ਸ੍ਰੀ ਮੁਕਤਸਰ ਸਾਹਿਬ, 3 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਪਿੰਡ ਸ਼ੇਰੇਵਾਲਾ ਦੇ ਇੱਕ ਮਜ਼ਦੂਰ ਦੀ ਹੋਈ ਮੌਤ ਉਪਰੰਤ ਬਣਾਈ ਐਕਸ਼ਨ ਕਮੇਟੀ ਦੇ ਸੱਦੇ ‘ਤੇ ਅੱਜ ਦਿਨ ਭਰ ਧਰਨਾ ਚਲਦਾ ਰਿਹਾ। ਇਸ ਤੋਂ ਪਹਿਲਾ ਇਕੱਠੇ ਹੋਏ ਮਜ਼ਦੂਰਾਂ ਨੇ ਚੌਕ ਨੂੰ ਜਾਮ ਕਰੀ ਰੱਖਿਆ। ਇਸ ਸਬੰਧੀ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਆਗੂ ਜਗਜੀਤ ਸਿੰਘ ਜੱਸੇਆਣਾ, ਹਰਜੀਤ ਸਿੰਘ ਮਦਰੱਸਾ, ਲਖਬੀਰ ਸਿੰਘ ਤਖਤ ਮੁਲਾਣਾ, ਹਰਪਾਲ ਸਿੰਘ, ਲੋਕ ਇਨਸਾਫ ਪਾਰਟੀ ਦੇ ਬੱਗਾ ਸਿੰਘ ਅਤੇ ਧਰਮਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਮ੍ਰਿਤਕ ਮਜ਼ਦੂਰ ਗੁਰਜੰਟ ਸਿੰਘ ਮੁਕਤਸਰ ਦੇ ਵਸਨੀਕ ਇੱਕ ਕਰਨਲ ਦੇ ਕੋਠੀ ਦੇ ਇੱਕ ਪਾਸੇ ਵਕਫ਼ ਬੋਰਡ ਦੇ ਥਾਂ ‘ਚ ਰਹਿ ਕੇ ਕਰਨਲ ਦੇ ਪਰਿਵਾਰ ਦੀ ਦੇਖ ਭਾਲ ਦਾ ਕੰਮ ਕਰਦਾ ਸੀ। ਅਤੇ, ਇਹ ਮਜ਼ਦੂਰ ਪਿਛਲੇ 35 ਸਾਲ ਤੋਂ ਇਸ ਥਾਂ ‘ਤੇ ਹੀ ਰਹਿੰਦਾ ਸੀ। ਹੁਣ ਕਰਨਲ ਦੇ ਪਰਿਵਾਰ ਵਲੋਂ ਕਥਿਤ ਤੌਰ ‘ਤੇ ਕੁੱਟਮਾਰ ਕਰਨ ‘ਤੇ ਲੱਗੇ ਸਦਮੇ ਅਤੇ ਗੇਟ ‘ਚ ਲਗਾਈ ਇੱਕ ਰੋਕ ‘ਚ ਫਸ ਕੇ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ। ਉਕਤ ਆਗੂਆਂ ਨੇ ਅੱਗੇ ਦੱਸਿਆ ਕਿ ਕਰਨਲ ਦੇ ਘਰ ਅੱਗੇ ਖ਼ਬਰ ਲਿਖੇ ਜਾਣ ਤੱਕ ਧਰਨਾ ਲਗਾਇਆ ਹੋਇਆ ਹੈ।
ਸੋਮਵਾਰ ਨੂੰ ਗੱਲਬਾਤ ਰਾਹੀਂ ਜੇ ਮ੍ਰਿਤਕ ਪਰਿਵਾਰ ਦੀ ਤਸੱਲੀ ਨਾ ਹੋਈ ਤਾਂ ਉਕਤ ਮਜ਼ਦੂਰ ਨੂੰ ਇਨਸਾਫ਼ ਦਵਾਉਣ ਲਈ ਬਣਾਈ ਐਕਸ਼ਨ ਕਮੇਟੀ ਅਗਲੇ ਸੰਘਰਸ਼ ਦਾ ਐਲਾਨ ਕਰੇਗੀ।
