Now Reading
ਸ਼ਰਧਾਂਜਲੀਆਂ : ਬੌਧਿਕਤਾ ਤੇ ਅਮਲ ਦੇ ਸੁਮੇਲ ਸ਼ਹੀਦ ਦੀਪਕ ਧਵਨ ਨੂੰ ਯਾਦ ਕਰਦਿਆਂ….!

ਸ਼ਰਧਾਂਜਲੀਆਂ : ਬੌਧਿਕਤਾ ਤੇ ਅਮਲ ਦੇ ਸੁਮੇਲ ਸ਼ਹੀਦ ਦੀਪਕ ਧਵਨ ਨੂੰ ਯਾਦ ਕਰਦਿਆਂ….!

ਪੰਜਾਬ ‘ਚ ਲੱਗਭੱਗ ਡੇਢ ਦਹਾਕੇ ਦਾ ਕਾਲਾ ਦੌਰ, ਕੌੜੀਆਂ ਤੇ ਡਰਾਉਣੀਆਂ ਯਾਦਾਂ ਦਾ ਪਟਾਰਾ। ਖਾਲਿਸਤਾਨੀ ਲਹਿਰ ਪਿਛਲੇ ਫਿਰਕੂ ਤੱਤਾਂ ਦੇ ਨਾਪਾਕ ਇਰਾਦਿਆਂ ਤੇ ਹਾਕਮ ਜਮਾਤਾਂ ਦੀਆਂ ਸੱਤਾ ਪ੍ਰਾਪਤੀ ਲਈ ਤੇ ਇਸ ‘ਤੇ ਜਕੜ ਹੋਰ ਪਕੇਰੀ ਕਰਨ ਲਈ ਰਚੇ ਗਏ ਖੌਫਨਾਕ ਛੜਯੰਤਰ ਦੀ ਪੂਰੀ ਜਾਣਕਾਰੀ ਰੱਖਣ ਵਾਲਾ ਰੌਸ਼ਨ ਦਿਮਾਗ ਦੀਪਕ ਧਵਨ ਅਜਿਹੇ ਸਮਿਆਂ ‘ਚ ਕਿਵੇਂ ਚੁੱਪ ਰਹਿ ਸਕਦਾ ਸੀ, ਮਨੁੱਖਤਾ ਤੇ ਦੇਸ਼ ਦਾ ਘਾਣ ਹੁੰਦਿਆਂ ਦੇਖ ਕੇ। ਉਸਨੇ ਸਮਾਜਿਕ ਵਿਗਿਆਨ, ਭਾਰਤੀ ਦਰਸ਼ਨ ਤੇ ਕੁਰਬਾਨੀਆਂ ਭਰੇ ਆਪਣੇ ਇਤਿਹਾਸ ਤੋਂ ਸੇਧ ਲੈ ਕੇ ਬੇਗੁਨਾਹ ਲੋਕਾਂ ਦੇ ਕਾਤਲ ਫਿਰਕੂ ਟੋਲਿਆਂ, ਸਰਕਾਰਾਂ ਦੀਆਂ ਗੁੱਝੀਆਂ, ਧੋਖੇ ਭਰੀਆਂ ਚਾਲਾਂ ਤੇ ਪ੍ਰਸ਼ਾਸ਼ਨ ਵਲੋਂ ਬੇਗੁਨਾਹ ਲੋਕਾਂ ਉਪਰ ਢਾਹੇ ਜਾ ਰਹੇ ਦਮਨ ਵਿਰੁੱਧ ਗਰਜਵੀਂ, ਪ੍ਰੰਤੂ ਬਾਦਲੀਲ ਆਵਾਜ਼ ਬੁਲੰਦ ਕੀਤੀ। ਇਸ ਲਾਸਾਨੀ ਯੋਧੇ ਦੇ ਇਹ ਕਰਨਾਮੇ ਦੇਖ ਕੇ ਦੇਸ਼ ਧ੍ਰੋਹੀ ਤੱਤ ਬੁਖਲਾ ਉਠੇ ਤੇ ਉਨ੍ਹਾਂ ਨੇ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਧਰਤੀ, ਤਰਨਤਾਰਨ ਦੇ ਖੇਤਾਂ ‘ਚ ਘੋੜਿਆਂ ਦੀਆਂ ਸੁੰਮਾਂ ਹੇਠਾਂ ਦਰੜ ਕੇ 19 ਮਈ 