
ਜਲੰਧਰ – ਸਾਲ 2018-19 ਦਾ ਕੇਂਦਰੀ ਬਜਟ ਲੋਕਾਂ ਨੂੰ ਦਰਪੇਸ਼ ਬੁਨਿਆਦੀ ਮਸਲਿਆਂ ਜਿਵੇਂ ਮਹਿੰਗਾਈ, ਬੇਕਾਰੀ, ਖੇਤ ਮਜ਼ਦੂਰਾਂ ਤੇ ਕਿਸਾਨਾਂ ਸਿਰ ਕਰਜ਼ਿਆਂ ਦਾ ਭਾਰ ਇਤਿਆਦਿ ਬਾਰੇ ਪੂਰੀ ਤਰ੍ਹਾਂ ਖਾਮੋਸ਼ ਹੈ, ਜਿਸ ਨਾਲ ਭਾਰਤੀ ਲੋਕਾਂ ਨੂੰ ਆਉਣ ਵਾਲੇ ਸਮੇਂ ਵਿਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਹੋਵੇਗਾ। ਕੇਂਦਰੀ ਖਜ਼ਾਨਾ ਮੰਤਰੀ ਅਰੁਣ ਜੇਤਲੀ ਦੁਆਰਾ ਪੇਸ਼ ਕੀਤਾ ਸਾਲਾਨਾ ਕੇਂਦਰੀ ਬਜਟ ਅਸਲ ਵਿਚ ਭਾਜਪਾ ਆਗੂਆਂ ਵਲੋਂ ‘ਜੁਮਲਿਆਂ’ ਸਦਕਾ ਜਨਤਾ ਨਾਲ ਕੀਤੇ ਧੋਖਿਆਂ ਦੀ ਹੀ ਇਕ ਹੋਰ ਤਸਵੀਰ ਹੈ, ਜਿਸ ਵਿਚ 75 ਲੱਖ ਨੌਕਰੀਆਂ ਦੇਣ ਤੇ 2022 ਤੱਕ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਵਰਗਾ ਕੁਫਰ ਤੋਲਿਆ ਗਿਆ ਹੈ। ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਵਿਚ ਕੋਈ ਕਮੀ ਨਾ ਕਰਕੇ ਇਸ ਬਜਟ ਵਿਚ ‘ਲੋਕਾਂ’ ਨਾਲ ਵੱਡਾ ਧੋਖਾ ਕੀਤਾ ਗਿਆ ਹੈ। ਇਕ ਪ੍ਰੈਸ ਬਿਆਨ ਵਿਚ ਇਹ ਟਿੱਪਣੀ ਆਰ.ਐਮ.ਪੀ.ਆਈ. ਦੇ ਕੁਲ ਹਿੰਦ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਤੇ ਸੂਬਾਈ ਸਕੱਤਰ ਸਾਥੀ ਹਰਕੰਵਲ ਸਿੰਘ ਨੇ ਕੀਤੀ। ਕਿਸਾਨੀ ਜਿਣਸਾਂ ਦੀ ਘੱਟੋ ਘੱਟ ਸਹਾਇਕ ਕੀਮਤ ($SP) ਨਿਰਧਾਰਤ ਕਰਨ ਬਾਰੇ ਕੇਂਦਰੀ ਬਜਟ ਵਿਚ ਦਿੱਤੇ ਵਿਸ਼ਵਾਸ਼ ਨਾਲ ਕਿਸਾਨਾਂ ਨੂੰ ਨਾ ਹੀ ਫਸਲਾਂ ਦਾ ਪੂਰਾ ਮੁੱਲ ਮਿਲੇਗਾ ਤੇ ਨਾ ਹੀ ਕਰਜਿਆਂ ਦੀ ਪੰਡ ਹਲਕੀ ਹੋਵੇਗੀ, ਕਿਉਂਕਿ ਫਸਲਾਂ ਦੀ ਲਾਗਤ ਕੀਮਤਾਂ ਨਿਰਧਾਰਤ ਕਰਨ ਦਾ ਫਾਰਮੂਲਾ ਹੀ ਨੁਕਸਦੇਹ ਹੈ। ਕਿਰਤੀ ਲੋਕਾਂ ਦੀਆਂ ਜੀਵਨ ਹਾਲਤਾਂ ਸੁਧਾਰਨ, ਘੱਟੋ ਘੱਟ ਉਜਰਤਾਂ ਵਧਾਉਣ ਤੇ ਕਰੋੜਾਂ ਦੀ ਗਿਣਤੀ ਬੇਕਾਰ ਹੱਥਾਂ ਨੂੰ ਕੰਮ ਦੇਣ ਵੱਲ ਇਸ ਬਜਟ ਵਿਚ ਉਕਾ ਹੀ ਕੋਈ ਧਿਆਨ ਨਹੀਂ ਦਿੱਤਾ ਗਿਆ। ਆਰ.