਾਲ, ਬੱਚੇ ਅਤੇ ਮੈਂ-ਹੁਣ ਸਾਰੇ ਇਕੱਠੇ ਤੁਰ ਰਹੇ ਹਾਂ। ਸਰਕੰਡਿਆਂ ਦੇ ਰੇਸ਼ਮੀ ਬੂਰ ਹੁਣ ਮੇਰੇ ਵਾਲਾਂ ਨੂੰ ਛੋਹ ਰਹੇ ਹਨ।
    ਮੁੰਨੀ ਕਹਿੰਦੀ ਐ-”ਮਾਂ, ਮੈਂ ਥੱਕ ਗਈ ਆਂ। ਮੈਥੋਂ ਹੁਣ ਹੋਰ ਨੀ ਤੁਰਿਆ ਜਾਂਦਾ।” ਮੁੰਡੇ ਵੀ ਰੋਈ ਜਾ ਰਹੇ ਐ, ਨੀਂਦ ਨਾਲ ਉਨ੍ਹਾਂ ਦੀਆਂ ਅੱਖਾਂ ਮਿਚ-ਮਿਚ ਜਾਂਦੀਐਂ। ‘ਰਾਵਣ’ ਤੋਂ ਸੰਭਾਲੇ ਨਹੀਂ ਜਾ ਰਹੇ। ਅਸੀਂ ਖੇਤ ਦੇ ਉਚੇ ਟਿੱਲੇ ਜਹੇ ‘ਤੇ ਬਹਿ ਗਏ ਹਾਂ। ਮੁੰਨੀ ਗੋਦ ‘ਚ ਲੇਟੀ ਹੈ। ਗੁਰਪਾਲ ਦੱਸ ਰਿਹੈ-ਦੇਖੋ ਤੀਵੀਆਂ ਕਿੰਨੀਆਂ ਮੂਰਖ ਨੇ। ਅੱਜ ਕਿੰਨੇ ਬੱਚੇ ਗੁੰਮ ਹੋ ਗਏ ਐ! ਮੇਲੇ ‘ਚ ਮਾਵਾਂ ਨੂੰ ਖੌਰੇ ਕੀ ਹੋ ਜਾਂਦੈ!”
    ”ਮੇਲੇ ਤੋਂ ਬਿਨਾਂ ਵੀ ਤਾਂ ਬੱਚੇ ਮਾਵਾਂ ਤੋਂ ਵਿਛੜ ਜਾਂਦੇ ਐ।” ਮੈਂ ਉਸ ਵੱਲ ਦੇਖੇ ਬਿਨਾਂ ਮੁੰਨੀ ਦਾ ਸਿਰ ਪਲੋਸਦੀ ਆਖ ਰਹੀ ਆਂ।
    ”ਤੂੰ ਕਦੇ ਭੁੱਲੇਂਗੀ ਵੀ ਕਿ ਨਹੀਂ, ਉਹ ਵੇਲਾ ਹੋਰ ਐ।” ਗੁਰਪਾਲ ਨੇ ਹੌਲੇ ਜਿਹੇ ਆਖਿਆ।
    ਮੈਂ ਇਸ ਰਾਵਣ ਨੂੰ ਕਿਵੇਂ ਸਮਝਾਵਾਂ ਕਿ ਸਮਾਂ ਕਦੇ ਵੀ ਹੋਰ ਨਹੀਂ ਸੀ। ਅਤੇ ਇਨਸਾਨ ਦੇ ਭਾਗਾਂ ‘ਚ ਦੁੱਖ ਇਸ ਲਈ ਹਨ ਕਿ ਉਹ ਭੁੱਲ ਨਹੀਂ ਸਕਦਾ। ਮੇਰੀ ਯਾਦ ਅਜੇ ਤੱਕ ਤਾਜ਼ੀ ਹੈ।
    ਹਰ ਪਾਸੇ ਅੱਗ ਲੱਗੀ ਸੀ। ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਹੀ ਵੰਡਿਆ ਗਿਆ ਸੀ। ਅੰਮਾ ਅਤੇ ਬਾਬਾ ਜੀ ਨੇ ਕਿਹਾ-ਸਾਰੇ ਲੋਕ ਪਾਗਲ ਨੇ। ਜੋ ਡਰਦੇ ਹਨ, ਓਹੀਂ ਘਰੋਂ ਭੱਜੀ ਜਾਂਦੀ ਨੇ। ਅੰਮਾ-ਅੱਬਾ ਕਿੰਨੇ ਭੋਲੇ ਸਨ-ਇਹ ਵੀ ਨਹੀਂ ਸਨ ਜਾਣਦੇ ਕਿ ਦੁੱਖ ਸਦਾ ਆਪਣਿਆਂ ਤੋਂ ਹੀ ਮਿਲਦੇ ਨੇ। ਵਾਹਿਗੁਰੂ, ਭਗਵਾਨ ਅਤੇ ਅੱਲ੍ਹਾ ਦੇ ਨਾਂ ‘ਤੇ ਦਾਨ ਦੇਣ ਵਾਲੇ ਹੱਥਾਂ ਨੇ ਹੀ ਇਕ ਦੂਜੇ ਨੂੰ ਕੋਹ-ਕੋਹ ਕੇ ਮਾਰਿਆ। ਧੀਆਂ-ਭੈਣਾਂ ਲਈ ਲੜ ਮਰਨ ਵਾਲੇ ਨਾਰੀ ਦੀ ਮਾਣ-ਮਰਿਆਦਾ ਨੂੰ ਝੂਠਾ ਬੋਲ ਸਮਝਣ ਲੱਗੇ।
    ਭਾਈ ਅਤੇ ਆਪਣਿਆਂ ਦੇ ਸ਼ਬਦ ਸਦੀਆਂ-ਸਦੀਆਂ ਦੀਆਂ ਬੇੜੀਆਂ ਵਾਂਗ ਇਸ ਆਜ਼ਾਦੀ ਕੱਟੇ ਗਏ। ਅਤੇ ਜੱਥੇ ਬਣਾਕੇ ਘੁੰਮਣ ਵਾਲਿਆਂ ਦੇ ਪੈਰਾਂ ‘ਚ ਧੂੜ ਬਣਕੇ ਮਿਲ ਗਏ।
    ਅੰਮਾ ਬਾਬਾ ਜੀ ਨੂੰ ਕਹਿਣ ਲੱਗੀ, ”ਜਾਨ ਦੇ ਨਾਲ ਇੱਜ਼ਤ ਦਾ ਵੀ ਡਰ ਹੈ, ਜੋ ਇਨ੍ਹਾਂ ਕੁੜੀਆਂ ਨਾਲ ਹੈ। ਮੇਰੀ ਮੰਨੋ ਤੁਸੀਂ ਬੱਚਿਆਂ ਨੂੰ ਵੱਡੇ ਕੋਲ ਭੇਜ ਦਿਓ।”
