ਕਹਾਣੀ
ਮੈਨੂੰ ਟੈਗੋਰ ਬਣਾ ਦੇ, ਮਾਂ….
- ਮੋਹਨ ਭੰਡਾਰੀ
ਚਿਮਨੀਆਂ ‘ਚੋਂ ਧੂੰਆਂ, ਕਿਸੇ ਗਰੀਬ ਦੀ ਹੂਕ ਵਾਂਗ, ਉਠ ਰਿਹਾ ਸੀ।
ਭੱਠੇ ਦੀ ਨੁੱਕਰ ‘ਚ ਖੜ੍ਹੇ, ਇਕੋ-ਇਕ ਟਾਹਲੀ ਦੇ ਦਰੱਖ਼ਤ ਹੇਠ ਪਿਆ ਉਹ ਧੂੰਏ ਵੱਲ ਲਗਾਤਾਰ ਵੇਖੀ ਜਾ ਰਿਹਾ ਸੀ।
ਫੇਰ ਉਹਨੇ ਆਪਣੀਆਂ ਗਰਦ ਨਾਲ ਭਰੀਆਂ ਹੋਈਆਂ ਟੰਗਾਂ ਵੇਖੀਆਂ; ਆਪਣੇ ਸਾਰੇ ਸਰੀਰ ‘ਤੇ ਨਜ਼ਰ ਮਾਰੀ। ਉਹ ਹੈਰਾਨ ਹੋਇਆ ਸੋਚ ਰਿਹਾ ਸੀ ਕਿ ਨਿੱਕਾ ਹੁੰਦਾ ਉਹ ਕਿੰਨਾ ਭਰਵਾਂ ਹੁੰਦਾ ਸੀ! ਗੋਭਲ ਜਿਹਾ। ਪਿਆਰਾ-ਪਿਆਰਾ।
ਪਰ ਹੁਣ ਤਾਂ ਉਹ ਧੁੰਆਂਖੀਆਂ ਹੋਈਆਂ ਹੱਡੀਆਂ ਦਾ ਬੱਸ ਇਕ ਪਿੰਜਰ ਹੋ ਕੇ ਰਹਿ ਗਿਆ ਸੀ।
ਉਹਨੂੰ ਪਲ-ਦੀ-ਪਲ ਲੱਗਿਆ ਜਿਵੇਂ ਉਹ ਵੀ ਇਕ ਚਿਮਨੀ ਹੋਵੇ। ਕਿਸੇ ਬੰਦ ਹੋ ਚੁੱਕੇ ਭੱਠੇ ਦੀ ਚਿਮਨੀ, ਜਿਸ ਦਾ ਸਾਰਾ ਧੂੰਆਂ ਨਿਕਲ ਚੁੱਕਿਆ ਹੋਵੇ।
ਉਸ ਨੂੰ ਆਪਣੇ ਆਪ ‘ਤੇ ਥੋੜੀ ਜਿਹੀ ਖਿਝ ਆਈ। ਉਸ ਨੂੰ ਆਪਣੇ ਹਾਲਾਤ ‘ਤੇ ਉਸ ਤੋਂ ਵੀ ਜ਼ਿਆਦਾ ਖਿੱਝ ਆਈ। ਸਭ ਤੋਂ ਜ਼ਿਆਦਾ ਖਿੱਝ ਉਸ ਨੂੰ ਭੱਠੇ ਦੇ ਮੁਨਸ਼ੀ ਤੇ ਆਈ ਜਿਹੜਾ ਹੁਣੇ ਆਇਆ ਕਹਿ ਕੇ ਪਤਾ ਨਹੀਂ ਕਿਥੇ ਚਲਾ ਗਿਆ ਸੀ ਤੇ ਟਾਹਲੀ ਦੇ ਦਰੱਖਤ ਹੇਠ ਪਿਆ ਉਹ ਉਸ ਨੂੰ ਘੰਟੇ ਤੋਂ ਉਡੀਕ ਰਿਹਾ ਸੀ। ਜੇ ਉਹ ਜਾਂਦਾ-ਜਾਂਦਾ ਪਰਚੀ ਕੱਟ ਜਾਂਦਾ ਤਾਂ ਹੁਣ ਨੂੰ ਉਹਨੇ ਅੱਧੀ ਦੇ ਨੇੜੇ-ਤੇੜੇ ਵਾਟ ਮੁਕਾ ਲੈਣੀ ਸੀ।
ਉਹਨੇ ਸੋਚਿਆ।
”ਸਾਲਾ, ਅੱਗ ਦੀ ਨਾਲ ਐ! ਅੱਗ ਦੀ ਨਾਲ!!
ਉਹ ਫੇਰ ਕੁੜ੍ਹਿਆ।
ਫੇਰ ਉਹਨੇ ਆਪਣੇ ਗਧਿਆਂ ਵੱਲ ਨਜ਼ਰ ਮਾਰੀ।
ਇੱਟਾਂ ਦੀਆਂ ਭਰੀਆਂ ਗੂਣਾਂ ਦੇ ਭਾਰ ਨਾਲ ਲਿਫੇ ਹੋਏ ਵੀ ਉਹ ਮੌਜ ਨਾਲ ਘਾਹ ਚਰਦੇ ਫਿਰ ਰਹੇ ਸਨ। ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ। ਉਹ ਘਾਹ ਚਰਨ ਵਿਚ ਐਨੇ ਮਗਨ ਸਨ ਕਿ ਉਨ੍ਹਾਂ ਨੂੰ ਭਾਰ ਜਿਵੇਂ ਮਹਿਸੂਸ ਹੀ ਨਹੀਂ ਸੀ ਹੋ ਰਿਹਾ। ਭਾਰ ਤਾਂ ਜਿਵੇਂ ਬਸ ਚੁੱਕਣਾ ਹੀ ਪੈਂਦਾ ਹੈ। ਕੀ ਥੋੜ੍ਹਾ ਕੀ ਬਹੁਤਾ। ਉਨ੍ਹਾਂ ਨੂੰ ਕੀ? ਮੁਨਸ਼ੀ ਭਾਵੇਂ ਦੋ ਘੰਟੇ ਹੋਰ ਨਾ ਆਵੇ।
”ਹੈ ਤਾਂ, ਗਧੇ ਹੀ ਰਹੇ ਨਾ, ਸਾਲਿਓ!”
ਉਹ ਉਨ੍ਹਾਂ ਨੂੰ ਏਸ ਤਰ੍ਹਾਂ ਬੇਪ੍ਰਵਾਹੀ ਨਾਲ ਚਰਦਿਆਂ ਨੂੰ ਵੇਖ ਕੇ ਹੱਸਣ ਲੱਗਾ।
ਆਦਮੀ ਤੇ ਗਧੇ ਵਿਚ ਏਨਾ ਹੀ ਤਾਂ ਫਰਕ ਹੈ। ਆਦਮੀ ਬੇਇਨਸਾਫੀ ਵਿਰੁੱਧ ਆਵਾਜ਼ ਉਠਾਉਂਦਾ ਹੈ। ਪਰ ਗਧਾ…? ਗਧਾ ਤਾਂ ਬਸ ਗਧਾ ਹੀ ਹੁੰਦਾ ਹੈ।
ਆਦਮੀ ਆਪਣੇ ਅਧੀਨ ਕੰਮ ਕਰਨ ਵਾਲਿਆਂ ਨੂੰ ਵੀ ਗਧੇ ਹੀ ਸਮਝਦਾ ਹੈ। ਕੀ ਹੋਇਆ ਜੇ ਉਹ ਆਵਾਜ਼ ਉਠਾਉਂਦੇ ਹਨ? ਨਾਲੇ ਉਸ ਆਵਾਜ਼ ਦਾ ਵੀ ਕੀ ਫ਼ਾਇਦਾ ਜਿਹੜੀ ਸੁਣ ਕੇ ਵੀ ਅਣਸੁਣੀ ਕਰ ਦਿੱਤੀ ਜਾਂਦੀ ਹੈ। ਉਨ੍ਹਾਂ ਨਾਲੋਂ ਤਾਂ ਗਧੇ ਹੀ ਚੰਗੇ ਹਨ ਜਿਹੜੇ ਸਿਰ ਸੁੱਟ ਕੇ ਦਿਨ ਰਾਤ ਕੰਮ ਕਰਦੇ ਰਹਿੰਦੇ ਹਨ, ਪਰ ‘ਫਲ’ ਬਾਰੇ ਕਦੇ ਵੀ ਨਹੀਂ ਸੋਚਦੇ।
ਗਧੇ ਅਜੇ ਵੀ ਨਿਸ਼ਚਿੰਤ ਹੋਏ ਚਰਦੇ ਫਿਰ ਰਹੇ ਸਨ।
ਉਹ ਉਨ੍ਹਾਂ ਨੂੰ ਵੇਖ ਕੇ ਫੇਰ ਹੱਸਿਆ।
ਐਤਕੀਂ ਉਹਦੇ ਹਾਸੇ ‘ਚ ਉਹ ਖੁੱਲ੍ਹਾਪਣ ਨਹੀਂ ਸੀ ਜੋ ਆਮ ਤੌਰ ‘ਤੇ ਹੋਣਾ ਚਾਹੀਦਾ ਹੈ। ਸਗੋਂ ਇਕ ਚੀਸ ਜਿਹੀ ਉਠੀ ਸੀ ਉਹਦੇ ਕਾਲਜੇ ਵਿਚ। ਉਹਦੇ ਅੰਦਰ ਇਕ ਹੀਣਤਾ ਜਿਹੀ ਜਾਗ ਪਈ। ਉਥੇ ਟਾਹਲੀ ਹੇਠ ਪਿਆ ਉਹ ਜਿਵੇਂ ਸੁੰਗੜ ਕੇ ਗਠੜੀ ਹੋ ਗਿਆ। ਹੋਰ ਨਿੱਕਾ-ਨਿੱਕਾ। ਗਧਿਆਂ ਨਾਲੋਂ ਵੀ ਹੀਣਾ!
