ਜਲੰਧਰ : ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਲਗਾਤਾਰ ਹੋਈ ਬਾਰਸ਼ ਨਾਲ ਕਿਸਾਨਾਂ ਦੀਆਂ ਖਰਾਬ ਹੋਈਆਂ ਫ਼ਸਲਾਂ ਲਈ ਪੰਜਾਬ ਸਰਕਾਰ ਕੋਲੋਂ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਕੇ ਮੁਆਵਜਾ ਜਾਰੀ ਕਰਨ ਦੀ ਮੰਗ ਕੀਤੀ ਹੈ। ਅੱਜ ਇੱਥੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਹੋਈ ਸੂਬਾ ਕਮੇਟੀ ਦੀ ਮੀਟਿੰਗ ਤੋਂ ਬਾਅਦ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸਭਾ ਦੇ ਸੂਬਾਈ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਦੱਸਿਆ ਕਿ ਬਾਰਸ਼ ਨਾਲ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ, ਝੋਨਾ, ਮੱਕੀ, ਨਰਮਾ, ਗੰਨਾ, ਸਬਜ਼ੀਆਂ, ਹਰਾ ਚਾਰਾ ਆਦਿ ਫ਼ਸਲਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ।।ਹੜ੍ਹ ਰੋਕੂ ਪ੍ਰਬੰਧ ਸਰਕਾਰ ਦੇ ਕਿਤੇ ਵੀ ਨਜ਼ਰ ਨਹੀਂ ਆਏ,।ਨਿਕਾਸੀ ਨਾਲੇ, ਰੋਈਆਂ, ਸੜਕਾਂ ਹੇਠ ਬਣੀਆਂ ਪੁਲੀਆਂ ਬੰਦ ਹੋਣ ਅਤੇ ਥਾਂ ਥਾਂ ਰੁਕਾਵਟਾਂ ਹੋਣ ਕਾਰਨ ਫ਼ਸਲਾਂ ਦਾ ਜ਼ਿਆਦਾ ਨੁਕਸਾਨ ਹੋਇਆ ਹੈ। ਸਾਥੀ ਸੰਧੂ ਨੇ ਕਿਹਾ ਕਿ ਕਿਸਾਨੀ ਮਸਲਿਆਂ ਝੋਨੇ ਦੇ ਪੂਰੇ ਭਾਅ, ਸਰਕਾਰੀ ਖਰੀਦ, ਪਰਾਲੀ ਸਾੜਨ ਸਬੰਧੀ ਅਤੇ ਕਿਸਾਨੀ ਸਿਰ ਚੜ੍ਹੇ ਕਰਜ਼ੇ ਆਦਿ ਵਾਸਤੇ ਸੰਘਰਸ਼ ਦਾ ਪ੍ਰੋਗਰਾਮ ਉਲੀਕਣ ਲਈ 4 ਅਕਤੂਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾਈ ਕਨਵੈਨਸ਼ਨ ਕੀਤੀ ਜਾਵੇਗੀ। ਕਿਸਾਨ ਆਗੂ ਨੇ ਦੱਸਿਆ ਕਿ ਕਿਸਾਨੀ ਫ਼ਸਲਾਂ ਦੇ ਭਾਅ ਬਾਰੇ ਮੋਦੀ ਦੇ ਝੂਠ ਨੂੰ ਨੰਗਿਆਂ ਕਰਨ ਲਈ ਕੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ਤੇ 8, 9 ਅਤੇ 10 ਅਕਤੂਬਰ ਨੂੰ ਮੰਡੀਆਂ ਵਿੱਚ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੇ ਘਿਰਾਓ ਕੀਤੇ ਜਾਣਗੇ, ਜਿਸ ਵਿੱਚ ਕਿਸਾਨਾਂ ਨੂੰ ਜੇ ਫਾਰਮ ਦੇਣ, ਐਲਾਨੇ ਭਾਅ ਮੁਤਾਬਕ ਖ਼ਰੀਦ ਕਰਨ ਲਈ ਮਜਬੂਰ ਕੀਤਾ ਜਾਵੇਗਾ।।ਇਸ ਮੌਕੇ ਮਾਸਟਰ ਰਘਬੀਰ ਸਿੰਘ ਪਕੀਵਾ, ਪਰਗਟ ਸਿੰਘ ਜਾਮਾਰਾਏ, ਰਤਨ ਸਿੰਘ ਰੰਧਾਵਾ, ਸੰਤੋਖ ਸਿੰਘ ਬਿਲਗਾ, ਮਨੋਹਰ ਸਿੰਘ ਗਿੱਲ, ਮੋਹਨ ਸਿੰਘ ਧਮਾਨਾ, ਦਲਜੀਤ ਸਿੰਘ ਦਿਆਲਪੁਰਾ, ਭੀਮ ਸਿੰਘ ਆਲਮਪੁਰ ਆਦਿ ਉਚੇਚੇ ਤੌਰ ‘ਤੇ ਹਾਜ਼ਰ ਸਨ।