ਕਹਾਣੀ
‘ਧਰਤੀ ਵੀਰਾਂ ਵਾਲੀ’
-ਅਸ਼ਰਫ਼ ਸੁਹੇਲ
ਘਰ ਵਿਚ ਤਾਇਆ ਜੀ ਆਪਣੇ ਬਾਲਾਂ ਸਮੇਤ ਆਏ ਹੋਏ ਸਨ। ਤਾਇਆ ਜੀ, ਬਹੁਤ ਘੱਟ ਸਾਡੇ ਘਰ ਆਉਂਦੇ ਨੇ। ਉਹ ਪਹਿਲਾਂ ਫੌਜ ਵਿਚ ਸਨ ਤੇ ਹੁਣ ਬਹਾਵਲ ਨਗਰ ਵਿਚ ਜ਼ਿੰਮੀਂਦਾਰੀ ਕਰਦੇ ਨੇ। ਉਥੇ ਉਹਨਾਂ ਦੀਆਂ ਆਪਣੀਆਂ ਜ਼ਮੀਨਾਂ ਨੇ।
ਤਾਇਆ ਜੀ ਇਥੇ ਇੰਨੇ ਮਿੱਠੇ ਸੁਭਾਅ ਨਾਲ ਬੋਲਦੇ ਨੇ ਕਿ ਯਕੀਨ ਨਹੀਂ ਆਉਂਦਾ ਪਈ ਉਹ ਫੌਜ ਵਿਚ ਕੈਪਟਨ ਵੀ ਰਹੇ ਹੋਣਗੇ। ਉਹ ਜਦੋਂ ਵੀ ਸਾਡੇ ਘਰ ਆਉਂਦੇ ਨੇ ਤਾਂ ਆਪਣੀ ਸਾਬਕਾ ਨੌਕਰੀ ਦੇ ਕਿੱਸੇ ਸੁਣਾਂਦੇ ਨੇ। ਉਹ ਅਕਸਰ ਆਪਣੀ ਬਹਾਦਰੀ ਦੀਆਂ ਗੱਲਾਂ ਕਰਦੇ ਤੇ ਅੱਗੋਂ ਮੇਰੀ ਮਾਂ ਜੀ ਉਹਨਾਂ ਨੂੰ ਆਪਣੀ ਇੱਕੋ-ਇੱਕ ਕਹਾਣੀ ਸੁਣਾਉਂਦੇ। ਤਾਇਆ ਜੀ ਦੀਆਂ ਬਹਾਦਰੀ ਦੀਆਂ ਕਹਾਣੀਆਂ ਤੇ ਮਾਂ ਜੀ ਦੀ ਕਹਾਣੀ ਮੈਂ ਬਚਪਨ ਤੋਂ ਹੀ ਸੁਣਦਾ ਆਇਆ ਆਂ ਪਰ ਹਰ ਵਾਰ ਕਹਾਣੀ ਸੁਣਨ ਦਾ ਚਾਅ ਮੈਨੂੰ ਰਹਿੰਦਾ ਏ। ਮਾਂ ਜੀ ਆਪਣੀ ਕਹਾਣੀ ਸੁਣਾਂਦੇ-ਸੁਣਾਂਦੇ ਅਕਸਰ ਰੋ ਪੈਂਦੇ ਨੇ ਤੇ ਉਹਨਾਂ ਦੀਆਂ ਗੱਲਾਂ ਸੁਣਦਿਆਂ ਰਾਤ ਦੇ ਦੋ-ਤਿੰਨ ਵੱਜ ਜਾਂਦੇ ਨੇ। ਕਈ ਵਾਰ ਸਵੇਰ ਵੀ ਹੋ ਜਾਂਦੀ ਏ। ਮਾਂ ਜੀ ਜੋ ਕਹਾਣੀ ਸੁਣਾਉਂਦੇ ਹੁੰਦੇ ਨੇ ਉਹ ਇੰਝ ਏ :
‘‘ਚੜ੍ਹਦੇ ਪੰਜਾਬ ਦੇ ਜ਼ਿਲਾ ਰੋਪੜ ਦੇ ਓਸ ਪਿੰਡ ਵਿਚ ਮੁਸਲਮਾਨ, ਹਿੰਦੂ ਤੇ ਸਿੱਖ ਭਰਾਵਾਂ ਵਾਂਗੂੰ ਰਹਿੰਦੇ ਸਨ। ਮੇਰੇ ਅੱਬਾ ਜੀ, ਫਰੀਦ ਬਖਸ਼ ਪਿੰਡ ਦੇ ਲੰਬੜਦਾਰ ਸਨ। ਸਾਰਾ ਪਿੰਡ ਸਾਡੇ ਪਰਿਵਾਰ ਦੀ ਇੱਜ਼ਤ ਕਰਦਾ ਸੀ। ਮਾਲ-ਡੰਗਰ ਸਾਡੇ ਕੋਲ ਵਾਹਵਾ ਸੀ। ਪੰਜ ਨੌਕਰ ਘਰ ਵਿਚ ਮਾਲ-ਡੰਗਰ ਸਾਂਭਣ ਲਈ ਮੌਜੂਦ ਹੁੰਦੇ ਸਨ। ਮੈਂ ਉਦੋਂ ਨਿੱਕੀ ਜਿਹੀ ਸਾਂ, ਮਸਾਂ ਛੇ-ਸੱਤ ਸਾਲ ਦੀ। ਘਰ ਵਿਚ ਸਾਰਾ ਦਿਨ ਮੈਂ ਅਤੇ ਮਾਂ ਜੀ ਇਕੱਲੇ ਹੁੰਦੇ ਸਾਂ। ਮੇਰੇ ਅੱਬਾ ਫਰੀਦ ਬਖਸ਼ ਸਵੇਰੇ, ਮਾਲ-ਡੰਗਰ ਲੈ ਕੇ ਡੇਰੇ ਵੱਲ ਨਿਕਲ ਜਾਂਦੇ ਤੇ ਮੇਰੇ ਤਿੰਨ ਭਰਾ ਵੀ ਆਪਣੇ ਮਾਲ ਦੀ ਰਾਖੀ ਲਈ ਘੋੜੀਆਂ ਤੇ ਬਹਿ ਕੇ ਟੁਰ ਜਾਂਦੇ।
ਮੇਰੇ ਵੀਰ ਮੁਹੰਮਦ ਵਜ਼ੀਰ, ਮੁਹੰਮਦ ਵੀਰੂ ਤੇ ਮੁਹੰਮਦ ਬਦਰੂ ਗੱਭਰੂ ਜਵਾਨ ਸਨ। ਖਾਸ ਕਰ ਮੁਹੰਮਦ ਵੀਰੂ ਜਿੰਨਾ ਤਗੜਾ ਤਾਂ ਪਿੰਡ ਵਿਚ ਹੋਰ ਕੋਈ ਵੀ ਜਵਾਨ ਨਹੀਂ ਸੀ। ਦੂਰੋਂ-ਦੂਰੋਂ ਉਸ ਨੂੰ ਕਬੱਡੀ ਖੇਡਣ ਦੇ ਬੁਲਾਵੇ ਆਉਂਦੇ। ਆਮ ਲੋਕੀਂ ਕਹਿੰਦੇ ਕਿ ‘ਜਿਸ ਪਾਸੇ ਵੀ ਗੁੱਜਰਾਂ ਦਾ ਮੁੰਡਾ ਵੀਰੂ ਹੋਵੇਗਾ, ਜਿੱਤ ਉਸੇ ਪਿੰਡ ਦੀ ਹੋਵੇਗੀ।’ ਮੇਰੇ ਵੀਰ ਨੂੰ ਬਹੁਤੇ ਲੋਕੀਂ ਗੁੱਜਰਾਂ ਦਾ ਮੁੰਡਾ ਈ ਕਹਿੰਦੇ ਸਨ। ਦੂਜੇ ਦੋਵੇਂ ਭਰਾ ਤੇ ਪਿੰਡ ਦੇ ਦੋ ਹੋਰ ਸਿੱਖ ਮੁੰਡੇ ਬੱਗਾ ਸਿੰਘ ਤੇ ਨਿਸ਼ਾਨ ਸਿੰਘ ਵੀ ਚੰਗੇ ਖਿਡਾਰੀ ਮੰਨੇ ਜਾਂਦੇ ਸਨ। ਉਹ ਦੋਵੇਂ ਸਿੱਖ ਖਿਡਾਰੀ ਮੇਰੇ ਵੀਰਾਂ ਦੇ ਗੂੜ੍ਹੇ ਬੇਲੀ ਬਣੇ ਹੋਏ ਸਨ।
ਉਹਨਾਂ ਦਿਨਾਂ ਵਿਚ ਮੁਲਕ ਟੁੱਟਣ ਦੀਆਂ ਖਬਰਾਂ ਹਰ ਬੰਦੇ ਦੇ ਮੂੰਹ ’ਤੇ ਸਨ। ਜਦੋਂ ਮੁਸਲਮ ਲੀਗ ਤੇ ਕਾਂਗਰਸ ਦੇ ਇਲੈਕਸ਼ਨ ਹੋਏ ਤਾਂ ਏਸ ਪਿੰਡ ਦੇ ਬਹੁ-ਗਿਣਤੀ ਮੁਸਲਮਾਨਾਂ ਨੇ ਕਾਂਗਰਸ ਨੂੰ ਇਸ ਲਈ ਵੋਟ ਦਿੱਤਾ ਸੀ ਕਿਉਂਕਿ ਉਹ ਆਪਣੀ ਧਰਤੀ ਨਹੀਂ ਛੱਡਣਾ ਚਾਹੁੰਦੇ ਸਨ। ਉਹ ਆਖਦੇ ਕਿ ‘ਸਾਨੂੰ ਏਥੇ ਕੋਈ ਤਕਲੀਫ਼ ਨਹੀਂ।’ ਸਾਡੇ ਘਰ ਦਾ ਵਿਹੜਾ ਕਾਫੀ ਵੱਡਾ ਸੀ। ਸ਼ਾਮ ਵੇਲੇ ਅੱਬਾ ਜੀ ਕੋਲ ਪਿੰਡ ਦੇ ਵੱਡੇ ਹੁੱਕਾ ਪੀਣ ਆ ਜਾਂਦੇ ਤੇ ਰਾਤ ਗਏ ਤੱਕ ਬੈਠੇ ਰਹਿੰਦੇ ਸਨ। ਮੇਰੇ ਵੱਡੇ ਭਰਾਵਾਂ ਦੇ ਗੂੜ੍ਹੇ ਬੇਲੀ ਬੱਗਾ ਸਿੰਘ ਤੇ ਨਿਸ਼ਾਨ ਸਿੰਘ ਵੀ ਇਕ ਵੱਖਰੀ ਮੰਜੀ ’ਤੇ ਬੈਠੇ ਗੱਪਾਂ ਮਾਰਦੇ ਰਹਿੰਦੇ ਸਨ।