1987 ਨੂੰ ਬੇਇਨਸਾਫੀ ਵਿਰੁੱਧ ਤੇ ਲੋਕ ਹਿਤਾਂ ਦੀ ਰਾਖੀ ਲਈ ਉਠਣ ਵਾਲੀ ਹੱਕ-ਸੱਚ ਦੀ ਇਸ ਆਵਾਜ਼ ਨੂੰ ਮੌਤ ਦੇ ਦੈਂਤ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਹਤਿਆਰਿਆਂ ਨੂੰ ਕੀ ਪਤਾ ਸੀ ਕਿ ਇਸ ਅਨੈਤਿਕ ਕਾਰੇ ਦੇ 34 ਸਾਲਾਂ ਬਾਅਦ ਵੀ ਦੇਸ਼ ਅਤੇ ਇਥੋਂ ਦੇ ‘ਭਾਈ ਲਾਲੋਆਂ’ ਸੰਗ ਖੜ੍ਹਨ ਵਾਲੇ ਇਸ ਮਹਾਂ ਨਾਇਕ ਦੀ ਆਵਾਜ਼ ਪੰਜਾਬ ਤੇ ਦੇਸ਼ ਦੇ ਹਰ ਕੋਨੇ ‘ਚ ਹਮੇਸ਼ਾ-ਹਮੇਸ਼ਾ ਲਈ ਗੂੰਜਦੀ ਰਹੇਗੀ।
ਕਾਮਰੇਡ ਦੀਪਕ ਧਵਨ ਉਚ ਮੱਧ ਵਰਗੀ ਪਰਿਵਾਰ ‘ਚ ਜਨਮ ਲੈ ਕੇ ਉਚ ਸਿੱਖਿਆ ਦੀਆਂ ਸੋਨ ਤਮਗਿਆਂ ਨਾਲ ਜੜੀਆਂ ਹੋਈਆਂ ਡਿਗਰੀਆਂ ਹਾਸਲ ਕਰਕੇ ਕਿਸੇ ਸਰਕਾਰੀ ਜਾਂ ਗੈਰ ਸਰਕਾਰੀ ਅਦਾਰੇ ‘ਚ ਵੱਡੀ ਨੌਕਰੀ ਲੈਣ ਨਹੀਂ ਗਿਆ, ਬਲਕਿ ਲਾਲ ਫੁਰੇਰੇ ਨੂੰ ਮੋਢੇ ਉਪਰ ਲਹਿਰਾਉਂਦਾ ਹੋਇਆ ਦਿਹਾਤੀ ਮਜ਼ਦੂਰਾਂ ਤੇ ਦਲਿਤਾਂ ਦੀ ਬਸਤੀ ‘ਚ ਪੁੱਜ ਗਿਆ। ਉਨ੍ਹਾਂ ਲੋਕਾਂ ਨੂੰ ਸੱਤਾ ਸੌਂਪਣ ਦੇ ਸੰਘਰਸ਼ ‘ਚ ਭਾਗੀਦਾਰ ਬਣਨ ਵਾਸਤੇ, ਜਿਨ੍ਹਾਂ ਨੂੰ ਇਸ ਬੇਇਨਸਾਫੀ ਵਾਲੇ ਸਮਾਜ ਅੰਦਰ ਅਜੇ ਤੱਕ ਇਨਸਾਨ ਕਹਾਉਣ ਦਾ ਵੀ ਪੂਰਾ ਅਧਿਕਾਰ ਨਹੀਂ ਹੈ। ਗਰੀਬੀ, ਬੇਕਾਰੀ, ਭੁਖਮਰੀ, ਅਨਪੜ੍ਹਤਾ ਦੇ ਸਰਾਪ ਭੋਗਣ ਦੇ ਨਾਲ-ਨਾਲ ਇਸ ਵਰਗ ਨੂੰ ਸਮਾਜਿਕ ਜਬਰ ਦੀਆਂ ਲੂੰਅ-ਕੰਢੇ ਖੜ੍ਹੇ ਕਰਨ ਵਾਲੀਆਂ ਘਟਨਾਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ, ਜਿਸਨੂੰ ਦੀਪਕ ਭਲੀ ਭਾਂਤ ਜਾਣਦਾ ਸੀ।
