Now Reading
ਵ੍ਹਟਸਐਪ ਦੀ ਨਵੀਂ ਨੀਤੀ ਨਿੱਜਤਾ ਦੇ ਵਪਾਰ ਦੀ ਨਿਰਲੱਜ ਘਾੜਤ

ਵ੍ਹਟਸਐਪ ਦੀ ਨਵੀਂ ਨੀਤੀ ਨਿੱਜਤਾ ਦੇ ਵਪਾਰ ਦੀ ਨਿਰਲੱਜ ਘਾੜਤ

ਸੰਗੀਤ ਤੂਰ
ਸਾਡੇ ਪਿੰਡਾਂ ਚ ਪਹਿਲਾਂ ਅਸੀਂ ਖੁੰਢਾਂ ਤੇ ਬੈਠ ਕੇ ਆਪਣੀਆਂ ਨਿਜੀ, ਸਮਾਜਕ, ਆਰਥਕ, ਰਾਜਨੀਤਕ ਤੇ ਸੱਭਿਆਚਾਰਕ ਸਮੱਸਿਆਵਾਂ ਤੇ ਵਿਚਾਰ ਕਰਦੇ ਸਾਂ। ਪਰ ਅੱਜ ਦੇ ਆਧੁਨਿਕ ਖੁੰਢ ਜਾਂ ਚੌਂਕ ਇਹ ਫੇਸਬੁੱਕ, ਵ੍ਹੱਟਸਐਪ, ਟਵਿੱਟਰ, ਇੰਸਟਾਗ੍ਰਾਮ ਵਗੈਰਾ ਸੋਸ਼ਲ ਸਾਈਟਸ ਹਨ। ਜਦੋਂ ਅਸੀਂ ਫੇਸਬੁੱਕ ਅਤੇ ਵ੍ਹੱਟਸਐਪ ਤੇ ਸੁਨੇਹੇ ਭੇਜਣੇ, ਫੋਟੋਆਂ-ਵੀਡੀਓਜ਼ ਸਾਂਝੀਆਂ ਕਰਨੀਆਂ ਸ਼ੁਰੂ ਕੀਤੀਆਂ ਤਾਂ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਸਿਰਫ਼ ਇੰਟਰਨੈੱਟ ਡੈਟਾ ਚਾਹੀਦਾ ਸੀ, ਬਾਕੀ ਸਾਰਾ ਕੁਝ ਸਾਨੂੰ ਮੁਫਤ ਲੱਗ ਰਿਹਾ ਸੀ। ਇੱਥੋਂ ਤਕ ਕਿ ਅਸੀਂ ਬਾਹਰਲੇ ਦੇਸ਼ਾਂ ਚ ਬੈਠੇ ਆਪਣੇ ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਨਾਲ ਫੋਨ ਤੇ ਵੀ ਗੱਲਬਾਤ ਮੁਫਤ ਚ ਕਰ ਲੈਂਦੇ ਹਾਂ । ਕੀ ਇਹ ਸਾਰਾ ਕੁਝ ਸੱਚਮੁੱਚ ਮੁਫਤ ਸੀ ਜਾਂ ਹੈ ਜਾਂ ਅਸੀਂ ਸਭ ਨੇ ਇਸ ਦੀ ਕੋਈ ਨਿਜੀ, ਸਮਾਜਿਕ, ਵਿਚਾਰਧਾਰਕ ਜਾਂ ਰਾਜਨੀਤਕ ਕੀਮਤ ਚੁਕਾਈ ਹੈ ਅਤੇ ਅਜੇ ਹੋਰ ਕੀਮਤ ਵਸੂਲੇ ਜਾਣ ਲਈ ਪੂਰੇ ਉਪਰਾਲੇ ਹੋ ਰਹੇ ਹਨ?
