ਗੁਰੂਸਰ ਸੁਧਾਰ, 9 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਪਿੰਡ ਰੱਤੋਵਾਲ ਵਿਖੇ ਔਰਤਾਂ ਦੀ ਭਰਵੀਂ ਮੀਟਿੰਗ ਸਿਮਰਨਜੀਤ ਕੌਰ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ‘ਤੇ ਜਨਵਾਦੀ ਇਸਤਰੀ ਸਭਾ ਦੀ ਸੂਬਾਈ ਪ੍ਰਧਾਨ ਪ੍ਰੋ. ਸੁਰਿੰਦਰ ਕੌਰ ਵਿਸ਼ੇਸ਼ ਤੌਰ ‘ਤੇ ਪੁੱਜੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾ ਕਿਹਾ ਕਿ ਔਰਤਾਂ ਦੀ ਘੋਲਾਂ ‘ਚ ਪਰਖੀ ਹੋਈ, ਜੁਝਾਰੂ, ਲੜਾਕੂ ਜਥੇਬੰਦੀ ਜਨਵਾਦੀ ਇਸਤਰੀ ਸਭਾ ਜਿਹੜੀ ਔਰਤਾਂ ਨੂੰ ਜਿੱਥੇ ਬਰਾਬਰੀ ਵਾਲੇ ਸਮਾਜ ਦੀ ਉਸਾਰੀ ਲਈ ਲਾਮਬੰਦ ਕਰ ਰਹੀ ਹੈ ਉੱਥੇ ਔਰਤਾਂ ‘ਤੇ ਹੋ ਰਹੇ ਜਬਰ ਜ਼ੁਲਮ, ਬੇਇਨਸਾਫ਼ੀਆਂ ਤੇ ਲੋਟੂ ਰਾਜ ਪ੍ਰਬੰਧ ਦੇ ਖਿਲਾਫ ਸੰਘਰਸ਼ ਦੇ ਮੈਦਾਨ ਨਿੱਤਰੀ ਹੋਈ ਹੈ। ਕੇਂਦਰ ਸਰਕਾਰ ਦੇ ਪਾਸ ਕੀਤੇ ਕਾਲੇ ਕਨੂੰਨਾਂ ਦਾ ਤਿੱਖਾ ਵਿਰੋਧ ਕਰਦਿਆਂ ਉਨ੍ਹਾਂ ਕਿਹਾ ਕਿ ਜਨਵਾਦੀ ਇਸਤਰੀ ਸਭਾ ਵੱਲੋਂ ਦਿੱਲੀ ਵਿਖੇ ਵੱਡੀ ਗਿਣਤੀ ‘ਚ ਔਰਤਾਂ ਕਾਫ਼ਲਿਆਂ ਦੇ ਰੂਪ ‘ਚ ਜਾ ਰਹੀਆਂ ਹਨ। ਜਨਵਾਦੀ ਇਸਤਰੀ ਸਭਾ ਦੀ ਜਿਲ੍ਹਾ ਆਗੂ ਮਨਪ੍ਰੀਤ ਕੌਰ ਜੋਧਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹੇ ‘ਚ ਔਰਤਾਂ ਨੂੰ ਵੱਡੇ ਪੱਧਰ ਤੇ ਲਾਮਬੰਦ ਕੀਤਾ ਜਾਵੇਗਾ।
ਯੂਨਿਟ ਰੱਤੋਵਾਲ ਦੀ ਨਵੀਂ ਚੁਣੀ ਗਈ ਪ੍ਰਧਾਨ ਸਿਮਰਨਜੀਤ ਕੌਰ ਧਾਲੀਵਾਲ ਨੇ ਕਿਹਾ ਕਿ ਜਥੇਬੰਦੀ ਔਰਤਾਂ ਦੀ ਭਲਾਈ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠਕੇ ਕੰਮ ਕਰੇਗੀ। ਇਸ ਮੀਟਿੰਗ ‘ਚ ਸਰਬ-ਸੰਮਤੀ ਨਾਲ ਸਿਮਰਨਜੀਤ ਕੌਰ ਧਾਲੀਵਾਲ ਨੂੰ ਪ੍ਰਧਾਨ, ਜਸਪਾਲ ਕੌਰ, ਕਮਲਜੀਤ ਕੌਰ, ਹਰਜੀਤ ਕੌਰ (ਤਿੰਨੇ ਮੀਤ ਪ੍ਰਧਾਨ) ਸੁਖਵਿੰਦਰ ਕੌਰ ਜ. ਸਕੱਤਰ, ਸਿਮਰਨ ਜੀਤ ਕੌਰ ਤੇ ਬਲਵੀਰ ਕੌਰ (ਦੋਵੇਂ ਸਕੱਤਰ), ਸੁਰਿੰਦਰ ਕੌਰ ਖ਼ਜ਼ਾਨਚੀ, ਸੁਖਵਿੰਦਰ ਕੌਰ ਜੁਆਇੰਟ ਖ਼ਜ਼ਾਨਚੀ, ਜਸਪਾਲ ਕੌਰ ਜੱਸੀ ਪ੍ਰੈਸ ਸਕੱਤਰ, ਪਰਮਜੀਤ ਜੁਆਇੰਟ ਸਕੱਤਰ ਚੁਣੀਆਂ ਗਈਆਂ। ਮੀਟਿੰਗ ਦੌਰਾਨ ਫੈਸਲਾ ਕੀਤਾ ਕਿ ਔਰਤਾਂ ਦਾ ਵੱਡਾ ਕਾਫ਼ਲਾ 11 ਜਨਵਰੀ ਨੂੰ ਕਿਲਾ ਰਾਏਪੁਰ ਵਿਖੇ ਅੰਡਾਨੀਆਂ ਅੰਬਾਨੀਆਂ ਦੀ ਖੁਸ਼ਕ ਬੰਦਰਗਾਹ ‘ਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਲਗਾਏ ਗਏ ਪੱਕੇ ਮੋਰਚੇ ‘ਚ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੀਟਿੰਗ ‘ਚ ਮਨਪ੍ਰੀਤ ਕੌਰ ਪਰਮਜੀਤ ਕੌਰ ਲੁਧਿਆਣਾ, ਬੇਅੰਤ ਕੌਰ ਰੱਤੋਵਾਲ, ਭਰਪੂਰ ਕੌਰ, ਜਸਵਿੰਦਰ ਕੌਰ ਤੇ ਰੱਤੋਵਾਲ ਦੀਆਂ ਹੋਰ ਔਰਤਾਂ ਵੀ ਹਾਜ਼ਰ ਸਨ।