ਮੈਨੂੰ ਚੰਗੀ ਤਰ੍ਹਾਂ ਯਾਦ ਏ। ਇਕ ਦਿਨ ਸਾਡਾ ਗੁਆਂਢੀ ਕਿਰਪਾਲ ਸਿੰਘ ਸਾਡੇ ਘਰ ਆਇਆ ਹੋਇਆ ਸੀ। ਕਿਰਪਾਲ ਸਿੰਘ ਮੇਰੇ ਅੱਬਾ ਜੀ ਦਾ ਪੱਗ-ਵਟ ਭਰਾ ਬਣਿਆ ਹੋਇਆ ਸੀ। ਏਸ ਲਈ ਅਸੀਂ ਸਾਰੇ ਭੈਣ-ਭਰਾ ਉਸ ਨੂੰ ਚਾਚਾ ਆਖਦੇ ਹੁੰਦੇ ਸਾਂ। ਮੇਰੇ ਅੱਬਾ ਜੀ ਓਸ ਵੇਲੇ ਹੁੱਕਾ ਪੀ ਰਹੇ ਸਨ। ਹੁੱਕਾ ਪੀਂਦੇ-ਪੀਂਦੇ ਪਤਾ ਨਹੀਂ ਕੀ ਗੱਲ ਹੋਈ ਅੱਬਾ ਜੀ, ਇਕ ਦਮ ਗਰਮ ਹੋ ਗਏ! ਉਹਨਾਂ ਦੀ ਆਵਾਜ਼ ਵਿਚ ਤਲਖੀ ਵੇਖ ਕੇ ਮੈਂ ਤੇ ਮਾਂ ਜੀ ਉਧਰ ਨੂੰ ਦੌੜਦੇ ਹੋਏ ਗਏ।
ਅਸਾਂ ਵੇਖਿਆ ਕਿ ਅੱਬਾ ਜੀ ਕਹਿ ਰਹੇ ਨੇ, ‘‘ਏਹ ਮੁਲਕ ਵੰਡਿਆ ਨਹੀਂ ਜਾ ਸਕਦਾ। ਸਾਨੂੰ ਸਭਨਾਂ ਨੂੰ ਏਥੇ ਕੀ ਤਕਲੀਫ ਏ?’’ ਵਾਕਿਆ ਈ ਓਦੋਂ ਕਿਸੇ ਮੁਸਲਮਾਨ ਨੂੰ ਕਿਸੇ ਸਿੱਖ ਕੋਲੋਂ, ਸਿੱਖ ਨੂੰ ਮੁਸਲਮਾਨ ਕੋਲੋਂ ਤੇ ਹਿੰਦੂ ਨੂੰ ਮੁਸਲਮਾਨ ਜਾਂ ਸਿੱਖ ਕੋਲੋਂ ਕੋਈ ਤਕਲੀਫ਼ ਨਹੀਂ ਸੀ। ਸਗੋਂ ਉਹ ਇਕ-ਦੂਜੇ ਦੇ ਦੁੱਖ-ਸੁੱਖ ਵਿਚ ਸਾਂਝ ਪਾਉਂਦੇ ਸਨ। ਮੇਰੇ ਅੱਬਾ ਜੀ ਨੂੰ ਪੱਕ ਸੀ ਕਿ ਏਸੇ ਧਰਤੀ ’ਤੇ ਮੁਸਲਮਾਨਾਂ ਨੇ ਹਜ਼ਾਰਾਂ ਸਾਲ ਹਕੂਮਤ ਕੀਤੀ ਏ। ਇਹ ਸਾਡੀ ਆਪਣੀ ਜ਼ਮੀਨ ਏ। ਨਾਲੇ ਆਪਣੀ ਜੰਮਣ-ਭੋਇੰ ਤੇ ਮਾਲ-ਡੰਗਰ ਛੱਡ ਕੇ ਕੋਈ ਏਥੋਂ ਨਹੀਂ ਜਾਵੇਗਾ।
ਚਾਚਾ ਕਿਰਪਾਲ ਸਿੰਘ ਅੱਬਾ ਜੀ ਨੂੰ ਹੌਲੀ ਬੋਲਣ ਲਈ ਕਹਿ ਰਹੇ ਸਨ। ਪਰ ਅੱਬਾ ਜੀ, ਉੱਚੀ-ਉੱਚੀ ਬੋਲ ਰਹੇ ਸਨ ਤੇ ਆਖ ਰਹੇ ਸਨ, ‘‘ਜੇ ਮੁਲ਼ਕ ਟੁੱਟ ਗਿਆ ਤਾਂ ਵੀ ਮੈਂ ਏਥੇ ਈ ਰਹਾਂਗਾ। ਏਸ ਘਰ ਵਿਚ ਮੇਰਾ ਜਨਮ ਹੋਇਐ, ਇਹਨਾਂ ਗਲੀਆਂ ਵਿਚ ਈ ਖੇਡ ਕੇ ਮੈਂ ਜਵਾਨ ਹੋਇਆਂ, ਏਥੇ ਹੀ ਸਾਡਾ ਮਾਲ-ਡੰਗਰ ਏ, ਮੈਂ ਏਸ ਧਰਤੀ ਨੂੰ ਛੱਡ ਕੇ ਨਹੀਂ ਜਾ ਸਕਦਾ। ਜੇ ਮੈਨੂੰ ਮਰਨਾ ਈ ਏ ਤਾਂ ਏਸੇ ਧਰਤੀ ’ਚ ਮਰਨ ’ਚ ਫਖ਼ਰ ਮਹਿਸੂਸ ਕਰਾਂਗਾ।’’
ਚਾਚਾ ਕਿਰਪਾਲ ਸਿੰਘ ਅੱਬਾ ਜੀ ਨੂੰ ਹੌਂਸਲਾ ਦੇ ਰਹੇ ਸਨ, ‘‘ਜੇ ਤੁਹਾਡੇ ਉਤੇ ਕੋਈ ਆਫ਼ਤ ਆਈ ਤਾਂ ਮੇਰੇ ਉਤੋਂ ਗੁਜ਼ਰ ਕੇ ਆਵੇਗੀ। ਜੇ ਕੋਈ ਗੋਲੀ ਤੁਹਾਨੂੰ ਲੱਗੇਗੀ ਤਾਂ, ਪਹਿਲਾਂ ਮੈਨੂੰ ਵੱਜੇਗੀ। ਤੁਹਾਡੇ ਮਰਨ ਤੋਂ ਪਹਿਲਾਂ ਮੈਂ ਮਰਾਂਗਾ। ਮੇਰੇ ਹੁੰਦਿਆਂ, ਕੋਈ ਤੁਹਾਡੇ ਵੱਲ ਭੈੜੀ ਨੀਅਤ ਨਾਲ ਕਿਸ ਤਰ੍ਹਾਂ ਵੇਖ ਸਕਦਾ ਏ?’’
ਇਹੋ ਜਿਹੀਆਂ ਗੱਲਾਂ ਵੱਡੇ ਭਰਾਵਾਂ ਦੇ ਬੇਲੀ ਵੀ ਉਹਨਾਂ ਨੂੰ ਆਖਦੇ ਹੁੰਦੇ ਸਨ। ਇਹਨਾਂ ਗੱਲਾਂ ਨਾਲ ਸਾਨੂੰ ਬੜਾ ਈ ਹੌਂਸਲਾ ਮਿਲਦਾ ਸੀ।
ਫੇਰ ਵੀ, ਜਦ ਬੋਲੀ ਹਨ੍ਹੇਰੀ ਚੱਲੀ ਤਾਂ ਅੱਬਾ ਜੀ ਤੋਂ ਇਲਾਵਾ ਅਸੀਂ ਸਾਰੇ ਪਾਕਿਸਤਾਨ ਜਾਣ ਲਈ ਤਿਆਰ ਹੋ ਗਏ ਸਾਂ। ਉਹ ਦਿਨ ਮੈਂ ਜਿੰਦਗੀ ਵਿਚ ਕਦੀ ਵੀ ਨਹੀਂ ਭੁਲ ਸਕਦੀ ਜਿਸ ਦਿਨ ਮਾਂ ਜੀ ਨੇ ਸਵੇਰੇ ਚੁੱਲ੍ਹਾ ਨਹੀਂ ਜਲਾਇਆ ਸੀ। ਅੱਬਾ ਜੀ ਮਾਲ-ਡੰਗਰ ਲੈ ਕੇ ਡੇਰੇ ਚਲੇ ਗਏ ਸਨ। ਪਿੰਡ ਦੇ ਅਕਸਰੀਅਤ ਮੁਸਲਮਾਨ ਆਪਣੇ ਘਰਾਂ ਨੂੰ ਤਾਲੇ ਲਾ ਕੇ ਕੈਂਪ ਵਿਚ ਚਲੇ ਗਏ ਸਨ ਜੋ ਸਾਡੇ ਪਿੰਡੋਂ ਅੱਠ ਮੀਲ ਦੂਰ ਸੀ। ਅਜੇ ਦਿਨ ਚੜ੍ਹਿਆ ਨਹੀਂ ਸੀ ਪਰ ਉਹ ਡੰਗਰ ਜਿਹੜੇ ਅੱਬਾ ਜੀ ਸਵੇਰੇ ਡੇਰੇ ਵੱਲ ਲੈ ਗਏ ਸੀ ਵਾਪਸ ਘਰ ਆ ਗਏ ਸਨ। ਪਰ ਓਹ ਆਪ ਨਹੀਂ ਸਨ ਪਰਤੇ।
