
ਬਰਤਾਨਵੀ ਬਸਤੀਵਾਦੀ ਹਾਕਮਾਂ ਦੇ ਜ਼ੁਲਮੀ ਰਾਜ ਤੋਂ ਮੁਕਤੀ ਲਈ ਲੜਿਆ ਗਿਆ ਭਾਰਤ ਦਾ ਸੁਤੰਤਰਤਾ ਸੰਗਰਾਮ, ਅਣਗਿਣਤ ਅਦੁੱਤੀ ਸ਼ਹਾਦਤਾਂ, ਲਾਸਾਨੀ ਤਿਆਗ ਗਥਾਵਾਂ ਅਤੇ ਲਹੂ ਵੀਟਵੇਂ ਸੰਘਰਸ਼ਾਂ ਦੀ ਸ਼ਾਨਾਮੱਤੀ ਦਾਸਤਾਨ ਹੈ। ਇਨ੍ਹਾਂ ਪ੍ਰੇਰਣਾ ਦਾਇਕ ਗਥਾਵਾਂ ਵਿਚੋਂ ਹੀ ਇੱਕ ਸ਼ਾਨਦਾਰ ਘਟਣਾ ਹੈ 18 ਫਰਵਰੀ 1946 ਦੀ ‘ਰਾਇਲ ਇੰਡੀਅਨ ਨੇਵੀ’ ਦੀ ਬਗ਼ਾਵਤ, ਜਿਸ ਨੂੰ ਆਮ ਗੱਲਬਾਤ ਵਿੱਚ ‘ਜਹਾਜ਼ੀਆਂ ਦੀ ਬਗ਼ਾਵਤ’ ਵੀ ਕਿਹਾ ਜਾਂਦਾ ਹੈ। 20 ਤਟਵਰਤੀ ਟਿਕਾਣਿਆਂ ‘ਤੇ 78 ਜਹਾਜ਼ਾਂ ਉੱਪਰ ਤਾਇਨਾਤ 20000 ਨਾਵਿਕਾਂ ਦੀ ਇਸ ਬਗ਼ਾਵਤ ਦੀ ਚਿੰਗਾੜੀ ਬੰਬਈ (ਮੁੰਬਈ) ਤੋਂ ਭੜਕੀ ਅਤੇ ਅੱਖ ਦੇ ਫੋਰ ‘ਚ ਕਰਾਚੀ ਤੋਂ ਕਲਕੱਤਾ (ਕੋਲਕਾਤਾ) ਤੱਕ ਸਮੁੱਚੇ ਦੇਸ਼ ਵਿੱਚ ਫੈਲ ਗਈ। ਇਨ੍ਹਾਂ ਸੂਰਮੇ ਬਾਗੀਆਂ ਨੇ ਆਪਣੇ ਅਫਸਰਾਂ ਦੇ ‘ਹੁਕਮਾਂ ‘ਤੇ ਫੁੱਲ ਚੜ੍ਹਾਉਣ’ ਤੋਂ ਇਨਕਾਰ ਕਰਦਿਆਂ ਬਰਤਾਨਵੀ ਰਾਜ ਦੀ ਖਿੱਲੀ ਉਡਾਉਣ ਲਈ ਅੰਗਰੇਜ਼ ਅਧਿਕਾਰੀਆਂ ਨੂੰ ਖੱਬੇ ਹੱਥ ਨਾਲ ਸਲੂਟ ਮਾਰਨਾ ਸ਼ੁਰੂ ਕਰ ਦਿੱਤਾ। ਅਜਿਹੀ ਹੀ ਹੁਕਮ ਅਦੂਲੀ ਪੂਨਾ, ਮਦਰਾਸ (ਚੇਨਈ) ਅਤੇ ਕਈ ਹੋਰ ਥਾਵਾਂ ‘ਤੇ ‘ਰਾਇਲ ਇੰਡੀਅਨ ਏਅਰ ਫੋਰਸ’, ‘ਥਲ ਸੈਨਾ’ ਅਤੇ ਪੁਲਸ ਵਿੱਚ ਵੀ ਹੋਣੀ ਸ਼ੁਰੂ ਹੋ ਗਈ। ਕੌਮੀ ਮੁਕਤੀ ਸੰਗਰਾਮ ਦੀ ਤਰਜ਼ਮਾਨੀ ਕਰਦਿਆਂ ਇਨ੍ਹਾਂ ਨੇ ਆਪਣੇ ਆਪ ਨੂੰ “ਆਈ ਐਨ ਏ” ਦੀ ਤਰਜ਼ ‘ਤੇ “ਇੰਡੀਅਨ ਨੈਸ਼ਨਲ ਨੇਵੀ” ਸੱਦਣਾ ਸ਼ੁਰੂ ਕਰ ਦਿੱਤਾ। ਇਸ ਬਗ਼ਾਵਤ ਨੂੰ ਭਾਰਤੀ ਆਵਾਮ, ਖਾਸ ਕਰਕੇ ਕਿਰਤੀ-ਕਿਸਾਨਾਂ ਦੇ ਜੱਥੇਬੰਦ ਅਤੇ ਚੇਤੰਨ ਭਾਗਾਂ ‘ਚੋਂ ਵੀ ਚੋਖੀ ਹਿਮਾਇਤ ਮਿਲਣ ਲੱਗੀ।
ਇਸ ਯੁੱਗ ਪਲਟਾਊ ਬਗ਼ਾਵਤ ਨੇ ਬਰਤਾਨਵੀ ਸਰਕਾਰ ਅਤੇ ਭਾਰਤ ਦੇ ਭਾਵੀ ਹੁਕਮਰਾਨਾਂ ਦੋਹਾਂ ਨੂੰ ਕੰਬਣੀਆਂ ਛੇੜ ਦਿੱਤੀਆਂ ਸਨ। ਬਸਤੀਵਾਦੀ ਹਾਕਮਾਂ ਅਤੇ ਭਾਰਤ ਦੇ ਪੂੰਜੀਪਤੀਆਂ ਨੂੰ ਇਸ ਬਗ਼ਾਵਤ ‘ਚੋਂ ‘ਪੈਰਿਸ ਕਮਿਊਨ’ ਅਤੇ ‘1917 ਦੇ ਰੂਸੀ ਸਮਾਜਵਾਦੀ ਇਨਕਲਾਬ’ ਦੇ ਝਲਕਾਰੇ ਦਿਸਣ ਲੱਗ ਪਏ ਸਨ। ਉਹ ਕਿਰਤੀ-ਕਿਸਾਨਾਂ ਦੇ ਘਰੀਂ ਜੰਮੇ, ਮਜਬੂਰੀ ਵੱਸ ਬਰਤਾਨਵੀ ਹਕੂਮਤ ਦੀ ਚਾਕਰੀ ਕਰ ਰਹੇ ਫੌਜੀਆਂ ਤੇ ਪੁਲਸ ਕਰਮਚਾਰੀਆਂ ਅਤੇ ਭਾਰਤੀ ਜਨ ਸਮੂਹਾਂ ਦੀ ਏਕਤਾ ਦੇ ਸ਼ਾਨਦਾਰ ਨਜ਼ਾਰੇ ਦੇਖ ਕੇ ਤਰੇਲੀਓ-ਤਰੇਲੀ ਹੋ ਰਹੇ ਸਨ। ਇਨ੍ਹਾਂ ਸੂਝਵਾਨ ਜੰਗਜ਼ੂਆਂ ਨੇ ਕੌਮੀ ਯਕਜਹਿਤੀ ਅਤੇ ਫਿਰਕੂ ਇਕਸੁਰਤਾ ਦਾ ਸੁਨੇਹਾ ਦੇਣ ਲਈ ਸਮੁੰਦਰੀ ਫੌਜ ਦੇ ਜਹਾਜ਼ਾਂ ‘ਤੇ ‘ਇੰਡੀਅਨ ਨੈਸ਼ਨਲ ਕਾਂਗਰਸ’, ‘ਮੁਸਲਿਮ ਲੀਗ’ ਅਤੇ ਅਣਵੰਡੀ ‘ਭਾਰਤੀ ਕਮਿਊਨਿਸਟ ਪਾਰਟੀ’ ਦੇ ਝੰਡੇ ਲਹਿਰਾ ਦਿੱਤੇ। ਉਨ੍ਹਾਂ ਦੇ ਇਸ ਕਦਮ ਦੀ ਭਾਰਤੀ ਕਮਿਊਨਿਸਟ ਪਾਰਟੀ ਨੇ ਭਰਪੂਰ ਸਰਾਹਣਾ ਅਤੇ ਮੁਸਲਿਮ ਲੀਗ ਤੇ ਕਾਂਗਰਸ ਨੇ ਡਟਵੀਂ ਨਿੰਦਾ ਕੀਤੀ। ਭਾਰਤ-ਪਾਕਿਸਤਾਨ ਦੀਆਂ, ਉਸ ਵੇਲੇ ਦੀਆਂ ਪ੍ਰਮੁਖ ਰਾਜਸੀ ਧਿਰਾਂ ਵੱਲੋਂ ਇਸ ਬਗਾਵਤ ਪ੍ਰਤੀ ਅਪਣਾਏ ਰਵੱਈਏ ਦੀ ਘੋਖ ਕੀਤਿਆਂ ਵੱਖੋ-ਵੱਖ ਸਿਆਸੀ ਪਾਰਟੀਆਂ ਦੇ ਜਮਾਤੀ ਕਿਰਦਾਰ ਦੀ ਬਾਖੂਬੀ ਸਮਝ ਆ ਜਾਂਦੀ ਹੈ। ਇਸ ਬਗ਼ਾਵਤ ਦੇ ਤੀਖਣ ਪ੍ਰਭਾਵ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲੱਗ ਜਾਂਦਾ ਹੈ ਕਿ ਇਹ 18 ਫਰਵਰੀ, 1946 ਨੂੰ ਭੜਕੀ ਅਤੇ 19 ਫਰਵਰੀ ਦੀ ਸ਼ਾਮ ਨੂੰ ਇੰਗਲੈਂਡ ਦੇ ‘ਹਾਊਸ ਆਫ ਲਾਰਡਸ’ ਵਿੱਚ ਬਰਤਾਨਵੀ ਸਰਕਾਰ ਨੇ ਭਾਰਤ ਦੀ ਆਜ਼ਾਦੀ ਦੇ ਤੌਰ-ਤਰੀਕੇ ਤੈਅ ਕਰਨ ਲਈ ਕੈਬਨਿਟ ਮਿਸ਼ਨ ਭੇਜਣ ਦਾ ਐਲਾਨ ਕਰ ਦਿੱਤਾ। ਜ਼ਾਹਿਰ ਹੈ ਬਸਤੀਵਾਦੀ ਹਾਕਮ ਇਹ ਭਲੀ-ਭਾਂਤ ਸਮਝ ਚੁੱਕੇ ਸਨ ਕਿ ਭਾਰਤ ਵਿੱਚ ਹੁਣ ਬਰਤਾਨਵੀ ਰਾਜ ਦੇ ਦਿਨ ਪੁੱਗ ਗਏ ਹਨ ਅਤੇ ਉਨ੍ਹਾਂ ਨੂੰ ਹੁਣ ਇਹ ਚਿੰਤਾ ਸਤਾ ਰਹੀ ਸੀ ਕਿ ਆਜ਼ਾਦ ਭਾਰਤ ਵਿੱਚ ਉਨ੍ਹਾਂ ਦੇ ਹਿਤ ਸੁਰਖਿਅਤ ਕਿਵੇਂ ਰੱਖੇ ਜਾਣ। ਦੂਜੇ ਪਾਸੇ ਭਾਰਤ ਦੇ ਵੱਡੇ ਪੂੰਜੀਪਤੀ ਵੀ ਅਜਿਹੀਆਂ ਹੀ ਚਿੰਤਾਵਾਂ ਨਾਲ ਦੋ-ਚਾਰ ਸਨ। ਕੈਬਨਿਟ ਮਿਸ਼ਨ ਦਾ ਅਸਲ ਮਕਸਦ ਉਕਤ ਚਿੰਤਾਵਾਂ ਦਾ ਹੱਲ ਕੱਢਣਾ ਸੀ। ਇਸੇ ਤਹਿਤ ਸਰਦਾਰ ਵੱਲਭ ਭਾਈ ਪਟੇਲ ਨੇ ਅਪੀਲ ਜਾਰੀ ਕੀਤੀ ਅਤੇ ਜਹਾਜ਼ੀਆਂ ਦੇ ਆਗੂ ਐਮ.