‘ਸਾਲਾ, ਅਜੇ ਤੱਕ ਨਹੀਂ ਆਇਆ, ਗਧਾ’,
ਉਹ ਫੇਰ ਕਾਹਲਾ ਪੈ ਗਿਆ।
ਆਦਮੀ ਜੁ ਹੋਇਆ।
ਉਹਨੇ ਤਿੰਨ ਗੇੜੇ ਠੰਡੇ-ਠੰਡੇ ਮਾਰ ਲਏ ਸਨ। ਇਹ ਚੌਥਾ ਗੇੜਾ ਪੂਰਾ ਕਰਕੇ ਉਹਨੇ ਬਸ ਕਰ ਜਾਣੀ ਸੀ ਤੇ ਆਪਣੇ ਨੇਤਾ ਦੀਆਂ ਗੱਲਾਂ ਸੁਣਨੀਆਂ ਸਨ, ਜੋ ਉਨ੍ਹਾਂ ਦੇ ਪਿੰਡ ਸਕੂਲ ਦਾ ਨੀਂਹ ਪੱਥਰ ਰੱਖਣ ਲਈ ਆ ਰਿਹਾ ਸੀ।
ਪਰ ਮੁਨਸ਼ੀ ਹੁਣੇ ਆਇਆ ਕਹਿ ਕੇ ਪਤਾ ਨਹੀਂ ਕਿੱਥੇ ਖਿਸਕ ਗਿਆ ਸੀ!
ਗਧੇ ਅਜੇ ਵੀ ਲਾਪਰਵਾਹ ਹੋਏ ਚਰ ਰਹੇ ਸਨ।
ਅਸਮਾਨ ‘ਤੇ ਨਿੱਕੇ-ਨਿੱਕੇ ਬੱਦਲ ਜੁੜਨੇ ਸ਼ੁਰੂ ਹੋ ਗਏ ਸਨ। ਹਵਾ ਦੇ ਦੋ ਕੁ ਠੰਡਿਆਂ ਬੁੱਲਿਆਂ ਨੇ ਉਹਦੀਆਂ ਅੱਖਾਂ ਠਾਰ ਦਿੱਤੀਆਂ। ਪਲ ਦੀ ਪਲ ਲਈ ਜਿਵੇਂ ਇਕ ਨਜ਼ਾਰਾ ਬੱਝ ਗਿਆ! ਉਹ ਝੂਮ ਉਠਿਆ। ਝੂਮਦਿਆਂ ਹੀ ਉਹਨੇ ਬੋਲੀ ਪਾਈ,
‘ਪੱਲਾ ਮਾਰ ਕੇ ਬੁਝਾ ਗਈ ਦੀਵਾ,
ਅੱਖ ਨਾਲ ਗੱਲ ਕਰ ਗਈ।’
ਉਹ ਇਕ ਵਾਰ ਫੇਰ ਖਿੜ-ਖਿੜਾ ਕੇ ਹੱਸਿਆ।
ਉਸਨੂੰ ਉਹ ਦਾੜ੍ਹੀ ਵਾਲਾ ਬਜ਼ੁਰਗ ਕਵੀ ਯਾਦ ਆਇਆ। ਜੋ ਉਹਦੇ ਕਵੀ ਮਾਸਟਰ ਕੋਲ ਲੋਕ ਗੀਤ ਇਕੱਠੇ ਕਰਦਾ-ਕਰਦਾ ਆ ਨਿਕਲਿਆ ਸੀ। ਗੱਲਾਂ ਕਰਦਿਆਂ-ਕਰਦਿਆਂ ਉਸ ਖੁੱਲ੍ਹੇ ਵਾਲਾਂ ਵਾਲੇ ਕਵੀ ਨੇ ਦੱਸਿਆ ਸੀ ਕਿ ਟੈਗੋਰ ਨੂੰ ਜਦੋਂ ਉਸ ਨੇ ਇਹ ਬੋਲੀ ਸੁਣਾਈ ਸੀ ਤਾਂ ਉਹ ਝੂਮ ਉਠਿਆ ਸੀ।
ਉਸ ਬਜ਼ੁਰਗ ਕਵੀ ਨੂੰ ਉਹਨੇ ਕਿੰਨੀਆਂ ਹੀ ਬੋਲੀਆਂ ਸੁਣਾਈਆਂ ਸਨ। ਮੁੱਕਣ ‘ਚ ਹੀ ਨਹੀਂ ਸਨ ਆਉਂਦੀਆਂ ਬੋਲੀਆਂ। ਉਹ ਖੁਸ਼ ਹੋ ਗਿਆ ਸੀ। ਉਸ ਨੂੰ ਰੱਜਵਾਂ ਪਿਆਰ ਦਿੱਤਾ ਸੀ ਉਸ ਨੇ।
ਫੇਰ ਮਾਸਟਰ ਕਵੀ ਤੇ ਬਜ਼ੁਰਗ ਕਵੀ ਆਪੋ-ਆਪਣੀਆਂ ਕਵਿਤਾਵਾਂ ਸੁਣਾਉਂਦੇ ਰਹੇ ਸਨ।
ਉਹ ਹੈਰਾਨ ਹੋਇਆ ਕੋਲ ਬੈਠਾ ਸੁਣਦਾ ਰਿਹਾ। ਉਹਨੂੰ ਉਦੋਂ ਜ਼ਿੰਦਗੀ ‘ਚ ਪਹਿਲੀ ਵਾਰ ਪਤਾ ਲੱਗਿਆ, ਪਈ ਕਵੀ ਤੇ ਚੋਰ, ਆਦਮੀਆਂ ਵਰਗੇ ਆਦਮੀ ਹੀ ਹੁੰਦੇ ਹਨ। ਆਮ ਆਦਮੀਆਂ ਵਰਗੇ, ਹੱਥਾਂ-ਪੈਰਾਂ ਵਾਲੇ। ਉਹੀ ਆਮ ਆਦਤਾਂ ਜੋ ਆਦਮੀਆਂ ‘ਚ ਹੁੰਦੀਆਂ ਹਨ, ਉਨ੍ਹਾਂ ‘ਚ ਵੀ ਹਨ।
ਇਸੇ ਲਈ ਤਾਂ ਉਹ ਬਜ਼ੁਰਗ ਕਵੀ ਹੱਸਣ ਵਾਲੀ ਗੱਲ ‘ਤੇ ਹੱਸਦਾ ਸੀ। ਉਦਾਸ ਹੋਣ ਵਾਲੀ ਗੱਲ ‘ਤੇ ਉਦਾਸ ਹੋ ਜਾਂਦਾ ਸੀ।
ਓਦਣ ਉਹਨੂੰ ਉਹਦਾ ਮਾਸਟਰ ਵੀ ਪੂਰਾ ਕਵੀ ਲੱਗਿਆ। ਉਸ ਤੋਂ ਪਹਿਲਾਂ ਉਹਨੂੰ ਉਸ ਦੇ ਕਵੀ ਹੋਣ ‘ਤੇ ਯਕੀਨ ਹੀ ਨਹੀਂ ਸੀ ਆਉਂਦਾ। ਪਤਾ ਨਹੀਂ ਕਿਉਂ ਸ਼ੱਕ ਪਈ ਜਾਂਦਾ ਸੀ ਉਸ ਦੇ ਕਵੀ ਹੋਣ ‘ਤੇ ਉਸ ਨੂੰ।
ਇਕ ਦਿਨ ਝਕਦਿਆਂ-ਝਕਦਿਆਂ ਉਹਨੇ ਵੀ ਇਕ ਕਵਿਤਾ ਲਿਖ ਲਈ ਸੀ। ਲਿਖੀ ਨਹੀਂ ਸੀ, ਲਿਖੀ ਗਈ ਸੀ।
ਮਾਸਟਰ ਕਵੀ ਕਿੰਨਾ ਖੁਸ਼ ਹੋਇਆ ਸੀ ਉਸ ‘ਤੇ। ‘ਬਿਲਕੁਲ ਟੈਗੋਰ ਦਾ ਰੰਗ; ਅਛੂਤਾ ਖਿਆਲ। ਬੇਟਾ, ਤੂੰ ਟੈਗੋਰ ਬਣੇਂਗਾ। ਦਿਲ ਨਾ ਛੱਡੀਂ।” ਉਸ ਦਿਨ ਉਸ ਨੂੰ ਯਕੀਨ ਹੋ ਗਿਆ ਸੀ ਕਿ ਉਹ ਟੈਗੋਰ ਬਣ ਸਕਦਾ ਹੈ।
ਉਸ ਨੇ ‘ਗੀਤਾਂਜਲੀ’ ਦਾ ਉਲਥਾ ਲਿਆ ਤੇ ਚਾਰ ਵਾਰ ਪੜ੍ਹਿਆ, ਪਰ ਉਸ ਨੂੰ ਸਮਝ ਨਾ ਆਈ। ਉਸਨੂੰ ਫੇਰ ਆਪਣਾ ਆਪ ਹੀਣਾ-ਹੀਣਾ ਲੱਗਿਆ। ਊਣਾ-ਊਣਾ।
