Now Reading
ਭਾਰਤ ਦੇ ਮਹਾਨ ਪਦਾਰਥਵਾਦੀ ਦਾਰਸ਼ਨਿਕ

ਭਾਰਤ ਦੇ ਮਹਾਨ ਪਦਾਰਥਵਾਦੀ ਦਾਰਸ਼ਨਿਕ

ਮੋਹਣ ਲਾਲ ‘ਰਾਹੀ’
ਮਨੁੱਖ ਦੀ ਵਿਕਾਸ-ਯਾਤਰਾ ਦਾ ਆਧਾਰ ਉਸ ਦੀ ਖੋਜੀ-ਬਿਰਤੀ ਹੈ। ਇਹ ਖੋਜੀ-ਬਿਰਤੀ ਹੀ ਮਨੁੱਖ ਦੀ ਜੀਵਨ-ਜਾਚ ਹੈ। ਮਨੁੱਖ ਦੀ ਜੀਵਨ-ਜਾਚ ਦਾ ਸਿਲਸਿਲੇਵਾਰ, ਵਿਗਿਆਨਿਕ ਅਧਿਐਨ ਹੀ ਫਲਸਫਾ ਹੈ। ਫਲਸਫਾ ਕੋਈ ਅਗੰਮੀ, ਅਲੌਕਿਕ ਅਤੇ ਕਿ੍ਰਸ਼ਮਾਈ ਵਰਤਾਰਾ ਨਹੀਂ ਹੈ, ਬਲਕਿ ਇਹ ਮਨੁੱਖੀ-ਜੀਵਨ ਦੀ ਵਿਕਾਸ-ਯਾਤਰਾ ਦਾ ਕੇਂਦਰ-ਬਿੰਦੂ ਹੈ। ਮਨੁੱਖਤਾ ਦਾ ਇਤਿਹਾਸ ਹੀ ਫਲਸਫੇ ਦਾ ਇਤਿਹਾਸ ਹੈ।
ਦਰਸ਼ਨ-ਸ਼ਾਸਤਰ ਦੇ ਸ਼ਾਬਦਿਕ ਅਰਥ : ਅੰਗ੍ਰੇਜ਼ੀ ਭਾਸ਼ਾ ਵਿੱਚ ਦਰਸ਼ਨ-ਸ਼ਾਸਤਰ ਨੂੰ ‘ਫ਼ਿਲਾਸਫ਼ੀ’ ਕਹਿੰਦੇ ਹਨ। ਇਸ ਸ਼ਬਦ ਦਾ ਜਨਮ, ਯੂਨਾਨੀ ਭਾਸ਼ਾ ਦੇ ਦੋ ਸ਼ਬਦਾਂ ਦੇ ਮਿਲਾਪ ਤੋਂ ਬਣਿਆ ਹੈ। ਇਹ ਦੋ ਸ਼ਬਦ ਹਨ : – ‘ਫਿਲਾਸ’ ਜਿਸ ਦਾ ਅਰਥ ਹੈ ‘ਪ੍ਰੇਮ’ ਅਤੇ ਸੋਫ਼ੀਆ, ਜਿਸਦਾ ਅਰਥ ਹੈ ਗਿਆਨ। ਇਸ ਲਈ ‘ਫ਼ਿਲਾਸਫ਼ੀ’ ਦਾ ਲਫਜ਼ੀ-ਅਰਥ ‘‘ਗਿਆਨ ਲਈ ਪ੍ਰੇਮ’’ ਹੈ। ਸੋ ਫ਼ਿਲਾਸਫ਼ੀ, ਸਿੱਖਣ ਦੀ ਤੀਬਰ ਇੱਛਾ ਹੈ। ਸਿੱਖਣਾ ਇੱਕ ਜਗਿਆਸਾ-ਭਰਪੂਰ ਵਰਤਾਰਾ ਹੈ। ਜਗਿਆਸਾ ਨੂੰ ਸ਼ਾਂਤ ਕਰਨਾ ਹੀ ਗਿਆਨ ਹੈ ਅਤੇ ਗਿਆਨ, ਅਮਲ ਤੋਂ ਹਾਸਲ ਹੁੰਦਾ ਹੈ। ਸੋ, ਪ੍ਰਬਲਤਾ ਨਾਲ ਗਿਆਨ-ਪ੍ਰਾਪਤੀ ਦੀ ਇੱਛਾ ਹੀ ਦਰਸ਼ਨ ਜਾਂ ਫ਼ਿਲਾਸਫ਼ੀ ਹੈ। ਕਠ-ਉਪਨਿਸ਼ਦ ਅਨੁਸਾਰ- ‘‘ਪ੍ਰਸ਼ਨਾਂ ਦਾ ਉੱਤਰ ਲੱਭਣਾ ਹੀ ਦਰਸ਼ਨ ਹੈ।’’ ਇਸ ਦੀ ਉਘੜਵੀਂ ਮਿਸਾਲ ਹੈ ਵਿਲੱਖਣ ਬਾਲਕ ਨਚਿਕੇਤਾ, ਜਿਸ ਨੇ ਜ਼ਿੰਦਗੀ ਨਾਲੋਂ ਪ੍ਰਸ਼ਨ ਪੁੱਛਣ ਨੂੰ ਤਰਜੀਹ ਦਿੱਤੀ। ਉਸ ਨੇ ਸੁਆਲ ਪੁੱਛਿਆ ਸੀ-‘‘ਆਤਮਾ ਕੀ ਹੈ।’’ ਪਰ, ਉਸ ਨੂੰ ਸੁਆਲ ਪੁੱਛਣ ਤੋਂ ਇਹ ਕਹਿ ਕੇ ਵਰਜਿਆ ਗਿਆ ਸੀ ਕਿ ਜੇ ਉਸ ਨੇ ਕੋਈ ਸੁਆਲ ਪੁੱਛਿਆ ਤਾਂ ਉਸ ਨੂੰ ਮੌਤ ਨੂੰ ਗਲੇ ਲਗਾਉਣਾ ਪਵੇਗਾ। ਸੋ, ਗਿਆਨ ਪ੍ਰਾਪਤੀ ਦਾ ਅਮਲ ਹੀ ਦਰਸ਼ਨ ਹੈ। ਮਹਾਨ ਯੂਨਾਨੀ ਦਾਰਸ਼ਨਿਕ, ਪਲੈਟੋ ਅਨੁਸਾਰ ‘‘ਸਭ ਤਰ੍ਹਾਂ ਦਾ ਗਿਆਨ ਹੀ ਸੱਚ ਹੈ।’’ ਇਸ ਦਰਸ਼ਨ ਨੂੰ ਉਹ ‘‘ਸਮੱਗਰ-ਦਿ੍ਰਸ਼ਟੀ’’ ਕਹਿੰਦਾ ਹੈ।
ਭਾਰਤੀ ਦਾਰਸ਼ਨਿਕ ਪਰੰਪਰਾ : ਭਾਰਤੀ ਦਾਰਸ਼ਨਿਕ ਪਰੰਪਰਾ ਵਿੱਚ ਵੀ ‘ਫ਼ਿਲਾਸਫ਼ੀ’ ਨੂੰ ‘ਦਰਸ਼ਨ ਸ਼ਾਸਤਰ’ ਕਹਿੰਦੇ ਹਨ, ਕਿਉਂਕਿ ਸੱਚਾ ਗਿਆਨ, ਸੱਚ ਦਾ ਦਰਸ਼ਨ ਕਰਨ ਦੇ ਸਮਾਨ ਹੈ। ਮਨੁੱਖ, ਜਦੋਂ ਤੱਕ ਸੱਚ ਨੂੰ ਆਪਣੀਆਂ ਅੱਖਾਂ ਨਾਲ ਦੇਖ ਨਹੀਂ ਲੈਂਦਾ, ਉਦੋਂ ਤੱਕ ਉਸ ਦੀ ਤਸੱਲੀ ਨਹੀਂ ਹੁੰਦੀ। ‘‘ਪ੍ਰਤੱਖ ਹੀ ਪ੍ਰਮਾਣ ਹੈ।’’ ਮਹਾਨ ਚਿੰਤਕ ਬਰਕਲੇ ਦਾ ਕਥਨ ਹੈ- ‘‘ਹੋਂਦ ਦਾ ਸਬੂਤ ਪ੍ਰਤੱਖ ਕਰਨ ਵਿੱਚ ਹੀ ਹੈ। ਕੇਵਲ ਦਲੀਲ ਨਾਲ ਹੀ ਹੋਂਦ ਸਿੱਧ ਨਹੀਂ ਹੋ ਸਕਦੀ।’’ ਇਸ ਲਈ ਪ੍ਰਤੱਖ ਹੀ ਪ੍ਰਮਾਣ ਹੈ ਅਤੇ ਪ੍ਰਮਾਣ ਹੀ ਦਰਸ਼ਨ ਹੈ। ਭਾਰਤ ਦੇ ਬਹੁਤ ਸਾਰੇ ਦਰਸ਼ਨ, ਪ੍ਰਤੱਖਵਾਦ ਜਾਂ ਪ੍ਰਮਾਣ ’ਤੇ ਆਧਾਰਿਤ ਹਨ। ਪਰ, ਸਮੇਂ ਦੀ ਉੱਥਲ-ਪੁੱਥਲ ਵਿੱਚ ਵਿਚਾਰਵਾਦ, ਅਗੰਮਵਾਦ, ਅਲੌਕਿਕਵਾਦ ਭਾਰੂ ਹੁੰਦੇ ਚਲੇ ਗਏ। ਰਾਜ-ਸੱਤਾ ਨੇ ਇਸ ਵਿਚਾਰਧਾਰਾ ਦੀ ਪੁਸ਼ਤ-ਪਨਾਹੀ ਕੀਤੀ, ਜਿਸ ਕਰਕੇ ‘ਸੱਚ ਦਾ ਦਰਸ਼ਨ’ ਜਾਂ ‘ਪ੍ਰਤੱਖ-ਦਰਸ਼ਨ’ ਨੂੰ ਸਮੇਂ ਦੀਆਂ ਹਾਕਮ-ਜਮਾਤ ਨੇ ਗ਼ੈਬੀ-ਦਰਸ਼ਨ ਬਣਾ ਦਿਤਾ। ਫਿਰ ਵੀ ‘ਪ੍ਰਤੱਖ’, ‘ਪ੍ਰਮਾਣ’, ‘ਹੋਂਦ’ ਆਦਿ ‘ਸਦੀਵੀ-ਸੱਚ’ ਸਮੇਂ ਦੀ ਧੂੜ ਵਿੱਚ ਮੱਧਮ ਜਿਹੇ ਤਾਂ ਪੈ ਗਏ, ਪਰ, ‘ਹੋਂਦ ਦਾ ਦੀਵਾ’ ਪਿਛਾਂਹ ਖਿੱਚੂ ਵਿਚਾਰਾਂ ਦੇ ਤੂਫ਼ਾਨਾਂ ਵਿੱਚ ਵੀ, ਲਗਾਤਾਰ ਜਗਦਾ ਰਿਹਾ। ਉਹ ਦਰਸ਼ਨ ਸੀ-‘‘ਪਦਾਰਥਵਾਦ’’ ਜਿਸ ਦਾ ਆਧਾਰ ਜਾਂ ਹੋਂਦ, ਪਦਾਰਥ ਹੈ। ‘ਕੁਦਰਤ’ ਪਦਾਰਥ ਹੈ, ਪਦਾਰਥਾਂ ਦਾ ਭੰਡਾਰ ਹੈ ਅਤੇ ਹਰ ਵਸਤੂ ਦਾ ਆਧਾਰ ਪਦਾਰਥ ਹੈ। ਪਦਾਰਥ ਸਦੀਵੀ ਹੈ। ਪਦਾਰਥ ਹੀ ਪ੍ਰਤੱਖ, ਪ੍ਰਮਾਣ ਹੈ ਅਤੇ ਵਿਕਾਸ-ਯਾਤਰਾ, ਪਦਾਰਥ ਦੀ ਵਿਜੈ-ਯਾਤਰਾ ਹੈ। ‘ਪਦਾਰਥਵਾਦ’ ਭਾਰਤ ਦਾ ਆਦਿਮ-ਦਰਸ਼ਨ ਹੈ। ਇਹ ਲੋਕਾਂ ਦਾ ਦਰਸ਼ਨ ਹੈ, ਇਸ ਕਰਕੇ ਇਸ ਨੂੰ ‘ਲੋਕਾਇਤ’ ਵੀ ਕਹਿੰਦੇ ਹਨ। ਇਸ ਮਨੁੱਖੀ-ਕਲਿਆਣਕਾਰੀ ਦਰਸ਼ਨ ਦੇ ਮੋਢੀ, ਉਹ ਸਰਵ-ਸਾਧਾਰਣ ਅਤੇ ਸਰਵਹਾਰਾ ਲੋਕ ਸਨ, ਜੋ ‘‘ਮਿੱਠ-ਬੋਲੜੇ’’ ਸਨ। ਉਨ੍ਹਾਂ ਦੇ ਮੂੰਹੋਂ ਬੋਲੇ ਗਏ ਸ਼ਬਦ ਜਾਂ ‘‘ਚਾਰੂਵਾਕ’’ ਜਾਂ ‘‘ਚਾਰਵਾਕ’’ ਹਨ। ਸੰਸਕਿ੍ਰਤ ਭਾਸ਼ਾ ਵਿੱਚ ‘ਚਾਰੂ’ ਸ਼ਬਦ ਦਾ ਅਰਥ ਹੁੰਦਾ ਹੈ ‘ਸੁੰਦਰ’, ‘ਮਨਮੋਹਕ’ ਜਾਂ ਸਦੀਵੀ ਸੱਚੇ-ਸ਼ਬਦ। ਸੋ, ਇਸ ਲੋਕ-ਦਰਸ਼ਨ ਅਨੁਸਾਰ ਜੀਵਨ-ਜਾਂਚ ਵਾਲੇ ਲੋਕ ‘‘ਚਾਰੂਵਾਕ’’ ਜਾਂ ‘‘ਚਾਰਵਾਕ’’ ਕਹਾਏ। ਇਸ ਲੋਕ-ਦਰਸ਼ਨ ਵਾਲੇ ਸਦੀਵੀ ਪ੍ਰਵਾਹ ਦੇ ਹੋਰ ਵੀ ਕਈ ਨਾਮ ਪ੍ਰਚਲਿਤ ਹਨ, ਜਿਵੇਂ ‘ਪਦਾਰਥਵਾਦ’, ‘ਭੌਤਿਕਵਾਦ’, ‘ਅਨੀਸ਼ਰਵਾਦ’, ‘ਦੇਹ-ਆਤਮਵਾਦ’, ‘ਅਨਾਤਮਵਾਦ’, ‘ਵਿਗਿਆਨਵਾਦ’ ਅਤੇ ਸਭ ਤੋਂ ਵੱਧ ਪ੍ਰਚਲਿਤ ਸ਼ਬਦ ਹਨ- ‘‘ਲੋਕਾਇਤ’’, ‘‘ਚਾਰਵਾਕ-ਦਰਸ਼ਨ’’ ਅਤੇ ‘‘ਪਦਾਰਥਵਾਦ’’ ਆਦਿ ।
‘ਚਾਰਵਾਕ’ ਸ਼ਬਦ ਦਾ ਨਾਮਕਰਣ : ਪ੍ਰਾਚੀਨ ਕਾਲ ਤੋਂ (ਆਰੀਆਂ ਦੇ ਆਗਮਨ ਤੋਂ ਵੀ ਪਹਿਲਾਂ) ਪਦਾਰਥਵਾਦ ਜਾਂ ਭੌਤਿਕਵਾਦ, ਭਾਰਤ ਦਾ ਪ੍ਰਮੁੱਖ ਆਦਿ-ਦਰਸ਼ਨ ਹੈ, ਜਿਸ ਨੂੰ ‘ਅਨਾਰੀਆ-ਦਰਸ਼ਨ’ ਵੀ ਕਿਹਾ ਜਾਂਦਾ ਹੈ। ਦਾਰਸ਼ਨਿਕਾਂ ਅਤੇ ਵਿਦਵਾਨਾਂ ਦੇ ਇਸ ਦਰਸ਼ਨ ਦੇ ਨਾਮ ਸੰਬੰਧੀ ਅਲੱਗ-ਅਲੱਗ ਦਿ੍ਰਸ਼ਟੀਕੋਣ ਰਹੇ ਹਨ। ਇਸ ਕਰਕੇ ਅਲੱਗ-ਅਲੱਗ ਨਾਵਾਂ ਅਤੇ ਅਲੱਗ-ਅਲੱਗ ਤਰੀਕਿਆਂ ਨਾਲ ਇਸ ਦਰਸ਼ਨ ਦੀ ਵਿਆਖਿਆ ਕੀਤੀ ਗਈ ਹੈ। ਜਿਵੇਂ, ‘ਲੋਕਾਇਤ’ ‘ਚਾਰਵਾਕ’ ਜਾਂ ਕਿਤੇ-ਕਿਤੇ ‘ਬ੍ਰਾਹਸਪੱਤਯ’ ਆਦਿ। ਇਸ ਦਰਸ਼ਨ ਦੇ ਆਦਿ-ਪ੍ਰਵਰਤਕ ਜਾਂ ਮੋਢੀ ‘ਚਾਰਵੀ’ ਨਾਮਕ ਆਚਾਰੀਆ ਨੂੰ ਸਮਝਿਆ ਜਾਂਦਾ ਹੈ ਅਤੇ ਇਸ ਦਾ ਵਰਨਣ ‘ਕਾਸ਼ਿਕਾ-ਵਰਿਤੀ’ ਨਾਮਕ ਗ੍ਰੰਥ ਵਿਚ ‘ਨਯਤੇ ਚਾਰਵੀ ਲੋਕਾਇਤੇ’ ਵਜੋਂ ਕੀਤਾ ਗਿਆ ਹੈ। ਇਸ ਦਾ ਅਰਥ ਹੈ- ‘‘ਲੋਕਾਇਤ ਸ਼ਾਸ਼ਤਰ।’’ ਇਸ ਵਿਚ ‘ਚਾਰਵੀ’ ਨਾਮਕ ਆਚਾਰੀਆ ਨੇ ਪਦਾਰਥਾਂ ਦੀ ਵਿਆਖਿਆ ਕੀਤੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ‘ਚਾਰਵਾਕ’ ਬ੍ਰਹਿਸਪਤੀ ਨਾਮਕ ਰਿਸ਼ੀ ਦੇ ਸ਼ਿਸ਼ ਸਨ। ‘ਚਾਰਵਾਕ’ ਨੇ ਇਸ ਦਰਸ਼ਨ ਨੂੰ ਸ਼ੁਰੂ ਕੀਤਾ। ਇਸ ਕਰਕੇ ਇਸ ਦਰਸ਼ਨ ਨੂੰ ‘ਚਾਰਵਾਕ’ ਦਰਸ਼ਨ ਕਿਹਾ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ‘ਚਾਰਵਾਕ’ ਸਬਦ ਦੀ ਨਿਕਾਸੀ ‘ਚਾਰ+ਵਾਕ’ ਸ਼ਬਦ ਤੋਂ ਹੋਈ। ਸੰਸਕਿ੍ਰਤ ਦੇ ਕੁਝ ਵਿਦਵਾਨਾਂ ਅਨੁਸਾਰ, ‘ਚਾਰਵਾਕ’ ਦੀ ਪਰਿਭਾਸ਼ਾ ਇਸ ਪ੍ਰਕਾਰ ਹੈ :-
