ਸਤਨਾਮ ਚਾਨਾ
ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿੱਲਾਂ ਨੇ ਦੇਸ਼ ਦੇ ਸਿਆਸੀ ਵਾਤਾਵਰਣ ਵਿਚ ਸਿਫਤੀ ਪਰਿਵਰਤਨ ਕਰ ਦਿੱਤਾ ਹੈ। ਕਿਸਾਨਾਂ ਅੰਦਰ ਗੁੱਸੇ ਦੀ ਲਹਿਰ ਹੈ ਅਤੇ ਉਨ੍ਹਾਂ ਨੇ ਚਾਰੇ ਪਾਸੇ ਤੋਂ ਦਿੱਲੀ ਘੇਰਕੇ ਨਾਕਾਬੰਦੀ ਕਰ ਦਿੱਤੀ ਹੈ। ਕਿਸਾਨ ਇਨ੍ਹਾਂ ਬਿੱਲਾਂ ਨੂੰ ਆਪਣੀ ਮੌਤ ਦੇ ਵਰੰਟ ਮੰਨਦੇ ਹਨ ਤੇ ਇਨ੍ਹਾ ਨੂੰ ਕਾਲੇ ਕਨੂੰਨ ਕਹਿੰਦੇ ਹਨ ਅਤੇ ਇਨ੍ਹਾਂ ਨੂੰ ਰੱਦ ਕਰਨ ਦੀ ਮੰਗ ਕਰਦੇ ਹਨ। ਇਸ ਨੇ ਸਰਕਾਰ ਅਤੇ ਕਿਸਾਨੀ ਨੂੰ ਆਰ-ਪਾਰ ਦੀ ਲੜਾਈ ਵਿਚ ਝੋਕ ਦਿੱਤਾ ਹੈ। ਅੰਦੋਲਨ ਦੇ ਭਖਣ ਤੋਂ ਪਹਿਲਾਂ, ਜਿੰਨੀ ਦੇਰ ਆਮ ਲੋਕਾਂ ਸਾਹਮਣੇ ਇਸ ਦੀਆਂ ਮੱਦਾਂ ਦੀ ਚੀਰਫਾੜ ਨਹੀਂ ਸੀ ਹੋਈ ਓਨੀ ਦੇਰ ਇਹ ਅੰਦੋਲਨ ਕਿਸਾਨਾਂ ਤੱਕ ਹੀ ਸੀਮਤ ਸੀ। ਪਰ ਹੁਣ ਇਸ ਵਿਚ ਅਮ ਲੋਕ ਵੀ ਕੁੱਦ ਪਏ ਹਨ। ਉਹ ਪੰਜਾਬੀਆਂ ਤੋਂ ਕੁਰਬਾਨ ਜਾਂਦੇ ਹਨ ਜਿਨ੍ਹਾਂ ਨੇ ਇਸ ਅੰਦੋਲਨ ਦੀ ਪਹਿਲ ਕਰਕੇ ਸਾਰੇ ਦੇਸ਼ ਦੇ ਕਿਸਾਨਾਂ ਨੂੰ ਜਗਾਇਆ ਹੈ। ਪੰਜਾਬ ਤੋਂ ਬਾਅਦ ਤੇਜ਼ੀ ਨਾਲ ਉੱਠਣ ਵਾਲਾ ਦੂਜਾ ਰਾਜ ਹਰਿਆਣਾ ਸੀ, ਜਿਸਨੇ ਪੰਜਾਬ ਨੂੰ ਆਪਣਾ ਵੱਡਾ ਭਰਾ ਹੋਣ ਦਾ ਰੁਤਬਾ ਦੇ ਕੇ ਇਸ ਆਰ ਜਾਂ ਪਾਰ ਦੀ ਲੜਾਈ ਵਿਚ ਛਲਾਂਗ ਲਗਾਈ। ਇਸ ਉਪਰੰਤ ਯੂ ਪੀ ਤੇ ਰਾਜਸਥਾਨ ਸਮੇਤ ਦੂਜੇ ਕਈ ਰਾਜਾਂ ਦੇ ਕਿਸਾਨ ਦਿੱਲੀ ਵੱਲ ਧਾਅ ਪਏ ਅਤੇ ਹੁਣ ਇਹ ‘ਨਿੱਘੀ ਹਵਾ’ ਦੇਸ਼ ਦੇ ਸਾਰੇ ਕਿਸਾਨਾਂ ਵਿਚ ਰੁਮਕ ਪਈ ਹੈ। ਦਿੱਲੀ ਦੀਆਂ ਹੱਦਾਂ ਉੱਤੇ ਮਾਹੌਲ ਬੇਯਕੀਨੀ ਅਤੇ ਤਣਾਓ ਵਲਾ ਬਣੇ ਰਹਿਣ ਦੇ ਬਾਵਜੂਦ ਅੰਦੋਲਨ ਮਾਨਵਤਾ, ਭਰੱਪਣ ਅਤੇ ਬਹਾਦਰੀ ਦੇ ਮੇਲੇ ਵਿਚ ਬਦਲ ਗਿਆ ਹੈ। ‘ਜਿੱਤ ਜਾਂ ਮੌਤ’ ਦੀਆਂ ਆਵਾਜ਼ਾਂ ਗੂੰਜ ਰਹੀਆਂ ਹਨ। ਇੰਝ ਲਗਦਾ ਹੈ ਜਿਵੇਂ ਇੰਨਕਲਾਬ ਪੈਦਲ ਤੁਰਿਆ ਫਿਰਦਾ ਹੈ। ਮਹੱਤਵਪੂਰਨ ਇਹ ਨਹੀਂ ਰਹਿ ਗਿਆ ਕਿ ਇਸ ਦਾ ਅੰਤਮ ਨਤੀਜਾ ਕੀ ਨਿਕਲੇਗਾ, ਮਹੱਤਵਪੂਰਨ ਇਹ ਹੋ ਗਿਆ ਹੈ ਕਿ ਦਿੱਲੀ ਦਾ ਬਾਰਡਰ ਕਿਹੋ ਜਹੇ ਇਤਿਹਾਸ ਦੀ ਰਚਨਾ ਕਰ ਰਿਹਾ ਹੈ। ਖਾਸ ਕਰਕੇ ਸਿੰਘੂ ਬਾਰਡਰ, ਜਿੱਥੇ ਇਸ ਲੋਕ ਸੰਘਰਸ਼ ਦੇ ਸਾਰੇ ਲੱਛਣ ਵਿਦਮਾਨ ਹਨ, ਜੋ ਅੰਦੋਲਨ ਦੀ ਸ਼ਕਤੀ ਦਾ ਧੁਰਾ ਹੈ। ਤਾਂ ਵੀ ਪ੍ਰਸ਼ਨ ਇਹ ਹੈ ਕਿ ਇਸ ਅੰਦੋਲਨ ਦੀਆਂ ਵਿਲੱਖਣਤਾਵਾਂ ਦਾ ਜਾਇਜ਼ਾ ਲੈਣ ਲਈ, ਕੀ ਸਾਨੂੰ ਇਸਦੇ ਅੰਤਮ ਨਤੀਜੇ ਦੀ ਉਡੀਕ ਕਰਨੀ ਪਵੇਗੀ ? ਕੀ ਸੰਘਰਸ਼ ਦਾ ਸਿੱਟਾ ਜਿੱਤ ਜਾਂ ਹਾਰ ਹੀ ਹੁੰਦਾ ਹੈ ਜਾਂ ਇਸ ਤੋਂ ਬਿਨਾਂ ਵੀ ਸਮਾਜ ਅਤੇ ਵਿਵਸਥਾ ਉੱਪਰ ਅਮਿੱਟ ਪ੍ਰਭਾਵ ਅਤੇ ਸਦੀਵੀਂ ਸਬਕ ਛੱਡਣ ਵਾਲਾ ਵੀ ਹੁੰਦਾ ਹੈ ? ਇਸ ਨੂੰ ਜਾਣੇ ਬਿਨਾਂ ਸਾਡੀ ਸਮਝ ਅਧੂਰੀ ਹੀ ਹੈ।
ਆਓ, ਪੂਰਾ ਸੱਚ ਜਾਨਣ ਦਾ ਯਤਨ ਕਰੀਏ। ਬੀਤੇ ਵਿਚ ਅੰਦੋਲਨ ਉੱਠਦੇ ਹੀ ਰਹੇ ਹਨ । ਭਾਰਤ ਵਿਚ ਹੀ ਨਹੀਂ ਸਗੋਂ ਦੁਨੀਆਂ ਦੇ ਦੂਜੇ ਭਾਗਾਂ ਵਿਚ ਵੀ । ਪਰ ਇਤਿਹਾਸ ਨੂੰ ਫੈਸਲਾਕੁੰਨ ਮੋੜ ਦੇਣ ਵਾਲੇ ਅੰਦੋਲਨਾ ਦੀ ਗਿਣਤੀ ਜ਼ਿਆਦਾ ਨਹੀਂ ਹੈ ਜਿਨ੍ਹਾਂ ਨੇ ਭਵਿੱਖ ਦੇ ਨਿਰਮਾਣ ਲਈ ਜੁਗਤ ਅਤੇ ਸੂਝ ਦਾ ਖਜ਼ਾਨਾ ਭਰਪੂਰ ਕੀਤਾ ਹੋਵੇ । ਇਤਿਹਾਸ ਨੇ ਉਨਾਂ ਸੰਘਰਸ਼ਾਂ ਦੀ ਦੇਣ ਨੂੰ ਕੇਵਲ ਜਿੱਤ ਜਾਂ ਹਾਰ ਦੇ ਸਿੱਟਿਆਂ ਦੀ ਰੌਸ਼ਨੀ ਵਿਚ ਹੀ ਨਹੀਂ ਪਰਖਿਆ । ਹਰ ਅੰਦੋਲਨ ਜਿੱਤ ਨਾਲ ਹੀ ਸੰਪੰਨ ਨਹੀਂ ਹੁੰਦਾ । ਕਦੇ-ਕਦੇ ਸਿੱਟਾ ਤਾਂ ਬੁਰੀ ਤਰ੍ਹਾਂ ਕੁਚਲੇ ਜਾਣ ਵਿਚ ਵੀ ਨਿਕਲਦਾ ਹੈ । ਪਰ ਇਸ ਤੱਥ ਦਾ ਮਹੱਤਵ ਘੱਟ ਨਹੀ ਜਾਂਦਾ ਕਿ ਅੰਦੋਲਨ ਨੇ ਭਵਿੱਖ ਨੂੰ ਕੀ ਦਿਸ਼ਾ ਨਿਰਦੇਸ਼ ਦਿੱਤਾ । ਵਰਤਮਾਨ ਕਿਸਾਨ ਅੰਦੋਲਨ ਦੀ ਜਿੱਤ ਭਾਵੇਂ ਯਕੀਨੀ ਪ੍ਰਤੀਤ ਹੁੰਦੀ ਹੈ, ਪਰ ਇਹ ਆਪਣੀਆਂ ਅਨੇਕਾਂ ਵਿਲੱਖਣਤਾਵਾਂ ਕਾਰਨ ਪਹਿਲਾਂ ਹੀ ਵਿਸ਼ਵ ਦੇ ਗਿਣੇ-ਚੁਣੇ ਅੰਦੋਲਨਾ ਵਿੱਚੋਂ ਇਕ ਬਣ ਚੁੱਕਾ ਹੈ । ਇਸ ਨੇ ਅਨੇਕਾਂ ਹੀ ਲਾਮਿਸਾਲ ਨਿਚੋੜ ਵਿਸ਼ਵ ਅੱਗੇ ਪੇਸ਼ ਕਰ ਦਿੱਤੇ ਹਨ । ਆਪਣੀ ਅੰਤਮ ਮੰਜ਼ਿਲ ‘ਤੇ ਪਹੁੰਚਣ ਤੋਂ ਪਹਿਲਾਂ ਹੀ ਇਸਨੇ ਇਤਿਹਾਸ ਦੇ ਕਈ ਸੁਨਿਹਰੇ ਅਧਿਆਏ ਰਚ ਦਿੱਤੇ ਹਨ, ਜੋ ਮਾਣ ਇਸ ਤੋਂ ਪਹਿਲਾਂ ਵਾਲੇ ਸੰਘਰਸ਼ਾਂ ਦੇ ਹਿੱਸੇ ਨਹੀਂ ਆਇਆ। ਇਨ੍ਹਾਂ ਸੁਨਿਹਰੇ ਅਧਿਆਵਾਂ ਦਾ ਮਹੱਤਵ ਅੰਦੋਲਨ ਦੇ ਨਿਕਲਣ ਵਾਲੇ ਅੰਤਮ ਸਿੱਟਿਆਂ ਤੋਂ ਪਹਿਲਾਂ ਹੀ ਸਥਾਪਤ ਹੋ ਗਿਆ ਹੈ
ਵਰਤਮਾਨ ਕਿਸਾਨ ਅੰਦੋਲਨ ਕਿਸੇ ਵਿਸ਼ੇਸ਼ ਰਾਜਨੀਤਕ ਰੁਝਾਨ ਦਾ ਸਿੱਟਾ ਨਹੀਂ ਹੈ, ਭਾਵੇਂ ਕਿ ਇਸਦੇ ਆਗੂ ਵੱਖ-ਵੱਖ ਰਾਜਨੀਤਕ ਵਿਚਾਰਾਂ ਤੋਂ ਪ੍ਰਭਾਵਤ ਹਨ। ਫਿਰ ਵੀ ਅੰਦੋਲਨ ਦੇ ਉਦੇਸ਼ ਅਤੇ ਜੁਗਤ ਬਾਰੇ ਉਨ੍ਹਾਂ ਨੇਤਾਵਾਂ ਵਿਚ ਰੱਤੀ ਭਰ ਵੀ ਮੱਤਭੇਦ ਨਹੀਂ। ਇਸਦਾ ਇੱਕੋ-ਇੱਕ ਕਾਰਨ ਖੁਦ ਸੰਘਰਸ਼ ਹੀ ਹੈ। ਇਸ ਨੇ ਸਾਡੇ ਅੰਦਰ ਇਹ ਜਾਨਣ ਦੀ ਉਤਸੁਕਤਾ ਪੈਦਾ ਕਰ ਦਿੱਤੀ ਹੈ ਕਿ ਆਖਰਕਾਰ ਸੰਘਰਸ਼, ਆਪਣੇ ਆਪ ਵਿਚ ਹੈ ਕੀ ? ਨਿਰਸੰਦੇਹ ਇਸ ਦੀ ਚਾਲਕ ਸ਼ਕਤੀ ਕੋਈ ਆਗੂ ਜਾਂ ਆਗੂਆਂ ਦਾ ਸਮੂਹ ਨਹੀਂ ਜੋ ਇਸ ਨੂੰ ਸੰਗਠਤ ਕਰ ਰਿਹਾ ਹੈ ਸਗੋਂ ਇਕ ਵਿਸ਼ੇਸ਼ ਸਭਿਆਚਾਰ ਹੈ, ਜੋ ਵਿਸ਼ੇਸ਼ ਵਿਚਾਰਧਾਰਾ ਉੱਪਰ ਉਸਰਿਆ ਹੋਇਆ ਹੈ। ਇਹ ਕਿਸਾਨ ਅੰਦੋਲਨ, ਜੋ ਹੁਣ ਲੋਕ ਅੰਦੋਲਨ ਬਣ ਚੁਕਾ ਹੈ, ਆਪਣੇ ਆਕਾਰ ਅਤੇ ਲੱਛਣਾਂ ਪੱਖੋਂ ਕਿਸੇ ਵੀ ਹੋਰ ਅੰਦੋਲਨ ਨਾਲ ਮੇਲ ਨਹੀਂ ਖਾਂਦਾ। ਇਹ ਅੰਦੋਲਨ ਨੇੜ ਭਵਿੱਖ ਦੇ ਕਿਸੇ ਵੱਡੇ ਸਮਾਜੀ ਪਰਿਵਰਤਨ ਅਤੇ ਵਿਵਸਥਾ ਬਦਲਾਓ ਦਾ ਸੁਨੇਹਾ ਹੈ। ਇਹ ਕੋਈ ਅਤਿ ਕਥਨੀ ਜਾਂ ਭਾਵਕ ਨਿਚੋੜ ਨਹੀਂ। ਇਸ ਦੀ ਸਾਰਥਕਤਾ ਲੱਭਣ ਦਾ ਯਤਨ ਕਰਾਂਗੇ।
ਭਾਰਤ ਵਿਚ, ਇਸ ਤੋਂ ਪਹਿਲਾਂ ਆਪ ਮੁਹਾਰਾ ਕਿਸਾਨੀ ਅੰਦੋਲਨ, 1907 ਵਿਚ ਬਰਤਾਨਵੀ ਸਾਮਰਾਜ ਵਿਰੁੱਧ ਉੱਠਿਆ ਸੀ ਜਿਸਦਾ ਆਗੂ ਭਗਤ ਸਿੰਘ ਦਾ ਚਾਚਾ ਸਰਦਾਰ ਅਜੀਤ ਸਿੰਘ ਸੀ ਅਤੇ ਜੋ ‘ਪਗੜੀ ਸੰਭਾਲ ਜੱਟਾ ਲਹਿਰ’ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ। ਇਹ ਅੰਦੋਲਨ ਨੌ ਮਹੀਨੇ ਨਿਰੰਤਰ ਚੱਲਣ ਉਪਰੰਤ ਆਪਣੇ ਫੌਰੀ ਉਦੇਸ਼ ਨੂੰ ਪ੍ਰਾਪਤ ਕਰਨ ਵਿਚ ਤਾਂ ਸਫਲ ਰਿਹਾ ਹੀ, ਪਰ ਇਸਨੇ ਅਜਿਹੇ ਲੋਕ ਉਭਾਰ ਦੀ ਨਿਰੰਤਰਤਾ ਦਾ ਮੁੱਢ ਵੀ ਬੰਨਿਆ ਸੀ ਜਿਹੜਾ ਬਰਤਾਨਵੀ ਸਾਮਰਾਜ ਦੀ ਜੜ੍ਹ ਉਖਾੜ ਸੁੱਟਣ ਦਾ ਕਾਰਨ ਬਣ ਗਿਆ। ਉਸ ਸਮੇਂ ਵੀ ਬਰਤਾਨਵੀ ਸਾਮਰਾਜ ਨੇ ਕਿਸਾਨ ਵਿਰੋਧੀ ਤਿੰਨ ਬਿੱਲ ਹੀ ਲਿਆਂਦੇ ਸਨ ਜਿੰਨ੍ਹਾਂ ਨੇ ਸਾਮਰਾਜੀ ਗੁਲਾਮੀ ਦੀ ਮੌਤ ਦਾ ਅਲਾਰਮ ਸੈੱਟ ਕਰ ਦਿੱਤਾ ਸੀ। ‘ਪਗੜੀ ਸੰਭਾਲ ਜੱਟਾ’ ਲਹਿਰ ਦੀ ਜਿੱਤ ਨੇ ਲੋਕਾਂ ਦੇ ਹੌਸਲੇ ਬੁਲੰਦ ਕਰ ਦਿੱਤੇ ਅਤੇ ਸੰਘਰਸ਼ ਦੀ ਊਰਜਾ ਨੂੰ ਜਰ੍ਹਬਾਂ ਦੇ ਦਿੱਤੀਆਂ। ਸੰਘਰਸ਼ ਦਾ ਇਹ ਹੀ ਵਿਗਿਆਨ ਹੈ। ਦਿੱਲੀ ਬਾਰਡਰ ਤੇ ਪਹੁੰਚੇ ਕਿਸਾਨ ਅੰਦੋਲਨ ਦਾ ਫੌਰੀ ਉਦੇਸ਼ ਤਾਂ ਹੈ ਪਰ ਇਸ ਦੇ ਲੱਛਣ ‘ਪਗੜੀ ਸੰਭਾਲ ਜੱਟਾ’ ਲਹਿਰ ਨਾਲ ਇੰਨ-ਬਿੰਨ ਨਹੀਂ ਮਿਲਦੇ। ਇਸ ਦੀਆ ਅਨੇਕਾਂ ਹੀ ਭਿੰਨਤਾਵਾਂ ਹਨ। ਇਸਨੇ ਅਨੇਕਾਂ ਹੀ ਵਿਲੱਖਣਤਾਵਾਂ ਉਭਾਰੀਆਂ ਹਨ ਜਿਨ੍ਹਾਂ ਬਾਰੇ ਅੰਦੋਲਨਕਾਰੀਆਂ ਨੇ ਸੁਪਨਾ ਵੀ ਨਹੀਂ ਲਿਆ ਹੋਣਾ। ਅੰਦੋਲਨ ਜਿਉਂ-ਜਿਉਂ ਅੱਗੇ ਵਧ ਰਿਹਾ ਹੈ, ਆਪਣੀ ਰਣਨੀਤੀ ਅਤੇ ਰਾਹ ਆਪਣੇ ਆਪ ਬਣਾਉਂਦਾ ਜਾਂਦਾ ਹੈ ।
ਕਿਸਾਨ ਅੰਦੋਲਨ ਜਿੰਨੀ ਦੇਰ ਦਿੱਲੀ ਦੇ ਦਰਾਂ ਤੱਕ ਨਹੀਂ ਸੀ ਪੁੱਜਾ ਓਨੀ ਦੇਰ ਇਹ ਕਿਸਾਨੀ ਤੱਕ ਹੀ ਸਿਮਟਿਆ, ਬਾਕੀ ਅੰਦੋਲਨਾ ਵਾਂਗ ਇਕ ਹੋਰ ਆਰਥਿਕ ਅੰਦੋਲਨ ਹੀ ਪ੍ਰਤੀਤ ਹੁੰਦਾ ਸੀ। ਰੇਲ ਪਟੜੀਆਂ ‘ਤੇ ਬੈਠੇ ਕਿਸਾਨ ਜਦੋਂ ਇਸਨੂੰ ਆਪਣੀ ਹੋਂਦ ਦੀ ਲੜਾਈ ਕਹਿ ਰਹੇ ਸਨ ਤਾਂ ਸਮਝਿਆ ਜਾ ਰਿਹਾ ਸੀ ਕਿ ਕਿਸਾਨ ਇਕ ਸ਼ਰੇਣੀ ਵਜੋਂ ਆਪਣੀ ਹੋਂਦ ਮਿਟ ਜਾਣ ਬਾਰੇ ਭੈਭੀਤ ਹਨ ਜਿਸ ਕਰਕੇ ‘ਕਾਲੇ ਕਨੂੰਨਾਂ’ ਨੂੰ ਖਾਰਜ ਕਰਾਉਣ ਦੀ ਲੜਾਈ ਲੜ ਰਹੇ ਹਨ। ਪਰ ਇਹ ਸੰਘਰਸ਼ ਜਿਉਂ-ਜਿਉਂ ਲਮਕਦਾ ਗਿਆ, ਨਿੱਤ ਦਿਨ ਆਪਣੀ ਤੀਬਰਤਾ ਵਧਾਉਂਦਾ ਗਿਆ, ਨਿਰਵਿਘਨ ਫੈਲਦਾ ਗਿਆ ਤਾਂ ਇਸਦਾ ਅਸਲ ਭਾਵ ਵੀ ਨਿੱਖਰਦਾ ਗਿਆ। ਜਨ ਸਧਾਰਨ ਦੀ ਸੋਚ ਵੀ ਬਦਲਦੀ ਗਈ, ਜਿਸ ਨੇ ਕਿਸਾਨ ਸੰਘਰਸ਼ ਨੂੰ ਲੋਕ ਸੰਘਰਸ਼ ਵਿਚ ਬਦਲ ਦਿੱਤਾ ਅਤੇ ਧਰਨੇ ਰਾਜਧਾਨੀ ਦੀ ਨਾਕਾਬੰਦੀ ਵਿਚ ਬਦਲ ਗਏ। ਕਿਸਾਨਾਂ ਨੂੰ ਸੱਚੇ ਸਾਬਤ ਕਰਨ ਅਤੇ ਅੰਦੋਲਨ ਨੂੰ ਲੋਕ ਸੰਘਰਸ਼ ਦਾ ਰੂਪ ਦੇਣ ਵਿਚ ਸਰਕਾਰ ਦੇ ਅੜੀਅਲ ਵਤੀਰੇ, ਜੋ ਹਾਕਮਾਂ ਦੇ ਹੰਕਾਰ ਵਜੋਂ ਸਥਾਪਤ ਹੋਇਆ, ਨੇ ਵੀ ਸਹਾਇਤਾ ਕੀਤੀ । ਸਰਕਾਰ ਦੀ ਬੇਕਿਰਕੀ ਨੇ ਆਮ ਲੋਕਾਂ ਨੂੰ ਵੀ ਚਿੜਾ ਦਿੱਤਾ ਅਤੇ ਕਿਸਾਨਾਂ ਨਾਲ ਹਮਦਰਦੀ ਪੈਦਾ ਕਰ ਦਿੱਤੀ। ਇਕ ਪਾਸੇ ਹਮਦਰਦੀ ਅਤੇ ਦੂਜੇ ਪਾਸੇ ਗੁੱਸੇ ਦਾ ਆਲਮ। ਮੁੱਢਲੇ ਪੜਾਅ ਉੱਤੇ ਸਰਕਾਰ ਨੂੰ ਵੀ ਭਰਮ ਸੀ ਕਿ ਉਹ ਸ਼ਾਇਦ ਪੰਜਾਬ ਦੀ ਆਰਥਕ ਨਾਕਾਬੰਦੀ ਵਰਗੇ ਕਦਮਾਂ ਨਾਲ ਸੰਘਰਸ਼ ਵਿਚ ਕੁੱਦੇ ਪੰਜਾਬੀਆਂ ਦੀਆਂ ਚੀਕਾਂ ਕੱਢਵਾ ਦੇਵੇਗੀ। ਜਿਸ ਕਰਕੇ, ਹਰ ਢੁੱਕਵਾਂ ਮਹੌਲ ਪੈਦਾ ਕਰ ਦੇਣ ਦੇ ਬਾਵਜੂਦ ਮਾਲ ਗੱਡੀਆਂ ਨਾ ਚਲਾਉਣ ‘ਤੇ ਅੜੀ ਰਹੀ। ਉਸਦੀ ਇਹ ਸ਼ਾਤਰ ਨੀਤੀ ਜਿੱਥੇ ਮੂਰਖਾਨਾ ਸਾਬਤ ਹੋਈ, ਉੱਥੇ ਲੋਕਾਂ ਦੇ ਗੁੱਸੇ ਵਿਚ ਵਾਧਾ ਕਰਨ ਦਾ ਕਾਰਨ ਵੀ ਬਣੀ। ਕਿਸਾਨ ਨੇਤਾਵਾਂ ਦੀ ਰਣਨੀਤੀ ਨੇ ਜਿੱਥੇ ਇਸਨੂੰ ਪਿੱਛੇ ਧਕੇਲ ਦਿੱਤਾ, ਉੱਥੇ ‘ਕਿਸਾਨੀ ਦੀ ਹੋਂਦ ਨੂੰ ਖਤਰੇ’ ਦਾ ਅਹਿਸਾਸ ‘ਪੰਜਾਬ ਦੀ ਹੋਂਦ ਨੂੰ ਖਤਰੇ’ ਦੇ ਅਹਿਸਾਸ ਵਿਚ ਬਦਲ ਗਿਆ। ਲੋਕਾਂ ਨੂੰ ਪੰਜਾਬੀ ਬੋਲੀ ਅਤੇ ਸਭਿਆਚਾਰ ਨਾਲ ਕੀਤੀਆਂ ਗਈਆਂ ਨਿਰੰਤਰ ਵਧੀਕੀਆਂ ਵੀ ਯਾਦ ਆਉਣ ਲੱਗੀਆਂ। ਪੰਜਾਬ ਦੇ ਜਾਇਆਂ ਨੂੰ ਇਸ ਸਿੱਟੇ ਤੇ ਪਹੁੰਚਣ ਲਈ ਦੇਰ ਨਾ ਲੱਗੀ ਕਿ ਉਸਦੇ ਗੌਰਵ ਨੂੰ ਲਲਕਾਰਿਆ ਗਿਆ ਹੈ। ਉਹ ਸਿਰਾਂ ਤੇ ਕੱਫਣ ਬੰਨ੍ਹਕੇ ‘ਜਿੱਤ ਜਾਂ ਮੌਤ’ ਦੇ ਜੈਕਾਰੇ ਮਾਰਦੇ ਹੋਏ, ਦਿੱਲੀ ਵੱਲ ਧਾਅ ਪਏ। ਉਨ੍ਹਾਂ ਦੇ ਹੱਥਾਂ ਵਿਚ ਰਾਸ਼ਣ ਦੇ ਹਥਿਆਰ ਅਤੇ ਸਿਰਾਂ ਤੇ ਸਿਦਕ ਚੁਕਿਆ ਹੋਇਆ ਸੀ। ਤਰ੍ਹਾਂ ਤਰ੍ਹਾਂ-ਤਰ੍ਹਾਂ ਦੇ ਜ਼ੁਲਮਾਂ ਅਤੇ ਵਧੀਕੀਆਂ ਦੇ ਸਤਾਏ ਹੋਏ ਕਰੋੜਾਂ ਕੰਨਾਂ ਨੇ ਪੰਜਾਬ ‘ਚੋਂ ਉੱਠੀ ਨਗਾਰੇ ਦੀ ਧਮਕ ਸੁਣੀ । ਉਨ੍ਹਾਂ ਦੇ ਨਿੰਦਰਾਏ ਨੈਣ ਖੁਲ੍ਹੇ ਅਤੇ ਹੌਸਲਿਆਂ ਨੇ ਅੰਗੜਾਈ ਲਈ। ਉਹ ਵੀ ‘ਜਿੱਤ ਜਾਂ ਮੌਤ’ ਦੇ ਘੋੜੇ ਤਲਾਸ਼ਣ ਲੱਗੇ। ਸੱਤਾ ਦੇ ਲਫਾਜ਼ੀ ਸ਼ਿੰਗਾਰ ਹੇਠ ਛੁਪੀ ਕਰੂਪਤਾ ਕੱਚੇ ਰੰਗ ਵਾਂਗ ਘਰਾਲ੍ਹਾਂ ਬਣ ਕੇ ਤੁਰੀ। ਝੂਠ, ਮੱਕਾਰੀ ਅਤੇ ਦੰਭ ਅੱਗੇ-ਅੱਗੇ ਅਤੇ ਸੱਚ, ਸੂਝ ਅਤੇ ਕੁਰਬਾਨੀ ਉਸਦੇ ਪਿੱਛੇ-ਪਿੱਛੇ।
ਨਿਰਸੰਦੇਹ, ਸਿਖਰਾਂ ਨੂੰ ਪਹੁੰਚੇ ਕਿਸਾਨ ਅੰਦੋਲਨ ਦੇ ਫੌਰੀ ਨਿਸ਼ਾਨੇ ਵਿਚ ਕੋਈ ਪਰਿਵਰਤਨ ਨਹੀਂ ਹੈ। ਅੰਦੋਲਨ ਕੇਂਦਰ ਸਰਕਾਰ ਦੇ ਤਿੰਨ ‘ਕਾਲੇ ਕਨੂੰਨਾ’ ਨੂੰ ਰੱਦ ਕਰਾਉਣ ਦਾ ਹੀ ਹੈ। ਫ਼ੌਰੀ ਮਕਸਦ ਪੂਰਾ ਹੋਣ ‘ਤੇ ਅਵੱਸ਼ ਹੀ ਲੋਕੀਂ ਘਰਾਂ ਨੂੰ ਪਰਤ ਜਾਣਗੇ ਪਰ ‘ਸਾਣ ਤੇ ਲੱਗੀ’ ਹੋਈ ਚੇਤਨਾ ਲੈ ਕੇ। ਇਸ ਅੰਦੋਲਨ ਨੇ ਸਮਾਜਿਕ ਚੇਤਨਾ ਅੰਦਰ ਜਿਹੜੇ ਨਵੇਂ ਕੀਰਤੀਮਾਨ ਸਿਰਜ ਦਿੱਤੇ ਹਨ ਉਨ੍ਹਾਂ ਨੂੰ ਪਿੱਛੇ ਮੋੜਨ ਦਾ ਕੋਈ ਰਾਹ ਨਹੀਂ। ਇਸਨੇ ਪਹਿਲਾਂ ਹੀ ਵੱਡੇ ਸਮਾਜਿਕ ਪਰਿਵਰਤਨ ਵੱਲ ਮੂੰਹ ਕਰ ਲਿਆ ਹੈ। ਇਹ ਕੇਵਲ ਅੰਦੋਲਨ ਹੀ ਨਹੀਂ ਸਗੋਂ ਜਨ ਸਮੂਹਾਂ ਦੀ ਉੱਚ ਸਿੱਖਿਆ ਦਾ ਵਿਸ਼ਵ ਵਿਦਿਆਲਾ ਵੀ ਹੈ ਜਿੱਥੇ ਮਾਨਵਤਾ, ਸਾਂਝੀਵਾਲਤਾ, ਆਪਸੀ ਪਿਆਰ, ਵੰਡ ਛਕਣ, ਅਤੇ ਕੁਰਬਾਨ ਹੋਣ ਵਰਗੇ ਕੋਰਸ ਪੜ੍ਹਾਏ ਜਾ ਰਹੇ ਹਨ। ਅੰਦੋਲਨਕਾਰੀ ਹੀ ਨਹੀਂ ਸਾਰਾ ਵਿਸ਼ਵ ਹੀ ਇਨ੍ਹਾਂ ਕੋਰਸਾਂ ਨੂੰ ਆਨ ਲਾਈਨ ਲੈ ਰਿਹਾ ਹੈ। ਸਿੱਖਿਆਰਥੀਆਂ ਦਾ ਦਰਿਆ ਵਹਿ ਤੁਰਿਆ ਹੈ। ਸਰਕਾਰ ਕਿਸੇ ਵੀ ਕਨੂੰਨ ਨਾਲ ਹੁਣ ਇਨ੍ਹਾਂ ਕੋਰਸਾਂ ਨੂੰ ਬੰਦ ਨਹੀਂ ਕਰ ਸਕੇਗੀ। ਅੰਦੋਲਨ ਵਿਚ ਵੱਖ-ਵੱਖ ਤਬਕਿਆਂ ਦੇ ਆਪਮੁਹਾਰੇ ਦਾਖਲੇ ਨੇ ਸਮਾਜੀ ਚੇਤਨਾ ਨੂੰ ਹੀ ਪਲਟ ਦੇਣ ਦਾ ਅਮਲ ਸ਼ੁਰੂ ਕਰ ਦਿੱਤਾ ਹੈ। ਅੰਦੋਲਨ ਦਾ ਚਰਿਤਰ ਨਵਾਂ ਰੂਪ ਧਾਰ ਗਿਆ ਹੈ। ਸਥਾਪਤ ਸਮਾਜੀ ਕਦਰਾਂ-ਕੀਮਤਾਂ ਅਤੇ ਵਿਵਸਥਾਵਾਂ ਦੇ ਸਮਾਨਾਂਤਰ ਇਕ ਅਜਿਹੀ ਵਿਵਸਥਾ ਦਾ ਨਮੂਨਾ ਪੇਸ਼ ਹੋ ਗਿਆ ਹੈ ਜਿਸ ਦੀ ਤਾਂਘ ਲੋਕਾਈ ਦਾ ਨਿੱਗਰ ਭਵਿੱਖ ਲੋਚਣ ਵਾਲਿਆਂ ਦੇ ਮਨਾਂ ਵਿਚ ਸੀ। ਜਿਸ ਦੀ ਕਿ ਅਜਿਹੇ ਮਨੁੱਖ ਜਨਮਾਂ-ਜਨਮਾਂਤਰਾਂ ਤੋਂ ਤਮੰਨਾ ਕਰਦੇ ਆ ਰਹੇ ਹਨ। ਨਫਰਤ ਅਤੇ ਭਰੱਪਣ ਦਰਮਿਆਨ ਸਿੱਧੀ ਜੰਗ ਛਿੜ ਗਈ ਹੈ। ਅੰਦੋਲਨ ਦੀਆਂ ਮਹਾਨਤਾਵਾਂ ਵਿਚੋਂ ਸਭ ਤੋਂ ਵੱਡੀ ਮਹਾਨਤਾ ਅਮਲ ਵਿਚ ਇਹ ਸਾਬਤ ਕਰ ਦੇਣਾ ਹੈ ਕਿ ਇਨਸਾਨ ਮੂਲ ਰੂਪ ਵਿਚ ਉਚ ਪਾਏ ਦੇ ਮਾਨਵੀ ਗੁਣਾਂ ਨਾਲ ਭਰਪੂਰ ਹੁੰਦੇ ਹਨ, ਉਹ ਇਕ ਦੂਜੇ ਪ੍ਰਤੀ ਪਿਆਰ ਨਾਲ ਲਬਰੇਜ਼ ਹੁੰਦੇ ਹਨ, ਉਹ ਸਿਰ ਤੋਂ ਪੈਰਾਂ ਤੱਕ ਇਕ ਦੂਜੇ ਲਈ ਸਮਰਪਿਤ ਹੁੰਦੇ ਹਨ, ਉਨ੍ਹਾੰ ਅੰਦਰ ਇਕ ਦੂਜੇ ਲਈ ਮਿਕਨਾਤੀਸੀ ਖਿੱਚ ਹੁੰਦੀ ਹੈ। ਉਹ ਨਿੱਤਰੇ ਹੋਏ ਪਾਣੀ ਵਾਂਗ ਪਾਰਦਰਸ਼ੀ ਵੀ ਹੁੰਦੇ ਹਨ, ਪਰ ਉਨ੍ਹਾਂ ਦੇ ਪਵਿਤਰ ਮਨਾਂ ਨੂੰ ਗੰਧਲਾਇਆ ਜਾਂਦਾ ਹੈ। ਉਨ੍ਹਾਂ ਅੰਦਰ ਜ਼ਹਿਰ, ਨਫਰਤ ਅਤੇ ਹੈਵਾਨੀਅਤ ਬਾਹਰੋਂ ਘੁਸੇੜੀ ਜਾਂਦੀ ਹੈ ਤਾਂਕਿ ਉਨ੍ਹਾਂ ਨੂੰ ਇਕ ਦੂਜੇ ਦੇ ਲਹੂ ਦੇ ਪਿਆਸੇ ਬਣਾ ਦਿੱਤਾ ਜਾਵੇ। ਇਨਸਾਨ ਕਿੰਨਾਂ ਸੁਹਣਾ ਹੈ, ਅੰਦੋਲਨ ਤੋਂ ਪਹਿਲਾਂ ਇਸਦਾ ਅਹਿਸਾਸ ਨਹੀਂ ਸੀ! ਇਸ ਲੋਕ ਅੰਦੋਲਨ ਨੇ ਸੱਤ ਪਰਦੇ ਪਾੜਕੇ ਇਹ ਸੱਚ ਬਾਹਰ ਕੱਢ ਲਿਆਂਦਾ ਹੈ। ਇਹ ਅੰਦੋਲਨ ਹੀ ਹੈ ਜਿਸਨੇ ਏਨੀ ਜਲਦੀ, ਪੰਜਾਬ ਅਤੇ ਹਰਿਆਣਾ ਦੇ ਆਮ ਲੋਕਾਂ ਨੂੰ ਚੇਤਨਾਂ ਦੀ ਬੁਲੰਦੀ ਤੇ ਪਹੁੰਚਾ ਦਿੱਤਾ ਹੈ ਵਰਨਾ ਇਸ ਬੁਲੰਦੀ ਤੇ ਪਹੁੰਚਣ ਲਈ ਇਕ ਸਦੀ ਵੀ ਲੱਗ ਸਕਦੀ ਸੀ। ਸੰਘਰਸ਼, ਭਰੱਪਣ ਦੇ ਬੁਰਜ ਉੱਤੇ ਚੜ੍ਹਨ ਵਾਲੀ ਪੌੜੀ ਹੈ। ਕਰੋੜਾਂ ਦੇਸ਼ ਵਾਸੀਆਂ ਨੇ ਭਰੱਪਣ ਦੇ ਇਸ ਬੁਰਜ ਉੱਤੇ ਚੜ੍ਹਨ ਲਈ ਸੰਘਰਸ਼ ਦੀ ਪੌੜੀ ਦੇ ਪਹਿਲੇ ਡੰਡੇ ਤੇ ਪੈਰ ਧਰ ਲਿਆ ਹੈ। ਉਨ੍ਹਾਂ ਨੇ ਦੁਫੇੜ ਅਤੇ ਵਿਤਕਰੇ ਦੀ ਕੈਦ ਵਿੱਚੋਂ ਨਿਕਲਣ ਦਾ ਰਾਹ ਤਲਾਸ਼ ਲਿਆ ਹੈ। ਸੱਚ ਜਦੋਂ ਇਕ ਵਾਰ ਬਾਹਰ ਆ ਜਾਵੇ ਤਾਂ ਉਸ ਨੂੰ ਦੁਬਾਰਾ ਲੌਕ ਡਾਉਨ ਕਰਨ ਦਾ ਕੋਈ ਤਰੀਕਾ ਨਹੀਂ ਅਤੇ ਨਾ ਹੀ ਪ੍ਰਾਪਤ ਕਰ ਲਈ ਗਈ ਸੂਝ ਨੂੰ ਚੇਤਨਾ ਵਿੱਚੋਂ ਮਨਫ਼ੀ ਕਰਨ ਦਾ ਕੋਈ ਰਾਹ ਹੈ। ਇਸ ਨੂੰ ਜਬਰਨ ਵੀ ਨਹੀਂ ਖੋਹਿਆ ਜਾ ਸਕਦਾ।
ਇਹ ਸੰਘਰਸ਼ ਨਾਲ ਸੰਵਾਦ ਰਚਾਉਣ ਦਾ ਸਮਾਂ ਹੈ। ਇਸ ਵੇਲੇ ਦਿੱਲੀ ਦਾ ਬਾਰਡਰ ਸੰਘਰਸ਼ ਅਤੇ ਸੰਘਰਸ਼ ਦੀ ਸੂਝ ਦਾ ਕੇਂਦਰ ਬਿੰਦੂ ਹੈ। ਪੂਰੇ ਵਿਸ਼ਵ ਦੀਆਂ ਨਜ਼ਰਾਂ ਉੱਥੇ ਹੀ ਟਿੱਕੀਆਂ ਹੋਈਆਂ ਹਨ। ਇਹ ਪੰਜਾਬ ਦੀਆਂ ਰੇਲਵੇ ਲਾਈਨਾਂ ਅਤੇ ਟੋਲ ਪਲਾਜ਼ਿਆਂ ਤੋਂ ਤੁਰਕੇ ਇੱਥੇ ਪਹੁੰਚਾ ਹੈ। ਸਿੰਘੂ ਤੇ ਟਿੱਕਰੀ ਪਹੁੰਚਣ ਉਪਰੰਤ ਇਸਨੇ ਕੁਝ ਘੰਟਿਆਂ ਵਿਚ ਹੀ ਇਹ ਸਮਝਾਉਣ ਵਿਚ ਸਫਲਤਾ ਹਾਸਲ ਕਰ ਲਈ ਕਿ ਜਨ ਸਧਾਰਨ ਦੇ ਦੁੱਖਾਂ ਅਤੇ ਭੁੱਖਾਂ ਦੀ ਮੈਨੂਫੈਕਚਰਿੰਗ ਕਿੱਥੇ ਹੁੰਦੀ ਹੈ ਅਤੇ ਇਹ ਮੈਨੂਫੈਕਚਰਿੰਗ ਕੌਣ ਕਰਦਾ ਹੈ। ਭੁੱਖਾਂ ਅਤੇ ਦੁੱਖਾਂ ਦੇ ਨਿਰਮਾਤਾਵਾਂ ਨੂੰ ਏਸੇ ਦਾ ਹੀ ਡਰ ਸੀ ਜਿਸ ਕਰਕੇ ਹਰ ਹਰਬਾ ਵਰਤਿਆ ਗਿਆ ਕਿ ਅੰਦੋਲਨ ਪੰਜਾਬ ਦੀ ਸਰਹੱਦ ਪਾਰ ਨਾ ਕਰ ਸਕੇ। ਅੰਦੋਲਨ ਦਾ ਰਾਹ ਰੋਕਣ ਲਈ, ਤਸ਼ੱਦਦ ਤੋਂ ਲੈ ਕੇ ਸੜਕਾਂ ਪੁੱਟ ਦੇਣ ਤੱਕ ਦੇ ਕਦਮ ਉਠਾਏ ਗਏ। ਨਤੀਜਾ ‘ਜਬੈ ਬਾਣ ਲਾਗੇ ਤਬੈ ਰੋਸ ਜਾਗੇ’ ਦੇ ਰੂਪ ਵਿੱਚ ਨਿਕਲਿਆ। ਜਿਹੜੇ ਲੋਕ ਆਪਣਾ ਰੋਸ ਸਮੇਟ ਕੇ ਅਜੇ ਘਰਾਂ ਵਿਚ ਹੀ ਬੈਠੇ ਸਨ ਉਨ੍ਹਾਂ ਨੇ ਵੀ ਆਪਣੇ ਘਰਾਂ ਨੂੰ ਪਹੀਏ ਲਾ ਲਏ ਅਤੇ ਰੁਕਾਵਟਾਂ ਨੂੰ ਦਰੜਦੇ ਹੋਏ ਦਿੱਲੀ ਦੇ ਬਾਰਡਰ ਤੇ ਪਹੁੰਚ ਗਏ। ਉਨ੍ਹਾਂ ਦੀ ਆਵਾਜ਼ ਕੰਡਿਆਲਾ ਬਾਰਡਰ ਟੱਪ ਕੇ ਦਿੱਲੀ ਦੇ ਅੰਦਰ ਜਾ ਘੁਸੀ ਕਿ ਹੁਣ ਜਾਂ ਤਾਂ ‘ਜਿੱਤ’ ਵਾਪਿਸ ਮੁੜੇਗੀ ਜਾਂ ‘ਲਾਸ਼’।
ਅੰਗਰੇਜ਼ੀ ਦੀ ਇਕ ਕਹਾਵਤ ਹੈ, “ਜਿਹੜੇ ਲੋਕ ਲੋੜੋਂ ਵਧੇਰੇ ਚਲਾਕ ਬਣਨ ਦਾ ਯਤਨ ਕਰਦੇ ਹਨ ਉਹ ਆਪਣੇ ਆਪ ਨੂੰ ਹੀ ਮੂਰਖ ਬਣਾਉਂਦੇ ਹਨ”। ਸ਼ਬਦ ਗੁੰਦਾਈ ਨੂੰ ਬੁੱਧੀਮਾਨੀ ਸਮਝਣ ਦਾ ਭਰਮ ਪਾਲਣ ਦਾ ਇਹੋ ਹੀ ਨਤੀਜਾ ਨਿੱਕਲਦਾ ਹੈ। ਵਿਦਵਤਾ ਨੂੰ ਸ਼ਬਦ ਨਸੀਬ ਹੋ ਜਾਂਦੇ ਹਨ ਪਰ ਫੋਕੇ ਸ਼ਬਦਾਂ ਨੂੰ ਕਦੇ ਵੀ ਵਿਦਵਤਾ ਨਸੀਬ ਨਹੀਂ ਹੁੰਦੀ। ਜਿਹੜੇ ਮੰਤਰੀ ਕਿਸਾਨਾਂ ਨੇੜੇ ਬੈਠਣ ਨਾਲ ਭਿੱਟ ਹੋਣੋਂ ਡਰਦੇ ਸਨ, ਉਹ ਮੰਤਰੀ ਉਨ੍ਹਾਂ ਕਿਸਾਨਾਂ ਨੂੰ “ਕਨੂੰਨਾਂ ਦੇ ਫਾਇਦੇ” ਸਮਝਾਉਣ ਲਈ ਸੱਦਣ ਲੱਗੇ ਜਿਨ੍ਹਾਂ ਦੇ ਪੰਜ-ਪੰਜ ਸਾਲਾ ਬੱਚੇ ਵੀ ਝੰਡੇ ਚੁੱਕੀ ਕਹਿ ਰਹੇ ਹਨ ਕਿ ‘ਮੋਦੀ ਸਾਡੀ ਜ਼ਮੀਨ ਖੋਹਣ ਨੂੰ ਫਿਰਦੈ’। ਸਿੱਧਾ ਫਿਕਰਾ ਓਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਦੁਬਿਧਾ ਨਾ ਹੋਵੇ ਅਤੇ ਵਿਚਾਰ ਸਪੱਸ਼ਟ ਹੋਣ। ਕਿਸਾਨਾਂ ਨੂੰ ਲੱਛੇਦਾਰ ਫਿਕਰਿਆਂ ਦੀ ਲੋੜ ਨਹੀਂ ਸੀ। ਲੋਕ ਸੰਘਰਸ਼ ਦਾ ਫਲਸਫਾ “ਯੈਸ ਔਰ ਨੋ” ਹੀ ਹੁੰਦਾ ਹੈ। ਆਗੂ ਹੋਵੇ ਜਾਂ ਹਾਕਮ, ਹਮੇਸ਼ਾ ਹੀ ਜਨ ਸਧਾਰਨ ਨੂੰ ਕਮ-ਅਕਲ ਸਮਝਣ ਦੀ ਖੁਸ਼ਫਹਿਮੀ ਵਿਚ ਰਹਿੰਦਾ ਹੈ।