ਸਮਾਜਿਕ ਬਦਲਾਅ ਦੇ ਇਸ ਸੰਘਰਸ਼ ਦੌਰਾਨ ਜਦੋਂ 1978 ‘ਚ ਪੰਜ ਪਾਣੀਆਂ ਦੀ ਧਰਤੀ ‘ਤੇ ਆਪਣੇ ਹੀ ਚੰਦ ਲੋਕਾਂ ਵਲੋਂ ‘ਧਰਮ’ ਦੇ ਪਰਦੇ ਹੇਠਾਂ ਭਰਾ ਮਾਰੂ ਜੰਗ ਸ਼ੁਰੂ ਕੀਤੀ ਗਈ, ਜਿਸ ਵਿਚ ਦੇਸੀ-ਵਿਦੇਸ਼ੀ ਤੇ ਹਰ ਤਰ੍ਹਾਂ ਦੇ ਮਾਨਵਤਾ ਵਿਰੋਧੀ ਤੱਤ ਤੇ ਲੁਟੇਰੀ ਸੱਤਾ ਦੇ ਭੋਗੀ ਸ਼ਾਮਿਲ ਸਨ, ਉਦੋਂ ਦੀਪਕ ਧਵਨ ਨੇ ਹਥਿਆਰਬੰਦ ਕਾਤਲਾਂ ਦੇ ਟੋਲਿਆਂ ਵਲੋਂ ਬੇਗੁਨਾਹ ਲੋਕਾਂ ਦੀਆਂ ਬੇਰਹਿਮ ਹੱਤਿਆਵਾਂ ਵਿਰੁੱਧ ਲੋਕ ਲਾਮਬੰਦੀ ਤੇ ਵਿਚਾਰਧਾਰਕ ਪਰਪੱਕਤਾ ਰਾਹੀਂ ਏਕਤਾ ਦਾ ਪੈਗ਼ਾਮ ਦਿੱਤਾ। ਤਰਨ ਤਾਰਨ ਦੇ ਘੱਟ ਗਿਣਤੀਆਂ ਨਾਲ ਸੰਬੰਧਤ ਲੋਕ, ਜਦੋਂ ਹਥਿਆਰਬੰਦ ਗ੍ਰੋਹਾਂ ਦੇ ਭੈਅ ਕਾਰਨ ਉਜੜ ਕੇ ਪੰਜਾਬੋਂ ਬਾਹਰ ਚਲੇ ਗਏ, ਤਾਂ ਉਨ੍ਹਾਂ ਦੀ ਮੁੜ ਵਾਪਸੀ ਕਿਸੇ ਵੱਡੇ ਹਾਕਮ ਜਾਂ ਸਰਕਾਰੀ ਅਫਸਰਾਂ ਦੇ ਕਹਿਣ ‘ਤੇ ਨਹੀਂ, ਬਲਕਿ ਉਨ੍ਹਾਂ ਦੇ ਆਪਣੇ ਪੁੱਤਰ ਤੇ ਸੰਗੀ-ਸਾਥੀ ਦੀਪਕ ਦੇ ਭਰੋਸੇ ਤੇ ਹੀ ਸੰਭਵ ਹੋਈ ਸੀ। ਸਾਥੀ ਦੀਪਕ ਦਾ ਆਪਣੀ ਮਾਤਭੂਮੀ (ਭਾਵ ਤਰਨ ਤਾਰਨ) ਨੂੰ ਛੱਡ ਕੇ ਬਾਹਰ ਨਾ ਜਾਣ ਦਾ ਤੇ ਆਪਣੇ ਲੋਕਾਂ ਸੰਗ ਰਹਿ ਕੇ ਜੀਉਣ ਤੇ ਮਰਨ ਦਾ ਯਕੀਨ ਹੀ ਉਨ੍ਹਾਂ ਲੋਕਾਂ ਦਾ ਧਰਵਾਸ ਬਨ੍ਹਾ ਸਕਿਆ ਸੀ। ਇਹ ਪੰਜਾਬ ਦੀ ਉਨ੍ਹਾਂ ਤਪਦੀਆਂ ਤੇਜ਼ ਹਵਾਵਾਂ ‘ਚ ਨਿਵੇਕਲੀ ਘਟਨਾ ਸੀ।
ਦੀਪਕ ਨੇ ਅਜੇ ਹੋਰ ਬੜਾ ਕੁੱਝ ਕਰਨਾ ਸੀ, ਤੇ ਹਨੇਰਿਆਂ ਨੂੰ ਚੀਰਦਾ ਹੋਇਆ ਸੱਚ ਤੇ ਇਨਸਾਫ ਦਾ ‘ਦੀਪ’ ਰੌਸ਼ਨ ਕਰਨਾ ਸੀ। ਆਪਣੇ ਸ਼ਹਿਰ ਜਾਂ ਪ੍ਰਾਂਤ ਦੀ ਹੀ ਨਹੀਂ, ਬਲਕਿ ਦੇਸ਼ ਪੱਧਰ ਦੀ ਇਨਕਲਾਬੀ ਲਹਿਰ ਦੀ ਅਗਵਾਈ ਕਰਨ ਦੀ ਯੋਗਤਾ ਵੀ ਉਸਦੇ ਗੰਭੀਰ ਪ੍ਰੰਤੂ ਹੱਸਮੁਖੇ ਚਿਹਰੇ ਉਪਰ ਝਲਕਦੀ ਦਿਖਾਈ ਦਿੰਦੀ ਸੀ।
ਉਸ ਨੇ ਸਮਾਜ ਦੇ ਸਭ ਤੋਂ ਵੱਧ ਦੱਬੇ-ਕੁਚਲੇ ਲੋਕਾਂ ਨੂੰ ਇਕਜੁਟ ਕਰਕੇ ਜਮਹੂਰੀ ਲਹਿਰ ਦੀਆਂ ਸਫ਼ਾਂ ‘ਚ ਆਗੂ ਭੂਮਿਕਾ ਅਦਾ ਕਰਨ ਦੇ ਯੋਗ ਬਣਾਉਣ ਦੀ ਠਾਨੀ ਹੋਈ ਸੀ। ਉਸਦੀ ਇਨ੍ਹਾਂ ਧਰਤੀ ਪੁੱਤਰ-ਧੀਆਂ ਪ੍ਰਤੀ ਮੋਹ ਤੇ ਪ੍ਰਤੀਬੱਧਤਾ ਦਾ ਪ੍ਰਗਟਾਵਾ ਉਸ ਦਿਨ ਦੇਖਿਆ ਗਿਆ, ਜਦੋਂ ਦੀਪਕ ਦੇ ਸੰਸਕਾਰ ਤੇ ਸ਼ਰਧਾਂਜਲੀ ਸਮਾਗਮ ਉਪਰ ਉਨ੍ਹਾਂ ਦੀਆਂ ਅੱਖਾਂ ‘ਚ ਹੰਝੂਆਂ ਦੀਆਂ ਅਮੁੱਕ ਧਾਰਾਂ ਵਹਿ ਰਹੀਆਂ ਸਨ। ਰਾਤ ਦੀ ਰੋਟੀ ਨਹੀਂ ਸੀ ਖਾਧੀ ਉਸ ਖਿੱਤੇ ਦੇ ਮਜ਼ਦੂਰਾਂ, ਕਿਸਾਨਾਂ ਤੇ ਦੂਸਰੇ ਮਿਹਨਤਕਸ਼ ਲੋਕਾਂ ਨੇ, ਕਿਉਂਕਿ ਉਨ੍ਹਾਂ ਦੇ ਇਕ ਹੋਣਹਾਰ ਨਾਇਕ ਨੂੰ ਦੇਸ਼ ਤੇ ਮਾਨਵਤਾ ਵਿਰੋਧੀਆਂ ਤਾਕਤਾਂ ਨੇ ਸਦਾ-ਸਦਾ ਲਈ ਖੋਹ ਲਿਆ ਸੀ।
ਯਾਦ ਤਾਂ ਕਰਦੇ ਹਾਂ ਅਸੀਂ ਉਸ ਮਿੱਤਰ ਪਿਆਰੇ ਨੂੰ ਤੇ ਸ਼ਰਧਾਂਜਲੀ ਵੀ ਭੇਂਟ ਕਰਦੇ ਹਾਂ, ਨਾਲ ਹੀ ਉਸਦੀਆਂ ਪਾਈਆਂ ਵਿਲੱਖਣ ਪਿਰਤਾਂ, ਕਾਗਜ਼ਾਂ ‘ਤੇ ਉਕਰੀਆਂ ਲਿਖਤਾਂ ਤੇ ਜ਼ੁਬਾਨ ‘ਚੋਂ ਕੱਢੇ ਜੁਝਾਰੂ ਬੋਲਾਂ ਦੀਆਂ ਭਾਵਨਾਵਾਂ ਉਪਰ ਅਮਲ ਕਰਦਿਆਂ ਮਿਹਨਤਕਸ਼ ਲੋਕਾਂ ਦੇ ਰਾਜ ਦੀ ਸਥਾਪਤੀ ਲਈ ਪੂਰਾ ਤਾਣ ਲਾਉਣ ਦੀ ਸੁਗੰਧ ਵੀ ਖਾਂਦੇ ਹਾਂ।