‘ਚਾਰੂ: ਲੋਕਸੱਮਤਾ ਵਾਕ ਯਸੱਯਮ : ਭਾਵ, ਮਿੱਠੀ ਬੋਲੀ ਨਾਲ ਭਰਪੂਰ ਉਪਦੇਸ਼ ਦੇਣ ਵਾਲੇ ‘ਚਾਰਵਾਕ’ ਹਨ ਅਤੇ ਇਸ ਸ਼ਬਦ ਦੀ ਨਿਰੁੱਕਤੀ ਜਨਮ ਤੇ ਵਿਕਾਸ ਕੀਤੀ ਗਈ ਹੈ। ‘‘ਚਾਰਵਾਕ’’ ਸ਼ਬਦ ਦਾ ਮੂਲ ਜਾਂ ਧਾਤੂ ‘ਚਰਵ’ ਹੈ ਜਿਸ ਦਾ ਅਰਥ ਹੈ ‘ਚਬਾਉਣਾ’। ਇਸ ਬਾਰੇ ਪ੍ਰਾਚੀਨ ਵਿਦਵਾਨ ਆਚਾਰੀਆ ‘ਗੁਣਰਤਨ ਸੂਰੀ’ ਨੇ ‘ਖਾਣ-ਪੀਣ ਵਾਲੇ ਵਿਅਕਤੀ’ ਜਾਂ ਵਰਤਮਾਨ ਸੰਸਾਰਿਕ ਜੀਵਨ ਜੀਉਣ ਦੇ ਧਾਰਨੀ ਵਿਅਕਤੀਆਂ ਨੂੰ ‘ਚਾਰਵੀ’ ਜਾਂ ‘ਚਾਰਵਾਕ’ ਕਿਹਾ ਹੈ। ਅਜਿਹੇ ਲੋਕ, ਪਾਪ-ਪੁੰਨ, ਸਵਰਗ-ਨਰਕ, ਅਗੰਮੀਤੱਤ ਜਾਂ ਗ਼ੈਬੀ ਵਿਚਾਰਾਂ ਦੇ ਕੱਟੜ ਵਿਰੋਧੀ ਹਨ। ਸਬੂਤ ਵਜੋਂ ਗੁਣਰਤਨ ਸੂਰੀ ਦਾ ਇਕ ਸ਼ਲੋਕ ਪੇਸ਼ ਹੈ-‘ਚਰਵੰਤੀ ਭਕਸ਼ਅੰਤੀ ਤੱਤਵੈਤ ਨ ਮੰਨਿਅੰਤੇ, ਪੁਣਯਪਾਪ-ਆਦਿਕ ਪਰੋਕਸ਼ ਵਸਤੂ-ਜਾਤਮ ਇਤਿ ਚਾਰਵਾਕਾ:’।
ਇਸ ਪ੍ਰਕਾਰ ‘ਲੋਕਾਇਤ’ ਸ਼ਬਦ ਦੀ ਵਿਆਖਿਆ ਹੇਠ ਲਿਖੇ ਸ਼ਲੋਕ ਅਨੁਸਾਰ ਸਮਝੀ ਜਾ ਸਕਦੀ ਹੈ –
‘ਲੋਕਾ : ਨਿਰਵਿਚਾਰਾ: ਸਾਮਾਨਿਆ ਲੋਕ ਅਸਤ ਦਵੰਦ ਆਚਰੰਤੀ, ਯੇ ਤੇ ਲੋਕਾਇਤਾ:, ਲੋਕਾਇਤਿਕਾ ਇਤਿਅਪੀ।’ ਭਾਵ, ਸਾਧਾਰਣ ਲੋਕਾਂ ਵਾਂਗ ਵਰਤਾਉ ਕਰਨ ਵਾਲੇ ਵਿਅਕਤੀਆਂ ਨੂੰ ‘ਲੋਕਾਇਤ’ ਕਿਹਾ ਜਾਂਦਾ ਹੈ। ‘ਹੇਮ ਚੰਦਰ’ ਨਾਮਕ ਪ੍ਰਾਚੀਨ ਵਿਦਵਾਨ ਨੇ ਚਾਰਵਾਕਾਂ ਨੂੰ ‘ਨਾਸਤਿਕ’ ਕਿਹਾ ਹੈ। ‘ਮਨੂੰ’ ਨੇ ਚਾਰਵਾਕਾਂ ਨੂੰ ‘ਨਾਸਤਿਕੋ ਵੇਦ-ਨਿੰਦਕ’ ਕਿਹਾ ਹੈ ਮਨੂੰ ਨੇ ਹੋਰ ਵੀ ਜ਼ੋਰ ਦੇ ਕੇ ਕਿਹਾ ਹੈ- ‘ਨ ਅਸਤੀ ਪੁਣਯ-ਪਾਪਮ ਇਤਿ ਮਤੀ ਯੱਸਯ ਨਾਸਤਿਕ:’, ਭਾਵ ਪਾਪ-ਪੁੰਨ ਕੁਝ ਵੀ ਨਹੀਂ ਹਨ, ਜਿਹੇ ਵਿਚਾਰਾਂ ਵਾਲਾ ਵਿਅਕਤੀ ਨਾਸਤਿਕ ਹੈ।
