Now Reading
ਲੋਕ ਮਸਲੇ: ਅਖੌਤੀ ਉਦਯੋਗਿਕ ਕ੍ਰਾਂਤੀ ਤੇ ਇਲਾਕਾ ਬੀਤ ਦੀ ਤਬਾਹੀ

ਲੋਕ ਮਸਲੇ: ਅਖੌਤੀ ਉਦਯੋਗਿਕ ਕ੍ਰਾਂਤੀ ਤੇ ਇਲਾਕਾ ਬੀਤ ਦੀ ਤਬਾਹੀ

ਕਿਸੇ ਵੇਲੇ ਪਤਾ ਨਹੀਂ ਕਿਉਂ ਹਰ ਸ਼ੈਅ ਮਾਫ਼ੀਆ ਲੱਗਣ ਲੱਗ ਪੈਂਦੀ ਹੈ! ਗੱਲ ਕਰਦੇ ਹਾਂ ਉਦਯੋਗ ਮਾਫ਼ੀਏ ਦੀ। ਪਿੰਡ ਮਹਿੰਦਵਾਣੀ ਦੀ ਚਰਚਾ ਕਰੀਏ ਤਾਂ ਯਾਦ ਆਉਂਦਾ ਹੈ ਕਿ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਵਸਿਆ ਧਰਤੀ ਦਾ ਇਹ ਛੋਟਾ ਜਿਹਾ ਟੁਕੜਾ ਕਿਸੇ ਵੇਲੇ ਸਵਰਗ ਵਰਗੇ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਸੀ। ਪਿੰਡ ਵੱਲ ਨੂੰ ਪਹਾੜ (ਉੱਤਰ) ਵਲੋਂ ਸ਼ੁੱਧ ਤੇ ਠੰਡੀ ਹਵਾ ਦੇ ਬੁੱਲੇ ਆਉਂਦੇ ਹੁੰਦੇ ਸਨ। ਸਾਹ-ਦਮਾ, ਚਮੜੀ ਦੀਆਂ ਬੀਮਾਰੀਆਂ ਤੇ ਇਨਫੈਕਸ਼ਨ ਆਦਿ ਬਾਰੇ ਸੁਣਦੇ ਹੁੰਦੇ ਸਾਂ ਕਿ ਇਹ ਬਿਮਾਰੀਆਂ ਵੱਡੇ- ਵੱਡੇ ਉਦਯੋਗਿਕ ਸ਼ਹਿਰਾਂ ਵਿੱਚ ਹੁੰਦੀਆਂ ਹਨ। ਗਰਮੀਆਂ ਤੇ ਬਰਸਾਤਾਂ ਦੇ ਦਿਨਾਂ ਵਿੱਚ ਘਰੋਂ ਬਾਹਰ, ਰਾਤਾਂ ਨੂੰ ਘਰਾਂ ਦੇ ਵਿਹੜੇ ’ਚ ਜਾਂ ਘਰਾਂ ਦੀਆਂ ਛੱਤਾਂ ਤੇ ਸੌਣ ਦਾ ਨਜ਼ਾਰਾ ਹੀ ਵੱਖਰਾ ਹੁੰਦਾ ਸੀ। ਰਾਤ ਨੂੰ ਬਾਹਰ ਸੋਣਾ ਤੇ ਸਾਫ਼ ਆਕਾਸ਼ ਵਿੱਚ ਬੱਚਿਆਂ ਨੂੰ ਇੱਕ -ਇੱਕ ਤਾਰੇ ਬਾਰੇ ਦੱਸਣਾ ਕਿ ਕਿਸ ਤਾਰੇ ਦਾ ਕੀ ਮਹੱਤਵ ਹੈ। ਧੂੜ, ਧੁੰਏਂ ਤੇ ਕੈਮੀਕਲ ਦੀ ਦੁਰਗੰਧ ਤੋਂ ਰਹਿਤ ਇਹ ਪਿੰਡ ਕਿਸੇ ਸਵਰਗ ਤੋਂ ਘੱਟ ਨਹੀਂ ਸੀ। ਪਰ ਹੁਣ ਤਾਂ ਸੱਭ ਸੁਪਨਾ ਜਿਹਾ ਪ੍ਰਤੀਤ ਹੁੰਦਾ ਹੈ। ਵਕਤ ਬਦਲਿਆ ਤੇ ਕੁੱਝ ਕੁ ਸਾਲਾਂ ਵਿੱਚ ਹੀ ਇਹ ਪਿੰਡ ਸਵਰਗ ਤੋਂ ਕਦੋਂ ਨਰਕ ਵਿੱਚ ਬਦਲ ਕੇ ਅਣਕਿਆਸੇ ਤਸੀਹੇ ਭੋਗਣ ਲੱਗ ਪਿਆ ਪਤਾ ਹੀ ਨਾ ਲੱਗਿਆ।
ਪਿੰਡ ਦੇ ਬਸੀਮੇਂ ਤੋਂ ਹਿਮਾਚਲ ਪ੍ਰਦੇਸ਼ ਦੀ ਸ਼ੁਰੂਆਤ ਹੋ ਜਾਂਦੀ ਹੈ। ਦੁਨੀਆਂ ਲਈ ਤਾਂ ਹਿਮਾਚਲ ਪ੍ਰਦੇਸ਼ ਦੇਵ-ਭੂਮੀ ਹੈ ਪਰ ਮਹਿੰਦਵਾਣੀ ਪਿੰਡ ਲਈ ਇਹ ਨਰਕਾਂ ਦਾ ਕਾਰਣ ਸਿੱਧ ਹੋਈ ਹੈ।
ਇਹ ਪਿੰਡ ਪੰਜਾਬ ਵਿੱਚ ਆਉਂਦਾ ਹੈ ਤੇ ਇਥੇ ਕਾਨੂੰਨ ਦੀ ਵਣ ਧਾਰਾ 4 ਤੇ 5 ਲੱਗੀ ਹੋਈ ਹੈ, ਜਿਸ ਕਾਰਣ ਪਿੰਡ ਦੀ ਹਜ਼ਾਰਾਂ ਏਕੜ ਜ਼ਮੀਨ ਬੇਆਬਾਦ ਪਈ ਹੈ। ਇਸ ਜ਼ਮੀਨ ਤੇ ਸਿਰਫ਼ ਜੰਗਲਾਤ ਤੇ ਲੱਕੜ ਮਾਫ਼ੀਆ ਦਾ ਹੀ ਰਾਜ ਚੱਲਦਾ ਹੈ। 500 ਮੀਟਰ ਦੀ ਦੂਰੀ ਤੇ ਪੈਂਦੀ ਹਿਮਾਚਲ ਪ੍ਰਦੇਸ਼ ਦੀ ਹੱਦ ਤੋਂ ਕਾਨੂੰਨ ਦੀ ਇਹ ਧਾਰਾ ਖ਼ਤਮ ਹੋ ਜਾਂਦੀ ਹੈ ਤੇ ਇੱਥੋਂ ਇਹ ਇਲਾਕਾ ਇਕ ਪੂਰੀ ਤਰ੍ਹਾਂ ਨਾਲ ਉਦਯੋਗਿਕ ਤੇ ਸਟੋਨ ਕਰੈਸ਼ਰ ਮਾਫ਼ੀਏ ਦੀ ਬੈਲਟ ਦਾ ਰੂਪ ਵਟਾ ਲੈਂਦਾ ਹੈ। ਪਿੰਡ ਦੀਆਂ ਨਿਆਈਆਂ ਦੇ ਨਾਲ ਇੱਕ ਛੋਟੀ ਜਿਹੀ ਸਾਬਣ ਦੀ ਫੈਕਟਰੀ ਲੱਗੀ ਹੈ ਜਿਸ ਨੇ ਸਵਰਗਾਂ ਵਰਗੇ ਇਸ ਪਿੰਡ ਨੂੰ ਹਰ ਪੱਖੋਂ ਨਰਕ ਬਣਾ ਦਿੱਤਾ ਹੈ । 