Now Reading
ਨਵਜਾਗਰਣ ਦਾ ਅਗਰਦੂਤ-ਆਇਨਕਾਲੀ

ਨਵਜਾਗਰਣ ਦਾ ਅਗਰਦੂਤ-ਆਇਨਕਾਲੀ

(ਸੰਸਾਰ ਦੇ ਬਾਕੀ ਦੇਸ਼ਾਂ ਵਾਂਗੂੰ ਭਾਰਤੀ ਕਿਰਤੀ ਵੀ ਬੇਕਿਰਕ ਸਾਮਰਾਜੀ ਤੇ ਕਾਰਪੋਰੇਟ ਲੁੱਟ ਦਾ ਸ਼ਿਕਾਰ ਹਨ। ਪਰ ਸਦੀਆਂ ਪਹਿਲਾਂ, ਸ਼ੂਦਰ ਕਰਾਰ ਦਿੱਤੇ ਗਏ ਇੱਥੋਂ ਦੇ ਧਰਤੀ ਪੁੱਤਰ ਅੱਜ ਵੀ ਇਕ ਹੋਰ ਅਮਾਨਵੀ ਵਿਤਕਰੇ ‘ਤੇ ਭਿਆਨਕ ਅੱਤਿਆਚਾਰਾਂ ਦਾ ਸੰਤਾਪ ਹੰਢਾ ਰਹੇ ਹਨ। ਕੇਵਲ ਜਿਸਮ ਹੀ ਨਹੀਂ ਬਲਕਿ ਰੂਹਾਂ ਨੂੰ ਵੀ ਲਹੂ-ਲੁਹਾਨ ਕਰਨ ਵਾਲੇ ਇਸ ਕੋਝੇ ਵਰਤਾਰੇ ਦਾ ਨਾਂ ਹੈ ਜਾਤੀਵਾਦੀ ਵਿਵਸਥਾ। ਭਾਰਤ ਵਿਚ ਜਮਾਤੀ ਲੁੱਟ ਤੇ ਖ਼ਾਤਮੇ ਦਾ ਇਤਿਹਾਸਕ ਸੰਘਰਸ਼, ਜਾਤੀਵਾਦੀ ਬੰਧਨਾਂ ਤੋਂ ਮੁਕਤੀ ਦੇ ਸੰਗਰਾਮਾਂ ਨਾਲ ਇਕਮਿਕ ਹੋਏ ਬਗੈਰ ਸਫ਼ਲ ਹੋਣਾ ਨਾਮੁਮਕਿਨ ਹੈ। ਇਸੇ ਸਮਝਦਾਰੀ ਅਧੀਨ ਅਸੀਂ ‘ਮਈ ਦਿਹਾੜਾ ਵਿਸ਼ੇਸ਼ ਅੰਕ’ ਵਿਚ ਡਾਕਟਰ ਕਰਮਜੀਤ ਸਿੰਘ ਹੁਰਾਂ ਦਾ ਲੇਖ ਛਾਪ ਰਹੇ ਹਾਂ -ਸੰਪਾਦਕੀ ਮੰਡਲ)
ਆਇਨਕਾਲੀ (23 ਅਗਸਤ 1863-18 ਜੂਨ 1941) ਕੇਰਲ ਦੇ ਦਲਿਤ ਹੀਰੋ ਹਨ ਜਿਨ੍ਹਾਂ ਨੂੰ ਨਵਜਾਗਰਣ ਦਾ ਅਗਰਦੂਤ ਮੰਨਿਆ ਜਾਂਦਾ ਹੈ। ਉਨ੍ਹਾਂ ਦਾ ਕੇਰਲ ਵਿਚ ਉਹੀ ਥਾਂ ਹੈ ਜੋ ਮਹਾਰਾਸ਼ਟਰ ਵਿਚ ਜਯੋਤੀਬਾ ਫੂਲੇ ਦਾ ਅਤੇ ਤਾਮਿਲਨਾਡੂ ਵਿਚ ਪੇਰੀਅਰ ਦਾ ਹੈ। ਉਨ੍ਹਾਂ ਦੇ ਨਾਂ ‘ਤੇ ਬਹੁਤ ਕੁੱਝ ਅਜਿਹਾ ਹੈ ਜੋ ਭਾਰਤ ਲਈ ਮਾਣ ਕਰਨਯੋਗ ਹੈ ਪਰ ਪੰਜਾਬ ਵਿਚ ਬਹੁਤੇ ਲੋਕੀਂ ਉਸ ਬਾਬੇ ਦਾ ਨਾਮ ਤਕ ਵੀ ਨਹੀਂ ਜਾਣਦੇ। ਈ. ਐੱਮ. ਐੱਸ. ਨੰਬੂਦਰੀਪਾਦ ਅਨੁਸਾਰ, ‘ਆਇਨਕਾਲੀ ਸਿਰਫ਼ ਦਲਿਤਾਂ ਦੇ ਹੀ ਨਹੀਂ, ਬਲਕਿ ਖੇਤ ਮਜ਼ਦੂਰਾਂ ਦੇ ਵੀ ਨੇਤਾ ਸਨ। ਉਨ੍ਹਾਂ ਦੇ ਅੰਦੋਲਨ ਵਿਚ ਦਲਿਤਾਂ ਤੋਂ ਇਲਾਵਾ ਧਾਰਮਿਕ ਘੱਟ ਗਿਣਤੀਆਂ ਅਤੇ ਉੱਚੀਆਂ ਜਾਤਾਂ ਦੇ ਲੋਕ ਵੀ ਸ਼ਾਮਲ ਸਨ। ਆਧੁਨਿਕ ਕੇਰਲ ਦੇ ਨਵਨਿਰਮਾਣ ਵਿਚ ਆਇਨਕਾਲੀ ਦਾ ਯੋਗਦਾਨ ਨਾਰਾਇਣ ਗੁਰੂ ਜਿੰਨਾ ਹੀ ਹੈ। ਦਲਿਤ-ਬਹੁਜਨ ਨੂੰ ਸੰਗਠਿਤ ਕਰਕੇ ਉਨ੍ਹਾਂ ਦੇ ਹੱਕ ਦੀ ਲੜਾਈ ਲੜਨ ਵਾਲੇ ਆਇਨਕਾਲੀ, ਨਾਰਾਇਣਗੁਰੂ ਦੀ ਪਰੰਪਰਾ ਨੂੰ ਅੱਗੇ ਵਧਾਉਂਦੇ ਹਨ, ਜਿਨ੍ਹਾਂ ਨੇ ਪਛੜੀ ਜਾਤੀ ਤੋਂ ਇਲਾਵਾ ਆਮ ਲੋਕਾਂ ਨੂੰ ਸੰਗਠਿਤ ਕਰਕੇ ਉਨ੍ਹਾਂ ਦੇ ਅਧਿਕਾਰਾਂ ਲਈ ਸੰਘਰਸ਼ ਕੀਤਾ। (ਓਮ ਪ੍ਰਕਾਸ਼ ਕਸ਼ਯਪ, ਆਇਨਕਾਲੀ ਪਰ ਵਿਸ਼ੇਸ਼)
ਆਇਨਕਾਲੀ ‘ਪੁਲਿਆਰ’ ਜਾਤ ਵਿਚੋਂ ਸਨ ਜਿਸਨੂੰ ਅਛੂਤਾਂ ਵਿਚੋਂ ਵੀ ਸਭ ਤੋਂ ਨੀਵੀਂ ਜਾਤ ਮੰਨਿਆ ਗਿਆ ਸੀ। ਇਸ ਸਮੇਂ ਕੇਰਲ ਵਿਚ ਨੰਬੂਦਰੀਪਾਦ, ਨਾਇਰ (ਜ਼ਮੀਂਦਾਰ) ਅਤੇ ਨਿਮਨ ਜਾਤਾਂ ਸਨ। ਜਾਤ-ਪ੍ਰਬੰਧ ਦੇ ਕੇਰਲ ਸਰੂਪ ਵਿਚ ਨਾਇਰ ਨੂੰ ਵੀ ਨੰਬੂਦਰੀਪਾਦ ਤੋਂ 36 ਕਦਮ ਦੂਰ ਰਹਿ ਕੇ ਗੱਲ ਕਰਨੀ ਪੈਂਦੀ ਸੀ। ਪੁਲਿਆਰ ਤੇ ਹੋਰ ਜਾਤਾਂ ਨੂੰ ਤਾਂ 96 ਕਦਮ ਦੀ ਦੂਰੀ ‘ਤੇ ਰਹਿਣਾ ਪੈਂਦਾ ਸੀ। ਪੁਲਿਆਰ ਇਕ ਤਰ੍ਹਾਂ ਨਾਲ ਗ਼ੁਲਾਮ ਸਨ, ਜੋ ਸਾਰਾ ਦਿਨ ਖੇਤਾਂ ਵਿਚ ਕੰਮ ਕਰਦੇ ਸਨ ਤੇ ਉਨ੍ਹਾਂ ਨੂੰ ਮਜ਼ਦੂਰੀ ਵਜੋਂ ਕੇਵਲ 600 ਗ੍ਰਾਮ ਚਾਵਲ ਪ੍ਰਤੀ ਦਿਨ ਮਿਲਦੇ ਸਨ। ਪੁਲਿਆਰਾਂ ਦਾ ਰਾਹਾਂ ‘ਤੇ ਤੁਰਨਾ ਵਰਜਿਤ ਸੀ ਅਤੇ ਉਹ ਸਾਫ਼ ਕੱਪੜੇ ਵੀ ਨਹੀਂ ਪਾ ਸਕਦੇ ਸਨ। ਨਵੇਂ ਕਪੜੇ ਨੂੰ ਕਾਲਖ਼ ਲਾ ਕੇ ਜਾਂ ਮਿੱਟੀ ਵਿਚ ਮਧੋਲ ਕੇ ਪਾਇਆ ਜਾਂਦਾ ਸੀ। ਭਾਂਡੇ ਕੱਚੇ ਹੁੰਦੇ ਸਨ। ਇਹ ਅਸਲ ਵਿਚ ਮੰਨੂੰ ਸਿਮ੍ਰਤੀ ਦਾ ਭਿਅੰਕਰ ਰੂਪ ਸੀ ਜਿਸ ਅਨੁਸਾਰ ‘ਚੰਡਾਲਾਂ ਅਤੇ ਮੁਰਦੇ ਚੁੱਕਣ ਵਾਲਿਆਂ ਦਾ ਨਿਵਾਸ, ਪਿੰਡ ਤੋਂ ਬਾਹਰ ਹੋਣਾ ਚਾਹੀਦਾ ਹੈ। ਇਨ੍ਹਾਂ ਕੋਲ ਬਰਤਨ ਨਹੀਂ ਹੋਣੇ ਚਾਹੀਦੇ ਤੇ ਇਨ੍ਹਾਂ ਦੀ ਪੂੰਜੀ ਕੁੱਤੇ ਤੇੇ ਗਧੇ ਹੋਣ। ਮੁਰਦਿਆਂ ਦੇ ਕਫ਼ਨ ਦਾ ਪਹਿਰਾਵਾ ਹੋਣਾ ਚਾਹੀਦਾ ਹੈ, ਟੁੱਟੇ ਬਰਤਨਾਂ ਵਿਚ ਇਹ ਖਾਣਾ ਖਾਣ, ਇਨ੍ਹਾਂ ਦੇ ਗਹਿਣੇ ਲੋਹੇ ਦੇ ਹੋਣ। ਇਕ ਥਾਂ ਤੋਂ ਦੂਜੇ ਥਾਂ ‘ਤੇ ਤੁਰਦੇ-ਫਿਰਦਾ ਰਹਿਣਾ ਇਨ੍ਹਾਂ ਦਾ ਕਾਰਜ ਹੈ।” (10/152, ਮੰਨੂੰ ਸਿਮ੍ਰਤੀ ਗ਼ੈਰ ਬਰਾਬਰੀ ਦਾ ਦਸਤਾਵੇਜ਼, ਪੰਨਾ-34) ਪੁਲਿਆਰ ਔਰਤਾਂ-ਮਰਦ ਲੋਹੇ ਦੀਆਂ ਮੁਰਕੀਆਂ ਪਾ ਸਕਦੇ ਸਨ ਜਾਂ ਪਿੱਤਲ ਦੀਆਂ ਛਾਪਾਂ ਤੇ ਚੂੜੀਆਂ। ਔਰਤਾਂ ਨੂੰ ਛਾਤੀਆਂ ਢੱਕਣ ਦੀ ਮਨਾਹੀ ਸੀ। ਉਹ ਗਰੇਨੇਟ ਦੇ ਕਾਲ਼ੇ ਪੱਥਰਾਂ ਦੀਆਂ ਮਾਲਾਵਾਂ ਪਹਿਨ ਕੇ ਛਾਤੀਆਂ ਢੱਕਦੀਆਂ ਸਨ। ਅਛੂਤ ਦਾਸ ਵੀ ਸਨ ਜਿਨ੍ਹਾਂ ਨੂੰ ਕਿਸੇ ਦੇ ਹੱਥ ਵੇਚਿਆ ਵੀ ਜਾ ਸਕਦਾ ਸੀ। ਚੇਂਥਾਸੇਰੀ ਅਨੁਸਾਰ ਇਕਰਾਰਨਾਮੇ ਵਿਚ ਇਹ ਵੀ ਲਿਖਿਆ ਜਾਂਦਾ ਸੀ ਕਿ ”ਤੁਸੀਂ ਇਸਨੂੰ ਆਪਣੀ ਇੱਛਾ ਅਤੇ ਖੁਸ਼ੀ ਅਨੁਸਾਰ ਮਾਰ ਸਕਦੇ ਹੋ ਜਾਂ ਅੱਗੇ ਵੇਚ ਸਕਦੇ ਹੋ।” (ਆਇਨਕਾਲੀ, ਪੰਨਾ-10) ਇਨ੍ਹਾਂ ਨੂੰ ਧਾਰਮਿਕ ਅਸਥਾਨਾਂ ‘ਤੇ ਜਾਣ ਦੀ ਇਜਾਜ਼ਤ ਨਹੀਂ ਸੀ। ਉਹ ਧਾਰਮਿਕ ਥਾਂ ਤੋਂ ਅੱਧਾ ਮੀਲ ਦੂਰ ਰਹਿ ਕੇ ਪ੍ਰਾਰਥਨਾ ਕਰ ਸਕਦੇ ਸਨ। ਗਿਆਨ ਸਿੰਘ ਬੱਲ ਨੇ ਐੱਮ. ਐੱਸ. ਏ. ਰਾਓ ਦੇ ਹਵਾਲੇ ਨਾਲ ਅਛੂਤਾਂ ਨਾਲ ਹੁੰਦੇ ਅਣ-ਮਨੁੱਖੀ ਵਿਵਹਾਰ ਦਾ ਆਇਨਕਾਲੀ ਦੀ ਭੂਮਿਕਾ (ਪੰਨਾ-14) ਵਿਚ ਵਿਸਤਾਰ ਦਿੱਤਾ ਹੈ, ਜਿਸਨੂੰ ਸੂਤ੍ਰਿਕ ਰੂਪ ਵਿਚ ਇੰਝ ਕਿਹਾ ਜਾ ਸਕਦਾ ਹੈ ਕਿ ਇਥੇ ਪਸ਼ੂ ਦੇ ਥੱਕ ਜਾਣ ‘ਤੇ ਅਛੂਤ ਨੂੰ ਹਲ਼ ਅੱਗੇ ਜੋੜਿਆ ਜਾਂਦਾ, ਮਰਦ-ਔਰਤਾਂ ਸਰੀਰ ਦਾ ਉਪਰਲਾ ਹਿੱਸਾ ਢੱਕ ਨਹੀਂ ਸਨ ਸਕਦੇ, ਇਨ੍ਹਾਂ ਨੂੰ ਉੱਚੀ ਜਾਤ ਨਾਲ ਬੋਲਣ ‘ਤੇ ਮੂੰਹ ਅੱਗੇ ਖਜੂਰ ਦੇ ਪੱਤੇ ਰੱਖਣੇ ਪੈਂਦੇ ਸਨ, ਨੀਵੀਂ ਜਾਤ ਦੇ ਘਰ ਮੁੰਡਾ ਪੈਦਾ ਹੋਣ ਨੂੰ ‘ਬਾਂਦਰ ਗਿਰਿਆ’ ਕਿਹਾ ਜਾਂਦਾ ਸੀ, ਕੰਮ ਸਮੇਂ ਖਾਣ ਨੂੰ ਕੇਲੇ ਦੇ ਛਿਲਕੇ ਦਿੱਤੇ ਜਾਂਦੇ ਸਨ, ਮਰਦ ਤੇ ਔਰਤ ਲੋਹੇ ਦੀਆਂ ਬਾਲੀਆਂ ਪਾ ਸਕਦੇ ਸਨ ਅਤੇ ਅੰਗੂਠੀਆਂ ਤੇ ਚੂੜੀਆਂ ਪਿੱਤਲ ਦੀਆਂ ਪਾ ਸਕਦੇ ਸਨ, ਝੌਂਪੜੀਪਆਂ ਵੱਟਾਂ-ਬੰਨਿਆਂ ਤੇ ਘਾਹਫੂਸ ਦੀਆਂ ਹੀ ਬਣਦੀਆਂ ਸਨ। ਹਰ ਝੌਂਪੜੀ ਵਿਚ ਇਕ ਮੰਜਾ ਹਮੇਸ਼ਾ ਡੱਠਾ ਰਹਿੰਦਾ, ਜਿਥੇ ਜਦੋਂ ਚਾਹੇ ਜਾਗੀਰਦਾਰ, ਅਛੂਤ ਔਰਤਾਂ ਨਾਲ ਸਰੀਰਕ ਸਬੰਧ ਬਣਾ ਸਕਦਾ ਸੀ। ਵਿਆਹ ਤੋਂ ਬਾਅਦ ਪਹਿਲੀ ਰਾਤ ਨਵੀਂ ਵਿਆਹੀ ਬਹੂ ਨੂੰ ਜਾਗੀਰਦਾਰ ਕੋਲ ਰਹਿਣਾ ਪੈਂਦਾ ਸੀ। ਅਜਿਹੀਆਂ ਅਣਮਨੁੱਖੀ ਸਥਿਤੀਆਂ ਵਿਚੋਂ ਆਇਨਕਾਲੀ ਦਾ ਉਭਰਨਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਕਿਹਾ ਜਾ ਸਕਦਾ।
ਆਇਨਕਾਲੀ ਦੇ ਪਿਤਾ ਨੇ ਕਿਸੇ ਰਹਿਮਦਿਲ ਜਾਗੀਰਦਾਰ ਲਈ ਜੰਗਲ ਸਾਫ਼ ਕਰਕੇ ਵਾਹੀ ਯੋਗ ਜ਼ਮੀਨ ਬਣਾਈ, ਜਿਸਨੇ ਖੁਸ਼ ਹੋ ਕੇ ਆਇਨ ਨੂੰ ਪੰਜ ਏਕੜ ਜ਼ਮੀਨ ਦਿੱਤੀ, ਜਿਸ ਕਰਕੇ ਘਰ ਦਾ ਗੁਜ਼ਾਰਾ ਸੌਖਾ ਸੀ। ਪਰ ਜਾਤ ਦਾ ਡੰਗ ਕਿਸੇ ਤਰ੍ਹਾਂ ਵੀ ਘੱਟ ਨਹੀਂ ਸੀ ਸਹਿਣਾ ਪਿਆ। ਜਯੋਤੀਬਾ ਫੂਲੇ ਨੂੰ ਉੱਚੀ ਜਾਤੀ ਦੇ ਦੋਸਤ ਦੀ ਬਰਾਤ ਵਿਚ ਜਾ ਕੇ ਜੋ ਬੇਇੱਜ਼ਤੀ ਸਹਿਣੀ ਪਈ, ਡਾ. ਅੰਬੇਡਕਰ ਨੂੰ ਜਮਾਤ ਦੇ ਬਾਹਰ ਬੈਠ ਕੇ ਜਿਵੇਂ ਪੜ੍ਹਨ ਤੇ ਸਾਂਝੇ ਘੜੇ ਵਿਚੋਂ ਪਾਣੀ ਪੀਣ ਕਰਕੇ ਸਜ਼ਾ ਝੱਲਣੀ ਪਈ, ਜਿਵੇਂ ਬਾਬੂ ਮੰਗੂ ਰਾਮ ਨੂੰ ਜਮਾਤ ਦੇ ਬਾਹਰ ਬੈਠਿਆਂ, ਗੜ੍ਹੇ ਪੈਣ ‘ਤੇ ਕਮਰੇ ਅੰਦਰ ਆਉਣ ‘ਤੇ ਜ਼ਿੱਲਤ ਸਹਿਣੀ ਪਈ, ਓਸੇ ਤਰ੍ਹਾਂ ਹੀ ਆਇਨਕਾਲੀ ਨੂੰ ਫੁੱਟਬਾਲ ਖੇਡਦਿਆਂ ਨਾਇਰ ਦੇ ਵਿਹੜੇ ਵਿਚ ਗੇਂਦ ਜਾ ਡਿੱਗਣ ‘ਤੇ ਬੇਇੱਜ਼ਤ ਹੋਣਾ ਪਿਆ ਅਤੇ ਉਸਨੂੰ ਉਪਰਲੀਆਂ ਜਾਤਾਂ ਨਾਲ ਖੇਡਣ ਤੋਂ ਵਰਜ ਦਿੱਤਾ ਗਿਆ। ਇਹ ਵੀ ਕਿਹਾ ਜਾਂਦਾ ਹੈ ਕਿ ਆਇਨਕਾਲੀ ਨੇ ਇਹ ਸਹੁੰ ਖਾਧੀ ਸੀ ਕਿ ਜਦੋਂ ਤਕ ਉਹ ਇਸ ਜ਼ਿੱਲਤ ਤੋਂ ਛੁਟਕਾਰਾ ਨਹੀਂ ਪਾ ਲੈਂਦਾ, ਉਦੋਂ ਤਕ ਉਹ ਕਿਸੇ ਉੱਚ ਜਾਤ ਦੇ ਬੰਦੇ ਨਾਲ ਦੋਸਤੀ ਨਹੀਂ ਕਰੇਗਾ। ਵੈਸੇ ਆਇਨਕਾਲੀ ਜਿਥੇ ਸਰੀਰਕ ਤੌਰ ‘ਤੇ ਦਰਸ਼ਨੀ ਸੀ, ਓਥੇ ਗਾਉਣ ਤੇ ਨਾਟਕ ਕਲਾ ਵਿਚ ਵੀ ਮਾਹਿਰ ਸੀ। ਉਸਦੀ ਕਲਾ ਵਿਚ ਗ਼ੈਰ ਬਰਾਬਰੀ ਨੂੰ ਚੁਣੌਤੀ ਦਿੰਦੀ ਵਿਦਰੋਹੀ ਸੁਰ ਵੀ ਸੀ ਅਤੇ ਆਜ਼ਾਦੀ ਦੀ ਲਲਕਾਰ ਵੀ। ਉਹ ਮਿਲੀ-ਜੁਲੀ ਮਲਿਆਲੀ ਤੇ ਤਾਮਿਲ ਭਾਸ਼ਾ ਦਾ ਪ੍ਰਯੋਗ ਕਰਦਾ। ”ਸਿੱਖਿਆ ਦੇ ਪਾਸਾਰ ਲਈ ਉਸਨੇ ਆਰਟ ਕਲੱਬਾਂ ਦੀ ਸ਼ੁਰੂਆਤ ਕੀਤੀ ਜਿਨ੍ਹਾਂ ਵਿਚ ਸੰਗੀਤ, ਡਰਾਮਾ ਅਤੇ ਅਲੱਗ-ਅਲੱਗ ਪੇਂਡੂ ਖੇਡਾਂ, ਲੋਕ ਨ੍ਰਿਤ, ਲੋਕ ਗੀਤ ਤੇ ਲੋਕ ਕਲਾਵਾਂ ਨਾਲ ਸਬੰਧਿਤ ਗਤੀਵਿਧੀਆਂ ਸ਼ਾਮਲ ਕੀਤੀਆਂ। ਉਸਨੇ ਹਰੀਸ਼ ਚੰਦਰ, ਕਾਕਾ ਰਿਸ਼ੀ, ਨਲਾਥਨਕਾਨ ਆਦਿ ਵਰਗੇ ਲੋਕ ਨਾਟਕ ਖ਼ੁਦ ਖੇਡੇ ਹੋਏ ਸਨ, ਜਿਨ੍ਹਾਂ ਦੇ ਡਾਇਲਾਗ ਤੇ ਗੀਤ ਵੀ ਉਸਨੇ ਆਪ ਹੀ ਲਿਖੇ ਸਨ। ਉਹ ਸਰੀਰਕ ਖੇਡਾਂ ਤੇ ਕਸਰਤਾਂ ਕਰਨ ਦਾ ਬਹੁਤ ਸ਼ੌਕੀਨ ਸੀ। ਸਰੀਰਕ ਖੇਡਾਂ ਵਿਚ ਤਾਂ ਉਹ ਬਹੁਤ ਮਾਹਿਰ ਸੀ। ਇਸ ਮੁਹਾਰਤ ਨੇ ਆਪਣੇ ਦੁਸ਼ਮਣ ਨਾਲ ਦੋ-ਹੱਥ ਕਰਦਿਆਂ ਉਸਨੂੰ ਹਮੇਸ਼ਾਂ ਕਾਮਯਾਬੀ ਦੁਆਈ ਸੀ।” ਆਇਨਕਾਲੀ (ਟੀ. ਐੱਚ. ਪੀ. ਚੈਂਥਰਾਸਰੀ ਆਇਨਕਾਲੀ, ਅਨੁਵਾਦ : ਗਿਆਨ ਸਿੰਘ ਬੱਲ, ਪੰਨਾ-48)
ਆਇਨਕਾਲੀ ਨੇ ਆਪਣੇ ਵਰਗੇ ਨੌਜਵਾਨਾਂ ਨੂੰ ਨਾਲ ਲੈ ਕੇ ਜਾਤ-ਪਾਤ ਵਿਰੋਧੀ ਗਤੀਵਿਧੀਆਂ ਸ਼ੁਰੂ ਕੀਤੀਆਂ। ਨੌਜਵਾਨਾਂ ਦੇ ਸਮੂਹ ਨਾਲ ਜਦੋਂ ਆਇਨਕਾਲੀ ਸੜਕ ‘ਤੇ ਚੜ੍ਹਿਆ ਤਾਂ ਸਵਰਣਾਂ ਨੇ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ। ਖ਼ੂਨੀ ਝੜਪ ਹੋਈ ਤੇ ਇਸ ਦੀ ਅੱਗ ਅਗਾਂਹ ਮਨਾਕੱਦੂ, ਕਾਝਾਕੁੱਟਮ, ਕਨਿਆਪੁਰਮ ਤਕ ਪਹੁੰਚ ਗਈ। ਇਥੋਂ ਸ਼ੁਰੂ ਹੋ ਕੇ ਅਗਲੀਆਂ ਗਤੀਵਿਧੀਆਂ ਵੀ ਸ਼ਾਂਤੀਪੂਰਨ ਨਹੀਂ ਰਹੀਆਂ ਸਗੋਂ ਸਫ਼ਲਤਾਵਾਂ ਇਨ੍ਹਾਂ ਖੂਨੀ ਟਕਰਾਵਾਂ ਵਿਚੋਂ ਲੰਘ ਕੇ ਹੀ ਮਿਲ਼ੀਆਂ।
1889 ਈ. ਨੂੰ ਆਇਨਕਾਲੀ ਨੇ ਇਕ ਗੱਡਾ ਖਰੀਦਿਆ ਜਿਸ ਵਲ ਝਾਕਣਾ ਵੀ ਉਸ ਲਈ ਤੇ ਉਸਦੀ ਜਾਤ ਦੇ ਲੋਕਾਂ ਲਈ ਵਿਵਰਜਤ ਸੀ, ਉਸਦੀ ਸਵਾਰੀ ਕਰਨ ਬਾਰੇ ਤਾਂ ਖ਼ੁਆਬ ਵੀ ਨਹੀਂ ਸੀ ਲਿਆ ਜਾ ਸਕਦਾ। ਦੋ ਦਰਸ਼ਨੀ ਬਲਦ ਲਏ ਅਤੇ ਉਨ੍ਹਾਂ ਦੇ ਗਲਾਂ ਵਿਚ ਟੱਲੀਆਂ ਬੰਨ੍ਹੀਆਂ ਗਈਆਂ। ਆਪ ਆਇਨਕਾਲੀ ਨੇ ਵਿਵਰਜਤ ਕੱਪੜੇ ਪਹਿਨੇ-ਸਿਰ ‘ਤੇ ਪੱਗ, ਚਿੱਟਾ ਕੁੜਤਾ ਤੇ ਚਾਦਰਾ ਅਤੇ ਨਾਲ ਰੱਖ ਲਿਆ ਦਾਤਰ ਜੋ ਉਸ ਸਮੇਂ ਕੇਰਲ ਵਿਚ ਲੜਾਈ ਦਾ ਸਭ ਤੋਂ ਵੱਡਾ ਹਥਿਆਰ ਸੀ। ਜਦੋਂ ਉਹ ਪੂਰੇ ਜਲੌਅ ਨਾਲ ਸੜਕ ‘ਤੇ ਚੜ੍ਹਿਆ ਤਾਂ ਰਸਤੇ ਵਿਚ ਸਵਰਣਾਂ ਨੇ ਉਸਨੂੰ ਰੋਕਿਆ। ਆਇਨਕਾਲੀ ਨੇ ਦਾਤਰ ਨਾਲ ਉਨ੍ਹਾਂ ਦਾ ਸਾਹਮਣਾ ਕੀਤਾ। ਖ਼ੂਨ-ਖਰਾਬਾ ਟਾਲਿਆ ਨਹੀਂ ਸੀ ਜਾ ਸਕਦਾ। ਆਇਨਕਾਲੀ ਦੀ ਇਹ ਸਦੀਆਂ ਪੁਰਾਣੀ ਜਾਤ-ਪਾਤ ਦੀ ਵਿਵਸਥਾ ਨੂੰ ਚੁਨੌੌਤੀ ਸੀ। ਇਹ ਡਾ. ਅੰਬੇਡਕਰ ਦੇ ਸਾਰਵਜਨਕ ਰਾਜਨੀਤੀ ਵਿਚ ਪ੍ਰਵੇਸ਼ ਕਰਨ ਤੋਂ ਤਕਰੀਬਨ 25 ਸਾਲ ਪਹਿਲਾਂ ਦੀਆਂ ਘਟਨਾਵਾਂ ਹਨ । ਜਿਥੇ ਇਹ ਭੈੜੀ ਪ੍ਰਥਾ ਖ਼ਤਮ ਕਰਕੇ ਬਰਾਬਰ ਦੇ ਅਧਿਕਾਰ ਪ੍ਰਾਪਤ ਕਰਨ ਦੀ ਲੜਾਈ ਸੀ, ਓਥੇ ਸਦੀਆਂ ਦੇ ਦਮਨ ਕਾਰਨ ਵਿਸ਼ਵਾਸ਼ ਗੁਆ ਬੈਠੇ ਦਲਿਤਾਂ ਵਿਚ ਆਤਮ ਵਿਸ਼ਵਾਸ਼ ਪੈਦਾ ਕਰਨਾ ਵੀ ਇਸ ਸੰਘਰਸ਼ ਦੀ ਵੱਡੀ ਪ੍ਰਾਪਤੀ ਸੀ।
ਆਇਨਕਾਲੀ ਨੇ ਨੌਜਵਾਨਾਂ ਨਾਲ ਤਿਰੁਵੰਨਤਪੁਰਮ ਦੀ ਦਲਿਤ ਬਸਤੀ ਤੋਂ ਲੈ ਕੇ ਪੁੱਤਨ ਬਾਜ਼ਾਰ ਤਕ ‘ਆਜ਼ਾਦੀ ਦਾ ਜਲੂਸ’ ਕੱਢਿਆ। ਬਾਜ਼ਾਰ ਵਿਚ ਪ੍ਰਵੇਸ਼ ਕਰਦਿਆਂ ਹੀ ਖ਼ੂਨੀ ਝੜਪਾਂ ਹੋਈਆਂ। ਅਨੇਕਾਂ ਲੋਕ ਮਾਰੇ ਗਏ। ਇਸ ਖ਼ੂਨੀ ਸੰਘਰਸ਼ ਨੂੰ ‘ਚੈਲੀਆਰ ਸਟਰੀਟ ਵਿਦ੍ਰੋਹ’ ਦਾ ਨਾਮ ਦਿੱਤਾ ਜਾਂਦਾ ਹੈ। ਇਸਤੋਂ ਬਾਅਦ ਦਲਿਤਾਂ ਨੂੰ ਸੜਕਾਂ ਉੱਪਰ ਚੱਲਣ ਦਾ ਅਧਿਕਾਰ ਮਿਲਿਆ।
ਆਇਨਕਾਲੀ ਆਪ ਭਾਵੇਂ ਸਕੂਲ ਨਹੀਂ ਸੀ ਜਾ ਸਕਿਆ, ਪਰ ਬਾਕੀ ਸਾਰੇ ਦਲਿਤ ਆਗੂਆਂ ਵਾਂਗ ਉਹ ਵੀ ਚਾਹੁੰਦਾ ਸੀ ਕਿ ਉਸਦਾ ਟੱਬਰ, ਕਬੀਲਾ ਅਤੇ ਸਮੁੱਚਾ ਦਲਿਤ ਸਮਾਜ ਪੜ੍ਹ-ਲਿਖ ਕੇ ਇੱਜ਼ਤ ਪ੍ਰਾਪਤ ਕਰੇ। ਪਰ ਦੂਜੇ ਪਾਸੇ ਉਪਰਲੀਆਂ ਜਾਤਾਂ ਇਸ ਸਮਾਜ ਨੂੰ ਅਨਪੜ੍ਹ ਅਤੇ ਗ਼ੁਲਾਮ ਹੀ ਬਣਾਈ ਰੱਖਣਾ ਚਾਹੁੰਦੀਆਂ ਸਨ ਤਾਂ ਕਿ ਸਦੀਆਂ ਦੀ ਬੇਗਾਰ ਪ੍ਰਥਾ ਨੂੰ ਜਾਰੀ ਰੱਖਿਆ ਜਾ ਸਕੇ। ਅੰਗ੍ਰੇਜ਼ਾਂ ਨੇ ਆਮ ਲੋਕਾਈ ਲਈ ਸਕੂਲ/ਕਾਲਜ ਖੁਲ੍ਹਵਾ ਦਿੱਤੇ ਸਨ, ਪਰ ਉਨ੍ਹਾਂ ਵਿਚ ਅਧਿਆਪਕ ਬ੍ਰਾਹਮਣ ਹੀ ਸਨ, ਕਿਉਂਕਿ ਸਦੀਆਂ ਤੋਂ ਉਨ੍ਹਾਂ ਦੇ ਪੜ੍ਹਨ-ਪੜ੍ਹਾਉਣ ਦਾ ਹੱਕ ਆਪਣੇ ਤਕ ਸੀਮਤ ਰੱਖਿਆ ਹੋਇਆ ਸੀ ਤੇ ਸਕੂਲ ਖੁੱਲ੍ਹਦਿਆਂ ਹੀ ਟੀਚਿੰਗ ਟ੍ਰੇਨਿੰਗ (ਅਧਿਆਪਨ ਦੀ ਸਿਖਲਾਈ ਪ੍ਰਾਪਤ) ਕਰਕੇ ਉਨ੍ਹਾਂ ਨੇ ਸਿੱਖਿਆ ਮਹਿਕਮੇ ਤੋਂ ਲੈ ਕੇ ਨਿਆਂ ਪ੍ਰਣਾਲੀ ਆਦਿ ਉੱਪਰ ਆਪਣੀ ਅਜਾਰੇਦਾਰੀ ਕਾਇਮ ਕਰ ਲਈ ਸੀ। ਇਹ ਲੋਕ ਦਲਿਤਾਂ ਨੂੰ ਸਕੂਲਾਂ ਵਿਚ ਦਾਖ਼ਲਾ ਤਕ ਨਹੀਂ ਸਨ ਲੈਣ ਦਿੰਦੇ। ਆਇਨਕਾਲੀ ਵਰਗੇ ਨੇਤਾਵਾਂ ਦਾ ਰਾਹ ਵੀ ਇਨ੍ਹਾਂ ਲੋਕਾਂ ਨੇ ਹੀ ਰੋਕੀ ਰੱਖਿਆ।