‘ਭਾਰਤੀ ਦਰਸ਼ਨ ਪਰੰਪਰਾ’ : ਭਾਰਤੀ-ਦਰਸ਼ਨ ਪਰੰਪਰਾ ਦਾ ਮੂਲ, ਆਰੀਆਂ ਦੇ ਆਗਮਨ ਤੋਂ ਪਹਿਲਾਂ ਅਤੇ ਹੁਣ ਤਕ ਪਦਾਰਥਵਾਦ ਭੌਤਿਕਵਾਦ ਅਤੇ ਚਾਰਵਾਕ ਦਰਸ਼ਨ ਰਿਹਾ ਹੈ। ਇਸ ਦਾ ਆਧਾਰ ਪਦਾਰਥਵਾਦੀ ਹੈ। ਇਸ ਵਿਚਾਰਧਾਰਾ ਦਾ ਕੇਂਦਰ ਮਨੁੱਖ ਅਤੇ ਸਮਾਜ ਹੈ। ਮਨੁੱਖ ਦਾ ਕਲਿਆਣ ਉਸ ਦਾ ਪ੍ਰਮੁੱਖ ਉਦੇਸ਼ ਹੈ। ਇਸ ਦਾ ਪ੍ਰਮੁੱਖ ਆਧਾਰ ਕੁਦਰਤ ਹੈ ਅਤੇ ਮਨੁੱਖ ਦੇ ਕੁਦਰਤ ਨਾਲ ਸੰਬੰਧਾਂ ਨੂੰ ਅਲੱਗ ਕਰਕੇ ਨਹੀਂ ਦੇਖਿਆ ਜਾ ਸਕਦਾ। ਮਨੁੱਖ ਦਾ, ਕੁਦਰਤ ਦੇ ਅਸੂਲਾਂ ਅਨੁਸਾਰ ਵਿਕਾਸ ਹੋਣ ਕਰਕੇ ਪਦਾਰਥਵਾਦ ਵੀ ਕੁਦਰਤਵਾਦੀ ਹੈ, ਜਿਸ ਦਾ ਕੇਂਦਰ-ਬਿੰਦੂ ਪਦਾਰਥ ਜਾਂ ਅਣੂੰ ਹੈ। ਪਦਾਰਥ ਨਾ ਮਰਦਾ ਹੈ, ਨਾ ਪੈਦਾ ਹੁੰਦਾ ਹੈ। ਕੁਦਰਤ ਪਦਾਰਥਾਂ ਦਾ ਸੰਗ੍ਰਹਿ ਹੈ ਅਤੇ ਇਨ੍ਹਾਂ ਦਾ ਵਿਗਿਆਨਿਕ ਅਧਿਐਨ ਹੀ ‘ਲੋਕਾਇਤ’ ਜਾਂ ‘ਪਦਾਰਥਵਾਦ’ ਹੈ।
ਫਿਰ ਵੀ ਭਾਰਤੀ ਦਰਸ਼ਨ-ਪਰੰਪਰਾਂ ਦੋ ਕਿਸਮ ਦੀ ਹੈ।
(ੳ) ਪਦਾਰਥਵਾਦੀ (ਅ) ਈਸ਼ਵਰਵਾਦੀ ਜਾਂ ਵੈਦਿਕ
ਪਦਾਰਥਵਾਦੀ ਨਾਸਤਿਕ ਹਨ। ਉਹ ਆਤਮਾ-ਪ੍ਰਮਾਤਮਾ, ਪਾਪ-ਪੁੰਨ ਅਤੇ ਮਨੁੱਖ ਦੀ ਚੇਤਨਾ ਤੋਂ ਬਿਨਾਂ, ਬਾਕੀ ਸਭ ਕੁੱਝ ਨਿਰਮੂਲ ਸਮਝਦੇ ਹਨ। ਪਦਾਰਥਾਵਾਦੀਆਂ ਅਨੁਸਾਰ ਹੋਂਦ ਦਾ ਆਧਾਰ ਪਦਾਰਥ ਹੈ। ਇਨ੍ਹਾਂ ਨੂੰ ਅਨੀਸ਼ਰਵਾਦੀ, ਅਵੈਦਿਕ ਜਾਂ ਬ੍ਰਾਹਸਪਤਯ ਕਿਹਾ ਜਾਂਦਾ ਹੈ।
ਦੂਸਰੀ ਪਰੰਪਰਾਂ ਈਸ਼ਵਰਵਾਦੀ ਦਾਰਸ਼ਨਿਕ ਪਰੰਪਰਾ ਹੈ। ਇਸ ਦਰਸ਼ਨ ਅਨੁਸਾਰ ਹੋਂਦ ਦਾ ਜਨਮ-ਦਾਤਾ ਜਾਂ ਆਧਾਰ ਇਕ ਅਲੌਕਿਕ ਸ਼ਕਤੀ ਹੈ, ਜੋ ਸਰਵ-ਸ਼ਕਤੀਮਾਨ, ਸੁਤੰਤਰ ਅਤੇ ਅਲੌਕਿਕ ਹੈ। ਵੇਦ, ਸ਼ਾਸਵਤ (ਸਦੀਵੀ) ਸੱਚ ਹਨ। ਇਸ ਦਰਸ਼ਨ ਅਨੁਸਾਰ ਮਨੁੱਖੀ ਹੋਂਦ ਜਾਂ ਸਾਰੀ ਹੋਂਦ ਨਾਸ਼ਵਾਨ ਹੈ। ਸਰੀਰ ਜਨਮ ਲੈਂਦਾ ਹੈ ਤੇ ਮਰ ਜਾਂਦਾ ਹੈ। ਪਰ ਆਤਮਾ ਅਮਰ ਹੈ। ਇਹ ਨਾ ਮਰਦੀ ਹੈ ਤੇ ਨਾ ਹੀ ਜਨਮ ਲੈਂਦੀ ਹੈ। ਸੱਤਾ ਦਾ ਮਾਲਕ ਸਿਰਜਣਹਾਰ, ਪਾਲਕ ਆਦਿ ਸਭ ਕੁਝ ਸੁਤੰਤਰ ਹੈ। ਉਹ ਨਿਰਾਕਾਰ, ਨਿਰਵਿਕਾਰ, ਨਿਰਗੁਣ ਤੇ ਜਨਮ-ਮਰਨ ਤੋਂ ਰਹਿਤ ਹੈ। ਉਹ ‘ਬ੍ਰਹਮ’ ਹੈ ਅਤੇ ਉਹ ਸ਼ਿ੍ਰਸਟੀ ਨੂੰ ਆਪਣੀ ਮਰਜ਼ੀ ਨਾਲ ਪੈਦਾ ਕਰਦਾ ਹੈ ਅਤੇ ਆਪਣੀ ਮਰਜ਼ੀ ਨਾਲ ਹੀ ਖਤਮ ਕਰ ਦਿੰਦਾ ਹੈ। ਇਸ ਦਰਸ਼ਨ ਵਿੱਚ ਵਿਚਾਰ, ਪ੍ਰਧਾਨ ਹਨ। ਮਨੁੱਖ ਮਹੱਤਵਹੀਣ ਹੈ ਅਤੇ ਉਹ ਮੌਤ ਦੀ ਮਨਭਾਉਂਦੀ ਖੁਰਾਕ ਹੈ। ਉਹ ਆਪਣੇ ਕਰਮਾਂ ਦਾ ਫਲ ਭੋਗ ਕੇ ਸੰਸਾਰ ਤੋਂ ਵਿਦਾ ਹੋ ਜਾਂਦਾ ਹੈ ਅਤੇ ਕਰਮਾਂ ਦੇ ਫਲ ਜਾਂ ਨਤੀਜੇ ਵਜੋਂ ਅਲੱਗ-2 ਰੂਪਾਂ ’ਚ ਜਨਮ ਲੈਂਦਾ ਹੈ। ਪੁਨਰ-ਜਨਮ ਦਾ ਗੇੜ ਉਦੋਂ ਤੱਕ ਚਲਦਾ ਹੈ, ਜਦੋਂ ਤੱਕ ਉਹ ਚੰਗੇ ਕੰਮ ਕਰਕੇ ਜਨਮ-ਮਰਨ ਤੋਂ ਰਹਿਤ ਨਹੀਂ ਹੋ ਜਾਂਦਾ ਭਾਵ ਮੋਕਸ਼ ਜਾਂ ਮੁਕਤੀ ਪ੍ਰਾਪਤ ਨਹੀਂ ਕਰ ਲੈਂਦਾ। ਸੋ ਇਹ ਦਰਸ਼ਨ ਕਲਪਨਾ-ਭਰਪੂਰ ਹੈ, ਅਗੰਮੀ ਹੈ, ਅਸਲੀਅਤ ਤੋਂ ਪਰ੍ਹੇ ਹੈ ਅਤੇ ਪ੍ਰਤੱਖ ਅਤੇ ਪ੍ਰਮਾਣ ਦਾ ਵਿਰੋਧੀ ਹੈ। ਦਲੀਲ, ਪ੍ਰਸ਼ਨ ਅਤੇ ਸ਼ੰਕਾ-ਨਿਵਾਰਣ ਇਸ ਵਿੱਚ ਮਨ੍ਹਾਂ ਹਨ।
ਈਸ਼ਵਰਵਾਦੀ ਦਰਸ਼ਨ ਦਾ ਸੰਖੇਪ ਖਾਕਾ ਹੇਠ ਲਿਖਿਆ ਹੈ :-

  1. ਵੇਦ : ਵੇਦ ਚਾਰ ਹਨ। ਇਨ੍ਹਾਂ ਦੇ ਨਾਮ ਹਨ : –
    (ੳ) ਰਿਗ ਵੇਦ (ਅ) ਅਥਰਵਵੇਦ (ੲ) ਸਾਮਵੇਦ, (ਸ) ਯਜੁਰਵੇਦ
