ਬਠਿੰਡਾ : ਪੰਜਾਬ ਅਤੇ ਯੂ. ਟੀ. ਮੁਲਾਜ਼ਮ ਸੰਘਰਸ਼ ਕਮੇਟੀ ਦੀ ਬਠਿੰਡਾ ਇਕਾਈ ਦੀ ਮੀਟਿੰਗ ਸਥਾਨਕ ਚਿਲਡਰਨ ਪਾਰਕ ਵਿਖੇ ਹੋਈ, ਜਿਸ ਵਿਚ ਜਨਤਕ ਜਥੇਬੰਦੀਆਂ ਦਾ ਸਾਂਝਾ ਮੰਚ (ਜੇ. ਪੀ. ਐਮ. ਓ.) ਅਤੇ ਪ. ਸ. ਸ. ਫ. (ਵਿਗਿਆਨਿਕ) ਦੇ ਪ੍ਰਤੀਨਿਧ ਸ਼ਾਮਲ ਹੋਏ| ਮੀਟਿੰਗ ਦੀ ਪ੍ਰਧਾਨਗੀ ਸੰਪੂਰਨ ਸਿੰਘ, ਹੰਸ ਰਾਜ ਬੀਜਵਾ, ਪ੍ਰਕਾਸ਼ ਸਿੰਘ ਨੰਦਗੜ੍ਹ, ਗਗਨਦੀਪ ਮੰਡੀ ਕਲਾਂ, ਸੁਖਮੰਦਰ ਸਿੰਘ ਧਾਲੀਵਾਲ ਤੇ ਅਧਾਰਿਤ ਮੰਡਲ ਨੇ ਕੀਤੀ| ਇਸ ਮੌਕੇ ਸਾਂਝਾ ਅਧਿਆਪਕ ਮੋਰਚਾ ਦੀ ਅਗਵਾਈ ਵਿਚ ਪਟਿਆਲਾ ਵਿਖੇ ਚੱਲ ਰਹੇ ਅਧਿਆਪਕਾਂ ਦੇ ਹੱਕੀ ਸੰਗਰਾਮ ਪ੍ਰਤੀ ਅਪਣਾਏ ਪੰਜਾਬ ਸਰਕਾਰ ਦੇ ਦਮਨਕਾਰੀ ਰਵੱਈਏ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਸੂਬਾ ਹਕੂਮਤ ਸੰਘਰਸ਼ਸ਼ੀਲ ਅਧਿਆਪਕਾਂ ਦੀਆਂ ਮੁਅੱਤਲੀਆਂ ਅਤੇ ਹੋਰ ਜਾਬਰ ਫੈਸਲੇ ਤੁਰੰਤ ਰੱਦ ਕਰੇ ਅਤੇ ਮੋਰਚੇ ਦੇ ਆਗੂਆਂ ਨੂੰ ਗੱਲਬਾਤ ਦਾ ਸੱਦਾ ਦੇ ਕੇ ਉਨ੍ਹਾਂ ਦੀਆਂ ਵਾਜਬ ਮੰਗਾਂ ਦਾ ਸੁਹਿਰਦਤਾ ਪੂਰਨ ਨਿਪਟਾਰਾ ਕਰੇ| ਉਨ੍ਹਾਂ ਅਧਿਆਪਕਾਂ ਦੇ ਸੰਘਰਸ਼ ਦੇ ਜਮਹੂਰੀ ਢੰਗ ਤਰੀਕਿਆਂ ਦੀ ਭਰਪੂਰ ਸ਼ਲਾਘਾ ਕੀਤੀ| ਜੇ.ਪੀ.ਐਮ.