ਪਤਾ ਲੱਗਾ ਕਿ ਅੱਬਾ ਜੀ ਨੂੰ ਡੇਰੇ ਉਤੇ ਧਾੜਵੀਆਂ ਨੇ ਕਤਲ ਕਰ ਦਿੱਤਾ ਏ। ਇਹ ਮਨਹੂਸ ਖ਼ਬਰ ਸੁਣ ਕੇ ਬਿਨਾਂ ਸੋਚੇ ਸਮਝੇ ਵੱਡੇ ਤਿੰਨੇ ਭਰਾ ਤੇ ਉਹਨਾਂ ਦੇ ਬੇਲੀ ਘਰੋਂ ਡੇਰੇ ਵੱਲ ਨੂੰ ਭੱਜ ਪਏ। ਮੈਨੂੰ ਤੇ ਮਾਂ ਜੀ ਨੂੰ ਚਾਚਾ ਕਿਰਪਾਲ ਸਿੰਘ ਆਪਣੇ ਘਰ ਲੈ ਗਿਆ ਸੀ। ਮਾਂ ਜੀ ਜਲਦੀ ’ਚ ਘਰ ਦੇ ਦਰਵਾਜ਼ੇ ਬੰਦ ਨਹੀਂ ਸਨ ਕਰ ਸਕੇ। ਏਨੇ ਵਿਚ ਧਾੜਵੀਆਂ ਸਾਡੇ ਘਰ ’ਤੇ ਹਮਲਾ ਕਰ ਦਿੱਤਾ ਤੇ ਘਰ ਦਾ ਸਾਰਾ ਸਮਾਨ ਲੁੱਟ ਕੇ ਲੈ ਗਏ। ਡੰਗਰਾਂ ਨੂੰ ਵੀ ਉਨ੍ਹਾਂ ਆਪਸ ਵਿਚ ਵੰਡ ਲਿਆ ਸੀ। ਸਿਰਫ ਮੇਰਾ ਬਸਤਾ-ਫੱਟੀ ਤੇ ਕਿਤਾਬਾਂ ਵਿਹੜੇ ਵਿਚ ਖਿਲਰੀਆਂ ਪਈਆਂ ਸਨ। ਪੌੜੀਆਂ ਲਾਗੇ ਮੇਰੀ ਦਵਾਤ ਚੋਂ ਸਿਆਹੀ ਡੁੱਲ੍ਹੀ ਪਈ ਸੀ।
ਵੱਡੇ ਭਰਾ ਅਜੇ ਵਾਪਸ ਨਹੀਂ ਸਨ ਆਏ ਤੇ ਮਾਂ ਜੀ ਦਾ ਰੋਣਾ ਬੰਦ ਨਹੀਂ ਸੀ ਹੋ ਰਿਹਾ। ਚਾਚਾ ਕਿਰਪਾਲ ਸਿੰਘ ਮੈਨੂੰ ਤੇ ਮਾਂ ਜੀ ਨੂੰ ਨਾਲ ਲੈ ਕੇ ਕਿਸੇ ਕੈਂਪ ਵੱਲ ਨੂੰ ਤੁਰ ਪਏ ਸਨ। ਰਸਤੇ ਵਿਚ ਅਸੀਂ ਵੇਖਿਆ ਵੱਡੇ ਭਰਾ ਮੁਹੰਮਦ ਵਜ਼ੀਰ ਦੀ ਲਾਸ਼ ਆਪਣੀ ਹੀ ਗਲੀ ਦੇ ਨੁੱਕਰ ਤੇ ਵੱਢੀ-ਟੁੱਕੀ ਪਈ ਸੀ। ਜਿਸ ਨੂੰ ਵੇਖ ਕੇ ਮੇਰੀਆਂ ਤੇ ਮਾਂ ਜੀ ਦੀਆਂ ਚੀਕਾਂ ਈ ਨਿਕਲ ਗਈਆਂ। ਮਾਂ ਜੀ ਨੇ ਅਗਾਂਹ ਵੱਧ ਕੇ ਆਪਣੇ ਲਾਡਲੇ ਪੁੱਤਰ ਦੀ ਲਾਸ਼ ਦਾ ਮੱਥਾ ਚੁੰਮਿਆ। ਚਾਚਾ ਕਿਰਪਾਲ ਸਿੰਘ ਸਾਨੂੰ ਖਿੱਚਦਾ-ਧੂੰਹਦਾ ਉਥੋਂ ਲੈ ਗਿਆ।
ਅਜੇ ਅਸੀਂ ਆਪਣੇ ਪਿੰਡ ਤੋਂ ਬਾਹਰ ਨਹੀਂ ਨਿਕਲੇ ਸਾਂ ਕਿ ਅੱਗੇ ਫੇਰ ਧਾੜਵੀ ਸਾਡੇ ਸਾਹਮਣੇ ਆ ਗਏ। ਮੈਂ ਤੇ ਮਾਂ ਜੀ ਜਲਦੀ ਨਾਲ ਇਕ ਘਰ ਵਿਚ ਵੜ ਗਏ। ਇਹ ਘਰ ਵੀ ਸਿੱਖਾਂ ਦਾ ਈ ਸੀ। ਧਾੜਵੀਆਂ ਨੇ ਸ਼ਾਇਦ ਚਾਚਾ ਕਿਰਪਾਲ ਸਿੰਘ ਨੂੰ ਸਾਡੇ ਨਾਲ ਆਉਂਦੇ ਨੂੰ ਵੇਖ ਲਿਆ ਸੀ। ਏਸੇ ਲਈ ਉਹਨਾਂ ਨੇ ਚਾਚੇ ਨੂੰ ਵੀ ਥਾਂਏ ਕਤਲ ਕਰ ਦਿੱਤਾ। ਓਸ ਵਿਚਾਰੇ ਨੂੰ ਸਾਡੀ ਹਿਫਾਜ਼ਤ ਕਰਨ ਦੀ ਸਜ਼ਾ ਦਿੱਤੀ ਗਈ ਸੀ।
ਪਰ ਉਹ ਧਾੜਵੀ ਓਸ ਘਰ ਵਿਚ ਨਾ ਦਾਖਲ ਹੋ ਸਕੇ। ਕਿਉਂ ਜੋ ਸ਼ੇਰਾਂ ਵਰਗੇ ਜੁਆਨ ਸਿੱਖ ਵੀਰ ਸਾਡੀ ਹਿਫਾਜ਼ਤ ਕਰ ਰਹੇ ਸਨ।
ਓਸ ਘਰ ਅਸੀਂ ਦੋਵੇਂ ਮਾਂਵਾਂ-ਧੀਆਂ ਬੇਹੱਦ ਪਰੇਸ਼ਾਨ ਸਾਂ। ਉਥੇ ਈ ਸਾਨੂੰ ਇਹ ਭੈੜੀ ਖਬਰ ਵੀ ਮਿਲੀ ਕਿ ਮੇਰਾ ਵੀਰ ਬਦਰੂ ਵੀ ਧਾੜਵੀਆਂ ਹੱਥੋਂ ਮਾਰਿਆ ਗਿਆ ਏ। ਰਾਤ ਤੱਕ ਬਾਹਰੋਂ ਆਏ ਸਾਰੇ ਧਾੜਵੀ ਸਾਡੇ ਪਿੰਡੋਂ ਜਾ ਚੁੱਕੇ ਸਨ। ਪਰ ਸੱਚੀ ਗੱਲ ਏ ਕਿ ਜਿਸ ਘਰ ਅਸਾਂ ਪਨਾਹ ਲਈ ਸੀ ਉਹਨਾਂ ਨੂੰ ਦੱਸੇ ਬਗੈਰ ਅਸੀਂ ਦੋਵੇਂ ਮਾਵਾਂ-ਧੀਆਂ ਹਨ੍ਹੇਰੇ ਵਿਚ ਓਸ ਘਰੋਂ ਨਿਕਲ ਕੇ ਕੈਂਪ ਵੱਲ ਟੁਰ ਪਈਆਂ। ਓਸ ਵੇਲੇ ਤੱਕ ਮਾਂ ਜੀ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਸੀ। ਉਹਨਾਂ ਮੇਰੀ ਸੱਜੀ ਬਾਂਹ ਘੁੱਟ ਕੇ ਫੜੀ ਹੋਈ ਸੀ ਤੇ ਮੈਨੂੰ ਖਿੱਚਦੇ ਹੋਏ ਕੈਂਪ ਵੱਲ ਲਈ ਜਾ ਰਹੇ ਸਨ।
ਜਦੋਂ ਅਸੀਂ ਕੁਰਾਲੀ ਕੈਂਪ ਵਿਚ ਅੱਪੜੇ ਤਾਂ ਮਾਂ ਜੀ ਬੇਹੋਸ਼ ਹੋ ਕੇ ਡਿੱਗ ਪਏ। ਉਥੇ ਅੱਪੜਨ ਤੀਕਰ ਨਾ ਤਾਂ ਮਾਂ ਦੇ ਸਿਰ ਤੇ ਚੁੰਨੀ ਰਹੀ ਸੀ ਨਾ ਮੇਰੇ ਪੈਰੀਂ ਜੁੱਤੀ। ’ਟੇਸ਼ਨ ਤੇ ਗੱਡੀ ਵਿਚ ਇੰਨਾਂ ਰਸ਼ ਸੀ ਕਿ ਪੈਰ ਰੱਖਣ ਲਈ ਜਗ੍ਹਾ ਨਹੀਂ ਸੀ। ਪਤਾ ਨਹੀਂ ਕਿਸ ਤਰ੍ਹਾਂ ਮੈਂ ਤੇ ਮਾਂ ਜੀ ਕਿਸੇ ਬਾਰੀ ਵਿਚੋਂ ਗੁਜ਼ਰ ਕੇ ਗੱਡੀ ਵਿਚ ਵੜ ਗਈਆਂ ਸਾਂ!
ਅਜੇ ਗੱਡੀ ਨੇ ਵਿਸਲ ਨਹੀਂ ਸੀ ਦਿੱਤੀ ਕਿ ਸਾਨੂੰ ਪਨਾਹ ਦੇਣ ਵਾਲੇ ਘਰ ਦਾ ਇਕ ਬਜ਼ੁਰਗ, ਬਾਬਾ ਜਸਬੀਰ ਸਿੰਘ, ਲੱਭਦਾ-ਲੱਭਾਉਂਦਾ ਸਾਡੇ ਕੋਲ ਆ ਗਿਆ। ਸਾਡੇ ਮੰਦੇ ਅਹਵਾਲ ਵੇਖ ਕੇ ਉਹ ਰੋਣ ਈ ਲੱਗ ਪਿਆ। ਫੇਰ ਉਸ ਨੇ ਆਪਣੀ ਪੱਗ ਲਾਹ ਕੇ ਮਾਂ ਦੇ ਸਿਰ ਨੂੰ ਕੱਜ ਦਿੱਤਾ ਤੇ ਮੈਨੂੰ ਆਪਣੀ ਜੁੱਤੀ ਲਾਹ ਕੇ ਦਿੱਤੀ। ਹਾਲਾਂ ਕਿ ਉਹ ਜੁੱਤੀ ਮੈਨੂੰ ਬਹੁਤ ਵੱਡੀ ਸੀ।
ਚਾਚਾ ਜਸਬੀਰ ਸਿੰਘ ਅੱਥਰੂ ਪੂੰਝਦੇ ਹੋਏ ਮੇਰੀ ਮਾਂ ਨੂੰ ਆਖਣ ਲੱਗਾ, ‘‘ਭੈਣ ਮੈਨੂੰ ਮਾਫ ਕਰ ਦੇਈਂ।’’ ਗੱਡੀ ਚੱਲਣ ਈ ਵਾਲੀ ਸੀ ਜਦ ਮੈਨੂੰ ਦੂਰੋਂ ਆਪਣਾ ਵੀਰ, ਵੀਰੂ ਭੱਜਦਾ ਹੋਇਆ ਰੇਲਵੇ ਸਟੇਸ਼ਨ ਵੱਲ ਆਉਂਦਾ ਦਿਸਿਆ। ਉਹਦੇ ਨਾਲ ਉਸ ਦੇ ਯਾਰ, ਬੱਗਾ ਸਿੰਘ ਤੇ ਨਿਸ਼ਾਨ ਸਿੰਘ ਵੀ ਸਨ। ਮੈਂ ਚੀਕ ਕੇ ਵੀਰ ਨੂੰ ਆਪਣੇ ਵੱਲ ਬੁਲਾਉਣ ਦਾ ਯਤਨ ਕੀਤਾ। ਪਰ ਦੂਰ ਹੋਣ ਤੇ ਲੋਕਾਂ ਦਾ ਬੇਪਨਾਹ ਹਜ਼ੂਮ ਹੋਣ ਕਰਕੇ ਵੀਰ ਨੇ ਮੇਰੀ ਗੱਲ ਨਾ ਸੁਣੀ। ਅਚਾਨਕ ਹੀ ਇਕ ਪਾਸਿਓਂ ਫਸਾਦੀਆਂ ਨੇ ਰੇਲਵੇ ਸਟੇਸ਼ਨ ਉਤੇ ਹਮਲਾ ਕਰ ਦਿੱਤਾ। ਗੱਡੀ ਤੇ ਚੜ੍ਹ ਰਹੀਆਂ ਬੀਬੀਆਂ, ਬਾਲਾਂ ਤੇ ਵਡੇਰੀ ਉਮਰ ਦੇ ਬੰਦਿਆਂ ਵਿਚ ਰੌਲਾ ਪੈ ਗਿਆ।
ਫੇਰ, ਮੈਂ ਆਪਣੇ ਵੀਰ ਨੂੰ ਉਹਨਾਂ ਫਸਾਦੀਆਂ ਨਾਲ ਲੜਦੇ ਵੇਖਿਆ। ਉਹਦੇ ਸਿੱਖ ਸਾਥੀ ਵੀ ਉਹਦਾ ਸਾਥ ਦੇ ਰਹੇ ਸਨ। ਸੈਂਕੜੇ ਵੈਰੀਆਂ ਅੱਗੇ ਉਨ੍ਹਾਂ ਦੀ ਵਾਹ ਈ ਨਾ ਚੱਲੀ। ਤੇ ਮੈਂ ਆਪਣੇ ਵੀਰ ਵੀਰੂ ਨੂੰ ਬੱਗਾ ਸਿੰਘ ਤੇ ਨਿਸ਼ਾਨ ਸਿੰਘ ਸਮੇਤ ਆਪਣੀਆਂ ਅੱਖਾਂ ਨਾਲ ਆਪਣੇ ਈ ਲਹੂ ਵਿਚ ਨਹਾਉਂਦੇ ਹੋਏ ਤੱਕਿਆ।
ਹਾਲਾਤ ਖਰਾਬ ਹੋਣ ਕਰਕੇ ਗੱਡੀ ਵੇਲੇ ਤੋਂ ਪਹਿਲਾਂ ਈ ਚਲਾ ਦਿੱਤੀ ਗਈ। ਮੇਰੀ ਮਾਂ ਜੀ ਰੌਲਾ ਪਾਉਣ ਤੋਂ ਬਾਅਦ ਖੌਫ਼ ਨਾਲ ਇਕ ਪਾਸੇ ਸੁੰਗੜ ਕੇ ਬਹਿ ਗਏ ਸਨ। ਇਹ ਵੀ ਚੰਗਾ ਹੋਇਆ ਕਿ ਉਹ ਆਪਣੇ ਲਾਲ ਨੂੰ ਬੋਟੀ-ਬੋਟੀ ਹੁੰਦੇ ਨਾ ਵੇਖ ਸਕੇ। ਗੱਡੀ ਚੱਲ ਪਈ ਸੀ।
ਹਰ ਪਾਸੇ ਰੋਣ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ। ਰਾਹ ਵਿਚ ਏਧਰ-ਉਧਰ ਬੇਦਰਦੀ ਨਾਲ ਵੱਢੀਆਂ-ਟੁੱਕੀਆਂ ਹੋਈਆਂ ਲਾਸ਼ਾਂ, ਕਿਸੇ ‘ਨਵੇਂ ਮੁਲਕ’ ਦੇ ਬਣਨ ਦੀਆਂ ਖ਼ਬਰਾਂ ਦੇ ਰਹੀਆਂ ਸਨ। ਉਹਨਾਂ ਵੱਲ ਵੇਖ ਕੇ ਮਾਂ ਇਕ ਵਾਰ ਫੇਰ ਬੇਹੋਸ਼ ਹੋ ਗਈ। ਜਦੋਂ ਗੱਡੀ ਲਾਹੌਰ ਸਟੇਸ਼ਨ ਤੇ ਅੱਪੜੀ ਤਾਂ ਬਹਾਵਲਪੁਰ ਵੱਸਦਾ ਅੱਬਾ ਜੀ ਦਾ ਭਰਾ, ਅਹਿਮਦ ਬਖਸ਼ ਸਾਨੂੰ ਲੱਭ ਕੇ ਬਹਾਵਲਪੁਰ ਲੈ ਗਿਆ।
ਮੇਰੇ ਮਾਂ ਜੀ ਦੀ ਏਸ ਕਹਾਣੀ ਦਾ ਅਖੀਰ ਹਮੇਸ਼ਾ ਰੋਣ ਤੇ ਹੁੰਦਾ ਏ। ਓਹ ਆਪਣੇ ਅੱਬਾ ਜੀ ਤੇ ਪਿਆਰੇ ਵੀਰਾਂ ਨੂੰ ਯਾਦ ਕਰਕੇ ਇੰਝ ਰੋਂਦੇ ਨੇ ਜਿਵੇਂ ਹੁਣੇ ਈ ਉਹਨਾਂ ਦੇ ਮਾਰੇ ਜਾਵਣ ਦੀ ਖ਼ਬਰ ਮਿਲੀ ਹੋਵੇ। ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਸ ਜੂਹ ਤੋਂ ਉਹਨਾਂ ਨੂੰ ਇੰਨੇ ਦੁੱਖ ਮਿਲੇ, ਉਹ ਉਸਨੂੰ ਆਪਣੇ ਮਨ ਤੋਂ ਕਦੇ ਵੀ ਦੂਰ ਨਹੀਂ ਕਰ ਸਕੇ।
ਹੁਣ ਵੀ ਜਦੋਂ ਕਦੀ ਇੰਡੀਆ ਤੋਂ ਮੇਰਾ ਕੋਈ ਖ਼ਤ ਆਉਂਦਾ ਏ ਤਾਂ ਮਾਂ ਜੀ ਉਚੇਚਾ ਪੁੱਛਦੇ ਨੇ, ‘‘ਇਹ ਕਿਹੜੇ ਇਲਾਕੇ ਤੋਂ ਆਇਆ ਏ?’’
ਤੇ ਜਦੋਂ ਮੈਂ ਇਹ ਦੱਸਣਾਂ ਵਾਂ, ‘‘ਇਹ ਖ਼ਤ ਰੋਪੜ ਤੋਂ ਆਇਆ ਏ।’’
ਤਾਂ ਮਾਂ ਜੀ ਭੇਜਣ ਵਾਲੇ ਦਾ ਨਾਂ ਪੁੱਛਦੇ ਨੇ ਤੇ ਫੇਰ ਦੱਸੇ ਨਾਂ ਨੂੰ ‘ਚਾਚਾ ਕਿਰਪਾਲ ਸਿੰਘ’ ਤੇ ‘ਬਾਬਾ ਜਸਬੀਰ ਸਿੰਘ’ ਤੇ ਆਪਣੇ ਪਿਆਰੇ ਵੀਰਾਂ ਦੇ ਬੇਲੀਆਂ ‘ਬੱਗਾ ਸਿੰਘ’ ਤੇ ‘ਨਿਸ਼ਾਨ ਸਿੰਘ’ ਦੇ ਨਾਵਾਂ ਨਾਲ ਮੇਲਦੇ ਨੇ। ਆਖਦੇ ਨੇ, ‘‘ਸਾਨੂੰ ਬਚਾਉਂਦੇ ਹੋਏ ਆਪਣੀ ਜਾਨ ਕੁਰਬਾਨ ਕਰਨ ਵਾਲਾ ਚਾਚਾ ਕਿਰਪਾਲ ਸਿੰਘ, ਮੇਰੇ ਅੱਬਾ ਜੀ ਦਾ ‘ਭਰਾ’ ਬਣਿਆ ਹੋਇਆ ਸੀ। ਮੇਰ ਵੀਰਾਂ ਨੂੰ ਬਚਾਉਂਦੇ ਹੋਏ ਜਾਨ ਦੇਣ ਵਾਲੇ ਵੀ ਮੇਰੇ ‘ਵੀਰ’ ਈ ਸਨ।’’
ਉਹ ਅਨਪੜ੍ਹ ਨੇ, ਮੇਰੇ ਹੱਥੋਂ ਉਹ ਖ਼ਤ ਲੈ ਕੇ ਦੇਰ ਤੱਕ ਉਸ ਨੂੰ ਵੇਖਦੇ ਰਹਿੰਦੇ ਨੇ। ਪਤਾ ਨਹੀਂ, ਉਹਨਾਂ ਨੂੰ ਇਹਨਾਂ ਖ਼ਤਾਂ ਵਿਚੋਂ ਆਪਣੇ ‘ਵੀਰਾਂ ਵਾਲੀ ਧਰਤੀ ਦੀ ਖੁਸ਼ਬੂ’ ਆਉਂਦੀ ਏ!
ਮੈਂ ਵੇਖਿਆ ਏ, ਕਈ ਵਾਰ ਉਹ ਖ਼ਤ ਨੂੰ ਚੁੰਮਣ ਲੱਗ ਪੈਂਦੇ ਨੇ। ਉਹਨਾਂ ਦੀਆਂ ਅੱਖਾਂ ਵਿਚੋਂ ਇਕਤਾਰ ਹੰਝੂ ਵਗਣ ਲੱਗ ਪੈਂਦੇ ਨੇ। ਇਹ ਸਭ ਕੁੱਝ ਮੈਥੋਂ ਬਰਦਾਸ਼ਤ ਨਹੀਂ ਹੁੰਦਾ। ਏਸੇ ਲਈ ਹੁਣ ਜਦੋਂ ਵੀ ਰੋਪੜ ਤੋਂ ਕੋਈ ਖ਼ਤ ਆਉਂਦਾ ਏ ਤਾਂ ਮੈਂ ਉਹ ਖਤ ਮਾਂ ਜੀ ਦੇ ਹਵਾਲੇ ਕਰ ਕੇ ਘਰੋਂ ਬਾਹਰ ਨਿਕਲ ਜਾਂਦਾ ਹਾਂ…. ਸੋਚਾਂ ਵਿਚ ਡੁੱਬ ਜਾਂਦਾ ਹਾਂ।
ਵਿਅੰਗ
- ਹਰੀਸੰਕਰ ਪਾਰਸਾਈ
‘ਨਵਾਂ ਸਾਲ’
ਸਾਧੋ, ਪਿਛਲਾ ਸਾਲ ਗੁਜ਼ਰ ਗਿਆ ਹੈ ਤੇ ਨਵਾਂ ਸਾਲ ਸ਼ੁਰੂ ਹੋ ਰਿਹਾ ਹੈ। ਨਵੇਂ ਸਾਲ ਦੇ ਸ਼ੁਰੂ ਵਿਚ ਸ਼ੁਭਕਾਮਨਾਵਾਂ ਦੇਣ ਦਾ ਰਿਵਾਜ਼ ਹੈ ਪਰ, ਮੈਂ ਤੁਹਾਨੂੰ ਸ਼ੁਭਕਾਮਨਾਵਾਂ ਦੇਣ ਤੋਂ ਝਿਜਕ ਰਿਹਾ ਹਾਂ। ਗੱਲ ਇਹ ਹੈ ਸਾਧੋ ਕਿ ਕੋਈ ਸ਼ੁਭਕਾਮਨਾ ਹੁਣ ਕਾਰਗਰ ਨਹੀਂ ਹੁੰਦੀ।
ਮੰਨ ਲਓ, ਮੈਂ ਆਖਾਂ, ਕਿ ਈਸ਼ਵਰ ਨਵਾਂ ਸਾਲ ਤੁਹਾਡੇ ਲਈ ਸੁੱਖਦਾਈ ਕਰੇ, ਤਾਂ ਤੁਹਾਨੂੰ ਦੁੱਖ ਦੇਣ ਵਾਲੇ ਈਸ਼ਵਰ ਨਾਲ ਹੀ ਭਿੜ ਜਾਣਗੇ। ਇਹ ਕਹਿਣਗੇ,‘ਦੇਖਦੇ ਹਾਂ, ਈਸ਼ਵਰ ਤੈਨੂੰ ਕਿਵੇਂ ਸੁੱਖ ਦਿੰਦਾ ਹੈ।’ ਸਾਧੋ ਕੁਛ ਲੋਕ ਈਸ਼ਵਰ ਨਾਲੋਂ ਵੀ ਵੱਡੇ ਹੋ ਗਏ ਨੇ। ਈਸ਼ਵਰ ਤੁਹਾਨੂੰ ਸੁੱਖ ਦੇਣ ਦੀ ਯੋਜਨਾ ਅਜੇ ਉਲੀਕ ਹੀ ਰਿਹਾ ਹੁੰਦਾ ਹੈ, ਕਿ ਇਹ ਲੋਕ ਉਸਨੂੰ ਪਾੜ-ਪੂੜ ਕੇ ਦੁੱਖ ਦੇਣ ਦੀਆਂ ਯੋਜਨਾਵਾਂ ਬਣਾ ਲੈਂਦੇ ਨੇ।
ਸਾਧੋ, ਮੈਂ ਆਖਾਂ ਕਿ ਇਹ ਵਰ੍ਹਾ ਤੁਹਾਡੇ ਲਈ ਸੁੱਖਦਾਈ ਹੋਵੇ ਪਰ ਸੁੱਖ ਦੇਣ ਵਾਲਾ ਨਾ ਵਰ੍ਹਾ ਹੈ, ਨਾ ਮੈਂ ਹਾਂ, ਨਾ ਈਸ਼ਵਰ। ਸੁੱਖ ਤੇ ਦੁੱਖ ਦੇਣ ਵਾਲੇ ਹੋਰ ਹੀ ਨੇ। ਮੈਂ ਕਹਾਂ ਕਿ ਤੁਹਾਨੂੰ ਸੁੱਖ ਮਿਲੇ, ਈਸ਼ਵਰ ਵੀ ਮੇਰੀ ਗੱਲ ਮੰਨ ਕੇ ਚੰਗੀ ਫਸਲ ਕਰ ਦੇਵੇ। ਪਰ ਫਸਲ ਆਉਂਦਿਆਂ ਹੀ ਵਪਾਰੀ ਅਨਾਜ ਨੱਪ ਲੈਣ ਤੇ ਕੀਮਤਾਂ ਵਧਾਅ ਦੇਣ ਤਾਂ ਤੁਹਾਨੂੰ ਸੁੱਖ ਕਿੰਜ ਮਿਲੇਗਾ? ਇਸ ਲਈ ਤੁਹਾਡੇ ਲਈ ਸੁੱਖ ਦੀ ਕਾਮਨਾ ਵਿਅਰਥ ਹੈ।
ਸਾਧੋ, ਤੁਹਾਨੂੰ ਚੇਤਾ ਹੋਵੇਗਾ ਕਿ ਨਵੇਂ ਸਾਲ ਦੇ ਸ਼ੁਰੂ ਵਿਚ ਮੈਂ ਤੁਹਾਨੂੰ ਸ਼ੁਭਕਾਮਨਾ ਦਿੱਤੀ ਸੀ, ਪਰ ਪੂਰਾ ਸਾਲ ਤੁਹਾਡੇ ਲਈ ਦੁੱਖਾਂ ਭਰਿਆ ਬੀਤਿਆ। ਹਰ ਮਹੀਨੇ ਕੀਮਤਾਂ ਵਧਦੀਆਂ ਗਈਆਂ। ਤੁਸੀਂ ਚੀਕਾਂ ਰੌਲੀ ਪਾਉਂਦੇ ਸੀ ਤਾਂ ਸਰਕਾਰ ਵਪਾਰੀਆਂ ਨੂੰ ਮਾੜੀ-ਮੋਟੀ ਧਮਕੀ ਦੇ ਦਿੰਦੀ ਸੀ। ਜੇ ਕਿਤੇ ਬਹੁਤਾ ਹੀ ਰੌਲਾ ਪਾਇਆ ਤਾਂ ਦੋ ਚਾਰ ਵਪਾਰੀ ਗਿ੍ਰਫ਼ਤਾਰ ਕਰ ਲਏ, ਹੁਣ ਤਾਂ ਤੁਹਾਡਾ ਢਿੱਡ ਭਰ ਗਿਆ ਹੋਵੇਗਾ। ਸਾਧੋ, ਇਹ ਪਤਾ ਨਹੀਂ ਕਿਹੜਾ ਆਰਥਿਕ ਨਿਯਮ ਹੈ ਕਿ ਜਿਵੇਂ-ਜਿਵੇਂ ਵਪਾਰੀ ਗਿ੍ਰਫ਼ਤਾਰ ਹੁੰਦੇ ਗਏ, ਤਿਵੇਂ-ਤਿਵੇਂ ਕੀਮਤਾਂ ਵਧਦੀਆਂ ਗਈਆਂ। ਮੈਨੂੰ ਤਾਂ ਇੰਜ ਲੱਗਦਾ ਹੈ, ਮਨਾਫ਼ਾਖ਼ੋਰ ਨੂੰ ਗਿ੍ਰਫ਼ਤਾਰ ਕਰਨਾ ਇਕ ਪਾਪ ਹੈ। ਇਸੇ ਪਾਪ ਸਦਕਾ ਕੀਮਤਾਂ ਵੱਧਦੀਆਂ ਨੇ।
ਸਾਧੋ, ਮੇਰੀ ਕਾਮਨਾ ਅਕਸਰ ਪੁੱਠੀ ਪੈ ਜਾਂਦੀ ਹੈ। ਪਿਛਲੇ ਸਾਲ ਇਕ ਸਰਕਾਰੀ ਕਰਮਚਾਰੀ ਲਈ ਮੈਂ ਸੁੱਖ ਦੀ ਕਾਮਨਾ ਕੀਤੀ ਸੀ। ਸਿੱਟਾ ਇਹ ਹੋਇਆ ਕਿ ਉਹ ਰਿਸ਼ਵਤ ਖਾਣ ਲੱਗ ਪਿਆ। ਉਸਨੇ ਮੇਰੀ ਇੱਛਾ ਜੋ ਪੂਰੀ ਕਰਨੀ ਸੀ। ਸਾਧੋ, ਸਾਲ ਭਰ ਤਾਂ ਉਹ ਸੁੱਖੀ ਰਿਹਾ, ਪਰ ਦਸੰਬਰ ਵਿਚ ਗਿ੍ਰਫ਼ਤਾਰ ਹੋ ਗਿਆ। ਇਕ ਵਿਦਿਆਰਥੀ ਨੂੰ ਮੈਂ ਕਿਹਾ ਸੀ ਕਿ ਨਵਾਂ ਸਾਲ ਸੁੱਖਦਾਈ ਹੋਵੇ ਤਾਂ ਉਸਨੇ ਫਸਟ ਕਲਾਸ ਲੈਣ ਖਾਤਰ ਇਮਤਿਹਾਨਾਂ ਵਿਚ ਨਕਲ ਮਾਰ ਲਈ। ਇਕ ਨੇਤਾ ਨੂੰ ਮੈਂ ਕਿਹਾ ਦਿੱਤਾ ਸੀ ਕਿ ਇਸ ਵਰ੍ਹੇ ਤੁਹਾਡਾ ਜੀਵਨ ਸੁੱਖਦਾਈ ਹੋਵੇ ਤਾਂ ਉਹ ਸੰਸਦ ਦਾ ਪੈਸਾ ਖਾ ਗਿਆ ਸੀ।
ਸਾਧੋ, ਇਕ ਈਮਾਨਦਾਰ ਵਪਾਰੀ ਨੂੰ ਮੈਂ ਕਹਿ ਬੈਠਾ ਸਾਂ ਕਿ ਨਵਾਂ ਵਰ੍ਹਾ ਸੁੱਖਦਾਈ ਹੋਵੇ ਤਾਂ ਉਹ ਉਸੇ ਦਿਨ ਤੋਂ ਮੁਨਾਫ਼ਾਖ਼ੋਰੀ ਕਰਨ ਲੱਗ ਪਿਆ ਸੀ। ਇਕ ਪੱਤਰਕਾਰ ਲਈ ਮੈਂ ਸ਼ੁਭਕਾਮਨਾਵਾਂ ਭੇਜੀਆਂ ਤਾਂ ਉਹ ਬਲੈਕ-ਮੇਲਿੰਗ ਕਰਨ ਲੱਗ ਪਿਆ। ਇਕ ਲੇਖਕ ਨੂੰ ਕਿਹਾ ਕਿ ਨਵਾਂ ਸਾਲ ਤੁਹਾਡੇ ਲਈ ਸੁੱਖਦਾਈ ਹੋਵੇ ਤਾਂ ਉਹ ਲਿਖਣਾ ਛੱਡ ਕੇ ਰੇਡੀਓ ’ਤੇ ਨੌਕਰ ਹੋ ਗਿਆ। ਇਕ ਪਹਿਲਵਾਨ ਨੂੰ ਮੈਂ ਕਹਿ ਦਿੱਤਾ ਕਿ ਬਹਾਦਰ ਤੇਰਾ ਨਵਾਂ ਸਾਲ ਸੁੱਖਦਾਈ ਹੋਵੇ ਤਾਂ ਉਹ ਜੂਏ ਦਾ ਅੱਡਾ ਲਾ ਕੇ ਬੈਠ ਗਿਆ। ਇਕ ਅਧਿਆਪਕ ਨੂੰ ਮੈਂ ਸ਼ੁਭਕਾਮਨਾ ਦਿੱਤੀ ਤਾਂ ਉਹ ਪੈਸੇ ਲੈ ਕੇ ਮੁੰਡਿਆਂ ਨੂੰ ਪਾਸ ਕਰਵਾਉਣ ਲੱਗ ਪਿਆ। ਇਕ ਐਮ. ਐਲ. ਏ. ਲਈ ਸ਼ੁਭਕਾਮਨਾ ਕੀਤੀ ਤਾਂ ਉਹ ਪੁਲਿਸ ਨਾਲ ਰਲ ਕੇ ਰਿਸ਼ਵਤ ਖਾਣ ਲੱਗ ਪਿਆ।