24+7 ਘੰਟੇ ਇਸ ਉਦਯੋਗ ਦਾ ਕਾਲਾ ਧੂੰਆਂ ਤੇ ਤਰ੍ਹਾਂ-ਤਰ੍ਹਾਂ ਦੇ ਕੈਮੀਕਲਜ਼ ਦੀ ਗੰਧ ਨੇ ਪਿੰਡ ਦੀ ਪੂਰੀ ਆਬਾਦੀ ਨੂੰ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਕਰ ਛੱਡਿਆ ਹੈ। ਹਰ ਘਰ ਵਿੱਚੋਂ ਰੋਜ਼ਾਨਾ ਲੱਗਭਗ 3 ਤੋਂ 4 ਕਿਲੋ ਤੱਕ ਫੈਕਟਰੀ ਦੀ ਧੂੜ ਡਸਟ ਨਿਕਲਦੀ ਹੈ ਤੇ ਇਸੇ ਧੂੜ ਨਾਲ ਘਰ ਖੰਡਰਾਂ ਵਰਗੇ ਜਾਪਦੇ ਹਨ। ਪੂਰੇ ਪੰਜਾਬ ਦੀ ਪਰਾਲੀ ਇਸੇ ਫ਼ੈਕਟਰੀ ਵਿੱਚ ਲਿਆ ਕੇ ਸਾੜੀ ਜਾਂਦੀ ਹੈ। ਇਸੇ ਧੂੰਏ ਤੇ ਕੈਮੀਕਲਜ਼ ਦੀ ਦੁਰਗੰਧ ਕਾਰਨ ਹਰ ਘਰ ਵਿੱਚ ਕੋਈ ਨਾ ਕੋਈ ਦਮੇ, ਦਿਲ ਦੀ ਬਿਮਾਰੀ, ਚਮੜੀ ਦੇ ਰੋਗ, ਸ਼ਰੀਰ ਵਿੱਚ ਇਨਫੈਕਸ਼ਨ ਅਤੇ ਹਾਈ ਬਲੱਡ ਪਰੈਸ਼ਰ ਆਦਿ ਰੋਗਾਂ ਤੋਂ ਪੀੜਤ ਹੈ। ਘਰਾਂ ਦੇ ਵਿਹੜਿਆਂ ਅੰਦਰ ਕੱਪੜੇ ਧੋ ਕੇ ਸੁਕਾਏ ਨਹੀਂ ਜਾ ਸਕਦੇ। ਇਸੇ ਤਰਾਂ ਹਿਮਾਚਲ ਦੇ ਸਟੋਨ ਕਰੈਸ਼ਰਾਂ ਤੋਂ ਪੈਦਾ ਹੁੰਦਾ ਸ਼ੋਰ (ਸਾਊਂਡ ਪ੍ਰਦੂਸ਼ਣ), ਲੋਕਾਂ ਲਈ ਜਾਨ ਦਾ ਅਜ਼ਾਬ ਬਣਿਆ ਹੋਇਆ ਹੈ। ਢੋਆ-ਢੁਆਈ ਲਈ ਵਰਤੇ ਜਾਂਦੇ ਹੈਵੀ ਟਿੱਪਰਾਂ ਕਰਕੇ ਸੜਕਾਂ ਪੂਰੀ ਤਰ੍ਹਾਂ ਨਾਲ ਟੁੱਟ ਚੁੱਕੀਆਂ ਹਨ। ਧੂੜ-ਮਿੱਟੀ ਉਡਾਉਂਦੇ ਇਹ ਟਿੱਪਰ 24 ਘੰਟੇ ਸੜਕ ਹਾਦਸਿਆਂ ਨੂੰ ਸੱਦਾ ਦੇ ਰੇਹੇ ਹਨ। ਫ਼ੈਕਟਰੀ ਦੇ ਤੇਲ ਨੁਮਾ ਤਰਲ ਨੂੰ ਗੱਡੀਆਂ ਵਾਲੇ ਬੀਤ ਦੀ ਮੇਨ ਸੜਕ ’ਤੇ ਰੋੜ੍ਹ ਦਿੰਦੇ ਹਨ ਜਿਸ ਕਾਰਨ ਸੜਕ ’ਤੇ ਹੋਈ ਤਿਲਕਣ ਦੀ ਵਜ੍ਹਾ ਨਾਲ ਪੂਰੇ ਇਲਾਕੇ ਦੇ ਲੋਕ ਹਾਦਸਿਆਂ ਦੇ ਸ਼ਿਕਾਰ ਹੋ ਰਹੇ ਨੇ ਤੇ ਪ੍ਰਸ਼ਾਸ਼ਨ ਸੱਭ ਕੁੱਝ ਦੇਖਦਾ ਹੋਇਆ ਵੀ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।