ਹਾਲਾਤ ਫੁਰਤੀ ਨਾਲ ਬਦਲਦੇ ਗਏ, ਸਰਕਾਰ ਜਾਮ ਹੋਈ ਰਹੀ। ਸੰਘਰਸ਼ ਦੇ ਦਬਾਅ ਨੇ ਸਰਕਾਰ ਨੂੰ ਬਿੱਲਾਂ ਵਿਚ ਅਨੇਕਾਂ ਖਾਮੀਆਂ ਮੰਨਣ ਅਤੇ ਸੋਧਾਂ ਦੀ ਪੇਸ਼ਕਸ਼ ਕਰਨ ਲਈ ਮਜਬੂਰ ਕਰ ਦਿੱਤਾ। ਏਥੋਂ ਤੱਕ ਵੀ ਕਹਿ ਦਿੱਤਾ ਗਿਆ ਕਿ ਸੋਧਾਂ ਉਪਰੰਤ ਕਨੂੰਨ ਤਾਂ ਬੱਸ ਖਾਲੀ ਡੱਬਾ ਹੀ ਰਹਿ ਜਾਏਗਾ। ਕਿਸਾਨ ਸਰਕਾਰ ਦੀ ਇਸ ਪੇਸ਼ਕਸ਼ ਨੂੰ ਇਹ ਮੰਨ ਕੇ ਚੱਲਦੇ ਹਨ ਕਿ ਸਰਕਾਰਾਂ ਸੜੀ ਹੋਈ ਰੱਸੀ ਦੇ ਵਲ੍ਹਾਂ ਵਾਂਗ ਹੁੰਦੀਆਂ ਹਨ, ਆਪਣਾ ਮੂਲ ਚਰਿਤਰ ਨਹੀਂ ਤਿਆਗਦੀਆਂ ਸਗੋਂ ਬਜ਼ਿੱਦ ਰਹਿੰਦੀਆਂ ਹਨ। ਇਸ ਕਰਕੇ ਸੰਘਰਸ਼ ਜਾਰੀ ਰੱਖਣਾ ਹੀ ਇਸਦਾ ਇਕ ਮਾਤਰ ਉੱਤਰ ਹੈ । ਕਿਸਾਨਾਂ ਦਾ ਸਵਾਲ ਹੈ ਕਿ ਜੇਕਰ ਐਨੀਆਂ ਤਰਮੀਮਾਂ ਨਾਲ ਤਿੰਨੇ ਕਨੂੰਨ ਖਾਲੀ ਡੱਬਾ ਹੀ ਰਹਿ ਜਾਣਗੇ ਤਾਂ ਇਸ ਡੱਬੇ ਨੂੰ ਰੱਦੀ ਦੀ ਟੋਕਰੀ ਵਿਚ ਕਿਉਂ ਨਹੀਂ ਸੁੱਟ ਦਿੰਦੇ, ਛਾਤੀ ਨਾਲ ਕਿਉਂ ਘੁੱਟੀ ਰੱਖਣਾ ਚਾਹੁੰਦੇ ਹੋ? ਅੰਦੋਲਨਕਾਰੀਆਂ ਦਾ ਦਾਅਵਾ ਹੈ ਕਿ “ਖਾਲੀ” ਹੋਣ ਵਾਲੇ ਕਥਿਤ ਡੱਬੇ ਵਿਚ ਸੰਵਿਧਾਨ ਦੀ ਮੂਲ ਭਾਵਨਾ ਦੀ ਹੱਤਿਆ ਦਾ ਛੜਯੰਤਰ ਹੈ। ਰਾਜਾਂ ਦੇ ਅਧਿਕਾਰਾਂ ਨੂੰ ਮਸਲ ਕੇ ਤਾਨਾਸ਼ਾਹੀ ਵੱਲ ਵਧਣ ਦਾ ਰੋਡ-ਮੈਪ ਹੈ। ਇਸ ਉਪਰੰਤ ਆਰਥਿਕ ਮਸਲਾ ਰਾਜਨੀਤਕ ਭਾਵਨਾ ਗ੍ਰਹਿਣ ਕਰ ਗਿਆ। ਅੰਦੋਲਨਕਾਰੀਆਂ ਨੇ ਨੋਟਬੰਦੀ, ਜੀ ਐਸ ਟੀ, ਐਨ ਆਰ ਸੀ, ਧਾਰਾ 370 ਅਤੇ ਗਰੀਬਾਂ ਤੋਂ ਗਿਆਨ ਖੋਹਣ ਵਲੀ ਵਿਦਿਆ ਨੀਤੀ ਸਮੇਤ ਦੇਸ਼ ਨੂੰ ਕਾਰਪੋਰੇਟਾਂ ਹੱਥ ਵੇਚਦੇ ਜਾਣ ਦਾ ਸਿਲਸਿਲਾ ਵੀ ਯਾਦ ਕਰਨਾ ਸ਼ੁਰੂ ਕਰ ਦਿੱਤਾ। ਇਸ ਕਰਕੇ ਜਨ ਸਧਾਰਨ ਨੂੰ ਦਰੜਦੇ ਜਾ ਰਹੇ, ‘ਦੋ ਘੋੜਿਆਂ’ ਵਾਲੇ ਤੇਜ਼ ਰਫਤਾਰ ਰੱਥ ਅੱਗੇ ਕਿਸਾਨਾਂ ਨੇ ਟਰਾਲੀ ਠੋਕ ਦਿੱਤੀ ।
ਅੰਦੋਲਨ ਦਾ ਅਸਲ ਖਾਸਾ ਨਿਖਰ ਆਇਆ ਹੈ। ਸ਼ਬਦ ਜਾਲ ਲੀਰੋ-ਲੀਰ ਹੋ ਗਿਆ ਹੈ। ਆਰਥਿਕ ਮੰਗਾਂ ਸ਼ਰੇਣੀ ਯੁੱਧ ਦਾ ਰੂਪ ਲੈ ਚੁਕੀਆਂ ਹਨ। ਅੰਦੋਲਨ ਅੰਬਾਨੀ-ਅਡਾਨੀ ਵਰਗੇ ਕਾਰਪੋਰੇਟਾਂ ਅਤੇ ਛੋਟੇ ਕਾਰੋਬਾਰੀਆਂ ਸਮੇਤ ਉਤਪਾਦਨ ਵਿਚ ਲੱਗੇ ਆਮ ਲੋਕਾਂ ਵਿਚਕਾਰ ਲੜਾਈ ਵਿਚ ਤਬਦੀਲ ਹੋ ਚੁੱਕਾ ਹੈ। ਲਕੀਰ ਖਿੱਚੀ ਗਈ ਹੈ। ਅਸਲ ਵਿਚ ਇਸ ਲੜਾਈ ਦੀ ਸੇਧ ਤਾਂ ਓਦੋਂ ਹੀ ਨਿਸਚਤ ਹੋ ਗਈ ਸੀ ਜਦੋਂ ਅਜੇ ਕਿਸਾਨਾਂ ਨੇ ਦਿੱਲੀ ਵੱਲ ਧਾਈ ਵੀ ਨਹੀਂ ਸੀ ਪਾਈ। ਇਸ ਦੀ ਸ਼ੁਰੂਆਤ ਰਿਲਾਂਇੰਸ ਦੇ ਪੈਟਰੋਲ ਪੰਪਾਂ ਨੂੰ ਬੰਦ ਕਰਨ ਨਾਲ ਹੋ ਗਈ ਸੀ। ਹੁਣ ਜੀਓ ਦੇ ਸਿੰਮ ਵਾਪਿਸ ਕਰਨ ਸਮੇਤ ਵੱਡੇ ਕਾਰਪੋਰੇਟਾਂ ਦੇ ਮਾਲ ਅਤੇ ਮੌਲ ਦੇ ਬਾਈਕਾਟ ਦੀ ਮੁਹਿੰਮ ਵਿੱਢ ਦਿੱਤੀ ਗਈ ਹੈ। ਆਰਥਿਕ ਸਜ਼ਾ ਕੀ ਹੁੰਦੀ ਹੈ, ਇਸ ਨੂੰ ਪੂੰਜੀਪਤੀਆਂ ਤੋਂ ਵੱਧ ਕੋਈ ਨਹੀਂ ਜਾਣ ਸਕਦਾ। ਕਾਰਪੋਰੇਟ ਦੀ ਬੁੱਧੀ ਤਾਂ ਹੋਰ ਵੀ ਤਿੱਖੀ ਹੈ। ਇਹ ਪੰਜਾਬ ਦੀ ਅਰਥਿਕ ਨਾਕਾਬੰਦੀ ਦੇ ਯਤਨਾਂ ਦਾ ਢੁੱਕਵਾਂ ਉੱਤਰ ਹੈ। ਲੋਕ ਅੰਦੋਲਨ ਦੀ ਇਹ ਕਾਰਵਾਈ ਨਿਰੀ-ਪੁਰੀ ਆਰਥਿਕ ਹੀ ਨਹੀਂ ਸਗੋਂ ਇਸਦਾ ਕੇਂਦਰੀ ਭਾਵ ਰਾਜਨੀਤਕ ਬਣ ਗਿਆ ਹੈ। ਅੰਦੋਲਨਕਾਰੀਆਂ ਵੱਲੋਂ ਖੁਲ੍ਹ ਕੇ ਕਿਹਾ ਜਾ ਰਿਹਾ ਹੈ ਕਿ ਰਾਜ ਮੋਦੀ ਨਹੀਂ, ਅੰਬਾਨੀ-ਅਡਾਨੀ ਕਰ ਰਹੇ ਹਨ। ਕਿਸਾਨਾਂ ਵੱਲੋਂ ਅੰਬਾਨੀ-ਅਡਾਨੀ ਵਰਗੇ ਕਾਰਪੋਰੇਟਾਂ ਦੀ ਨਿਸ਼ਾਨ ਦੇਹੀ ਵਰਤਮਾਨ ਦੇ ਅਸਲੀ ਦੁਸ਼ਮਣਾਂ ਵੱਜੋਂ ਕੀਤੀ ਗਈ ਹੈ। ਜਿਨ੍ਹਾਂ ਦੇ ਖਿਲਾਫ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ, ਛੋਟੇ ਕਾਰੋਬਾਰੀਆਂ ਅਤੇ ਖਪਤਕਾਰਾਂ ਦਾ ਮੋਰਚਾ ਉਸਰ ਰਿਹਾ ਹੈ। ਕਿਸਾਨ ਮੋਰਚੇ ਦਾ ਇਹ ਇਤਿਹਾਸਕ ਕਾਰਨਾਮਾ ਹੈ। ਭਵਿੱਖ ਵਿਚ ਇਸਦੇ ਹਵਾਲੇ ਦਿੱਤੇ ਜਾਇਆ ਕਰਨਗੇ। ਅਤੀਤ ਵਿੱਚ ਕੋਈ ਵੀ ਹੋਰ ਅੰਦੋਲਨ, ਲੋਕ ਚੇਤਨਾ ਅੰਦਰ ਏਨੀ ਸਿੱਧੀ ਕਤਾਰਬੰਦੀ ਨਹੀ ਬਿਠਾ ਸਕਿਆ ਸੀ। ਹਾਂ, ਮੁੱਠੀਭਰ ਚੇਤੰਨ ਲੋਕ ਇਹ ਨਾਹਰਾ ਲਾਉਂਦੇ ਜ਼ਰੂਰ ਸੁਣੇ ਜਾਂਦੇ ਸਨ ਕਿ “ਬਿਰਲੇ ਟਾਟੇ ਕੀ ਜਾਗੀਰ ਨਹੀਂ, ਹਿੰਦੋਸਤਾਨ ਹਮਾਰਾ ਹੈ।” ਪਰ ਨਿਰਲੇਪ ਵਿਚਰ ਰਹੇ ਜਨ ਸਾਧਾਰਨ ਨੇ ਉਨ੍ਹਾਂ ਦੇ ਨਾਹਰਿਆਂ ਵੱਲ ਕਦੇ ਕੰਨ ਨਹੀ ਸੀ ਧਰਿਆ। ਜੋ ਸਾਨੂੰ ਅਹਿਸਾਸ ਕਰਾਉਂਦਾ ਹੈ ਕਿ ਸਹੀ ਸਮੇਂ ਅਤੇ ਸਹੀ ਜੁਗਤ ਨਾਲ ਲੜਿਆ ਜਾਂਦਾ ਚੇਤੰਨ ਸੰਘਰਸ਼ ਹੀ ਜਮਾਤੀ ਸੂਝ ਨੂੰ ਪ੍ਰਚੰਡ ਕਰਦਾ ਅਤੇ ਵਿਵੇਕ ਵਿਚ ਬਦਲਦਾ ਹੈ। ਹੈਰਾਨੀਜਨਕ ਤਾਂ ਇਹ ਹੈ ਕਿ ਲੋਕ ਏਨੀ ਜਲਦੀ ਅਤੇ ਏਨੀ ਸਪੱਸ਼ਟਤਾ ਨਾਲ ਕਿਵੇਂ ਜਾਣ ਗਏ ਕਿ ਦੇਸ਼ ਦੀ ਕਿਸਮਤ ਦੇ ਫੈਸਲੇ ਕਾਰਪੋਰੇਟ ਕਰਦੇ ਹਨ? ਇਸ ਦੀ ਉਮੀਦ ਸ਼ਾਇਦ ਕਿਸੇ ਨੂੰ ਵੀ ਨਹੀਂ ਸੀ। ਕਿਸਾਨ ਆਗੂ ਤਾਂ ਖੁੱਲ੍ਹਮ-ਖੁੱਲ੍ਹਾ ਦੋਸ਼ ਲਾਉਂਦੇ ਹੀ ਹਨ ਕਿ ਕਨੂੰਨਾਂ ਦੇ ਖਰੜੇ ਕਾਰਪੋਰੇਟ ਦਫਤਰਾਂ ‘ਚੋਂ ਤਿਆਰ ਹੋ ਕੇ ਆਉਂਦੇ ਹਨ ਪਰ ਵਿਰੋਧੀ ਧਿਰ ਦੇ ਇਕ ਸਾਂਸਦ ਨੇ ਵੀ ਸਦਨ ਵਿਚ ਹੀ ਸਰਕਾਰ ਵੱਲ ਤਨਜ਼ ਕੱਸਦਿਆਂ ਕਿਹਾ ਕਿ ਕਨੂੰਨ ਤੁਹਾਡੇ ਤਿਆਰ ਕੀਤੇ ਹੋਏ ਨਹੀਂ ਲਗਦੇ। ਕੁੱਝ ਵੀ ਹੈ, ਲੋਕ ਪੱਕਾ ਯਕੀਨ ਕਰਨ ਲੱਗੇ ਹਨ ਕਿ ਮੋਦੀ ਦੀ ਮਾਰਫਤ ਦੇਸ਼ ਦੇ ਸ਼ਾਸਕ ਅੰਬਾਨੀ-ਅਡਾਨੀ ਹਨ। ਇਹ ਗੱਲ ਦੇਸ਼ ਦੇ ਲੋਕਾਂ ਨੂੰ ਏਨੀ ਆਸਾਨੀ ਨਾਲ ਨਹੀਂ ਸਮਝਾਈ ਜਾ ਸਕਦੀ ਸੀ ਕਿ ਰਾਜ ਵਿਅਕਤੀ ਨਹੀਂ ਕਰਿਆ ਕਰਦੇ ਸਗੋਂ ਸ਼ਰੇਣੀਆਂ ਕਰਿਆ ਕਰਦੀਆਂ ਹਨ। ਇਸ ਵਕਤ ਰਾਜ ਕਾਰਪੋਰੇਟਾਂ ਦਾ ਹੈ ਜਿਸ ਕਰਕੇ ਵਰਤਮਾਨ ਲੜਾਈ ਵੀ ਕਾਰਪੋਰੇਟਾਂ ਵਿਰੁੱਧ ਹੀ ਹੈ। ਬਾਕੀ ਸਾਰੀਆਂ ਸ਼ਰੇਣੀਆਂ ਲਈ ਹੁਣ ਕਾਰਪੋਰੇਟਾਂ ਵਿਰੁੱਧ ਲਾਮਬੰਦ ਹੋਣ ਦਾ ਢੁਕਵਾਂ ਸਮਾਂ ਹੈ। ਉਨ੍ਹਾਂ ਦੀ ਵਰਤਮਾਨ ਸਾਂਝ ਦਾ ਕਾਰਨ ਇਹੋ ਹੀ ਹੈ ਜੋ ਦਿੱਲੀ ਦੇ ਬਾਰਡਰ ਤੋਂ ਨਜ਼ਰ ਆ ਰਿਹਾ ਹੈ। ਕਿਸਾਨ ਅੰਦੋਲਨ ਦੇ ਮਿਸਾਲੀ ਉਭਾਰ ਦਾ ਰਾਜ਼ ਵੀ ਇਹ ਹੀ ਹੈ ਕਿ ਕਾਰਪੋਰੇਟਾਂ ਦੇ ਸਤਾਏ ਤੇ ਰੁਲਾਏ ਸਾਰੇ ਤਬਕੇ ਕਿਸਾਨ ਸੰਘਰਸ਼ ਦੇ ਪਰਚਮ ਹੇਠ ਇਕੱਠੇ ਹੋ ਗਏ ਹਨ। ਇਸਨੇ ਜਨ ਸਾਧਾਰਨ ਤੋਂ ਲੈ ਕੇ ਚਿੰਤਕਾਂ ਤੱਕ ਨੂੰ ਸਿਖਾ ਦਿੱਤਾ ਹੈ ਕਿ ਕਿਸੇ ਵੀ ਇਕ ਸ਼ਰੇਣੀ ਦਾ ਸੰਘਰਸ਼ ਜਿੰਨਾਂ ਮਰਜ਼ੀ ਬਲਵਾਨ ਅਤੇ ਤਿੱਖਾ ਹੋਵੇ, ਲੋੜੀਂਦਾ ਪਰਿਵਰਤਨ ਕਰਨ ਦੇ ਉਦੋਂ ਤੱਕ ਸਮੱਰਥ ਨਹੀਂ ਹੁੰਦਾ, ਜਿੰਨੀ ਦੇਰ ਦੂਜੇ ਤਬਕਿਆਂ ਦਾ ਸਾਥ ਨਹੀਂ ਮਿਲਦਾ। ਕਿਉਂਕਿ, ਸਮਾਜ ਕੇਵਲ ਦੋ ਸ਼ਰੇਣੀਆਂ ਲੋਟੂਆਂ ਅਤੇ ਲੁੱਟ ਹੋ ਰਿਹਾ ਵਿਚਕਾਰ ਹੀ ਵੰਡਿਆ ਹੋਇਆ ਹੋਣ ਦੇ ਬਾਵਜੂਦ ਅਨੇਕ ਵਰਗਾਂ-ਉਪਵਰਗਾਂ ਦੀ ਸਹਿਹੋਂਦ ਦਾ ਗੁਲਦਸਤਾ ਹੁੰਦਾ ਹੈ। ਵਰਤਮਾਨ ਅੰਦੋਲਨ ਦੀ ਅਗਲੇਰੀ ਤਸਵੀਰ ਇਸਨੂੰ ਹੋਰ ਵੀ ਸਪੱਸ਼ਟ ਕਰਦੀ ਹੈ।
ਉਸ ਦਿਨ ਤੱਕ, ਕਿਸਾਨ ਅੰਦੋਲਨ ਵਿਚ ਮਜ਼ਦੂਰਾਂ ਦੀ ਸ਼ਮੂਲੀਅਤ ਪਤਾ ਨਹੀਂ ਕਿੰਨੀ ਕੁ ਸੀ ਜਦੋਂ ਧਰਨੇ ਵਿਚ ‘ਕਿਸਾਨ-ਮਜ਼ਦੂਰ ਏਕਤਾ’ ਦਾ ਪਹਿਲਾ ਨਾਹਰਾ ਲੱਗਿਆ ਸੀ। ਨਿਰਸੰਦੇਹ ਇਹ ਚਾਣਚੱਕ ਨਹੀਂ ਵਾਪਰਿਆ। ਇਸ ਨਾਹਰੇ ਨੇ, ਭਾਵੇਂ ਕਿ ਡੇੜ ਸਦੀ ਪਹਿਲਾਂ ਜਨਮ ਲਿਆ ਸੀ ਪਰ ਨਵੇਂ ਹਾਲਾਤ ਵਿਚ ਸੰਘਰਸ਼ ਦੀ ਲੋੜ ਨੇ ਇਸ ਨੂੰ ਆਪ ਮੁਹਾਰੇ ਸੁਜਿੰਦ ਕੀਤਾ ਹੈ, ਨਾ ਕਿ ਮੌਕੇ ਦੇ ਕਿਸੇ ਰਾਜਨੀਤੀਕ ਸ਼ਾਸਤਰੀ ਜਾਂ ਦਾਰਸ਼ਨਿਕ ਨੇ। ਇਹ ਕਿਸਾਨ ਅੰਦੋਲਨ ਦੀ ਅਸਲ ਲੋੜ ਨੂੰ ਉਜਾਗਰ ਕਰਨ ਦਾ ਨਾਹਰਾ ਸੀ, ਜਿਸ ਨੂੰ ਸਿੰਘੂ ਸੰਘਰਸ਼ ਨੇ ਵਿਸਤਾਰ ਦੇ ਦਿੱਤਾ। ਸਮਾਜ ਦੇ ਦੂਜੇ ਤਬਕੇ ਵੀ ਸਿੰਘੂ ਬਾਰਡਰ ਵੱਲ ਉੱਠ ਤੁਰੇ। ਸ਼ਾਇਦ ਹੀ ਕੋਈ ਤਬਕਾ ਅਤੇ ਸੁਹਿਰਦ ਇਨਸਾਨ ਰਹਿ ਗਿਆ ਹੋਵੇ ਜਿਸਨੇ ਕਿਸੇ ਨਾ ਕਿਸੇ ਸ਼ਕਲ ਵਿਚ ਆਪਣਾ ਬਣਦਾ ਹਿੱਸਾ ਨਹੀਂ ਪਾਇਆ ਜਾਂ ਮਾਨਸਿਕ ਪੱਧਰ ਤੇ ਆਪਣੇ ਆਪ ਨੂੰ ਅੰਦੋਲਨ ਨਾਲ ਨਹੀਂ ਜੋੜਿਆ। ਸਨਅਤੀ ਮਜ਼ਦੂਰਾਂ ਤੋਂ ਲੈ ਕੇ ਮੁਲਾਜ਼ਮਾਂ ਅਤੇ ਸੇਵਾ ਮੁਕਤ ਅਫਸਰਾਂ ਤੱਕ, ਸਿੱਖਿਆ ਸ਼ਾਸਤਰੀਆਂ, ਲੇਖਕਾਂ ਤੇ ਪੇਂਟਰਾਂ ਤੋਂ ਲੈ ਕੇ ਫਿਲਮਸਾਜ਼ਾਂ ਅਤੇ ਗਾਇਕਾਂ ਤੱਕ, ਖਿਡਾਰੀਆਂ ਤੋਂ ਲੈ ਕੇ ਸਰਹੱਦਾਂ ਦੀ ਰਾਖੀ ਕਰਨ ਵਾਲੇ ਸੇਵਾ ਮੁਕਤ ਸੈਨਿਕਾਂ ਤੇ ਕਮਾਂਡਰਾਂ ਤੱਕ, ਜੋ ਮੈਡਲਾਂ ਨਾਲ ਸਜੇ ਹੋਏ ਸੀਨੇ ਤਾਣ ਕੇ ਕਿਸਾਨਾਂ ਦੇ ਪੁੱਤ ਹੋਣ ਦੀ ਯਾਦ ਦਿਵਾਉਣ ਆਏ, ਸਭਨਾਂ ਨੇ ਅੰਦੋਲਨ ਨੂੰ ਆਪਣਾ ਬਣਾ ਲਿਆ। ਐਨ ਆਰ ਆਈਜ਼ ਦੀ ਭੂਮਿਕਾ ਕੁੱਝ ਵਧੇਰੇ ਹੀ ਉਘੜਵੀਂ ਹੈ । ਬਿਨਾ ਸ਼ੱਕ, ਇਤਿਹਾਸ ਦੇ ਅਣਕਿਆਸੇ ਅਧਿਆਏ ਰਚੇ ਜਾ ਰਹੇ ਹਨ ।
ਅਸੀਂ ਯਾਦ ਕਰ ਸਕਦੇ ਹਾਂ ਕਿ ਸੜਕਾਂ ਤੋੜ ਦੇਣ ਵਰਗੀਆਂ ਰੁਕਾਵਟਾਂ ਅਤੇ ਪਾਣੀ ਦੀਆਂ ਬੁਛਾੜਾਂ ਦਾ ਸਾਹਮਣਾ ਕਰਦੇ ਹੋਏ ਕਿਸਾਨ ਜਦੋਂ ਦਿੱਲੀ ਵੱਲ ਮਾਰਚ ਕਰ ਰਹੇ ਸਨ ਤਾਂ ਕੁਝ (ਸ਼ਾਇਦ ਚਾਰ) ਕੇਂਦਰੀ ਮੰਤਰੀਆਂ ਦੀ ਮੀਟਿੰਗ ਹੋਈ ਸੀ ਜਿਸ ਵਿਚ ਸੈਨਾ(ਰੱਖਿਆ) ਮੰਤਰੀ ਵੀ ਸ਼ਾਮਿਲ ਸੀ। ਇਸ ਵਿੱਚੋਂ ਅੰਦੋਲਨਕਾਰੀਆਂ ਨੂੰ ਇਕ ਖੁੱਲ੍ਹੇ ਮੈਦਾਨ ਵਿਚ ਲਿਜਾਕੇ ਘੇਰਨ ਦੀ ਚਤੁਰਾਈ ਵੀ ਦਿਖਾਈ ਦਿੰਦੀ ਸੀ। ਗ੍ਰਹਿ ਮੰਤਰੀ ਵੱਲੋਂ ਸ਼ਰਤ ਵੀ ਲਾਈ ਗਈ ਕਿ ਕਿਸਾਨਾਂ ਨਾਲ ਗੱਲ ਤਾਂ ਹੀ ਕਰਾਂਗੇ ਜੇਕਰ ਉਹ ਮਿਥੇ ਹੋਏ ਮੈਦਾਨ ਵਿਚ ਚਲੇ ਜਾਣਗੇ। ਪਰ ਕਿਸਾਨ ਆਗੂਆਂ ਨੇ ਸਰਕਾਰੀ ਬੁੱਧੀਮਾਨਤਾ ਦੀ ਖੁੰਬ ਟੱਪ ਦਿੱਤੀ। ਇਹ ਸਰਕਾਰ ਉੱਪਰ ਅੰਦੋਲਨਕਾਰੀਆਂ ਦੀ ਪਹਿਲੀ ਜਿੱਤ ਸੀ ਜਿਨ੍ਹਾਂ ਨੇ ਆਪਣੇ ਆਪ ਨੂੰ ਘਿਨੌਣੇ ਟਰੈਪ ਵਿਚ ਫਸਣ ਤੋਂ ਬਾਖੂਬੀ ਬਚਾ ਲਿਆ। ਇਹ ਘਟਨਾ ਸਰਕਾਰ ਦੀ ਲੋਲ੍ਹੜ ਬੁੱਧੀਮਾਨਤਾ ਦਾ ਪਰਦਾ ਫਾਸ਼ ਹੋਣ ਦੀ ਵੀ ਪਹਿਲੀ ਘਟਨਾ ਕਹੀ ਜਾ ਸਕਦੀ ਹੈ ਜਿਸ ਉਪਰੰਤ, ਆਹਮਣੇ-ਸਾਹਮਣੇ ਦੀ ਟੇਬਲ-ਟਾਕ ਦੌਰਾਨ ਸਰਕਾਰ ਦੇ ਕਥਤ ਵਿਦਵਾਨ ਸਕੱਤਰਾਂ ਅਤੇ ਚਾਤਰ ਮੰਤਰੀਆਂ ਦੀ ਨਮੋਸ਼ੀ ਭਰੀ ਹਾਰ ਹੋਈ। ਇਹ ਭਰਮ ਵੀ ਟੁੱਟ ਗਿਆ ਕਿ ਪ੍ਰਸ਼ਾਸ਼ਨਕ ਅਧਿਕਾਰੀ ਅਕਲ ਦੇ ਧਨੀ ਹੁੰਦੇ ਹਨ। ਕਿਸਾਨ ਆਗੂਆਂ ਨੇ ਕਨੂੰਨਾਂ ਦੁਆਲੇ ਉਣਿਆ ਸਾਰਾ ਸ਼ਬਦ ਜਾਲ ਉਧੇੜ ਦਿੱਤਾ ਅਤੇ ਸਰਕਾਰ ਨਾ ਕੇਵਲ ਤਰੁਟੀਆਂ ਪ੍ਰਵਾਨ ਕਰਨ ਲਈ ਮਜਬੂਰ ਹੋਈ ਸਗੋਂ ਬਿੱਲਾਂ ਵਿਚ ਸੋਧਾ ਕਰਨ ਦੀ ਪੇਸ਼ਕਸ਼ ਵੀ ਕਰਨ ਲੱਗੀ। ਕਿਸਾਨਾਂ ਨੂੰ ਸਮਝਾਉਣ ਦਾ ਦਾਅਵਾ ਕਿਸਾਨਾਂ ਤੋਂ ਸਮਝਣ ਦੀ ਮਜਬੂਰੀ ਵਿਚ ਬਦਲ ਗਿਆ। ਪਰ ਸਰਕਾਰ ਵੱਲੋਂ ਸੰਜੀਦਾ ਖਾਮੀਆਂ ਸਵੀਕਾਰ ਕਰ ਲੈਣ ਦੇ ਬਾਵਜੂਦ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਗੁੰਮਰਾਹ ਕੀਤਾ ਹੋਇਆ ਹੈ! ਸਰਕਾਰ ਦਾ ਅਸਲ ਰੋਣਾ ਤਾਂ ਇਹ ਹੈ ਕਿ ਉਹ ਆਪ ਕਿਸਾਨਾਂ ਨੂੰ ਗੁੰਮਰਾਹ ਕਰਨ ਵਿਚ ਸਫਲ ਕਿਉਂ ਨਹੀਂ ਹੋ ਰਹੀ?