”ਹਵਾ ਮੇਂ ਰਹੇਂਗੀ ਮੇਰੇ ਖ਼ਿਆਲ ਕੀ ਬਿਜਲੀਆਂ
ਯੇ ਮੁਸ਼ਤੇ ਖ਼ਾਕ ਹੈ ਫ਼ਾਨੀ ਰਹੇ, ਰਹੇ ਨਾ ਰਹੇ।”

  • ਮੰਗਤ ਰਾਮ ਪਾਸਲਾ

ਕਿਰਤੀ ਲਹਿਰ ਦਾ ਅਣਥਕ ਯੋਧਾ ਸਾਥੀ ਸੁਖਦੇਵ ਸਿੰਘ ਬੜੀ
ਪੰਜਾਬ ਅੰਦਰ ਸਰਕਾਰੀ ਮੁਲਾਜ਼ਮਾਂ ਦੀ ਲੜਾਕੂ ਲਹਿਰ ਦੀ ਉਸਾਰੀ ਵਿਚ ਵਡਮੁੱਲੀ ਭੂਮਿਕਾ ਨਿਭਾਉਣ ਵਾਲੇ ਅਤੇ ਇਸ ਲਹਿਰ ਦੇ ਆਗੂਆਂ ਦੀ ਪਹਿਲੀ ਪਾਲ ਵਿਚ ਲੰਬੇ ਸਮੇਂ ਤੱਕ ਸਿਰਮੌਰ ਸਥਾਨ ‘ਤੇ ਸੁਸ਼ੋਭਿਤ ਰਹੇ ਨਿਧੱੜਕ ਆਗੂ ਸਾਥੀ ਸੁਖਦੇਵ ਸਿੰਘ ਬੜੀ ਸਾਨੂੰ ਸਦੀਵੀਂ ਵਿਛੋੜਾ ਦੇ ਗਏ ਹਨ। ਉਹ 79 ਵਰ੍ਹਿਆਂ ਦੇ ਸਨ। ਪਿਛਲੇ ਦਿਨੀਂ, ਅਚਾਨਕ ਹੀ, ਸਾਥੀ ਬੜੀ ਕੋਰੋਨਾ ਮਹਾਮਾਰੀ ਦੀ ਲਪੇਟ ਵਿਚ ਆ ਗਏ ਸਨ। ਪਰਿਵਾਰ ਅਤੇ ਮਿੱਤਰਾਂ-ਸਨੇਹੀਆਂ ਦੇ ਲੱਖ ਯਤਨਾਂ ਦੇ ਬਾਵਜੂਦ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ 5 ਜੂਨ ਨੂੰ ਸਵੇਰੇ ਉਨ੍ਹਾਂ ਨੇ ਡੀ. ਐੱਮ. ਸੀ. ਹਸਪਤਾਲ ਲੁਧਿਆਣਾ ਵਿਖੇ ਆਖਰੀ ਸਾਹ ਲਿਆ।
ਸਾਥੀ ਬੜੀ ਅਧਿਆਪਕਾਂ/ਮੁਲਾਜ਼ਮਾਂ ਦੇ ਇਕ ਨਿਰਵਿਵਾਦ ਉੱਚ ਕੋਟੀ ਦੇ ਆਗੂ ਤਾਂ ਸਨ ਹੀ, ਪਰ ਵਡੇਰਾ ਸੱਚ ਇਹ ਹੈ ਕਿ ਉਹ ਇਕ ਲੋਕ ਆਗੂ ਸਨ। ਕਿਰਤੀਆਂ ਦੀ ਬੰਦ ਖਲਾਸੀ ਦੀ ਵਿਚਾਰਧਾਰਾ, ਮਾਰਕਸੀ-ਲੈਨਿਨੀ ਫਲਸਫ਼ੇ ਤੋਂ ਸੇਧ ਲੈਂਦੀ ਕਮਿਊਨਿਸਟ ਲਹਿਰ ਦੇ ਥੰਮ੍ਹ ਸਨ। ਆਪ ਨੇ ਸੀ.ਪੀ.ਐਮ. ਪੰਜਾਬ ਦੀ ਕਾਇਮੀ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਹਰ ਕਿਸਮ ਦੀ ਬੇਇਨਸਾਫ਼ੀ ਅਤੇ ਜਬਰ ਖਿਲਾਫ਼ ਲੜੇ ਅਨੇਕਾਂ ਸ਼ਾਨਾਂਮੱਤੇ ਘੋਲਾਂ ਵਿਚ ਉਨ੍ਹਾਂ ਵਲੋਂ ਦਿੱਤੀ ਗਈ ਮਿਸਾਲੀ ਅਗਵਾਈ ਉਪਰੋਕਤ ਤੱਥ ਦੀ ਸ਼ਾਹਦੀ ਭਰਦੀ ਹੈ।
