Now Reading
2022 ਦਾ ਸਾਲ ਦਿਹਾਤੀ ਮਜ਼ਦੂਰਾਂ ਦੀ ਲਾਮਬੰਦੀ ਅਤੇ ਸੰਘਰਸ਼ਾਂ ਦੇ ਲੇਖੇ ਲਾਓ!

2022 ਦਾ ਸਾਲ ਦਿਹਾਤੀ ਮਜ਼ਦੂਰਾਂ ਦੀ ਲਾਮਬੰਦੀ ਅਤੇ ਸੰਘਰਸ਼ਾਂ ਦੇ ਲੇਖੇ ਲਾਓ!

ਗੁਰਨਾਮ ਸਿੰਘ ਦਾਊਦ
2021 ਦਾ ਲੱਗਭਗ ਪੂਰਾ ਸਾਲ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਲੜੇ ਗਏ ਸ਼ਾਨਾਮੱਤੇ ਕਿਸਾਨ ਸੰਘਰਸ਼ ਦਰਮਿਆਨ ਲੰਘ ਗਿਆ, ਜਿਸ ਵਿਚ ਦੇਸ਼ ਦੀਆਂ ਤਕਰੀਬਨ ਸਾਰੀਆਂ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਸਮਾਜ ਦੇ ਹਰ ਵਰਗ ਦੇ ਲੜਾਕੂ ਸੰਗਠਨਾਂ ਅਤੇ ਇਨਸਾਫ਼ ਪਸੰਦ ਧਿਰਾਂ ਨੇ ਵੱਖ-ਵੱਖ ਢੰਗਾਂ ਨਾਲ ਭਰਵਾਂ, ਹਾਂ ਪੱਖੀ ਹਿੱਸਾ ਪਾਇਆ ਹੈ। ਅੰਤ ਨੂੰ ਸਾਲ ਦੇ ਅਖੀਰ ਜਿਹੇ ਵਿਚ, 19 ਨਵੰਬਰ ਨੂੰ ਕੇਂਦਰ ਦੀ ਮੋਦੀ ਸਰਕਾਰ ਨੂੰ ਇਸ ਲਹੂ ਵੀਟਵੇਂ ਸੰਘਰਸ਼ ਅੱਗੇ ਗੋਡੇ ਟੇਕਣੇ ਪਏ ਤੇ ਪ੍ਰਧਾਨ ਮੰਤਰੀ ਨੇ ਖੇਤੀ ਨਾਲ ਸੰਬੰਧਤ ਕਿਸਾਨ-ਮਜ਼ਦੂਰ, ਖੱਪਤਕਾਰ ਵਿਰੋਧੀ ਤਿੰੰਨੇ ਕਾਨੂੰਨ ਵਾਪਿਸ ਲੈਣ ਦਾ ਐਲਾਨ ਕਰ ਦਿੱਤਾ। ਇਸ ਅਲੋਕਾਰੀ ਜਿੱਤ ਲਈ ਸਮਾਜ ਦੇ ਹਰ ਉਹ ਤਬਕੇ, ਜਿਨ੍ਹਾਂ ਨੇ ਕਿਸੇ ਵੀ ਰੂਪ ਵਿਚ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਰੋਲ ਅਦਾ ਕੀਤਾ, ਸਾਰੇ ਵਧਾਈ ਦੇ ਪਾਤਰ ਹਨ। ਜਿੱਤ ਦੇ ਸ਼ਾਨਦਾਰ ਜਸ਼ਨ ਮਨਾਏ ਗਏ ਜੋ ਇਸ ਵੱਡੀ ਤੇ ਇਤਿਹਾਸਕ ਪ੍ਰਾਪਤੀ ਤੋਂ ਬਾਅਦ ਪੂਰੀ ਤਰ੍ਹਾਂ ਵਾਜ਼ਬ ਵੀ ਸਨ।
ਹੁਣ ਨਵਾਂ ਸਾਲ 2022 ਚੜ੍ਹ ਪਿਆ ਹੈ। ਲੋਕ ਇਕ ਦੂਜੇ ਨੂੰ ਨਵੇਂ ਵਰ੍ਹੇ ਦੀਆਂ ਵਧਾਈਆਂ ਦੇ ਰਹੇ ਹਨ। ਇਸ ਵਧਾਈਆਂ ਦੇਣ ਦੇ ਗੇੜ ਵਿਚ ਗਰੀਬ ਲੋਕ ਵੀ ਸ਼ਾਮਲ ਹਨ। ਪਰ ਸੋਚਣ ਦੀ ਗੱਲ ਇਹ ਹੈ ਕਿ ਜਿਹੜੇ ਲੋਕ ਆਟਾ, ਦਾਲਾਂ, ਸਬਜ਼ੀਆਂ, ਦੁੱਧ ਤੇ ਹੋਰ ਜ਼ਰੂਰੀ ਵਸਤਾਂ ਮਹਿੰਗੇ ਭਾਅ ’ਤੇ ਖਰੀਦ ਕੇ ਜੂਨ ਗੁਜ਼ਾਰਾ ਕਰ ਰਹੇ ਹਨ ਜਾਂ ਉਹ ਜਿੰਨ੍ਹਾਂ ਦੇ ਇਹ ਵਸਤਾਂ ਪਹੁੰਚ ਵਿਚ ਹੀ ਨਹੀਂ ਹਨ, ਉਹਨਾਂ ਲਈ ਨਵੇਂ ਸਾਲ ਦੇ ਚੜ੍ਹਨ ਨਾਲ ਨਵਾਂ ਕੀ ਵਾਪਰਿਆ ਹੈ!