    ਬਾਬਾ ਜੀ ਨੇ ਆਖਿਆ, ”ਲੋਕ ਗੱਡੀਆਂ ਦੀਆਂ ਗੱਡੀਆਂ ਵੱਢ-ਵੱਢ ਸੁੱਟੀ ਜਾ ਰਹੇ ਐ। ਇਸ ਹਾਲਤ ‘ਚ ਨਿਕਲਣ ਦਾ ਹੋਰ ਵੀ ਖ਼ਤਰਾ ਹੈ। ਤੁਸੀਂ ਸਾਰੇ ਘਰ ਹੀ ਰਹੋ। ਖ਼ੁਦਾ ਸਾਡੀ ਮਦਦ ਕਰੇਗਾ।”
    ਇੰਝ ਸਮਾਂ ਤਾਂ ਲੰਘ ਗਿਆ, ਪਰ ਬਾਬਾ ਜੀ ਦੀ ਭੁੱਲ ਇਹੀ ਸੀ ਕਿ ਉਨ੍ਹਾਂ ਪੁਰਾਣੀ ਜ਼ਿੰਦਗੀ ਦਾ ਸਹਾਰਾ ਲਿਆ ਸੀ। ਅਤੇ ਏਸੇ ਭੁੱਲ ਬਦਲੇ ਜਦ ਗੁਰਪਾਲ ਮੈਨੂੰ ਘਰੋਂ ਬਾਹਰ ਘਸੀਟ ਕੇ ਲਿਜਾ ਰਿਹਾ ਸੀ, ਮੈਂ ਬਾਬਾ ਜੀ ਦਾ ਬਜ਼ੁਰਗ ਸੀਸ ਧੜੋਂ ਅੱਡ ਕੀਤਾ ਨਾਲੀ ਦੇ ਕੋਲ ਪਿਆ ਦੇਖਿਆ ਸੀ, ਖੂਨ ਨਾਲ ਲਿਬੜਿਆ ਤੇ ਅੱਖਾਂ ਬੰਦ। ਖੌਰੇ ਅਜੇ ਵੀ ਜਿਵੇਂ ਅੱਖਾਂ ਨੂਟ ਕੇ ਕਿਸੇ ਸ਼ਕਤੀ ਮੂਹਰੇ ਅਰਦਾਸ ਕਰ ਰਹੇ ਸਨ! ਭਲਾ ਉਹ ਵੇਲਾ ਅਰਦਾਸਾਂ ਮਨਜ਼ੂਰ ਹੋਣ ਦਾ ਸੀ? ਇਕ ਲਿਸ਼ਕਦਾ ਛੁਰਾ ਅੰਮਾ ਦੀ ਛਾਤੀ ‘ਚੋਂ ਆਰ-ਪਾਰ ਲੰਘ ਗਿਆ ਸੀ। ਵੱਡੀ ਭੈਣ ਦੀਆਂ ਚੀਕਾਂ ਅੱਜ ਵੀ ਮੈਨੂੰ ਹਨੇਰੀ ਦੇ ਹੰਗਾਮੇ ‘ਚ ਸੁਣਾਈ ਦੇਣ ਲੱਗੀਆਂ।
    ਗੁਰਪਾਲ ਮੈਨੂੰੂ ਧੂੰਹਦਾ ਲਿਜਾ ਰਿਹਾ ਸੀ। ਅੱਜ ਭਾਈ ਸਾਹਿਬ ਹੁੰਦੇ ਤਾਂ ਕੋਈ ਵੀ ਮੈਨੂੰ ਜ਼ਰਾ ਉਂਗਲ ਨਾਲ ਛੂਹ ਕੇ ਤਾਂ ਦੇਖਦਾ? ਕੋਈ ਮੈਨੂੰ ਏਦਾਂ ਨੰਗੇ ਸਿਰ ਜੰਮਣ-ਭੌਂ ਦਿਆਂ ਉਨ੍ਹਾਂ ਰਾਹਾਂ ‘ਤੇ ਘਸੀਟ ਸਕਦਾ ਸੀ, ਜਿਸ ਦਾ ਕਣ-ਕਣ ਮੈਨੂੰ ਪਿਆਰ ਕਰਦਾ ਹੈ! ਮੈਂ ਅਜੇ ਬਾਬਾ ਜੀ ਨਾਲ ਕਿੰਨੀਆਂ ਗੱਲਾਂ ਕਰਨੀਆਂ ਸਨ।
    ਅੰਮਾ ਨੂੰ ਮੈਂ ਕਿੰਨਾ ਤੰਗ ਕੀਤਾ ਸੀ। ਭਾਈ ਸਾਹਿਬ ਅਤੇ ਭਾਬੀ ਨੂੰ ਕਿੰਨਾ ਸਤਾਇਆ ਸੀ। ਅਤੇ ਜਦ ਮੈਂ ਡੋਲੀ ਤੋਂ ਬਿਨਾਂ ਸੰਗਰਾਓਂ ਤੱਕ ਘੜੀਸੀ ਜਾਂਦੀ ਰਹੀ ਤਾਂ ਬਾਬਲ ਦਾ ਦੇਸ਼ ਪਿਛਾਂਹ ਰਹਿ ਗਿਆ ਸੀ। ਅਤੇ ਕੋਈ ਨੀ ਸੀ ਵਿਦਾ ਕਰਨ ਵਾਲਾ।
    ਦੁੱਖ ਸਹਿਣ ਤੋਂ ਬਾਅਦ ਜੇ ਸੁੱਖ ਦੀ ਆਸ ਹੋਵੇ ਤਾਂ ਦੁੱਖ ਦਾ ਭਾਰ, ਹੌਲਾ ਹੋ ਜਾਂਦਾ ਹੈ। ਪਰ…?
    ਦਾਦੀ ਵੱਲੋਂ ਮਾਰ ਕੁੱਟ, ਗੁਰਪਾਲ ਦੀਆਂ ਗਾਲ੍ਹਾਂ, ਭੁੱਖ-ਪਿਆਸ, ਮੈਂ ਦੂਰ ਟਿਮਟਿਮਾਉਂਦੇ ਦੀਵੇ ਵਾਂਗ ਇਸ ਆਸ ਨਾਲ ਦੇਖ ਕੇ ਬਰਦਾਸ਼ਤ ਕਰ ਰਹੀ ਸਾਂ ਕਿ ਸ਼ਾਇਦ ਭਾਈ ਸਾਹਿਬ ਮੈਨੂੰ ਲੱਭਦੇ ਕਿਸੇ ਦਿਨ ਸੰਗ੍ਰਾਓਂ ਆ ਜਾਣ। ਫਿਰ ਮੈਂ ਦਾਦੀ ਵੱਲ ਦੇਖ ਕੇ ਮੁਸਕਰਾਵਾਂਗੀ ਅਤੇ ਗੁਰਪਾਲ ਵੱਲ ਦੇਖੇ ਬਿਨਾਂ ਭਾਈ ਸਾਹਿਬ ਨਾਲ ਚਲੀ ਜਾਵਾਂਗੀ। ਉਸ ਦਿਨ ਨਿੰਮ ਦੇ ਪੱਤਿਆਂ ਨਾਲ ਖੇਡਦੀ ਹਵਾ ਗੀਤ ਗਾਵੇਗੀ। ਸਾਰਾ ਪਿੰਡ ਖੁਸ਼ੀਆਂ ਮਨਾਊਗਾ। ਇਨਸਾਨ ਆਪਣੇ ਆਪ ਨੂੰ ਸਾਰੇ ਸੰਸਾਰ ਦਾ ਕੇਂਦਰ ਕਿਉਂ ਸਮਝਦਾ ਹੈ? ਖੌਰੇ ਕਿਉਂ?