ਪਰ ਕਵੀ ਮਾਸਟਰ ਉਸ ਦਾ ਦਿਲ ਵਧਾਈ ਜਾ ਰਿਹਾ ਸੀ। ”ਤੂੰ ਜਰੂਰ ਇਕ ਦਿਨ ਟੈਗੋਰ ਬਣ ਜਾਏਂਗਾ। ਤੇਰੀ ਕਵਿਤਾ ਵਰਗੀ ਤਾਂ ਉਸ ਬਾਬੇ ਦੀ ਕੋਈ ਵੀ ਕਵਿਤਾ ਨਹੀਂ ਸੀ।”
ਉਸ ਨੇ ਉਸ ਬਜ਼ੁਰਗ ਕਵੀ ਵੱਲ ਇਸ਼ਾਰਾ ਕੀਤਾ ਸੀ। ਹੁਣ ਉਹ ਹਰ ਵਿਸ਼ੇ ‘ਤੇ ਚੰਗੀ ਤੋਂ ਚੰਗੀ ਕਵਿਤਾ ਲਿਖ ਸਕਦਾ ਹੈ।
ਪਰ ਹੁਣ ਉਹ ਕਵੀ ਜੋ ਕਵੀ ਨਾਲੋਂ ਜ਼ਿਆਦਾ ਮਾਸਟਰ ਹੈ। ਇਸ ਨੂੰ ਕਵਿਤਾ ਹੀ ਨਹੀਂ ਮੰਨਦਾ।
ਬਦਰੂ ਘੁਮਿਆਰ ਹੈਰਾਨ ਹੋ ਰਿਹਾ ਸੀ।
ਫਿਰ ਉਸ ਨੂੰ ਉਹ ਨੇਤਾ ਯਾਦ ਆਇਆ ਜਿਹੜਾ ਗੁਆਂਢੀ ਪਿੰਡ ‘ਚ ਇਨਾਮ ਵੰਡਣ ਆਇਆ ਸੀ। ਇਨਾਮ ਲੈ ਕੇ ਉਹਦਾ ਪੱਲਾ ਭਰ ਗਿਆ ਸੀ। ਕੁਝ ਇਨਾਮ ਉਹਨੂੰ ਆਪਣੇ ਇਕ ਮਿੱਤਰ ਨੂੰ ਫੜਾਉਣੇ ਪਏ ਸਨ। ਉਹ ਸਕੂਲ ‘ਚੋਂ ਫਸਟ ਆਇਆ ਸੀ। ਦੌੜਾਂ ‘ਚੋਂ ਫਸਟ ਆਇਆ ਸੀ। ਕਵਿਤਾ ਦੇ ਮੁਕਾਬਲੇ ‘ਚੋਂ ਫਸਟ ਆਇਆ ਸੀ।
ਉਸ ਦਿਨ ਉਹਨੂੰ ਝੱਲ ਚੜ੍ਹਿਆ ਹੋਇਆ ਸੀ। ਉਸ ਦਿਨ ਕਵੀ ਮਾਸਟਰ ਬੇਅੰਤ ਖੁਸ਼ ਸੀ। ਤਕਰੀਰ ਕਰਦਿਆਂ ਨੇਤਾ ਨੇ ਕਿਹਾ ਸੀ।
”ਤੁਹਾਡੇ ਵਿਚੋਂ ਹੀ ਮਹਾਨ ਨੇਤਾ ਬਣਨਗੇ। ਤੁਹਾਡੇ ਵਿਚ ਹੀ ਕਈ ਮਹਾਤਮਾ ਗਾਂਧੀ, ਮਹਾਂਕਵੀ ਟੈਗੋਰ ਬਣਨਗੇ। ਮਹਾਂ ਕਵੀ ਟੈਗੋਰ ਜਿਸ ਨੂੰ ਉਹਦੀ ਮਾਂ ਨੇ ਟੈਗੋਰ ਬਣਾਇਆ।”
ਉਹ ਭੱਜਿਆ-ਭੱਜਿਆ ਆਪਣੀ ਮਾਂ ਕੋਲ ਗਿਆ। ਆਪਣੇ ਸਾਰੇ ਇਨਾਮ ਉਹਨੇ ਉਸ ਦੀ ਝੋਲੀ ਵਿਚ ਪਾ ਦਿੱਤੇ।
ਫੇਰ ਉਹਦੀਆਂ ਬਾਹਵਾਂ ਆਪਣੀ ਮਾਂ ਦੇ ਗਲ ਦੁਆਲੇ ਆਪੇ ਵਲੀਆਂ ਗਈਆਂ। ਉਹਨੇ ਲਾਡ ਨਾਲ ਕਿਹਾ, ”ਮਾਂ ਨੀ ਮਾਂ, ਮੈਨੂੰ ਟੈਗੋਰ ਬਣਾ ਦੇ।”
”ਕੀ?” ਉਹਦੀ ਮਾਂ ਨੂੰ ਜਿਵੇਂ ਹੁਣ ਸਮਝ ਆ ਗਈ ਸੀ, ਬੋਲੀ, ”ਮੋਰ ਤਾਂ ਤੇਰੇ ਦੁਸ਼ਮਣ ਵੀ ਨਾ ਬਣਨ ਪੁੱਤ।”
ਉਸਨੂੰ ਆਪਣੀ ਮਾਂ ‘ਤੇ ਗੁੱਸਾ ਆਇਆ।
ਉਸਨੂੰ ਉਸ ਖੂੰਡੇ ਵਾਲੇ ਮਾਸਟਰ ‘ਤੇ ਵੀ ਗੁੱਸਾ ਆ ਗਿਆ ਜਿਹੜਾ ਉਨ੍ਹਾਂ ਨੂੰ ਮੋਰ ਬਣਾ ਦਿੰਦਾ ਸੀ।
ਗਿੱਚੀ ਪਿਛੋਂ ਉਹ ਉਨ੍ਹਾਂ ਦੇ ਹੱਥ ਪੈਰ ਬੰਨ੍ਹਵਾ ਦਿੰਦਾ ਤੇ ਹਵਾ ‘ਚ ਖੂੰਡਾ ਘੁੁੰਮਾ ਕੇ ਕਹਿੰਦਾ, ”ਥੋਡੀ ਮਾਂ ਦੇ ਕੜਛੇ ‘ਚ ਫੜਛਾ ਮਾਰਿਆ। ਡੰਡਾ ਪੀਰ ਏ ਵਿਗੜਿਆਂ ਤਿਗੜਿਆਂ ਦਾ, ਪੁੱਤਰੋ!”
ਏਦਾਂ ਉਹ ਮੋਰ ਬਣੇ ਘੰਟਾ-ਘੰਟਾ ਧੁੱਪੇ ਪਏ ਸੜਦੇ ਰਹਿੰਦੇ।
ਫੇਰ ਉਹਨੂੰ ਉਹ ਦਿਨ ਯਾਦ ਆਇਆ, ਜਦੋਂ ਉਹਦੇ ਪਿਉ ਦਾ ਅਚਾਨਕ ਇਕ ਪਾਸਾ ਮਾਰਿਆ ਗਿਆ ਸੀ ਤੇ ਉਹਨੂੰ ਅੱਠਵੀਂ ‘ਚੋਂ ਹਟ ਕੇ ਆਪਣੇ ਪਿਓ ਦਾ ਕਿੱਤਾ ਕਰਨਾ ਪੈ ਗਿਆ ਸੀ।
ਕਵੀ ਮਾਸਟਰ ਨੇ ਉਹਦੇ ਪਿਓ ਦੀਆਂ ਮਿੰਨਤਾਂ ਕੀਤੀਆਂ ਸਨ ਕਿ ਉਹ ਉਹਨੂੰ ਘੱਟੋ-ਘੱਟ ਦਸਵੀਂ ਕਰਵਾ ਦੇਵੇ। ਪਰ ਉਹਦੇ ਪਿਓ ਦੇ ਇਕੋ ਜਵਾਬ ਨੇ ਉਸ ਨੂੰ ਲਾਜਵਾਬ ਕਰ ਦਿੱਤਾ ਸੀ। ਉਹਦੇ ਪਿਓ ਨੇ ਕਿਹਾ ਸੀ, ”ਮਾਸਟਰ ਜੀ, ਜਿਥੇ ਰੋਟੀ ਦਾ ਵੀ ਫਿਕਰ ਹੋਵੇ ਉਥੇ ਪੜ੍ਹਾਈ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਪਹਿਲਾਂ ਢਿੱਡ ਹੈ, ਪੜ੍ਹਾਈ ਪਿਛੋਂ।”
ਮਾਸਟਰ ਨਿਮੋਝੂਣਾ ਜਿਹਾ ਹੋ ਕੇ ਉਹਦੇ ਘਰੋਂ ਤੁਰ ਆਇਆ ਸੀ।
ਉਸ ਦਿਨ ਬਦਰੂ ਘੁਮਿਆਰ ਦੇ ਅੰਦਰੋਂ ਅੱਧਾ ਟੈਗੋਰ ਮਰ ਗਿਆ ਸੀ।
ਤੇ ਅੱਜ ਇਕ ਨੇਤਾ ਉਹਦੇ ਪਿੰਡ ਨਵੇਂ ਬਣੇ ਸਕੂਲ ਦਾ ਨੀਂਹ ਪੱਥਰ ਰੱਖਣ ਲਈ ਆ ਰਿਹਾ ਸੀ।
ਉਹ ਉਠ ਕੇ ਬੈਠ ਗਿਆ। ਉਹਦੇ ਗਧੇ ਅਜੇ ਵੀ ਆਰਾਮ ਨਾਲ ਚਰ ਰਹੇ ਸਨ। ਚਿਮਨੀਆਂ ‘ਚੋਂ ਧੂੰਆਂ ਅਜੇ ਵੀ ਨਿਕਲ ਰਿਹਾ ਸੀ। ਦੂਰੋਂ ਸਾਇਕਲ ‘ਤੇ ਮੁਨਸ਼ੀ ਆਉਂਦਾ ਦਿਸਿਆ। ਉਹਦਾ ਜੀਅ ਕੀਤਾ ਕਿ ਉਹਨੂੰ ਆਉਂਦੇ ਨੂੰ ਹੀ ਢਾਹ ਲਵੇ।
ਪਰ ਹੀਣਤਾ ਦੇ ਅਹਿਸਾਸ ਨੇ ਉਸ ਨੂੰ ਅਜਿਹਾ ਕਰਨੋਂ ਰੋਕ ਦਿੱਤਾ ਜਾਂ ਸ਼ਾਇਦ ਉਹਦੇ ਅੰਦਰਲੇ ਇਨਸਾਨ ਨੇ ਰੋਕਿਆ ਹੋਵੇ ਏਦਾਂ ਕਰਨੋਂ। ਉਹਨੇ ਉਠ ਕੇ ਗਰਦ ਝਾੜੀ। ਮੁੂੰਹ-ਹੱਥ ਧੋਤਾ ਤੇ ਚੁੱਪ-ਚੁਪੀਤਾ ਪਰਚੀ ਕਟਵਾ ਕੇ ਤਿਆਰ ਹੋ ਗਿਆ। ਸਿਰ ਤੇ ਸੂਰਜ ਅੱਗ ਵਰਸਾ ਰਿਹਾ ਸੀ। ਉਹਨੂੰ ਆਪਣੇ ਨੰਗੇ ਪੈਰਾਂ ‘ਤੇ ਤਰਸ ਆ ਗਿਆ। ਉਹ ਤੁਰ-ਤੁਰ ਕੇ ਚਾਪੜਾਂ ਵਾਂਗ ਫੈਲ ਗਏ ਸਨ। ਟੰਗਾਂ ਦੀਆਂ ਫੁਲੀਆਂ ਹੋਈਆਂ ਨਸਾਂ ਬਿਜਲੀ ਦੀਆਂ ਤਾਰਾਂ ਵਾਂਗ ਵਿਛੀਆਂ ਪਈਆਂ ਸਨ। ਜਿਵੇਂ ਉਹ ਸਦੀਆਂ ਤੋਂ ਤੁਰਦਾ ਆ ਰਿਹਾ ਸੀ।
”ਚਲੋ ਸ਼ੇਰੋ ਚਲੇ”, ”ਨੀਲਿਆ ਸਾਲਿਆ, ਹੁਣ ਨਾ ਰਸਤੇ ‘ਚ ਡਿੱਗੀਂ। ਕਿਤੇ ਮੇਰੀ ਹੇਠੀ ਕਰਵਾ ਦੇਵੇਂਗਾ। ਘਰ ਚੱਲ ਕੇ ਰੱਜਮਾਂ ਖੋਰ ਚਾਰੂੰ ਤੈਨੂੰ।”
ਨੀਲਾ ਗਧਾ ਜਿਹੜਾ ਦੂਜਿਆਂ ਗਧਿਆਂ ਤੋਂ ਕਮਜ਼ੋਰ ਸੀ ਤੇ ਰਸਤੇ ਵਿਚ ਇਕ ਦੋ ਵਾਰ ਇੱਟਾਂ ਦੀ ਭਰੀ ਗੁਣ ਸੁੱਟ ਦਿੰਦਾ ਸੀ, ਪਰਾਣੀ ਖਾ ਕੇ ਟੀਟਣੇ ਮਾਰਦਾ ਸਭ ਤੋਂ ਮੂਹਰੇ ਨਿਕਲ ਗਿਆ।
ਉਹਨੇ ਪੱਗ ਦੇ ਲੜੋਂ ਗੁੜ ਦੀ ਰੋੜੀ ਖੋਲ੍ਹੀ ਤੇ ਥੋੜੀ ਜਿਹੀ ਖਾ ਕੇ ਫੇਰ ਬੰਨ੍ਹ ਲਈ।
”ਪਿੰਡ ਜਾ ਕੇ ਖਾਊਂਗਾ ਇਹਨੂੰ, ਨਾਲੇ ਰੱਜ ਕੇ ਪਾਣੀ ਪੀਊਂ। ਫੇਰ ਖੂਹ ਦੀ ਮੌਣ ‘ਤੇ ਬਹਿ ਕੇ ਨੇਤਾ ਦੀਆਂ ਗੱਲਾਂ ਸੁਣੁੰ।” ਉਹਨੇ ਸੋਚਿਆ।
”ਮਾਂ ਇਹ ਤੇਰੇ ਸ਼ਾਹੀ ਬਸਤਰ ਤੇ ਹੀਰੇ ਜਵਾਹਰਾਂ ਦੀ ਮਾਲਾ ਪਾ ਕੇ ਮੈਂ ਕੀ ਕਰਾਂ। ਤੂੰ ਮੈਨੂੰ ਇਨ੍ਹਾਂ ਨਿਰਮੂਲ ਬੰਨ੍ਹਣਾਂ ਵਿਚ ਨਾ ਬੰਨ੍ਹ। ਮੈਂ ਤਾਂ ਸੰਸਾਰ ਦੇ ਮੇਲੇ ਦੀ ਜੀਵਨਦਾਇਕ ਧੂੜ ਵਿਚ ਖੇਡਣਾ ਚਾਹੁੰਦਾ ਹਾਂ।”
ਉਹਨੂੰ ਕਵੀ ਮਾਸਟਰ ਦੀਆਂ ਸਕੂਲ ਦੀ ਕੰਧ ਉਪਰ ਲਿਖੀਆਂ ਟੈਗੋਰ ਦੀਆਂ ਉਹ ਸਤਰਾਂ ਯਾਦ ਆ ਗਈਆਂ।
”ਮੈਂ ਤਾਂ ਜੰਮਿਆ, ਖੇਡਿਆ ਅਤੇ ਪਲਿਆ ਵੀ ਧੂੜ ਵਿਚ ਹੀ ਹਾਂ, ਟੈਗੋਰ ਨਹੀਂ ਬਣ ਸਕਿਆ!” ਉਹਨੇ ਕਹਿਕਹਾ ਮਾਰਿਆ ਤੇ ਉਚੀ-ਉਚੀ ਹੱਸਣ ਲੱਗਾ।
ਗਰਮ-ਗਰਮ ਰੇਤ ਉਹਦੇ ਪੈਰ ਝੁਲਸਣ ਲੱਗੀ। ਵੱਟ ਹੋ ਗਿਆ। ਜਿਵੇਂ ਕੋਈ ਦਿਓ ਸਾਰੀ ਦੀ ਸਾਰੀ ਹਵਾ ਪੀ ਗਿਆ ਹੋਵੇ।
ਉਹਨੂੰ ਆਪਣੀ ਮਾਂ ਯਾਦ ਆਈ ਜੋ ਵੱਟ ਹੋਣ ‘ਤੇ ਕੱਚੇ ਕੋਠੇ ਉਪਰ ਪਈ ਸੱਤਾਂ ਪੁਰਾਂ ਦੇ ਨਾਂ ਲਿਆ ਕਰਦੀ ਸੀ….
