Now Reading
ਸੰਪਾਦਕੀ ਟਿੱਪਣੀ: ਦਿੱਲੀ ਕਿਸਾਨ ਮੋਰਚਾ; ਪੰਦਰਾਂ ਦਿਹਾੜੇ, ਚਾਰ ਸੱਦੇ, ਚਾਰੋਂ ਬੇਮਿਸਾਲ ਕਾਮਯਾਬ

ਸੰਪਾਦਕੀ ਟਿੱਪਣੀ: ਦਿੱਲੀ ਕਿਸਾਨ ਮੋਰਚਾ; ਪੰਦਰਾਂ ਦਿਹਾੜੇ, ਚਾਰ ਸੱਦੇ, ਚਾਰੋਂ ਬੇਮਿਸਾਲ ਕਾਮਯਾਬ


ਦੇਸ਼ ਦੀ ਕੌਮੀ ਰਾਜਧਾਨੀ ਦਿੱਲੀ ਦੀਆਂ ਹੱਦਾਂ ‘ਤੇ ਚੱਲ ਰਿਹਾ ਕਿਸਾਨ ਮੋਰਚਾ ਪੂਰੀ ਤਰ੍ਹਾਂ ਬਾਜਾਬਤਾ, ਜਮਹੂਰੀ ਲੀਹਾਂ ‘ਤੇ, ਸ਼ਾਂਤ ਪੂਰਨ ਅਗਾਂਹ ਵਧਦਾ ਹੋਇਆ ਨਵਾਂ-ਨਰੋਆ ਇਤਿਹਾਸ ਸਿਰਜ ਰਿਹਾ ਹੈ। ਠੰਢੀਆਂ ਯਖ ਰਾਤਾਂ ਵਿੱਚ, ਤਾਰਿਆਂ ਦੀ ਛਾਵੇਂ, ਇਸ ਮੋਰਚੇ ‘ਤੇ ਡੱਟੇ ਕਿਸਾਨ-ਮਜ਼ਦੂਰ ਯੋਧਿਆਂ, ਮਾਤਾਵਾਂ, ਭੈਣਾਂ, ਮੁਟਿਆਰਾਂ-ਧੀਆਂ ਤੇ ਗੋਦੀ ‘ਚ ਨਿੱਕੜੇ ਬਾਲਾਂ ਵਾਲੀਆਂ ਮਾਵਾਂ ਨੂੰ ਸਭ ਹੱਦਾਂ ਬੰਨੇ ਟੱਪ ਕੇ ਦੇਸ਼ ਦੇ ਹਰ ਕੋਨੇ ਚੋਂ ਮਿਲ ਰਹੇ ਹਰ ਵਰਗ ਦੇ ਸਹਿਯੋਗ, ਪੁੱਜ ਰਹੀ ਬਹੁ ਭਾਂਤੀ ਇਮਦਾਦ ਅਤੇ ਦੁਨੀਆ ਭਰ ਦੇ ਦੇਸ਼ਾਂ ਦੀ ਕਿਰਤ ਸ਼ਕਤੀ ਅਤੇ ਇਨਸਾਫ਼ ਪਸੰਦ ਤਬਕਿਆਂ ਵੱਲੋਂ ਦਿੱਤੇ ਜਾ ਰਹੇ ਅਪਾਰ ਜਨ ਸਮਰਥਨ ਨੇ ਲੋਕਾਈ ਦੇ ਸ਼ਾਨਦਾਰ ਭਵਿੱਖ ਲਈ ਬੜੀਆਂ ਖੂਬਸੂਰਤ ਆਸਾਂ-ਉਮੰਗਾਂ ਜਗਾਈਆਂ ਹਨ।


ਪਰ ਇਸ ਮੋਰਚੇ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਇਹ ਵਰਤਮਾਨ ਦੌਰ ਵਿੱਚ ਦੇਸ਼ ਦੇ ਕਿਰਤੀ ਸੰਗਠਨਾਂ ਦੀ ਦੇਸ਼ ਵਿਆਪੀ ਸਾਂਝੀ ਸੰਗਰਾਮੀ ਸਰਗਰਮੀ ਦੇ ਨਵੇਂ ਕੇਂਦਰ ਵਜੋਂ ਉਭਰਿਆ ਹੈ। ਹਾਲ ਹੀ ਵਿੱਚ ਦਿੱਲੀ ਮੋਰਚੇ ਤੋਂ ਪੰਦਰਾਂ ਦਿਨਾਂ ਦੇ ਵਕਫੇ ਦਰਮਿਆਨ, ਪੰਜ ਤੋਂ ਵੀਹ ਦਸੰਬਰ ਤੱਕ, ਚਾਰ ਦੇਸ਼ ਵਿਆਪੀ ਸੱਦੇ ਦਿੱਤੇ ਗਏ ਅਤੇ ਸਾਰੇ ਹੀ ਸੱਦੇ ਲਾਮਿਸਾਲ ਕਾਮਯਾਬ ਰਹੇ ਹਨ।


ਪੰਜ ਦਸੰਬਰ ਨੂੰ ਦੇਸ਼ ਦੇ ਪਿੰਡਾਂ, ਸ਼ਹਿਰੀ ਮੁਹੱਲਿਆਂ, ਚੌਂਕ-ਚੁਰਾਹਿਆਂ ਅਤੇ ਮਿੱਲ ਗੇਟਾਂ ‘ਤੇ ਮੋਦੀ-ਸ਼ਾਹ ਤੇ ਅਡਾਨੀ-ਅੰਬਾਨੀ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਗਿਆ ਸੀ। ਦੇਸ਼ ਦੀ ਦੌਲਤ ਨੂੰ ਚੂੰਡ ਰਹੇ ਅਤੇ ਕਿਰਤੀ, ਕਿਸਾਨਾਂ, ਮਿਹਨਤੀਆਂ ਦਾ ਲਹੂ ਚੂਸ ਰਹੇ ਅਜਾਰੇਦਾਰ ਘਰਾਣਿਆਂ ਦੀ ਜਿਸ ਵਸੀਹ ਪੈਮਾਨੇ ‘ਤੇ ਇਸ ਐਕਸ਼ਨ ਰਾਹੀਂ ਨਿਸ਼ਾਨਦੇਹੀ ਹੋਈ ਹੈ ਅਤੇ ਜਿਵੇਂ ਇਸ ਦਿਨ ਲੋਕਾਈ ਨੇ ਇਨ੍ਹਾਂ ਵਿਰੁੱਧ ਘਿਰਣਾ ਦਾ ਮੁਜਾਹਰਾ ਕੀਤਾ ਹੈ ਉਹ ਭਵਿੱਖ ਵਿੱਚ ਲਾਜਮੀ ਚੰਗਾ-ਚੋਖਾ ਰੰਗ ਦਿਖਾਏਗਾ। ਜਨ ਸੰਗਠਨਾਂ ਦੇ ਆਗੂਆਂ ਤੇ ਵਰਕਰਾਂ ਦੀਆਂ ਰਿਪੋਰਟਾਂ ਅਨੁਸਾਰ, ਕਿਸੇ ਵੀ ਪਿੰਡ, ਮੁਹੱਲੇ, ਚੌਰਾਹੇ ‘ਚ ਜਾ ਕੇ ਹੋਕਾ ਦੇਣ ਦੀ ਦੇਰ ਸੀ ਕਿ ਲੋਕ ਮਿੰਟੋ-ਮਿੰਟੀ ਇਕੱਤਰ ਹੋਕੇ ਗਲੀਆਂ-ਸੜੀਆਂ ਲੀਰਾਂ ਦੇ ਪੁਤਲੇ ਤਿਆਰ ਕਰ ਲੈਂਦੇ ਸਨ। ਇਨ੍ਹਾਂ ਇਕੱਠਾਂ ਦੀ ਵਿਸ਼ੇਸ਼ਤਾ ਇਹ ਸੀ ਕਿ ਪੁਤਲਾ ਫੂਕਣ ਵਾਲਿਆਂ ਵਿੱਚ ਭਾਰੀ ਗਿਣਤੀ ਨੌਜਵਾਨਾਂ ਤੇ ਔਰਤਾਂ ਸਮੇਤ ਹਰ ਤਬਕੇ ਦੇ ਲੋਕੀਂ ਸ਼ਾਮਲ ਹੋਏ। ”ਸਰਕਾਰੀ ਸਰਪ੍ਰਸਤੀ ਰਾਹੀਂ, ਅਜਾਰੇਦਾਰ ਘਰਾਣਿਆਂ ਵਲੋਂ ਕੀਤੀ ਜਾਂਦੀ ਲੋਕਾਈ ਦੀ ਬੇਲਗਾਮ-ਨਿਰਦਈ ਲੁੱਟ ਖਿਲਾਫ਼ ‘ਬਿਰਲਾ-ਟਾਟਾ ਕੀ ਜਾਗੀਰ ਨਹੀਂ-ਹਿੰਦੋਸਤਾਨ ਹਮਾਰਾ ਹੈ’ ਦਾ ਨਾਅਰਾ ਤਾਂ ਲੋਕ ਪੱਖੀ ਤਾਕਤਾਂ ਵਲੋਂ ’47 ਤੋਂ ਹੀ ਗੁੰਜਾਇਆ ਜਾ ਰਿਹਾ ਹੈ, ਪਰ ਜਿਸ ਤਰ੍ਹਾਂ ਲੋਕਾਈ ਨੇ ਅੱਜ ਦੇ ਦਿਨ ਕਾਰਪੋਰੇਟ ਲੋਟੂਆਂ ਖਿਲਾਫ਼ ਤੀਖਣ ਰੋਹ ਦਾ ਪ੍ਰਗਟਾਵਾ ਕੀਤਾ ਹੈ, ਇਹ ਕਿਸੇ ਕਰਿਸ਼ਮੇ ਤੋਂ ਘੱਟ ਨਹੀਂ।” ਜਮਹੂਰੀ ਅੰਦੋਲਨ ਦੇ ਇਕ ਬਹੁਤ ਸਰਕਰਦਾ ਆਗੂ ਦੀ ਉਕਤ ਟਿੱਪਣੀ 5 ਦਸੰਬਰ ਦੇ ਸੱਦੇ ਦੀ ਲਾਮਿਸਾਲ ਸਫਲਤਾ ਦੀ ਸ਼ਾਹਦੀ ਭਰਦੀ ਹੈ।


ਕੇਵਲ ਤਿੰਨ ਦਿਨਾਂ ਬਾਅਦ, ਅੱਠ ਦਸੰਬਰ ਨੂੰ ਭਾਰਤ ਬੰਦ ਰੱਖਣ ਦੇ ਸੱਦੇ ਨੂੰ ਮਿਲੇ ਹੁੰਗਾਰੇ ਨੇ ਤਾਂ ਹੋਰ ਵੀ ਨਵੇਂ ਮੀਲ ਪੱਥਰ ਸਥਾਪਤ ਕਰ ਦਿੱਤੇ। ਇਸ ਬੰਦ ਦੀ ਤਿਆਰੀ ਕਰਨ ਦਾ ਜਨ ਸੰਗਠਨਾਂ ਨੂੰ ਕੋਈ ਖਾਸ ਸਮਾਂ ਨਹੀਂ ਮਿਲਿਆ। ਪਰ ਦਿੱਲੀ ਕਿਸਾਨ ਮੋਰਚੇ ਦਾ ਲੋਕ ਮਨਾਂ ‘ਤੇ ਪ੍ਰਭਾਵ ਹੀ ਇੰਨਾ ਵਿਆਪਕ ਹੈ ਕਿ ਲੋਕਾਈ ਆਪ ਮੁਹਾਰੇ ਬੰਦ ਵਿੱਚ ਸ਼ਾਮਲ ਹੋਈ। ਸੰਘਰਸ਼ਸ਼ੀਲ ਜਨ ਸੰਗਠਨਾਂ ਦੀ ਤਾਂ ਗੱਲ ਹੀ ਛੱਡੋ, ਧਾਰਮਿਕ, ਸਮਾਜਕ, ਵਪਾਰਕ ਸੰਸਥਾਵਾਂ, ਕਾਰੋਬਾਰੀਆਂ, ਟਰਾਂਸਪੋਰਟਰਾਂ, ਦੋਧੀਆਂ ਆਦਿ ਨੇ ਵੀ ਵਧ ਚੜ੍ਹ ਕੇ ਭਾਗ ਲਿਆ। ਹਾਲਾਤ ਇਥੋਂ ਤੱਕ ਬਣ ਗਏ ਕਿ ਕਈ ਸ਼ਹਿਰਾਂ ਵਿੱਚ ਇਮੀਗ੍ਰੇਸ਼ਨ ਸਲਾਹਕਾਰ ਅਤੇ ਆਇਲੈਟਸ ਕੇਂਦਰਾਂ ਦੇ ਸੰਚਾਲਕਾਂ ਦੀ ਐਸੋਸਇਏਸ਼ਨ ਵੀ ਐਲਾਨੀਆ ਬੰਦ ‘ਚ ਸ਼ਾਮਲ ਹੋਈ। ਇੱਕ ਜਨਤਕ ਕਾਰਕੁੰਨ ਦੀ ਇਹ ਟਿੱਪਣੀ, “ਜੇ ਆਪਾਂ ਨਿੱਠ ਕੇ ਬੰਦ ਦੀ ਤਿਆਰੀ ਕਰਦੇ ਤਾਂ ਵੀ ਸ਼ਾਇਦ ਐਨੀਆਂ ਸੰਸਥਾਵਾਂ ਤੱਕ ਪਹੁੰਚ ਨਾ ਕਰ ਸਕਦੇ”, ਬੰਦ ਦੀ ਸਫਲਤਾ ਦੀ ਦਾਸਤਾਨ ਬਿਆਨ ਕਰਨ ਲਈ ਕਾਫੀ ਹੈ।

ਸੰਯੁਕਤ ਕਿਸਾਨ ਮੋਰਚੇ ਵੱਲੋਂ ਠੀਕ ਛੇ ਦਿਨਾਂ ਬਾਅਦ, ਚੌਦਾਂ ਦਸੰਬਰ ਨੂੰ ਜਿਲ੍ਹਾ ਕੇਂਦਰਾਂ ‘ਤੇ ਵਿਸ਼ਾਲ ਧਰਨਾ-ਪ੍ਰਦਰਸ਼ਨ ਕਰਨ, ਟੋਲ ਪਲਾਜੇ ਫਰੀ ਕਰਨ ਅਤੇ ਅਡਾਨੀ-ਅੰਬਾਨੀ ਦੇ ਮਾਲਜ਼, ਪੈਟਰੋਲ ਪੰਪ ਤੇ ਹੋਰ ਕਾਰੋਬਾਰ ਠੱਪ ਕਰਨ ਦਾ ਸੱਦਾ ਦਿੱਤਾ ਗਿਆ। ਪੰਜਾਬ ਵਿੱਚ ਟੋਲ ਪਲਾਜ਼ੇ ਪਹਿਲਾਂ ਹੀ ਬੰਦ ਹਨ ਅਤੇ ਰਿਲਾਇੰਸ ਦੇ ਪੰਪ, ਮਾਲਜ਼ ਆਦਿ ਵੀ ਘੇਰੇ ਹੋਏ ਹਨ। ਇਸ ਲਈ ਇੱਥੇ ਜਿਲ੍ਹਾ ਕੇਂਦਰਾਂ ‘ਤੇ ਧਰਨਾ ਪ੍ਰਦਰਸ਼ਨ ਹੀ ਹੋਏ। ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦੀ ਆਪ ਮੁਹਾਰੀ ਸ਼ਮੂਲੀਅਤ ਨੇ ਸਭ ਰੀਕਾਰਡ ਮਾਤ ਪਾ ਦਿੱਤੇ। ਇੱਕ ਜਿਲ੍ਹੇ ਦੇ ਧਰਨੇ ਵਿੱਚ ਡੀ ਸੀ ਦਫਤਰ ਦਾ ਸਾਰਾ ਅਮਲਾ ਸ਼ਾਮਿਲ ਹੋਇਆ, ਪਰ ਸਾਰਿਆਂ ਦੇ ਹੱਥਾਂ ਵਿੱਚ ਝੰਡੇ ਕਿਸਾਨ ਜੱਥੇਬੰਦੀਆਂ ਦੇ ਸਨ। ਕਈ ਜਿਲ੍ਹਿਆਂ ਵਿੱਚ ਦੋ-ਦੋ, ਤਿੰਨ-ਤਿੰਨ ਥਾਈਂ ਧਰਨੇ-ਮੁਜਾਹਰੇ ਜੱਥੇਬੰਦ ਕੀਤੇ ਗਏ।