ਆਇਨਕਾਲੀ ਨੇ 1904 ਤੋਂ ਸਿੱਖਿਆ ਦਾ ਅੰਦੋਲਨ ਸ਼ੁਰੂ ਕੀਤਾ। ਉਸਨੇ ਆਪਣਾ ਕੇਂਦਰ ਵੇਂਗਨੂਰ ਨੂੰ ਬਣਾਇਆ। ਓਥੇ ਹੀ ਉਸਨੇ ਦਲਿਤ ਬੱਚਿਆਂ ਲਈ ਸਕੂਲ ਖੋਲ੍ਹਣ ਦੀ ਯੋਜਨਾ ਬਣਾਈ, ਪਰ ਸਵਰਣਾਂ ਨੇ ਇਸ ਸਕੂਲ ਨੂੰ ਅੱਗ ਦੇ ਹਵਾਲੇ ਕਰ ਦਿੱਤਾ। 1907 ਵਿਚ ਆਇਨਕਾਲੀ ਨੇ ‘ਸਾਧੂ ਜਨ ਪਰਿਪਾਲਨ ਸੰਘਮ’ ਦੀ ਨੀਂਹ ਰੱਖੀ। ਆਇਨਕਾਲੀ ਨੂੰ ਇਸਦੀ ਪ੍ਰੇਰਣਾ ਨਾਰਾਇਣ ਸੁਆਮੀ ਦੇ ‘ਧਾਰਮਿਕ ਪਰਿਪਾਲਨ ਸੰਘਮ’ ਤੋਂ ਮਿਲੀ ਸੀ ਪਰ ਉਨ੍ਹਾਂ ਨੇ ਆਪਣੇ ਸੰਘ ਨੂੰ ਧਰਮ ਤੋਂ ਦੂਰ ਰੱਖਿਆ। ਸਾਧੂ ਜਨ ਦਾ ਅਰਥ ਹੈ ਗਰੀਬ ਦਲਿਤ। ਇਸ ਸੰਘ ਦੀ ਸਥਾਪਨਾ ਤੋਂ ਬਾਅਦ ਈਸਾਈਆਂ ਅਤੇ ਸਮਾਜ ਸੁਧਾਰਕ ਹਿੰਦੂਆਂ ਵੱਲੋਂ ਵੀ ਆਇਨਕਾਲੀ ਨੂੰ ਸੱਦੇ ਆਉਣ ਲੱਗੇ। ਟ੍ਰਾਵਨਕੋਰ ਦੇ ਸਿਖਿਆ ਵਿਭਾਗ ਦੇ ਡਾਇਰੈਕਟਰ ਨੇ ਇਕ ਆਦੇਸ਼ ਜਾਰੀ ਕੀਤਾ ਕਿ ਸਕੂਲਾਂ ਵਿਚ ਦਲਿਤਾਂ ਨੂੰ ਵੀ ਦਾਖ਼ਲਾ ਦਿੱਤਾ ਜਾਵੇ ਪਰ ਇਸ ਆਦੇਸ਼ ਨੂੰ ਰਸਤੇ ਵਿਚ ਹੀ ਰੋਕ ਦਿੱਤਾ ਗਿਆ। ਇਥੇ 1 ਮਾਰਚ 1910 ਦੀ ਘਟਨਾ ਬੜੀ ਮਹੱਤਵਪੂਰਣ ਹੈ। ਆਇਨਕਾਲੀ ਪੰਜ ਸਾਲ ਦੀ ਬੱਚੀ, ਪੰਚਮੀ ਨੂੰ ‘ਉਰੂਟ ਅੰਬਾਲਮ ਸਕੂਲ’ ਵਿਚ ਦਾਖ਼ਲ ਕਰਵਾਉਣ ਲਈ ਸਾਥੀਆਂ ਨਾਲ ਪਹੁੰਚੇ। ਨਾਇਰਾਂ ਨੇ ਆਇਨਕਾਲੀ ਦੇ ਸਾਥੀਆਂ ‘ਤੇ ਹੀ ਹਮਲਾ ਨਹੀਂ ਕੀਤਾ, ਸਗੋਂ ਪੁਲੀਆਰਾਂ ਦੀ ਬਸਤੀ ਨੂੰ ਹੀ ਤਹਿਸ-ਨਹਿਸ ਕਰ ਦਿੱਤਾ। ਕਿਹਾ ਜਾਂਦਾ ਹੈ ਕਿ ਬਸਤੀ ਵਿਚੋਂ ਸੱਤ ਦਿਨਾਂ ਤਕ ਧੂੰਆਂ ਉੱਠਦਾ ਰਿਹਾ। ਇਸ ਤਰ੍ਹਾਂ ਇਹ ਸੰਗ੍ਰਾਮ ਮਾਰਯਾ ਮੁਟੱਮ, ਵੇਂਗਨੂਰ, ਪਰੇਸਬਾਝੂਥਰੂ, ਕੰਥਲਤਰ ਆਦਿ ਇਲਾਕਿਆਂ ਵਿਚ ਫੈਲ ਗਿਆ।
ਆਇਨਕਾਲੀ ਨੇ ਸਕੂਲ ਬਣਾਉਣਾ ਜਾਰੀ ਰੱਖਿਆ। ਉਸ ਸਮੇਂ ਇਕ ਅਧਿਆਪਕ ਦੀ ਤਨਖ਼ਾਹ ਛੇ ਰੁਪਏ ਹੁੰਦੀ ਸੀ। ਪਰ ਉਸਨੇ ਨੌ ਰੁਪਏ ਤਨਖ਼ਾਹ ਦੇਣੀ ਮੰਨੀ। ਬਣਾਏ ਸਕੂਲਾਂ ਨੂੰ ਅੱਗਾਂ ਲੱਗਣ ‘ਤੇ ਵੀ ਮੁੜ ਢਾਂਚਾ ਖੜ੍ਹਾ ਕੀਤਾ ਗਿਆ। ਪ੍ਰਮੇਸ਼ਰਨ ਪਿਲੱਈ ਨਾਂ ਦਾ ਨੌਜਵਾਨ ਅਧਿਆਪਕ ਲੱਗਣ ਲਈ ਰਾਜ਼ੀ ਹੋ ਗਿਆ। ਉਸਦੀ ਜਾਨ ਨੂੰ ਵੀ ਖ਼ਤਰਾ ਸੀ ਇਸ ਲਈ ਪੁਲਿਆਰ ਉਸਨੂੰ ਆਪਣੀ ਹਿਫ਼ਾਜ਼ਤ ਵਿਚ ਸਕੂਲ ਲੈ ਕੇ ਆਉਂਦੇ ਅਤੇ ਆਪਣੀ ਹਿਫ਼ਾਜ਼ਤ ਵਿਚ ਹੀ ਉਸਦੇ ਘਰ ਪਹੁੰਚਾਉਂਦੇ। ਆਇਨਕਾਲੀ ਨੇ ਸਿੱਖਿਆ ਵਿਭਾਗ ਤੋਂ ਸਰਕਾਰੀ ਆਦੇਸ਼ਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦਾ ਪੱਤਰ ਕੱਢਵਾਇਆ। ਅਧਿਕਾਰੀ ਮਿਸ਼ੇਲ ਇਮਾਨਦਾਰੀ ਨਾਲ ਆਦੇਸ਼ ਲਾਗੂ ਕਰਵਾਉਣ ਲਈ ਸਕੂਲਾਂ ਵਿਚ ਗਿਆ ਤਾਂ ਉਸਦੀ ਜੀਪ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਇਸਦੇ ਬਾਵਜੂਦ ਉਹ ਅਗਾਂਹ ਵਧਿਆ। ਨਤੀਜੇ ਵਜੋਂ ਅੱਠ ਪੁਲਿਆਰਾਂ ਨੂੰ ਇਕ ਦਿਨ ਵਿਚ ਦਾਖ਼ਲਾ ਮਿਲਿਆ। ਇਸਦੀ ਇਕ ਵੱਡੀ ਪ੍ਰਾਪਤੀ ਇਹ ਸੀ ਕਿ ਇਕ ਸੋਲ਼ਾਂ ਸਾਲ ਦੇ ਮੁੰਡੇ ਨੂੰ ਪਹਿਲੀ ਜਮਾਤ ਵਿਚ ਦਾਖ਼ਲਾ ਦਿੱਤਾ ਗਿਆ। ਇਹ ਆਇਨਕਾਲੀ ਦੀਆਂ ਮੁਹਿੰਮਾਂ ਦਾ ਅਸਰ ਸੀ ਕਿ 1913 ਤੋਂ 1916 ਵਿਚਾਲੇ ਪਰਾਯਾਤ ਜਾਤੀ ਦੇ ਵਿਦਿਆਰਥੀਆਂ ਦੀ ਗਿਣਤੀ 400% ਅਤੇ ਪੁਲਿਆਰਾਂ ਦੀ ਗਿਣਤੀ 600% ਵਧੀ।
ਵੇਂਗਨੂਰ ਕੇਂਦਰ ਵਿਚ ਕਾਨਫਰੰਸ ਹਾਲ ਦੇ ਨਾਲ ਲਾਇਬ੍ਰੇਰੀ ਦੀ ਉਸਾਰੀ ਵੀ ਕੀਤੀ ਗਈ। ਸੰਘਮ ਦੀਆਂ ਗਤੀਵਿਧੀਆਂ ਵਿਚ ਔਰਤਾਂ ਦੀ ਭੂਮਿਕਾ ਅਹਿਮ ਸੀ। ਉਹ ਘਰ-ਘਰ ਜਾ ਕੇ ਮੁੱਠੀ-ਮੁੱਠੀ ਚਾਵਲ ਇਕੱਠੇ ਕਰਕੇ ਸੰਘਮ ਨੂੰ ਦਿੰਦੀਆਂ। ਇਸ ਤਰ੍ਹਾਂ ਸੰਘਮ ਦਾ ਪ੍ਰਭਾਵ ਖੇਤਰ ਵੀ ਵਧਿਆ ਅਤੇ ਕੰਮ ਦਾ ਖੇਤਰ ਵੀ। ਸੰਘਮ ਅਤੇ ਉਪ-ਸੰਘਮ ਦੇ ਲੋਕ ਹਫ਼ਤੇ ਵਿਚ ਇਕ ਥਾਂ ਇੱਕਠੇ ਹੁੰਦੇ, ਹੋਰ ਫ਼ੈਸਲਿਆਂ ਦੇ ਨਾਲ ਔਰਤਾਂ ਅਰਧ ਚੱਕ੍ਰਮ (ਉਸ ਸਮੇਂ ਦੀ ਮੁਦ੍ਰਾ) ਅਤੇ ਮਰਦ ਇਕ ਚੱਕ੍ਰਮ ਦਾ ਯੋਗਦਾਨ ਪਾਉਂਦੇ। ਇਸ ਤਰ੍ਹਾਂ ਇਕੱਠੇ ਕੀਤੇ ਪੇਸੇ ਤੋਂ ਪੁਲਿਆਰ ਵਿਦਿਆਰਥੀਆਂ ਲਈ ਹੋਸਟਲ ਵੀ ਬਣਾਏ ਗਏ, ਜਿਨ੍ਹਾਂ ਵਿਚੋਂ ਪੜ੍ਹ ਕੇ ਅਨੇਕਾਂ ਵਿਦਿਆਰਥੀ ਉੱਚੀਆਂ ਡਿਗਰੀਆਂ ਪ੍ਰਾਪਤ ਕਰ ਸਕੇ। ਪਰ ਅਫ਼ਸੋਸ ਹੈ ਕਿ ਉਸ ਸਮੇਂ ਦੇ ਕੁੱਝ ‘ਖੁੱਲ੍ਹ ਦਿਲੇ ਪ੍ਰਗਤੀਸ਼ੀਲਾਂ’ ਨੇ ਵੀ ਸਾਰੀਆਂ ਜਾਤਾਂ ਦੇ ਬੱਚਿਆਂ ਨੂੰ ਇਕ ਥਾਂ ਬਿਠਾ ਕੇ ਸਿੱਖਿਆ ਦੇਣ ਦਾ ਵਿਰੋਧ ਕੀਤਾ। ਰਾਮ ਕ੍ਰਿਸ਼ਨ ਪਿਲੱਈ ਦੇ ‘ਸਵਦੇਸ਼ੀ ਅਭਿਮਾਨ’ ਪਤ੍ਰਿਕਾ ਵਿਚ ਛਪੇ ਲੇਖ ਦਾ ਇਹ ਅੰਸ਼ ਬਹੁਤ ਵਿਵਾਦਤ ਰਿਹਾ ਹੈ ਜਿਸ ਵਿਚ ਲਿਖਿਆ ਗਿਆ ਹੈ ”ਜੋ ਲੋਕ ਬਗ਼ੈਰ ਕਿਸੇ ਠੋਸ ਕਾਰਣਾਂ ਦੇ ਅਤੇ ਜਾਤੀ-ਵੰਡ ਨੂੰ ਨਜ਼ਰ-ਅੰਦਾਜ਼ ਕਰਦੇ ਹੋਏ ਜ਼ਿੰਦਗੀ ਦੇ ਹਰ ਖੇਤਰ ‘ਚ ਬਰਾਬਰਤਾ ਦੇ ਅਧਾਰ ‘ਤੇ ਸਾਰੇ ਬੱਚਿਆਂ ਨੂੰ ਇਕ ਕਲਾਸ ਵਿਚ ਵਿਤਕਰੇ ਬਗ਼ੈਰ ਬੈਠਣ ਦੀ ਵਕਾਲਤ ਕਰ ਰਹੇ ਹਨ, ਸਾਨੂੰ ਉਨ੍ਹਾਂ ਦੀ ਦਲੀਲ ਵਿਚ ਕੋਈ ਤਰਕ ਨਜ਼ਰ ਨਹੀਂ ਆਉਂਦਾ…. ਉੱਚੀ ਜਾਤੀ ਦੇ ਬੱਚਿਆਂ ਦਾ ਨੀਵੀਂ ਜਾਤੀ ਦੇ ਬੱਚਿਆਂ ਨਾਲ ਕਲਾਸ ਵਿਚ ਘੁਲ-ਮਿਲ ਜਾਣਾ ਇਕ ਘੋੜੇ ਤੇ ਮੱਝ ਨੂੰ ਇਕ ਥਾਂ ਬੰਨ੍ਹਣ ਦੇ ਬਰਾਬਰ ਹੋਵੇਗਾ। ਕਿਉਂਕਿ ਉੱਚੀ ਜਾਤੀ ਦੇ ਬੱਚੇ ਬੌਧਿਕ ਤੌਰ ‘ਤੇ ਕਈ ਨਸਲਾਂ ਤੋਂ ਸਿੱਖਿਆ ਵਿਚ ਅੱਗੇ ਵਧ ਚੁੱਕੇ ਹਨ ਜਦ ਕਿ ਨੀਵੀਆਂ ਜਾਤੀਆਂ ਦੇ ਬੱਚੇ ਕਈ ਨਸਲਾਂ ਤੋਂ ਸਿੱਖਿਆ ਵਿਚ ਪਿੱਛੇ ਚਲੇ ਆ ਰਹੇ ਹਨ ਅਤੇ ਨਾਲ ਉਹ ਖੇਤਾਂ ਵਿਚ ਧਾਨ ਵੀ ਲਗਾਉਂਦੇ ਰਹੇ ਹਨ।” (ਸਵੈਦੇਸ਼ ਅਭਿਮਾਨੀ, 2 ਮਾਰਚ, 1910) ਇਹ ਮਾਨਸਿਕਤਾ ਸੌ ਸਾਲ ਬਾਅਦ ਵੀ ਬਹੁਤੀ ਨਹੀਂ ਬਦਲੀ। ਹੁਣ ਇਕ ਹੋਰ ਰਾਹ ਨਿਕਲ ਆਇਆ ਹੈ ਕਿ ਉੱਚੀਆਂ ਜਾਤਾਂ ਦੇ ਪੈਸੇ ਵਾਲਿਆਂ ਦੇ ਬੱਚੇ ਪ੍ਰਾਈਵੇਟ ਅਦਾਰਿਆਂ ਵਿਚ ਕਰੋੜਾਂ ਰੁਪਏ ਦੇ ਕੇ ਡਿਗਰੀਆਂ ਹਾਸਲ ਕਰ ਰਹੇ ਹਨ, ਪਰ ਹੇਠਲੀਆਂ ਜਾਤਾਂ-ਜਮਾਤਾਂ ਨੂੰ ਵਿਦਿਅਕ ਖੇਤਰ ਵਿਚੋਂ ਬਾਹਰ ਕੱਢਿਆ ਜਾ ਰਿਹਾ ਹੈ। ਅਖੌਤੀ ਨਵੀਂ ਵਿਦਿਅਕ ਨੀਤੀ ਇਸੇ ਸ਼ੈਤਾਨੀ ਚਾਲ ‘ਚੋਂ ਉਪਜੀ ਹੈ।
ਜਿਵੇਂ ਉੱਪਰ ਦੱਸ ਆਏ ਹਾਂ ਕਿ ਪੁਲਿਆਰ ਔਰਤਾਂ ਨੂੰ ਛਾਤੀਆਂ ਢੱਕਣ ਦੀ ਇਜਾਜ਼ਤ ਨਹੀਂ ਸੀ ਤੇ ਇਸ ਲਈ ਛਾਤੀਆਂ ਢੱਕਣ ਤੇ ਜੁਰਮਾਨਾ ਦੇਣਾ ਪੈਂਦਾ ਸੀ। ਨੰਗੇਲੀ ਨਾਂ ਦੀ ਔਰਤ ਨੇ ਛਾਤੀਆਂ ਢੱਕੀਆਂ ਤਾਂ ਅਧਿਕਾਰੀ ਉਸਤੋਂ ਜੁਰਮਾਨਾ ਉਗਰਾਹੁਣ ਲਈ ਪਹੁੰਚ ਗਿਆ। ਨੰਗੇਲੀ ਵੱਲੋਂ ਬਾਰ-ਬਾਰ ਇਹ ਕਿਹਾ ਗਿਆ ਕਿ ਉਹ ਗਰੀਬ ਹੈ ਤੇ ਜੁਰਮਾਨਾ ਨਹੀਂ ਦੇ ਸਕਦੀ। ਪਰ ਫਿਰ ਵੀ ਜਦੋਂ ਅਧਿਕਾਰੀ ਨਾ ਟਲਿਆ ਤਾਂ ਨੰਗੇਲੀ ਗੁੱਸੇ ਵਿਚ ਅੰਦਰ ਗਈ ਅਤੇ ਆਪਣੀ ਛਾਤੀ ਤਿੱਖੀ ਦਾਤੀ ਨਾਲ ਵੱਢ ਕੇ ਜੁਰਮਾਨੇ ਦੇ ਰੂਪ ਵਿਚ ਕੇਲੇ ਦੇ ਛਿਲਕੇ ‘ਤੇ ਰੱਖ ਕੇ ਪੇਸ਼ ਕਰ ਦਿੱਤੀ । ਇਸ ਘਟਨਾ ਨਾਲ਼ ਕੋਹਰਾਮ ਮਚ ਗਿਆ। ਨੰਗੇਲੀ ਦੀ ਤਾਂ ਓਸੇ ਦਿਨ ਹੀ ਮੌਤ ਹੋ ਗਈ, ਪਰ ਕੇਰਲ ਦੇ ਲੋਕ ਹੁਣ ਤਕ ਨੰਗੇਲੀ ਦੀ ਪੂਜਾ ਕਰਦੇ ਹਨ। ਇਸ ਘਟਨਾ ਨੇ ਇਕ ਨਵੇਂ ਵਿਦਰੋਹ ਨੂੰ ਜਨਮ ਦਿੱਤਾ। ਜਿਸ ਨੂੰ ‘ਸੰਨਾਰ ਲਹਾਲਾ ਉਭੋਵਸਤਰ ਅਧਿਕਾਰ ਵਿਦਰੋਹ’ ਦਾ ਨਾਮ ਦਿੱਤਾ ਜਾਂਦਾ ਹੈ। ਇਕ ਪਾਸੇ ਪੱਥਰ/ਲੋਹੇ/ਪਿੱਤਲ ਦੇ ਆਭੂਸ਼ਣਾਂ ਤੋਂ ਮੁਕਤੀ ਦੀ ਲੜਾਈ ਸ਼ੁਰੂ ਹੋਈ ਤੇ ਦੂਜੇ ਪਾਸੇ ਬਲਾਊਜ਼ ਨਾਲ ਛਾਤੀਆਂ ਢੱਕਣ ਦਾ ਸੰਘਰਸ਼।
ਆਭੂਸ਼ਣਾਂ ਤੋਂ ਮੁਕਤੀ ਦਾ ਇਹ ਸੰਘਰਸ਼ ਆਇਨਕਾਲੀ ਨੇ ਦੱਖਣੀ ਤ੍ਰਵਨਕੋਰ ਦੇ ਨਿਯਤਿੰਕਰ ਦੇ ਸਥਾਨ ਤੋਂ ਸ਼ੁਰੂ ਕੀਤਾ। ਜਿਉਂ ਹੀ ਪਰੰਪਰਾਗਤ ਲੋਹੇ ਆਦਿ ਦੇ ਗਹਿਣੇ ਉਤਾਰਨ ਦਾ ਸਿਲਸਿਲਾ ਸ਼ੁਰੂ ਹੋਇਆ ਅਤੇ ਬਲਾਊਜ਼ ਪਹਿਨਣਾ ਔਰਤਾਂ/ਦਲਿਤਾਂ ਨੇ ਆਰੰਭ ਕੀਤਾ ਤਾਂ ਉੱਚੀ ਜਾਤੀ ਦੇ ਲੋਕ ਫਿਰ ਆਪਣੇ ਅਸਲੀ ਰੂਪ ਵਿਚ ਆ ਗਏ। ਹਥਿਆਰਬੰਦ ਖ਼ੂਨ-ਖ਼ਰਾਬਾ ਹੋਣਾ ਸ਼ੁਰੂ ਹੋ ਗਿਆ। ਓਮ ਪ੍ਰਕਾਸ਼ ਕਸ਼ਯਪ ਨੇ ਆਇਨਕਾਲੀ ਬਾਰੇ ਲਿਖੇ ਲੇਖ ਵਿਚ ਦੱਸਿਆ ਹੈ ਕਿ ਸਥਿਤੀ ਉਸ ਸਮੇਂ ਹੋਰ ਵੀ ਵਿਗੜ ਗਈ ਜਦੋਂ ਸੈਂਟ੍ਰਲ ਟ੍ਰਾਵਨਕੋਰ ਦੇ ਪੁਲਿਆਰ ਨੇਤਾ ਗੋਪਾਲ ਦਾਸ ਨੇ ਔਰਤਾਂ ਦੀ ਇਕ ਸਭਾ ਬੁਲਾ ਕੇ ਉਨ੍ਹਾਂ ਨੂੰ ਆਪਣੇ ਪਰੰਪਰਾਗਤ ਗ਼ੁਲਾਮੀ ਦੇ ਚਿੰਨ੍ਹ, ਗਹਿਣਿਆਂ ਨੂੰ ਲਾਹ ਕੇ ਬਲਾਊਜ਼ ਪਾਉਣ ਲਈ ਉਤਸ਼ਾਹਿਤ ਕੀਤਾ। ਨਤੀਜੇ ਵਜੋਂ ਟ੍ਰਾਵਨਕੋਰ ਵਿਖੇ ਅਨੇਕਾਂ ਥਾਵਾਂ ‘ਤੇ ਖ਼ੂਨੀ ਸੰਘਰਸ਼ ਹੋਏ। ਦਲਿਤ, ਇਥੋਂ ਤਕ ਕਿ ਔਰਤਾਂ ਵੀ ਪਿੱਛੇ ਹੱਟਣ ਲਈ ਤਿਆਰ ਨਹੀਂ ਸਨ। ਦੋਵਾਂ ਪੱਖਾਂ ਦਾ ਭਾਰੀ ਜਾਨੀ ਨੁਕਸਾਨ ਹੋਇਆ। ਅਖੀਰ ਦੋਨਾਂ ਧਿਰਾਂ ਨੂੰ ਸਮਝੌਤੇ ਲਈ ਰਾਜ਼ੀ ਹੋਣਾ ਪਿਆ। ਜਿੱਤ ਆਇਨਕਾਲੀ ਦੀ ਹੋਈ। ਸਰਕਾਰ, ਨਾਇਰਾਂ ਅਤੇ ਆਇਨਕਾਲੀ ਵਿਚਕਾਰ ਹੋਏ ਤਿੰਨ ਧਿਰੀ ਸਮਝੌਤੇ ਤੋਂ ਬਾਅਦ ਕਿਊਲਾਨ ਕਸਬੇ ਵਿਚ ਔਰਤਾਂ ਦੀ ਸਭਾ ਬੁਲਾਈ ਗਈ। ਆਇਨਕਾਲੀ ਅਤੇ ਨਾਇਰ ਚੇਗੰਨਾਚੇਰੀ ਪਰਮੇਸ਼ਰਨ ਪਿਲੱਈ ਦੀ ਹਾਜ਼ਰੀ ਵਿਚ ਸੈਂਕੜੇ ਦਲਿਤ ਔਰਤਾਂ ਨੇ ਗ੍ਰੇਨਾਈਟ ਦੇ ਹਾਰਾਂ ਨੂੰ ਲਾਹ ਦਿੱਤਾ ਅਤੇ ਬਲਾਊਜ਼ ਪਾਏ। ਅਜਿਹੇ ਹੱਕ ਲੈਣ ਦੇ ਸੰਘਰਸ਼ ਨੂੰ ਕਸ਼ਯਪ ਵਰਗੇ ‘ਵਿਦਵਾਨ’ ਦੰਗਿਆਂ ਦਾ ਨਾਮ ਦਿੰਦੇ ਹਨ ਜੋ ਉਚਿਤ ਨਹੀਂ। ਇਸ ਅੰਦੋਲਨ ਨੂੰ ਕੱਲੂਮਾਲਾ ਅੰਦੋਲਨ ਵੀ ਕਿਹਾ ਜਾਂਦਾ ਹੈ।
ਈ. ਐੱਮ. ਐੱਸ. ਨੰਬੂਦਰੀਪਾਦ ਨੇ ਲਿਖਿਆ ਹੈ ਕਿ, ”1907 ਵਿਚ ਆਇਨਕਾਲੀ ਨੇ ਖੇਤ ਮਜ਼ਦੂਰਾਂ ਦੀ ਹੜਤਾਲ ਦੀ ਅਗਵਾਈ ਕੀਤੀ ਸੀ। ਉਨ੍ਹਾਂ ਨੇ ਬਿੱਖਰੇ ਹੋਏ ਅਸੰਗਠਿਤ ਖੇਤ ਮਜ਼ਦੂਰਾਂ ਨੂੰ ਇਕ ਜੁੱਟ ਕਰਕੇ ਸੰਗਠਿਤ ਤਾਕਤ ਵਿਚ ਬਦਲਣ ‘ਚ ਕਾਮਯਾਬੀ ਹਾਸਲ ਕੀਤੀ ਸੀ।” ਕੇਰਲ ਵਿਚ ਇਹ ਹੜਤਾਲ 1913 ਵਿਚ ਹੋਈ ਜਦਕਿ ਟ੍ਰੇਡ ਯੂਨੀਅਨ ਲਹਿਰ ਦੀ ਸ਼ੁਰੂਆਤ ਅਸਰਦਾਰ ਢੰਗ ਨਾਲ ਇੱਥੇ 1920 ਤੋਂ ਬਾਅਦ ਹੋਈ। ਇਸ ਹੜਤਾਲ ਵਿਚ ਪੁਲਿਆਰਾਂ ਤੇ ਦਲਿਤਾਂ ਨੂੰ ਸਕੂਲਾਂ ਵਿਚ ਦਾਖ਼ਲ ਕਰਵਾਉਣ ਦਾ ਸੰਘਰਸ਼ ਵੀ ਜੁੜਿਆ ਹੋਇਆ ਸੀ। ਇਕ ਤਰ੍ਹਾਂ ਨਾਲ ਸਿੱਖਿਆ, ਰੋਜ਼ਗਾਰ ਅਤੇ ਜ਼ਮੀਨ ਵਿਚ ਹਿੱਸੇਦਾਰੀ ਲਈ ਹੀ ਸੀ ਇਹ ਸੰਘਰਸ਼।
ਟ੍ਰਾਵਨਕੋਰ ਵਿਚ ਜ਼ਮੀਨ ਨਾਇਰਾਂ ਕੋਲ ਸੀ। ਆਇਨਕਾਲੀ ਦੀ ਅਗਵਾਈ ਵਿਚ ਖੇਤ ਮਜ਼ਦੂਰਾਂ ਨੇ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਧਾਨ ਦੇ ਖੇਤਾਂ ਵਿਚ ਜਾਣਾ ਬੰਦ ਕਰ ਦਿੱਤਾ। ਚੈਂਥਰਾਸੇਰੀ ਅਨੁਸਾਰ ‘ਪੂਰਾ ਇਕ ਸਾਲ ਖੇਤ ਮਜ਼ਦੂਰਾਂ ਨੇ ਧਾਨ ਦੇ ਖੇਤਾਂ ਵਿਚ ਕਿਸੇ ਵੀ ਕਿਸਮ ਦਾ ਕੰਮ ਕਰਨ ਤੋਂ ਇਨਕਾਰ ਕਰੀ ਰੱਖਿਆ।’ ਇਸਦਾ ਪ੍ਰਭਾਵ ਕਾਂਡਲਾ, ਪਲੀਚਲ, ਮੁਦਾਵਾਪਾਰਾ ਤੋਂ ਵਿਝਿਨਜਮ, ਕਾਨੀਆਪੁਰਮ ਆਦਿ ਤਕ ਪੁੱਜਾ। ਇਸ ਹੜਤਾਲ ਤੋਂ ਪਹਿਲਾਂ ਸੰਘਮ ਦੀਆਂ ਤਿੰਨ ਮੁੱਖ ਮੰਗਾਂ ਸਨ- 1. ਕੰਮ ਦੇ ਦਿਨ 7 ਤੋਂ ਘਟਾ ਕੇ 6 ਘੰਟੇ ਕਰਨਾ, 2. ਕਾਮਿਆਂ ਨੂੰ ਹਫ਼ਤੇ ਵਿਚ ਇਕ ਦਿਨ ਦੀ ਛੁੱਟੀ ਦੇਣਾ ਅਤੇ 3. ਕੰਮ ਦੌਰਾਨ ਕਾਮਿਆਂ ਨਾਲ ਹੁੰਦੇ ਦੁਰਵਿਵਹਾਰ ਤੋਂ ਮੁਕਤੀ। ਪਰ ਹੜਤਾਲ ਸਮੇਂ ਇਸ ਵਿਚ ਹੋਰ ਵੀ ਕਈ ਮੰਗਾਂ ਸ਼ਾਮਲ ਹੋਈਆਂ ਜਿਵੇਂ; ਖੇਤ ਮਜ਼ਦੂਰਾਂ ਲਈ ਦਿਹਾੜੀ ਨਿਰਧਾਰਿਤ ਕਰਨਾ, ਕੰਮ ਦਾ ਸਮਾਂ ਨਿਸ਼ਚਿਤ ਕਰਨਾ, 6 ਦਿਨ ਕੰਮ ਕਰਨ ‘ਤੇ ਇਕ ਦਿਨ ਦੀ ਛੁੱਟੀ, ਮਜ਼ਦੂਰਾਂ ਨੂੰ ਪੱਕੇ ਕਰਨਾ ਅਤੇ ਆਫ਼ ਸੀਜ਼ਨ ਦੀ ਤਨਖ਼ਾਹ ਦੇਣਾ, ਕੋੜੇ ਮਾਰਨੇ ਬੰਦ ਕਰਨਾ, ਬੱਚਿਆਂ ਦਾ ਸਕੂਲਾਂ ਵਿਚ ਦਾਖ਼ਲਾ ਖੋਲ੍ਹਣਾ, ਘੁੰਮਣ-ਫਿਰਨ ਦੀ ਆਜ਼ਾਦੀ ਅਤੇ ਫ਼ਾਲਤੂ ਜ਼ਮੀਨ ਦੀ ਮਜ਼ਦੂਰਾਂ ਵਿਚ ਵੰਡ ਕਰਵਾਉਣਾ ਆਦਿ। ਹੜਤਾਲ ਨੂੰ ਅਸਫ਼ਲ ਕਰਨ ਲਈ ‘ਸਾਮ-ਦਾਮ-ਦੰਡ-ਭੇਦ’ ਆਦਿ ਦੇ ਸਾਰੇ ਹਰਬੇ ਵਰਤੇ ਗਏ। ਇਸ ਦਰਮਿਆਨ ਪੁਲਿਆਰਾਂ ਦੀ ਬਸਤੀ ਨੂੰ ਅੱਗ ਲਾਈ ਗਈ। ਖ਼ੂਨੀ ਟਕਰਾਅ ਵੀ ਹੋਏ, ਪਰ ਹੜਤਾਲ ਨੂੰ ਤੋੜਿਆ ਨਹੀਂ ਜਾ ਸਕਿਆ। ਸੁਆਲ ਪੈਦਾ ਹੁੰਦਾ ਹੈ ਕਿ ਇਹ ਐਨੀ ਲੰਮੀ ਹੜਤਾਲ ਚੱਲੀ ਕਿਵੇਂ? ਇਸ ਦੇ ਆਰਥਿਕ ਸੋਮੇ ਕਿੱਥੋਂ ਆਏ? ਆਇਨਕਾਲੀ ਦੀ ਮਹਿਮਾ ਕਾਰਨ ਉਸਦੇ ਅੰਦੋਲਨ ਵਿਚ ਹੋਰ ਦਲਿਤ ਜਾਤਾਂ ਨੇ ਸਹਿਯੋਗ ਕੀਤਾ ਅਤੇ ਆਪਣੀ ਲੜਾਈ ਨੂੰ ਵੀ ਇਸ ਅੰਦੋਲਨ ਦਾ ਇਕ ਹਿੱਸਾ ਬਣਾਇਆ। ਮਛੁਆਰੇ ਵੀ ਇਸੇ ਕਿਸਮ ਦੇ ਜਾਤ-ਪਾਤੀ ਜ਼ੁਲਮਾਂ ਅਤੇ ਭੇਦ-ਭਾਵ ਦਾ ਸ਼ਿਕਾਰ ਸਨ। ਆਇਨਕਾਲੀ ਨੇ ਮਛੁਆਰਿਆਂ ਨਾਲ ਖੇਤ ਮਜ਼ਦੂਰਾਂ ਨੂੰ ਜੋੜਿਆ। ਉਸਨੇ ਮਛੁਆਰਿਆਂ ਨਾਲ ਸਮਝੌਤਾ ਕੀਤਾ ਜਿਸ ਵਿਚ ਤੈਅ ਹੋਇਆ ਕਿ ਹਰ ਮਛੁਆਰਾ ਇਕ ਪੁਲਿਆਰ ਨੂੰ ਕੰਮ ‘ਤੇ ਰੱਖੇਗਾ ਅਤੇ ਉਸਨੂੰ ਦਿਹਾੜੀ ਦੇਵੇਗਾ। ਇਉਂ ਹੜਤਾਲੀ ਖੇਤ ਮਜ਼ਦੂਰਾਂ ਦਾ ਚੁੱਲ੍ਹਾ ਬਲਦਾ ਰਿਹਾ ਤੇ ਜ਼ਿੰਮੀਂਦਾਰਾਂ (ਨਾਇਰਾਂ) ਨੂੰ ਹਾਰ ਕੇ ਖੇਤ ਮਜ਼ਦੂਰਾਂ ਦੀਆਂ ਸਾਰੀਆਂ ਮੰਗਾਂ ਮੰਨਣ ਲਈ ਮਜ਼ਬੂਰ ਹੋਣਾ ਪਿਆ।