    ਜਦੋਂ ਅੱਖਾਂ ਹਨੇਰਾ ਨਹੀਂ ਦੇਖਦੀਆਂ, ਇਨਸਾਨ ਚਾਨਣ ਲਈ ਅੱਖਾਂ ਝਪਕਾਉਂਦਾ ਰਹਿੰਦਾ ਹੈ। ਅਤੇ ਸੁਪਨੇ ਦੇਖਦਾ ਰਹਿੰਦਾ ਹੈ। ਆਸਾਂ ਆਵਾਰਾ ਵਿਚਾਰਾਂ ਵਾਂਗ ਆਲੇ ਦੁਆਲੇ ਗੇੜੇ ਕੱਢਦੀਆਂ ਰਹਿੰਦੀਐਂ।
    ਜਦੋਂ ਮੁੰਨੀ ਜੰਮੀ ਤਾਂ ਮੇਰੇ ਸੁਪਨਿਆਂ ਦੀਆਂ ਜ਼ੰਜੀਰਾਂ ਢਿੱਲੀਆਂ ਪੈਂਦੀਆਂ ਗਈਆਂ। ਦਿਲ ਦੇ ਚਾਰੇ ਪਾਸੇ ਆਸਾਂ ਦਾ ਘੇਰਾ ਖਿਲਰ ਗਿਆ। ਮੈਂ ਸੁਪਨਿਆਂ ‘ਚ ਵੀ ਜਾਗਣ ਲੱਗੀ। ਸੰਗ੍ਰਾਓਂ ਦੇ ਗੀਤਾਂ ‘ਚ ਕਦੇ-ਕਦੇ ਮੇਰਾ ਵੀ ਇਕ ਬੋਲ ਗੂੰਜ ਉਠਦਾ।
    ਜਦ ਦੋਵਾਂ ਦੇਸ਼ਾਂ ਦੀ ਸੰਧੀ ਹੋਈ ਤਾਂ ਗੁਰਪਾਲ ਉਦਾਸ ਰਹਿਣ ਲੱਗਾ। ਸਹਿਮਿਆ-ਸਹਿਮਿਆ ਅਤੇ ਪ੍ਰੇਸ਼ਾਨ ਜਿਹਾ। ਇਹਨੀਂ ਦਿਨੀਂ ਮੁੰਨੀ ਹੌਲੀ-ਹੌਲੀ ਤੁਰਨ ਲੱਗ ਗਈ ਸੀ। ਪਿਆਰੀਆਂ-ਪਿਆਰੀਆਂ ਤੇ ਤੋਤਲੀਆਂ ਗੱਲਾਂ ਕਰਦੀ। ਖ਼ਬਰਾਂ ਜ਼ੋਰ-ਸ਼ੋਰ ਨਾਲ ਫੈਲੀਆਂ, ਪਰ ਮੈਨੂੰ ਕੋਈ ਫੌਜ ਲੈਣ ਨਾ ਆਈ।
    ਫਿਰ ਮੈਂ ਸੁਣਿਆ, ਨਾਲ ਦੇ ਪਿੰਡ ‘ਚ ਦੂਜੇ ਦੇਸ਼ ਦੇ ਸਿਪਾਹੀ ਆਪਣੇ ਦੇਸ਼ ਦੀਆਂ ਧੀਆਂ-ਭੈਣਾਂ ਲੱਭ ਰਹੇ ਹਨ। ਕਿਸ ਦੇਸ਼ ਦੇ….? ਕਿੱਥੇ…. ਕਿਨਾਂ ਲੋਕਾਂ ਵਿਚਾਲੇ? ਉਨ੍ਹਾਂ ਦਿਨਾਂ ‘ਚ ਮੈਂ ਵੀ ਸੋਚਿਆ ਸੀ, ਸ਼ਾਇਦ ਭਾਈ ਸਾਹਿਬ ਅਤੇ ਭਾਬੀ ਮੈਨੂੰ ਢੂੰਡਣ ਆਉਣਗੇ। ਮੈਂ ਹਰ ਰੋਜ਼ ਆਸ ਦੀ ਪੋਟਲੀ ਨੂੰ ਗੰਢ ਮਾਰਦੀ ਅਤੇ ਆਸ ਲਾਈ ਗਲੀ ਦੇ ਮੋੜ ਵੱਲ ਦੇਖਦੀ।
    ਸੰਗ੍ਰਾਓਂ ‘ਚ ਉਸ ਸਾਲ ਸਰਦੀਆਂ ‘ਚ ਮੈਨੂੰ ਵੀ ਸਿਪਾਹੀ ਲੈਣ ਆ ਗਏ। ਪਰ ਮੈਂ ਭਾਈ ਸਾਹਿਬ ਅਤੇ ਭਾਬੀ ਦੀ ਭੈਣ ਹੋਣ ਦੇ ਨਾਲ ਨਾਲ ਮੁੰਨੀ ਦੀ ਮਾਂ ਵੀ ਸਾਂ। ਮੈਂ ਸੋਚਿਆ ਕਿ ਕੀ ਪਤਾ ਇਹ ਕੌਣ ਹਨ? ਓਹ ਕੇਹੜਾ ਦੇਸ਼ ਹੈ… ਜ਼ਿੰਦਗੀ ‘ਚ ਪਹਿਲੀ ਵਾਰ ਮੇਰਾ ਭਰੋਸਾ ਡੋਲਿਆ। ਸੁਪਨਿਆਂ ਦੇ ਸ਼ਹਿਰ ਧੂੜ ਬਣਕੇ ਮੇਰੇ ਅੱਗੋਂ ਹਟ ਗਏ। ਮੇਰੀਆਂ ਜੜ੍ਹਾਂ ਸੰਗ੍ਰਾਓਂ ਦੇ ਪਿੰਡ ‘ਚ ਡੂੰਘੀਆਂ ਹੋ ਗਈਆਂ। ਸੁੱਕਣਾ, ਮੁਰਝਾਉਣਾ ਅਤੇ ਤਬਾਹ ਹੋਣਾ ਕੀਹਨੂੰ ਚੰਗਾ ਲੱਗਦੈ। ਹਰ ਦੁਖਿਆਰੀ ਵਿਆਹ ਪਿਛੋਂ ਕਿਤੇ ਨਾ ਕਿਤੇ ਜਾਂਦੀ ਹੀ ਹੈ। ਮੇਰੇ ਵਿਆਹ ‘ਚ ਪੇਕੇ ਨੀਂ ਆਏ ਤਾਂ ਕੀ ਹੋਇਆ। ਗੁਰਪਾਲ ਨੇ ਜੁ ਮੇਰੇ ਲਈ ਲਾਸ਼ਾਂ ਦਾ ਢੇਰ ਵਿਛਾਇਆ ਸੀ! ਖੂਨ ਦੇ ਰਾਹ ਲਾਲ ਤਾਂ ਕੀਤੇ ਸਨ! ਸ਼ਹਿਰ ਦੇ ਸ਼ਹਿਰ ਫੂਕ ਕੇ ਲੋਅ ਤਾਂ ਕੀਤੀ ਸੀ! ਲੋਕ ਚੀਕਦੇ-ਚੰਘਾੜਦੇ ਭੱਜਦੇ ਵਿਆਹ ਦੀਆਂ ਖੁਸ਼ੀਆਂ ਮਨਾ ਤਾਂ ਰਹੇ ਸਨ!
    ਮੈਂ ਕਿੰਨੀ ਵਾਰ ਕਿਤਾਬ ਦੇ ਅੱਖਰਾਂ ਨੂੰ ਦੇਖਿਆ, ਜੋ ਗੁਰਪਾਲ ਸਾਲਾਂ ਪਿਛੋਂ ਮੁੰਨੀ ਨੂੰ ਪੜ੍ਹਾਉਣ ਲਈ ਲਿਆਇਆ ਸੀ। ਅਤੇ ਸ਼ਬਦ ਮੇਰੀਆਂ ਅੱਖਾਂ ਤੇ ਧੜਕਣ ਬਣ ਗਏ ਸਨ। ਮੈਨੂੰ ਯਾਦ ਆਈ ਉਹ ਕਹਾਣੀ ਜੋ ਭਾਈ ਸਾਹਿਬ ਨੇ ਸੁਣਾਈ ਸੀ, ”ਬੀਬੀ ਉਸ ਤੋਂ ਚੰਗੀਆਂ ਕਹਾਣੀਆਂ ਕਿਤਾਬਾਂ ‘ਚ ਹਨ। ਬਸ ਥੋੜੀ ਹੋਰ ਵੱਡੀ ਹੋ ਜਾ। ਫਿਰ ਪੜ੍ਹੀਂ ਮਜ਼ੇਦਾਰ ਕਹਾਣੀਆਂ।”
    ਕਹਾਣੀਆਂ ਦੀ ਸ਼ਹਿਜ਼ਾਦੀ ਵਾਂਗ ਜਦ ਪਾਕਿਸਤਾਨ ਦੀ ਫ਼ੌਜ ਮੈਨੂੰ ਲਿਜਾਉਣ ਆਈ ਤਾਂ ਮੈਂ ਛੁੱਪ ਗਈ। ਭਲਾ ਮੈਂ ਬਿਗਾਨਿਆਂ ਨਾਲ ਕਿਉਂ ਜਾਂਦੀ? ਮੈਨੂੰ ਲੈਣ ਭਾਈ ਸਾਹਿਬ ਅਤੇ ਭਾਬੀ ਕਿਉਂ ਨੀ ਆਏ? ਮੈਂ ਅੰਦਰੋਂ-ਅੰਦਰੀਂ ਰੁੱਸ ਗਈ ਅਤੇ ਉਨ੍ਹਾਂ ਨਾਲ ਅੱਜ ਤੱਕ ਰੁੱਸੀ ਹੋਈ ਹਾਂ।
    ਮੁੰਨੀ ਜਦ ਮੇਰੇ ਨਾਲ ਸੌਂਦੀ ਤਾ ਪੁੱਛਦੀ, ”ਮਾਂ ਤੂੰ ਦੀਵਾਲੀ ਨੂੰ ਮਾਮੇ ਦੇ ਘਰ ਕਿਉਂ ਨੀ ਜਾਂਦੀ। ਮਾਮਾ ਸਾਨੂੰ ਕੋਈ ਮਠਿਆਈ ਕਿਉਂ ਨਹੀਂ ਭੇਜਦਾ?”
    ਮਾਮਾ ਕਦੇ ਲੱਭਣ ਈ ਨਹੀਂ ਨਿਕਲਦੇ ਮੁੰਨੀ। ਤੇਰੇ ਮਾਮਾ ਜੀ ਕਦੇ ਵਿਦਾ ਕਰਨ ਨੀ ਆਏ। ਭਲਾ ਜ਼ਿੰਦਗੀ ‘ਚ ਕਿਸੇ ਕੋਲ ਏਨੀ ਵੇਹਲ ਕਿੱਥੇ ਕਿ ਕਿਸੇ ਨੂੰ ਲੱਭਣ ਤੁਰੇ। ਭਾਈ ਸਾਹਿਬ ਦੇ ਬੱਚੇ ਵੀ ਹੁਣ ਮੁੰਨੀ ਬਰਾਬਰ ਵੱਡੇ ਹੋ ਗਏ ਹੋਣਗੇ। ਉਹ ਜਦ ਆਪਣੀ ਮਾਂ ਤੋਂ ਮਾਮੇ ਦੇ ਘਰ ਬਾਰੇ ਪੁੱਛਦੇ ਹੋਣਗੇ ਤਾਂ ਕੀ ਭਾਬੀ ਨੂੰ ਵੀ ਚੁੱਪ ਰਹਿ ਕੇ, ਜਾਂ ਧਿਆਨ ਹਟਾਉਣ ਲਈ ਇਧਰ-ਉਧਰ ਦੀਆਂ ਗੱਲਾਂ ਕਰਨੀਆਂ ਪੈਂਦੀਆਂ ਹੋਣਗੀਆਂ। ਕਦੇ-ਕਦਾਈਂ ਦਿਲ ‘ਚ ਕਹਾਣੀਆਂ ਹੁੰਦੀਆਂ ਹਨ। ਪਰ ਮੂੰਹ ‘ਤੇ ਇਕ ਸ਼ਬਦ ਵੀ ਨਹੀਂ ਆਉਂਦਾ। ਗਲੀ ਦੀਆਂ ਨੂੰਹਾਂ ਜਦ ਨਿੰਮ ਦੀ ਛਾਂ ਹੇਠ ਚਰਖੇ ਕੱਤਦੀਆਂ ਤੇ ਗੀਤ ਗਾਉਂਦੀਆਂ ਨੇ ਤਾਂ ਮੈਂ ਚੁੱਪ ਰਹਿੰਦੀ ਹਾਂ।
    ਪੇਕਿਆਂ ਦੇ ਗੀਤਾਂ ‘ਚ ਕਿੰਨਾ ਰਸ ਹੁੰਦਾ ਹੈ! ਰੁੱਤਾਂ ਬਦਲਦੀਆਂ ਹਨ। ਸਾਲ ਦੇ ਸਾਲ ਕਦੇ ਕਿਸੇ ਨੂੰ ਅਤੇ ਕਦੇ ਕਿਸੇ ਨੂੰ ਬਾਪ/ਭਰਾ ਜਦ ਵਿਦਾ ਕਰਾਉਣ ਆਉਂਦੇ ਹਨ ਤਾਂ ਆਸ਼ਾ, ਰੇਖਾ, ਪੁਰੂ ਅਤੇ ਚੰਦਰ ਦੇ ਪੈਰ ਧਰਤੀ ‘ਤੇ ਨਹੀਂ ਲੱਗਦੇ। ਉਹ ਹਰੇਕ ਦੇ ਗਲ ਮਿਲਕੇ ਪੇਕੇ ਜਾਂਦੀਐਂ! ਇਨ੍ਹਾਂ ਦੇ ਬੋਲ ਵੀ ਗੀਤ ਜਾਪਦੇ ਐ। ਰੁੱਤਾਂ ਬਦਲਦੀਆਂ ਰਹਿੰਦੀਆਂ ਨੇ।
    ਕੁੜੀਆਂ ਕੋਠਿਆਂ ਤੋਂ ਕਾਂ ਉਡਾਕੇ ਆਪਣੇ ਵੀਰਾਂ ਦਾ ਰਾਹ ਦੇਖਦੀਐਂ। ਮੈਂ ਕਾਵਾਂ ਨੂੰ ਉਡਾਉਣ ਲਈ ਉਠਾਂ ਤਾਂ ਬੇਜ਼ਾਨ ਹੱਥ ਮੇਰੀ ਗੋਦ ‘ਚ ਹੀ ਆ ਡਿੱਗਦੇ ਹਨ।
    ਦਾਦੀ ਨੂੰ ਮੇਰੇ ‘ਤੇ ਭਰੋਸਾ ਹੋ ਗਿਆ। ਜਦ ਮੈਂ ਆਪਣੀ ਪਿਛਲੀ ਜ਼ਿੰਦਗੀ ਤੋਂ ਸਾਰੇ ਰਿਸ਼ਤੇ ਤੋੜ ਲਏ ਤਾਂ ਦਾਦੀ ਨਾਲ ਰਿਸ਼ਤਾ ਹੋਰ ਗੂੜ੍ਹਾ ਹੋ ਗਿਆ। ਮੈਂ ਉਨ੍ਹਾਂ ਦੀ ਲੱਛਮੀ ਪੋਤ ਨੂੰਹ ਬਣ ਗਈ ਹਾਂ। ਮੇਰੇ ਹੱਥ ਦਾ ਕੱਤਿਆ ਸੂਤ ਉਹ ਬੜੇ ਚਾਅ ਨਾਲ ਗੁਆਂਢਣ ਨੂੰ ਦਿਖਾਉਂਦੀ ਹੈ।
    ਖੇਤੀਂ ਭਰਵੀਂ ਕਣਕ ਦੀਆਂ ਹਰੀਆਂ ਬੱਲੀਆਂ ਦੀ ਖੁਸ਼ਬੋ ਫੈਲੇ ਧੂੰਏ ‘ਚ ਰਲਕੇ ਇਕ ਗੀਤ ਗਾ ਰਹੀ ਸੀ। ਆਕਾਸ਼ ‘ਚ ਇੱਕਾ-ਦੁੱਕਾ ਤਾਰੇ, ਨਹਿਰ ‘ਚ ਲਹਿਰਾਂਦੀ ਕਲਕਲ ਜਿਵੇਂ ਇਨ੍ਹਾਂ ਨਾਲ ਗੀਤਾਂ ਦੇ ਬੋਲ ਹੋਣ। ਕਦੇ ਬਲਦਾਂ ਲਈ ਚਾਰੇ ਦੀ ਪੰਡ ਸਿਰ ‘ਤੇ ਚੁੱਕ ਕਿਸਾਨਾਂ ਪਿੱਛੇ, ਕਿਸੇ ਦਿਨ ਘੋੜੇ ‘ਤੇ ਸਵਾਰ ਇਕ ਨੌਜਵਾਨ ਸਾਡੇ ਖੁੱਲ੍ਹੇ ਦਰਾਂ ਅੱਗੇ ਆ ਕੇ ਖੜੋਵੇ ਤਾਂ ‘ਵੀਰੇ’ ਆਖ ਕੇ ਉਸ ਨਾਲ ਚੁੰਬੜ ਜਾਵਾਂ। ਮੈਂ ਬੂਹੇ ‘ਚ ਖਲੋਤੀ ਭਲਾ ਕੀਹਦਾ ਰਾਹ ਦੇਖਦੀ ਹਾਂ? ਮੇਰੀਆਂ ਅੱਖਾਂ ਸੇਜਲ ਹੋ ਗਈਆਂ। ਜੇ ਹੰਝੂ ਮੁੰਨੀ ਦੇ ਸਿਰ ਤੇ ਡਿੱਗ ਪਏ; ਤਾਂ ਉਹ ਘਬਰਾਕੇ ਉਠਦਿਆਂ ਪੁੱਛੇਗੀ-”ਮਾਂ ਤੂੰ ਰੋਂਦੀ ਕਿਉਂ ਐਂ?”