ਦਿੱਲੀ ਮੋਰਚੇ ਤੋਂ, ਵੀਹ ਦਸੰਬਰ ਨੂੰ ਕਿਸਾਨ ਸੰਘਰਸ਼ ਦੌਰਾਨ ਜਾਨਾਂ ਵਾਰਨ ਵਾਲੇ ਸ਼ਹੀਦਾਂ ਨੂੰ ਹਰ ਪਿੰਡ, ਹਰ ਮੁਹੱਲੇ ਵਿੱਚ ਭਰਵੇਂ ਇਕੱਠ ਕਰਕੇ ਸ਼ਰਧਾਂਜਲੀਆਂ ਭੇਂਟ ਕਰਨ ਦਾ ਚੌਥਾ ਸੱਦਾ ਦਿੱਤਾ ਗਿਆ ਸੀ। ਅਣਗਿਣਤ ਪਿੰਡਾਂ-ਕਸਬਿਆਂ ਵਿੱਚ ਹਰ ਵਰਗ, ਹਰ ਜਾਤੀ-ਧਰਮ ਦੇ ਲੋਕਾਂ ਨੇ ਹਰ ਕਿਸਮ ਦੇ ਸਥਾਨਕ ਮਤਭੇਦ ਭੁਲਾ ਕੇ ਗੁਰੂ ਘਰਾਂ ਵਿੱਚ ਸਾਂਝੇ ਤੌਰ ‘ਤੇ ਸ਼ਰਧਾਂਜਲੀ ਭੇਂਟ ਕਰਦੇ ਹੋਏ ਮੋਰਚੇ ਦੀ ਜਿੱਤ ਲਈ ਅਰਦਾਸਾਂ ਕੀਤੀਆਂ। ਸ਼ਹੀਦਾਂ ਦੀਆਂ ਫੋਟੋਆਂ ਵਾਲੇ ਬੈਨਰਾਂ- ਫਲੈਕਸਾਂ ਦਾ ਹੜ੍ਹ ਆਇਆ ਹੋਇਆ ਸੀ। ਅਰਦਾਸਾਂ ਰਾਹੀਂ ਦੇਸ਼ ਦੇ ਸੰਘੀ ਢਾਂਚੇ, ਭਾਈਚਾਰਕ ਸਾਂਝ ਅਤੇ ਲੜਣ ਦੀ ਸ਼ਕਤੀ ਕਾਇਮ ਰਹਿਣ ਦੀਆਂ ਭਾਵਪੂਰਤ ਅਰਜ਼ੋਈਆਂ ਕੀਤੀਆਂ ਗਈਆਂ। ਇੱਕ ਮੋਰਚਾ, ਇੱਕ ਪਖਵਾੜਾ, ਚਾਰ ਦੇਸ਼ ਵਿਆਪੀ ਸੰਘਰਸ਼ੀ ਸੱਦੇ ਤੇ ਚਾਰੇ ਦੇ ਚਾਰੇ ਹੀ ਲਾਮਿਸਾਲ ਕਾਮਯਾਬ। ਤੇ ਲੋਕੀਂ ਹਾਲੇ ਵੀ ਥੱਕੇ ਨਹੀਂ। ਉਤਸੁਕਤਾ ਤੇ ਜੋਸ਼ ਨਾਲ ਲਬਰੇਜ਼ ਅਗਲੇ ਸੱਦੇ ਉਡੀਕ ਰਹੇ ਨੇ। ਕਿਸਾਨ ਸੰਘਰਸ਼ ਦੀਆਂ ਹੋਰ ਨਿੱਗਰ ਪ੍ਰਾਪਤੀਆਂ ਦਾ ਮੁੱਲ ਵੀ ਕੋਈ ਘੱਟ ਨਹੀਂ। ਪ੍ਰੰਤੂ ਸਾਡੀ ਜਾਚੇ ਸਭਨਾਂ ਲੋਕ ਹਿਤੂ ਸੰਗਠਨਾਂ ਨੂੰ ਘੱਟੋ-ਘੱਟ ਸਾਂਝੇ ਪ੍ਰੋਗਰਾਮ ਦੇ ਆਧਾਰ ‘ਤੇ ਇੱਕਜੁੱਟ ਕਰਦਿਆਂ ਸਾਂਝੀ ਸੰਗਰਾਮੀ ਸਰਗਰਮੀ ‘ਚ ਪਾਉਣਾ ਭਵਿੱਖ ਦੇ ਜਮਹੂਰੀ ਅੰਦੋਲਨ ਲਈ ਸਭ ਤੋਂ ਕੀਮਤੀ ਸਬਕ ਤੇ ਅਸਾਸਾ ਹੈ।

-ਮਹੀਪਾਲ

Scroll To Top