ਓ ਦੇ ਸੂਬਾਈ ਆਗੂ ਮਹੀਪਾਲ ਨੇ ਦੋਸ਼ ਲਾਇਆ ਕਿ ਸਰਕਾਰੀ ਵਿੱਦਿਅਕ ਢਾਂਚਾ ਤਾਂ ਪਹਿਲਾਂ ਹੀ ਸਾਹ ਬਰੋਲ ਰਿਹਾ ਹੈ ਅਤੇ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਹਕੂਮਤ ਆਪਣੇ ਵਿਵੇਕਹੀਨ ਕਦਮਾਂ ਰਾਹੀਂ ਇਸ ਪ੍ਰਬੰਧ ਨੂੰ ਬਿਲਕੁਲ ਹੀ ਤਬਾਹ ਕਰਨ ਦੇ ਰਾਹ ਪਈ ਹੋਈ ਹੈ| ਉਨ੍ਹਾਂ ਸਮੂਹ ਮਿਹਨਤਕਸ਼ ਤਬਕਿਆਂ ਨੂੰ ਅਧਿਆਪਕਾਂ ਦੇ ਨਿਆਂ ਸੰਗਤ ਸੰਘਰਸ਼ ਦੀ ਪੁਰਜ਼ੋਰ ਹਿਮਾਇਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਕੇਂਦਰੀ ਅਤੇ ਸੂਬਾ ਸਰਕਾਰਾਂ ਦੀ ਉਕਤ ਪਹੁੰਚੇ ਦਾ ਅੰਤਮ ਮਕਸਦ ਗਰੀਬਾਂ ਦੇ ਬੱਚਿਆਂ ਨੂੰ ਸਰਕਾਰ ਵਲੋਂ ਸਿੱਖਿਅਤ ਕਰਨ ਦੀ ਜਿੰਮੇਵਾਰੀ ਤੋਂ ਭੱਜਣਾ ਹੈ| ਇਸ ਵਿਰੁੱਧ ਕਿਰਤੀਆਂ ਦੇ ਸਾਰੇ ਭਾਗਾਂ ਨੂੰ ਸੰਘਰਸ਼ਾਂ ਵਿਚ ਨਿੱਤਰਨਾ ਚਾਹੀਦਾ ਹੈ| ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਸੰਘਰਸ਼ ਕਰ ਰਹੇ ਅਧਿਆਪਕਾਂ ਦੇ ਪੱਖ ਵਿਚ ਲੋਕ ਹਮਾਇਤ ਜੋੜਨ ਲਈ 16 ਅਕਤੂਬਰ ਨੂੰ ਬਠਿੰਡਾ ਸ਼ਹਿਰ ਵਿਚ ਜਬਰਦਸਤ ਰੋਸ ਮੁਜ਼ਾਹਰਾ ਕੀਤਾ ਜਾਵੇਗਾ ਜਿਸ ਵਿਚ ਇਨਸਾਫ਼ਪਸੰਦ ਸੰਗਠਨਾਂ ਤੇ ਮਿਹਨਤੀ ਲੋਕਾਂ ਨੂੰ ਸਵੇਰੇ 10 ਵਜੇ ਚਿਲਡਰਨ ਪਾਰਕ ਵਿਚ ਪੁੱਜਣ ਦਾ ਸੱਦਾ ਦਿੱਤਾ ਗਿਆ| ਇਸ ਤੋਂ ਇਲਾਵਾ ਸ਼ਾਮਲ ਸੰਗਠਨ ਆਪੋ-ਆਪਣੇ ਅਦਾਰਿਆਂ ਵਿਚ ਵੀ ਸਰਕਾਰ ਦੇ ਇਨ੍ਹਾਂ ਤਾਨਾਸ਼ਾਹ ਕਦਮਾਂ ਵਿਰੁੱਧ ਰੋਸ ਐਕਸ਼ਨ ਕਰਨਗੇ| ਇਸ ਮੌਕੇ ਗੁਰਦੀਪ ਸਿੰਘ ਬਰਾੜ, ਕਿਸ਼ੋਰ ਚੰਦ ਗਾਜ, ਜੀਤ ਰਾਮ ਦੋਦੜਾ, ਨਾਇਬ ਸਿੰਘ ਔਲਖ, ਤੇਜਾ ਸਿੰਘ ਤੇ ਹੋਰਨਾਂ ਆਗੂਆਂ ਨੇ ਵੀ ਸੰਬੋਧਨ ਕੀਤਾ|