ਪਿਛਲੀ ਸਦੀ ਦੇ ਸੱਠਵਿਆਂ ਦੇ ਸ਼ੁਰੂ ਵਿਚ, ਅਧਿਆਪਕ ਵਜੋਂ ਨਿਯੁਕਤ ਹੁੰਦੇ ਸਾਰ ਹੀ, ਸਾਥੀ ਸੁਖਦੇਵ ਸਿੰਘ ਬੜੀ ਟਰੇਡ ਯੂਨੀਅਨ ਲਹਿਰ ਵਿਚ ਸਰਗਰਮ ਹੋ ਗਏ। ਛੇਤੀ ਹੀ ਉਹ, ਉਸ ਵੇਲੇ ਅਧਿਆਪਕ/ਮੁਲਾਜ਼ਮ ਲਹਿਰ ਨੂੰ ‘ਮੇਲ-ਮਿਲਾਪ’ ਦੇ ਕੁਰਾਹੇ ਤੋਂ ਮੁਕਤ ਕਰਵਾਉਣ ਅਤੇ ‘ਏਕਤਾ ਤੇ ਸੰਘਰਸ਼’ ਦੀ ਵਿਗਿਆਨਕ ਲੀਹ ‘ਤੇ ਜਥੇਬੰਦ ਕਰਨ ਲਈ ਸਾਥੀ ਤ੍ਰਿਲੋਚਨ ਸਿੰਘ ਰਾਣਾ ਤੇ ਹਰਕੰਵਲ ਸਿੰਘ ਦੀ ਅਗਵਾਈ ਹੇਠ ਆਰੰਭੇ ਜਾ ਚੁੱਕੇ ਘੋਲ ਨਾਲ ਜੁੜ ਗਏ। ਗੌਰਮਿੰਟ ਟੀਚਰ ਯੂਨੀਅਨ ਪੰਜਾਬ ਦੇ ਜ਼ਿਲੇ ਦੇ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਤਾਂ ਸਾਥੀ ਬੜੀ ਉਪਰੋਕਤ ਦਿਸ਼ਾ ਵਿਚ ਯਤਨਸ਼ੀਲ ਟੀਮ ਅੰਦਰ ਪਹਿਲੀ ਪਾਲ ਦੇ ਆਗੂਆਂ ਵਿਚ ਸ਼ੁਮਾਰ ਹੋ ਗਏ ਸਨ। ਸਾਥੀ ਬੜੀ ਦੀ ਸਿਧਾਂਤਕ ਪ੍ਰਪੱਕਤਾ, ਨਿਰਛਲਤਾ, ਨਿੱਡਰਤਾ ਅਤੇ ਸੁਹਿਰਦਤਾ ਸਦਕਾ ਹੀ ਉਹ ਜੀ. ਟੀ. ਯੂ. ਪੰਜਾਬ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਦੋਵੇਂ ਜਥੇਬੰਦੀਆਂ ਵਿਚ, ਸਾਥੀ ਰਾਣਾ ਜੀ ਦੇ ਉੱਤਰਾਅਧਿਕਾਰੀ ਵਜੋਂ ਸਥਾਪਿਤ ਹੋਏ। ਦੋਵਾਂ ਸੰਗਠਨਾਂ ਦੇ ਸੂਬਾਈ ਪ੍ਰਧਾਨ ਦੀਆਂ ਜ਼ਿੰਮੇਂਵਾਰੀਆਂ ਨਿਭਾਉਣ ਤੋਂ ਬਿਨਾਂ ਉਹ ਕੁੱਲ ਹਿੰਦ ਰਾਜ ਸਰਕਾਰੀ ਕਰਮਚਾਰੀ ਫੈਡਰੇਸ਼ਨ ਦੇ ਵਾਈਸ ਚੇਅਰਮੈਨ ਵੀ ਚੁਣੇ ਗਏ ਸਨ।
ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਵਾਸਤੇ ਸੁਹਿਰਦਤਾ ਸਹਿਤ ਉਨ੍ਹਾਂ ਦੀ ਬਾਂਹ ਫੜਨ ਅਤੇ ਹੱਕ-ਸੱਚ ਤੇ ਇਨਸਾਫ਼ ਦੀ ਪ੍ਰਾਪਤੀ ਲਈ ਡੱਟਵੀਂ ਪਹਿਰਾਬਰਦਾਰੀ ਕਰਨ ਕਰਕੇ ਸਰਕਾਰੀ ਅਧਿਆਪਕ ਹੁੰਦਿਆਂ ਵੀ ਉਹ, ਕਈ ਧਨਾਢ ਚੌਧਰੀਆਂ ਦੇ ਮੁਕਾਬਲੇ ਵਿਚ, ਕੋਆਪ੍ਰੇਟਿਵ ਸੋਸਾਇਟੀ ਦੇ ਡਾਇਰੈਕਟਰ ਚੁਣੇ ਗਏ ਸਨ। ਮਹਿਲ ਕਲਾਂ ਦੇ ਇਕ ਅਧਿਆਪਕ ਦੀ ਬੇਟੀ ਕਿਰਨਜੀਤ ਨਾਲ ਗੁੰਡਿਆਂ ਵੱਲੋਂ ਕੀਤੇ ਗਏ ਵਹਿਸ਼ਾਆਨਾ ਵਿਵਹਾਰ ਵਿਰੁੱਧ ਲੜੇ ਗਏ ਜਨਤਕ ਤੇ ਕਾਨੂੰਨੀ ਸੰਘਰਸ਼ ਵਿਚ ਅਤੇ ਕਈ ਹੋਰ ਸਥਾਨਕ ਸੰਘਰਸ਼ਾਂ ਵਿਚ ਸਾਥੀ ਸੁਖਦੇਵ ਸਿੰਘ ਬੜੀ ਨੇ ਜਾਨ ਦੀ ਬਾਜੀ ਲਾ ਕੇ ਪ੍ਰਭਾਵਸ਼ਾਲੀ ਅਗਵਾਈ ਦਿੱਤੀ ਜਿਹੜੀ ਕਿ ਹਮੇਸ਼ਾਂ ਲੋਕ-ਇਤਿਹਾਸ ਦਾ ਹਿੱਸਾ ਬਣੀ ਰਹੇਗੀ।
ਕਾਮਰੇਡ ਸੁਖਦੇਵ ਸਿੰਘ ਬੜੀ ਇਕ ਮਿਸਾਲੀ ਇਨਕਲਾਬੀ ਕਿਰਦਾਰ ਦੇ ਮਾਲਕ ਸਨ। ਹਰ ਪੱਖੋਂ ਬੇਦਾਗ਼, ਪੂਰੀ ਤਰ੍ਹਾਂ ਇਮਾਨਦਾਰ, ਕਿਰਤੀ ਜਨਸਮੂਹਾਂ ਦੇ ਹੱਕਾਂ-ਹਿੱਤਾਂ ਪ੍ਰਤੀ ਸੰਪੂਰਨ ਰੂਪ ਵਿਚ ਸੁਹਿਰਦ, ਸਪੱਸ਼ਟਵਾਦੀ ਅਤੇ ਕਹਿਣੀ ਤੇ ਕਰਨੀ ਦੇ ਪੂਰੇ।
ਇਹੋ ਕਾਰਨ ਹੈ ਕਿ ਕੋਰੋਨਾ ਪਾਬੰਦੀਆਂ ਦੇ ਬਾਵਜੂਦ ਭਾਰੀ ਗਿਣਤੀ ਲੋਕ ਉਨ੍ਹਾਂ ਨਮਿੱਤ ਸ਼ਰਧਾਂਜਲੀ ਸਮਾਗਮ ‘ਚ ਪੁੱਜੇ।