ਇਕ ਮਈ 1886 ਨੂੰ ਸ਼ਿਕਾਗੋ ਵਿਚ ਮਜ਼ਦੂਰ ਸ਼ਹੀਦੀਆਂ ਦੇ ਕੇ ਕੰਮ ਦੇ ਘੰਟੇ ਘੱਟ ਕਰਨ ਦੀ ਲੜਾਈ ਨੂੰ ਸਾਰੀ ਦੁਨੀਆਂ ਵਿਚ ਲੈ ਕੇ ਜਾਂਦੇ ਹਨ, ਆਇਨਕਾਲੀ ਇਨ੍ਹਾਂ ਸਮਾਚਾਰਾਂ ਤੋਂ ਅੰਜਾਣ 1913-14 ਈ. ਵਿਚ ਇਹ ਵੱਡਾ ਮੁੱਦਾ ਲੈ ਕੇ ਇਕ ਸਾਲ ਦੀ ਖੇਤ ਮਜ਼ਦੂਰਾਂ ਦੀ ਹੜਤਾਲ ਦੀ ਅਗਵਾਈ ਕਰਦਾ ਹੈ ਅਤੇ ਜਿੱਤ ਵੀ ਪ੍ਰਾਪਤ ਕਰਦਾ ਹੈ। ਕਿਸਾਨ-ਮੋਰਚੇ ਦੇ ਅੰਦੋਲਨ ਵਿਚ ਜਿਥੇ ਅਸੀਂ ਅਜੀਤ ਸਿੰਘ ਵੱਲੋਂ ਚਲਾਏ ਇਕ ਸਾਲ ਲੰਮੇ ‘ਪਗੜੀ ਸੰਭਾਲ ਜੱਟਾ’ ਅੰਦੋਲਨ ਨੂੰ ਯਾਦ ਕਰਦੇ ਹਾਂ ਤਾਂ ਓਥੇ ਸਾਨੂੰ ਆਇਨਕਾਲੀ ਦੀ ਅਗਵਾਈ ਵਿਚ ਖੇਤ ਮਜ਼ਦੂਰਾਂ, ਪੁਲਿਆਰਾਂ (ਦਲਿਤਾਂ) ਦੀ ਇਕ ਸਾਲ ਲੰਮੀ ਹੜਤਾਲ ਨੂੰ ਵੀ ਨਹੀਂ ਭੁੱਲਣਾ ਚਾਹੀਦਾ ਜੋ 1913 ਤੋਂ ਲੈ ਕੇ 1914 ਤਕ ਚੱਲੀ। ਕੇਰਲ ਵਿਚ ਔੌਰਤਾਂ ਦੀ ਅੱਜ ਜੋ ਸਨਮਾਨਜਨਕ ਸਥਿਤੀ ਹੈ ਉਸ ਪਿੱਛੇ ਆਈਨਕਾਲੀ ਵੱਲੋਂੇ ਚਲਾਏ ਅੰਦੋਲਨ ਦਾ ਬਹੁਤ ਵੱਡਾ ਹੱਥ ਹੈ।
ਆਇਨਕਾਲੀ ਦੇ ਵਿਸ਼ਾਲ ਪ੍ਰਭਾਵ ਕਾਰਨ 1912 ਵਿਚ ਉਸਨੂੰ ਰਾਜ ਦੀ ਵਿਧਾਨ ਸਭਾ ਲਈ ਨਾਮਜ਼ਦ ਕੀਤਾ ਗਿਆ। ਅੰਗ੍ਰੇਜ਼ੀ ਸਾਮਰਾਜ ਅਧੀਨ ਉਹ ਪਹਿਲਾ ਦਲਿਤ ਨੇਤਾ ਸੀ ਜਿਸਨੂੰ ਇਹ ਮਾਣ ਮਿਲਿਆ। ਵਿਧਾਨ ਸਭਾ ਵਿਚ ਰਹਿੰਦਿਆਂ ਆਇਨਕਾਲੀ ਨੇ ਆਪਣੇ ਵਿੱਢੇ ਸਾਰੇ ਕੰਮਾਂ ਨੂੰ ਅਗਾਂਹ ਵਧਾਇਆ। ਵਿਧਾਨ ਸਭਾ ਵਿਚ ਉਠਾਏ ਮਸਲਿਆਂ ਨੂੰ ਉਹ ਜ਼ਮੀਨ ਉੱਪਰ ਉਤਾਰ ਕੇ ਦੰਮ ਲੈਂਦਾ। ਇਥੇ ਉਸਦੇ ਭਾਸ਼ਣ ਦੇ ਕੁੱਝ ਵਾਕ ਦੇਖੇ ਜਾ ਸਕਦੇ ਹਨ। ਆਇਨਕਾਲੀ ਨੇ ਕਿਹਾ, ”ਪੁਲਿਆਰਾਂ ਨੂੰ ਇੰਜੀਨੀਅਰ, ਸਿਹਤ ਅਤੇ ਮੈਡੀਕਲ ਵਿਭਾਗ ਵਿਚ ਭਰਤੀ ਕੀਤਾ ਜਾ ਸਕਦਾ ਹੈ। ਉਨ੍ਹਾਂ ਵਿਚੋਂ ਕਈ ਇਸ ਯੋਗ ਵੀ ਹਨ ਜਿਨ੍ਹਾਂ ਨੂੰ ਸਿੱਖਿਆ ਵਿਭਾਗ ਵਿਚ ਭਰਤੀ ਕੀਤਾ ਜਾ ਸਕਦਾ ਹੈ। ਹਾਲਾਂਕਿ ਪੁਲਿਆਰਾਂ ਨੂੰ ਸੜਕਾਂ ‘ਤੇ ਤੁਰਨ, ਕਾਨੂੰਨ ਦੀ ਮਦਦ ਲੈਣ ਅਤੇ ਅਦਾਲਤ ਜਾਣ ਦੇ ਅਧਿਕਾਰ ਦੇ ਸਬੰਧ ਵਿਚ ਸ਼ਾਹੀ ਆਦੇਸ਼ ਜਾਰੀ ਹੋ ਚੁੱਕਾ ਹੈ, ਇਸਦੇ ਬਾਵਜੂਦ ਉਨ੍ਹਾਂ ਨੂੰ ਰੋਕਿਆ ਜਾ ਰਿਹਾ ਹੈ। ਕੁੱਝ ਲੋਕ ਇਸ ਵਿਚ ਰੋੜੇ ਅਟਕਾ ਰਹੇ ਹਨ। ਸਾਨੂੰ ਰਾਹਤ ਪਹੁੰਚਾਉਣ ਲਈ ਜ਼ਰੂਰੀ ਕਦਮ ਉਠਾਉਣੇ ਚਾਹੀਦੇ ਹਨ।” ਸ੍ਰੀ ਮੂਲਮ ਪ੍ਰਜਾ ਸਭਾ ਵਿਚ ਆਇਨਕਾਲੀ ਨੇ ਜ਼ਮੀਨ ਵੰਡ ਦਾ ਮੁੱਦਾ ਉਠਾਇਆ, ਸਿੱਟੇ ਵਜੋਂ 500 ਪਰਿਵਾਰਾਂ ਨੂੰ 500 ਏਕੜ ਜ਼ਮੀਨ ਦੀ ਵੰਡ ਕੀਤੀ ਗਈ। ਇਕ ਪਰਿਵਾਰ ਲਈ ਇਕ ਏਕੜ।
ਆਇਨਕਾਲੀ ਦੀ ਇਕ ਹੋਰ ਵੱਡੀ ਦੇਣ ਸੀ ਦਲਿਤਾਂ ਲਈ ‘ਸਮਾਜਿਕ ਅਦਾਲਤਾਂ’ ਦਾ ਗਠਨ। ਇਹ ਅੰਗ੍ਰੇਜ਼ਾਂ ਵਰਗੀ ਨਿਆਂ ਪ੍ਰਣਾਲੀ ਸੀ ਪਰ ਬਦਲਵੀਂ ਤੇ ਸਮਾਨਾਂਤਰ। ਇਸਦੀ ਲੋੜ ਕਿਉਂ ਪਈ? ਸਦੀਆਂ ਤੋਂ ਦਲਿਤਾਂ ਨੂੰ ਕਿਸੇ ਤਰ੍ਹਾਂ ਦੇ ਨਿਆਂ ਦੀ ਆਸ ਨਹੀਂ ਸੀ। ਹੁਣ ਅੰਗ੍ਰੇਜ਼ ਕੋਰਟਾਂ ਆਉਣ ਨਾਲ ਵੀ ਉਨ੍ਹਾਂ ਨਾਲ ਵਿਤਕਰਾ ਸਾਫ਼ ਸੀ। ਅਦਾਲਤਾਂ ਦੇ ਸਮੇਂ ਤੋਂ ਬਾਅਦ ਜੱਜ ਬਾਹਰ ਦਰੱਖ਼ਤ ਹੇਠ ਵੱਖਰੀ ਅਦਾਲਤ ਲਾਉਂਦਾ। ਦਲਿਤ ਅਰਦਲੀ ਨੂੰ ਆਪਣੀ ਸ਼ਿਕਾਇਤ ਦੱਸਦਾ ਅਤੇ ਅਰਦਲੀ ਅਗਾਂਹ ਜੱਜ ਤਕ ਫ਼ਰਿਆਦ ਪਹੁੰਚਾਉਂਦਾ ਅਤੇ ਜੱਜ ਆਪਣਾ ਫੈਸਲਾ ਦਿੰਦਾ। ਆਇਨਕਾਲੀ ਨੇ ਵੇਂਗਨੂਰ ਵਿਚ ‘ਸਮੁਦਾਇ ਕੋਟਾਥੀ’ ਸਥਾਪਿਤ ਕੀਤੀ, ਜਿਸਦਾ ਚੀਫ਼ ਜੱਜ ਉਹ ਆਪ ਸੀ। ਹੇਠਾਂ ਇਨ੍ਹਾਂ ਅਦਾਲਤਾਂ ਦੀਆਂ ਸਬ ਅਦਾਲਤਾਂ ਸਥਾਪਿਤ ਕੀਤੀਆਂ ਗਈਆਂ। ਜੇ ਹੇਠਲੀਆਂ ਅਦਾਲਤਾਂ ਵਿਚ ਫ਼ੈਸਲਾ ਨਾ ਹੁੰਦਾ ਤਾਂ ਕੇਸ ਮੁੱਖ ਅਦਾਲਤ ਵਿਚ ਆਉਂਦਾ, ਜੇਲ੍ਹ ਕਰਨ ਦੇ ਫ਼ੈਸਲੇ ਨੂੰ ਛੱਡ ਕੇ ਬਾਕੀ ਸਾਰੇ ਫ਼ੈਸਲੇ ਕੀਤੇ ਜਾਂਦੇ। ਇਉਂ ਦਲਿਤਾਂ ਨੂੰ ਛੇਤੀ ਹੀ ਸਹੀ ਨਿਆਂ ਮਿਲਣ ਲੱਗਾ। ਸਾਂਝੀਆਂ ਅਦਾਲਤਾਂ ਆਉਣ ਤਕ ਇਹ ਅਦਾਲਤਾਂ ਆਪਣਾ ਕੰਮ ਕਰਦੀਆਂ ਰਹੀਆਂ।