‘ਮਹਿਰਮਪੁਰ, ਉਦਮਪੁਰ..ਜੈਨਪੁਰ।” ਪਰ ਵਾ ਕਦੇ ਵੀ ਨਹੀਂ ਸੀ ਚੱਲੀ ਏਦਾਂ ਕਰਨ ਨਾਲ।
”ਚੱਲ ਪੈ ਵੈਰਨੇ, ਚੱਲ ਪੈ।” ਉਹਨੇ ਹਵਾ ਨੂੰ ਲਲਕਾਰਿਆ। ਸੂਰਜ ਦਾ ਲਾਲ ਗੋਲਾ ਦਗ ਰਿਹਾ ਸੀ।
”ਓਏ ਸੂਰਜਾ ਕੰਜਰਾ ਤੂੰ ਵੀ ਅੱਜ ਈ ਚਮਕਣਾ ਸੀ? ਪੈਰ ਜੁ ਮੇਰੇ ਨੰਗੇ ਨੇ ਅੱਜ। ਨਾਲੇ ਆਪ ਸੜਦੈਂ, ਨਾਲੇ ਦੂਜਿਆਂ ਨੂੰ ਫੂਕਦੈਂ।” ਉਹਨੇ ਜਿਵੇਂ ਸੂਰਜ ਨੂੰ ਉਲਾਹਮਾ ਦਿੱਤਾ।
”ਓਏ ਬੱਦਲੋ, ਧੀ ਦਿਓ ਯਾਰੋ, ਕਿਧਰ ਮਰ ਗਏ ਤੁਸੀਂ।” ਉਹਨੇ ਕਚੀਚੀ ਵੱਟੀ।
ਦੂਰੋਂ ਇਕ ਬਦਲੇਟੀ ਜਿਹੀ ਆਉਂਦੀ ਉਹਨੂੰ ਦਿਸੀ, ਉਹ ਖੁਸ਼ ਹੋ ਗਿਆ, ਪਰ ਫੇਰ ਉਹ ਪਤਾ ਨਹੀਂ ਕਿਧਰ ਅਲੋਪ ਹੋ ਗਈ। ਜਿਵੇਂ ਕਈ ਗਰੀਬ ਥੁੜਾਂ ਦੇ ਮਾਰੇ ਖਤਮ ਹੋ ਜਾਂਦੇ ਹਨ, ਪਰ ਦੁਨੀਆਂ ਵਸਦੀ-ਰਸਦੀ ਨੂੰ ਕੋਈ ਪਤਾ ਨਹੀਂ ਲੱਗਦਾ। ਇਵੇਂ ਸੂਰਜ ਬਦਲੋਟੀ ਦੀ ਮੌਤ ਤੇ ਅਵੇਸਲਾ ਦਗਦਾ ਰਿਹਾ। ਗਧਿਆਂ ਦੀ ਚਾਲ ਮੱਧਮ ਹੋ ਗਈ।
”ਤੁਸੀਂ ਸਾਰੇ ਦੁਸ਼ਮਣ ਹੋ ਗਏ, ਓਏ, ਮੇਰੀ ਜਾਨ ਦੇ।” ਗੁੱਸੇ ਵਿਚ ਆ ਕੇ ਉਹਨੇ ਗਧਿਆਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਹ ਹੀਂਗਦੇ, ਟੀਣਣੇ ਮਾਰਦੇ ਦੌੜਨ ਲੱਗੇ। ਉਹਦਾ ਜੀਅ ਕੀਤਾ ਕਿ ਥਬੂਕੀ ਮਾਰ ਕੇ ਇਕ ਗਧੇ ਦੇ ਉਪਰ ਬੈਠ ਜਾਏ। ਏਸ ਡਰੋਂ ਕਿ ਭਾਰ ਨਾਲ ਗਧਾ ਬੈਠ ਹੀ ਨਾ ਜਾਵੇ। ਉਹ ਤੁਰਦਾ ਰਿਹਾ।
ਸਾਹਮਣੇ ਬਰੋਟੇ ਵਾਲਾ ਖੂਹ ਆ ਗਿਆ। ਉਹ ਖੁਸ਼ ਹੋ ਗਿਆ। ਉਸ ਨੇ ਰੱਜ ਕੇ ਪਾਣੀ ਪੀਤਾ। ਪੱਗੜੀ ਲੜ ਬੰਨ੍ਹੇ ਗੁੜ ਨੂੰ ਹਸਰਤ ਭਰੀਆਂ ਨਜ਼ਰਾਂ ਨਾਲ ਦੇਖਿਆ। ”ਇਹਨੂੰ ਹੁਣ ਪਿੰਡ ਜਾ ਕੇ ਹੀ ਖਾਊਂ। ਨਾਲੇ ਨੇਤਾ ਦੀਆਂ ਗੱਲਾਂ ਸੁਣੂੰ।”
ਉਹਨੇ ਬਰੋਟੇ ਹੇਠ ਖੜ੍ਹੇ ਨੇ ਸੋਚਿਆ।
”ਕਿਤੇ ਨੇਤਾ ਆ ਕੇ ਚਲਿਆ ਹੀ ਨਾ ਜਾਵੇ।” ਇਹ ਸੋਚਦਾ-ਸੋਚਦਾ ਉਹ ਫਿਰ ਤੁਰ ਪਿਆ।
ਪਾਣੀ ਨਾਲ ਗਿੱਲੇ ਕੀਤੇ ਉਹਦੇ ਪੈਰ ਮਿੰਟਾਂ ਵਿਚ ਸੁੱਕ ਗਏ। ਗਰਮ-ਗਰਮ ਰੇਤ ਉਹਦੀਆਂ ਤਲੀਆਂ ਝੁਲਸਣ ਲੱਗੀ। ਫੇਰ ਉਹਨੇ ਇਕਦਮ ਛਾਲ ਮਾਰੀ। ਉਹਨੂੰ ਇਕ ਫੁਰਨਾ ਫੁਰਿਆ ਸੀ। ਭੱਜ ਕੇ ਉਹ ਇਕ ਢੱਕ ਕੋਲ ਗਿਆ। ਉਹਦੇ ਪੱਤੇ ਤੋੜੇ, ਪੱਗ ਨਾਲੋਂ ਲੀਰ ਪਾੜ ਕੇ, ਢੱਕ ਦੇ ਪੱਤੇ ਉਸ ਪੈਰਾਂ ਹੇਠ ਬੰਨ੍ਹ ਲਏ।
ਹੁਣ ਰੇਤ ਉਸ ਨੂੰ ਘੱਟ ਗਰਮ ਲੱਗੀ। ਉਹ ਖੁਸ਼ ਹੋ ਗਿਆ। ਖੱਬੇ ਹੱਥ ਦਾ ਪਿਛਲਾ ਪਾਸਾ ਬੁੱਲ੍ਹਾਂ ਉਤੇ ਧਰਕੇ ਉਹਨੇ ਬੱਕਰਾ ਬੁਲਾਇਆ।
ਸਾਰੀ ਢੱਕੀ ਗੂੰਜ ਪਈ। ਅਜੇ ਵੀ ਜਿਵੇਂ ਉਹਦੀ ਤਸੱਲੀ ਨਾ ਹੋਈ ਤੇ ਉਹਨੇ ਬੋਲੀ ਪਾਈ :
”ਹਾਕਾਂ ਮਾਰਦੇ ਬੱਕਰੀਆਂ ਵਾਲੇ
ਦੁੱਧ ਪੀ ਕੇ ਜਾਈਂ ਜੈ ਕੁਰੇ।”
ਸਾਹਮਣੇ ਪਿੰਡ ਦਿਸ ਰਿਹਾ ਸੀ।
ਉਹ ਚਾਈਂ-ਚਾਈਂ ਪਿੰਡ ਦੀ ਨਿਆਈਂ ‘ਚ ਵੜਿਆ। ਸਕੂਲ ਦੇ ਸਾਹਮਣੇ ਅੰਬਾਂ ਤੇ ਕੇਲਿਆਂ ਦੇ ਪੱਤਿਆਂ ਦਾ ਸਵਾਗਤੀ ਦਰਵਾਜ਼ਾ ਖੜ੍ਹਾ ਸੀ। ਆਲੇ-ਦੁਆਲੇ ਰੰਗ-ਬਰੰਗੀਆਂ ਝੰਡੀਆਂ ਝੁਲ ਰਹੀਆਂ ਸਨ। ਸਾਰੇ ਪਾਸੇ ਗਹਿਮਾ-ਗਹਿਮੀ ਸੀ। ਸਕੂਲ ਦੇ ਮਾਸਟਰ ਭੱਜੇ-ਨੱਠੇ ਕੰਮ ਕਰ ਰਹੇ ਸਨ।
ਉਹ ਮਸਤ ਹੋਇਆ ਖੜ੍ਹਾ ਦੇਖਦਾ ਰਿਹਾ।
ਆਪਣਾ ਬਚਪਨ ਉਸਨੂੰ ਫੇਰ ਯਾਦ ਆਇਆ
ਉਹ ਕਵੀ ਮਾਸਟਰ ਯਾਦ ਆਇਆ ਜੋ ਜੱਫੀਆਂ ਪਾ-ਪਾ, ਦੁਲਾਰ-ਦੁਲਾਰ ਉਹਨੂੰ ਕਹਿੰਦਾ ਸੀ ਕਿ ਉਹ ਇਕ ਦਿਨ ਜ਼ਰੂਰ ਟੈਗੋਰ ਬਣੇਗਾ।
ਉਹਨੂੰ ਉਹ ਬਜ਼ੁਰਗ ਕਵੀ ਯਾਦ ਆਇਆ ਜਿਹੜਾ ਪਿੰਡਾਂ ‘ਚ ਲੋਕ ਗੀਤ ਇਕੱਠੇ ਕਰਦਾ ਫਿਰਦਾ ਸੀ। ਜਿਸ ਨੂੰ ਉਹਨੇ ਸੈਂਕੜੇ ਲੋਕ ਗੀਤ ਜ਼ੁਬਾਨੀ ਸੁਣਾਏ ਸਨ। ਜੋ ਮੁੜ ਆਉਣ ਦਾ ਵਾਅਦਾ ਕਰਕੇ ਕਦੇ ਨਾ ਮੁੜਿਆ।
ਕਾਸ਼! ਉਹ ਕਦੇ ਉਸ ਨੂੰ ਮਿਲੇ। ਉਹ ਉਸ ਨੂੰ ਆਪਣੇ ਸੱਜਰੇ ਲਿਖੇ ਗੀਤ ਜ਼ਰੂਰ ਸੁਣਾਵੇਗਾ।
ਹੁਣ ਉਹ ਹਰ ਵਿਸ਼ੇ ‘ਤੇ ਚੰਗੀ ਤੋਂ ਚੰਗੀ ਕਵਿਤਾ ਕਹਿ ਸਕਦਾ ਹੈ।
ਪਰ ਕਵੀ ਮਾਸਟਰ ਸ਼ਾਇਦ ਉਹਨੂੰ ਸਦਾ ਧੂੜ ਵਿਚ ਰਹਿਣ ਵਾਲਾ ਇਕ ਘਟੀਆ ਘੁਮਿਆਰ ਸਮਝਦਾ ਹੈ। ਇਸੇ ਲਈ ਦੂਰ ਬੈਠਾ ਵੀ ਉਹ ਉਹਦੀਆਂ ਕਵਿਤਾਵਾਂ ਨੂੰ ਕਵਿਤਾਵਾਂ ਨਹੀਂ ਮੰਨਦਾ। ਕਿਉਂਕਿ ਉਹ ਸਦਾ ਧੂੜ ਵਿਚ ਲਿਬੜਿਆ ਰਹਿੰਦਾ ਹੈ। ਉਹ ਧੂੜ, ਜਿਸ ਵਿਚ ਖੇਡਣ ਲਈ ਟੈਗੋਰ ਤਰਲੋ ਮੱਛੀ ਹੁੰਦਾ ਰਿਹਾ, ਤਰਸਦਾ ਰਿਹਾ, ਉਸ ਧੂੜ ਵਿਚ ਉਹ ਜੀਅ ਰਿਹਾ ਸੀ। ਪਲ ਰਿਹਾ ਸੀ। ਉਥੇ ਖੜ੍ਹਾ-ਖੜ੍ਹਾ ਪਤਾ ਨਹੀਂ ਉਹ ਕਿਥੇ ਗੁਆਚ ਗਿਆ।
ਉਹਦੇ ਬੁੱਲ, ਉਹਦੀਆਂ ਅੱਖਾਂ, ਉਹਦੇ ਹੱਥ-ਪੈਰ…ਉਹ ਆਪ ਇਕ ਗੀਤ ‘ਚ ਢਲ ਗਿਆ।
ਉਥੇ ਇਕ ਗੀਤ ਲਰਜ਼ ਰਿਹਾ ਸੀ ਜਿਸ ਨੂੰ ਕਦੇ ਵੀ ਕਿਸੇ ਆਪਣੀਆਂ ਬੁੱਲ੍ਹੀਆਂ ਨਾਲ ਨਾ ਛੂਹਾਇਆ।
ਫੇਰ ਉਹ ਜਿਵੇਂ ਕੰਬ ਉਠਿਆ।
ਇਕ ਗੀਤ ਬਿਖਰ ਗਿਆ।
”ਇਕ ਹੂਰਾ, ਦੋ ਹੂਰੇ! ਇਕ ਘਸੁੰਨ…. ਇਕ ਹੋਰ ਘਸੁੰਨ।”
”ਖੜ੍ਹ ਤੇਰੇ ਕੁੱਤੇ ਘੁਮਾਰ ਦੀ ਭੈਣ… ਸਾਲਿਆ, ਤੂੰ ਇਥੇ ਰੰਗ ਤਮਾਸ਼ੇ ਦੇਖਦੈਂ। ਤੇਰੇ ਗਧਿਆਂ ਨੇ ਮੇਰੇ ਖੇਤ ਦਾ ਸਤਿਆਨਾਸ ਕਰ ‘ਤਾ। ਕੁੱਤੀ ਜ਼ਾਤ…।”
ਇਕ ਵੈਲੀ ਜੱਟ ਅੱਖਾਂ ਲਾਲ ਕਰੀ ਉਸਨੂੰ ਗਾਲਾਂ ਕੱਢ ਰਿਹਾ ਸੀ। ਉਹ ਉਥੇ ਭਮੱਤ੍ਰਿਆ ਖੜ੍ਹਾ ਰਿਹਾ।
ਵੈਲੀ ਜੱਟ ਨੇ ਕੋਲ ਖੜ੍ਹੇ ਗੱਡੇ ‘ਚੋਂ ਜਾਤੂ ਕੱਢ ਲਿਆ ਤੇ ਉਹਦੀ ਵੱਲ ਵਧਿਆ।
ਉਹ ਦਹਿਸ਼ਤ ਦਾ ਮਾਰਿਆ, ਗਧਿਆਂ ਉਤੇ ਡੰਡੇ ਵਰਸਾਉਂਦਾ ਗਰਦ ਵਿਚ ਇਕ ਨੁਕਤੇ ਵਾਂਗ ਸਿਮਟ ਗਿਆ….
ਪੱਗੜੀ ਲੜ ਬੰਨ੍ਹੀ ਗੁੜ ਦੀ ਰੋੜੀ ਬੁੜ੍ਹਕ-ਬੁੜ੍ਹਕ ਉਹਦੇ ਮੌਰ ਭੰਨ ਰਹੀ ਸੀ।
कविता
- हबीब जालिब
‘‘ख़तरे में इस्लाम नहीं’’
ख़तरा है जरदारों को
गिरती हुई दीवारों को
सदियों के बीमारों को
ख़तरे में इस्लाम नहीं
सारी ज़मीं को घेरे हुए हैं आखऱि चंद घराने क्यों
नाम नबी का लेने वाले उल्फ़त से बेगाने क्यों
ख़तरा है खूंखारों को
रंग बिरंगी कारों को
अमरीका के प्यारों को
ख़तरे में इस्लाम नहीं
आज हमारे नारों से लजऱ्ी है बया ऐवानों में
बिक न सकेंगे हसरतो-अरमाँ ऊंची सजी दुकानों में
ख़तरा है बटमारों को
मग़रिब के बाज़ारों को
चोरों को मक्कारों को
ख़तरे में इस्लाम नहीं
अमन का परचम लेकर उ_ो, हर इंसां से प्यार करो
अपना तो मंशूर है ‘जालिब’, सारे जहाँ से प्यार करो
ख़तरा है दरबारों को
शाहों के ग़मख़ारों को
नव्वाबों-ग़द्दारों को
ख़तरे में इस्लाम नहीं।
ਗ਼ਜ਼ਲ
- ਅਲਤਾਫ਼ ਜਾਮਨ ਚੀਮਾ
ਅਜ਼ਲਾਂ ਤੋਂ ਇਹ ਦੁੱਖ ਕਹਾਣੀ ਕੰਮੀ ਦੀ।
ਪਹਿਲੇ ਦਿਨ ਤੋਂ ਭੁੱਖ ਏ ਹਾਣੀ ਕੰਮੀ ਦੀ।
ਆਖ ਰਿਹਾ ਸੀ ਮਰਦਾ ਕਾਮਾ ਪੁੱਤਰ ਨੂੰ,
ਅਸਲ ਵਿਰਾਸਤ ਧੌਣ ਨਿਵਾਣੀ ਕੰਮੀ ਦੀ।
ਵਿਚ ਹਵੇਲੀ ਓਦੋਂ ਤੋੜੀ ਖਤਰਾ ਨਈਂ,
ਜਦੋਂ ਤੀਕਰ ਧੀ ਅੰਝਾਣੀ ਕੰਮੀ ਦੀ।
ਸਾਰੀ ਉਮਰਾਂ ਵਰਤੋਂ ਵਿਚ ਈ ਆਈ ਨੀ,
ਦਾਜੇ ਆਈ ਲਾਲ ਮਧਾਣੀ ਕੰਮੀ ਦੀ।
ਚੰਗੀ ਲੱਗਦੀ ਪੱਗਾਂ ਦੀ ਗੱਲ ਪੱਗਾਂ ਨੂੰ,
ਕੋਈ ਨੀ ਸੁਣਦਾ ਗੱਲ ਸਿਆਣੀ ਕੰਮੀ ਦੀ।
ਖੇਚਲ ਕਰਕੇ ਮਯੀਅਤ ਤੀਕ ਵੀ ਆਇਆ ਨਈਂ,
ਜਿਸ ਵਡੇਰੇ ਲਈ ਜਵਾਨੀ ਕੰਮੀ ਦੀ।
ਫੇਰ ਮਲੰਗੀ, ਜ਼ਬਰੂ ‘ਜਾਮਨ’ ਬਣ ਜਾਣੇ,
ਜੇ ਨਾ ਵੇਲੇ ‘ਵਾਜ ਪਛਾਣੀ ਕੰਮੀ ਦੀ।
ਟੱਪੇ
- ਤਾਹਿਰਾ ਸਰਾ
ਨੀ ਮੈਂ ਪੱਗ ਥੱਲੇ ਆ ਕੇ ਮਰ ਗਈ,
ਕਿਸੇ ਨੇ ਮੇਰੀ ਕੂਕ ਨਾ ਸੁਣੀ।
ਬੁਲ੍ਹਾ, ਵਾਰਿਸ, ਫ਼ਰੀਦ ਪੜ੍ਹਾਓ,
ਧਮਾਕਿਆਂ ਤੋਂ ਜਾਨ ਛੁੱਟ ਜਾਏ।
ਜਦੋਂ ਕੀੜੀਆਂ ਦੇ ਆਟੇ ਡੁੱਲ੍ਹ ਗਏ,
ਡਿੱਗਿਆਂ ਨੂੰ ਉੱਠਣਾ ਪਿਆ।
ਮਾਏ ਚੁੰਨੀ ਦੀਆਂ ਵੱਟੀਆਂ ਵਟਾਅ ਦੇ,
ਇਹ ਦੀਵਾ ਸਾਰੀ ਰਾਤ ਜਗਣਾ।
ਜੰਝ ਵਿਹੜੇ ਵਿੱਚ ਆਣ ਖਲੋਤੀ,
ਪਟੋਲਿਆਂ ‘ਚ ਲੁਕਦੀ ਫਿਰਾਂ।
ਅੱਖ ਬਾਲ਼ ਕੇ ਚਾਨਣ ਕੀਤਾ,
ਮੱਥਿਆਂ ਦੇ ਲੇਖ ਦਿਸ ਪਏ।
ਸਾਡਾ ਜੰਮਣਾ ਮਰਨ ਤੋਂ ਔਖਾ,
ਕੁੱਖ ਵਿੱਚ ਚਾਅ ਮੁੱਕ ਗਏ।
ਸਿਰ ਚੁੱਕ ਕੇ ਧਮਾਲਾਂ ਪਾਈਏ,
ਝੁਕਿਆਂ ਨੂੰ ਕੌਣ ਪੁੱਛਦਾ।
ਧੀ ਲੇਖਾਂ ਦੇ ਹਵਾਲੇ ਕਰਕੇ,
ਵੇ ਪੁੱਤਰਾਂ ‘ਤੇ ਮਾਣ ਬਾਬਲਾ?
ਅਜੇ ਅੱਖ ਨਹੀਂ ਸੀ ਦੁਨੀਆ ‘ਤੇ ਖੋਲ੍ਹੀ,
ਮਾਪਿਆਂ ਦੇ ਸਿਰ ਝੁਕ ਗਏ!
ਆ ਚੁੱਕ ਕੇ ਸ਼ਤੀਰ ਵਖਾਈਏ,
ਨੀ ਜਾਤ ਦੀਏ ਕੋੜ੍ਹ ਕਿਰਲੀਏ।
ਕਵਿਤਾ
- ਸਾਫ਼ੀਆ ਹਯਾਤ
ਲਿੱਪੀਅੰਤਰ : ਜਸਪਾਲ ਘਈ
ਨਿੱਕੇ ਭਤੀਜੇ ਨੂੰ
ਦਿੱਤੇ ਮੇਰੇ ਰੁਪੱਈਏ
ਵੀਰੇ ਨੇ ਖੋਹ ਕੇ
ਮੇਰੇ ਹੱਥ ‘ਤੇ ਰੱਖੇ
ਤੇ ਬੋਲਿਆ…
“ਝੱਲੀਏ, ਤੈਨੂੰ ਪਤੈ
ਧੀਆਂ ਕੋਲੋਂ ਅਸੀਂ ਕੁਝ ਨਹੀਂ ਲੈਂਦੇ।”
ਮੈਂ ਅੰਦਰੋਂ ਬੋਲੀ…
“ਵੀਰੇ! ਮੇਰੀਆਂ ਪੈਲੀਆਂ?”
“ਇਹ ਸ਼ਰਬਤ ਦਾ ਗਿਲਾਸ ਵੀ ਚੁੱਕ ਲੈ।
ਕਮਲੀਏ! ਤੈਨੂੰ ਤੇ ਪਤਾ ਏ
ਅਸੀਂ ਤੇ ਧੀਆਂ ਦੇ ਘਰ ਦਾ
ਪਾਣੀ ਵੀ ਨਹੀਂ ਪੀਂਦੇ।”
ਮੈਂ ਅੰਦਰੋਂ ਬੋਲੀ…
“ਵੀਰੇ! ਮੇਰੀਆਂ ਪੈਲੀਆਂ?”
ਗ਼ਜ਼ਲ
- ਮੱਖਣ ਕੁਹਾੜ
ਕੰਢਿਆਂ ਤੋਂ ਦੀ ਉੱਛਲ-ਉੱਛਲ, ਵਗਦਾ ਹੈ ਜਿਹੜਾ ਦਰਿਆ।
ਸਾਰੀ ਬਸਤੀ ਰੋੜ੍ਹ ਦੇਵੇਗਾ, ਜੇ ਨਾ ਇਸਨੂੰ ਬੰਨ ਲਾਇਆ।
ਜਿਹੜੇ ਸ਼ਖ਼ਸ਼ ਤੋਂ ਹੁਣ ਤੀਕਰ ਸਾਂ, ਡਰ ਡਰ ਜਿਊਂਦਾ ਰਹਿੰਦਾ ਮੈਂ,
ਨੀਝ ਲਾ ਤੱਕਿਆ ਉਹ ਸੀ ਮੇਰਾ, ਆਪਣਾ ਹੀ ਦਰਪਨ-ਸਾਇਆ।
ਦੂਰ ਤੋਂ ਜਿਹੜਾ ਚਮਕ ਰਿਹਾ ਸੀ, ਹੀਰਾ ਕੋਹ-ਇ-ਨੂਰ ਜਿਹਾ,
ਕੋਲ ਗਿਆ ਤਾਂ ਚਕਨਾ ਚੂਰ ਉਹ ਸ਼ੀਸ਼ਾ ਮੇਰੀ ਨਜ਼ਰ ਪਿਆ।
ਆਸ ਦਾ ਪੰਛੀ ਉਚੇ ਗਗਨੀਂ, ਖਵਰੇ ਕਿੱਧਰੇ ਉਡ ਗਿਆ,
ਤਲੀਆਂ ਉਤੇ ਚੋਗ ਹੈ ਉਸ ਦਾ, ਉਂਝ ਦਾ ਉਂਝ ਪਿਆ!
ਚਾਹੁੰਦਾ ਸਾਂ ਕਿ ਸਾਂਝੇ ਰਾਹੀਂ, ਬੀਜ ਦਿਆਂ ਸਭ ਫੁੱਲ ਗੁਲਾਬ,
ਐਪਰ ਮੈਥੋਂ ਪਹਿਲਾਂ ਕੋਈ, ਇਸ ਰਾਹ ‘ਤੇ ਭੱਖੜੇ ਬੀਜ ਗਿਆ।
ਸਭ ਪਾਸੇ ਹੈ ਬਾਂਸ ਦਾ ਜੰਗਲ, ਤਪਸ਼ ਭਰੀ ਹੈ ਤੇਜ ਹਵਾ,
ਕਿੰਝ ਬਣਾਵਾਂਗੇ ਬਾਂਸਰੀਆਂ, ਜੰਗਲ ਹੀ ਜੇ ਜਲ ਉਠਿਆ।
ਫੁੱਲ ਸਹਿਮੇ ਨੇ ਵੇਖਦਿਆਂ ਹੀ, ਖੁਸ਼ਬੂ ਝਟਪਟ ਲੈਣ ਸਮੇਟ,
ਕੰਡੇ ਨੇ ਕਿ ਸਾਡੇ ਰਾਹ ਵਿਚ, ਦਿੰਦੇ ਹਨ ਝੱਟ ਸੇਜ ਵਿਛਾ।
ਜੋ ਦਰਿਆ ਸੀ ਹੜਿਆ ਰਹਿੰਦਾ, ਪਾਰ ਨਹੀਂ ਸੀ ਦੇਂਦਾ ਜਾਣ,
ਜਦ ਦੀ ਮੈਂ ਕਿਸ਼ਤੀ ਬਣਵਾਈ, ਇਸ ਵਿਚ ਪਾਣੀ ਨਹੀਂ ਆਇਆ।
ਰੰਗ ਬਿਰੰਗੇ ਫੁੱਲਾਂ ਦਾ ਸੀ, ਜਿਸ ਗੁਲਸ਼ਨ ਵਿਚ ਖੇੜਾ ਖੂਬ,
ਉਹ ਗੁਲਸ਼ਨ ਬਰਬਾਦ ਕਰਨ ਤੇ ਮਾਲੀ ਅੱਜ ਹੈ ਕਿਉਂ ਤੁਲਿਆ?
ਦਹਿਸ਼ਤ ਦੇ ਅੰਗਾਰ ਵਿਛਾ ਕੇ, ਤੂੰ ਅੱਜ ਸਾਡੇ ਰਾਹਾਂ ਵਿਚ,
ਕਿਧਰੇ ਇਹ ਨਾ ਸਮਝ ਲਵੀਂ ਕਿ, ਸਾਡਾ ਪੈਂਡਾ ਰੋਕ ਲਿਆ।
ਪਾਲ ਕੇ ਰੱਖੇ ਹੁੰਦੇ ਜੇਕਰ, ਘਰ ਦੇ ਵਿਚ ਨਿਓਲੇ-ਮੋਰ,
ਫੇਰ ਨਾ ਹੁੰਦਾ ਹਰਗਿਜ਼ ‘ਮੱਖਣਾ’ ਸੱਪਾਂ ਡੇਰਾ ਘਰ ਲਾਇਆ।
ਗ਼ਜ਼ਲ
- ਬਾਬਾ ਨਜ਼ਮੀ
ਜਿਸ ਧਰਤੀ ‘ਤੇ ਰਜਵਾਂ ਟੁੱਕਰ ਖਾਂਦੇ ਨਈਂ ਮਜ਼ਦੂਰ।
ਉਸ ਧਰਤੀ ਦੇ ਹਾਕਮ ਕੁੱਤੇ, ਉਸ ਦੇ ਹਾਕਮ ਸੂਰ।
ਮੇਰੇ ਵਾਂਗੂੰ ਚਾਰ ਦਿਹਾੜੇ ਭੱਠੀ ਕੋਲ ਖਲੋ,
ਮੁੱਲਾਂ ਫੇਰ ਵਿਖਾਵੀਂ ਮੈਨੂੰ ਆਪਣੇ ਮੂੰਹ ਦਾ ਨੂਰ।
ਇੱਟ-ਖੜਿੱਕਾ ਨਾਲ ਗਵਾਂਢੀ, ਦੇਖੋ ਆਗੂ ਵੱਲ,
ਉਹਦੇ ਨਾਲ ਯਰਾਨਾ, ਜਿਹੜਾ ਸੱਤ ਸਮੁੰਦਰ ਦੂਰ।
ਪਲ ਪਲ ਚੌੜਾ ਹੁੰਦਾ ਜਾਵੇ, ਲੋੜਾਂ ਦਾ ਦਰਿਆ,
ਹੌਲੀ ਹੌਲੀ ਡੁੱਬਦਾ ਜਾਵੇ, ਸੱਧਰਾਂ ਵਾਲਾ ਪੂਰ।
ਇਸ ਧਰਤੀ ਤੋਂ ਖੌਰੇ ਕਦ ਦਾ ਕਰ ਜਾਂਦਾ ਮੈਂ ਕੂਚ,
ਸੁਣਿਆ ਜੇ ਨਾ ਹੁੰਦਾ ਬਾਬਾ ਤੇਰਾ ਮੈਂ ਮਨਸ਼ੂਰ।
ਵਿੱਚ ਹਨੇਰੇ ਫੁੱਲ ਵੀ ਦੇਵੇਂ, ਉਹਨਾਂ ਉੱਤੇ ਥੂਹ,
ਸਿਖਰ ਦੁਪਹਿਰੇ ਬਲ਼ਦੇ ਪੱਥਰ ਮੈਨੂੰ ਨੇ ਮਨਜ਼ੂਰ।
ਹੱਥੋਂ ਸੁੱਟ ਜਦੋਂ ਦਾ ਆਸਾ, ਆਂਦੀ ਕਲਮ ਦਵਾਤ,
ਮੰਜ਼ਿਲ ਮੈਨੂੰ ਵਾਜਾਂ ਮਾਰੇ, ਰਸਤੇ ਨੂਰੋ-ਨੂਰ।
ਉਹਦੇ ਵਿੱਚੋਂ ਲੱਭੇਂ ‘ਬਾਬਾ’ ਕੰਮੀਆਂ ਦੇ ਹੱਕ ਵੇਖ,
ਜਿਹੜਾ ਉਚੇ ਮਹਿਲੀਂ ਬਹਿ ਕੇ, ਬਣਦਾ ਏ ਦਸਤੂਰ।
ਗ਼ਜ਼ਲ
- ਸ਼ਾਮ ਸੁੰਦਰ ਪੋਸੀ
ਸੌਦੇ ਹੋ ਗਏ ਵੱਡੀਆਂ-ਵੱਡੀਆਂ ਥਾਵਾਂ ਦੇ।
ਹੁਣ ਨੀਂ ਬਚਦੇ ਬੂਟੇ ਠੰਡੀਆਂ ਛਾਵਾਂ ਦੇ।
ਬੋਲੀ ਉਤੇ ਸਾਰਾ ਮੁਲਕ ਲਗਾ ਦਿੱਤਾ,
ਆਓ ਲੁੱਟੋ, ਸੱਦੇ ਅਉਣ ਨੇਤਾਵਾਂ ਦੇ।
ਨਾਲ ਲਹੂ ਦੇ ਸਿੰਜੀ ਲੋਕਾਂ ਇਹ ਧਰਤੀ,
ਇਸ ‘ਤੇ ਪੈ ਗਏ ਗ਼ਲਬੇ ਵੱਡੇ ਸ਼ਾਹਵਾਂ ਦੇ।
ਬਾਗ਼ ਹਵਾਲੇ ਕੀਤੇ ਨੇ ਚਮਗਿੱਦੜਾਂ ਦੇ,
ਖੇਤ ਹਵਾਲੇ ਕੀਤੇ ਢੋਡਰ ਕਾਵਾਂ ਦੇ।
ਪੀਤੇ ਦੁੱਧ ਦੀ ਲਾਜ਼ ਨਹੀਂ ਏ ਜਿਹਨਾਂ ਨੂੰ,
ਉਹਨਾਂ ਨੇ ਕੀ ਕਰਜ਼ ਚੁਕਾਉਣੇ ਮਾਵਾਂ ਦੇ!
ਛੇਤੀ ਕੀਤੇ ਮੁੜ ਕੇ ਪੈਰੀਂ ਆਉਂਦੇ ਨਾ,
ਲੋਕੀਂ ਲੁੱਟੇ-ਪੁੱਟੇ ਸੋਖ਼ ਅਦਾਵਾਂ ਦੇ।
ਭਲਕੇ ਅੱਖਾਂ ਵਿਚ ਮੁੱਠੀਆਂ ਦੇ-ਦੇ ਰੋਵਣਗੇ,
ਅੱਜ ਬਣਦੇ ਜੋ ਆਸ਼ਕ ਇਲ-ਬਲਾਵਾਂ ਦੇ।
ਉਹ ਤਾਂ ਨੇਰ੍ਹੇ ਨੂੰ ਹੀ ਚਾਨਣ ਆਖਣਗੇ,
ਅੰਨ੍ਹੇ ਭਗਤ ਕਮੰਡਲ ਅਤੇ ਖ਼ੜ੍ਹਾਵਾਂ ਦੇ।
‘ਸ਼ਾਮ’ ਜੇ ਮੰਜ਼ਿਲ ਪਾਓਣੀ ਏ ਤਾਂ ਹਰ ਹਾਲਤ
ਕੰਡੇ ਆਪੇ ਚੁਗਣੇ ਪੈਣੇ ਰਾਹਵਾਂ ਦੇ।
ਗੀਤ
- ਸੁਰਜੀਤ ਸਿੰਘ ਦਿਹੜ
ਭੈਣੇ ਜ਼ੀਰੀ ਲਾਉਂਦੀਏ
ਭੈਣੇ ਜੀਰੀ ਲਾਉਂਦੀਏ, ਧੁੱਪ ਤੋਂ ਡਰਦਾ ਜੱਗ।
ਉਬਲੇ ਪਾਣੀ ਵਿਚ ਖੜ੍ਹੀ, ਉਤੋਂ ਵਰ੍ਹਦੀ ਅੱਗ।
ਭੈਣੇ ਜੀਰੀ ਲਾਉਂਦੀਏ, ਝੁਕੀ ਏਂ ਲੱਕ ਦੇ ਭਾਰ,
ਗਾਰੇ ਦੇ ਵਿਚ ਲਿੱਬੜੀ, ਗੋਡਿਆਂ ਤੱਕ ਸਲਵਾਰ।
ਭੈਣੇ ਜੀਰੀ ਲਾਉਂਦੀਏ, ਸਭ ਦੀ ਮੰਗੇਂ ਖੈਰ,
ਦਵਾਈਆਂ ਵਾਲੇ ਪਾਣੀਆਂ, ਖਾ ਲਏ ਤੇਰੇ ਪੈਰ।
ਭੈਣੇ ਜੀਰੀ ਲਾਉਂਦੀਏ, ਮਿਲੇ ਨਾ ਕੰਮ ਦਾ ਮੁੱਲ,
ਧੂਣੀ ਤਾਪਣ ਸਾਧ ਜੋ, ਕੋਈ ਨਾ ਤੇਰੇ ਤੁੱਲ।
ਭੈਣੇ ਜੀਰੀ ਲਾਉਂਦੀਏ, ਧੱਕਾ ਸਹੇ ਸਰੀਰ,
ਤਨ ਭੁੱਖਾ ਮਨ ਦੁਖੀ ਹੈ, ਕੱਪੜੇ ਲੀਰੋ-ਲੀਰ।
ਭੈਣੇ ਜੀਰੀ ਲਾਉਂਦੀਏ, ਕੰਮ ਬੰਦੇ ਦੇ ਦੇਖ,
ਗ਼ੁਲਾਮ ਬਣਾ ਕੇ ਰੱਖਦੇ, ਕਹਿਣ ਧੀਆਂ ਦੇ ਲੇਖ।
ਵਿਧਵਾ ਮਾਂ ਤੇ ਵੀਰ ਵੀ, ਬੁੱਢੀ ਦਾਦੀ ਨਾਲ,
ਸਾਰੇ ਕਰਦੇ ਮਿਹਨਤਾਂ, ਫਿਰ ਵੀ ਮੰਦੜੇ ਹਾਲ।
ਧੁੱਪ ਕਮਾਉਂਦੀ ਦੁਸ਼ਮਣੀ, ਵੈਰ ਕਮਾਉਂਦੀ ਲੋਅ,
ਕੀ ਹੋਇਆ ਤੂੰ ਡਿੱਗ ਪਈ, ਮੁੜ-ਮੁੜ ਉਠ ਖਲੋਅ।
ਭੈਣੇ ਜੀਰੀ ਲਾਉਂਦੀਏ, ਕਾਲਾ ਤੇਰਾ ਰੰਗ,
ਮੋਹਰੀ ਹੋ ਕੇ ‘ਦਿਹੜ’ ਤੋਂ, ਲੜ ਹੱਕਾਂ ਦੀ ਜੰਗ।
ਕਵਿਤਾ
- ਇੰਦੂ ਧਵਨ
ਸ਼ਹੀਦ ਦੀ ਮਾਂ
ਮਾਂ ਸੰਭਾਲ ਰਹੀ ਸੀ
ਲੋਕਾਂ ਲਈ ਲੜ ਮਰੇ
ਆਪਣੇ ਪੁੱਤ ਦੇ
ਕੱਪੜੇ….
ਤੇ ਸੰਭਾਲ ਰਹੀ ਸੀ
ਆਪਣੇ ਹੰਝੂ
ਕਿਤੇ ਛਲਕ ਨਾ ਜਾਣ
ਤੇ ਲੱਗੇ
ਲੋਕਾਂ ਦੇ ਸਾਹਮਣੇ
ਕਿ ਬਹਾਦਰ ਦੀ ਮਾਂ ਤਾਂ
ਕਮਜ਼ੋਰ ਨਿਕਲੀ
ਅੱਜ ਮੁੱਦਤ ਬਾਅਦ
ਮਾਂ ਨੇ
ਲੋਕਾਂ ਲਈ ਲੜ ਮਰੇ ਪੁੱਤ ਦੇ
ਸੰਭਾਲੇ ਕੱਪੜੇ
ਬਾਹਰ ਕੱਢੇ
ਚੁੰਮੇ
ਤੇ ਛਾਤੀ ਨਾਲ
ਲਗਾ ਲਏ
ਤੇ ਹੰਝੂ ਛਲਕ ਪਏ
ਕਿੰਨਾ ਖ਼ੂਬਸੂਰਤ
ਲੱਗਦਾ ਸੀ
ਮੇਰਾ ਪੁੱਤ
ਇਹਨਾਂ ਕੱਪੜਿਆਂ ‘ਚ!