ਕੁਝ ਸਾਲ ਪਹਿਲਾਂ ਇਕ ਮਜ਼ਦੂਰ ਔਰਤ ਕਿਸੇ ਪੇਂਡੂ ਦਾਨਿਸ਼ਮੰਦ ਦੇ ਘਰ ਦੁੱਧ ਲੈਣ ਗਈ ਤੇ ਉਸ ਸੁੱਘੜ ਵਿਅਕਤੀ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ। ਅੱਗੋਂ ਉਹ ਸਿਆਣਾ ਵਿਅਕਤੀ, ਜੋ ਸੱਚਾਈ ਦੇ ਬਹੁਤ ਨੇੜੇ ਸੀ, ਕਹਿਣ ਲੱਗਾ, “ਕਾਹਦੀ ਵਧਾਈ ਦੇ ਰਹੀ ਹੈਂ ਕੁੜੀਏ ! ਤੂੰ ਤਾਂ ਕੱਲ੍ਹ ਵੀ ਪਾਈਆ ਦੁੱਧ ਮੁੱਲ ਲੈ ਕੇ ਗਈ ਸੈਂ ਤੇ ਅੱਜ ਨਵੇਂ ਸਾਲ ਵਾਲੇ ਦਿਨ ਵੀ ਉਹੀ ਪਾਈਆ ਦੁੱਧ ਮੁੱਲ ਹੀ ਲੈ ਕੇ ਚੱਲੀ ਹੈਂ, ਤੂੰ ਕਾਹਦੀ ਵਧਾਈ ਦੇ ਰਹੀ ਹੈਂ ਤੇਰੇ ਲਈ ਕੀ ਬਦਲ ਗਿਆ ਹੈ ਨਵੇਂ ਸਾਲ ਦੇ ਚੜ੍ਹਨ ’ਤੇ?’’ ਉਹ ਔਰਤ ਚੁੱਪ ਕਰਕੇ ਚਲੀ ਗਈ। ਪਤਾ ਨਹੀਂ ਬਜੁਰਗ ਦੀ ਗੱਲ ਉਸਦੇ ਪੱਲੇ ਪਈ ਜਾਂ ਨਹੀਂ ਪਰ ਇਸ ਗਲ ਤੋਂ ਇਹ ਜ਼ਰੂਰ ਸਿੱਖਿਆ ਜਾ ਸਕਦਾ ਹੈ ਕਿ ਜਿਹੜੀ ਆਰਥਿਕ ਲੁੱਟ 2021 ਵਿਚ ਕਿਰਤੀ ਵਰਗ ਦੀ ਹੋ ਰਹੀ ਸੀ ਉਹੋ ਲੁੱਟ 2022 ਵਿਚ ਵੀ ਜਾਰੀ ਰਹਿਣੀ ਹੈ। ਨਵਾਂ ਸਾਲ ਕਿਰਤੀ ਵਰਗ ਲਈ, ਕੁਝ ਵੀ ਨਵਾਂ ਲੈ ਕੇ ਨਹੀਂ ਪਧਾਰੇਗਾ।
ਅੰਤਾਂ ਦੀ ਮਹਿੰਗਾਈ ਜਾਰੀ ਹੈ। ਬਾਜ਼ਾਰ ਵਿਚ ਦਾਲ ਦਾ ਭਾਅ ਘੱਟੋ-ਘੱਟ ਸੌ ਰੁਪਏ ਕਿਲੋ, ਕਣਕ ਦਾ ਆਟਾ 25 ਰੁਪਏ ਕਿਲੋ, ਮੱਕੀ ਦਾ ਆਟਾ 40 ਰੁਪਏ ਕਿਲੋ ਖਾਣ ਵਾਲੇ ਤੇਲ 200 ਰੁਪਏ ਕਿਲੋ ਨੂੰ ਪਾਰ ਕਰ ਗਏ ਹਨ, ਜਦਕਿ ਰਸੋਈ ਗੈਸ ਤੇ ਕੱਪੜਾ ਤਾਂ ਮਜ਼ਦੂਰਾਂ ਦੀ ਪਹੁੰਚ ਤੋਂ ਉਂਜ ਹੀ ਬਾਹਰ ਹੋ ਗਿਆ ਹੈ। ਲੋਕ ਪਹਿਲਾਂ ਵੀ ਰੁੱਖੀ-ਮਿੱਸੀ ਖਾ ਕੇ, ਅੱਧ-ਭੁੱਖੇ ਰਹਿ ਕੇ ਗੁਜ਼ਾਰਾ ਕਰਦੇ ਸਨ ਤੇ ਨਵੇਂ ਸਾਲ ਵਿਚ ਵੀ ਉਹੋ ਹਾਲ ਰਹਿਣਾ ਹੈ। ਕਰੋੜਾਂ ਲੋਕ ਤਾਂ ਪੂਰੀ ਤਰ੍ਹਾਂ ਨਾਲ ਭੁੱਖੇ ਮਰ ਰਹੇ ਹਨ। ਬੇਰੁਜ਼ਗਾਰੀ ਲਗਾਤਾਰ ਵੱਧ ਰਹੀ ਹੈ। ਪੜ੍ਹੇ-ਲਿਖੇ ਮੁੰਡੇ-ਕੁੜੀਆਂ ਟੈਂਕੀਆਂ ’ਤੇ ਚੜ੍ਹ ਕੇ ਰੁਜ਼ਗਾਰ ਦੀ ਮੰਗ ਕਰਦਿਆਂ ਥਾਂ ਪੁਰ ਥਾਂ ਪੁਲਸ ਤੋਂ ਹੱਡ ਕੁਟਵਾ ਰਹੇ ਹਨ। ਇੱਥੋਂ ਤੱਕ ਕਿ ਰੁਜ਼ਗਾਰ ਮੰਗਣ ਗਈਆਂ ਸਾਡੀਆਂ ਧੀਆਂ ਨੂੰ ਵੀ ਬਖਸ਼ਿਆ ਨਹੀਂ ਜਾਂਦਾ।
ਨਵਜਨਮੇ ਬੱਚੇ ਕੁਪੋਸ਼ਣ ਦੀ ਵਜ੍ਹਾ ਕਰਕੇ ਮਰ ਰਹੇ ਹਨ। ਸਮੇਂ ਦੀਆਂ ਸਰਕਾਰਾਂ ਵੱਲੋਂ ਉਹਨਾਂ ਦੇ ਬਚਾਅ ਲਈ ਨਾ ਤਾਂ ਚੰਗੀ ਖੁਰਾਕ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਇਲਾਜ ਦੇ ਕੋਈ ਸਾਰਥਿਕ ਯਤਨ ਕੀਤੇ ਜਾ ਰਹੇ ਹਨ। ਸਰਕਾਰੀ ਹਸਪਤਾਲਾਂ ਦੀ ਹਾਲਤ ਖਸਤਾ ਹੋਈ ਪਈ ਹੈ।
ਸਰਕਾਰੀ ਸਿਹਤ ਢਾਂਚੇ ਦੀ ਹਾਲਤ ਸੁਧਾਰਨ ਦੀ ਬਜਾਏ ਸਗੋਂ ਆਲੀਸ਼ਾਨ ਮਹਿਲਾਂ ਵਰਗੇ ਨਿੱਜੀ ਹਸਪਤਾਲਾਂ ਨੂੰ ਬੜ੍ਹਾਵਾ ਦਿੱਤਾ ਜਾ ਰਿਹਾ ਹੈ।
ਪਿਛਲੇ ਦਿਨੀਂ ਕਿਰਤੀ ਪਰਿਵਾਰ ਦੇ ਇੱਕ ਨੌਜਵਾਨ ਕੱਚੇ ਕਾਮੇ ਨੂੰ ਬਰੇਨ ਹੈਮਰੇਜ਼ ਹੋ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ। ਜੋ ਗਹਿਣਾ-ਗੱਟਾ ਸੀ ਉਹ ਵੀ ਵਿਕ ਗਿਆ ਤੇ ਘਰੇ ਜੋ ਰਿਣੀ-ਚਿਣੀ ਸੀ ਉਹ ਵੀ ਪਲਾਂ ’ਚ ਗਾਇਬ ਹੋ ਗਈ। ਸਮਰੱਥਾ ਅਨੁਸਾਰ ਰਿਸ਼ਤੇਦਾਰਾਂ ਨੇ ਵੀ ਚੋਖੀ ਮਦਦ ਕੀਤੀ। ਗੱਲ ਕੀ, ਸਾਰਾ ਘਰ ਖਾਲੀ ਹੋ ਗਿਆ ਪਰ ਉਹ ਮਰੀਜ ਫੇਰ ਵੀ ਮੰਜੇ ’ਤੇ ਪਿਆ ਹੈ ਕਿਉਂਕਿ ਪੈਸਿਆਂ ਦੀ ਥੁੜ ਕਰਕੇ ਉਸ ਦਾ ਸਹੀ ਇਲਾਜ ਨਹੀਂ ਹੋ ਰਿਹਾ। ਇੱਥੇ ਇਹ ਦੱਸਣਾ ਅਤਿ ਜ਼ਰੂਰੀ ਹੈ ਕਿ ਉਕਤ ਹਸਪਤਾਲ ਸਿੱਖ ਧਰਮ ਦੀ ਬਹੁਤ ਵੱਡੀ ਸੰਸਥਾ ਵਲੋਂ ਚਲਾਇਆ ਜਾ ਰਿਹਾ ਹੈ। ਨਾਮ ਵੀ ‘ਚੈਰੀਟੇਬਲ’ ਲਿਖਿਆ ਹੈ। ਪਰ ਪ੍ਰਬੰਧਕਾਂ ਦੇ ਮਨਾਂ ’ਚ ਦਯਾ ਭਾਵ ਜਾਂ ਚੈਰਿਟੀ ਦੀ ਭਾਵਨਾ ਉਕਾ ਹੀ ਨਹੀਂ ਹੈ। ਇਹ ਇਕ ਉਦਾਹਰਣ ਹੈ। ਇੱਕ ਨਹੀਂ, ਐਸੇ ਕਰੋੜਾਂ ਲੋਕ ਹਨ ਜੋ ਇਲਾਜ ਕਰਵਾਉਣ ਜੋਗੇ ਨਾ ਹੋਣ ਕਰਕੇ ਮੌਤ ਡਾਢੀ ਦਾ ਇੰਤਜ਼ਾਰ ਕਰ ਰਹੇ ਹਨ। ਰਸਾਇਣਕ ਖਾਦਾਂ ਤੇ ਕੀੜੇਮਾਰ ਦਵਾਈਆਂ ਦੀ ਬੇਤਹਾਸ਼ਾ ਵਰਤੋਂ ਕਰਨ ਨਾਲ ਜਿੱਥੇ ਭੋਜਨ ਜ਼ਹਿਰੀਲਾ ਹੋ ਗਿਆ ਹੈ ਉੱਥੇ ਵਾਤਾਵਰਣ ਪ੍ਰਦੂਸ਼ਿਤ ਹੋਣ ਨਾਲ ਬਿਮਾਰੀਆਂ ’ਚ ਵੀ ਓੜਕਾਂ ਦਾ ਵਾਧਾ ਹੋ ਰਿਹਾ ਹੈ। ਪਰ ਗਰੀਬ ਲੋਕੀ ਮਹਿੰਗਾ ਪ੍ਰਾਈਵੇਟ ਇਲਾਜ ਪਹੁੰਚ ਤੋਂ ਬਾਹਰ ਹੋਣ ਕਰਕੇ ਅਤੇ ਸਰਕਾਰੀ ਹਸਪਤਾਲਾਂ ਦੀ ਹਾਲਤ ਖਸਤਾ ਹੋਣ ਕਰਕੇ ਬੇਇਲਾਜ਼ੇ ਮਰ ਰਹੇ ਹਨ ਜਾਂ ਫਿਰ ਸਾਧਾਂ ਦੇ ਡੇਰਿਆਂ ਤੋਂ ਸਵਾਹ ਦੀਆਂ ਪੁੜੀਆਂ ਤੇ ਧਾਗੇ-ਤਵੀਤ ਲੈ ਕੇ ਮੌਤ ਨੂੰ ਟਾਲਣ ਦੇ ਅਸਫਲ ਯਤਨ ਕਰ ਰਹੇ ਹਨ। ਮਹਿੰਗਾਈ, ਬੇਰੁਜ਼ਗਾਰੀ ਅਤੇ ਇਲਾਜ ਦੀ ਜੋ ਤਰਸਯੋਗ ਅਵਸਥਾ 2021 ਵਿਚ ਸੀ ਉਹੀ 2022 ਵਿਚ ਵੀ ਰਹਿਣੀ ਹੈ। ਤਾਂ ਫਿਰ ਕਾਹਦਾ ਨਵਾਂ ਸਾਲ ਤੇ ਕਾਹਦੀ ਵਧਾਈ, ਜਦੋਂ ਥੁੜੇ-ਟੁੱਟੇ, ਲੁੱਟੇ-ਲਿਤਾੜਿਆਂ ਲਈ ਬਦਲਿਆ ਹੀ ਕੁੱਝ ਨਹੀਂ ! ਸੱਚੀ ਗੱਲ ਤਾਂ ਇਹ ਹੈ ਕਿ ਆਜ਼ਾਦੀ ਦੇ 75 ਸਾਲਾਂ ਵਿਚ ਮਜ਼ਦੂਰਾਂ ਤੇ ਗਰੀਬ ਲੋਕਾਂ ਲਈ ਕੋਈ ਵੀ ਨਵਾਂ ਸਾਲ ਸ਼ੁਭ ਹੋ ਕੇ ਨਹੀਂ ਬਹੁੜਿਆ।
ਭਾਰਤੀ ਸਮਾਜ ਵਿਚਲੇ ਇੱਕ ਹੋਰ ਕੋਹੜ ਦਾ ਜਿਕਰ ਕੀਤੇ ਬਿਨਾਂ ਗੱਲ ਅਧੂਰੀ ਹੀ ਰਹਿ ਜਾਵੇਗੀ। ਇਹ ਕੋਹੜ ਹੈ ਅਖੌਤੀ ਉਚ ਜਾਤੀ ਹੰਕਾਰ ’ਚੋਂ ਉਪਜਦਾ ਅਸੱਭਿਅਕ ਜਾਤੀ- ਪਾਤੀ ਵਿਤਕਰਾ ਅਤੇ ਅਣਕਿਆਸੇ ਅੱਤਿਆਚਾਰ। ਉਂਜ ਤਾਂ ਇਹ ਅਣਮਨੁੱਖੀ ਅੱਤਿਆਚਾਰ ਹਜ਼ਾਰਾਂ ਸਾਲਾਂ ਤੋਂ ਜਾਰੀ ਹਨ, ਪਰ ਹੁਣ ਦਲਿਤਾਂ ਇਸਤਰੀਆਂ ਲਈ ਹਾਲਾਤ ਹੋਰ ਵੀ ਖਤਰਨਾਕ ਬਣ ਗਏ ਹਨ। ਦੇਸ਼ ’ਚ ਆਰ.ਐਸ.ਐਸ. ਦੀ ਅਗਵਾਈ ’ਚ ਮੰਨੂਵਾਦੀ, ਕੱਟੜ ਹਿੰਦੂ ਰਾਸ਼ਟਰ ਦੀ ਕਾਇਮੀ ਲਈ ਪੂਰਾ ਤਾਣ ਲਾਉਣ ਵਾਲੀਆਂ ਫਿਰਕੂ-ਕੱਟੜਵਾਦੀ ਤਾਕਤਾਂ ਪੂਰਾ ਜੋਰ ਫੜ੍ਹ ਚੁੱਕੀਆਂ ਹਨ ਅਤੇ ਇਸ ਮਾਹੌਲ ਦਾ ਫਾਇਦਾ ਉਠਾ ਕੇ ਆਰ.ਐਸ.ਐਸ. ਦਾ ਸਿਆਸੀ ਵਿੰਗ ਭਾਜਪਾ ਕੇਂਦਰੀ ਰਾਜ-ਭਾਗ ’ਤੇ ਕਾਬਜ ਹੋਣ ’ਚ ਸਫਲ ਹੋ ਗਈ ਹੈ। ਉਦੋਂ ਤੋਂ ਦੇਸ਼ ਦੇ ਹਰ ਕੋਨੇ ਵਿੱਚ ਹਰ ਰੋਜ, ਦਲਿਤਾਂ, ਇਸਤਰੀਆਂ, ਕਬਾਇਲੀਆਂ ’ਤੇ ਬਿਆਨੋਂ ਬਾਹਰੇ ਜ਼ੁਲਮਾਂ ਦਾ ਹੜ੍ਹ ਆ ਗਿਆ ਹੈ। ਬਿਨਾਂ ਸ਼ੱਕ ਨਵੇਂ ਵਰ੍ਹੇ ਵਿਚ ਵੀ ਇਹ ਅਪਮਾਨਜਨਕ ਸਥਿਤੀ ਇਉਂ ਹੀ ਜਾਰੀ ਰਹਿਣੀ ਹੈ। ਫੇਰ ਕਿਸਨੂੰ ਵਧਾਈਆਂ ਤੇ ਕਾਹਦੀਆਂ ਵਧਾਈਆਂ!
ਹਾਂ ਸਮਾਜ ਵਿਚ ਇਕ ਉਹ ਤਬਕਾ ਵੀ ਹੈ ਜੋ ਪਿਛਲੇ ਸਾਲ ਵੀ ਪੂਰੀਆਂ ਸੁੱਖ-ਸਹੂਲਤਾਂ ਦਾ ਅਨੰਦ ਮਾਣਦਾ ਰਿਹਾ ਹੈ ’ਤੇ ਇਹ ਐਸ਼ੋ-ਆਰਾਮ ਉਹਨਾਂ ਲਈ ਨਵੇਂ ਵਰ੍ਹੇ ’ਚ ਵੀ ਜਾਰੀ ਰਹਿਣੇ ਹਨ। ਬਲਕਿ ਸਰਕਾਰਾਂ ਦੀ ‘ਸੁਵੱਲੀ ਨਜ਼ਰ’ ਸਦਕਾ ਇਹਨਾਂ ਦੇ ਧਨ ਅੰਬਾਰਾਂ ਵਿਚ ਬੀਤੇ ਸਾਲ ਵੀ ਅਥਾਹ ‘ਬਰਕਤ’ ਪਈ ਸੀ ਤੇ ਬਿਨਾਂ ਸ਼ੱਕ ਨਵੇਂ ਸਾਲ ’ਚ ਢੇਰਾਂ ਹੋਰ ਵਾਧਾ ਜ਼ਰੂਰ ਹੋ ਜਾਵੇਗਾ। ਚੇਤੇ ਰਹੇ ਇਨ੍ਹਾਂ ਸਾਧਨ ਸੰਪੰਨ ਲੋਕਾਂ ਵਿਚ ਕਈ ਦਲਿਤ ਵੀ ਹਨ।
ਇਸ ਨਵੇਂ ਸਾਲ ਵਿਚ ਅਸੈਂਬਲੀ ਚੋਣਾਂ ਫੇਰ ਆ ਰਹੀਆਂ ਹਨ। ਇਹ ਤੈਅ ਹੈ ਕਿ ਜਿਸ ਤਰ੍ਹਾਂ ਪੰਜ ਸਾਲ ਪਹਿਲਾਂ ਹੋਈਆਂ ਚੋਣਾਂ ਵਿਚ ਲੁਭਾਉਣੇ ਵਾਅਦਿਆਂ ਅਤੇ ਝੂਠੇ ਲਾਰਿਆਂ ਨਾਲ ਵੋਟਰਾਂ ਨੂੰ ਭਰਮਾ ਕੇ ਸੱਤਾ ਹਾਸਲ ਕੀਤੀ ਗਈ ਸੀ ਉਹੀ ਰਾਜਸੀ ਠੱਗੀ ਮਾਰਨ ਲਈ ਧਨਾਢ ਪੱਖੀ ਰਾਜਨੀਤਕ ਪਾਰਟੀਆਂ ਇਸ ਵਾਰ ਵੀ ਪੱਬਾਂ ਭਾਰ ਹੋਈਆਂ ਪਈਆਂ ਹਨ।
ਲੋਟੂਆਂ ਦੀ ਕੋਈ ਵੀ ਪਾਰਟੀ ਚੋਣਾਂ ਵਿੱਚ ਗਰੀਬੀ, ਬੇਰੁਜ਼ਗਾਰੀ ਖਤਮ ਕਰਨ, ਮਹਿੰਗਾਈ-ਕਾਲਾਬਾਜ਼ਾਰੀ, ਕੁਪੋਸ਼ਣ ’ਤੇ ਕਾਬੂ ਪਾਉਣ, ਮਿਆਰੀ ਸਿੱਖਿਆ, ਉੱਚ ਪੱਧਰ ਦੀਆਂ ਸਿਹਤ ਸੇਵਾਵਾਂ, ਪੀਣ ਵਾਲੇ ਸਾਫ ਪਾਣੀ, ਰਿਹਾਇਸ਼ੀ ਥਾਵਾਂ ਤੇ ਮਕਾਨ ਉਸਾਰੀ ਲਈ ਗ੍ਰਾਂਟਾਂ, ਸਨਮਾਨ ਯੋਗ ਸਮਾਜਿਕ ਸੁਰੱਖਿਆ ਪੈਨਸ਼ਨਾਂ ਆਦਿ ਦੇਣ ਦੀ ਗੱਲ ਨਹੀਂ ਕਰ ਰਹੀ। ਇਸ ਕਰਕੇ ਸਾਡੇ ਲਈ ਸੋਚਣ ਦੀ ਘੜੀ ਹੈ ਕਿ ਅਸੀਂ ਕੀ ਕਰੀਏ?