ਵ੍ਹੱਟਸਐਪ ਨੇ ਨਵੀਂ ਨਿੱਜਤਾ ਨੀਤੀ ਲਿਆਂਦੀ ਅਤੇ ਵਰਤੋਂ ਕਰਨ ਵਾਲਿਆਂ ਨੂੰ ਪਹਿਲਾਂ 8 ਫਰਵਰੀ ਤਕ ਇਸ ਨੂੰ ਸਵੀਕਾਰ ਕਰਨ ਲਈ ਕਿਹਾ ਗਿਆ ਸੀ ਤੇ ਹੁਣ ਇਹ ਸਮਾਂ ਵਧਾ ਕੇ 15 ਮਈ ਤੱਕ ਕਰ ਦਿੱਤਾ ਹੈ । ਸਵੀਕਾਰ ਨਾ ਕਰਨ ਤੇ ਉਨ੍ਹਾਂ ਦੇ ਵ੍ਹੱਟਸਐਪ ਖਾਤੇ ਬੰਦ ਹੋ ਜਾਣਗੇ। ਇਸ ਨਵੀਂ ਨੀਤੀ ਜਾਂ ਬਦਨੀਤੀ ਦਾ ਇੰਨਾ ਮਾੜਾ ਅਸਰ ਹੋਇਆ ਕਿ ਵ੍ਹੱਟਸਐਪ ਵਰਤਣ ਵਾਲੇ 25% ਤੋਂ ਵੱਧ ਭਾਰਤੀ ਲੋਕਾਂ ਨੇ ਵ੍ਹੱਟਸਐਪ ਨੂੰ ਛੱਡ ਕੇ ਇਕ ਹੋਰ ਨਵੇਂ ਖੁੰਢ ਜਾਂ ਪਲੈਟਫਾਰਮ ‘ਸਿਗਨਲ’ ਨੂੰ ਚੁਣ ਲਿਆ ਹੈ। ਜਿਹੜਾ ਕਿ ਨਿੱਜਤਾ ਦਾ ਵੱਧ ਖਿਆਲ ਰੱਖਦਾ ਹੈ।


ਵ੍ਹੱਟਸਐਪ ਨੂੰ 2014 ਵਿੱਚ ਫੇਸਬੁੱਕ ਨੇ 22 ਅਰਬ ਅਮਰੀਕੀ ਡਾਲਰਾਂ ਵਿੱਚ ਖਰੀਦਿਆ ਸੀ ਤੇ ਹੁਣ ਇਸ ਨੂੰ ਦੋ ਅਰਬ ਤੋਂ ਵੱਧ ਲੋਕ ਵਰਤ ਰਹੇ ਹਨ ਤੇ ‘ਮਾਲਕ’ ਇਸ ਐਪਲੀਕੇਸ਼ਨ ਤੋਂ ਮੋਟੀ ਕਮਾਈ ਕਰਨੀ ਚਾਹੁੰਦਾ ਹੈ । ਸੰਨ 2016 ਵਿੱਚ ਵ੍ਹੱਟਸਐਪ ਬਣਾਉਣ ਵਾਲੇ ਦੋ ਵਿਅਕਤੀਆਂ ਚੋਂ ਇਕ ‘ਬ੍ਰਾਇਨ ਐਕਟਨ’ ਨੇ ਇਸ ਨੂੰ ਅਲਵਿਦਾ ਆਖ ਕੇ ਸਿਗਨਲ ਨਾਂ ਦਾ ਇਕ ਨਵਾਂ ਪਲੈਟਫਾਰਮ ਖੜ੍ਹਾ ਕਰ ਲਿਆ ਸੀ। ਇਸ ਪਿੱਛੇ ਉਸ ਦੀ ਦਲੀਲ ਸੀ ਕਿ ਫੇਸਬੁੱਕ ਆਪਣੇ ਗਾਹਕਾਂ ਦੇ ਨਿੱਜੀ ਡੈਟਾ ਨੂੰ ਆਪਣੇ ਫ਼ਾਇਦੇ ਲਈ ਵੇਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਵ੍ਹੱਟਸਐਪ ਉਸ ਨਿੱਜਤਾ ਨੀਤੀ ਨੂੰ ਬਦਲਣਾ ਚਾਹੁੰਦਾ ਹੈ ਜਿਸ ਵਿੱਚ ਜੇ ਕੋਈ ਵਿਅਕਤੀ ਕਿਸੇ ਵੀ ਵਪਾਰਕ ਅਦਾਰੇ ਨਾਲ ਕੋਈ ਵੀ ਕਿਸੇ ਤਰ੍ਹਾਂ ਦਾ ਸੰਪਰਕ ਕਰਦਾ ਹੈ ਤਾਂ ਅਜਿਹੀ ਗੱਲਬਾਤ ਜਾਂ ਸੰਪਰਕ ਨੂੰ ਉਸ ਅਦਾਰੇ ਬਾਰੇ ਫੇਸਬੁੱਕ ਉਸ ਗਾਹਕ ਅੱਗੇ ਵਾਰ-ਵਾਰ ਪਰੋਸ ਕੇ ਉਸ ਨੂੰ ਖਰੀਦੋ-ਫਰੋਖ਼ਤ ਲਈ ਉਕਸਾ ਕੇ ਉਸ ਅਦਾਰੇ ਤੋਂ ਕਮਾਈ ਕਰੇਗਾ। ਤੁਸੀਂ ਕਿਸੇ ਬ੍ਰਾਂਡ ਦੀ ਕੋਈ ਚੀਜ਼ ਖ਼ਰੀਦੀ ਤਾਂ ਤੁਹਾਡੇ ਅੱਗੇ ਹੋਰ ਬਰਾਂਡਾਂ ਦੀਆਂ ਉਸ ਵਰਗੀਆਂ ਹੋਰ ਚੀਜਾਂ ਪਰੋਸੀਆਂ ਜਾਣਗੀਆਂ। ਤੁਸੀਂ ਆਪਣੀ ਗੱਲਬਾਤ ਰਾਹੀਂ ਕਿਸੇ ਰਾਜਨੀਤਕ, ਵਿਚਾਰਧਾਰਕ ਜਾਂ ਧਾਰਮਿਕ ਭਾਵਨਾ ਦਾ ਪ੍ਰਗਟਾਵਾ ਕੀਤਾ ਤਾਂ ਹੋਰਾਂ ਅਜਿਹੀਆਂ ਭਾਵਨਾਵਾਂ ਨੂੰ ਤੁਹਾਡੇ ਨਾਲ ਸਾਂਝਾ ਕੀਤਾ ਜਾਵੇਗਾ । ਪਰ ਦੋ ਵਿਅਕਤੀਆਂ ਦੀ ਆਪਸੀ ਨਿੱਜੀ ਗੱਲਬਾਤ ਹਾਲੇ ਸਾਂਝੀ ਨਹੀਂ ਕੀਤੀ ਜਾਵੇਗੀ। ਇਹ ਗੱਲ ਜ਼ਰੂਰੀ ਨੋਟ ਕਰਨ ਵਾਲੀ ਹੈ ਕਿ ਕਿਸੇ ਵਿਅਕਤੀ ਦੀ ਨਿੱਜੀ ਜਾਣਕਾਰੀ ਜਿਵੇਂ ਉਸ ਦਾ ਨਾਮ, ਉਹ ਕਿਹੜੀ ਕੰਪਨੀ ਦਾ ਸਿਮ ਵਰਤ ਰਿਹਾ ਹੈ, ਉਹ ਕਿੱਥੇ ਮੌਜੂਦ ਹੈ ,ਉਸ ਦੇ ਕੋਲ ਉਸਦੇ ਫੋਨ ਜਾਂ ਕੰਪਿਊਟਰ ਦਾ ਆਈ ਪੀ ਐਡਰੈੱਸ ਜਿਸ ਤੋਂ ਉਸ ਦੇ ਕੰਪਿਊਟਰ ਜਾਂ ਫੋਨ ਦਾ ਥਾਂ ਟਿਕਾਣਾ ਪਤਾ ਚੱਲਦਾ ਹੋਵੇ ਅਤੇ ਉਸ ਦਾ ਐੱਮ ਏ ਸੀ ਭਾਵ ਮੀਡੀਆ ਐਕਸਚੇਂਜ ਐਡਰੈੱਸ ਤਾਂ ਵ੍ਹੱਟਸਐਪ ਪਹਿਲਾਂ ਹੀ ਫੇਸਬੁੱਕ ਨਾਲ ਸਾਂਝਾ ਕਰ ਚੁੱਕਾ ਹੈ। ਭਾਵ ਕਿ ਤੁਹਾਡੀਆਂ ਨਿੱਜੀ ਜਾਣਕਾਰੀਆਂ ਹੁਣ ਨਿੱਜੀ ਨਹੀਂ ਰਹੀਆਂ।

ਹੁਣ ਦੋ ਅਰਬ ਗਾਹਕਾਂ ਦੇ ਸਾਰੇ ਆਧਾਰ ਚੋਂ ਕਮਾਈ ਕਰਨ ਦੀ ਮੰਦਭਾਵਨਾ ਨਾਲ ਵ੍ਹੱਟਸਐਪ ਨੇ ਆਪਣੇ ਪਲੈਟਫਾਰਮ ਨੂੰ ਵਪਾਰ ਲਈ ਖੋਲ੍ਹਣ ਦਾ ਫੈਸਲਾ ਕਰ ਲਿਆ ਹੈ। ਇਹੀ ਉਹ ਥਾਂ ਹੈ ਜਿੱਥੋਂ ਕਮਾਈ ਹੋਵੇਗੀ। ਉੱਪਰੋਂ ਦੇਖਣ ਨੂੰ ਤਾਂ ਭਾਵੇਂ ਤੁਹਾਨੂੰ ਸਭ ਕੁਝ ਮੁਫਤੋ ਮੁਫਤ ਲੱਗਦਾ ਹੋਵੇ ਪਰ ਤੁਹਾਡੇ ਵਰਤੇ ਗਏ ਡੈਟਾ ਰਾਹੀਂ ਵ੍ਹੱਟਸਐਪ ਨੂੰ ਇਹ ਪਤਾ ਹੈ ਕਿ ਕਿਹੜੇ ਬਿਜਨਸ ਨੇ ਤੁਹਾਡੇ ਚੋਂ ਕਿਹੜੇ ਗਾਹਕਾਂ ਨੂੰ ਟਾਰਗੈੱਟ ਕਰਨਾ ਹੈ। ਆਪਣੇ ਆਪ ਨੂੰ ਅਤੇ ਦੂਜੇ ਕਾਰੋਬਾਰਾਂ ਨੂੰ ਮਾਲਾਮਾਲ ਕਰਨ ਲਈ ਵ੍ਹੱਟਸਐਪ ਨੇ ਤੁਹਾਡੇ ਬਾਰੇ ਹੋਰ ਫਾਲਤੂ ਨਿੱਜੀ ਜਾਣਕਾਰੀ ਜਿਵੇਂ ਤੁਹਾਡਾ ਆਮ ਵਰਤਾਓ ਕਿਹੋ ਜਿਹਾ ਹੈ ਤੇ ਤੁਸੀਂ ਹੋਰ ਕਿਹੜੇ-ਕਿਹੜੇ ਬਿਜਨਸ ਦੇ ਸੰਪਰਕ ‘ਚ ਹੋ, ਵੀ ਲੈਣ ਦਾ ਫੈਸਲਾ ਕਰ ਲਿਆ ਹੈ। ਯਾਦ ਰੱਖੋ ਕਿ ਇਨ੍ਹਾਂ ਪਲੈਟਫਾਰਮਾਂ ਦੀਆਂ ਕੰਪਨੀਆਂ ਲਈ ਅਜਿਹੇ ਗਾਹਕਾਂ ਦਾ ਡੈਟਾ ਸੋਨੇ ਦੀਆਂ ਖਾਣਾਂ ਵਾਂਗ ਹੈ ਅਤੇ ਇਹ ਡਾਟਾ ਵੇਚਿਆ ਜਾਂਦਾ ਹੈ।

ਫੇਸਬੁੱਕ ਅਤੇ ਵਟਸਐਪ ਦਾ ਕੰਮ ਸਿਰਫ਼ ਨਿੱਜੀ ਡੈਟਾ ਇਕੱਠਾ ਕਰਨਾ ਤੇ ਵੇਚਣਾ ਹੀ ਨਹੀਂ ਹੈ। ਇਹ ਇਸ ਤੋਂ ਕਿਤੇ ਵੱਡੇ ਵਰਤਾਰੇ ਦਾ ਹਿੱਸਾ ਹੈ ਜਿਸ ਨੂੰ ਜਾਸੂਸੀ ਪੂੰਜੀਵਾਦ ਕਿਹਾ ਜਾਂਦਾ ਹੈ । ਜਦੋਂ ਕਾਰਪੋਰੇਟ ਘਰਾਣੇ ਗਾਹਕਾਂ ਨੂੰ ਟਾਰਗੇਟ ਕਰਨ ਤੇ ਉਨ੍ਹਾਂ ਦੀਆਂ ਖਰੀਦ ਆਦਤਾਂ ਨੂੰ ਪ੍ਰਭਾਵਤ ਕਰਨ ਲਈ ਡੈਟਾ ਦੀ ਵਰਤੋਂ ਕਰਦੀਆਂ ਹਨ ਤਾਂ ਇਸ ਨੂੰ ਜਾਸੂਸੀ ਪੂੰਜੀਵਾਦ ਕਿਹਾ ਜਾਂਦਾ ਹੈ । ਕਈ ਨੇਸ਼ਨ, ਸਟੇਟਸ ਜਾਂ ਰਾਜ ਵੀ ਚੋਰ ਦਰਵਾਜ਼ੇ ਰਾਹੀਂ ਕਾਰਪੋਰੇਟ ਘਰਾਣਿਆਂ ਤੋਂ ਅਜਿਹਾ ਡੈਟਾ ਲੈਂਦੇ ਹਨ ਤਾਂ ਕਿ ਉਹ ਹੋਰ ਵੋਟਰਾਂ ਨੂੰ ਪ੍ਰਭਾਵਿਤ ਕਰ ਸਕਣ ਅਤੇ ਝੂਠੀਆਂ ਖ਼ਬਰਾਂ ਫੈਲਾ ਸਕਣ ਤੇ ਗਲਤ ਜਾਣਕਾਰੀਆਂ ਜੰਗਲ ਦੀ ਅੱਗ ਵਾਂਗ ਫੈਲਣ ਤਾਂ ਕਿ ਸਮਾਜਿਕ ਤਣਾਓ ਪੈਦਾ ਕਰ ਕੇ ਆਪਣੇ ਸੌੜੇ ਰਾਜਨੀਤਕ ਹਿੱਤ ਅੱਗੇ ਵਧਾਏ ਜਾ ਸਕਣ। ਇਸ ਤੋਂ ਇਲਾਵਾ ਰਾਜਨੀਤਿਕ ਕਾਰਕੁੰਨਾਂ ਤੇ ਵਿਰੋਧੀ ਆਗੂਆਂ ਦੀ ਸੋਸ਼ਲ ਮੀਡੀਆ ਰਾਹੀਂ ਜਾਸੂਸੀ ਕਰ ਕੇ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਸਕੇ ਤੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ। ਜੋ ਕੰਮ ਪਹਿਲਾਂ ਸਰਕਾਰੀ ਏਜੰਸੀਆਂ ਰਾਜਨੀਤਕ ਕਾਰਕੁਨਾਂ ਦੀਆਂ ਚਿੱਠੀਆਂ ਪੜ੍ਹ ਕੇ ਅਤੇ ਬਾਅਦ ਵਿੱਚ ਫੋਨ ਟੈਪ ਕਰਕੇ ਕਰਦੀਆਂ ਸਨ ਉਹ ਕੰਮ ਹੁਣ ਸੋਸਲ ਮੀਡੀਆ ਦੇ ਇਨ੍ਹਾਂ ਪਲੈਟਫਾਰਮਾਂ ਰਾਹੀਂ ਵੀ ਕੀਤਾ ਜਾਂਦਾ ਹੈ। ਪਿੱਛੇ ਅਸੀਂ ਪੜ੍ਹਿਆ ਸੀ ਕਿ ਭਾਰਤ ਦੀ ਫੇਸਬੁੱਕ ਦੀ ਇੰਚਾਰਜ ਰਹੀ ਮੈਡਮ ਅਣਖੀ ਦਾਸ ਨੇ ਨਫਰਤੀ ਪੋਸਟਾਂ ਦੀ ਹਨ੍ਹੇਰੀ ਲਿਆ ਰਹੇ ਨਫਰਤੀਆਂ ਵਿਰੁੱਧ ਕੁਝ ਕਰਨ ਦੀ ਬਜਾਏ ਆਰਐੱਸਐੱਸ-ਬੀਜੇਪੀ ਦੀ ਪਿੱਠ ਠੋਕੀ ਅਤੇ ਬੜਾ ਰੌਲਾ ਪੈਣ ਤੇ ਹੀ ਉਸ ਤੋਂ ਅਸਤੀਫਾ ਲਿਆ ਗਿਆ। ਇਹ ਵੀ ਅਸੀਂ ਜਾਣਦੇ ਹਾਂ ਕਿ ਫੇਸਬੁੱਕ ਤੇ ਜਾਅਲੀ ਆਈਡੀਜ ਬਣਾ ਕੇ ਫੇਕ ਪੋਸਟਾਂ ਤੇ ਵੀਡਿਓਜ਼ ਪਾਈਆਂ ਜਾਂਦੀਆਂ ਹਨ ਤੇ ਵਿਰੋਧੀਆਂ ਨੂੰ ਬਦਨਾਮ ਕੀਤਾ ਜਾਂਦਾ ਹੈ । ਇਸ ਕੰਮ ਵਿੱਚ ਬੀਜੇਪੀ ਦਾ ਆਈਟੀ ਸੈੱਲ ਬਹੁਤ ਬਦਨਾਮੀ ਖੱਟ ਚੁੱਕਾ ਹੈ। ਅਮਰੀਕਾ ਦਾ ਸਾਬਕਾ ਰਾਸਟਰਪਤੀ ਡੋਨਾਲਡ ਟਰੰਪ ਇਸ ਕੰਮ ਬਦਲੇ ਅਜਿਹੇ ਪਲੇਟਫਾਰਮਾਂ ਤੋਂ ਛੇਕਿਆ ਜਾ ਚੁੱਕਾ ਹੈ। ਕਿਉਂਕਿ ਅਮਰੀਕਾ ਦੇ ਆਮ ਲੋਕਾਂ ਨੇ ਇਨ੍ਹਾਂ ਵਿਰੁੱਧ ਝੰਡਾ ਚੁੱਕ ਲਿਆ ਸੀ। ਇਹ ਵੀ ਯਾਦ ਰੱਖੀਏ ਕਿ ਫੇਸਬੁੱਕ ਦੇ ਸੀਈਓ ਜ਼ੁਕਰਬਰਗ ਨੇ ਅਮਰੀਕਾ ਦੀ ਪਾਰਲੀਮੈਂਟ ਦੇ ਅੱਗੇ ਜਵਾਬ ਦੇ ਕੇ ਮੁਆਫੀ ਵੀ ਮੰਗੀ ਸੀ। ਕੈਂਬਰਿਜ ਐਨਾਲਿਟਿਕਾ ਵੱਲੋਂ ਰਾਜਨੀਤਕ ਦਖਲਅੰਦਾਜ਼ੀ ਵਿਰੁੱਧ ਬਹੁਤ ਵੱਡਾ ਖੁਲਾਸਾ ਹੋ ਚੁੱਕਿਆ ਹੈ ।