    ਮੈਂ ਉਸ ਨੂੰ ਆਪਣਾ ਦੁੱਖ ਕੀ ਆਖਾਂਗੀ?
    ਮੁੰਨੀ ਜੇ ਪੁੱਛੇ, ”ਮਾਂ ਤੇਰੀਆਂ ਅੱਖਾਂ ਭਿੱਜੀਆਂ ਕਿਉਂ ਐ? ਤੂੰ ਦੁਸਹਿਰੇ ਦੀ ਰਾਤੀਂ ਵੀ ਰੋਂਦੀ ਐਂ! ਮਾਂ, ਕੀ ਤੂੰ ਥੱਕ ਗਈ ਐਂ?”
    ਗੁਰਪਾਲ ਨੇ ਦੋਵੇਂ ਮੁੰਡੇ ਮੋਢਿਆਂ ‘ਤੇ ਬਿਠਾ ਲਏ ਹਨ। ਮੁੰਨੀ ਨੇ ਮੇਰੀ ਉਂਗਲ ਫੜੀ ਹੋਈ ਐ। ਅਸੀਂ ਸੰਗ੍ਰਾਓਂ ਜਾ ਰਹੇ ਹਾਂ।
    ਸੀਤਾ ਮਾਤਾ ਨੇ ਦੂਜੀ ਵਾਰ ਬਨਵਾਸ ਭੋਗਣ ਦੀ ਥਾਂ ਰਾਵਣ ਦਾ ਘਰ ਕਬੂਲ ਕਰ ਲਿਆ ਹੈ। ਏਨੀ ਹਿੰਮਤ ਕਿੱਥੋਂ ਆਊ ਕਿ ਦੂਜੀ ਵਾਰ ਕਿਸੇ ਹਨੇਰਿਓਂ ਬਾਹਰ ਪੈਰ ਧਰਿਆ ਜਾ ਸਕੇ।
    ਜ਼ਿੰਦਗੀ ਦੀ ਸਾਰੀ ਰੌਸ਼ਨੀ ਪਿਛਾਂਹ ਸ਼ਹਿਰ ਵਾਂਗ ਮੈਥੋਂ ਦੂਰ ਹੁੰਦੀ ਗਈ, ਪਰ ਫੇਰ ਵੀ ਹਨੇਰੇ ਨਾਲ ਮੋਹ ਨਹੀਂ ਪੈਂਦਾ। ਖੌਰੇ ਕਿਉਂ?
    ਮੈਂ ਤੁਰਦਿਆਂ ਹੀ ਰਹਿਣਾ ਹੈ। ਥਕਾਵਟ ਮੇਰੇ ਅੰਗ-ਅੰਗ ‘ਚ ਦੁੱਖ ਬਣਕੇ ਫੈਲੀ ਹੈ। ਪਰ ਫਿਰ ਵੀ ਮੈਂ ਤੁਰਦਿਆਂ ਹੀ ਰਹਿਣਾ ਹੈ। ਜ਼ਿੰਦਗੀ ਦੇ ਮੇਲੇ ‘ਚ ਰਹਿਣ ਵਾਲੇ ਅਤੇ ਉਜੜਨ ਵਾਲੇ ਸਾਰੇ ਹੀ ਕਦਮ ਵਧਾਉਂਦੇ ਰਹਿਣ ਲਈ ਮਜ਼ਬੂਰ ਹਨ।
    ਸਭ ਤੋਂ ਵਧੇਰੇ ਡਰ ਮੈਨੂੰ ਮੁੰਨੀ ਤੋਂ ਲੱਗਦਾ ਹੈ। ਉਹ ਕੱਲ੍ਹ ਮੈਨੂੰ ਫਿਰ ਓਹੀ ਸਵਾਲ ਪੁੱਛੂਗੀ ਅਤੇ ਮੈਂ ਫਿਰ ਮੁੰਨੀ ਦੇ ਕਿਸੇ ਸਵਾਲ ਦਾ ਜਵਾਬ ਨਹੀਂ ਦੇ ਸਕਣਾ। ਨਾ ਗੁਰਪਾਲ ਨੇ, ਨਾ ਮੈਂ ਅਤੇ ਨਾ ਹੀ ਸ਼ਾਇਦ ਦਾਦੀ ਨੇ।
    ਕਈ ਸਵਾਲ ਅਜਿਹੇ ਕਿਉਂ ਹੁੰਦੇ ਹਨ? ਏਨੇ ਔਖੇ ਕਿ ਜਿਨ੍ਹਾਂ ਦਾ ਕੋਈ ਵੀ ਜਵਾਬ ਨਾਂ ਦੇ ਸਕੇ!
    ਸਰਦੀਆਂ ਦੀਆਂ ਲੰਮੀਆਂ ਰਾਤਾਂ ‘ਚ ਦੁੱਖ ਚੀਕ-ਚੀਕ ਕੇ ਬੀਤੇ ਸੁਪਨਿਆਂ ਨੂੰ ਬੁਲਾਉਂਦਾ ਅਤੇ ਕਹਾਣੀਆਂ ਸੁਣਾਉਂਦਾ ਹੈ। ਭਲਾ ਕਹਾਣੀਆਂ ਵੀ ਕਦੀ ਸੱਚੀਆਂ ਹੋ ਸਕਦੀਐਂ? ਇਹ ਮਨ ਬੜਾ ਜ਼ਿੱਦੀ ਹੈ, ਇਸ ਨੂੰ ਗੁਜ਼ਰੇ ਦਿਨ ਖੌਰੇ ਕਿਉਂ ਯਾਦ ਆਉਂਦੇ ਰਹਿੰਦੇ ਹਨ?
    ਕੀ ਸੰਗ੍ਰਾਓਂ ਤੋਂ ਪਰ੍ਹਾਂ ਵੀ ਕੋਈ ਚਿੰਤਾ ਹੈ?