1913-14 ਈ. ਦੀ ਲੰਮੀ ਹੜਤਾਲ ਤੇ ਦੂਸਰੀਆਂ ਖ਼ੂਨੀ ਲੜਾਈਆਂ ਨੇ ਕੇਰਲ ਦੇ ਸਾਹਿਤਕ ਤੇ ਸਭਿਆਚਾਰਕ ਜੀਵਨ ਵਿਚ ਬਦਲਾਅ ਲਿਆਉਣੇ ਸ਼ੁਰੂ ਕੀਤੇ। ਏਸੇ ਸਮੇਂ ਵਿਚ ਦਲਿਤ ਲੇਖਨ ਦੀ ਸ਼ੁਰੂਆਤ ਵੀ ਹੁੰਦੀ ਹੈ। ਦਲਿਤਾਂ ਨੂੰ ਇਤਿਹਾਸ ਵਿਚੋਂ ਖ਼ਾਰਿਜ ਕਰਨ ਦਾ ਗਿਲਾ ਤੇ ਕੇਂਦਰ ਵਿਚ ਆਉਣ ਦੀ ਚਾਹ ਦੀ ਪ੍ਰਤੀਕ ਪੋਈਕਾਇਲ ਯੋਹਾੱਨ ਦੀ ਮਲਿਆਲੀ ਕਵਿਤਾ ਸਭ ਤੋਂ ਵਧੇਰੇ ਯਾਦ ਕੀਤੀ ਜਾਂਦੀ ਹੈ-
ਮੈਂ ਪੜ੍ਹੇ ਹਨ ਕਈ ਸੱਭਿਆਤਾਵਾਂ ਦੇ ਇਤਿਹਾਸ
ਖੋਜਿਆ ਹੈ, ਦੇਸ਼ ਪ੍ਰਦੇਸ਼ ਦੇ ਹਰੇਕ ਇਤਿਹਾਸ ਨੂੰ
ਕਿਤੇ ਕੁੱਝ ਨਹੀਂ ਮਿਲਿਆ, ਮੇਰੀ ਜਾਤ ਬਾਰੇ
ਧਰਤੀ ‘ਤੇ ਨਹੀਂ ਹੈ ਕੋਈ ਕਲਮਕਾਰ
ਜੋ ਲਿਖੇ ਮੇਰੀ ਜਾਤੀ ਦਾ ਇਤਿਹਾਸ
ਜਿਸਨੂੰ ਧੱਕ ਦਿੱਤਾ ਗਿਆ ਹੈ ਰਸਾਤਲ ਵਿਚ
ਜੋ ਗੁਆਚ ਚੁੱਕੀ ਹੈ,
ਇਤਿਹਾਸ ਦੀਆਂ ਅਣਮਿਣਵੀਆਂ ਗਹਿਰਾਈਆਂ ਵਿਚ
ਕੁਮਾਰਨ ਆਸਨ ਦੀ ‘ਦੁਰ ਅਵਸਥਾ’ ਨਾਮੀ ਕਵਿਤਾ ਵਿਚ ਕਬੀਰ ਵਰਗੀ ਵਿਦਰੋਹੀ ਧੁਨੀ ਦਿਖਾਈ ਦਿੰਦੀ ਹੈ। ਉਹ ਲਿਖਦਾ
ਹੈ :-
ਕੀ ਜਾਤ ਖ਼ੂਨ ਵਿਚ ਹੁੰਦੀ ਹੈ
ਜਾਂ ਫਿਰ ਕੀ ਇਹ ਹੱਡੀ ਵਿਚ
ਜਾਂ ਹੱਡੀਆਂ ਦੀ ਮਿੱਝ ਵਿਚ?
ਕੀ ਚੰਡਾਲ ਔਰਤ ਦੇ ਸਰੀਰ ‘ਚ
ਬ੍ਰਾਹਮਣ ਦਾ ਬੀਜ ਨਹੀਂ ਪਲ ਸਕਦਾ
ਉਹ ਉਚੇਰਾ ਹੋਕ ਦਿੰਦਿਆਂ ਕਹਿੰਦਾ ਹੈ :
ਬਹਾਦਰੀ ਨਾਲ ਅੱਗੇ ਵਧੋ
ਪੁਰਾਤਨ ਰੀਤਾਂ ਆਪਣੀਆਂ ਨੂੰ
ਦਿਓ ਬਦਲ
ਨਹੀਂ ਤਾਂ ਤੁਹਾਨੂੰ ਹੀ ਕਰ ਦਿੱਤਾ ਜਾਵੇਗਾ ਦਰਕਿਨਾਰ
ਅੰਦੋਲਨਾਂ ਵਿਚ ਜਿੱਤਾਂ ਪ੍ਰਾਪਤ ਕਰਕੇ ਆਇਨਕਾਲੀ ਦਾ ਤੇਜ ਕਈ ਵਿਰੋਧਾਂ ਤੇ ਆਤਮ ਵਿਰੋਧਾਂ ਕਾਰਣ ਮੱਠਾ ਪੈ ਗਿਆ ਪਰ ਉਸਦੇ ਅੰਦੋਲਨ ਨੇ ਕੇਰਲ ਵਿਚ ਬਾਅਦ ਵਿਚ ਚਲੇ ਅੰਦੋਲਨਾਂ ਉੱਪਰ ਨਿੱਗਰ ਪ੍ਰਭਾਵ ਪਾਇਆ। ਕਿਉਂਕਿ ਇਨ੍ਹਾਂ ਅੰਦਲਨਾਂ ਵਿਚ ਸ਼ਾਮਿਲ ਲੋਕ ਕਦੇ ਆਇਨਕਾਲੀ ਦੇ ਸੰਘਮ ਦਾ ਹਿੱਸਾ ਵੀ ਰਹੇ ਸਨ। ਇਸ ਬਾਰੇ ਬਜਰੰਗ ਬਿਹਾਰੀ ਦਾ ਲੇਖ ‘ਆਂਦੋਲਨ ਕਾ ਵਿਸਤਾਰ : ਚੇਰਮਾਰ ਮਹਾਜਨ ਸਭਾ’ ਪੜ੍ਹਿਆ ਜਾ ਸਕਦਾ ਹੈ। (ਕੇਰਲ ਮੇਂ ਸਮਾਜਿਕ ਆਂਦੋਲਨ ਅੋਰ ਦਲਿਤ ਸਾਹਿਤਯ, ਪੰਨੇ : 99-108)
ਜਦੋਂ ਆਇਨਕਾਲੀ ਨੇ ਕੰਮਕਾਰ ਆਪਣੇ ਜਵਾਈ ਕੇਸ਼ਵਨ ਸ਼ਾਸਤਰੀ ਨੂੰ ਸੌਂਪ ਦਿੱਤਾ ਅਤੇ ਆਪ ਲਾਂਭੇ ਹੋ ਗਿਆ ਤਾਂ ਪਰਿਪਲਨ ਸੰਘਮ ਦਾ ਕੰਮ ਢਿੱਲਾ ਪੈ ਗਿਆ ਤੇ ਇਕ ਜਾਤੀ ਵਿਸ਼ੇਸ਼ ਤਕ ਸਿਮਟ ਕੇ ਰਹਿ ਗਿਆ। ਇਹ ਜਾਗਰਣ ਕਾਲ ਵਿਚ ਪੈਦਾ ਹੋਈਆਂ ਸਾਰੀਆਂ ਦਲਿਤ ਲਹਿਰਾਂ ਦਾ ਦੁਖਾਂਤ ਰਿਹਾ ਹੈ ਕਿ ਜਦੋਂ ਇਹ ਉੱਠੀਆਂ ਤਾਂ ਇਨ੍ਹਾਂ ਨੇ ਸਮਾਜ ਦੀਆਂ ਨੀਵੀਆਂ ਸਮਝੀਆਂ ਜਾਂਦੀਆਂ ਸਾਰੀਆਂ ਜਾਤਾਂ ਨੂੰ ਸੰਗਠਿਤ ਹੀ ਨਹੀਂ ਕੀਤਾ ਸਗੋਂ ਉਪਰਲੀਆਂ ਜਾਤਾਂ-ਜਮਾਤਾਂ ਨੂੰ ਵੀ ਆਪਣੇ ਦਾਇਰੇ ਵਿਚ ਲੈ ਆਂਦਾ, ਵੱਡੇ-ਵੱਡੇ ਸੰਘਰਸ਼ ਤੇ ਸੁਧਾਰਕ ਕੰਮ ਕੀਤੇ ਪਰ ਅਖੀਰ ਇਕ ਜਾਤੀ ਵਿਸ਼ੇਸ਼ ਤਕ ਸਿਮਟ ਕੇ ਰਹਿ ਗਈਆਂ।
ਆਇਨਕਾਲੀ ਦਾ ਅੰਦੋਲਨ ਪੁਲਿਆਰਾਂ ਤਕ, ਡਾ. ਅੰਬੇਡਕਰ ਦਾ ਮਹਾਰਾਂ ਤਕ, ਜੋਤੀਬਾ ਫੂਲੇ ਦਾ ਮਾਲੀਆਂ ਤਕ ਅਤੇ ਬਾਬੂ ਮੰਗੂ ਰਾਮ ਦਾ ਪ੍ਰਭਾਵ ਸਾਰੇ ਆਦਿਧਰਮੀਆਂ ਦੀ ਬਜਾਏ ਕੇਵਲ ਚਮੜੇ ਦੇ ਕੰਮ ਨਾਲ਼ ਜੁੜੇ ਲੋਕਾਂ ਤਕ ਸੀਮਤ ਹੋ ਕੇ ਰਹਿ ਗਿਆ। ਅੱਜ ਸੱਤਾ ਵੱਲੋਂ ਕੀਤੇ ਅੱਤਿਆਚਾਰਾਂ ਕਾਰਣ ਅਤੇ ਮੰਨੂੰ ਸਿਮ੍ਰਤੀ ਦੇ ਵਿਧਾਨ ਨੂੰ ਦੁਬਾਰਾ ਜਿਉਂਦੇ ਕਰਨ ਦੇ ਯਤਨਾਂ ਕਰਕੇ ਦਲਿਤ ਦੁਬਾਰਾ ਲਾਮਬੰਦ ਹੋ ਰਹੇ ਹਨ। ਮਾਰਕਸਵਾਦੀ ਆਪਣੀ ਸਵੈ-ਪੜਚੋਲ ਕਰਕੇ ਇਨ੍ਹਾਂ ਵੱਲ ਵਿਸ਼ੇਸ਼ ਧਿਆਨ ਦੇਣ ਲੱਗੇ ਹਨ। ਘੱਟ ਗਿਣਤੀਆਂ ਇਨ੍ਹਾਂ ਨਾਲ ਜੁੜ ਕੇ ਵਿਸ਼ਾਲ ਏਕਤਾ ਬਣਾ ਕੇ ਅਗਾਂਹ ਵਧਣ ਲਈ ਯਤਨਸ਼ੀਲ ਹਨ, ਜਿਸਦੇ ਸਿੱਟੇ ਸਾਰਥਿਕ ਨਿਕਲਦੇ ਨਜ਼ਰ ਆਉਣ ਲੱਗੇ ਹਨ। ਜਿੰਨੀ ਛੇਤੀ ਇਹ ਸ਼ਕਤੀਆਂ ਇਕਮੁੱਠ ਹੋ ਕੇ ਕਾਰਜਸ਼ੀਲ ਹੋਣਗੀਆਂ, ਓਨਾ ਹੀ ਦੇਸ਼ ਲਈ ਚੰਗਾ ਹੋਵੇਗਾ।

Scroll To Top