ਚੋਣਾਂ ਹੋ ਜਾਣੀਆਂ ਹਨ। ਇਹਨਾਂ ਚੋਣਾਂ ਵਿਚ ਸਾਨੂੰ ਆਪਣੇ 75 ਸਾਲਾਂ ਦੇ ਵੋਟਾਂ ਪਾਉਣ ਦੇ ਤਜ਼ਰਬੇ ਤੋਂ ਸਬਕ ਸਿੱਖਣਾ ਚਾਹੀਦਾ ਹੈ। ਪਿੰਡਾਂ ਅਤੇ ਸ਼ਹਿਰਾਂ ਵਿਚ ਰਹਿੰਦੇ ਕਿਰਤੀਆਂ, ਮਜ਼ਦੂਰਾਂ ਨੂੰ ਉਹਨਾਂ ਦੀ ਕੰਗਾਲੀ ਤੇ ਹੋਰ ਤੰਗੀਆਂ-ਤੁਰਸ਼ੀਆਂ ਦੇ ਅਸਲ ਕਾਰਨ, ਭਾਵ ਜਮਾਤੀ ਲੁੱਟ ਦੀ ਜਾਮਨੀ ਕਰਦੀਆਂ ਲੋਕ ਮਾਰੂ ਨੀਤੀਆਂ ਤੋਂ ਜਾਣੂੰ ਕਰਾਉਣਾ ਚਾਹੀਦਾ ਹੈ। ਦੇਸ਼ ਦੀ ਆਜ਼ਾਦੀ ਲੈਣ ਵੇਲੇ ਧਰਮਾਂ ਜਾਤਾਂ ਤੋਂ ਉਪਰ ਉਠ ਕੇ ਇਕਮੁੱਠ ਹੋ ਕੇ ਕੀਤੇ ਸੰਘਰਸ਼ ਸਬਕ ਸਿੱਖ ਕੇ ਸੰਘਰਸ਼ਾਂ ਦੇ ਪਿੜ ਮੱਲਣੇ ਚਾਹੀਦੇ ਹਨ। ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਵੱਡਮੁੱਲੇ ਵਿਚਾਰ ‘‘ਪੜ੍ਹੋ,ਜੁੜੋ ਤੇ ਸੰਘਰਸ਼ ਕਰੋ’’ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।
ਅੰਤ ਵਿਚ ਅਸੀਂ ਇਸ ਸਿੱਟੇ ’ਤੇ ਪੁੱਜਦੇ ਹਾਂ ਕਿ ਨਵਾਂ ਸਾਲ ਚੜ੍ਹਨ ਨਾਲ ਆਪਣੇ ਆਪ ਹੀ ਸਭ ਕੁੱਝ ਨਹੀਂ ਬਦਲਣ ਲੱਗਿਆ। ਜੇ ਕਿਰਤੀ-ਕਿਸਾਨਾਂ, ਮਿਹਨਤਕਸ਼ਾਂ ਦੇ ਮੁੜੵਕੇ ਨਾਲ ਪੈਦਾ ਕੀਤੀ ਪੈਦਾਵਾਰ ਦੀ ਲੁੱਟ ਕਰਨ ਵਾਲਾ ਜਮਾਤੀ ਰਾਜ ਨਹੀਂ ਬਦਲਦਾ ਤਾਂ ਆਮ ਲੋਕਾਂ, ਖਾਸ ਕਰਕੇ ਬੇਜ਼ਮੀਨੇ-ਦਲਿਤਾਂ ਦੀਆਂ ਦੁਸ਼ਵਾਰੀਆਂ ਅਤੇ ਅਪਮਾਨ ਇਸੇ ਤਰ੍ਹਾਂ ਜਾਰੀ ਰਹਿਣਾ ਹੈ। ਇਸ ਦਾ ਇਕੋ-ਇਕ ਹੱਲ ਹੈ, ਵਿਗਿਆਨਕ ਲੀਹਾਂ ’ਤੇ ਜੱਥੇਬੰਦ ਹੋਕੇ ਸੰਘਰਸ਼ਾਂ ਦੇ ਰਾਹ ਪੈਣਾ । ਗੁਰੂਆਂ-ਪੀਰਾਂ, ਸੁਤੰਤਰਤਾ ਸੰਗਰਾਮੀਆਂ ਨੇ ਵੀ ਚੰਗੇ ਸਮਾਜ ਦੀ ਸਥਾਪਨਾ ਹਿੱਤ ਸੰਘਰਸ਼ ਦੇ ਰਾਹ ਪੈਣ ਲਈ ਲੋਕਾਂ ਨੂੰ ਵੰਗਾਰਿਆ ਸੀ। ਸੰਘਰਸ਼ ਅਮਲੀ ਵੀ ਅਤੇ ਵਿਚਾਰਧਾਰਕ ਵੀ। ਗੁਰਬਾਣੀ ਦਾ ਸ਼ਬਦ ਹੈ
‘‘ਆਪਣ ਹੱਥੀਂ ਆਪਣਾ ਅਪਿ ਹੀ ਕਾਜ ਸੁਆਰੀਏ’’
ਇਸ ਲਈ ਸਾਡੇ ਸਾਰੇ ਲੁੱਟੇ ਜਾਂਦੇ, ਤਿ੍ਰਸਕਾਰ ਦਾ ਪਾਤਰ ਬਣਾ ਦਿੱਤੇ ਗਏ ਕਿਰਤੀਆਂ ਖਾਸ ਕਰਕੇ ਮਜ਼ਦੂਰਾਂ, ਦਿਹਾਤੀ ਮਜ਼ਦੂਰਾਂ ਲਈ ਇਕਮੁੱਠ ਹੋਕੇ ਸੰਘਰਸ਼ਾਂ ਦੇ ਰਾਹ ਪੈਣਾ ਹੀ ਠੀਕ ਰਾਹ ਹੈ। ਇਸੇ ਅਸੂਲ ਤੇ ਚਲਦਿਆਂ ਹੋਇਆਂ ਦਿਹਾਤੀ ਮਜ਼ਦੂਰ ਸਭਾ ਪੰਜਾਬ ਨੇ ਪਿਛਲੇ ਸਾਲ ਆਪਣੇ ਤੌਰ ’ਤੇ ਵੀ ਅਤੇ ਹੋਰ ਮਜ਼ਦੂਰ ਜਥੇਬੰਦੀਆਂ ਨਾਲ ਸਾਂਝਾ ਮੋਰਚਾ ਬਣਾ ਕੇ ਵੀ ਸੰਘਰਸ਼ਾਂ ਰਾਹੀਂ ਸੀਮਤ ਹੀ ਸਹੀ ਪਰ ਗਿਣਨਯੋਗ ਪ੍ਰਾਪਤੀਆਂ ਕੀਤੀਆਂ ਹਨ। ਅੱਗੇ ਤੋਂ ਵੀ ਮਜ਼ਦੂਰ ਜਥੇਬੰਦੀਆਂ ਦਾ ਸਾਂਝਾ ਮੋਰਚਾ ਕਾਇਮ ਰੱਖਦਿਆਂ ਲਗਾਤਾਰ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਆਉ 2022 ਦਾ ਵਰ੍ਹਾ ਲੁੱਟੇ-ਲਿਤਾੜੇ, ਬੇਜ਼ਮੀਨੇ-ਦਲਿਤ ਕਿਰਤੀਆਂ ਦੀ ਹੋਣੀ ਬਦਲਣ ਦੇ ਆਰ-ਪਾਰ ਦੇ ਸੰਘਰਸ਼ਾਂ ਦੀ ਉਸਾਰੀ ਕਰਨ ਦਾ ਤਹੱਈਆ ਕਰਦਿਆਂ ਨਵਾਂ ਸਾਲ ਹਕੀਕੀ ਰੂਪ ਵਿੱਚ ਇਨ੍ਹਾਂ ਧਰਤੀ ਪੁੱਤਰਾਂ ਲਈ ਸ਼ੁਭ ਬਨਾਉਣ ਦੇ ਸੁਵੱਲੇ ਰਾਹ ਪਈਏ।

Scroll To Top