Now Reading
ਕੇਂਦਰੀ ਬਜਟ ਅਤੇ ਥਰਮਲ ਪਲਾਂਟ ਦੇ ਵਿਰੋਧ ਵਿੱਚ ਜੇਪੀਐਮਓ ਵੱਲੋਂ ਅਰਥੀ ਫੂਕੀ

ਕੇਂਦਰੀ ਬਜਟ ਅਤੇ ਥਰਮਲ ਪਲਾਂਟ ਦੇ ਵਿਰੋਧ ਵਿੱਚ ਜੇਪੀਐਮਓ ਵੱਲੋਂ ਅਰਥੀ ਫੂਕੀ

ਤਲਵਾੜਾ- ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇਪੀਐਮਓ) ਦੇ ਬੈਨਰ ਹੇਠਾਂ ਮੁਲਾਜ਼ਮ, ਮਜ਼ਦੂਰ, ਕਿਸਾਨ, ਨੌਜਵਾਨ, ਵਿਦਿਆਰਥੀਆਂ ਦੀਆਂ ਜਥੇਬੰਦੀਆਂ ਦੇ ਆਗੂਆਂ ਨੇ ਕੇਂਦਰੀ ਬਜਟ ਅਤੇ ਥਰਮਲ ਪਲਾਂਟ ਬੰਦ ਕਰਨ ਦੇ ਵਿਰੋਧ ‘ਚ ਅੱਜ ਇੱਥੇ ਅਰਥੀ ਫ਼ੂਕ ਕੇ ਰੋਸ ਮੁਜ਼ਾਹਰਾ ਕੀਤਾ। ਇਸ ਤੋਂ ਪਹਿਲਾਂ ਪੈਨਸ਼ਨਰਜ਼ ਐਸੋਸੀਏਸ਼ਨ ਦੇ ਤਹਿਸੀਲ ਪ੍ਰਧਾਨ ਗਿਆਨ ਸਿੰਘ ਗੁਪਤਾ ਅਤੇ ਬਿਸ਼ਨ ਦਾਸ ਸੰਧੂ ਦੀ ਅਗਵਾਈ ਹੇਠ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਰੋਸ ਧਰਨਾ ਦਿੱਤਾ ਗਿਆ। ਜਿਸ ਵਿੱਚ ਪਸ ਸਫ਼ ਆਗੂ ਰਾਜੀਵ ਸ਼ਰਮਾ, ਵਰਿੰਦਰ ਵਿੱਕੀ, ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਕਾ. ਸਵਰਨ ਸਿੰਘ, ਮੁਲਾਜ਼ਮ ਆਗੂ ਜਸਵੀਰ ਤਲਵਾੜਾ, ਨਰੇਸ਼ ਮਿੱਡਾ, ਨੌਜਵਾਨ ਆਗੂ ਦੀਪਕ ਜਰਿਆਲ, ਅਮਰਿੰਦਰ ਢਿੱਲੋਂ ਆਦਿ ਨੇ ਕੇਂਦਰੀ ਬਜਟ ਨੂੰ ਕਾਰਪੋਰੇਟ ਪੱਖੀ ਬਜਟ ਕਰਾਰ ਦਿੰਦੇ ਹੋਇਆਂ ਲੋਕ ਮਾਰੂ ਦੱਸਿਆ। ਬੁਲਾਰਿਆਂ ਨੇ ਕਿਹਾ ਕਿ ਬਜਟ ‘ਚ ਗ਼ਰੀਬਾਂ, ਮਜ਼ਦੂਰਾਂ, ਮੁਲਾਜ਼ਮਾਂ, ਕਿਸਾਨਾਂ, ਛੋਟੇ ਕਾਰੋਬਾਰੀਆਂ ਆਦਿ ਨੂੰ ਬਿਲਕੁਲ ਨਜ਼ਰਅੰਦਾਜ਼ ਕੀਤਾ ਗਿਆ ਹੈ, ਜਦਕਿ ਸਿੱਖਿਆ ਵਰਗੇ ਅਹਿਮ ਖੇਤਰ ਦੇ ਬਜਟ ‘ਚ ਕਟੌਤੀ ਕਰਕੇ ਸਰਕਾਰ ਨੇ ਆਪਣੀ ਨੀਅਤ ਸਪਸ਼ਟ ਕਰ ਦਿੱਤੀ ਹੈ। ਆਗੂਆਂ ਨੇ ਪਿਛਲੇ ਤਜਰਬਿਆਂ ਦਾ ਹਵਾਲਾ ਦਿੰਦੇ ਹੋਇਆਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਸਿਹਤ ਸੈਕਟਰ ‘ਚ ਕੀਤੇ ਐਲਾਨਾਂ ਦਾ ਲਾਭ ਬੀਮਾ ਕੰਪਨੀਆਂ ਅਤੇ ਧਨਾਢਾਂ ਨੂੰ ਹੀ ਹੋਵੇਗਾ, ਜਦਕਿ ਆਮ ਲੋਕਾਂ ਨੂੰ ਕੋਈ ਸਹੂਲਤ ਨਹੀਂ ਹੋਵੇਗੀ। ਬੁਲਾਰਿਆਂ ਨੇ ਸਰਕਾਰ ਦੇ ਪੰਜ ਸਾਲ ਤੋਂ ਖ਼ਾਲੀ ਪਈਆਂ ਪੋਸਟਾਂ ਨੂੰ ਖ਼ਤਮ ਕਰਨ ਦੇ ਫ਼ੈਸਲੇ ਦੀ ਵੀ ਤਿੱਖੇ ਸ਼ਬਦਾਂ ‘ਚ ਨੁਕਤਾਚੀਨੀ ਕੀਤੀ। ਇਸ ਮੌਕੇ ਗਿਆਨ ਸਿੰਘ ਗੁਪਤਾ ਅਤੇ ਬਿਸ਼ਨ ਦਾਸ ਸੰਧੂ ਨੇ ਪੰਜਾਬ ਸਰਕਾਰ ‘ਤੇ ਹਮਲੇ ਕਰਦਿਆਂ ਕੈਪਟਨ ਸਰਕਾਰ ਦੇ ਬਠਿੰਡਾ ਵਿਖੇ ਸਰਕਾਰੀ ਥਰਮਲ ਪਲਾਂਟ ਨੂੰ ਬੰਦ ਕਰਨ ਦੇ ਫ਼ੈਸਲੇ ਦਾ ਡਟਵਾਂ ਵਿਰੋਧ ਕੀਤਾ।।ਆਗੂਆਂ ਨੇ ਕਿਹਾ ਕਿ ‘ਘਰ-ਘਰ ਨੌਕਰੀ ਦੇਣ’ ਦੇ ਵਾਅਦੇ ਨਾਲ ਸੱਤਾ ‘ਚ ਆਈ ਕਾਂਗਰਸ ਸਰਕਾਰ 10 ਮਹੀਨਿਆਂ ਦੇ ਕਾਰਜਕਾਲ ‘ਚ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਜਨਤਕ ਅਦਾਰੇ ਬੰਦ ਕਰ ਬੇਰੁਜ਼ਗਾਰ ਕਰਨ ਦੇ ਰਾਹ ‘ਤੇ ਤੁਰ ਪਈ ਹੈ। ਇਸ ਉਪਰੰਤ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਮੇਨ ਬੱਸ ਸਟੈਂਡ ਤੱਕ ਰੋਸ ਰੈਲੀ ਕੱਢੀ ਅਤੇ ਸਰਕਾਰ ਦੀ ਅਰਥੀ ਫ਼ੂਕ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਯਾਦਵਿੰਦਰ ਹਲੇੜ੍ਹ, ਰਾਜ ਕੁਮਾਰ ਦੌਸੜਕਾ, ਦਵਿੰਦਰ ਸਿੰਘ, ਕਾ.ਖੁਸ਼ੀ ਰਾਮ, ਰਾਜਿੰਦਰ ਪ੍ਰਸ਼ਾਦ, ਕਾ.ਪਿਆਰਾ ਸਿੰਘ ‘ਪਰਖ’, ਕੇ.ਕੇ.ਸ਼ਰਮਾ, ਕਿਸ਼ੋਰੀ ਲਾਲ ਹਲੇੜ੍ਹ, ਕੇ.ਸੀ.ਪਰਮਾਰ, ਉੱਤਮ ਸਿੰਘ ਬੰਸੀਆ, ਕਾ.ਯੁਗਰਾਜ ਸਿੰਘ, ਬਲਵਿੰਦਰ ਕੁਮਾਰ ਬਿੱਟੂ ਆਦਿ ਮੌਜੂਦ ਸਨ।

Scroll To Top