ਐਸ.ਖਾਨ ਨਾਲ ਮੁਲਾਕਾਤ ਕੀਤੀ। ਪਟੇਲ ਵੱਲੋਂ ਜਾਰੀ ਬਿਆਨ ‘ਤੇ ਮੁਹੰਮਦ ਅਲੀ ਜਿਨਾਹ ਨੇ ਵੀ ਦਸਤਖ਼ਤ ਕੀਤੇ। ਨਾਮਵਰ ਕੌਮੀ ਆਗੂਆਂ ਦੇ ਕਹਿਣ ਤੇ ਬਾਗੀ ਨਾਵਿਕ ਜਹਾਜ਼ਾਂ ‘ਤੇ ਪਰਤ ਗਏ। ਇਸ ਪਿਛੋਂ ਗ੍ਰਿਫਤਾਰੀਆਂ ਅਤੇ ਕੋਰਟ ਮਾਰਸ਼ਲ ਕੀਤੇ ਜਾਣ ਦਾ ਅਮਲ ਸ਼ੁਰੂ ਹੋਇਆ। 476 ਜਹਾਜ਼ੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ, ਜਿਨ੍ਹਾਂ ਨੂੰ ਸੁਤੰਤਰਤਾ ਪ੍ਰਾਪਤੀ ਪਿਛੋਂ ਭਾਰਤ-ਪਾਕਿਸਤਾਨ ‘ਚ ਕਾਇਮ ਹੋਈਆਂ ਕਾਂਗਰਸ ਅਤੇ ਮੁਸਲਿਮ ਲੀਗ ਦੀਆਂ ‘ਕੌਮੀ ਸਰਕਾਰਾਂ’ ਨੇ ਕਦੀ ਵੀ ਬਹਾਲ ਨਹੀਂ ਕੀਤਾ। ਸੁਤੰਤਰਤਾ ਦੇ ਕਿਸ ਸ਼੍ਰੇਣੀ ਲਈ ਕੀ ਅਰਥ ਹਨ ਇਸ ਨੂੰ ਨੇਵੀ ਦੀ ਬਗ਼ਾਵਤ ਦੇ ਸੰਦਰਭ ਵਿੱਚ ਬਿਹਤਰ ਢੰਗ ਨਾਲ ਸਮਝਿਆ ਜਾ ਸਕਦਾ ਹੈ।
ਬਹਰਹਾਲ, ਅਸੀਂ ਇਹੋ ਕਹਿਣਾ ਚਾਹੁੰਦੇ ਹਾਂ ਕਿ ਦੇਸ਼ ਦੀ ਰਾਜ ਸੱਤਾ ਬਸਤੀਵਾਦੀ ਹਾਕਮਾਂ ਦੀ ਥਾਂ ਅਜਾਰੇਦਾਰ ਪੂੰਜੀਪਤੀਆਂ ਦੀ ਅਗਵਾਈ ਵਿੱਚ ਪੂੰਜੀਪਤੀ-ਰਜਵਾੜਾਸ਼ਾਹੀ ਗਠਜੋੜ ਦੇ ਹੱਥ ਆ ਗਈ ਜਿਸ ਨੇ ਸਾਮਰਾਜੀਆਂ ਨਾਲ ਗਲਵਕੜੀ ਪਾ ਲਈ।
ਸਾਡੀ ਜਾਚੇ ਆਰਥਿਕ ਬਰਾਬਰੀ ਤੇ ਲੁੱਟ ਖਸੁੱਟ ਰਹਿਤ ਸਮਾਜ ਦੀ ਸਿਰਜਣਾ ਲਈ ਸੁਤੰਤਰਤਾ ਸੰਗਰਾਮ ਨਵੇਂ ਸਿਰਿਓਂ ਲੜਿਆ ਅਤੇ ਜਿੱਤਿਆ ਜਾਣਾ ਅਜੇ ਰਹਿੰਦਾ ਹੈ।