Now Reading
ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਨ ‘ਤੇ ਨਸ਼ੇ ਦੇ ਖਿਲਾਫ਼ ਅਤੇ ਵਾਤਾਵਰਨ ਦੇ ਬਚਾਓ ਲਈ ਸੈਮੀਨਾਰ 31 ਨੂੰ

ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਨ ‘ਤੇ ਨਸ਼ੇ ਦੇ ਖਿਲਾਫ਼ ਅਤੇ ਵਾਤਾਵਰਨ ਦੇ ਬਚਾਓ ਲਈ ਸੈਮੀਨਾਰ 31 ਨੂੰ

ਗੁਰਾਇਆ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੀ ਜ਼ਿਲ੍ਹਾ ਕਮੇਟੀ ਜਲੰਧਰ ਦੀ ਮੀਟਿੰਗ ਮਨਜਿੰਦਰ ਢੇਸੀ ਦੀ ਪ੍ਰਧਾਨਗੀ ਹੇਠ ਪਿੰਡ ਰੁੜਕਾ ਕਲਾਂ ਦੇ ਦੇਸ਼ ਭਗਤ ਯਾਦਗਾਰ ਹਾਲ ‘ਚ ਹੋਈ, ਜਿਸ ‘ਚ ਆਉਣ ਵਾਲੇ ਦਿਨ੍ਹਾਂ ਦੇ ਪ੍ਰੋਗਰਾਮਾਂ ਦੀ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਪੰਜਾਬ ਦੇ ਦੂਸ਼ਿਤ ਹੋ ਰਹੇ ਵਾਤਾਵਰਨ ਅਤੇ ਨਸ਼ਿਆਂ ਨਾਲ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਦਾ ਸਖਤ ਨੋਟਿਸ ਲੈਦਿਆਂ ਸਭਾ ਦੇ ਜ਼ਿਲ੍ਹਾ ਸਕੱਤਰ ਸਾਥੀ ਅਜੈ ਫਿਲੌਰ ਨੇ ਕਿਹਾ ਕਿ ਚੋਣਾਂ ਦੌਰਾਨ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਇਕ ਮਹੀਨੇ ‘ਚ ਪੂਰੇ ਪੰਜਾਬ ਨੂੰ ਨਸ਼ਾ ਮੁਕਤ ਦਾ ਲਾਰਾ ਲਾ ਕੇ ਸੱਤਾ ਹਾਸਲ ਕਾਰਨ ਵਾਲੀ ਕੈਪਟਨ ਸਰਕਾਰ ਪੂਰੇ ਇਕ ਸਾਲ ਬਾਅਦ ਵੀ ਨਸ਼ਾ ਖਤਮ ਕਰਨ ‘ਚ ਪੂਰੀ ਤਰਾਂ ਨਾਲ ਨਾਕਾਮਯਾਬ ਰਹੀ ਹੈ, ਇਹ ਸਭ ਕੈਪਟਨ ਸਰਕਾਰ ਅਤੇ ਪੁਲਸ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ, ਜਿਸ ਕਾਰਨ ਵੱਡੀ ਗਿਣਤੀ ਪੰਜਾਬ ਦਾ ਨੌਜਵਾਨ ਨਸ਼ੇ ਦੀ ਦਲਦਲ ‘ਚ ਧਸਦਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੇ ਹਾਕਮਾਂ ਨੇ ਕਾਰਪੋਰੇਟ ਘਰਾਣਿਆ ਨੂੰ ਮੁਨਾਫੇ ਦੇਣ ਲਈ ਇਥੋਂ ਦੇ ਪਾਣੀਆਂ ਨੂੰ ਗੰਦਲਾ ਕੀਤਾ ਹੈ, ਜਿਸ ਕਾਰਨ ਪੂਰਾ ਪੰਜਾਬ ਕੈਂਸਰ ਦਾ ਗੜ੍ਹ ਬਣਦਾ ਜਾ ਰਿਹਾ ਹੈ। ਇਸ ਵਧਦੇ ਨਸ਼ੇ ਅਤੇ ਜਲ ਪ੍ਰਦੂਸ਼ਣ ਦੇ ਖਿਲਾਫ਼ ਸਭਾ ਵਲੋਂ ਪੂਰੇ ਪੰਜਾਬ ‘ਚ 1 ਜੁਲਾਈ ਤੋਂ ਲੈ ਕੇ 30 ਜੁਲਾਈ ਤੱਕ ਪੌਦੇ ਲਗਾ ਕੇ ਨੌਜਵਾਨਾਂ ਨੂੰ ਵਾਤਾਵਰਣ ਪ੍ਰਤੀ ਸੁਚੇਤ ਕੀਤਾ ਜਾਵੇਗਾ ਅਤੇ ਨਸ਼ਿਆ ਦੇ ਖਿਲਾਫ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਸੁਨਾਮ ਦੇ ਜੱਦੀ ਸ਼ਹਿਰ ਸੁਨਾਮ ਵਿਖੇ ਸੈਮੀਨਾਰ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਨਜਿੰਦਰ ਢੇਸੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ-ਵਿਦਿਆਰਥੀਆਂ ਨੂੰ ਕੈਪਟਨ ਸਰਕਾਰ ਨੇ ਚੋਣਾਂ ਦੌਰਾਨ ਕੀਤੇ ਵਾਅਦੇ ਹਰੇਕ ਵਿਦਿਆਰਥੀ ਨੂੰ ਮੁਫਤ ਸਿਖਿਆ ਅਤੇ ਲੜਕੀਆ ਨੂੰ ਪੀ.ਐਚ.ਡੀ. ਤੱਕ ਮੁਫਤ ਸਿਖਿਆ, ਹਰ ਘਰ ਸਰਕਾਰੀ ਨੌਕਰੀ, ਹਰ ਬੇਰੁਜਗਾਰ ਨੌਜਵਾਨ ਨੂੰ 2500 ਰੁਪਏ ਬੇਰੁਜਗਾਰੀ ਭੱਤਾ ਆਦਿ ਵਾਅਦਿਆਂ ਨੂੰ ਅਜੇ ਤੱਕ ਅਮਲੀ ਰੂਪ ਨਹੀਂ ਦਿੱਤਾ ਗਿਆ, ਜਿਸ ਲਈ ਸਭਾ ਵਲੋਂ ਇਨ੍ਹਾਂ ਮੁੱਦਿਆ ਦੀ ਪ੍ਰਾਪਤੀ ਲਈ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ‘ਕਦੋਂ ਮਿਲੂ ਸਾਨੂੰ ਰੁਜ਼ਗਾਰ, ਕੈਪਟਨ ਸਰਕਾਰ ਦੇਵੇ ਜਵਾਬ’ ਦੇ ਨਾਅਰੇ ਹੇਠ ਪੂਰੇ ਪੰਜਾਬ ਦੀ ਜਵਾਨੀ ਨੂੰ ਖਟਕੜ ਕਲਾਂ ਇਕੱਠਾ ਕਰਕੇ ਉਥੇ ਪੁੱਜਣ ਵਾਲੇ ਕਾਂਗਰਸੀ ਲੀਡਰਾਂ ਨੂੰ ਇਸ ਸਬੰਧੀ ਸਵਾਲ ਕਰੇਗੀ। ਇਸ ਮੌਕੇ ਮੱਖਣ ਸੰਗਰਾਮੀ, ਗੁਰਦੀਪ ਗੋਗੀ, ਜੱਸਾ ਰੁੜਕਾ, ਵਿਜੈ ਰੁੜਕਾ, ਰਿੱਕੀ ਮਿਉਵਾਲ, ਦਲਵਿੰਦਰ ਕੁਲਾਰ, ਭਾਰਤੀ ਮਾਹੂੰਵਾਲ, ਜਰਨੈਲ ਜੈਲੀ ਆਦਿ ਉਚੇਚੇ ਤੌਰ ‘ਤੇ ਹਾਜ਼ਰ ਸਨ।

Scroll To Top