    ਪਿੰਡ ਦੀਆਂ ਉਚੀਆਂ-ਨੀਵੀਆਂ ਗਲੀਆਂ ‘ਚੋਂ ਗੋਹੇ ਅਤੇ ਮੂਤਰ ਦੀ ਬਦਬੂਅ, ਅਨਾਜ ਦੀ ਬੋਅ ਨਾਲ ਮਿਲੀ; ਜ਼ਿੰਦਗੀ ਦੀ ਧਾਰ ਵਾਂਗ ਵਹਿੰਦੀ ਤੁਰੀ ਜਾਂਦੀ ਹੈ।
    ਅੱਜ ਦਾ ਦਿਨ ਵੀ ਖਤਮ ਹੋ ਗਿਆ। ਹਵਾ ਦੇ ਬੁੱਲ੍ਹਿਆਂ ਵਾਂਗ ਦਿਨ ਵੀ ਖਤਮ ਹੋ ਜਾਂਦੇ ਹਨ। ਖੌਰੇ ਅਜੇ ਕਿੰਨਾ ਰਾਹ ਬਾਕੀ ਹੈ?

ਗੁਜਰਾਤੀ ਕਵਿਤਾ
‘ਲਾਸਾਂ ਢੋਂਦੀ ਗੰਗਾ’

  • ਪਾਰੁਲ ਖੱਖਰ
    ਕੱਠੇ ਹੋ ਸਭ ਮੁਰਦੇ ਬੋਲੇ,
    “ਸਭ ਕੁਛ ਚੰਗਾ-ਚੰਗਾ”
    ਰਾਜਨ ਤੇਰੇ ਰਾਮਰਾਜ ਵਿਚ
    ਲਾਸਾਂ ਢੋਵੇ ਗੰਗਾ
    ਸਮਸ਼ਾਨ ਘਾਟ ਸਭ ਭਰ ਗਏ ਤੇਰੇ,
    ਲੱਕੜਾਂ ਬਲ-ਬਲ ਮੁੱਕੀਆਂ।
    ਥੱਕ ਗਏ ਨੇ ਮੋਢੇ ਸਾਰੇ,
    ਅੱਖੀਆਂ ਰੋ-ਰੋ ਸੁੱਕੀਆਂ।
    ਦਰ-ਦਰ ਜਾ ਜਮਦੂਤ ਖੇਲ੍ਹਦੇ,
    ਮੌਤ-ਨਾਚ ਬੇਢੰਗਾ।
    ਰਾਜਨ ਤੇਰੇ ਰਾਮਰਾਜ ਵਿਚ
    ਲਾਸਾਂ ਢੋਵੇ ਗੰਗਾ।
    ਦਿਨ ਰਾਤ ਜੋ ਬਲਣ ਚਿਤਾਵਾਂ,
    ਰੋਕ ਨਾ ਪੈਂਦੀ ਪਲ ਭਰ।
    ਟੁੱਟੀ ਜਾਂਦੇ ਗਜਰੇ ਵੰਗਾਂ,
    ਛਾਤੀਆਂ ਪਿੱਟਣ ਘਰ-ਘਰ।
    ਲਾਟਾਂ ਦੇਖ ਵੀ ਮੱਛਰੇ ਫਿਰਦੇ,
    ਦੋਵੇਂ ‘ਬਿੱਲਾ-ਰੰਗਾ’।
    ਰਾਜਨ ਤੇਰੇ ਰਾਮਰਾਜ ਵਿਚ
    ਲਾਸਾਂ ਢੋਵੇ ਗੰਗਾ।
    ਰਾਜਨ ਤੇਰੇ ਉਜਲੇ ਵਸਤਰ,
    ਕਹਿਣ ਤੂੰ ਰੱਬੀ ਜੋਤੀ।
    ਤੂੰ ਜੋ ਸੀ ਪੱਥਰ ਤੋਂ ਭੈੜਾ,
    ਰਹੇ ਸਮਝਦੇ ਮੋਤੀ।
    ਹਿੰਮਤ ਹੈ ਤਾਂ ਬੋਲੋ ਭਾਈ,
    ਸਾਡਾ ਰਾਜਨ ਨੰਗਾ।
    ਰਾਜਨ ਤੇਰੇ ਰਾਮਰਾਜ ਵਿਚ
    ਲਾਸਾਂ ਢੋਵੇ ਗੰਗਾ।

ਕਵਿਤਾ
ਗਿੱਧਾਂ

  • ਮੰਗਤ ਰਾਮ ਪਾਸਲਾ
    ਆਓ ਮੋਏ ਤੈਰਾਕ ਤੱਕੀਏ
    ਕੁਝ ਲੱਭੇ ਨੇ ਧਰਤੀ ਹੇਠੋਂ ਵੀ
    ਹੌਲੀ ! ਦੇਖਿਓ ਕਿਤੇ
    ਇਨ੍ਹਾਂ ਦੇ ਮਾਂ, ਭੈਣ, ਬੀਵੀ, ਬੱਚਿਆਂ ਨੂੰ ਨਾ
    ਸੂਹ ਲੱਗ ਜਾਵੇ
    ਐਵੇਂ ਭੱਜੇ ਆਉਣਗੇ, ਕੁਰਲਾਉਣਗੇ
    ਕਿਵੇਂ ਦੇਖਣਗੇ ਪਥਰਾਈਆਂ ਅੱਖਾਂ ਨਾਲ!
    ਕਿਵੇਂ ਛੂਹਣਗੇ ਕੰਬਦੇ ਹੱਥਾਂ ਨਾਲ!
    ਦਾਹ ਤੇ ਦੱਬਣ ਦੇ ਖਰਚੇ ਤੋਂ
    ਬਚੇ ਰਹਿਣਗੇ
    ਕੀ ਇਹ ਕਾਫ਼ੀ ਨਹੀਂ?
    ਕੀ ਕਾਫੀ ਨਹੀਂ ਇਹ, ‘ਜਗਤ ਗੁਰੂ’ ਦੇ
    ਜਗਤ ‘ਚ ਸੋਹਲੇ ਗਾਏ ਜਾਣਗੇ
    ਜਗਣਗੀਆਂ ਮੋਮਬੱਤੀਆਂ
    ਦੀਵੇ ਜਗਾਏ ਜਾਣਗੇ
    ਗਊ ਮੂਤਰ ਤੇ ਗੋਬਰ ਦੇ
    ਔਸ਼ਧੀ ਗੁਣ ਗਿਣਾਏ ਜਾਣਗੇ
    ਘਟੇਗਾ ਸਰਕਾਰਾਂ ਦਾ ਖਰਚਾ
    ਵਤਨ ਅਗਾਂਹ ਵਧ ਜਾਏਗਾ
    ਮਰੇ ਹੋਏ ਤੈਰਾਕਾਂ ਦਾ ਜਦ
    ਰੰਗੀਨ ਜਸ਼ਨ ਗਹਿਰਾਏਗਾ
    ਹਾਕਮ ਨੂੰ ਬੜਾ ਹੀ ਮਜ਼ਾ ਆਏਗਾ
    ਮਾਂ ਧੀਅ ਦੇ ਰੋਣ-ਧੋਣ ਦਾ
    ਸਮਾਂ ਬਚੇਗਾ
    ਗੰਗਾ ਮਾਂ ਆਪਣੇ ਬੱਚਿਆਂ ਨੂੰ
    ਆਪ ਖਾਏਗੀ
    ਹੋਰ ਵੀ ਮੈਲੀ ਹੋ ਜਾਏਗੀ
    ਪਟਨਾ, ਬਨਾਰਸ, ਦਿੱਲੀ ਦੀਆਂ ‘ਗਿੱਧਾਂ’
    ਪੇਟ ਭਰ-ਭਰ ਖਾਣਗੀਆਂ
    ਪਰ ਨਾ ਨਾਮ ਕਿਸੇ ਮੋਏ ਦਾ ਦੱਸਣਗੀਆਂ
    ਨਾ ਦੱਸਣਗੀਆਂ ਥਹੁ ਟਿਕਾਣਾ
    ਮਜ਼ਾ ਚੱਖਣਗੀਆਂ ਮੁਰਦੇ ਦੀ ਗੰਧ ਦਾ
    ਅਸਮਾਨੀ ਉੱਡ ਜਾਣਗੀਆਂ ਇਹ ‘ਗਿੱਧਾਂ’
    ਬੁੱਤ ਬਣੇ ਰਹਿ ਜਾਵਾਂਗੇ ਤੱਕਦੇ
    ਅਸੀਂ ਆਕਾਸ਼ ਵੱਲ
    ਤੇ ਕਰਾਂਗੇ ਉਡੀਕ
    ਨਵੇਂ ਤੈਰਾਕਾਂ ਦੇ
    ਮਰਸੀਏ ਪੜ੍ਹਨ ਦੀ

ਗ਼ਜ਼ਲ
ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ

  • ਮੱਖਣ ਕੁਹਾੜ
    ਜ਼ੁਲਮ ਬਾਰੇ ਜਗਾਇਆ ਜਿਸ, ਗੁਰੂ ਸ਼੍ਰੀ ਤੇਗ ਬਹਾਦਰ ਉਹ।
    ਜਿਊਣ ਦਾ ਰਾਹ ਦਿਖਾਇਆ ਜਿਸ ਗੁਰੂ ਸੀ ਤੇਗ ਬਹਾਦਰ ਉਹ।
    ਸੀ ਦੁੱਖ ਸਭ ਦਾ ਅਪਣਾਇਆ ਜਿਸ, ਗੁਰੂ ਸੀ ਤੇਗ ਬਹਾਦਰ ਉਹ।
    ਦਰਦ ਦਾ ਹੱਲ ਸੁਝਾਇਆ ਜਿਸ, ਗੁਰੂ ਸੀ ਤੇਗ ਬਹਾਦਰ ਉਹ।
    ਵਚਨ ਸਿਰ ਦੇ ਨਿਭਾਇਆ ਜਿਸ, ਗੁਰੂ ਸੀ ਤੇਗ ਬਹਾਦਰ ਉਹ,
    ਦਿਲਾਂ ਵਿਚ ਰੋਹ ਜਗਾਇਆ ਜਿਸ, ਗੁਰੂ ਸੀ ਤੇਗ ਬਹਾਦਰ ਉਹ।
    ਜ਼ੁਲਮ ਦਾ ਟਾਕਰਾ ਕਰਨੈ, ਤਾਂ ਕੱਠੀ ਕਰ ਲਵੋ ਸ਼ਕਤੀ,
    ਸਹੀ ਰਸਤਾ ਸੁਝਾਇਆ ਜਿਸ, ਗੁਰੂ ਸੀ ਤੇਗ ਬਹਾਦਰ ਉਹ।
    ਜੇ ਬਲ ਹੋਵੇ ਤਾਂ ਫਿਰ ਸਾਰੇ ਹੀ ਬੰਧਨ ਟੁੱਟ ਜਾਂਦੇ ਨੇ,
    ਉਪਾਅ ਉੱਤਮ ਸਿਖਾਇਆ ਜਿਸ, ਗੁਰੂ ਸੀ ਤੇਗ ਬਹਾਦਰ ਉਹ।
    ਨਹੀਂ ਡਰਨਾ ਕਿਸੇ ਕੋਲੋਂ, ਕਿਸੇ ਨੂੰ ਵੀ ਡਰਾਉਣਾ ਨਹੀਂ,
    ਜਿਉਣ ਦਾ ਗੁਰ ਸਿਖਾਇਆ ਜਿਸ, ਗੁਰੂ ਸੀ ਤੇਗ ਬਹਾਦਰ ਉਹ।
    ਜ਼ੁਲਮ ਦਿੱਲੀ ਦਾ ਜਦ ਵਧਿਆ, ਤਾਂ ਕੀਤਾ ਕੂਚ ਦਿੱਲੀ ਨੂੰ,
    ਜਾ ਦਿੱਲੀ ਡੇਰਾ ਲਾਇਆ ਜਿਸ, ਗੁਰੂ ਸੀ ਤੇਗ ਬਹਾਦਰ ਉਹ।
    ਜ਼ੁਲਮ ਦਿੱਲੀ ਦਾ ਨਹੀਂ ਰੁਕਣਾ, ਜਦੋਂ ਤੱਕ ਤਾਜ਼ ਨਹੀਂ ਟੁੱਟਦਾ,
    ਸਬਕ ਸਭ ਨੂੰ ਇਹ, ਸਿਖਾਇਆ ਜਿਸ, ਗੁਰੂ ਸੀ ਤੇਗ ਬਹਾਦਰ ਉਹ।
    ਜ਼ੁਲਮ ਕੀ ਹੈ, ਜ਼ਬਰ ਕੀ ਹੈ, ਭਰੋਸਾ ਤੇ ਸਬਰ ਕੀ ਹੈ,
    ਇਹ ਪ੍ਰਤੱਖ ਵਿਖਾਇਆ ਜਿਸ, ਗੁਰੂ ਸੀ ਤੇਗ ਬਹਾਦਰ ਉਹ।
    ਇਹ ਮਰਜ਼ੀ ਲੋਕਾਂ ਦੀ ਹੈ ਕਿ ਕੀ ਖਾਣੈ, ਕੀ ਪਹਿਨਣੈ ਉਹਨਾਂ,
    ਜਾਂ ਹਾਕਮ ਨੂੰ ਸੁਣਾਇਆ ਜਿਸ, ਗੁਰੂ ਸੀ ਤੇਗ ਬਹਾਦਰ ਉਹ।
    ਹਮੇਸ਼ਾ ਤੋਂ ਰਹੀ ਦਿੱਲੀ, ਗਰੀਬਾਂ ਦੀ ਵਿਰੋਧੀ ਹੀ,
    ‘ਕੁਹਾੜ’ ਇਹ ਸੱਚ ਦਿਖਾਇਆ ਜਿਸ, ਗੁਰੂ ਸੀ ਤੇਗ ਬਹਾਦਰ ਉਹ।

ਗੀਤ
‘ਕਾਫ਼ਲਾ’

  • ਜਸਵਿੰਦਰ ਮਹਿਤਪੁਰ
    ਧਰਨੇ ‘ਤੇ ਬੈਠਾ ਹੋਇਆ, ਸੋਚਦਾ ਏ ਕਾਮਰੇਡ,
    ਕਿੱਥੇ ਉਠ ਗਏ ਨੇ, ਜੋ ਸੀ ਸਾਥੀ ਉਹਦੇ ਨਾਲ ਦੇ।
    ਸੱਤ ਦਿਨ ਹੋ ਗਏ, ਅੱਖਾਂ ਨੂੰ ਉਡੀਕਦਿਆਂ,
    ਵਾਅਦਾ ਸੀ ਮੁੜਾਂਗੇ ਮੌਕੇ, ਸੂਰਜ ਦੀ ਢਾਲ ਦੇ।
    ਕੌਣ ਜਾਣੇ, ਕਿਹੜੀ ਮਜ਼ਬੂਰੀ ਬਣ ਗਈ ਏ
    ਕੰਮ ਧੰਦਾ, ਲੋੜ ਕੋਈ ਜ਼ਰੂਰੀ ਬਣ ਗਈ ਏ।
    ਜਾਪਦਾ ਨਈਂ ਸੱਚੀ ਮੁੱਚੀ ਦੂਰੀ ਬਣ ਗਈ ਏ,
    ਫੇਰ ਕਿਉਂ ਬਹਾਨਾ ਹਰ ਵਾਰੀ ਨਵਾਂ ਭਾਲਦੇ
    ਧਰਨੇ ‘ਤੇ ਬੈਠਾ ਹੋਇਆ, ਸੋਚਦਾ ਏ ਕਾਮਰੇਡ….,
    ਦਿੱਲੀ ਸਰਕਾਰ ਵੀ ਤਾਂ ਕਹਿਰ ਪਈ ਢਾਹੁੰਦੀ ਏ
    ਜਦੋਂ ਦੀ ਹੈ ਆਈ, ਮਹਿਲ ਰੇਤ ਦੇ ਬਣਾਉਂਦੀ ਏ।
    ਲੋਕਾਂ ਦੀਆਂ ਸੋਚਾਂ ‘ਚ ਜ਼ਹਿਰ ਪਈ ਰੁਲਾਉਂਦੀ ਏ,
    ਸਭੇ ਜਾਣੂੰ ਹੋ ਰਹੇ, ਕਲਿਹਣੀ ਉਹਦੀ ਚਾਲ ਦੇ,
    ਧਰਨੇ ‘ਤੇ ਬੈਠਾ ਹੋਇਆ, ਸੋਚਦਾ ਏ ਕਾਮਰੇਡ….,
    ਹੋ ਨਾ ਉਦਾਸ ‘ਦਿਲਾ’ ਸਭ ਜਾਣਾ ਆ ਏ
    ਇਕੋ ਹੀ ਸੁਲੱਖਣਾ, ਸੰਘਰਸ਼ਾਂ ਦਾ ਰਾਹ ਏ।
    ਕੂੜ ਦੇ ਮੁਨਾਰਿਆਂ ਨੂੰ, ਖਲ਼ਕ ਦੇਣਾ ਢਾਹ ਏ
    ਸਾਰੇ ਭੁਲੇਖੇ ਹੁਣ ਮਨਾਂ ‘ਚੋਂ ਟਾਲ ਦੇ।
    ਧਰਨੇ ‘ਤੇ ਬੈਠਾ ਹੁਣ ‘ਕਾਮਰੇਡ’ ਵੇਖਦਾ ਏ।
    ਜਗ ਸਾਰਾ ਲੈ ਢੁੱਕੇ ਸਾਥੀ ਉਹਦੇ ਨਾਲ ਦੇ।
    ਚੇਤਨਾ ਦਾ ‘ਦੀਪ’ ਲੈ ਕੇ, ਏਕੇ ਦਾ ‘ਬਰੂਦ’ ਲੈ ਕੇ,
    ਡੇਗ ਦੇਣੇ ਥੰਮ, ਇਹਨਾਂ ਲੋਟੂ ਸਰਕਾਰ ਦੇ।

ਪੀਰ ਬੁੱਧੂ ਸ਼ਾਹ

  • ਜਸਵੰਤ ਜ਼ਫਰ
    ਚਾਰ ਸ਼ਹੀਦਾਂ ਦਾ ਪਿਤਾ
    ਗੁਰੂ ਕੇਸ ਵਾਹ ਰਿਹਾ ਹੈ
    ਦੋ ਸ਼ਹੀਦਾਂ ਦਾ ਪਿਤਾ
    ਪੀਰ ਹੱਥ ਜੋੜ ਸਿਰ ਨਿਵਾਈ ਖੜ੍ਹਾ ਹੈ
    ਗੁਰੂ ਨੇ ਪੁੱਛਿਆ-
    ਕੀ ਬਖ਼ਸ਼ ਦੇਈਏ ਪੀਰ ਜੀਓ
    ਪੀਰ ਮੁਹੱਬਤ ਮੰਗਦਾ ਹੈ
    ਗੁਰੂ – ਸਿਰਫ ਮੁਹੱਬਤ?
    ਪੀਰ – ਜੀ, ਸਾਰੀ ਮੁਹੱਬਤ
    ਗੁਰੂ ਨੇ ਪੀਰ ਨੂੰ ਕਲਾਵੇ ‘ਚ ਲਿਆ
    ਗੁਰੂ ਦੇ ਖੁੱਲ੍ਹੇ ਕੇਸ ਪੀਰ ਦੇ ਉਪਰੋਂ
    ਮੁਹੱਬਤ ਦਾ ਝਰਨਾ ਬਣ ਵਗੇ
    ਚਾਰ ਚਸ਼ਮਾਂ ਤੋਂ
    ਮੁਹੱਬਤੀ ਜਲ ਫੁੱਟ ਵਗਿਆ
    ਗੁਰੂ ਹੋਰ ਤੁੱਠਾ –
    ਕੁੱਝ ਹੋਰ ਵੀ ਮੰਗੋ ਪੀਰ ਜਿਉੜੇ
    ਪੀਰ – ਦਿਓ ਉਹ ਸਭ ਜੋ ਤੇਰੇ ਹੱਥ
    ਗੁਰੂ ਕੇਸਾਂ ਭਰਿਆ ਕੰਘਾ ਫੜਾ ਦਿੱਤਾ
    ਪੀਰ ਨੂੰ ਸਗਲ ਸ੍ਰਿਸ਼ਟੀ ਤੁਹਫੇ ਵਿਚ
    ਮਿਲਣ ਜਿੰਨਾ ਚਾਅ ਹੋਇਆ
    ਪਤਾ ਨਹੀਂ
    ਪੀਰ ਨੇ ਦੁਨੀਆਂ ਦਾ
    ਸਭ ਤੋਂ ਮਹਿੰਗਾ ਸੌਦਾ ਕੀਤਾ
    ਜਾਂ ਸਭ ਤੋਂ ਸਸਤਾ
    ਇਸ ਸੌਦੇ ਦੀ ਸਾਰ
    ਸਿਆਣੇ ਨਹੀਂ ਬੁੱਧੂ ਸ਼ਾਹ ਹੀ ਜਾਨਣ।

ਗ਼ਜ਼ਲ
ਅਰਸ਼ਦ ਮਨਜ਼ੂਰ
ਜ਼ੁਲਮ ਹੋਇਆ ਕਮਜ਼ੋਰਾਂ ਨਾਲ।
ਕੁੱਤੀ ਰਲ ਗਈ ਚੋਰਾਂ ਨਾਲ।
ਮੇਰੇ ਭਾਣੇ ਮੇਰਾ ਏ,
ਉਹ ਸੀ ਵਿੱਚੋਂ ਹੋਰਾਂ ਨਾਲ।
ਮਾੜੇ ਦਾ ਹੱਕ ਤਕੜੇ ਲੋਕ,
ਖੋਹ ਕੇ ਲੈ ਗਏ ਜ਼ੋਰਾਂ ਨਾਲ।
ਸਾਨੂੰ ਫੁੱਲ ਨਾ ਆਏ ਰਾਸ,
ਕੰਡੇ ਰਹਿ ਗਏ ਪੋਰਾਂ ਨਾਲ।
ਬਾਜ਼ਾਂ ਚੰਗੀ ਕੀਤੀ ਨਈਂ,
ਘੁੱਗੀਆਂ, ਚਿੜੀਆਂ, ਮੋਰਾਂ ਨਾਲ।
ਅਸਮਾਨਾਂ ਦੇ ਖ਼ਾਬ ਨਾ ਦੇਖ,
ਗੁੱਡੀ ਚੜ੍ਹਦੀ ਡੋਰਾਂ ਨਾਲ।
‘ਅਰਸ਼ਦ’ ਅਜਕਲ ਸਾਰਾ ਸ਼ਹਿਰ,
ਭਰਿਆ ਆਦਮਖ਼ੋਰਾਂ ਨਾਲ।

Scroll To Top