
ਮੰਗਤ ਰਾਮ ਪਾਸਲਾ
ਅੱਜ ਦੇ ਵਿਗਿਆਨਕ ਯੁਗ ਅੰਦਰ, ਜਦੋਂ ਦੁਨੀਆਂ ਭਰ ਦੇ ਲੋਕ ਪਿਛਾਖੜੀ ਤੇ ਵੇਲਾ ਵਿਹਾ ਚੁੱਕੀਆਂ ਸਮਾਜਿਕ ਕਦਰਾਂ-ਕੀਮਤਾਂ ਤੋਂ ਖਹਿੜਾ ਛੁਡਵਾਉਣ ਦਾ ਯਤਨ ਕਰ ਰਹੇ ਹਨ, ਭਾਰਤ ਦੇ ਅਨੇਕਾਂ ਰਾਜਨੀਤਕ ਦਲ ਸਮਾਜ ਅੰਦਰ ਜਾਤ ਪਾਤ ਤੇ ਧਰਮ ਦੇ ਵਖਰੇਵਿਆਂ ਦਾ ਰਾਜਸੀ ਲਾਹਾ ਲੈਣ ਦੀ ਤਾਕ ’ਚ ਨਵੇਂ-ਨਵੇਂ ਢੰਗ ਖੋਜ ਰਹੇ ਹਨ। ਇਨ੍ਹਾਂ ਰਾਜਨੀਤਕ ਪਾਰਟੀਆਂ ਵਾਸਤੇ ਹੁਣ ਜਾਤਪਾਤ ਤੇ ਸਮਾਜਿਕ ਜਬਰ ਦਾ ਖ਼ਾਤਮਾ ਕੋਈ ਮੁੱਦਾ ਨਹੀਂ ਰਿਹਾ, ਸਿਰਫ ਇਨ੍ਹਾਂ ਮੁੱਦਿਆਂ ਦਾ ਇਸਤੇਮਾਲ ਕਰਕੇ ਰਾਜਨੀਤਕ ਲਾਹਾ ਲੈਣ ਦੀ ਕਲਾ ਹੀ ਇਨ੍ਹਾਂ ਦੀ ਲੋੜ ਬਣ ਗਈ ਹੈ। ਪਾਰਲੀਮੈਂਟ ਦੇ ਮੋਨਸੂਨ ਸ਼ੈਸ਼ਨ ਦੇ ਪਹਿਲੇ ਦਿਨ, ਜਦੋਂ ਸਰਕਾਰ ਵਿਰੋਧੀ ਸਾਰੀਆਂ ਹੀ ਰਾਜਸੀ ਪਾਰਟੀਆਂ ਇਕਜੁੱਟ ਹੋ ਕੇ ਰਾਜ ਸਭਾ ’ਚ ਦੇਸ਼ ਵਿਆਪੀ ਕਿਸਾਨ ਅੰਦੋਲਨ ਦੇ ਹੱਕ ’ਚ ਆਵਾਜ਼ ਬੁਲੰਦ ਕਰ ਰਹੀਆਂ ਸਨ, ਤਾਂ ਪ੍ਰਧਾਨ ਮੰਤਰੀ ਰਾਜ ਸਭਾ ’ਚ ਪਿਛਲੇ ਦਿਨੀਂ ਆਪਣੇ ਮੰਤਰੀ ਮੰਡਲ ’ਚ ਸ਼ਾਮਲ ਕੀਤੇ ਨਵੇਂ ਮੰਤਰੀਆਂ ਦਾ ਪਾਰਲੀਮੈਂਟ ਮੈਂਬਰਾਂ ਨਾਲ ਤੁਆਰਫ਼ ਕਰਾ ਰਹੇ ਸਨ। ਐਸਾ ਕਰਨ ’ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ, ਉਂਝ ਰਾਜਨੀਤਕ ਸਦਾਚਾਰ ਮੰਗ ਕਰਦਾ ਸੀ ਕਿ ਪਿਛਲੇ 8 ਮਹੀਨਿਆਂ ਤੋਂ ਸਰਦੀ, ਗਰਮੀ, ਮੀਂਹ, ਝੱਖੜਾਂ ਤੇ ਹਰ ਕਿਸਮ ਦੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਦੇ ਹੋਏ ਦਿੱਲੀ ਦੀਆਂ ਸਰਹੱਦਾਂ ਉਪਰ ਮੋਰਚੇ ਮੱਲੀ ਬੈਠੇ ਕਿਸਾਨਾਂ ਦੀਆਂ ਮੰਗਾਂ ਤੇ ਤਕਲੀਫ਼ਾਂ ਨੂੰ ਪਹਿਲ ਦੇ ਆਧਾਰ ’ਤੇ ਵਿਚਾਰਿਆ ਜਾਂਦਾ। ਪ੍ਰੇਸ਼ਾਨੀ ਇਸ ਗੱਲ ਦੀ ਹੈ ਕਿ ਪ੍ਰਧਾਨ ਮੰਤਰੀ ਜੀ ਨਵੇਂ ਮੰਤਰੀਆਂ ਨੂੰ ਕਿਸੇ ਵੱਡੀ ਸਮਾਜਿਕ ਜਾਂ ਦੁਨਿਆਵੀ ਲੋਕ ਸੇਵਾ ਨਿਭਾਉਣ ਜਾਂ ਉਨ੍ਹਾਂ ਦੀ ਯੋਗਤਾ ਦਾ ਜ਼ਿਕਰ ਕਰਕੇ ਸੰਸਦ ਮੈਂਬਰਾਂ ਸਾਹਮਣੇ ਪੇਸ਼ ਕਰਨ ਦੀ ਬਜਾਏ ਇਸ ਗੱਲ ਦੀ ਦੁਹਾਈ ਦੇ ਰਹੇ ਸਨ ਕਿ ਵਿਰੋਧੀ ਧਿਰ ਸੰਸਦ ਅੰਦਰ ਕਿਸਾਨ ਮੁੱਦਿਆਂ ਬਾਰੇ ਰੌਲਾ ਰੱਪਾ ਔਰਤਾਂ, ਦਲਿਤਾਂ, ਪੱਛੜੀਆਂ ਜਾਤੀਆਂ ਤੇ ਕਬਾਇਲੀ ਲੋਕਾਂ ਦੇ ਨੁੰਮਾਇੰਦਿਆਂ ਨੂੰ ਮੰਤਰੀ ਮੰਡਲ ’ਚ ਸ਼ਾਮਿਲ ਕਰਨ ਦੀ ਮਹਾਨਤਾ ਨੂੰ ਘਟਾਉਣ ਲਈ ਕਰ ਰਹੀ ਹੈ, ਜਿਸ ਨੂੰ ਮੋਦੀ ਜੀ ਨੇ ਵਿਰੋਧੀ ਧਿਰਾਂ ਦੀ ‘ਘਟੀਆ ਮਾਨਸਿਕਤਾ’ ਦਾ ਸਬੂਤ ਕਿਹਾ। ਜਾਤੀਪਾਤੀ ਵਿਵਸਥਾ ਖਤਮ ਕਰਨ ਦੇ ਦਾਅਵੇ ਕਰਨ ਵਾਲੇ ਪ੍ਰਧਾਨ ਮੰਤਰੀ ਹੁਣ ਜਾਤਪਾਤ ਅਧਾਰਤ ਰਾਜਨੀਤੀ ਉਪਰ ਮਾਣ ਮਹਿਸੂਸ ਕਰ ਰਹੇ ਹਨ। ਭਾਜਪਾ ਆਪਣੀ ਰਾਜਨੀਤੀ ਹਮੇਸ਼ਾ ਧਰਮ, ਜਾਤੀ ਤੇ ਫਿਰਕੂ ਆਧਾਰ ਉਤੇ ਹੀ ਤੈਅ ਕਰਦੀ ਹੈ, ਜਿਸ ਨੂੰ ਉਹ ‘ਸ਼ੋਸ਼ਲ ਇੰਜੀਨੀਅਰਿੰਗ’ ਕਹਿੰਦੇ ਹਨ। ਉਮੀਦਵਾਰਾਂ ਦੀ ਚੋਣ ਵੀ ਇਸੇ ਆਧਾਰ ਉਪਰ ਕਰਦੇ ਹੋਏ ਸੰਬੰਧਤ ਹਲਕੇ ਦੇ ਜਾਤੀਪਾਤੀ ਤੇ ਧਾਰਮਿਕ ਸਮੀਕਰਨਾਂ ਨੂੰ ਨਿਗਾਹ ’ਚ ਰੱਖਿਆ ਜਾਂਦਾ ਹੈ। ਇਸ ਢੰਗ ਨਾਲ ਚੋਣ ਮੁਹਿੰਮ ਦੀ ਸ਼ੁਰੂਆਤ ਹੀ ਸਮਾਜ ਨੂੰ ਵੰਡਣ ਦੀ ਪ੍ਰਕਿਰਿਆ ਨਾਲ ਕੀਤੀ ਜਾਂਦੀ ਹੈ।