ਸਾਧੋ, ਤੁਹਾਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦੇਣ ਤੋਂ ਮੈਂ ਇਸ ਲਈ ਡਰ ਰਿਹਾ ਹਾਂ ਕਿ ਇਕ ਤਾਂ ਈਮਾਨਦਾਰ ਆਦਮੀ ਨੂੰ ਸੁੱਖ ਦੇਣਾ ਕਿਸੇ ਦੇ ਵੱਸ ਦੀ ਗੱਲ ਨਹੀਂ, ਈਸ਼ਵਰ ਦੇ ਵੀ ਨਹੀਂ। ਮੇਰੇ ਕਹਿ ਦੇਣ ਨਾਲ ਕੁਛ ਨਹੀਂ ਹੋਵੇਗਾ। ਜੇ ਮੇਰੀ ਸ਼ੁਭਕਾਮਨਾ ਨੇ ਸਹੀ ਹੀ ਹੋਣਾ ਹੈ ਤਾਂ ਤੁਸੀਂ ਸਾਧੂ ਸੁਭਾਅ ਛੱਡ ਕੇ ਪਤਾ ਨਹੀਂ ਕੀ ਕੀ ਕਰਨ ਲੱਗ ਪਵੋਂ ! ਤੁਸੀਂ ਗਾਂਜਾ-ਸ਼ਰਾਬ ਵੇਚਣ ਦਾ ਧੰਦਾ ਜਾਂ ਕੋਈ ਹੋਰ ਚੋਰ-ਬਾਜ਼ਾਰੀ ਕਰਨ ਲੱਗ ਪਵੋਂ। ਜਾਂ ਕੋਈ ਸੰਸਥਾ ਬਣਾ ਕੇ ਚੰਦਾ ਖਾਣ ਲੱਗ ਪਵੋਂ। ਸਾਧੋ, ਸਿੱਧੇ ਰਸਤੇ ਇਸ ਰਾਜ-ਭਾਗ ਵਿਚ ਕੋਈ ਸੁੱਖ ਨਹੀਂ ਮਿਲਦਾ। ਸਾਧੋ, ਇਸੇ ਡਰ ਦਾ ਮਾਰਿਆ ਮੈਂ ਤੁਹਾਨੂੰ ਨਵੇਂ ਸਾਲ ਲਈ ਕੋਈ ਸ਼ੁਭਕਾਮਨਾ ਨਹੀਂ ਦੇ ਰਿਹਾ ਕਿ ਕਿੱਧਰੇ ਤੁਸੀਂ ਸੁੱਖੀ ਹੋਣ ਦੀਆਂ ‘ਕੋਸ਼ਿਸ਼ਾਂ’ ਹੀ ਨਾ ਕਰਨ ਲੱਗ ਪਵੋਂ।
नज़्म
-फैज़_अहमद_फैज़
‘आवारा कुत्ते’
ये गलियों के आवारा बेकार कुत्ते
कि बख्शा गया जिनको ज़ौके-गदाई
ज़माने की फटकार सरमाया इनका
जहां भर की दुत्तकार इनकी कमाई
न आराम शब को न राहत सवेरे
ग़लाज़त में घर नालियों में बसेरे
जो बिगड़ें तो इक दूसरे से लड़ा दो
जऱा एक रोटी का टुकड़ा दिखा दो
ये हर एक की ठोकर खाने वाले
ये फ़ाकों से उकता के मर जाने वाले
ये मज़लूम मख़लूक गर सर उठाये
तो इंसान सब सरकशी भूल जाए
ये चाहें तो दुनिया को अपना बना लें
ये आकाओं की हड्डियां तक चबा लें
कोई इनको एहसासे जि़ल्लत दिला दे
कोई इनकी सोई हुई दुम हिला दे।
ਗ਼ਜ਼ਲ
- ਮੱਖਣ ਕੁਹਾੜ
ਦਿੱਲੀ ਤਖ਼ਤ ਦੇ ਪਾਵਿਆਂ ਨੂੰ ਹੱਥ ਪਾ ਕੇ ਪਰਤੇ ਹਨ ਕਿਰਸਾਨ।
ਕਿੰਗਰੇ ਢਾਹੁਣ ਲਈ ਦਿੱਲੀ ਦੇ ਸੱਟ ਲਾ ਕੇ ਪਰਤੇ ਹਨ ਕਿਰਸਾਨ।
ਅੰਨ ਦਾਤੇ ਦੇ ਸਿਰ ਤੇ ਪੱਗ ਰਖਾ ਕੇ ਪਰਤੇ ਹਨ ਕਿਰਸਾਨ,
ਉਸ ਨੂੰ ਮਰਨ ਦੀ ਥਾਂ ਤੇ ਲੜਨ ਸਿਖਾ ਕੇ ਪਰਤੇ ਹਨ ਕਿਰਸਾਨ।
ਗੁਰੂ ਗੋਬਿੰਦ ਦੇ ਸਭ ਉਪਦੇਸ਼ ਅਪਣਾ ਕੇ ਪਰਤੇ ਹਨ ਕਿਰਸਾਨ,
ਲੈਨਿਨ ਵਾਲੀ ਯੁੱਧ ਕਲਾ ਅਜ਼ਮਾ ਕੇ ਪਰਤੇ ਹਨ ਕਿਰਸਾਨ।
ਰਾਜੇ ਸ਼ੀਂਹ ਮੁਕੱਦਮ ਕੁੱਤੇ ਅੱਜ ਵੀ ਜਿਉਂ ਦੇ ਤਿਉਂ ਹੀ ਨੇ,
ਨਾਨਕ ਦੀ ਬਾਣੀ ਦਾ ਸੱਚ ਦਰਸਾ ਕੇ ਪਰਤੇ ਹਨ ਕਿਰਸਾਨ।
ਲੋਕਾਂ ਦੀ ਸ਼ਕਤੀ ਦਾ ਹਰਗਿਜ਼ ਕੋਈ ਤੋੜ ਨਹੀਂ ਹੁੰਦਾ,
ਹਾਕਮ ,ਫੌਜੀ, ਧਾੜਾਂ ਨੂੰ ਸਮਝਾ ਕੇ ਪਰਤੇ ਹਨ ਕਿਰਸਾਨ।
ਆਸ ਦੇ ਖੇਤੀਂ ਉੱਗਿਆ ਸੀ ਜਿਹੜਾ ਨਦੀਨ ਨਿਰਾਸ਼ਾ ਦਾ,
ਉਸ ਨੂੰ ਪੁੱਟ ਉਮੀਦ ਦੀ ਫਸਲ ਉਗਾ ਕੇ ਪਰਤੇ ਹਨ ਕਿਰਸਾਨ।
ਤੇਰਾ ਖੰਜਰ ਵੇਖੀਂ ਇਕ ਦਿਨ ਤੇਰਾ ਹੀ ਸਿਰ ਵੱਢੇਗਾ,
ਜ਼ਿੱਦੀ ਹਾਕਮ ਨੂੰ ਇਹ ਗੱਲ ਸਮਝਾ ਕੇ ਪਰਤੇ ਹਨ ਕਿਰਸਾਨ।
ਬਦਲ ਜਾ ਦਿੱਲੀਏ ! ਜੇ ਨਾ ਬਦਲੀ ਵੇਖੀਂ ਮਾਰੀ ਜਾਵੇਂਗੀ,
ਦਿੱਲੀ ਦੇ ਮੂੰਹ ’ਤੇ ਇਹ ਗੱਲ ਸੁਣਾ ਕੇ ਪਰਤੇ ਹਨ ਕਿਰਸਾਨ।
ਦਿੱਲੀ ਵੱਲ ਨੂੰ ਜਾਂਦੇ ਕਾਫਲੇ ਇਸ ਦੀ ਛਾਵੇਂ ਬੈਠਣਗੇ,
ਐਸਾ ਬੋਹੜ ਦਾ ਬੂਟਾ ਰਾਹ ਵਿੱਚ ਲਾ ਕੇ ਪਰਤੇ ਹਨ ਕਿਰਸਾਨ।
ਨਾਨਕ, ਗੋਬਿੰਦ, ਬੰਦੇ, ਭਗਤ, ਸਰਾਭੇ, ਗ਼ਦਰੀ ਬਾਬਿਆਂ ਦੀ,
ਸੋਚ ਤੇ ਪਹਿਰਾ ਦੇ ਕੇ ਸੁੱਚੇ ਫੁੱਲ ਚੜ੍ਹਾ ਕੇ ਪਰਤੇ ਹਨ ਕਿਰਸਾਨ।
ਬਾਬੇ ਨਾਨਕ ਦੇ ਦੱਸੇ ਭਾਗੋ ਹੀ ਨੇ ਅੱਜਕੱਲ੍ਹ ਦੇ ਅੰਬਾਨੀ ,
ਉਨ੍ਹਾਂ ਲਈ ਫਿਰ ਗੋਬਿੰਦ ਫੌਜ ਬਣਾ ਕੇ ਪਰਤੇ ਹਨ ਕਿਰਸਾਨ।
ਫਿਰ ਆਏ ਤਾਂ ਦਿੱਲੀਏ ਤੇਰੇ ਸਾਰੇ ਕਿੰਗਰੇ ਢੱਠਣਗੇ,
ਹਰ ਇੱਕ ਦਿਲ ’ਚ ਇਹ ਅਰਮਾਨ ਜਗਾ ਕੇ ਪਰਤੇ ਹਨ ਕਿਰਸਾਨ।
ਕਵਿਤਾ
- ਅਜ਼ੀਮ ਸ਼ੇਖਰ
ਨਾਫ਼ੁਰਮਾਨੀ
ਤੈਅ ਕਰੋਗੇ ਤੁਸੀਂ?
ਕਿ ਗਾਈਏ ਕਿਹੜਾ ਗੀਤ ਅਸੀਂ!
ਤੈਅ ਕਰੋਗੇ ਤੁਸੀਂ?
ਕਿ ਮੰਨੀਏ ਕਿਹੜੀ ਰੀਤ ਅਸੀਂ!
ਤੈਅ ਕਰੋਗੇ ਤੁਸੀਂ?
ਕਿ ਸੁੱਚੇ ਹਾਂ ਜਾਂ ਪਲੀਤ ਅਸੀਂ!
ਹਰ ਵਾਰੀ ਗੱਲ ਝੂਠੀ ਥੋਡੀ ਚੜ੍ਹਣੀ ਪੂਰ ਨਹੀਂ।
ਨਹੀਂ ਨਹੀਂ ਫ਼ੁਰਮਾਨ ਤੁਹਾਡੇ ਹੁਣ ਮਨਜੂਰ ਨਹੀਂ।
ਤੈਅ ਕਰੋਗੇ ਤੁਸੀਂ?
ਕਿ ਬੱਦਲ ਵਰ੍ਹਨੇ ਨੇ ਕਿੱਥੇ!
ਤੈਅ ਕਰੋਗੇ ਤੁਸੀਂ?
ਕਿ ਡਿੱਗਣੇ ਝਰਨੇ ਨੇ ਕਿੱਥੇ!
ਤੈਅ ਕਰੋਗੇ ਤੁਸੀਂ?
ਕਿ ਤਾਰੇ ਚੜ੍ਹਣੇ ਨੇ ਕਿੱਥੇ!
ਸ਼ਹਿਰ ਮੇਰੇ ਵਿੱਚ ਚੱਲਣੇ ਜੰਗਲ ਦੇ ਦਸਤੂਰ ਨਹੀਂ ,
ਨਹੀਂ ਨਹੀਂ ਫ਼ੁਰਮਾਨ ਤੁਹਾਡੇ ਹੁਣ ਮਨਜ਼ੂਰ ਨਹੀਂ ।
ਤੈਅ ਕਰੋਗੇ ਤੁਸੀਂ?
ਕਿ ਸਾਹ ਕਿੰਜ ਲੈਣਾਂ ਲੋਕਾਂ ਨੇ!
ਤੈਅ ਕਰੋਗੇ ਤੁਸੀਂ?
ਕਿ ਕੀ ਹੈ ਕਹਿਣਾਂ ਲੋਕਾਂ ਨੇ!
ਤੈਅ ਕਰੋਗੇ ਤੁਸੀਂ?
ਕਿ ਹੈ ਕਿੰਜ ਰਹਿਣਾਂ ਲੋਕਾਂ ਨੇ!
ਭੁਗਤਣ ਸਜਾ ਉਹ ਜਿੰਨਾਂ ਦਾ ਕਿ ਕੋਈ ਕਸੂਰ ਨਹੀਂ,
ਨਹੀਂ ਨਹੀਂ ਫ਼ੁਰਮਾਨ ਤੁਹਾਡੇ ਹੁਣ ਮਨਜ਼ੂਰ ਨਹੀਂ।
ਤੈਅ ਕਰੋਗੇ ਤੁਸੀਂ?
ਕਿ ਸਾਡੀ ਹਸਤੀ ਕੀ ਹੋਵੇ!
ਤੈਅ ਕਰੋਗੇ ਤੁਸੀਂ?
ਕਿ ਵਤਨ-ਪ੍ਰਸਤੀ ਕੀ ਹੋਵੇ!
ਤੈਅ ਕਰੋਗੇ ਤੁਸੀਂ?
ਕਿ ਦਿਲ ਦੀ ਮਸਤੀ ਕੀ ਹੋਵੇ!
ਇਹ ਨਾ ਸਮਝਿਓ ਮਾਂਵਾਂ ਜੰਮਦੀਆਂ ਹੁਣ ਮਨਸੂਰ ਨਹੀਂ,
ਨਹੀਂ ਨਹੀਂ ਫ਼ੁਰਮਾਨ ਤੁਹਾਡੇ ਹੁਣ ਮਨਜੂਰ ਨਹੀਂ।
ਤੈਅ ਕਰੋਗੇ ਤੁਸੀਂ?
ਕਿ ਸਾਡਾ ਚੁੱਲ੍ਹਾ ਬਲੇ ਕਦੋਂ!
ਤੈਅ ਕਰੋਗੇ ਤੁਸੀਂ?
ਕਿ ਚੜ੍ਹਕੇ ਸੂਰਜ ਢਲੇ ਕਦੋਂ!
ਤੈਅ ਕਰੋਗੇ ਤੁਸੀਂ?
ਕਿ ਖੁਸ਼ਬੋ ਹਵਾ ’ਚ ਰਲੇ ਕਦੋਂ!
ਖਾਬ ਅਸਾਡੇ ਪਰ ਕੋਈ ਕਰ ਸਕਦਾ ਚੂਰ ਨਹੀਂ ,
ਨਹੀਂ ਨਹੀਂ ਫ਼ੁਰਮਾਨ ਤੁਹਾਡੇ ਹੁਣ ਮਨਜ਼ੂਰ ਨਹੀਂ।
ਤੈਅ ਕਰੋਗੇ ਤੁਸੀਂ?
ਕਿ ਹੱਸਣਾ ਕਦ ਹੈ ਬਾਲਾਂ ਨੇ!
ਤੈਅ ਕਰੋਗੇ ਤੁਸੀਂ?
ਕਿ ਉੱਠਣੈ ਕਦੋਂ ਸਵਾਲਾਂ ਨੇ!
ਤੈਅ ਕਰੋਗੇ ਤੁਸੀਂ?
ਕਿ ਮਘਣੈ ਕਦੋਂ ਖ਼ਿਆਲਾਂ ਨੇ!
ਭਰਮ ਹੈ ਥੋਨੂੰ ਟੁੱਟਣਾ ਥੋਡਾ ਕਦੇ ਗਰੂਰ ਨਹੀਂ,
ਨਹੀਂ ਨਹੀਂ ਫ਼ੁਰਮਾਨ ਤੁਹਾਡੇ ਹੁਣ ਮਨਜੂਰ ਨਹੀਂ।
ਤੈਅ ਕਰਾਂਗੇ ਅਸੀਂ,
ਕਿ ਜੀਵਨ-ਆਸਾ ਕੀ ਹੋਵੇ
ਤੈਅ ਕਰਾਂਗੇ ਅਸੀਂ,
ਕਿ ਸਾਡੀ ਭਾਸਾ ਕੀ ਹੋਵੇ
ਤੈਅ ਕਰਾਂਗੇ ਅਸੀਂ,
ਕਿ ਜਗਤ-ਤਮਾਸ਼ਾ ਕੀ ਹੋਵੇ
ਚੱਲਦਾ ਰਹੇ ‘ਅਜ਼ੀਮ’ ਕਾਫਲਾ
ਮੰਜ਼ਲ ਦੂਰ ਨਹੀਂ ,
ਨਾਦਰਸ਼ਾਹੀ ਪਰ ਫ਼ੁਰਮਾਨ ਕਦੇ ਮਨਜ਼ੂਰ ਨਹੀਂ।
ਕਵਿਤਾ
- ਹਬੀਬ ਜਾਲਿਬ
ਮਜਬੂਰ ਔਰਤ ਦਾ ਗੀਤ
ਇਹ ਘੁੰਗਰੂ ਨਈਂ ਜ਼ੰਜੀਰਾਂ ਨੇ।
ਦੁਨੀਆਂ ਨੇ ਪੈਰੀਂ ਪਾਈਆਂ।
ਇਹ ਛਣਕਦੀਆਂ ਰੁਸਵਾਈਆਂ।
ਨਈਂ ਸੁਣਦਾ ਕੋਈ ਦੁਹਾਈਆਂ।
ਦਿਲ ਸਾਥ ਨਾ ਦਏ ਤਾਂ ਹੱਸਣਾ ਕੀ?
ਬਸਤੀ ਵਿਚ ਜ਼ੁਲਮ ਦੀ ਵਸਣਾ ਕੀ?
ਹਾਲ ਆਪਣਾ ਕਿਸੇ ਨੂੰ ਦੱਸਣਾ ਕੀ?
