ਅਠਾਈ ਨਵੰਬਰ ਦਾ ਦਿਨ ਇੱਕ ਅਹਿਮ ਜ਼ੁੰਮੇਵਾਰੀ ਵਾਲਾ ਦਿਨ ਹੋ ਨਿੱਬੜਿਆ। ਇੰਡੋ-ਅਮੈਰਿਕਨ ਹੈਰੀਟੇਜ ਫੋਰਮ, ਫਰੇਜਨੋ ਦੇ ਦੋ ਅਹਿਮ ਰੁਕਨਾਂ ਮਹਿੰਦਰ ਭਾਜੀ (ਮਹਿੰਦਰ ਸਿੰਘ ਢਾਅ) ਤੇ ਸ਼ਿੰਦਾ ਭਾਜੀ (ਸੁਰਿੰਦਰ ਬਦੇਸ਼ਾ) ਨੇ ਇੱਕ ਤਰ੍ਹਾਂ ਨਾਲ ਹੁਕਮ ਸੁਣਾ ਦਿੱਤਾ ਕਿ ਮੋਡੈਸਟੋ ’ਚ ਸੰਯੁਕਤ ਕਿਸਾਨ ਮੋਰਚਾ ਹਮਾਇਤ ਕਮੇਟੀ ਵੱਲੋਂ ਕਿਸਾਨ ਮੋਰਚੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਗੁਰਦੁਆਰਾ ਸਾਹਿਬ ’ਚ ਰਖਵਾਏ ਗਏ ਭੋਗ ਵੇਲੇ ਫੋਰਮ ਵੱਲੋਂ ਤੈਨੂੰ ਜਾਣਾ ਪੈਣਾ ਹੈ। ਦੋਵੇਂ ਸ਼ਖਸੀਅਤਾਂ ਅਜਿਹੀਆਂ ਹਨ ਜਿਨ੍ਹਾਂ ਦਾ ਕਹਿਣਾ ਮੈਂ ਮੋੜ ਨਹੀਂ ਸਕਦਾ। ਸਵੇਰੇ ਸੁਵੱਖਤੇ ਮਹਿੰਦਰ ਭਾਜੀ ਨਾਲ ਮੋਡੈਸਟੋ ਨੂੰ ਤੁਰ ਪਏ। ਰਸਤੇ ’ਚ ਇਹ ਵਿਚਾਰ ਕਰਦੇ ਗਏ ਕਿ ਕਿਸ ਢੰਗ ਨਾਲ ਗੱਲ ਕੀਤੀ ਜਾਣੀ ਚਾਹੀਦੀ ਐ। ਸਥਾਨ ਕਿਉਂਕਿ ਗੁਰਦੁਆਰਾ ਸਾਹਿਬ ਸੀ, ਇਸ ਲਈ ਇਹ ਖਿਆਲ ਰੱਖਣਾ ਲਾਜ਼ਮੀ ਸੀ ਕਿ ਕੋਈ ਵੀ ਸ਼ਬਦ ਅਜਿਹਾ ਨਾ ਬੋਲਿਆ ਜਾਵੇ ਜਿਸ ਨਾਲ ਕੋਈ ਵਿਵਾਦ ਖੜਾ ਹੋਵੇ। ਉੱਥੋਂ ਦੀ ਕਮੇਟੀ ਦੇ ਮੁਖੀਆਂ ’ਚੋਂ ਇੱਕ ਸ. ਪਾਲ ਸਿੰਘ ਸੰਘੇੜਾ ਨੇ ਵੀ ਮੈਨੂੰ ਸੀਮਤਾਵਾਂ ਬਾਰੇ ਮੋਟੀ ਜਿਹੀ ਜਾਣਕਾਰੀ ਦੇ ਦਿੱਤੀ ਸੀ। ਮੇਰੇ ਤੋਂ ਪਹਿਲਾਂ ਸਟੇਜ ਸਕੱਤਰ ਦੀ ਡਿਊਟੀ ਨਿਭਾਉਣ ਵਾਲੇ ਸੁਖਵਿੰਦਰ ਸਿੰਘ ਦੁਸਾਂਝ ਹੁਰਾਂ ਨੂੰ ਵੀ ਵਾਰ-ਵਾਰ ਇਹ ਕਹਿਣਾ ਪੈ ਰਿਹਾ ਸੀ ਕਿ ਮੈਂ ਕਿਸੇ ਸਿਆਸੀ ਪਾਰਟੀ ’ਤੇ ਹਮਲਾ ਨਹੀਂ ਕਰ ਰਿਹਾ।
ਮੇਰੀ ਵਾਰੀ ਆਈ ਤਾਂ ਮੈਂ ਗੱਲ ਹੀ ਏਥੋਂ ਸ਼ੁਰੂ ਕੀਤੀ ਕਿ ਜਦ ਕੋਈ ਇਹ ਕਹੇ ਕਿ ਮੈਂ ਕੋਈ ਸਿਆਸੀ ਗੱਲ ਨਹੀਂ ਕਰਨੀ ਤਾਂ ਉਹ ਦਰਅਸਲ ਸਿਆਸਤ ਹੀ ਕਰ ਰਿਹਾ ਹੁੰਦੈ। ਮੈਂ ਇਹ ਨਹੀਂ ਕਹਾਂਗਾ ਕਿ ਮੈਂ ਸਿਆਸੀ ਬੰਦਾ ਨਹੀਂ, ਮੈਂ ਸਿਆਸੀ ਹਾਂ ਤੇ ਭਾਈ ਲਾਲੋ ਦੇ ਕੁਣਬੇ ਦਾ ਨਾਲ ਖੜ੍ਹਨ ਵਾਲਾ ਸਿਆਸੀ ਬੰਦਾ ਹਾਂ। ਗੁਰੂ ਘਰ ’ਚ ਖੜੋ੍ਹ ਕੇ ਮੈਂ ਮਲਕ ਭਾਗੋਆਂ ਦੇ ਸੋਹਲੇ ਨਹੀਂ ਗਾ ਸਕਦਾ। ਖ਼ੈਰ, ਮਿਲੇ ਸਮੇਂ ’ਚ ਸਮੁੱਚੇ ਅੰਦੋਲਨ ਦੇ ਅਹਿਮ ਪਹਿਲੂਆਂ ਬਾਰੇ ਗੱਲ ਕੀਤੀ।
ਮੋਡੈਸਟੋ ਤੋਂ ਵਾਪਸ ਆ ਕੇ ਫਰਿਜਨੋ ’ਚ ਹੈਰੀਟੇਜ ਫੋਰਮ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਕਿਸਾਨ ਮੋਰਚੇ ਦੇ ਸ਼ਹੀਦਾਂ ਨੂੰ ਸਮਰਪਿਤ ਪ੍ਰੋਗਰਾਮ ’ਚ ਪਹੁੰਚ ਗਏ। ਏਥੇ ਵੀ ਬੋਲਣ ਵਾਸਤੇ ਮੇਰੇ ਨਾਂਅ ਦਾ ਐਲਾਨ ਕਰ ਦਿੱਤਾ ਗਿਆ। ਮੇਰੇ ਤੋਂ ਪਹਿਲਾਂ ਬੋਲਣ ਵਾਲੇ ਬੁਲਾਰਿਆਂ ਨੇ ਬਹੁਤ ਖੂਬਸੂਰਤੀ ਨਾਲ ਕਰਤਾਰ ਸਿੰਘ ਸਰਾਭਾ ਦੀ ਸ਼ਹਾਦਤ ਅਤੇ ਕਿਸਾਨ ਮੋਰਚੇ ਦੇ ਸ਼ਹੀਦਾਂ ਦੇ ਯੋਗਦਾਨ ਬਾਰੇ ਵਿਚਾਰ ਰੱਖੇ । ਮੇਰੀ ਵਾਰੀ ਅਖੀਰਲੇ ਬੁਲਾਰਿਆਂ ’ਚ ਸੀ। ਮੈਂ ਦੁਹਰਾਅ ਨਹੀਂ ਸਾਂ ਕਰਨਾ ਚਾਹੁੰਦਾ। ਸੋ ਸਧਾਰਨ ਲੋਕਾਂ ਵੱਲੋਂ ਇਸ ਮੋਰਚੇ ਨੂੰ ਦਿੱਤੇ ਸਮਰਥਨ ਦਾ ਜ਼ਿਕਰ ਕੀਤਾ। ਐੱਨਆਰਆਈਜ ਦੇ ਯੋਗਦਾਨ ਦਾ ਜ਼ਿਕਰ ਜਰੂਰੀ ਸੀ। ਸੱਤ ਸਮੁੰਦਰ ਪਾਰ ਕਰਕੇ ਆਏ ਡਾਕਟਰ ਦਾ ਜ਼ਿਕਰ ਛਿੜ ਪਿਆ। ਉਸ ਦੀ ਮਿਸਾਲੀ ਸੇਵਾ ਦਾ ਜ਼ਿਕਰ ਕਰਦਿਆਂ ਮੈਂ ਫਿਰ ਭਾਵਕ ਹੋਣ ਲੱਗਾ ਸੀ। ਬਚਣ ਲਈ ਮੈਂ ਆਪਣੀ ਕਵਿਤਾ ਸ਼ੁਰੂ ਕਰ ਦਿੱਤੀ ਜੋ ਕਿਸਾਨ ਅੰਦੋਲਨ ਬਾਰੇ ਹੀ ਸੀ। ਫਿਰ ਵੀ ਭਾਵਕ ਹੋਣੋਂ ਰਹਿ ਨਾ ਸਕਿਆ। ਹਾਲਾਂਕਿ ਆਪਣੇ ਆਪ ਨੂੰ ਜਲਦੀ ਹੀ ਸਾਂਭ ਲਿਆ ਪਰ ਸਾਹਮਣੇ ਬੈਠੇ ਸਰੋਤਿਆਂ ਤੋਂ ਇਹ ਭਾਵਕਤਾ ਛੁਪਾ ਨਾ ਸਕਿਆ।
ਪਤਾ ਨਹੀਂ ਇਹ ਮੇਰੀ ਕਮਜ਼ੋਰੀ ਐ ਕਿ ਸਿਫਤ; ਆਫਤ ਵੇਲੇ ਮੈਂ ਕਦੇ ਵੀ ਨਹੀਂ ਡੋਲਦਾ, ਜ਼ਜ਼ਬਾਤੀ ਨਹੀਂ ਹੁੰਦਾ, ਪਰ ਖੁਸ਼ੀ ਮੌਕੇ ਅੱਥਰੇ ਅੱਥਰੂ ਬੇਕਾਬੂ ਹੋ ਉੱਠਦੇ ਹਨ। ਇਸ ਮੌਕੇ ਫੇਰ ਦੁੱਖ ਵਾਲੇ ਪਲ ਵੀ ਜੀਊ ਉੱਠਦੇ ਹਨ। ਏਸ ਸੰਦਰਭ ’ਚ ਮੈਨੂੰ ਪ੍ਰੋ. ਮੋਹਨ ਸਿੰਘ ਹੁਰਾਂ ਵੱਲੋਂ ਤੇਲੰਗਾਨਾ ਦੇ ਘੋਲ ਬਾਰੇ ਲਿਖੀ ਕਵਿਤਾ ਯਾਦ ਆ ਰਹੀ ਹੈ। ਇਹ ਕਵਿਤਾ ਸਾਡੀ ਦਸਵੀਂ ਜਮਾਤ ਦੀ ਕਿਤਾਬ ’ਚ ਸ਼ਾਮਲ ਸੀ। ਇਸ ਕਵਿਤਾ ਦਾ ਪਾਠ ਕਰਦਿਆਂ ਸਾਡੀ ਪੰਜਾਬੀ ਦੀ ਅਧਿਆਪਕਾ ਬੀਬੀ ਜਗਜੀਤ ਕੌਰ ਅਕਸਰ ਹੀ ਭਾਵਕ ਹੋ ਜਾਇਆ ਕਰਦੀ ਸੀ। ਇਸ ਕਵਿਤਾ ਦੀ ਪਿੱਠਭੂਮੀ ਇਹ ਹੈ ਕਿ ਪ੍ਰੋ. ਮੋਹਨ ਸਿੰਘ ਤੇਲੰਗਾਨਾ ’ਚ ਆਪਣੇ ਕਿਸੇ ਦੋਸਤ ਦੇ ਪਰਿਵਾਰ ਦੇ ਵਿਆਹ ’ਚ ਸ਼ਾਮਲ ਹੋਣ ਲਈ ਗਏ ਸਨ। ਜਦ ਲਾੜਾ ਵਿਆਹੁਣ ਲਈ ਤੁਰਨ ਲੱਗੇ ਤਾਂ ਵੈਣ ਸੁਣਾਈ ਦੇਣ ਲੱਗ ਪਏ। ਉਹਨਾਂ ਹੈਰਾਨ ਹੋ ਕੇ ਪੁੱਛਿਆ ਕਿ ਖੁਸ਼ੀ ਮੌਕੇ ਵੈਣਾਂ ਦਾ ਕੀ ਕੰਮ! ਉਨ੍ਹਾ ਨੂੰ ਦੱਸਿਆ ਗਿਆ ਕਿ ਇਸ ਮਾਂ ਦਾ ਇੱਕ ਪੁੱਤ ਤੇਲੰਗਾਨਾ ਸੰਘਰਸ਼ ਦੌਰਾਨ ਸਹੀਦ ਹੋ ਗਿਆ ਸੀ। ਉਸਦੀ ਸ਼ਹਾਦਤ ਮੌਕੇ ਕੋਈ ਨਹੀਂ ਸੀ ਰੋਇਆ ਤੇ ਇੱਥੋਂ ਦੀ ਰਵਾਇਤੀ ਹੈ ਕਿ ਖੁਸ਼ੀ ਮੌਕੇ ਅਸੀਂ ਆਪਣੇ ਮੋਇਆਂ ਨੂੰ ਜਰੂਰ ਯਾਦ ਕਰਦੇ ਹਾਂ। ਇਹ ਵੈਣ ਵੀ ਸਾਡਾ ਸ਼ਗਨ ਹੀ ਹੈ। ਇਹ ਸੁਣਕੇ ਉਨ੍ਹਾ ਕਵਿਤਾ ਲਿਖੀ ਸੀ ਜੋ ਪੂਰੀ ਯਾਦ ਨਹੀਂ ਪਰ ਇਹ ਸਤਰਾਂ ਮੇਰੇ ਜ਼ਿਹਨ ’ਚ ਹਮੇਸ਼ਾ ਲਈ ਉੁੱਕਰੀਆਂ ਗਈਆਂ ਹਨ;
ਵਿੱਚ ਨਾ ਰੋਣਾ ਜਾਣੀਏਂ ਅਸੀਂ ਦੁੱਖਾਂ ਤੰਗੀਆਂ
ਵਿੱਚ ਖੁਸ਼ੀਆਂ ਦੇ ਰੋਣਾ ਹੈ ਰੀਤ ਅਸਾਡੀ !
ਮੈਂ ਮਹਿਸੂਸ ਕਰ ਰਿਹਾ ਹਾਂ ਕਿ ਹਰ ਜ਼ਿੰਦਾ-ਦਿਲ ਵਿਅਕਤੀ ਦੀ ਅੱਖ ਇਸ ਲੋਕ-ਯੁੱਧ ਦੌਰਾਨ ਜਾਨਾਂ ਵਾਰਨ ਵਾਲੇ ਸ਼ਹੀਦਾਂ ਨੂੰ ਯਾਦ ਕਰਕੇ ਜ਼ਰੂਰ ਨਮ ਹੋਇਆ ਕਰੇਗੀ।
- ਇੰਦਰਜੀਤ ਚੁਗਾਵਾਂ