ਇਹਨਾਂ ਉਦਯੋਗਿਕ ਇਕਾਈਆਂ ਵਿੱਚ ਨਿਗੂਣੀਆਂ ਉਜ਼ਰਤਾਂ ਦੇਕੇ ਕਿਰਤੀਆਂ ਤੋਂ 12 -12 ਘੰਟੇ ਕੰਮ ਲਿਆ ਜਾਂਦਾ ਹੈ। ਜਿੱਥੇ ਪ੍ਰਦੂਸ਼ਣ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ਉੱਥੇ ਕਿਰਤ ਵਿਭਾਗ ਦਾ ਵੀ ਬਰਾਬਰ ਬੇੜਾ ਗਰਕ ਹੋਇਆ ਪਿਆ ਹੈ। ਜੋ ਇਨਸਾਨ ਆਪਣੇ ਜੀਵਨ ਦੇ ਤਿੰਨ ਸਾਲ ਇਸ ਫ਼ੈਕਟਰੀ ਦੀ ਸੇਵਾ ਕਰਦਾ ਹੈ ਉਸ ਨੂੰ ਉਜ਼ਰਤ ਸਿਰਫ਼ ਦੋ ਸਾਲ ਦੀ ਹੀ ਦਿੱਤੀ ਜਾਂਦੀ ਹੈ। ਉਸਦੇ ਇੱਕ ਸਾਲ ਦੀ ਉਜਰਤ ਫ਼ੈਕਟਰੀ ਮਾਲਕਾਂ ਲਈ ਫ਼ਰੀ ਹੁੰਦੀ ਹੈ, ਕਿਉਂਕਿ 12 ਘੰਟੇ ਕੰਮ ਕਰਵਾਕੇ ਦਿਹਾੜੀ ਸਿਰਫ਼ 8 ਘੰਟੇ ਦੀ ਹੀ ਦਿੱਤੀ ਜਾਂਦੀ ਹੈ।
ਪਰ ਅਣਜਾਣ ਤੇ ਮਜ਼ਬੂਰ ਦਿਹਾੜੀਦਾਰ ਖੁਸ਼ ਹਨ ਕਿਉਂਕਿ ਫ਼ੈਕਟਰੀ ਮਾਲਿਕ ਤੋਂ ਉਹਨਾਂ ਨੂੰ ਦੀਵਾਲੀ ਮੌਕੇ ਤੋਹਫ਼ੇ ਤੇ ਦੋ-ਚਾਰ ਹਜ਼ਾਰ ਰੁਪਏ ਦੀ ਮਾਲੀ ਮੱਦਦ ਮਿਲ ਜਾਂਦੀ ਹੈ। ਪਿੰਡ ਵਾਸੀ ਤੇ ਇਲਾਕੇ ਦੇ ਲੋਕ ਇਸ ਕਰਕੇ ਖੁਸ਼ ਹਨ ਕਿਉਂਕਿ ਪਿੰਡਾਂ ਵਿੱਚ ਛਿੰਝ ਮੇਲਿਆਂ ਤੇ ਟੂਰਨਾਮੈਂਟਾਂ ਲਈ ਫੰਡ ਤੇ ਕਦੇ-ਕਦਾਈਂ ਮੰਦਰਾਂ ਨੂੰ ਥੋੜ੍ਹਾ-ਬਹੁਤ ਚੜ੍ਹਾਵਾ ਮਿਲ ਜਾਂਦਾ ਹੈ।
ਪੰਚਾਇਤਾਂ ’ਤੇ ਇਨ੍ਹਾਂ ਗੱਲਾਂ ਕਰਕੇ ਹੀ ਦੱਬਦਬਾ ਬਣਿਆ ਹੋਇਆ ਹੈ ਇਹਨਾਂ ਉਦਯੋਗਪਤੀਆਂ ਦਾ। ਇਲਾਕੇ ਦੇ ਵਸਨੀਕਾਂ ਦਾ ਤਰਕ ਹੈ ਕੇ ਦੇਸ਼ ਦੀ ਤੱਰਕੀ ਤੇ ਲੋਕਾਂ ਦਾ ਰੁਜ਼ਗਾਰ ਇਸ ਨਾਲ ਜੁੜਿਆ ਹੋਇਆ ਹੈ। ਇਸੇ ਕਰਕੇ ਉਹ ਉਦਯੋਗਪਤੀਆਂ ਦੀ ਲੁੱਟ ਅਤੇ ਜ਼ਿਆਦਤੀਆਂ ਖਿਲਾਫ਼ ਖੜ੍ਹੇ ਹੋਣ ਦੀ ਬਜਾਇ ਉਲਟਾ ਸਗੋਂ ਉਦਯੋਗਪਤੀਆਂ ਦੀਆਂ ਮਨਮਾਨੀਆਂ ’ਤੇ ਉਂਗਲ ਧਰਨ ਵਾਲਿਆਂ ਨੂੰ ਹੀ ਦੋਸ਼ੀ ਠਹਿਰਾਉਂਦੇ ਹਨ। ਫੈਕਟਰੀ ਮਾਲਕਾਂ ਦੇ ਅੰਨ੍ਹੇ ਹਿਤੈਸ਼ੀਆਂ ਦਾ ਕਹਿਣਾ ਹੈ ਕਿ ਕਾਮਰੇਡਾਂ ਦਾ ਕੰਮ ਹੀ ਲੋਕਾਂ ਦਾ ਰੁਜ਼ਗਾਰ ਖੋਹਣਾ ਤੇ ਉਦਯੋਗਾਂ ਨੂੰ ਬੰਦ ਕਰਵਾਉਣਾ ਹੈ। ਪਿੰਡਾਂ ਦੇ ਕੁੱਝ ਘੜੱਮ ਚੌਧਰੀ, ਜਿੰਨਾ ਨੂੰ ਇਸ ਮਾਫ਼ੀਏ ਨੇ ਆਪਣੇ ਹੱਥ ਵਿੱਚ ਲਿਆ ਹੋਇਆ ਹੈ, ਆਪਣੇ ਪ੍ਰਚਾਰ- ਪ੍ਰਸਾਰ ਲਈ ਅਜਿਹੇ ‘ਅੰਧਭਗਤਾਂ’ ਨੂੰ ਖੂਬ ਵਰਤਦੇ ਹਨ। ਗਾਹੇ-ਬਗਾਹੇ ਇਹ ਮਾਫ਼ੀਆ ਇਹਨਾਂ ਦੀ ਕੋਈ ਵਗਾਰ ਪੂਰੀ ਕਰ ਦਿੰਦੇ ਹਨ ਤੇ ਇਹਨਾਂ ਨੂੰ ਕਾਣੇ ਕਰ ਕੇ ਹਮੇਸ਼ਾ ਆਪਣੇ ਪੱਖ ਵਿੱਚ ਭੁਗਤਾਉਂਦੇ ਹਨ। ਇਸ ਮਾਫ਼ੀਏ ਨੇ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਪੁਲਿਸ ਅਤੇ ਪ੍ਰਸ਼ਾਸ਼ਨ ਦੇ ਕੁੱਝ ਅਧਿਕਾਰੀਆਂ ਤੇ ਟੁੱਕਰਬੋਚ ਕਰਮਚਾਰੀਆਂ ਨੂੰ ਵੀ ਕਮਿਸ਼ਨ ਤੇ ਤੋਹਫ਼ੇ ਦੇ ਕੇ ਆਪਣੇ ਨਾਲ ਗੰਢਿਆ ਹੋਇਆ ਹੈ।
ਉਕਤ ਸਮੱਸਿਆਵਾਂ ਦਾ ਹੱਲ ਤਾਂ ਹੀ ਹੋ ਸਕਦਾ ਹੈ ਜੇ ਲੋਕ ਲਾਲ ਝੰਡੇ ਦੀ ਅਗਵਾਈ ਵਿੱਚ ਲਾਮਬੰਦ ਹੋਕੇ ਸੰਘਰਸ਼ਾਂ ਦੇ ਰਾਹ ਪੈਣ।
‘ਨਹੀਂ ਤਾਂ ਜਿੱਥੇ ਪਿੰਡਾਂ ਦਾ ਬੱਗ ,ਉਥੇ ਬੁੱਢੀ ਦੀ ਵੱਛੀ।’
ਦਵਿੰਦਰ ਰਾਣਾ, ਮਹਿੰਦਵਾਣੀ

Scroll To Top