ਖੱਬੇ ਪੱਖੀ ਧਿਰਾਂ ਤੋਂ ਬਿਨਾਂ ਦੂਸਰੀਆਂ ਰਾਜਨੀਤਕ ਪਾਰਟੀਆਂ ਵੀ ਗੁੱਜਰ, ਜਾਟ, ਬ੍ਰਾਹਮਣ, ਦਲਿਤ, ਯਾਦਵ ਇਤਿਆਦਿ ਜਾਤਪਾਤ ਦੇ ਨਾਮ ’ਤੇ ਜਨਤਕ ਇਕੱਠ ਕਰਦੀਆਂ ਹਨ, ਜਿਸ ਨਾਲ ਉਨ੍ਹਾਂ ਨੂੰ ਚੁਣਾਵੀ ਫਾਇਦਾ ਹੋ ਸਕੇ। ਸਮਾਜਿਕ ਤੌਰ ’ਤੇ ਜਾਤੀ, ਧਰਮ ਤੇ ਕਿੱਤੇ ਦੇ ਰੂਪ ’ਚ ਲੋਕਾਂ ਦੇ ਸਮੂਹਾਂ ਅੰਦਰ ਭਾਵਨਾਤਕ ਰੂਪ ’ਚ ਆਪਸੀ ਸਾਂਝ ਬਣਨੀ ਸੁਭਾਵਿਕ ਹੈ। ਅਜਿਹੀਆਂ ਸਾਂਝਾਂ ਸੰਬੰਧਤ ਜਨਤਾ ਦੇ ਕਈ ਵਾਰ ਕੁੱਝ ਛੋਟੇ-ਮੋਟੇ ਮਸਲਿਆਂ ਦਾ ਸਮਾਧਾਨ ਕਰਨ ਦੇ ਸਮਰੱਥ ਵੀ ਬਣ ਸਕਦੀਆਂ ਹਨ। ਪ੍ਰੰਤੂ ਵੱਖ-ਵੱਖ ਵਰਗਾਂ ਨਾਲ ਜੁੜੇ ਇਕ ਜਾਤੀ ਜਾਂ ਧਰਮ ਦੇ ਸਾਰੇ ਲੋਕਾਂ ਦੇ ਆਰਥਿਕ ਹਿੱਤ ਇਕੋ ਜਿਹੇ ਕਦਾਚਿਤ ਨਹੀਂ ਹੋ ਸਕਦੇ। ਪੀੜਤ ਧਿਰ ਦੇ ਹਿਤਾਂ ਦੀ ਰਾਖੀ ਸਮੂਹ ਕਿਰਤੀ ਲੋਕਾਂ ਦੀ ਸਾਂਝੀ ਲਹਿਰ ਹੀ ਕਰ ਸਕਦੀ ਹੈ।
ਭਾਜਪਾ ਨੀਤੀਆਂ ਦਾ ਅਨੁਸਰਨ ਕਰਦਿਆਂ ਹੋਇਆਂ ਬਸਪਾ ਮੁਖੀ ਕੁਮਾਰੀ ਮਾਇਆਵਤੀ ਜੀ ਵਲੋਂ ਯੂ.ਪੀ. ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਪਿਛਲੇ ਦਿਨੀਂ ‘ਬ੍ਰਾਹਮਣ ਸੰਮੇਲਨ’ ਦਾ ਆਯੋਜਨ ਕੀਤਾ ਗਿਆ, ਜਿਸ ਦੀ ਜ਼ਿੰਮੇਵਾਰੀ ਬਸਪਾ ਆਗੂ ਸਤੀਸ਼ ਮਿਸ਼ਰਾ ਨੂੰ ਸੌਂਪੀ ਗਈ।
ਅਯੁਧਿਆ ’ਚ ਹੋਏ ਇਸ ‘ਬ੍ਰਾਹਮਣ ਸੰਮੇਲਨ’ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਧਾਰਮਿਕ ਰੀਤੀ ਰਿਵਾਜ਼ ਵੀ ਉਸੇ ਤਰ੍ਹਾਂ ਕੀਤੇ ਗਏ, ਜਿਵੇਂ ਭਾਜਪਾ ਆਗੂ ਕਰਦੇ ਹਨ। ਮਿਸ਼ਰਾ ਜੀ ਨੇ ਆਪਣੇ ਭਾਸ਼ਣ ’ਚ ‘ਸਨਸਨੀ ਪੂਰਨ’ ਖੁਲਾਸਾ ਕਰਦਿਆਂ ਫਰਮਾਇਆ ਕਿ ਯੂ.ਪੀ. ਅੰਦਰ ‘‘ਪਿਛਲੇ 14 ਸਾਲਾਂ ਤੋਂ, ਤੇ ਖਾਸਕਰ ਯੋਗੀ ਸਰਕਾਰ ਦੇ ਰਾਜ ਭਾਗ ਦੌਰਾਨ ਬ੍ਰਾਹਮਣਾਂ ਦਾ ਬਹੁਤ ਜ਼ਿਆਦਾ ਨਪੀੜਨ ਹੋਇਆ ਹੈ। ਯੂ.ਪੀ. ਪੁਲਸ ਕਿਸੇ ਮੁਜ਼ਰਿਮ ਨੂੰ ਫੜਕੇ ਦੋਸ਼ ਪਤਾ ਕਰਨ ਤੋਂ ਪਹਿਲਾਂ ਉਸਦੀ ਜਾਤ ਬਾਰੇ ਪੁੱਛਦੀ ਹੈ। ਜੇਕਰ ਉਹ ਦੱਸ ਦੇਵੇ ਕਿ ਮੈਂ ਬ੍ਰਾਹਮਣ ਹਾਂ, ਤਾਂ ਉਸ ਨੂੰ ਪੁਲਸ ਮੁਕਾਬਲਾ ਬਣਾ ਕੇ ਮਾਰ ਦਿੱਤਾ ਜਾਂਦਾ ਹੈ।’’ ਅੱਗੋਂ ਮਿਸ਼ਰਾ ਜੀ ਨੇ ਆਪਣੀ ਨੇਕ ਸਲਾਹ ਦਿੰਦਿਆਂ ਬ੍ਰਾਹਮਣ ਸਮਾਜ ਨੂੰ ਆਪਣੇ ਸਨਮਾਨ ਦੀ ਰਾਖੀ ਲਈ ‘ਬਸਪਾ’ ਨਾਲ ਜੁੜਨ ਦੀ ਨਸੀਹਤ ਵੀ ਕੀਤੀ। ਪੰਚਾਇਤ ਮੈਂਬਰ ਤੋਂ ਲੈ ਕੇ ਦੇਸ਼ ਦੇ ਰਾਸ਼ਟਰਪਤੀ ਪਦ ਉਪਰ ਹਰ ਜਾਤੀ, ਲਿੰਗ ਤੇ ਧਰਮ ਦੇ ਲੋਕ ਬਿਰਾਜਮਾਨ ਰਹੇ ਹਨ, ਜਿਸ ਵਿਚ ਬ੍ਰਾਹਮਣ, ਦਲਿਤ, ਧਾਰਿਮਕ ਘੱਟ ਗਿਣਤੀਆਂ ਨਾਲ ਸੰਬੰਧਤ ਸ਼ਖਸ਼ੀਅਤਾਂ ਸ਼ਾਮਲ ਹਨ। ਇਕ ਵਾਰ ਇਕ ਔਰਤ ਨੂੰ ਵੀ ਰਾਸ਼ਟਰਪਤੀ ਦੇ ਅਹੁਦੇ ’ਤੇ ਪੁੱਜਣ ਦਾ ਮਾਣ-ਸਨਮਾਨ ਹਾਸਲ ਹੋ ਚੁੱਕਾ ਹੈ। ਇਸੇ ਤਰ੍ਹਾਂ ਪ੍ਰਧਾਨ ਮੰਤਰੀਆਂ, ਮੁੱਖ ਮੰਤਰੀਆਂ, ਮੰਤਰੀਆਂ, ਗਵਰਨਰਾਂ, ਜੱਜਾਂ, ਭਾਵ ਹਰ ਵੱਡੇ ਤੋਂ ਵੱਡੇ ਅਹੁਦਿਆਂ ’ਤੇ ਸਭ ਜਾਤੀਆਂ ਤੇ ਧਰਮਾਂ ਨਾਲ ਸੰਬੰਧਤ ਲੋਕ ਪੁੱਜਦੇ ਰਹੇ ਹਨ। ਜੇਕਰ ਕਿਸੇ ਵਿਸ਼ੇਸ਼ ਜਾਤ, ਧਰਮ ਜਾਂ ਨਾਲ ਸੰਬੰਧਤ ਵਿਅਕਤੀ ਦੇ ਉਚ ਅਹੁਦੇ ਉਪਰ ਪੁੱਜਣ ਨਾਲ ਹੀ ਉਸ ਧਰਮ/ਜਾਤ/ਲਿੰਗ ਨਾਲ ਸੰਬੰਧਤ ਸਭ ਲੋਕਾਂ ਦੇ ਦੁਖ ਤਕਲੀਫ਼ਾਂ ਕੱਟੇ ਜਾਂਦੇ, ਤਾਂ ਹੁਣ ਤੱਕ ਤਾਂ ਭਾਰਤ ਦੇ ਸਾਰੇ 140 ਕਰੋੜ ਲੋਕ ਹੀ ਦੁਨੀਆਂ ਦੇ ਸਭ ਤੋਂ ਖੁਸ਼ਹਾਲ ਤੇ ਉਨਤਸ਼ੀਲ ਇਨਸਾਨ ਬਣੇ ਹੋਏ ਹੋਣੇ ਚਾਹੀਦੇ ਸਨ। ਮੁਢਲੇ ਆਰਥਿਕ ਤੇ ਸਮਾਜਿਕ ਢਾਂਚੇ ਨੂੰ ਬਦਲਣ ਤੋਂ ਬਿਨਾਂ ਹੀ ਇਸ ਸਿਧਾਂਤ ਅਨੁਸਾਰ ਸਿਰਫ ਜਾਤ-ਪਾਤ ਤੇ ਧਰਮ ਦੇ ਆਧਾਰ ’ਤੇ ਵਿਅਕਤੀ ਵਿਸ਼ੇਸ਼ ਨੂੰ ਸੱਤਾ ਸੌਂਪਣ ਤੋਂ ਬਾਅਦ ਉਸ ਜਾਤੀ/ਧਰਮ ਦੇ ਕਿਰਤੀ ਜਨ ਸਮੂਹਾਂ ਨੂੰ ਉਨ੍ਹਾਂ ਦੀ ਹੋ ਰਹੀ ਦੁਰਗਤੀ, ਭੁਖਮਰੀ, ਬੇਕਾਰੀ, ਗਰੀਬੀ, ਅਨਪੜ੍ਹਤਾ, ਅਸਮਾਨਤਾ, ਭਾਵ ਸਭ ਰੋਗਾਂ ਤੋਂ ਮੁਕਤੀ ਹੁਣ ਤੱਕ ਤਾਂ ਮਿਲੀ ਹੋਣੀ ਚਾਹੀਦੀ ਸੀ। ਪ੍ਰੰਤੂ ਅਜਿਹਾ ਨਹੀਂ ਵਾਪਰਿਆ ਤੇ ਨਾ ਹੀ ਭਵਿੱਖ ’ਚ ਕਦੀ ਵਾਪਰ ਸਕਦਾ ਹੈ। ਅਸਲ ’ਚ ਇਹੀ ਸਿਧਾਂਤ ਅੱਜ ਤੱਕ ਲੁਟੇਰੀਆਂ ਜਮਾਤਾਂ ਦੇ ਨੁੰਮਾਇੰਦੇ ਤੇ ਵਿਦਵਾਨ ਪ੍ਰਚਾਰਦੇ ਰਹੇ ਹਨ, ਜਿਸਦਾ ਸਮਾਜ ਦੇ ਲੁੱਟੇ-ਪੁੱਟੇ ਜਾਂਦੇ ਲੋਕ ਸੌਖਿਆਂ ਹੀ ਸ਼ਿਕਾਰ ਬਣ ਜਾਂਦੇ ਹਨ।
ਅਜਿਹਾ ਵਿਚਾਰ ਦੱਬੇ ਕੁਚਲੇ ਤੇ ਸਮਾਜਿਕ ਅਨਿਆਂ ਦਾ ਸ਼ਿਕਾਰ ਜਨ ਸਮੂਹਾਂ ਦੇ ਅਸਲ ਦੁੱਖਾਂ ਦੀ ਜੜ੍ਹ ਹੈ। ਇਹ ਤਸੱਲੀ ਵਾਲੀ ਗੱਲ ਹੈ ਕਿ ਸਾਡੇ ਮਹਾਨ ਗੁਰੂਆਂ, ਸੰਤਾਂ, ਫਕੀਰਾਂ, ਸਮਾਜ ਸੁਧਾਰਕਾਂ, ਜਿਨ੍ਹਾਂ ’ਚ ਗੁਰੂ ਨਾਨਕ ਦੇਵ ਜੀ, ਗੁਰੂ ਰਵਿਦਾਸ ਜੀ, ਭਗਤ ਕਬੀਰ ਜੀ, ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ, ਪੇਰਿਆਰ ਤੇ ਗ਼ਦਰੀ ਬਾਬਾ ਮੰਗੂ ਰਾਮ ਜੀ ਦੀਆਂ ਸਿੱਖਿਆਵਾਂ ਤੇ ਘਾਲਣਾਵਾਂ ਸਦਕਾ ਦਲਿਤ ਤੇ ਪਛੜੇ ਸਮਾਜ ਅੰਦਰ ਵੱਡੀ ਰਾਜਨੀਤਕ ਤੇ ਸਮਾਜਿਕ ਚੇਤਨਤਾ ਨੇ ਪਸਾਰਾ ਕੀਤਾ ਹੈ। ਕਮਿਊਨਿਸਟਾਂ ਤੇ ਬਾਬੂ ਕਾਂਸ਼ੀ ਰਾਮ ਜੀ ਨੇ ਆਪਣੇ ਢੰਗ ਨਾਲ ਇਸ ਪ੍ਰਕਿਰਿਆ ’ਚ ਆਪੋ ਆਪਣਾ ਯੋਗਦਾਨ ਪਾਇਆ ਹੈ, ਭਾਵੇਂ ਕਿ ਕਮਿਊਨਿਸਟ ਪਾਰਟੀਆਂ ਨੇ ਜਾਤਪਾਤ ’ਤੇ ਆਧਾਰਤ ਸਮਾਜਿਕ ਜਬਰ ਦੇ ਸਵਾਲਾਂ ਵੱਲ ਸ਼ੁਰੂਆਤੀ ਦੌਰ ਅੰਦਰ ਲੋੜੀਂਦਾ ਧਿਆਨ ਨਹੀਂ ਦਿੱਤਾ। ਕਮਿਊਨਿਸਟ ਆਰਥਿਕ ਨਾ ਬਰਾਬਰੀ ਲਈ ਪੈਦਾਵਾਰੀ ਸਾਧਨਾਂ ਦੀ ਕਾਣੀ ਵੰਡ ਨੂੰ ਮੂਲ ਕਾਰਨ ਮੰਨਦੇ ਹਨ, ਜੋ ਵੱਡੀ ਹੱਦ ਤੱਕ ਸੱਚ ਵੀ ਹੈ। ਪ੍ਰੰਤੂ ਜਾਤਪਾਤ ਆਧਾਰਤ ਸਮਾਜਿਕ ਜਬਰ ਵੀ ਇਕ ਨਾਸੂਰ ਵਾਂਗ ਸਮਾਜ ਨੂੰ ਚੰਬੜਿਆ ਹੋਇਆ ਹੈ, ਜਿਸ ਤੋਂ ਪੀੜਤ ਲੋਕਾਂ ਦੇ ਛੁਟਕਾਰੇ ਵਾਸਤੇ ਵੱਖਰੇ ਯਤਨ ਵੀ ਕਰਨੇ ਪੈਣਗੇ। ਸਮਾਜਿਕ ਜ਼ਬਰ ਵਿਰੁੱਧ ਲੜਾਈ ਜਮਾਤੀ ਜੱਦੋ ਜ਼ਹਿਦ ਦਾ ਅਟੁੱਟ ਹਿੱਸਾ ਹੈ। ਪ੍ਰੰਤੂ ਇਸ ਤੱਥ ਨੂੰ ਵੀ ਨਹੀਂ ਭੁਲਣਾ ਚਾਹੀਦਾ ਕਿ ਅੱਜ ਦੇ ਬਹੁਤ ਸਾਰੇ ‘ਆਪੂੰ’ ਬਣੇ ਦਲਿਤ ਨੇਤਾਵਾਂ ਨੇ ਦਲਿਤ ਸਮਾਜ ਦੀ ਤ੍ਰਾਸਦੀ ਦਾ ਨਾਜ਼ਾਇਜ਼ ਫਾਇਦਾ ਲੈ ਕੇ ਉਨ੍ਹਾਂ ਨਾਲ ਧੋਖਾ ਹੀ ਕੀਤਾ ਹੈ। ਇਨ੍ਹਾਂ ਨੇਤਾਵਾਂ ਨੇ ਸਮਾਜਿਕ ਜ਼ਬਰ ਦੇ ਮੁੱਦਿਆਂ ਦੁਆਲੇ ਦਲਿਤਾਂ ਨੂੰ ਜਥੇਬੰਦ ਕਰਨ ਤੋਂ ਬਾਅਦ ਉਨ੍ਹਾਂ ਦੀ ਵੋਟ ਤਾਕਤ ਦਾ ਡਰ ਦਿਖਾ ਕੇ ਉਨ੍ਹਾਂ ਹੀ ਲੁਟੇਰੀਆਂ ਰਾਜਨੀਤਕ ਪਾਰਟੀਆਂ ’ਚ ਸ਼ਮੂਲੀਅਤ ਜਾਂ ਸਾਂਝਾਂ ਰਾਹੀਂ ਸੱਤਾ ਦਾ ਆਨੰਦ ਮਾਣਿਆ ਹੈ, ਜਿਨ੍ਹਾਂ ਰਾਜਸੀ ਦਲਾਂ ਦੀਆਂ ਆਰਥਿਕ ਤੇ ਮਨੂੰਵਾਦੀ ਨੀਤੀਆਂ ਨੇ ਸਦੀਆਂ ਤੋਂ ਕੁਚਲੇ ਜਾਂਦੇ ਦਲਿਤ ਤੇ ਪੱਛੜੇ ਸਮਾਜ ਨੂੰ ਮੌਜੂਦਾ ਤ੍ਰਾਸਦੀ ’ਚ ਸੁੱਟਿਆ ਹੋਇਆ ਹੈ। ਹੁਣ ਇਸੇ ਰਣਨੀਤੀ ਅਧੀਨ ਯੂ.ਪੀ. ਅੰਦਰ ਬ੍ਰਾਹਮਣ ਸਮਾਜ ਨਾਲ ਹੋ ਰਹੇ ਅੱਤਿਆਚਾਰਾਂ ਦਾ ਸੁਆਂਗ ਰਚਕੇ ਅਜਿਹੀਆਂ ਹੀ ਤਾਕਤਾਂ ਨਾਲ ਸਾਂਝਾਂ ਪਾਈਆਂ ਜਾ ਰਹੀਆਂ ਹਨ। ਬਿਨਾਂ ਸ਼ੱਕ ਦੇਸ਼ ਦੀ ਸਮੁੱਚੀ ਮਿਹਨਤਕਸ਼ ਜਨਤਾ, ਜਿਸ ਵਿਚ ਦਲਿਤ, ਪੱਛੜੀਆਂ ਜਾਤੀਆਂ, ਕਬਾਇਲੀਆਂ, ਬ੍ਰਾਮਹਣਾਂ ਸਮੇਤ ਸਾਰੀਆਂ ਹੀ ਉਚ ਜਾਤੀਆਂ ਦੇ ਲੋਕ ਤੇ ਕਿਸਾਨ-ਮਜ਼ਦੂਰ ਸ਼ਾਮਿਲ ਹਨ, ’ਤੇ 75 ਸਾਲਾਂ ਤੋਂ ਨਿਰਦਈ ਲੁਟੇਰੇ ਹਾਕਮਾਂ ਵਲੋਂ ਹਰ ਕਿਸਮ ਦੇ ਅੱਤਿਆਚਾਰ ਕੀਤੇ ਜਾ ਰਹੇ ਹਨ। ਇਸ ਲੁੱਟ ਖਸੁੱਟ ਦੇ ਆਧਾਰ ’ਤੇ ਹੀ ਸਭ ਪੀੜਤ ਲੋਕਾਂ ਨੂੰ ਇਕਜੁੱਟ ਹੋ ਕੇ ਸੰਘਰਸ਼ ਕਰਨ ਦੀ ਜ਼ਰੂਰਤ ਹੈ। ਪ੍ਰੰਤੂ ਬਸਪਾ ਆਗੂ ਮਿਸ਼ਰਾ ਨੂੰ ਯੂ.ਪੀ.ਅੰਦਰ ਹਾਥਰਸ ਵਰਗੀਆਂ ਘਟਨਾਵਾਂ ਨਜ਼ਰ ਨਹੀਂ ਆਈਆਂ, ਜਿਥੇ ਯੋਗੀ ਸਰਕਾਰ ਵਲੋਂ ਬਲਾਤਕਾਰ ਦੀ ਪੀੜਤ ਔਰਤ ਦੇ ਬਾਪ ਸਮੇਤ ਪਰਿਵਾਰ ਦੇ ਕਈ ਹੋਰ ਮੈਂਬਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਹਰ ਰੋਜ਼ ਹੀ ਦਲਿਤਾਂ, ਔਰਤਾਂ, ਧਾਰਮਿਕ ਘੱਟ ਗਿਣਤੀਆਂ ਤੇ ਆਮ ਲੋਕਾਂ ਨਾਲ ਯੋਗੀ ਸਰਕਾਰ ਵਲੋਂ ਕੀਤੇ ਜਾ ਰਹੇ ਘਿਨਾਉਣੇ ਜਬਰ ਨੂੰ ਅੱਖੋਂ ਓਹਲੇ ਕਰਕੇ ‘ਬ੍ਰਾਹਮਣ’ ਜਾਤੀ ਦੇ ਸਨਮਾਨ ਦੀ ਦੁਹਾਈ ਦੇਣ ਵਾਲੇ ਇਹ ‘ਪਾਖੰਡੀ ਤੱਤ’ ਨਾ ਤਾਂ ਦਲਿਤਾਂ, ਧਾਰਮਿਕ ਘੱਟ ਗਿਣਤੀਆਂ ਤੇ ਔਰਤਾਂ ਦੇ ਅਤੇ ਨਾਂ ਹੀ ਉਚ ਜਾਤੀਆਂ ਨਾਲ ਸੰਬੰਧਤ ਮਜ਼ਦੂਰਾਂ, ਕਿਸਾਨਾਂ, ਦੁਕਾਨਦਾਰਾਂ, ਵਿਉਪਾਰੀਆਂ ਤੇ ਹੋਰ ਦਰਮਿਆਨੀਆਂ ਜਮਾਤਾਂ ਦੇ ਲੋਕਾਂ ਦੇ ਮਿੱਤਰ ਕਹੇ ਜਾ ਸਕਦੇ ਹਨ। ਇਹ ਸੱਜਣ ਰਾਜਨੀਤੀ ਨੂੰ ਇਕ ‘ਮੁਨਾਫ਼ੇ’ ਦਾ ਧੰਦਾ ਸਮਝਦੇ ਹਨ, ਜਿਸ ਲਈ ਇਹ ਝੂਠ ਜਾਂ ਛਲ ਦੀ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।
ਪੰਜਾਬ ਅੰਦਰ ਅਗਲੇ ਸਾਲ ਹੋ ਰਹੀਆਂ ਅਸੈਂਬਲੀ ਚੋਣਾਂ ਵਾਸਤੇ ਬਸਪਾ ਹਾਈ ਕਮਾਂਡ ਦੀ ਹਦਾਇਤ ’ਤੇ ਬਸਪਾ ਤੇ ਅਕਾਲੀ ਦਲ ਦਾ ਚੋਣ ਸਮਝੌਤਾ ਵੀ ਯੂ.ਪੀ. ਪੈਟਰਨ ’ਤੇ ਹੀ ਕੀਤਾ ਗਿਆ ਹੈ। ਪ੍ਰੰਤੂ ਤਸੱਲੀ ਵਾਲੀ ਗੱਲ ਹੈ ਕਿ ਬਸਪਾ ਦਾ ਇਮਾਨਦਾਰ ਤੇ ਪ੍ਰਤੀਬੱਧ ਕਾਡਰ ਤੇ ਦਲਿਤ ਸਮਾਜ ਇਸ ਮੌਕਾਪ੍ਰਸਤ ਚੋਣ ਸਮਝੌਤੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰ ਰਿਹਾ ਹੈ।
ਅਸਲ ’ਚ ਇਹ ਸਾਰਾ ਵਰਤਾਰਾ ਉਨ੍ਹਾਂ ਦਲਿਤਾਂ ਤੇ ਹੋਰ ਪੱਛੜੇ ਵਰਗਾਂ ਦੇ ਲੋਕਾਂ ਨਾਲ ਸਰਾਸਰ ਧੋਖਾਧੜੀ ਹੈ, ਜਿਨ੍ਹਾਂ ਨੇ ਆਪਣੇ ਆਤਮ ਸਨਮਾਨ ਦੀ ਬਹਾਲੀ ਲਈ ਤੇ ਆਰਥਿਕ ਨਾ ਬਰਾਬਰੀ ਦੇ ਖਾਤਮੇ ਲਈ ਰਾਤ-ਦਿਨ ਮਿਹਨਤ ਕਰਕੇ ਸੰਘਰਸ਼ਾਂ ਦਾ ਰਾਹ ਫੜ੍ਹਿਆ ਹੋਇਆ ਹੈ। ਕੁਮਾਰੀ ਮਾਇਆਵਤੀ ਜੀ ਤੇ ਸਤੀਸ਼ ਮਿਸ਼ਰੇ ਵਰਗੇ ਨਵੇਂ ਸਿਧਾਂਤਕਾਰਾਂ ਦਾ ਪੈਂਤੜਾ ਬਾਬਾ ਸਾਹਿਬ ਤੇ ਪੇਰਿਆਰ ਜੀ ਦੀਆਂ ਸਿੱਖਿਆਵਾਂ ਤੇ ਘਾਲਣਾਵਾਂ ਦਾ ਘੋਰ ਨਿਰਾਦਰ ਤੇ ਵਿਸ਼ਵਾਸ਼ਘਾਤ ਹੈ। ਜਾਤੀਪਾਤੀ ਵੰਡ ਦਾ ਲਾਹਾ ਲੈ ਕੇ ਰਾਜਨੀਤਕ ਰੋਟੀਆਂ ਸੇਕਣ ਨਾਲ ਦਲਿਤ ਸਮਾਜ ਦਾ ਕਲਿਆਣ ਨਹੀਂ ਹੋ ਸਕਦਾ, ਬਲਕਿ ਸਮਾਜਿਕ ਜਬਰ ਤੇ ਆਰਥਿਕ ਲੁੱਟ ਖਸੁੱਟ ਕਰਨ ਵਾਲੀਆਂ ਰਾਜਸੀ ਤੇ ਸਮਾਜਿਕ ਸ਼ਕਤੀਆਂ ਵਿਰੁੱਧ ਨਿਰਣਾਇਕ ਸੰਘਰਸ਼ ਦੇ ਬਲਬੂਤੇ ਸਮਾਜਿਕ ਤੇ ਆਰਥਿਕ ਢਾਂਚੇ ਦੀ ਤਬਦੀਲੀ ਰਾਹੀਂ ਹੀ ਸਨਮਾਨ ਯੋਗ ਤੇ ਖੁਸ਼ਹਾਲ ਜ਼ਿੰਦਗੀ ਹਾਸਲ ਕੀਤੀ ਜਾ ਸਕਦੀ ਹੈ। ਸਮਾਜਕ ਜਬਰ ਤੇ ਆਰਥਿਕ ਲੁੱਟ-ਖਸੁੱਟ ਵਿਰੁੱਧ ਲੋਕ ਘੋਲਾਂ ਦੀ ਭੱਠੀ ’ਚ ਤਪਕੇ ਕੁੰਦਨ ਬਣੀ ਨਵੀਂ ਪੀੜ੍ਹੀ ਹਾਕਮ ਧਿਰਾਂ ਦੀਆਂ ਸਾਰੀਆਂ ਕੁਚਾਲਾਂ ਨੂੰ ਫੇਲ੍ਹ ਕਰਦੀ ਹੋਈ ਹਕੀਕੀ ਰੂਪ ’ਚ ‘ਬੇਗ਼ਮਪੁਰਾ’ ਸ਼ਹਿਰ ਵਸਾਉਣ ਦੀ ਸੇਧ ’ਚ ਜ਼ਰੂਰ ਅੱਗੇ ਵਧੇਗੀ। ਧੰਨਵਾਦ ਸਹਿਤ ਨਵਾਂ ਜ਼ਮਾਨਾ, 12 ਅਗਸਤ 2021