ਚਾਹੇ ਵ੍ਹੱਟਸਐਪ ਨੇ ਆਪਣੇ ਗਾਹਕਾਂ ਨੂੰ ਉਨ੍ਹਾਂ ਦੀ ਨਵੀਂ ਨਿੱਜਤਾ ਨੀਤੀ ਨੂੰ ਸਵੀਕਾਰ ਕਰਨ ਲਈ ਪੰਦਰਾਂ ਮਈ ਤੱਕ ਦਾ ਸਮਾਂ ਦੇ ਦਿੱਤਾ ਹੈ ,ਪਰ ਉਸ ਵੱਲੋਂ ਲਿਖਿਆ ਗਿਆ 8000 ਸ਼ਬਦਾਂ ਦ ਡਾਕੂਮੈਂਟ ਅਜਿਹਾ ਹੈ ਜਿਸ ਨੂੰ ਘੱਟ ਪੜ੍ਹੇ ਲਿਖੇ ਲੋਕਾਂ ਦੀ ਤਾਂ ਗੱਲ ਹੀ ਛੱਡੋ, ਚੰਗੇ ਪੜ੍ਹੇ ਲਿਖੇ ਲੋਕ ਵੀ ਪੜ੍ਹ ਕੇ ਸਮਝ ਸਕਣ ਤੋਂ ਅਸਮਰੱਥ ਹਨ। ਕਿਉਂਕਿ ਉਸ ਦੀ ਭਾਸ਼ਾ ਕਿਸੇ ਵੀ ਕਾਨੂੰਨੀ ਨੁਕਤਾ ਨਿਗਾਹ ਤੋਂ ਸਭ ਤੋਂ ਵੱਧ ਫ਼ਜ਼ੂਲ ਕਿਸਮ ਦੀ ਤੇ ਗੁੰਝਲਦਾਰ ਭਾਸ਼ਾ ਹੈ। ਭਾਰਤ ਦੀਆਂ ਸਾਰੀਆਂ ਖੱਬੀਆਂ, ਜਮਹੂਰੀ ਤੇ ਅਗਾਂਹਵਧੂ ਧਿਰਾਂ ਨੂੰ ਨਾ ਸਿਰਫ਼ ਪੂੰਜੀਵਾਦ ਤੋਂ ਬਚਾਅ ਲਈ, ਬਲਕਿ ਮੌਜੂਦਾ ਫਾਸ਼ੀਵਾਦੀ ਸਰਕਾਰ ਤੋਂ ਬਚਾਅ ਲਈ ਵੀ ਨਿੱਜੀ ਡੈਟਾ ਸੁਰੱਖਿਆ ਦੇ ਬਚਾਅ ਲਈ ਡਰਾਫਟ ਪੇਸ਼ ਕਰਨਾ ਚਾਹੀਦਾ ਹੈ ਤੇ ਇਸਨੂੰ ਪਾਸ ਕਰਾਉਣ ਲਈ ਪੂਰਾ ਦਬਾਉ ਬਨਾਉਣਾ ਚਾਹੀਦਾ ਹੈ ।

(ਖੱਬੇ ਪੱਖੀ ਕਾਰਕੁੰਨ, ਸੰਗੀਤ ਤੂਰ ਅਮਰੀਕਾ ਦੀ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਤੋਂ ਸਾਈਬਰ ਸਕਿਓਰਿਟੀ ਦੀ ਐੱਮਐੱਸਸੀ ਹੈ। ਉਨ੍ਹਾਂ ਦੇ ਲੇਖ ਅਕਸਰ ‘ਅੰਗਰੇਜੀ ਟ੍ਰਿਬਿਊਨ’, ‘ਦਾ ਵਾਇਰ’ ਅਤੇ ‘ਕਾਰਵਾਂ’ ‘ਚ ਛਪਦੇ ਹਨ।)

Scroll To Top