ਬੜੀ ਜੀ ਦੇ ਇਸ ਤਰ੍ਹਾਂ ਅਚਾਨਕ ਤੁਰ ਜਾਣ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਹੀ ਨਹੀਂ ਬਲਕਿ ਸਮਾਜਕ ਤਬਦੀਲੀ ਦੀ ਸਮੁੱਚੀ ਲਹਿਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਸਾਥੀ ਸਾਧਾ ਸਿੰਘ ਵਿਰਕ ਦਾ ਦੁਖਦਾਈ ਵਿਛੋੜਾ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ. ਆਈ.) ਦੀ ਬਰਨਾਲਾ ਜ਼ਿਲ੍ਹਾ ਕਮੇਟੀ ਦੇ ਮੈਂਬਰ ਸਾਥੀ ਸਾਧਾ ਸਿੰਘ ਵਿਰਕ ਵਾਸੀ ਵਜੀਦ ਕੇ ਖੁਰਦ ਸਦੀਵੀਂ ਵਿਛੋੜਾ ਦੇ ਗਏ ਹਨ। ਉਹ ਪਿਛਲੇ ਕੁੱਝ ਦਿਨਾਂ ਤੋਂ ਗੰਭੀਰ ਬੀਮਾਰ ਚੱਲੇ ਆ ਰਹੇ ਸਨ। ਕਿੱਤੇ ਵਜੋਂ ਅਧਿਆਪਕ ਰਹੇ ਸਾਥੀ ਸਾਧਾ ਸਿੰਘ ਵਿਰਕ ਨੇ ਗੌਰਮਿੰਟ ਟੀਚਰਜ਼ ਯੂਨੀਅਨ ਤੇ ਪ.ਸ.ਸ.ਫ. ਦੇ ਸੀਨੀਅਰ ਆਗੂ ਵਜੋਂ ਅਨੇਕਾਂ ਸ਼ਾਨਦਾਰ ਘੋਲਾਂ ‘ਚ ਮਿਸਾਲੀ ਯੋਗਦਾਨ ਪਾਇਆ। ਸੇਵਾ ਮੁਕਤੀ ਉਪਰੰਤ ਆਪ ਨੇ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਬਰਨਾਲਾ ਜ਼ਿਲ੍ਹਾ ਕਮੇਟੀ ਦੇ ਸਕੱਤਰ ਵਜੋਂ ਮਾਣ ਕਰਨ ਯੋਗ ਸੇਵਾਵਾਂ ਦਿੱਤੀਆਂ। ਸੀ.ਪੀ.ਐਮ. ਪੰਜਾਬ ਅਤੇ ਆਰ.ਐਮ.ਪੀ.ਆਈ. ਦੇ ਸੰਸਥਾਪਕ ਰਹੇ ਸਾਥੀ ਸਾਧਾ ਸਿੰਘ ਵਿਰਕ ਇੱਕ ਬੇਖੌਫ ਅਤੇ ਬੇਬਾਕ ਲੋਕ ਆਗੂ ਵਜੋਂ ਬੇਹੱਦ ਸਤਿਕਾਰੇ ਜਾਂਦੇ ਸਨ।

ਜਮਹੂਰੀ ਕਿਸਾਨ ਸਭਾ ਅਤੇ ਭਾਰਤੀ ਇੰਨਕਲਾਬੀ ਮਾਰਕਸਵਾਦੀ ਪਾਰਟੀ ਦੇ ਆਗੂ ਨਿਸ਼ਾਨ ਸਿੰਘ ਧਿਆਨਪੁਰ ਦੇ ਸਤਿਕਾਰਯੋਗ ਤਾਇਆ ਜੀ ਕਾਮਰੇਡ ਮਹਿੰਦਰ ਸਿੰਘ ਧਿਆਨਪੁਰ ਸਦੀਵੀ ਵਿਛੋੜਾ ਦੇ ਗਏ ਹਨ।

Scroll To Top