ਤਰਨ ਤਾਰਨ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਤਹਿਸੀਲ ਪੱਟੀ ਇਕਾਈ ਦਾ ਜਨਰਲ ਅਜਲਾਸ ਅੱਜ ਗਦਰੀ ਬਾਬਿਆਂ ਦੇ ਨਗਰ ਸੁਰਸਿੰਘ ਵਿੱਚ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਜਥੇਬੰਦੀ ਦੇ ਆਗੂ ਸ਼ਮਸ਼ੇਰ ਸਿੰਘ ਸੁਰਸਿੰਘ ਅਤੇ ਅੰਗਰੇਜ ਸਿੰਘ ਦਿਆਲਪੁਰਾ ਨੇ ਕੀਤੀ।
ਇਜਲਾਸ ਵਿੱਚ ਆਗੂਆਂ ਨੇ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਜਨਤਾ ਨਾਲ ਚੋਣਾਂ ਦੌਰਾਨ ਕੀਤੇ ਵਾਅਦਿਆਂ ਦੀ ਪੂਰਤੀ ਕਰਨ ਤੋਂ ਕੰਨੀ ਕਤਰਾਉਣ ਦੀ ਨਿਖੇਧੀ ਕਰਦਿਆਂ ਨੌਜਵਾਨਾਂ ਦੀ ਵਿਸ਼ਾਲ ਲਾਮਬੰਦੀ ਕੀਤੇ ਜਾਣ ਤੇ ਜ਼ੋਰ ਦਿੱਤਾ|
ਇਸ ਮੌਕੇ ਜਥੇਬੰਦੀ ਦੇ ਆਗੂ ਬਲਦੇਵ ਸਿੰਘ ਪੰਡੋਰੀ ਨੇ ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਵਲੋਂ ਲੋਕਾਂ ਨੂੰ ਧਰਮਾਂ-ਜਾਤਾਂ ਦੇ ਨਾਮ ਤੇ ਵੰਡਣ ਦੀ ਚਲੀ ਜਾ ਰਹੀ ਚਾਲ ਦੀ ਅਲਾਚੋਨਾ ਕੀਤੀ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸੁਲੱਖਣ ਸਿੰਘ ਤੁੜ ਨੇ ਪੰਜਾਬ ਦੀ ਕੈਪਟਨ ਸਰਕਾਰ ਵਲੋਂ ਹਰੇਕ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ, ਬੇਰੁਜ਼ਗਾਰੀ ਭੱਤਾ 2500 ਰੁਪਏ ਦੇਣ ਆਦਿ ਨੂੰ ਵਿਸਾਰ ਕੇ ਨਸ਼ਿਆਂ ਦੇ ਵਹਿਣ ਨੂੰ ਰੋਕੇ ਜਾਣ ਵਿਚ ਵੀ ਅਸਫ਼ਲ ਰਹਿਣ ਦਾ ਦੋਸ਼ ਲਗਾਇਆ| ਇਸ ਮੌਕੇ ਪਾਸ ਕੀਤੇ ਮਤਿਆਂ ਵਿੱਚ ਸਸਤੀ ਵਿਦਿਆ ਦੇਣ, ਰੁਜ਼ਗਾਰ ਦਾ ਪ੍ਰਬੰਧ ਕਰਨ, ਪੁਲੀਸ ਵਧੀਕੀਆਂ ਰੋਕੇ ਜਾਣ ਆਦਿ ਦੀ ਮੰਗ ਕੀਤੀ ਗਈ|
ਇਜਲਾਸ ਵਿੱਚ ਜਥੇਬੰਦੀ ਦੀ ਤਹਿਸੀਲ ਇਕਾਈ ਦੀ ਚੋਣ ਵਿੱਚ ਸ਼ਮਸ਼ੇਰ ਸਿੰਘ ਨੂੰ ਪ੍ਰਧਾਨ, ਅੰਗਰੇਜ ਸਿੰਘ ਦਿਆਲਪੁਰਾ ਨੂੰ ਸਕੱਤਰ, ਗੁਰਜੀਤ ਸਿੰਘ ਗੋਰਾ ਨਾਰਲੀ ਤੇ ਗੁਰਦੀਪ ਸਿੰਘ ਪੂਨੀਆਂ ਨੂੰ ਮੀਤ ਪ੍ਰਧਾਨ, ਰਣਜੀਤ ਸਿੰਘ ਮੱਖੀਕਲਾਂ ਨੂੰ ਸਹਾਇਕ ਸਕੱਤਰ ਅਤੇ ਗੁਰਮਿੰਦਰ ਸਿੰਘ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ|