Now Reading
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਤਹਿਸੀਲ ਇਕਾਈ ਦਾ ਜਥੇਬੰਦਕ ਇਜਲਾਸ

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਤਹਿਸੀਲ ਇਕਾਈ ਦਾ ਜਥੇਬੰਦਕ ਇਜਲਾਸ

ਤਰਨ ਤਾਰਨ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਅੱਜ ਇਲਾਕੇ ਦੇ ਪਿੰਡ ਜਵੰਦਾ ਕਲਾਂ ਵਿੱਚ ਜਥੇਬੰਦੀ ਦੀ ਤਹਿਸੀਲ ਇਕਾਈ ਦ ਜਥੇਬੰਦਕ ਅਜਲਾਸ ਕਰਵਾਇਆ ਗਿਆ। ਇਸ ਮੌਕੇ ਨੌਜਵਾਨਾਂ ਅਤੇ ਵਿਦਿਆਰਥੀਆਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਬਾਰੇ ਵਿਚਾਰਾਂ ਕੀਤੇ ਜਾਣ ਦੇ ਇਲਾਵਾ ਜਥੇਬੰਦੀ ਦੀਆਂ ਸਰਗਰਮੀਆਂ ਨੂੰ ਹੋਰ ਤੇਜ਼ ਕੀਤੇ ਜਾਣ ਲਈ ਤਹਿਸੀਲ ਇਕਾਈ ਦੇ ਅਹੁਦੇਦਾਰਾਂ ਦੀ ਚੋਣ ਵੀ ਕੀਤੀ ਗਈ|ਅਜਲਾਸ ਵਿਚ ਸ਼ਾਮਲ ਡੈਲੀਗੇਟਾਂ ਦੀ ਅਗਵਾਈ ਅੰਮ੍ਰਿਤਪਾਲ ਸਿੰਘ, ਮੰਗਲ ਸਿੰਘ ਜਵੰਦਾ ਅਤੇ ਕਰਨਬੀਰ ਸਿੰਘ ਪੱਖੋਕੇ ਨੇ ਕੀਤੀ| ਇਸ ਮੌਕੇ ਜਥੇਬੰਦੀ ਦੇ ਸੂਬਾ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ ਨੇ ਸੰਬੋਧਨ ਕਰਦੇ ਹੋਏ ਸਰਕਾਰ ਵੱਲੋਂ ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਮਸਲਿਆਂ ਬਾਰੇ ਗੰਭੀਰ ਨਾ ਹੋਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਸਰਕਾਰ ਨੇ ਅਮੀਰ ਘਰਾਣਿਆਂ ਦੇ ਹਿੱਤਾਂ ਦੀ ਰਾਖੀ ਕਰਨ ਦੇ ਮੰਤਵ ਨਾਲ ਵਿਦਿਆ ਦਾ ਵਪਾਰੀਕਰਨ ਕਰ ਦਿੱਤਾ ਹੈ ਜਿਸ ਕਰਕੇ ਸਿੱਖਿਆ ਪ੍ਰਾਪਤੀ ਆਮ ਵਿਅਕਤੀ ਦੀ ਪਹੁੰਚ ਤੋਂ ਦੂਰ ਹੁੰਦੀ ਜਾ ਰਹੀ ਹੈ| ਰੁਜ਼ਗਾਰ ਦੀ ਘਾਟ ਕਾਰਨ ਨਿਰਾਸ਼ਾ ਦੇ ਆਲਮ ਦਾ ਸ਼ਿਕਾਰ ਹੋਏ ਨੌਜਵਾਨ ਨਸ਼ਿਆਂ ਦੀ ਦਲਦਲ ਅੰਦਰ ਧਸਦੇ ਜਾ ਰਹੇ ਹਨ|
ਇਸ ਮੌਕੇ ਪਾਸ ਕੀਤੇ ਮਤਿਆਂ ਰਾਹੀਂ ਕਾਲਜ ਪੱਧਰ ਤੱਕ ਵਿਦਿਆ ਮੁਫ਼ਤ ਦਿੱਤੇ ਜਾਣ ਅਤੇ 18 ਸਾਲ ਤੋਂ ਉਪਰ ਦੇ ਹਰੇਕ ਨੌਜਵਾਨ ਨੂੰ ਰੁਜ਼ਗਾਰ ਦੀ ਗਰੰਟੀ ਦੇਣ ਦੇਣ ਦੀ ਮੰਗ ਕੀਤੀ ਗਈ| ਅਜਲਾਸ ਵਿਚ ਜਥੇਬੰਦੀ ਦੀ ਤਹਿਸੀਲ ਇਕਾਈ ਦੀ ਕੀਤੀ ਚੋਣ ਵਿਚ ਅੰਮ੍ਰਿਤਪਾਲ ਸਿੰਘ ਚੌਧਰੀਵਾਲਾ ਨੂੰ ਪ੍ਰਧਾਨ, ਜਤਿੰਦਰ ਸਿੰਘ ਢੋਟੀਆਂ ਨੂੰ ਸਕੱਤਰ, ਆਕਾਸ਼ਦੀਪ ਸਿੰਘ ਝਬਾਲ ਨੂੰ ਮੀਤ ਪ੍ਰਧਾਨ, ਸਨੇਹਦੀਪ ਸਿੰਘ ਜਾਮਾਰਾਏ ਨੂੰ ਸੰਯੁਕਤ ਸਕੱਤਰ, ਰਣਜੋਧ ਸਿੰਘ ਨੂੰ ਕੈਸ਼ੀਅਰ ਅਤੇ ਹਰਦੀਪ ਸਿੰਘ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ| ਇਸ ਮੌਕੇ ਜਥੇਬੰਦੀ ਦੇ ਆਗੂ ਸੁਲੱਖਣ ਸਿੰਘ ਤੁੜ ਆਦਿ ਨੇ ਵੀ ਸੰਬੋਧਨ ਕੀਤਾ।

Scroll To Top