Now Reading
ਪੂੰਜੀਵਾਦੀ ਢਾਂਚੇ ਦੀ ਲਾਜ਼ਮੀ ਪੈਦਾਵਾਰ ਗਲੀਆਂ-ਸੜੀਆਂ ਸਿਾਆਸੀ ਕਦਰਾਂ-ਕੀਮਤਾਂ

ਪੂੰਜੀਵਾਦੀ ਢਾਂਚੇ ਦੀ ਲਾਜ਼ਮੀ ਪੈਦਾਵਾਰ ਗਲੀਆਂ-ਸੜੀਆਂ ਸਿਾਆਸੀ ਕਦਰਾਂ-ਕੀਮਤਾਂ

ਮੰਗਤ ਰਾਮ ਪਾਸਲਾ
ਪੂੰਜੀਵਾਦ ਪ੍ਰਬੰਧ ਦੇ ਚੌਤਰਫ਼ਾ ਸੰਕਟਗ੍ਰਸਤ ਹੋਣ ਨਾਲ ਇਸ ਢਾਂਚੇ ਦੀਆਂ ਜਗੀਰੂ ਪ੍ਰਬੰਧ ਦੇ ਟਾਕਰੇ ’ਚ ਨਰੋਈਆਂ, ਜਮਹੂਰੀ ਤੇ ਨੈਤਿਕ ਕਦਰਾਂ-ਕੀਮਤਾਂ ’ਚ ਵੀ ਅੰਤਾਂ ਦਾ ਨਿਘਾਰ ਦੇਖਿਆ ਜਾ ਸਕਦਾ ਹੈ। ਦੁਨੀਆਂ ’ਚ ਜਮਹੂੀਅਤ ਦੇ ਸਭ ਤੋਂ ਵੱਡੇ ‘ਨਾਮ ਨਿਹਾਦ’ ਦਾਅਵੇਦਾਰ, ਅਮਰੀਕਾ ’ਚ ਰਾਸ਼ਟਰਪਤੀ ਦੀ ਚੋਣ ਸਮੇਂ ਜੋ ਬੇਨਿਯਮੀਆਂ ਤੇ ਘਾਟਾਂ ਸਾਹਮਣੇ ਆਈਆਂ ਹਨ, ਉਸ ਨੇ ਦਰਸਾ ਦਿੱਤਾ ਹੈ ਕਿ ਸਰਮਾਏਦਾਰੀ ਜਮਹੂਰੀਅਤ ਅੰਦਰੋਂ ਕਿੰਨੀ ਖੋਖਲੀ ਤੇ ਅਧੂਰੀ ਹੈ। ਲੱਖਾਂ ਵੋਟਰਾਂ ਨੂੰ ਨਸਲੀ ਤੇ ਰੰਗ ਭੇਦ ਕਾਰਨ ਵੋਟਰ ਬਣਨ ਤੋਂ ਹੀ ਮਹਿਰੂਮ ਰੱਖਿਆ ਹੋਇਆ ਹੈ। ਕਾਰਪੋਰੇਟ ਘਰਾਣਿਆਂ ਵੱਲੋਂ ਲੁੱਟੀ ਪੂੰਜੀ ’ਚੋਂ ਦਿੱਤੇ ‘ਫੰਡਾਂ’ ਨੂੰ ਰਾਸ਼ਟਰਪਤੀ ਪਦ ਦੇ ਉਮੀਦਵਾਰਾਂ ਵਲੋਂ ਜਿਸ ਬੇਹਿਆਈ ਨਾਲ ਖਰਚਿਆ ਜਾਂਦਾ ਹੈ ਤੇ ਚੋਣ ਜਿੱਤਣ ਤੋਂ ਬਾਅਦ ਸੂਦ ਸਮੇਤ ਕਿੰਨੀਆਂ ਜਰਬਾਂ ਲਾ ਕੇ ‘ਉਧਾਰ’ ਲਈ ਪੂੰਜੀ ਕਾਰਪੋਰੇਟ ਸ਼ਾਹੂਕਾਰਾਂ ਨੂੰ ਸੂਦ ਸਮੇਤ ਵਾਪਸ ਮੋੜੀ ਜਾਂਦੀ ਹੈ, ਉਸਨੇ ਅਮਰੀਕਣ ਜਮਹੂਰੀਅਤ ਨੂੰ ਬਹੁਕੌਮੀ ਕਰਪੋਰੇਸ਼ਨਾਂ ਦੀ ‘ਬਾਂਦੀ’ ਬਣਾ ਕੇ ਰੱਖ ਦਿੱਤਾ ਹੈ।
ਭਾਰਤ ਅੰਦਰ ਵੀ ਸਰਮਾਏਦਾਰਾਨਾ ਜਮਹੂਰੀਅਤ ਦੇ ਸ਼ੁਰੂਆਤੀ ਦੌਰ ਦੇ ਲੁੱਕਵੇਂ ਪੈਂਤੜੇ ਦੇ ਉਲਟ ਅੱਜ ਕਾਰਪੋਰੇਟ ਘਰਾਣੇ ਰਾਜਸੀ ਪਾਰਟੀਆਂ ਨੂੰ ਕਿਸ ਤਰ੍ਹਾਂ ਸ਼ਰੇਆਮ ‘ਚੰਦਾ’ ਦਿੰਦੇ ਹਨ ਤੇ ਕਿਸ ਤਰ੍ਹਾਂ ਚੁਣੇ ਹੋਏ ਉਮੀਦਵਾਰਾਂ ਨੂੰ ਖਰੀਦੋ-ਫਰੋਖ਼ਤ ਰਾਹੀਂ ਧਨਵਾਨ ਲੋਕਾਂ ਦੇ ਹੱਕ ’ਚ ਭੁਗਤਾਇਆ ਜਾਂਦਾ ਹੈ, ਉਸ ਨਾਲ ਪੂਰੀ ਤਰ੍ਹਾਂ ਸਪੱਸ਼ਟ ਹੋ ਗਿਆ ਹੈ ਕਿ ਭਾਰਤ ਦੀ ਜਮਹੂਰੀਅਤ ਵੱਡੀ ਬਹੁ-ਗਿਣਤੀ ਕਿਰਤੀ ਲੋਕਾਂ ਲਈ ਇਕ ਛਲਾਵਾ ਤੇ ਪੂੰਜੀਪਤੀਆਂ ਲਈ ਵਫ਼ਾਦਾਰ ਬਾਂਦੀ ਵਾਂਗ ਹੈ। ਕਾਰਪੋਰੇਟ ਘਰਾਣੇ ਆਪਣੇ ਜ਼ਰਖ਼ਰੀਦ ਮੀਡੀਆ ਦੇ ਝੂਠੇ ਪ੍ਰਚਾਰ ਜ਼ਰੀਏ ਤੇ ਵੋਟਰਾਂ ਨੂੰ ਤਰ੍ਹਾਂ-ਤਰ੍ਹਾਂ ਦੇ ਲਾਲਚ ਦੇ ਕੇ ਆਪਣੀ ਮਨਪਸੰਦ ਰਾਜਨੀਤਕ ਧਿਰ ਦੀ ਜਿੱਤ ਨੂੰ ਹਰ ਢੰਗ ਨਾਲ ਯਕੀਨੀ ਬਣਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡਦੇ।
ਇਸ ਗੰਦੀ ਖੇਡ ਦਾ ਅਸਰ ਕਾਰਪੋਰੇਟ ਘਰਾਣਿਆਂ ਦੀਆਂ ਹਮਾਇਤੀ ਰਾਜਸੀ ਪਾਰਟੀਆਂ ਦੀਆਂ ਨੀਤੀਆਂ ਤੇ ਇਨ੍ਹਾਂ ਦੇ ਆਗੂਆਂ ਦੇ ਨੈਤਿਕ ਤੇ ਸਮਾਜੀ ਕਿਰਦਾਰ ’ਚ ਆਏ ਨਿਘਾਰ ਤੋਂ ਵੀ ਸਾਫ ਦੇਖਿਆ ਜਾ ਸਕਦਾ ਹੈ। ਇਨ੍ਹਾਂ ਪਾਰਟੀਆਂ ਤੇ ਆਗੂਆਂ ਲਈ ਚੋਣਾਂ ਕੇਵਲ ਲੁੱਟ ਦਾ ਮਾਲ ਇਕੱਠਾ ਕਰਕੇ ਧਨਵਾਨ ਬਣਨ ਦਾ ਇੱਕ ਖੂਬਸੂਰਤ ਅਵਸਰ ਬਣ ਕੇ ਰਹਿ ਗਈਆਂ ਹਨ। ਇਨ੍ਹਾਂ ਵਾਸਤੇ ਪਹਿਲਾਂ ਚੋਣਾਂ ਦੀ ਤਿਆਰੀ ਲਈ ਤੇ ਫਿਰ ਚੋਣਾਂ ਜਿੱਤਣ ਲਈ ਧੰਨ ਦਾ ਸ੍ਰੋਤ ਕਾਰਪੋਰੇਟ ਘਰਾਣੇ ਤੇ ਗੈਰ ਸਮਾਜੀ ਕੰਮਾਂ ’ਚ ਲਿਪਤ ਲੋਕਾਂ ਦੀ ਦੋਹੀਂ ਹੱਥੀਂ ਲੁੱਟੀ ਦੌਲਤ ’ਚੋਂ ਦਿੱਤੀ ‘ਦਾਨ’ ਦੀ ਅਥਾਹ ਰਕਮ ਹੀ ਹੈ। ਪੈਸੇ ਲੈ ਕੇ ਚੋਣਾਂ ਲੜਨ ਤੇ ਅੱਗੋਂ ਕਿਸੇ ਉਮੀਦਵਾਰ ਦੇ ਹੱਕ ’ਚ ਚੋਣ ਮੈਦਾਨ ’ਚੋਂ ਬਾਹਰ ਹੋਣ ਲਈ ਵੀ ‘ਧੰਨ ਦਕਸ਼ਨਾ’ ਲਈ ਜਾਂਦੀ ਹੈ। ਇਸ ਸਭ ਕੁਝ ਦਾ ਅੰਦਾਜ਼ਾ ਕਿਸੇ ਵੀ ਹਾਕਮ ਧਿਰ ਦੇ ਰਾਜਨੀਤੀਵਾਨ ਦੀ ਰਾਜਨੀਤੀ ’ਚ ਆਮਦ ਸਮੇਂ ਤੋਂ ਲੈ ਕੇ ਹੁਣ ਤੱਕ ਉਸ ਵਲੋਂ ਬਣਾਈ ਚੱਲ-ਅਚੱਲ ਜ਼ਾਇਦਾਦ (ਨਾਮੀ ਤੇ ਬੇਨਾਮੀ) ਦੇ ਅੰਤਰ ਤੋਂ ਹੀ ਭਲੀਭਾਂਤ ਲਗਾਇਆ ਜਾ ਸਕਦਾ ਹੈ। ਇਸ ਕੰਮ ’ਚ ਹਾਕਮ ਧਿਰ ਦਾ ਕੋਈ ਰਾਜਸੀ ਦਲ ਜਾਂ ਨੇਤਾ ਇਕ ਦੂਸਰੇ ਤੋਂ ਪਿੱਛੇ ਨਹੀਂ ਹੈ। ਰਾਜਨੀਤੀ ਨੂੰ ਲੁੱਟ ਦੀ ਖੇਡ ਸਮਝਣ ਵਾਲੇ ਇਨ੍ਹਾਂ ਲੋਕਾਂ ਨੇ ਹੀ ਦਲ ਬਦਲੀ ਦੀ ਮੌਕਾਪ੍ਰਸਤ ਤੇ ਗੰਦੀ ਖੇਡ ਨੂੰ ਜਨਮ ਦਿੱਤਾ ਤੇ ਪ੍ਰਵਾਨ ਚੜ੍ਹਾਇਆ ਹੈ। ਜਿਸ ਰਾਜਸੀ ਪਾਰਟੀ ਦੇ ਪ੍ਰੋਗਰਾਮਾਂ ਤੇ ਅਮਲਾਂ ਦੇ ਲੜ ਲੱਗ ਕੇ ਅਜਿਹੇ ਨੇਤਾਵਾਂ ਨੇ ਲੰਬਾ ਸਮਾਂ ਬਿਤਾਇਆ ਹੁੰਦਾ ਹੈ ਤੇ ਹਰ ਕਿਸਮ ਦੀਆਂ ਮੌਜਾਂ ਲੁੱਟੀਆਂ ਹੁੰਦੀਆਂ ਹਨ, ਉਹੀ ‘ਸੱਜਣ ਠੱਗ’ ਨਵੇਂ ਲਾਭਾਂ ਤੇ ਪਦਵੀਆਂ ਲਈ ਏਨੀ ਤੇਜ਼ੀ ਨਾਲ ਰਾਜਨੀਤਕ ਰੰਗ ਬਦਲ ਲੈਂਦੇ ਹਨ, ਜਿੰਨੀ ਦੇਰ ’ਚ ਕੋਈ ਵਿਅਕਤੀ ਤਨ ਦੇ ਕੱਪੜੇ ਵੀ ਨਹੀਂ ਬਦਲ ਸਕਦਾ। ਜਿਸ ਵਿਰੋਧੀ ਰਾਜਨੀਤਕ ਪਾਰਟੀ ਦੀ ਵਿਚਾਰਧਾਰਾ ਤੇ ਭਿ੍ਰਸ਼ਟ ਅਮਲਾਂ ਨੂੰ ਇਨ੍ਹਾਂ ਦਲ ਬਦਲੂਆਂ ਨੇ ਪਾਣੀ ਪੀ-ਪੀ ਕੇ ਕੋਸਿਆ ਹੁੰਦਾ ਹੈ, ਉਹੀ ਨੇਤਾ ਬੇਸ਼ਰਮੀ ਦੀ ਚਾਦਰ ਓੜ੍ਹ ਕੇ ਰਾਤੋ-ਰਾਤ ਉਸੇ ਪਾਰਟੀ ’ਚ ਸ਼ਾਮਲ ਹੋ ਜਾਂਦੇ ਹਨ। ਕਮਾਲ ਇਹ ਹੈ ਕਿ ਇਹ ਸ਼ਰਮਨਾਕ ਤੇ ਧੋਖੇ ਭਰੇ ਕਾਰੇ ਕਰਦਿਆਂ ਇਹ ਸੱਜਣ ਦੋਨੋਂ ਉਂਗਲਾਂ ਖੜੀਆਂ ਕਰਕੇ ‘ਜਿੱਤ’ ਦਾ ਨਿਸ਼ਾਨ ਬਣਾ ਕੇ ਫੋਟੋਗ੍ਰਾਫੀ ਕਰਵਾਉਂਦੇ ਹਨ। ਜੇਕਰ ਨਵੇਂ ਦਲ ’ਚ ਇਨ੍ਹਾਂ ਭੱਦਰ ਪੁਰਸ਼ਾਂ ਦੀ ਦਾਲ ਨਾ ਗਲੇ, ਤਾਂ ਅੱਖ ਦੇ ਪਲਕਾਰੇ ’ਚ ਮੁੜ ਪੁਰਾਣੇ ਦਲ ਦਾ ਸ਼ਾਮਲ ਹੋਣ ਨੂੰ ਵੀ ਇਹ ‘ਅਸੂਲੀ ਸੋਚ’ ਜਾਂ ‘ਮਾਂ ਪਾਰਟੀ’ ’ਚ ਪਰਤਣ ਦਾ ਨਾਮ ਦੇ ਦਿੰਦੇ ਹਨ। ‘ਮਾਂ ਪਾਰਟੀ’ ਨੂੰ ਪਹਿਲਾਂ ਕੱਢੀਆਂ ਗਈਆਂ ਗਾਲੀਆਂ ਤੇ ਲਾਈਆਂ ਝੂਠੀਆਂ-ਸੱਚੀਆਂ ਤੁਹਮਤਾਂ ਨੂੰ ਵੀ ਇਹ ਨੇਤਾ ਤੇ ਇਨ੍ਹਾਂ ਨੂੰ ਮੁੜ ਤੋਂ ‘ਆਦਰ ਸਹਿਤ’ ਆਪਣੇ ’ਚ ਸ਼ਾਮਲ ਕਰਨ ਵਾਲੀ ਪਾਰਟੀ ਪਲ ਭਰ ’ਚ ਹੀ ਵਿਸਾਰ ਦਿੰਦੇ ਹਨ।
ਉਂਝ ਤਾਂ ਦਲ ਬਦਲੀ ਦੀ ਬਿਮਾਰੀ ਦੇਸ਼ ਭਰ ’ਚ ਸਾਰੇ ਹੀ ਰਾਜਸੀ ਦਲਾਂ ’ਚ ਫੈਲੀ ਹੋਈ ਹੈ, ਪ੍ਰੰਤੂ ਪਿਛਲੇ ਦਿਨੀਂ ਪੰਜਾਬ ਅੰਦਰ ਇਸ ਗਲੀਜ਼ ਕੰਮ ’ਚ ਕੁੱਝ ਜ਼ਿਆਦਾ ਹੀ ਤੇਜ਼ੀ ਆਈ ਹੈ। ਅਗਲੇ ਦਿਨਾਂ ’ਚ ਇਸ ਧੰਦੇ ਦੇ ਹੋਰ ਤੇਜ਼ੀ ਫੜ੍ਹਨ ਦੀ ਉਮੀਦ ਕੀਤੀ ਜਾ ਰਹੀ ਹੈ। ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਤੇ ਕਾਂਗਰਸ ਦੀ ਟਿਕਟ ਤੇ ਲੋਕ ਸਭਾ ਦੀ ਕੁਰਸੀ ’ਤੇ ਬਿਰਾਜਮਾਨ ਹੋਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਛੱਡ ਕੇ ਭਾਜਪਾ ਨਾਲ ਖੜ੍ਹਨ ’ਚ ਕੋਈ ਸ਼ਰਮ ਮਹਿਸੂਸ ਨਹੀਂ ਹੋ ਰਹੀ। ਕਾਂਗਰਸ ਪਾਰਟੀ ਦਾ ਸਾਮਰਾਜ ਦੇ ਵਿਰੁੱਧ ਦੇਸ਼ ਦੀ ਆਜ਼ਾਦੀ ਅੰਦੋਲਨ ’ਚ ਆਗੂ ਰੋਲ ਤੇ ਭਾਜਪਾ ਦੀ ਜਨਮਦਾਤੀ ਆਰ.ਐਸ.ਐਸ. ਦਾ ਆਪਣੇ ਜਨਮ (1925) ਤੋਂ ਹੀ ਸਾਮਰਾਜ ਭਗਤੀ ਦਾ ਸ਼ਰਮਸਾਰ ਕਰਨ ਵਾਲਾ ਕਿਰਦਾਰ ਸ਼ਾਇਦ ਕੈਪਟਨ ਸਾਹਿਬ ਦੇ ਚਿੱਤ ਚੇਤੇ ਵੀ ਨਹੀਂ ਹੈ! ਉਂਝ ਉਨ੍ਹਾਂ ਦੇ ਪੁਰਖਿਆਂ ਨੂੰ ਇਹ ਕੰਮ 1947 ’ਚ ਹੀ ਕਰ ਲੈਣਾ ਚਾਹੀਦਾ ਸੀ, ਜਦੋਂ ਆਜ਼ਾਦ ਭਾਰਤ ਦੀ ਵਾਗਡੋਰ ਕਾਂਗਰਸ ਨੇ ਸੰਭਾਲੀ ਸੀ। ਸਾਮਰਾਜ ਦੇ ਹਮਾਇਤੀ ਰਾਜੇ, ਜਾਂ ਅੰਗਰੇਜ ਭਗਤ ਤੇ ਗੁਲਾਮੀ ਦੇ ਸਮਰਥਕ, ਸੁਤੰਤਰਤਾ ਸੰਗਰਾਮ ਦੀ ਮੁੱਢੋਂ ਵਿਰੋਧੀ ਰਹੀ ਜਨ ਸੰਘ (ਹੁਣ ਭਾਜਪਾ) ਵਰਗੀ ਕਿਸੇ ਗੈਰ ਕਾਂਗਰਸੀ ਰਾਜਸੀ ਪਾਰਟੀ ਜਾਂ ਸੰਗਠਨ ’ਚ ਸ਼ਾਮਿਲ ਹੋਣੇ ਚਾਹੀਦੇ ਸਨ। ਪ੍ਰੰਤੂ ਕਾਂਗਰਸ ਦੀ ਮੌਕਾਪ੍ਰਸਤੀ ਤੇ ਜਮਾਤੀ ਪਹੁੰਚ ਕਾਰਨ ਸਾਮਰਾਜੀ ਟੋਡੀ ਰਾਤੋ ਰਾਤ ‘ਚਿੱਟਾ ਖੱਦਰ’ ਪਾ ਕੇ ਕਾਂਗਰਸੀ ਸਜ ਗਏ। ਅਨੇਕਾਂ ਅਕਾਲੀ ਤੇ ਕਾਂਗਰਸੀ ਆਗੂ ਅਜਿਹੇ ਵੀ ਹਨ ਜੋ ਪਦਵੀਆਂ ਤੇ ਧਨ ਦੇ ਲਾਲਚ ਵਿਚ ਅਤੇ ਸਰਕਾਰੀ ਏਜੰਸੀਆਂ ਵਲੋਂ ਆਪਣੇ ਭਰਿਸ਼ਟ ਕਾਰਨਾਮਿਆਂ ਦੀ ਪਟਾਰੀ ਖੁਲ੍ਹ ਜਾਣ ਦੇ ਡਰੋਂ ਭਾਜਪਾ ’ਚ ਸ਼ਾਮਿਲ ਹੋ ਰਹੇ ਹਨ। ਭਾਜਪਾ ’ਚੋਂ ਵੀ ਰਾਜ ਭਾਗ ਦੇ ਮੋਹ ਕਾਰਨ ਅਨੇਕਾਂ ਸੱਜਣ ‘ਹਿੰਦੂ ਰਾਸ਼ਟਰ’ ਤੇ ‘ਰਾਮ ਭਗਤੀ’ ਦਾ ਭਾਜਪਾਈ ਚੋਲਾ ਉਤਾਰ ਕੇ ਕਾਂਗਰਸ ਜਾਂ ਅਕਾਲੀ ਦਲ ਦਾ ਪੱਲਾ ਫੜ੍ਹ ਰਹੇ ਹਨ। ‘ਆਪ’ ਤਾਂ ਦੂਸਰੇ ਰਾਜਸੀ ਦਲਾਂ ’ਚੋਂ ਦਰਕਾਰੇ ਜਾਂ ਬੇਇੱਜ਼ਤ ਕਰਕੇ ਕੱਢੇ ਗਏ ਲੋਕਾਂ ਦੀ ਸਭ ਤੋਂ ਵੱਡੀ ਪਨਾਹਗਾਰ ’ਚ ਤਬਦੀਲ ਹੋ ਗਈ ਹੈ। ਇਹੀ ਵਰਤਾਰਾ ਬਸਪਾ ’ਚ ਵੀ ਦੇਖਿਆ ਜਾ ਸਕਦਾ ਹੈ। ‘ਪੰਜਾਬ ਦੇ ਹਿੱਤਾਂ ਦੀ ਅਲੰਬਰਦਾਰੀ’, ‘ਸੰਘਾਂਤਮਕ ਢਾਂਚੇ ਦੀ ਰਾਖੀ ਕਰਦਿਆਂ ਰਾਜਾਂ ਲਈ ਲਈ ਵਧੇਰੇ ਅਧਿਕਾਰਾਂ ਦੀ ਹਮਾਇਤ, ‘ਧਰਮ ਨਿਰਪੱਖਤਾ ਤੇ ਲੋਕ ਰਾਜੀ ਪ੍ਰਣਾਲੀ ਪ੍ਰਤੀ ਪ੍ਰਤੀਬੱਧਤਾ ਜਾਂ ‘ਰਾਮ ਭਗਤ’ ਹੋਣ ਦਾ ਦਿਖਾਵਾ ਸਭ ਦਾਅਵੇ ਵਿਚਾਰਧਾਰਾ ਪ੍ਰਤੀ ਲਗਨ ਨਹੀਂ, ਬਲਕਿ ਰਾਜਨੀਤੀ ਨੂੰ ਵਿਉਪਾਰ ਸਮਝ ਕੇ ਆਪਣਾ ਉਲੂ ਸਿੱਧਾ ਕਰਨ ਦੇ ਪੈਂਤੜੇ ਸਿੱਧ ਹੋਏ ਹਨ।
ਸਵਾਲ ਕਿਸੇ ਵਿਅਕਤੀ ਦੇ ਰਾਜਨੀਤਕ ਵਿਚਾਰਾਂ ’ਚ ਆਏ ਹਕੀਕੀ ਬਦਲਾਅ ਜਾਂ ਲੋਕ ਸੇਵਾ ਦੇ ਤਜ਼ਰਬੇ ਹੇਠ ‘ਬੁਰੇ’ ਤੋਂ ‘ਚੰਗੇ’ ਰਾਜਸੀ ਦਲ ’ਚ ਸ਼ਾਮਿਲ ਹੋਣ ਉਪਰ ਉਂਗਲ ਧਰਨ ਦਾ ਨਹੀਂ। ਜੇਕਰ ਕੋਈ ਵਿਅਕਤੀ ਇਸ ਭਾਵਨਾ ਅਧੀਨ ‘ਦਲ ਬਦਲੀ’ ਕਰਦਾ ਹੈ ਤਾਂ ਉਸ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ‘‘ਦੇਰ ਆਏ ਦਰੁਸਤ ਆਏ’। ਪ੍ਰੰਤੂ ਜੇਕਰ ਦਲ ਬਦਲੀ ਸਿਰਫ ਤੇ ਸਿਰਫ ਟਿਕਟ ਨਾ ਮਿਲਣ ਕਾਰਨ ਜਾਂ ਅਹੁਦੇ ਤੇ ਧਨ ਦੀ ਵੱਧਦੀ ਲਾਲਸਾ ਅਧੀਨ ਕੀਤੀ ਜਾਂਦੀ ਹੈ, ਤਾਂ ਇਸਤੋਂ ਵੱਧ ਨਿੰਦਣਯੋਗ ਤੇ ਬੇਸ਼ਰਮੀ ਭਰੀ ਹੋਰ ਕੋਈ ਰਾਜਸੀ ਪਲੱਥੇਬਾਜ਼ੀ ਹੋ ਹੀ ਨਹੀਂ ਸਕਦੀ। ਇਨ੍ਹਾਂ ਲੋਕਾਂ ਦੇ ਅਜਿਹੇ ਕਾਰਨਾਮਿਆਂ ਕਾਰਨ ਹੀ ‘ਲੋਕ ਸੇਵਾ’ ਲਈ ਕੀਤੀ ਜਾਣ ਵਾਲੀ ‘ਰਾਜਨੀਤੀ’ ਦੇ ਸ਼ਬਦ ਉਪਰ ‘‘ਮੌਕਾਪ੍ਰਸਤ ਤੇ ਸਵਾਰਥੀ’’ ਹੋਣ ਦੀਆਂ ਤੁਹਮਤਾਂ ਲੱਗ ਰਹੀਆਂ ਹਨ।
ਜਿਵੇਂ ਪਹਿਲਾਂ ਹੀ ਕਿਹਾ ਗਿਆ ਹੈ ਕਿ ਇਹ ਮੌਕਾਪ੍ਰਸਤ ਰਾਜਸੀ ਵਰਤਾਰਾ ਪੂੰਜੀਵਾਦੀ ਪ੍ਰਬੰਧ ਦੇ ਸੰਕਟ ਨਾਲ ਸੰਬੰਧਤ ਹੈ। ਲੁੱਟੇ ਜਾ ਰਹੇ, ਤੰਗੀਆਂ-ਤੁਰਛੀਆਂ ਸਹਾਰ ਰਹੇ ਲੋਕਾਂ ਦੇ ਵਿਚਾਰਧਾਰਕ ਤੇ ਰਾਜਨੀਤਕ ਪਛੜੇਵੇਂ ਦਾ ਸਮਾਜ ਅੰਦਰਲੇ ਲੁਟੇਰੇ ਰਾਜਨੀਤੀਵਾਨ ਪੂਰਾ-ਪੂਰਾ ਫਾਇਦਾ ਉਠਾ ਰਹੇ ਹਨ। ਇਸ ਸਮੱਸਿਆ ਦੇ ਹੱਲ ਲਈ ਜਨ ਸਮੂਹਾਂ ਅੰਦਰ ਸਿਹਤਮੰਦ ਤੇ ਲੋਕ ਪੱਖੀ ਰਾਜਨੀਤੀ ਤੇ ਲੋਕ ਪੱਖੀ ਵਿਚਾਰਧਾਰਾ ਦਾ ਪਸਾਰਾ ਕਰਨਾ ਹੋਵੇਗਾ, ਤਾਂ ਕਿ ਉਹ ਮੌਕਾਪ੍ਰਸਤ ਰਾਜਸੀ ਦਲਾਂ ਤੇ ਨੇਤਾਵਾਂ ਦੇ ਚੁੰਗਲ ’ਚੋਂ ਬਾਹਰ ਨਿਕਲ ਕੇ ਲੋਕ ਪੱਖੀ ਰਾਜਨੀਤੀ ਨਾਲ ਜੁੜ ਕੇ ਸਥਾਪਤੀ ਵਿਰੋਧੀ ਜਨਤਕ ਲਹਿਰ ਉਸਾਰਨ ’ਚ ਆਪਣੀ ਬਣਦੀ ਭੂਮਿਕਾ ਅਦਾ ਕਰਨ। ਇਸ ਸਹਿਯੋਗ ਦੇ ਬਲ ਉਪਰ ਉੱਭਰੀ ਸਥਾਪਤੀ ਵਿਰੋਧੀ ਵਿਸ਼ਾਲ ਜਨਤਕ ਲਹਿਰ ਹੀ ਸਮਾਜਿਕ ਬਦਲਾਅ ਦੇ ਘੋਲ ਦੀ ਕਾਮਯਾਬੀ ਦੀ ਜ਼ਾਮਨੀ ਹੋ ਸਕਦੀ ਹੈ, ਜਦੋਂ ਸੱਤਾ ਲੋਕਾਂ ਦੇ ਹੱਥਾਂ ’ਚ, ਲੋਕਾਂ ਦੀ ਸੇਵਾ ਲਈ ਕੰਮ ਕਰੇ ਤੇ ਲੋਕਾਂ ਪ੍ਰਤੀ ਹੀ ਜੁਆਬਦੇਹ ਹੋਵੇ। ‘‘ਬੁਰੇ-ਭਲੇ’’ ਦੀ ਪਹਿਚਾਣ ਕਰਨ ਵਾਲੀ ਲੋਕਾਂ ਦੀ ਜਾਗਰੂਕਤਾ ਹੀ ਦਲ ਬਦਲੀ ਵਰਗੀ ਸ਼ਰਮਸਾਰ ਕਰਨ ਵਾਲੀ ਪ੍ਰਕਿਰਿਆ ਦਾ ਮੁੱਢੋਂ ਖਾਤਮਾ ਕਰ ਸਕਦੀ ਹੈ।

Scroll To Top