ਸਰਕਾਰ ਤੋਂ ਆਪਣੀ ਨਮੋਸ਼ੀ ਭਰੀ ਹਾਰ ਬਰਦਾਸ਼ਤ ਨਹੀਂ ਹੋ ਰਹੀ। ਉਸਦੀ ਹੈਂਕੜ ਬੁਖਲਾਹਟ ਵਿਚ ਬਦਲਦੀ ਜਾ ਰਹੀ ਹੈ। ਉਹ ਜਿਸ ਪਾਸੇ ਵੱਲ ਵਧੀ ਜਾ ਰਹੀ ਹੈ, ਆਪਣੇ ਆਪਨੂੰ ਅੰਨ੍ਹੀ ਗਲ਼ੀ ਵਿਚ ਫਸਾ ਲਵੇਗੀ। ਭਾਜਪਾ ਨੇ ਜਿਸ ਦੂਸ਼ਣਬਾਜ਼ੀ ਅਤੇ ਭਾਈਚਾਰਕ ਨਫਰਤ ਦੇ ਤਿੱਖੇ ਸ਼ਸਤਰ ਨਾਲ ਸੱਤਾ ਫਤਹਿ ਕਰ ਲਈ ਸੀ, ਹੁਣ ਉਹ ਸਾਰੇ ਦੇ ਸਾਰੇ ਸ਼ਸਤਰ ਗੱਤੇ ਦੇ ਸਾਬਤ ਹੋ ਰਹੇ ਹਨ। ਖਾਲਿਸਤਾਨੀ, ਆਤੰਕਵਾਦੀ, ਨਕਸਲਵਾਦੀ, ਪਾਕਿਸਤਾਨੀ ਏਜੰਟ , ਟੁਕੜੇ-ਟੁਕੜੇ ਗੈਂਗ, ਚੀਨਪ੍ਰਸਤ ਆਦਿ ਵਾਕ ਸ਼ਸ਼ਤਰਾਂ ਨੇ ਜਦੋਂ ਭਿੱਜੇ ਹੋਏ ਕੁਕੜ-ਪਟਾਖੇ ਵਾਂਗ ਫੁੱਸ ਵੀ ਨਾ ਕੀਤਾ ਤਾਂ ਪਾਣੀਆਂ ਦੇ ਨਾਮ ਤੇ ਪੰਜਾਬੀਆਂ ਅਤੇ ਹਰਿਆਣਵੀਆਂ ਦੀ ਜੱਫੀ ਤੁੜਵਾਉਣ ਅਤੇ ਆਪਸੀ ਡਾਂਗ-ਸੋਟਾ ਖੜਕਵਾਉਣ ਦਾ ਯਤਨ ਕੀਤਾ ਗਿਆ। ਪਰ ਇੱਥੇ ਫਿਰ ਮੂੰਹ ਦੀ ਖਾਣੀ ਪਈ। ਅਜਮਾਏ ਹੋਏ ਸਾਰੇ ਮਾਰੂ ਸ਼ਸਤਰ ਚੱਲਣ ਤੋਂ ਇਨਕਾਰ ਕਰ ਗਏ। (ਇਹ ਨਾ ਕੇਵਲ ਕਿਸਾਨ ਅੰਦੋਲਨ ਦੀ ਭਾਰੀ ਜਿੱਤ ਹੀ ਹੈ ਸਗੋਂ ਇਸਨੇ ਇਹ ਭੇਦ ਵੀ ਹਮੇਸ਼ਾ ਲਈ ਖੋਲ੍ਹ ਦਿੱਤਾ ਹੈ ਕਿ ਸੱਤਾ ਆਪਣਾ ਰਾਹ ਮੋਕਲਾ ਰੱਖਣ ਲਈ ਲੋਕ ਲਹਿਰਾਂ ਵਿਰੁੱਧ ਕਿਹੜੇ-ਕਿਹੜੇ ਸ਼ਸਤਰ ਕਿਵੇਂ ਇਸਤੇਮਾਲ ਕਰਦੀ ਹੈ ਅਤੇ ਸੰਘਰਸ਼ ਉਨ੍ਹਾਂ ਨੂੰ ਕਿਵੇਂ ਨਾਕਾਮ ਕਰ ਦਿੰਦਾ ਹੈ। ਇਸ ਲੋਕ ਅੰਦੋਲਨ ਨੇ ਭਵਿੱਖ ਉੱਪਰ ਬੜਾ ਪਰਉਪਕਾਰ ਕੀਤਾ ਹੈ। ਇਹ ਸਥਾਪਤ ਕਰ ਦਿੱਤਾ ਹੈ ਕਿ ਲੋਕ ਵਿਰੋਧੀ ਸ਼ਕਤੀਆਂ ਦਾ ਕੁਫਰ ਅਤੇ ਛੜਯੰਤਰ ਸਿਰਫ ਓਦੋਂ ਹੀ ਕੰਮ ਕਰਦਾ ਹੈ ਜਦੋਂ ਲੋਕ ਸੰਘਰਸ਼ ਵਿਚ ਨਹੀਂ ਹੁੰਦੇ। ਹਰ ਸਾਜਿਸ਼ ਅਤੇ ਹਰ ਧੱਕੇ ਦਾ ਉੱਤਰ ਏਕਤਾ, ਸੰਘਰਸ਼ ਅਤੇ ਬੁੱਧੀਮਾਨਤਾ ਹੈ। ਹਰ ਸਿਆਸੀ ਤੇ ਸਮਾਜੀ ਸਮੱਸਿਆ ਦਾ ਹੱਲ ਵੀ ਸੰਘਰਸ਼ ਹੀ ਹੈ। ਇਹ ਹੀ ਸਰਬ ਰੋਗ ਕਾ ਦਾਰੂ ਹੈ। ਮਾਨਵਵਾਦੀਆਂ ਅਤੇ ਭੁੱਖਾਂ-ਦੁੱਖਾਂ ਦੇ ਸਤਾਇਆਂ ਲਈ ਏਹੋ ਹੀ ਸਦੀਵੀਂ ਗੁਰ ਹੈ।)
ਦੂਜੇ ਪਾਸੇ ਅੰਦੋਲਨ ਨੇ ਕਲਾ ਅਤੇ ਸਾਹਿਤ ਨੂੰ ਵੀ ਰਾਤੋ-ਰਾਤ ਨਵੇਂ ਰੂਪਾਂ ਵਿੱਚ ਢਾਲ ਕੇ ਦਿਖਾ ਦਿੱਤਾ ਹੈ। ਸੰਘਰਸ਼ ਦਾ ਇਹ ਇਕ ਹੋਰ ਚਮਤਕਾਰ ਹੈ। ਪਿੱਛਲੇ ਵਰ੍ਹਿਆਂ ਵਿੱਚ ਪੰਜਾਬ ਦੇ ਗਾਇਕ ਤਿੱਖੀ ਅਲੋਚਨਾ ਦੀ ਮਾਰ ਹੇਠ ਰਹੇ। ਕਈ ਗਾਇਕ ਤੇ ਗਾਇਕਾਵਾਂ ਤਾਂ ਲੋਕ ਲਾਜ ਦੀਆਂ ਹੱਦਾਂ ਵੀ ਟੱਪ ਗਏ ਸਨ। ਉਨ੍ਹਾਂ ਵਿਰੁੱਧ ਭੰਡੀ ਪ੍ਰਚਾਰ ਤੇ ਰੋਸ ਪ੍ਰਗਟਾਵੇ ਵੀ ਹੋਏ। ਪਰ ਨਾਲ ਦੀ ਨਾਲ ਲੋਕ ਉਨ੍ਹਾਂ ਨੂੰ ਲਗਜਰੀ ਕਾਰਾਂ ਅਤੇ ਧਨ-ਅੰਬਾਰਾਂ ਨਾਲ ਨਵਾਜ਼ਦੇ ਵੀ ਰਹੇ। ਸੰਘਰਸ਼ ਨੇ ਇਸ ਵਰਤਾਰੇ ਦਾ ਭੇਦ ਵੀ ਖੋਲ੍ਹ ਦਿੱਤਾ। ਜਦੋਂ ਸੁਹਿਰਦ ਹਲਕਿਆਂ ਵੱਲੋਂ ਗਾਇਕਾਂ ਦੀ ਅਲੋਚਨਾ ਹੁੰਦੀ ਸੀ ਤਾਂ ਗਾਇਕ ਕਹਿੰਦੇ ਸਨ ‘ਤੁਸੀਂ ਨਾ ਸੁਣੋ, ਅਸੀਂ ਆਪੇ ਨਹੀਂ ਗਾਵਾਂਗੇ’। ਸੱਚ ਇਹ ਹੈ ਕਿ ਲੋਕ ਜਦੋਂ ਭੁੱਖ, ਦੁੱਖ ਅਤੇ ਧੱਕੇਸ਼ਾਹੀ ਸਹਿਣਾ ਸਿੱਖ ਲੈਣ ਤਾਂ ਉਨ੍ਹਾਂ ਨੂੰ ਕਲਾ ਤੇ ਸਾਹਿਤ ਦੀ ਬਦਸੂਰਤੀ ਵੀ ਚੁਭਣੋਂ ਹਟ ਜਾਂਦੀ ਹੈ। ਕਿਸਾਨ ਅੰਦੋਲਨ ਨੇ ਚੰਦ ਕੁ ਦਿਨਾਂ ਵਿਚ ਹੀ ਪੰਜਾਬ ਦੀ ਗਾਇਕੀ, ਸ਼ਾਇਰੀ ਅਤੇ ਕਲਾ ਨੂੰ ਕੂਹਣੀ ਮੋੜ ਦੇ ਦਿੱਤਾ। ਗਾਇਕਾਂ ਨੇ ਸੰਘਰਸ਼ਮਈ ਗੀਤਾਂ ਦੀ ਛਹਿਬਰ ਲਾ ਦਿੱਤੀ ਜਿਸ ਵਿਚੋਂ ਬਗਾਵਤ ਦੀ ਬਿਜਲੀ ਵੀ ਕੜਕਦੀ ਹੈ। ਗਾਇਕ, ਕਿਸਾਨਾਂ ਜਿੰਨੇ ਹੀ ਨਿਡਰ ਅਤੇ ਲਲਕਾਰੀ ਹੋ ਗਏ ਹਨ। ਮੰਚ ‘ਤੇ ਆਉਣ ਦਾ ਪੈਸਾ ਤਾਂ ਕੀ ਮੰਗਣਾ ਹੈ , ਪੈਸਾ ਸਗੋਂ ਆਪ ਅੰਦੋਲਨ ਤੋਂ ਵਾਰ ਰਹੇ ਹਨ। ਸ਼ਾਇਦ ਇਹ ਉਨ੍ਹਾਂ ਦੀ ਆਪਣੀ ਮਰਜ਼ੀ ਦੀ ਗਾਇਕੀ ਹੈ। ਇੰਝ ਹੀ ਹਨ ਬਹੁਤ ਸਾਰੇ ਫਿਲਮ ਸਾਜ਼ ਵੀ ਜਿਨ੍ਹਾਂ ਨੇ ਸ਼ੂਟਿੰਗ ਨਾਲੋਂ ਸਿੰਘੂ ਸੰਘਰਸ਼ ਵਿਚ ਸ਼ਾਮਲ ਹੋਣ ਨੂੰ ਪਹਿਲ ਦਿੱਤੀ। ਜਿੱਥੋਂ ਤੱਕ ਸਾਹਿਤ ਦਾ ਸਬੰਧ ਹੈ, ਪਿਛਲੇ ਹਫਤਿਆਂ ਵਿਚ ਸਾਹਿਤਕਾਰਾਂ ਨੇ ਧੜਾਧੜ ਸੰਘਰਸ਼ਮਈ ਸਾਹਿਤ ਰਚਿਆ, ਖਾਸ ਕਰਕੇ ਸ਼ਾਇਰਾਂ ਨੇ। ਲਗਦਾ ਹੈ ਇਨ੍ਹਾਂ ਮਹੀਨਿਆ ਵਿਚ ਕੇਵਲ ਸੰਘਰਸ਼ ਦਾ ਹੀ ਸਾਹਿਤ ਰਚਿਆ ਗਿਆ ਹੈ। ਜੇਕਰ ਕੋਈ ਲੇਖਕ ਕਿਸੇ ਮਜਬੂਰੀ ਕਾਰਨ ਰਹਿ ਵੀ ਗਿਆ ਹੈ ਤਾਂ ਉਸ ਦਾ ਮਨ-ਮਸਤਕ ਵੀ ਸੰਘਰਸ਼ ਦੇ ਸਾਹਿਤ ਨਾਲ ਹੀ ਭਰਿਆ ਪਿਆ ਹੈ। ਇੰਝ ਹੀ ਮੋਰਚਿਆਂ ਵਿੱਚ ਕਰਾਂਤੀਕਾਰੀ ਪੇਂਟਿੰਗਾਂ ਦੀਆਂ ਪ੍ਰਦਰਸ਼ਨੀਆਂ ਅਤੇ ਕਿਤਾਬਾਂ ਦੇ ਮੁਫਤ ਸਟਾਲ ਸ਼ਸ਼ੋਭਤ ਹਨ। ਸੰਘਰਸ਼ ਨੇ ਕਲਾ ਅਤੇ ਸਾਹਿਤ ਬਾਰੇ ਵੀ ਕਈ ਮਨੌਤਾਂ ਦੀ ਪੁਨਰ ਸਿਰਜਣਾ ਕਰ ਦਿੱਤੀ ਹੈ। ਇਸ ਨੇ ਬਿਨਾਂ ਕਿਸੇ ਵਲਵਲੇਵੇਂ ਤੋਂ ਕਹਿ ਦਿੱਤਾ ਹੈ ਕਿ ਸਾਹਿਤ ਅਤੇ ਕਲਾ ਸੰਘਰਸ਼ ਪੈਦਾ ਨਹੀਂ ਕਰਦੇ ਸਗੋਂ ਸੰਘਰਸ਼, ਸਾਹਿਤ ਅਤੇ ਕਲਾ ਨੂੰ ਪੈਦਾ ਕਰਦਾ ਹੈ। ਵਿਚਾਰ ਸੰਘਰਸ਼ ਨੂੰ ਜਨਮ ਨਹੀਂ ਦਿੰਦੇ ਬਲਕਿ ਸੰਘਰਸ਼ ਵਿਚਾਰਾਂ ਨੂੰ ਜਨਮ ਦਿੰਦਾ ਹੈ ਅਤੇ ਪਰੌੜੵ ਬਣਾਉਂਦਾ ਹੈ। ਸਾਹਿਤ, ਕਲਾ ਤੇ ਵਿਚਾਰ ਤਾਂ ਸੰਘਰਸ਼ ਨੂੰ ਮੰਜ਼ਲ ਤੱਕ ਪਹੁੰਚਾਉਣ ਵਾਲੀ ਤੀਬਰਤਾ ਅਤੇ ਮਜ਼ਬੂਤੀ ਬਣਾਈ ਰੱਖਣ ਦੇ ਮਸੌਦੇ ਹਨ। ਵਿਚਾਰ, ਸਾਹਿਤ ਅਤੇ ਕਲਾ ਸੰਘਰਸ਼ ਦੇ ‘ਮਸਲਾਂ’ ਨੂੰ ‘ਮਸਾਜ’ ਕਰਨ ਦਾ ਫਰਜ਼ ਨਿਭਾਉਂਦੇ ਹਨ ਅਤੇ ਨੱਕ ਦੀ ਸੇਧੇ ਚਲਦੇ ਜਾਣ ਵਿਚ ਸਹਾਈ ਹੁੰਦੇ ਹਨ। ਅੰਦੋਲਨ ਦੇ ਹਾਣ ਦੀ ਕਲਾ, ਸਾਹਿਤ ਅਤੇ ਵਿਵੇਕ ਦਾ ਸਮੇਂ ਸਿਰ ਹੋਂਦ ਵਿਚ ਆਉਣਾ ਅੰਦੋਲਨ ਨੂੰ ਭਟਕਣ ਤੋਂ ਬਚਾਉਂਦਾ ਹੈ। ਕਿਸਾਨ ਅੰਦੋਲਨ ਇਨ੍ਹਾਂ ਨਿਆਮਤਾਂ ਨਾਲ ਮਾਲਾਮਾਲ ਹੈ। ਇਸਨੂੰ ਕੋਈ ਤਾਕਤ ਵੀ ਅਸਫਲ ਨਹੀਂ ਬਣਾ ਸਕਦੀ।
ਇਸੇ ਤਰ੍ਹਾਂ ਹੀ ਹੈ ਰਾਜਨੀਤਕ ਸੰਗਠਨਾਂ ਬਾਰੇ ਵੀ। ਸੱਤਾ ਪਰਿਵਰਤਨ ਅਤੇ ਸਮਾਜੀ ਪਰਿਵਰਤਨ ਕਰਨ ਦੇ ਸਮੱਰਥ ਸੰਗਠਨ ਵੀ ਸੰਘਰਸ਼ ਹੀ ਪੈਦਾ ਕਰਦਾ ਹੈ। ਸਾਹਿਤ ਅਤੇ ਕਲਾ ਵਾਂਗ ਇਹ ਵੀ ਸੱਚ ਹੈ ਕਿ ਕਰਾਂਤੀਕਾਰੀ ਤੋਂ ਕਰਾਂਤੀਕਾਰੀ ਸੰਗਠਨ ਵੀ ਆਪਣੀ ਮਰਜ਼ੀ ਨਾਲ ਲੋਕ ਸੰਘਰਸ਼ ਪੈਦਾ ਨਹੀਂ ਕਰ ਸਕਦਾ ਸਗੋਂ ਲੋਕ ਸੰਘਰਸ਼ ਕਰਾਂਤੀਕਾਰੀ ਸੰਗਠਨ ਪੈਦਾ ਕਰਦਾ ਹੈ। ਉਸ ਨੂੰ ਅਗਵਾਈ ਕਰਨ ਯੋਗ ਬਣਾਉਂਦਾ ਹੈ। ਜਿਹੜੇ ਸੰਗਠਨ ਲੋਕ ਉਭਾਰ ਦੀ ਲੋੜ ਪੂਰਨ ਦੇ ਸਮੱਰਥ ਨਹੀਂ ਹੁੰਦੇ ਜਾਂ ਵੇਲਾ ਵਿਹਾਅ ਚੁੱਕੇ ਹੁੰਦੇ ਹਨ ਉਨ੍ਹਾਂ ਸੰਗਠਨਾ ਨੂੰ, ਅੰਦੋਲਨ ਹੂੰਝ ਸੁੱਟਦਾ ਹੈ। ਨਿੱਜੀ ਵਿਅਕਤੀਆਂ ਜਾਂ ਲੀਡਰਾਂ ਬਾਰੇ ਵੀ ਇਹੋ ਹੀ ਸੱਚ ਹੈ। ਅੰਦੋਲਨ ਜਾਂ ਸੰਘਰਸ਼ ਦੀ ਜ਼ਰੂਰੀ ਲੋੜ ਇਹ ਹੁੰਦੀ ਹੈ ਕਿ ਦਰਪੇਸ਼ ਸੰਕਟ ਦਾ ਹੱਲ ਸਾਹਮਣੇ ਆਵੇ। ਲੋਕ ਅੰਦੋਲਨ ਉਸੇ ਆਗੂ ਜਾਂ ਸੰਗਠਨ ਦੀ ਅਗਵਾਈ ਨੂੰ ਮਾਨਤਾ ਦਿੰਦਾ ਹੈ ਜਿਹੜਾ ਲੋੜੀਂਦੀ ਸੇਧ ਅਤੇ ਢੁੱਕਵਾਂ ਹੱਲ ਪੇਸ਼ ਕਰਨ ਦੇ ਕਾਬਲ ਹੋਵੇ। ਬੇਲੋੜੇ ਸੰਗਠਨਾਂ ਅਤੇ ਵਿਅਕਤੀਆਂ ਨੂੰ ਬੀਤੇ ਇਤਿਹਾਸ ਦਾ ਪੰਨਾ ਬਣਾ ਦਿੱਤਾ ਜਾਂਦਾ ਹੈ। ਸੰਘਰਸ਼ ਕੇਵਲ ਕਾਬਲੀਅਤ ਅਤੇ ਜੁਗਤ ਦੇਖਦਾ ਹੈ। ਚਿੰਤਨ ਦੀ ਕਾਬਲੀਅਤ ਅਤੇ ਐਕਸ਼ਨ ਦੀ ਜੁਗਤ। ਦੁਨੀਆਂ ਦੀਆਂ ਮਹਾਨ ਲਹਿਰਾਂ ਅਤੇ ਕਰਾਂਤੀਆਂ ਦਾ ਇਤਿਹਾਸ ਵੀ ਇਹੋ ਹੀ ਸਾਬਤ ਕਰਦਾ ਹੈ। ਅਸੀਂ ਆਪਣੇ ਕਰਾਂਤੀਕਾਰੀ ਨਾਇਕ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਉਦਾਹਰਣ ਨਾਲ ਹੀ ਸਮਝ ਸਕਦੇ ਹਾਂ ਕਿ ਉਹ ਆਪਣੇ ਸਮੁੱਚੇ ਕਰਾਂਤੀਕਾਰੀ ਦਲ ਵਿਚ ਇਕੱਲੇ ਹੀ ਨਾਸਤਿਕ ਸਨ। ਜਦੋਂ ਕਿ ਉਨ੍ਹਾਂ ਨਾਲ ਸ਼ਹੀਦੀਆਂ ਪਾ ਜਾਣ ਵਾਲੇ ਅਤੇ ਕਾਲੇ ਪਾਣੀ ਦੀਆਂ ਸਜ਼ਾਵਾਂ ਕੱਟਣ ਵਾਲੇ ਤਕਰੀਬਨ ਸਾਰੇ ਹੀ ਕਰਾਂਤੀਕਾਰੀ ਅਸਤਕ ਸਨ। ਫਿਰ ਵੀ ਉਨ੍ਹਾਂ ਆਸਤਕ ਕਰਾਂਤੀਕਾਰੀਆਂ ਨੇ ਨਾਸਤਕ ਭਗਤ ਸਿੰਘ ਦੀ ਯੋਗਤਾ ਤੇ ਅਗਵਾਈ ਨੂੰ ਦਿਲੋਂ ਪ੍ਰਵਾਨ ਕੀਤਾ ਹੋਇਆ ਸੀ। ਸੰਘਰਸ਼ ਏਹੋ ਜਹੇ ਸਭ ਮਸਲਿਆਂ ਨੂੰ ਦੂਜਾ ਦਰਜਾ ਦੇ ਦਿੰਦਾ ਹੈ, ਪਿਛਲੀ ਕਤਾਰ ਵਿਚ ਕਰ ਦਿੰਦਾ ਹੈ। ਇਸੇ ਤਰ੍ਹਾਂ ਸੰਘਰਸ਼; ਹਿੰਦੂ, ਸਿੱਖ, ਮੁਸਲਮਾਨ ਅਤੇ ਇਸਾਈ ਵਰਗੀਆਂ ਵੰਡੀਆਂ ਨੂੰ ਦਰਕਿਨਾਰ ਕਰ ਦਿੰਦਾ ਹੈ। ਅਸੀਂ ਸਿੰਘੂ ਬਾਰਡਰ ਉੱਤੇ ਇਕ ਨਿਹੰਗ ਸਿੰਘ ਨੂੰ ਇਕ ਮੁਸਲਮਾਨ ਨੌਜਵਾਨ ਨਾਲ ਜੱਫੀ ਪਾ ਕੇ ਬੋਲੀਆਂ ਪਾਉਂਦੇ ਦੇਖਿਆ-ਸੁਣਿਆ, ਕਿ ਮੋਦੀ ਤੇਰਾ ਧੰਨਵਾਦ ਤੂੰ ਸਾਡੇ ਵਿਛੜੇ ਭਰਾਵਾਂ ਨਾਲ ਜੱਫੀ ਪੁਆ ਦਿੱਤੀ। ਇਕ ਪ੍ਰੌਢ ਉਮਰ ਦੀ ਹਿੰਦੂ ਸ਼ਖਸੀਅਤ ਨੇ ਆਪਣੀ ਇਕ ਪੋਸਟ ਵਿਚ ਗੜ੍ਹਕਦਿਆਂ ਕਿਹਾ, “ਤੁਹਾਡੇ ਸਦਕੇ ਜਾਵਾਂ ਪੰਜਾਬੀਓ … .. ਜਦੋਂ ਮੇਰੇ ਪੁੱਤਰ ਦੇ ਘਰ ਪੁੱਤਰ ਪੈਦਾ ਹੋਇਆ ਤਾਂ ਮੈਂ ਉਹਨੂੰ ਸਿੱਖ ਬਣਾਵਾਂਗਾ।” ਉਸ ਨੇ ਆਪਣੇ ਆਪ ਨੂੰ ਮੁਹਿਆਲ ਬਰਾਹਮਣ ਦੱਸਿਆ। ਇਕ ਹੋਰ ਰੌਂਗਟੇ ਖੜ੍ਹੇ ਕਰਨ ਵਾਲੀ ਉਦਾਹਰਣ ਇੱਕ ਹਿੰਦੂ ਨੌਜਵਾਨ ਦੀ ਹੈ ਜਿਹੜਾ ਆਪਣੇ ਪਰਿਵਾਰ ਨੂੰ ਡਲਹੌਜ਼ੀ ਲਿਜਾਣ ਦੀ ਥਾਂ ਰਾਸ਼ਣ ਦੇ ਟਰੱਕ ਸਮੇਤ ਸਿੰਘੂ ਬਾਰਡਰ ਤੇ ਲੈ ਆਇਆ। ਉਹਨੇ ਟੀ ਵੀ ਚੈਨਲਾਂ ਨੂੰ ਕਿਹਾ,”ਦੋ ਸਾਲ ਤੱਕ ਵੀ ਏਥੇ ਰਾਸ਼ਣ ਖਤਮ ਹੋ ਗਿਆ ਤਾਂ ਹਰਦੂ-ਲਾਹਣਤ ਕਹਿ ਦੇਣਾ, ਸਾਰੀ ਜ਼ਮੀਨ ਜਾਇਦਾਦ ਵੇਚ ਦਿਆਂਗਾ ਪਰ ਰਾਸ਼ਨ ਨੀ ਮੁੱਕਣ ਦੇਣਾ।” ਇਸ ਤਰ੍ਹਾਂ ਦੀਆਂ ਸੈਂਕੜੇ ਉਦਾਹਰਣਾਂ ਹਨ। ਸੰਘਰਸ਼, ਧਰਮ-ਨਸਲ ਤੇ ਰੁਤਬੇ ਦਾ ਟੈਂਟਾ ਮੁਕਾ ਦਿੰਦਾ ਹੈ। ਜਿੱਥੋਂ ਤੱਕ ਨੈਤਿਕਤਾ ਦਾ ਸਵਾਲ ਹੈ ਮੇਰੇ ਇਕ ਮਿੱਤਰ ਦਾ ਕਹਿਣਾ ਸੀ ਕਿ ਸਿੰਘੂ ਬਾਰਡਰ ਤੇ ਅਲ੍ਹੜ ਮੁਟਿਆਰਾਂ ਇੰਝ ਤੁਰੀਆਂ-ਫਿਰਦੀਆਂ ਨੇ ਜਿਵੇਂ ਧੀਆਂ ਪੇਕੇ ਘਰ ਆਈਆਂ ਹੋਈਆਂ ਹੋਣ! ਸਿੰਘੂ ਬਾਰਡਰ ਦਾ ਸਭਿਆਚਾਰ ‘ਹਾਥਰਸ’ ਵਰਗੇ ਗਲੇ- ਸੜੇ ਮੰਨੂਵਾਦੀ ਤੇ ਨਿੱਘਰੇ ਪੂੰਜੀਵਾਦੀ ਸਭਿਆਚਾਰ ਦਾ ਵੀ ਮੂੰਹ ਤੋੜ ਜਵਾਬ ਹੈ। ਭਾਈਚਾਰਾ ਏਥੋਂ ਤੱਕ ਪੀਡਾ ਹੋ ਰਿਹਾ ਹੈ ਕਿ ਕਮਿਊਨਿਸਟ ਨੇਤਾਵਾਂ ਨੂੰ ਧਾਰਮਿਕ ਸ਼ੋਭਾ ਯਾਤਰਾਵਾਂ ਦੌਰਾਨ ਹੁੰਦੇ ਪੜਾਵਾਂ ‘ਤੇ ਬੋਲਣ ਲਈ ਕਿਹਾ ਜਾਂਦਾ ਹੈ, ਜਿੱਥੇ ਕਿਸਾਨ ਅੰਦੋਲਨ ਦੀਆਂ ਬਾਤਾਂ ਵੀ ਹੁੰਦੀਆਂ ਹਨ। ਮੇਰੇ ਇਕ ਨਿੱਜੀ ਮਿੱਤਰ ਅਤੇ ਸਿੱਖ ਸਕੌਲਰ ਦੀ ਪੋਸਟ ਇਸਦਾ ਨਿਚੋੜ ਹੈ। ਪੋਸਟ ਦਾ ਕੇਂਦਰੀ ਭਾਵ ਇਹ ਹੈ ਕਿ, “ਕਿਸਾਨ ਅੰਦੋਲਨ ਦੀ ਅਗਵਾਈ ਭਾਵੇਂ ਖੱਬੇ ਕਰ ਰਹੇ ਹਨ ਪਰ ਸੰਘਰਸ਼ ਵਿਚ ਕੁੱਦੀ ਸੰਗਤ ਗੁਰੂ ਨਾਨਕ ਦੇਵ ਜੀ ਦੀ ਪੈਰੋਕਾਰਾਂ ਹੈ।” ਇਸ ਤੋਂ ਪਹਿਲਾਂ ਸਿੱਖ ਅਤੇ ਕਮਿਊਨਿਸਟ ਇਕ ਦੂਜੇ ਦੇ ਤਿੱਖੇ ਅਲੋਚਕ ਚਲੇ ਆ ਰਹੇ ਸਨ। ਸੰਘਰਸ਼ ਦੁਸ਼ਮਣਾਂ ਨੂੰ ਨਿਖੇੜਦਾ ਅਤੇ ਦੋਸਤਾਂ ਨੂੰ ਮਤਭੇਦਾਂ ਦੇ ਬਾਵਜੂਦ ਜੋੜਦਾ ਹੈ। ਸੰਘਰਸ਼ ਨਿੱਜੀ ਦੁਸ਼ਮਣੀਆਂ ਦੀ ਲਕੀਰ ਵੀ ਮਿਟਾ ਦਿੰਦਾ ਹੈ। ਇਸ ਨੂੰ ਜਾਨਣ ਲਈ ਸਿੰਘੂ ਬਾਰਡਰ ਤੋਂ ਦੋ ਸਕੇ ਭਰਾਵਾਂ ਦੀ ਕਹਾਣੀ ਨੂੰ ਸੁਣਿਆ ਜਾ ਸਕਦਾ ਹੈ ਜਿਹੜੇ ਇਕ-ਦੂਜੇ ਦੇ ਦੁਸ਼ਮਣ ਬਣ ਚੁਕੇ ਸਨ ਅਤੇ ਮੁਕੱਦਮਿਆਂ ਵਿਚ ਉਲਝੇ ਹੋਏ ਸਨ। ਇਕ ਭਰਾ ਨੇ ਦੂਜੇ ਨੂੰ ਲੰਗਰ ਦੀ ਚਾਹ ਫੜਾਉਂਦਿਆ ਕਿਹਾ ਕਿ ਵਾਪਿਸ ਜਾ ਕੇ ਪਹਿਲਾ ਕੰਮ ਮੁਕੱਦਮਾ ਵਾਪਸ ਲੈਣ ਦਾ ਕਰਾਂਗਾ। ਮੁੜ ਜੱਫੀ ਪੈ ਗਈ। ਅੰਦੋਲਨ ਦੇ ਕੁਝ ਦਿਨਾਂ ਨੇ ਇਨ੍ਹਾਂ ਦੋ ਭਰਾਵਾਂ ਨੂੰ ਉਹ ਕੁਝ ਸਮਝਾ ਦਿੱਤਾ ਜੋ ਸਾਲਾਂ ਬੱਧੀ ਸਾਰੇ ਪਿੰਡ ਤੋਂ ਨਹੀਂ ਸਮਝਾਇਆ ਗਿਆ ਹੋਣਾ। ਉਹ ਸਮਝ ਗਏ ਕਿ ਉਨ੍ਹਾਂ ਦੇ ਸਾਂਝੇ ਦੁਸ਼ਮਣ ਦਿੱਲੀ ਅਤੇ ਮੁੰਬਈ ਬੈਠੇ ਹਨ।
ਕਿਸਾਨ ਅੰਦੋਲਨ ਖੁਦ ਕੋਈ ਸਿਆਸੀ ਦਲ ਨਹੀਂ ਹੈ ਸਗੋਂ 32 ਜਾਂ 40 ਜਥੇਬੰਦੀਆਂ ਦਾ ਪਲੇਟਫਾਰਮ ਹੈ। ਪਰ ਇਸ ਨੇ ਰਵਾਇਤੀ ਸਿਆਸੀ ਦਲਾਂ ਦਾ ਭਵਿੱਖ ਸੀਲ ਕਰ ਦਿੱਤਾ ਹੈ। ਉਹ ਦਲ ਇਸ ਇਤਿਹਾਸਕ ਅੰਦੋਲਨ ਦੀ ‘ਡੀ’ ਤੋਂ ਬਾਹਰ ਕਰ ਦਿੱਤੇ ਗਏ ਹਨ। ਉਹ ਸਿਆਸੀ ਦੰਗਲ ਦੇ ਸਰਕਲ ਦੀ ਬਾਹਰਲੀ ਲਕੀਰ ਤੇ ਬੈਠੇ ਹਨ। ਬੀਤੇ ਦਿਨੀਂ ਇਕ ਚੈਨਲ ਉੱਤੇ ਭਾਜਪਾ ਅਤੇ ਕਾਂਗਰਸ ਦੇ ਦੋ ਨੌਜਵਾਨ ਆਗੂਆਂ ਨੂੰ ਭਿੜਦੇ ਹੋਏ ਦੇਖਿਆ ਗਿਆ। ਕਾਂਗਰਸੀ ਨੇਤਾ ਕਹਿ ਰਿਹਾ ਸੀ ਕਿ ਇਹ ਕਿਸੇ ਪਿੰਡ ਵਿਚ ਵੜ ਕੇ ਦਿਖਾਵੇ ਅਤੇ ਨਾਲ ਹੀ ਕਿਹਾ ਕਿ ਇਨ੍ਹਾਂ ਨੇ ਸਾਨੂੰ ਵੀ ਕਾਸੇ ਜੋਗਾ ਨਹੀਂ ਛੱਡਿਆ। ਏਹੋ ਹੀ ਸੱਚ ਹੈ ਜੋ ਗਰਮਾ-ਗਰਮੀ ਵਿਚ ਮੂੰਹੋਂ ਨਿਕਲ ਗਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਵਿਚ ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰਾਉਣ ਦਾ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵੱਲੋਂ ਵਿਧਾਨ ਸਭਾ ਵਿਚ ਬਿੱਲਾਂ ਨੂੰ ਪਾੜਨ ਦਾ ਅੰਦੋਲਨਕਾਰੀਆਂ ਅਤੇ ਆਮ ਲੋਕਾਂ ਉੱਤੇ ਅਸਰ ਨਾਂ ਮਾਤਰ ਵੀ ਨਹੀਂ। ਅਕਾਲੀ ਦਲ ਬਾਦਲ ਨੂੰ ਉਹ ਸਹਾਇਕਾਂ ਦੇ ਖਾਤੇ ‘ਚ ਹੀ ਨਹੀਂ ਰੱਖਦੇ। ਕੋਈ ਵੀ ਰਵਾਇਤੀ ਪਾਰਟੀ ਅਪਣੇ-ਆਪਣੇ ਪਿਛੋਕੜ ਤੋਂ ਪਿੱਛਾ ਛੁਡਾਉਣ ਵਿਚ ਸਫਲ ਨਹੀਂ ਹੋਈ।
ਦੂਸ਼ਣਬਾਜ਼ੀ ਅਤੇ ਦੁਫੇੜਬਾਜ਼ੀ ਦੇ ਕਿਸੇ ਵੀ ਹਥਿਆਰ ਨੇ ਜਦੋਂ ਕੰਮ ਨਾ ਕੀਤਾ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਉਣ ‘ਤੇ ਜ਼ੋਰ ਲਾ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ। ਲੇਕਨ ਮਜੇ ਦੀ ਗੱਲ ਇਹ ਹੈ ਕਿ ਅੰਦੋਲਨ ਤੋਂ ਪਹਿਲਾਂ ਜਿਨ੍ਹਾਂ ਬਿੱਲਾਂ ਨੂੰ ਭਾਜਪਾ ਸਰਕਾਰ ਆਪਣੀ ਮਹਾਨ ਪ੍ਰਾਪਤੀ ਦੱਸ ਰਹੀ ਸੀ ਹੁਣ ਕਹਿ ਰਹੀ ਹੈ ਕਿ ਇਨ੍ਹਾਂ ਬਿੱਲਾਂ ਦਾ ਮੂਲ ਖਰੜਾ ਤਿਆਰ ਹੀ ਕਾਂਗਰਸ ਨੇ ਕੀਤਾ ਸੀ ਅਤੇ ਇਹ ਬਿਲ ਅਚਾਨਕ ਨਹੀਂ ਆਏ ਸਗੋਂ ਪਿੱਛਲੇ ਵੀਹ ਸਾਲਾਂ ਤੋਂ ਖੇਤੀ ਸੁਧਾਰਾਂ ਬਾਰੇ ਚੱਲਦੀ ਆ ਰਹੀ ਚਰਚਾ ਦਾ ਨਤੀਜਾ ਹਨ। ਉਨ੍ਹਾਂ ਨੇ ਖੁਲ੍ਹਕੇ ਦੋਸ਼ ਲਾਇਆ ਹੈ ਕਿ ਕਾਂਗਰਸ ਹੁਣ ਗੱਦਾਰੀ ਕਰ ਰਹੀ ਹੈ। ਗੱਦਾਰੀ ਦੇ ਸ਼ਬਦ ਨੇ ਮਸਲੇ ਦਾ ਸਾਰਾ ਹੀਜ਼-ਪਿਆਜ ਨੰਗਾ ਕਰ ਦਿੱਤਾ ਹੈ। ਇਸਦਾ ਅਰਥ, ਲੋਕਾਂ ਵੱਲੋਂ ਇਹ ਲਿਆ ਜਾ ਰਿਹਾ ਹੈ ਕਿ ਕਾਰਪੋਰੇਟਾਂ ਨਾਲ ਦੋਸਤੀ ਨਿਭਾਉਣ ਦਾ ਵਾਹਦਾ ਉਨ੍ਹਾਂ ਦਾ ਸਾਂਝਾ ਸੀ ਪਰ ਕਾਂਗਰਸ ਹੁਣ ਗੱਦਾਰੀ ਕਰ ਗਈ ਹੈ ਜਦੋਂ ਕਿ ਭਾਜਪਾ ਸਰਕਾਰ ਨੇ ਵਾਹਦਾ ਤੋੜ ਨਿਭਾਇਆ ਹੈ। ਪ੍ਰਧਾਨ ਮੰਤਰੀ ਨੂੰ ‘ਪੱਕਾ ਯਕੀਨ’ ਹੈ ਕਿ ਆਮ ਲੋਕ ਅਤੇ ਅੰਦੋਲਨਕਾਰੀ ਉਸਦੀ ਭਾਸ਼ਾ ਦੇ ਅਸਲ ਭਾਵ ਨੂੰ ਬਿਲਕੁਲ ਨਹੀਂ ਸਮਝ ਰਹੇ। ਪ੍ਰੰਤੂ ਕਿਸਾਨ ਸੰਘਰਸ਼ ਨੇ ਸਰਕਾਰ ਦੇ ਸਾਰੇ ਭਰਮ ਤਾਰ-ਤਾਰ ਕਰ ਦੇਣੇ ਹਨ।
ਬਕੌਲ ਸ਼ਾਇਰ,
”ਤੁੱਝ ਸੇ ਪਹਿਲੇ ਜੋ ਸ਼ਖ਼ਸ ਯਹਾਂ ਪੇ ਤਖ਼ਤ ਨਸ਼ੀਂ ਥਾ
ਆਪਨੇ ਖੁਦਾ ਹੋਨੇ ਪੇ ਉਸਕੋ ਭੀ ਇਤਨਾ ਹੀ ਯਕੀਂ ਥਾ”।