ਚੁੱਪ ਰਹਿਣਾ ਈ ਤਕਦੀਰਾਂ ਨੇ।
ਇਹ ਘੁੰਗਰੂ ਨਈਂ ਜ਼ੰਜੀਰਾਂ ਨੇ।
ਕਈ ਕਹਿੰਦੇ ਨੱਚ ਬਾਜ਼ਾਰਾਂ ਵਿਚ।
ਕਈ ਚਿਣਦੇ ਰਹੇ ਦੀਵਾਰਾਂ ਵਿਚ।
ਰਹੀ ਸ਼ਰਮ ਨਾ ਰਾਂਝਣ ਯਾਰਾਂ ਵਿਚ।
ਹੋਈਆਂ ਬੇਬਸ ਲੱਖਾਂ ਹੀਰਾਂ ਨੇ।
ਇਹ ਘੁੰਗਰੂ ਨਈਂ ਜ਼ੰਜੀਰਾਂ ਨੇ।
ਗ਼ਜ਼ਲ
- ਇਰਸ਼ਾਦ ਸੰਧੂ
ਹੋਇਆ ਮੰਦੜਾ ਹਾਲ ਸਹੇਲੀ ਐਧਰ ਵੀ ਤੇ ਓਧਰ ਵੀ।
ਰੁਲ ਗਏ ਸਾਡੇ ਲਾਲ ਸਹੇਲੀ ਐਧਰ ਵੀ ਤੇ ਓਧਰ ਵੀ।
ਲਾਲ ਹਨ੍ਹੇਰੀ ਜਦ ਵੀ ਘੁੱਲੀ ਔਂਤਰ ਜਾਨੀ ਮਾਵਾਂ ਤੋਂ,
ਖੋਹ ਲਏ ਕਿੰਨੇ ਬਾਲ ਸਹੇਲੀ ਐਧਰ ਵੀ ਤੇ ਓਧਰ ਵੀ।
ਕਿੰਝ ਘੁੱਗੀਆਂ ਦੇ ਆਂਡੇ ਪੀਤੇ ਬੋਟ ਨਾ ਛੱਡੇ ਚਿੜੀਆਂ ਦੇ,
ਕਾਵਾਂ ਚੱਲ ਕੇ ਚਾਲ ਸਹੇਲੀ ਐਧਰ ਵੀ ਤੇ ਓਧਰ ਵੀ।
ਯਾਰਾਂ ਹੱਥੋਂ ਯਾਰ ਲੁਟੀਜੇ ਵੀਰ ਲੁਟੀਜੇ ਵੀਰਾਂ ਤੋਂ,
ਬਣ ਕੇ ਲੁੱਟ ਦਾ ਮਾਲ ਸਹੇਲੀ ਐਧਰ ਵੀ ਤੇ ਓਧਰ ਵੀ।
ਅੰਨ੍ਹੀ ਖੇਡ ਨੇ ਇੰਝ ਖਿਡਾਇਆ ਕੰਧਾਂ ਵੀ ਰੁੱਸ ਪਈਆਂ ਸਨ,
ਇੱਕ ਦੂਜੀ ਦੇ ਨਾਲ ਸਹੇਲੀ ਐਧਰ ਵੀ ਤੇ ਓਧਰ ਵੀ।
ਚੇਤਾ ਈ ਜਾਂ ਭੁੱਲ ਗਈ ਐਂ ਤੂੰ ਕਿੰਝ ਕਿੰਝ ਸੀ ਲਹੂ ਚਿੱਟੇ ਤੋਂ,
ਪਾਣੀ ਹੋ ਗਏ ਲਾਲ ਸਹੇਲੀ ਐਧਰ ਵੀ ਤੇ ਓਧਰ ਵੀ।
ਕਿੰਨੇ ਈ ਨੇਂ ਹਾਲੇ ਵੀ ਜੋ ਥਾਂ ਥਾਂ ਕਰਦੇ ਫਿਰਦੇ ਨੇਂ,
ਇੱਕ ਦੂਜੇ ਦੀ ਭਾਲ ਸਹੇਲੀ ਐਧਰ ਵੀ ਤੇ ਓਧਰ ਵੀ।
ਜੁਗਨੀ ਮਾਹੀਏ,ਢੋਲੇ ਟੱਪੇ,ਗੀਤ ਵਿੱਛੜ ਗਏ ਗੀਤਾਂ ਤੋਂ,
ਸੁਰ ਤੋਂ ਵਿਛੜੀ ਤਾਲ ਸਹੇਲੀ ਐਧਰ ਵੀ ਤੇ ਓਧਰ ਵੀ।
ਇੱਕ ਦੂਜੇ ਵੱਲ ਰਹਿ ਗਏ ਸਨ ਜੋ ਅੱਜ ਵੀ ਰੱਜ ਰਵਾਉਂਦੇ ਨੇਂ,
ਕਈ ਛੰਨੇ ਕਈ ਥਾਲ ਸਹੇਲੀ ਐਧਰ ਵੀ ਤੇ ਓਧਰ ਵੀ।
ਜਿੰਨਾ ਮਰਜ਼ੀ ਭੁੱਲੀਏ ਭਾਵੇਂ , ਸੰਧੂ ਸੱਚ ਈ ਕਹਿੰਦਾ ਏ,
ਭੁੱਲਣਾ ਨਹੀਂ ਉਹ ਸਾਲ ਸਹੇਲੀ ਐਧਰ ਵੀ ਤੇ ਓਧਰ ਵੀ।
ਲਿਪੀਅੰਤਰ : ਗੁਰਬਿੰਦਰਜੀਤ ਸਿੰਘ ਗਿੱਲ
ਕਵਿਤਾ
_ਰਮਾਸੰਕਰ ਵਿਦ੍ਰੋਹੀ
ਇਤਿਹਾਸ ਦੀ ਓਹ ਪਹਿਲੀ ਔਰਤ ਕੌਣ ਸੀ?
ਜਿਸਨੂੰ ਸਭ ਤੋਂ ਪਹਿਲਾਂ ਜਲਾਇਆ ਗਿਆ?
ਮੈਂ ਨਹੀਂ ਜਾਣਦਾ,
ਪਰ ਜਿਹੜੀ ਵੀ ਰਹੀ ਹੋਣੀ,
ਮੇਰੀ ਮਾਂ ਰਹੀ ਹੋਣੀ ਹੈ,
ਮੇਰੀ ਚਿੰਤਾ ਇਹ ਹੈ ਕਿ ਭਵਿੱਖ ’ਚ
ਓਹ ਆਖਰੀ ਔਰਤ ਕੌਣ ਹੋਏਗੀ?
ਜਿਸਨੂੰ ਸਭ ਤੋਂ ਅੰਤ ਵਿੱਚ ਜਲਾਇਆ ਜਾਵੇਗਾ?
ਗ਼ਜ਼ਲ
- ਲਖਵਿੰਦਰ ਬਾਜਵਾ
ਸੁਣ ਵੇ ਭੋਲੇ ਮਾਣਸਾ, ਨਾ ਕਰ ਉਲਟੀ ਕਾਰ।
ਤੈਨੂੰ ਧੂਰਤ ਵਰਤਦੇ, ਵਾਂਗਰ ਇੱਕ ਹਥਿਆਰ।
ਚੋਗ ਸੁਨਹਿਰੀ ਵੇਖ ਨਾ, ਜਾਲ ਖਿਲਰਿਆ ਵੇਖ,
ਸ਼ਾਤਰ ਬੜੇ ਸੱਯਾਦ ਨੇ, ਲੁਕਲੁਕ ਕਰਦੇ ਵਾਰ।
ਆ ਕੇ ਵਿੱਚ ਜਨੂੰਨ ਦੇ, ਇੰਜ ਗਵਾ ਨਾ ਹੋਸ਼,
ਇਹ ਕੁਰਸੀ ਦੇ ਵਾਸਤੇ, ਮਿੱਤਰ ਦੇਵਣ ਮਾਰ।
ਤੈਨੂੰ ਵਾਂਗਰ ਪਾਨ ਦੇ, ਪਹਿਲਾਂ ਲੈਸਣ ਚੂਪ,
ਪੀਕ ਬਣਾ ਥੁੱਕ ਦੇਣਗੇ, ਕਹਿ ਨਫ਼ਰਤ ਕਿਰਦਾਰ।
ਜਿਹੜੇ ਤੈਨੂੰ ਧਰਮ ਲਈ, ਗਾਜ਼ੀ ਕਹਿ ਉਕਸਾਉਣ,
ਇਹ ਤਾਂ ਮਾਤਰ ਦੋਸਤਾ, ਉਹਨਾ ਦੈ ਵਿਓਪਾਰ।
ਕੁਰਸੀ ਖਾਤਰ ਸਿਰਜਦੇ, ਫਿਰਕੂ ਆਪ ਮਾਹੌਲ,
ਤੂੰ ਸਮਝੇਂ ਇਹ ਧਰਮ ਤੋਂ, ਖਤਰਾ ਟਾਲਣ ਹਾਰ।
ਲਾਲਚ ਅੰਦਰ ਬਾਜਵਾ, ਬਣ ਕੇ ਮਾਨਵ ਬੰਬ,
ਸਹਿਜ ਸ਼ੈਤਾਨ ਬਣਾ ਦਵੇਂ, ਕੁਰਸੀ ਦਾ ਹੱਕਦਾਰ।
ਗ਼ਜ਼ਲ
- ਜਸਵੀਰ ਸਿੰਘ ‘ਸ਼ਾਇਰ’
ਵੱਜੇ ਢੋਲ ਨਗਾਰੇ ਹੀ ਨੇ
ਜਿੱਤੇ ਰਲਕੇ ਸਾਰੇ ਹੀ ਨੇ
ਆਪਣੇ ਹੱਥੀਂ ਕਾਜ ਸਵਾਰੇ
ਉਸਦੇ ਤਾਂ ਬਸ ਲਾਰੇ ਹੀ ਨੇ
ਇਹ ਯੋਧੇ ਕਿਸ ਕੂਟੋਂ ਆਏ
ਤੱਕੀਆਂ ਕੂਟਾਂ ਚਾਰੇ ਹੀ ਨੇ
ਸਾਥੋਂ ਬਣ ਨ੍ਹੀਂ ਹੋਣਾ ਮਿੱਠੂ
ਸਾਡੇ ਬੋਲ ਕਰਾਰੇ ਹੀ ਨੇ।
ਹਾਰ ਗਏ ਫਿਰ ਮਹਿਲਾਂ ਵਾਲੇ
ਜਿੱਤੇ ਕੁੱਲੀਆਂ ਢਾਰੇ ਹੀ ਨੇ।
ਰਾਮ ਮੁਹੰਮਦ ਨਾਨਕ ਈਸਾ
ਤੇ ਇਨਕਲਾਬ ਦੇ ਨਾਅਰੇ ਹੀ ਨੇ।
ਸਾਂਝਾ ਅੰਬਰ ਸਾਂਝੀ ਧਰਤੀ
ਐਸੇ ਬੋਲ ਪਿਆਰੇ ਹੀ ਨੇ।
ਸ਼ਾਇਰ ਬੇਸ਼ੱਕ ਸੀਨੇ ਲਾਏ
ਅੱਖੀਂ ਅਥਰੂ ਖਾਰੇ ਹੀ ਨੇ।