Now Reading
ਹਿੰਦੂ ਰਾਸ਼ਟਰ ਬਣਾਉਣ ਲਈ ਘੱਟ ਗਿਣਤੀਆਂ ਦਲਿਤਾਂ ਅਤੇ ਔਰਤਾਂ ‘ਤੇ ਬੇਤਰਾਸ਼ਾ ਜ਼ੁਲਮ ਵਧਿਆ : ਪਾਸਲਾ

ਹਿੰਦੂ ਰਾਸ਼ਟਰ ਬਣਾਉਣ ਲਈ ਘੱਟ ਗਿਣਤੀਆਂ ਦਲਿਤਾਂ ਅਤੇ ਔਰਤਾਂ ‘ਤੇ ਬੇਤਰਾਸ਼ਾ ਜ਼ੁਲਮ ਵਧਿਆ : ਪਾਸਲਾ

ਰਈਆ : ਕੇਂਦਰ ਦੀ ਮੋਦੀ ਤੇ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਮਿਹਤਕਸ਼ ਜਨਸਮੂਹਾਂ ਨੂੰ ਜਥੇਬੰਦ ਕਰਨ ਲਈ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐਮ. ਪੀ. ਆਈ.) ਵਲੋਂ ਇਤਿਹਾਸਕ ਜ਼ਲਿ੍ਹਆਂ ਵਾਲੇ ਬਾਗ ਤੋਂ ਆਰੰਭ ਕੀਤੇ ਜਥੇ ਮਾਰਚ ਦਾ ਪਿੰਡ ਬੁਟਾਰੀ ਸਟੇਸ਼ਨ ਵਿਖੇ ਭਰਵਾਂ ਸਵਾਗਤ ਕੀਤਾ ਗਿਆ| ਜਥੇ ਮਾਰਚ ਦੀ ਅਗਵਾਈ ਪਾਰਟੀ ਦੇ ਕੁਲ ਹਿੰਦ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਕਰ ਰਹੇ ਸਨ| ਬੁਟਾਰੀ ਸਟੇਸ਼ਨ ਵਿਖੇ ਸੰਬੋਧਨ ਕਰਦਿਆਂ ਸਾਥੀ ਪਾਸਲਾ ਨੇ ਕਿਹਾ ਦੇਸ਼ ਦੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਲੋਂ ਮਨਮੋਹਣ ਸਿੰਘ ਦੀ ਸਰਕਾਰ ਵਾਂਗ ਹੀ ਦੇਸ਼ ਦੇ ਕੁਦਰਤੀ ਸਰੋਤ-ਜਲ, ਜੰਗਲ, ਜ਼ਮੀਨ ਖਣਿਜ ਪਦਾਰਥ ਦੇਸੀ ਤੇ ਵਿਦੇਸੀ ਕਾਰਪੋਰੇਟ ਘਰਾਣਿਆਂ ਨੂੰ ਲੁਟਾਏ ਹਨ ਅਤੇ ਨਕਸਲਵਾਦ ਨੂੰ ਠੱਲ੍ਹ ਪਾਉਣ ਦੇ ਨਾਂਅ ‘ਤੇ ਆਦਿ ਵਾਸੀ ਲੋਕਾਂ ‘ਤੇ ਜ਼ੁਲਮ ਕੀਤੇ ਹਨ| ਉਨ੍ਹਾਂ ਕਿਹਾ ਕਿ ਆਰ. ਐਸ. ਐਸ. ਦੇ ਦਿਸ਼ਾ ਨਿਰਦੇਸ਼ਾਂ ਤਹਿਤ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਘੱਟ ਗਿਣਤੀਆਂ ਦਲਿਤਾਂ ਅਤੇ ਔਰਤਾਂ ‘ਤੇ ਬੇਤਰਾਸ਼ਾ ਜ਼ੁਲਮ ਵਧਿਆ ਹੈ|ਪੰਜਾਬ ਦੀ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਬੋਲਦਿਆਂ ਸਾਥੀ ਪਾਸਲਾ ਨੇ ਕਿਹਾ ਕਿ ਚੋਣਾਂ ਦੌਰਾਨ ਕੀਤੇ ਵਾਅਦਿਆਂ ‘ਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ| ਉਨ੍ਹਾਂ ਅਪੀਲ ਕੀਤੀ ਕਿ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਪੁੱਠਾ ਗੇੜਾ ਦੇਣ ਲਈ 10 ਦਸੰਬਰ ਨੂੰ ਜਲੰਧਰ ਰੈਲੀ ‘ਚ ਪਰਿਵਾਰਾਂ ਸਮੇਤ ਪਹੁੰਚਿਆ ਜਾਵੇ| ਇਸ ਮੌਕੇ ਸੂਬਾ ਪ੍ਰਧਾਨ ਸਾਥੀ ਰਤਨ ਸਿੰਘ ਰੰਧਾਵਾ, ਸੂਬਾ ਸਕੱਤਰ ਮੈਂਬਰ ਡਾ: ਸਤਨਾਮ ਸਿੰਘ ਅਜਨਾਲਾ, ਸੂਬਾਈ ਕਮੇਟੀ ਮੈਂਬਰ ਸਾਥੀ ਗੁਰਦਰਸ਼ਨ ਸਿੰਘ ਬੀਕਾ, ਅਮਰੀਕ ਸਿੰਘ ਦਾਊਦ, ਗੁਰਮੇਜ ਸਿੰਘ ਤਿੰਮੋਵਾਲ, ਜ਼ਿਲ੍ਹਾ ਕਮੇਟੀ ਮੈਂਬਰ ਗੁਰਨਾਮ ਸਿੰਘ ਭਿੰਡਰ, ਨਿਰਮਲ ਸਿੰਘ ਛੱਜਲਵੱਡੀ, ਹਰਪ੍ਰੀਤ ਸਿੰਘ ਬੁਟਾਰੀ ਨੇ ਸੰਬੋਧਨ ਕੀਤਾ|

Scroll To Top