ਐਮ.ਪੀ.ਆਈ. ਸਮਝਦੀ ਹੈ ਕਿ ਹੇਠਲੀ ਤੇ ਦਰਮਿਆਨੀ ਜਮਾਤ ਦੀਆਂ ਉਮੀਦਾਂ ਉਤੇ ਇਸ ਬਜਟ ਨੇ ਪੂਰੀ ਤਰ੍ਹਾਂ ਪਾਣੀ ਫੇਰ ਦਿੱਤਾ ਹੈ। ਮੁਫਤ, ਮਿਆਰੀ ਤੇ ਬਰਾਬਰ ਵਿਦਿਆ ਤੇ ਸਿਹਤ ਸਹੂਲਤਾਂ ਲਈ ਸਰਕਾਰ ਨੇ ਲੋੜੀਂਦੇ ਸਾਧਨ ਨਹੀਂ ਜੁਟਾਏ। ਕੇਂਦਰੀ ਬਜਟ ਪਿਛਲੇ ਝੂਠੇ ਵਾਅਦਿਆਂ ਵਾਂਗ ਭਾਜਪਾ ਵਲੋਂ ਲੋਕਾਂ ਨਾਲ ਇਹ ਇਕ ਧੋਖੇ ਭਰਿਆ ਇਕ ਹੋਰ ਕੋਝਾ ਮਜ਼ਾਕ ਹੈ। ਸਰਕਾਰੀ ਪੂੰਜੀ ਨਿਵੇਸ਼ ਵਿਚ ਵਾਧਾ ਕਰਨ ਦੀ ਥਾਂ ਪਬਲਿਕ ਸੈਕਟਰ ਨੂੰ ਹੋਰ ਤੇਜ਼ੀ ਨਾਲ ਨਿੱਜੀ ਹੱਥਾਂ ਦੇ ਹਵਾਲੇ ਕਰਨ ਦੀਆਂ ਬਜਟ ਵਿਚਲੀਆਂ ਤਜਵੀਜਾਂ ਮੋਦੀ ਸਰਕਾਰ ਦੇ ਲੋਕ ਮਾਰੂ ਕਿਰਦਾਰ ਨੂੰ ਹੀ ਜਗ ਜਾਹਰ ਕਰਦੀਆਂ ਹਨ। ਸਰਕਾਰ ਵਲੋਂ ਕਾਰਪੋਰੇਟ ਘਰਾਣਿਆਂ ਤੇ ਦੂਸਰੇ ਵੱਡੇ ਧਨਵਾਨਾਂ ਦੇ ਹਿੱਤ ਪਾਲਣ ਲਈ ਨਿੱਜੀਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨਾ ਦਰਸਾਉਂਦਾ ਹੈ ਕਿ ਇਸ ਬਜਟ ਨਾਲ ਗਰੀਬ ਲੋਕਾਂ ਨੂੰ ਕੋਈ ਰਾਹਤ ਮਿਲਣ ਦੀ ਥਾਂ ਅਮੀਰਾਂ ਤੇ ਗਰੀਬਾਂ ਵਿਚਲਾ ਪਾੜਾ ਹੋਰ ਵਧੇਗਾ। ਸਾਥੀ ਪਾਸਲਾ ਤੇ ਹਰਕੰਵਲ ਸਿੰਘ ਨੇ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ ਤੇ ਦੂਸਰੇ ਮੱਧ ਵਰਗੀ ਲੋਕਾਂ ਨੂੰ ਇਨ੍ਹਾਂ ਲੋਕਾਂ ਮਾਰੂ ਬਜਟ ਤਜਵੀਜਾਂ ਵਿਰੁੱਧ ਜਨਤਕ ਘੋਲਾਂ ਨੂੰ ਹੋਰ ਤਿੱਖਾ ਕਰਨ ਦਾ ਸੱਦਾ ਦਿੱਤਾ ਹੈ। ਆਰ.ਐਮ.ਪੀ.ਆਈ. 5 ਫਰਵਰੀ ਨੂੰ ਸੂਬੇ ਭਰ ਵਿਚ ”ਬਜਟ ਵਿਰੋਧੀ ਦਿਵਸ” ਮਨਾਏਗੀ, ਜਿਸ ਦਿਨ ਲੋਕਾਂ ਦੇ ਵੱਡੇ ਇਕੱਠ ਕਰਕੇ ਮੋਦੀ ਸਰਕਾਰ ਦੇ ਪੁਤਲੇ ਸਾੜੇ ਜਾਣਗੇ।