    ਇਸ ਵਿੱਚ ਰਿਗ ਵੇਦ ਅਤੇ ਯਜੁਰਵੇਦ ਆਰੀਆਂ ਦੇ ਹਨ। ਬਾਕੀ ਦੋ ਵੇਦ, ਸਾਮਵੇਦ ਅਤੇ ਅਥਰਵਵੇਦ, ਸਿੰਧ ਘਾਟੀ ਵਾਲੀ ਸਭਿਅਤਾ, ਭਾਵ, ਅਨਾਰੀਆ-ਦਰਸ਼ਨ ਨਾਲ ਸੰਬੰਧਿਤ ਹਨ। ਇਨ੍ਹਾਂ ਦਾ ਸੰਬੰਧ ਸੰਗੀਤ ਅਤੇ ਤਤਕਾਲੀ ਰੀਤੀ-ਰਿਵਾਜ਼ਾਂ ਨਾਲ ਹੈ। ਪ੍ਰਸਿੱਧ ਵਿਦਵਾਨ ਮੈਕਸਮੂਲਰ ਨੇ ਵੇਦਾਂ ਦਾ ਰਚਨਾਕਾਲ 1200 ਈ: ਪੂਰਵ ਅਤੇ ਲੋਕਮਾਨਯ ਤਿਲਕ ਜੀਵਿ ਨੇ 2000 ਈ: ਪੂਰਵ ਮੰਨਿਆ ਹੈ। ਵੇਦਾਂ ਦੀ ਵਿਆਖਿਆ ਕਰਨ ਲਈ ਅਤੇ ਇਸ ਦੇ ਪ੍ਰਚਾਰ -ਪ੍ਰਸਾਰ ਲਈ ‘ਉਪਵੇਦਾਂ’ਦੀ ਰਚਨਾਂ ਕੀਤੀ ਗਈ।
    ਉਪਵੇਦਾਂ ਦੀ ਗਿਣਤੀ ਚਾਰ ਹੈ ਅਤੇ ਇਨ੍ਹਾਂ ਦਾ ਸਬੰਧ ਗਿਆਨ ਅਤੇ ਕੋਮਲ ਕਲਾਵਾਂ ਨਾਲ ਹੈ। ਇਨ੍ਹਾਂ ਉਪਵੇਦਾਂ ਦੇ ਨਾਂਅ ਅਤੇ ਸਬੰਧ/ਵਿਸ਼ਾ ਹੇਠ ਲਿਖੇ ਅਨੁਸਾਰ ਹੈ :
    (1) ਆਯੁਰਵੇਦ : ਚਕਿਤਸਾ/ਇਲਾਜ ਜਾਂ ਦਵਾਈਆਂ।
    (2) ਗੰਧਰਵ ਵੇਦ : ਗੀਤ-ਸੰਗੀਤ ਅਤੇ ਨਾਚ।
    (3) ਧਨੁਰ ਵੇਦ : ਸ਼ਾਸ਼ਤਰ ਵਿੱਦਿਆ ਜਾਂ ਯੁੱਧ ਕਲਾ।
    (4) ਸ਼ਿਲਪ ਵੇਦ : ਉਸਾਰੀ ਜਾਂ ਭਵਨ ਨਿਰਮਾਣ ਕਲਾ।
    ‘ਵੇਦਾਂਗ’ ਵੇਦਾਂ ਦੀ ਸਿਲਸਿਲੇਵਾਰ ਵਿਆਖਿਆ ਹੈ। ਇਹ ਗਿਣਤੀ ਵਿੱਚ ਛੇ ਹਨ, ਜੋ ਹੇਠ ਲਿਖੇ ਅਨੁਸਾਰ ਹਨ :-
    (1) ਜੋਤਿਸ਼ (2) ਵਿਆਕਰਣ (3) ਸਿਖਸ਼ਾ
    (4) ਛੰਦ (5) ਨਿਰੁੱਕਤ (6) ਕਲਪ।
    ਵੇਦਾਂਗ, ਆਰੀਆਂ ਦੀ ਸਥਾਪਤੀ ਤੋਂ ਬਾਦ, ਵੇਦਾਂ ਦੀ ਪ੍ਰਧਾਨਤਾ ਨੂੰ ਦਰਸਾਉਂਦੇ ਹਨ।
  2. ਆਰਣੱਇਕ ਜਾਂ ਬ੍ਰਾਹਮਣ-ਗ੍ਰੰਥ :
    ਇਹ ਗ੍ਰੰਥ ਬ੍ਰਾਹਮਣਾਂ ਵੱਲੋਂ ਰਚੇ ਗਏ ਸਨ। ਇਹ ਜੰਗਲਾਂ ਵਿੱਚ ਰਹਿਣ ਵਾਲੇ ਤਪੱਸਵੀਆਂ, ਰਿਸ਼ੀਆਂ-ਮੁਨੀਆਂ ਵੱਲੋਂ ਸੂਤਰਾਂ ਦੇ ਰੂਪ ਵਿੱਚ ਲਿਖੇ ਗਏ ਸਨ।
    (3) ਉਪਨਿਸ਼ਦ : ਉਪਨਿਸ਼ਦ ਦਾ ਸੰਸਕਿ੍ਰਤ ਵਿੱਚ ਸ਼ਾਬਦਿਕ-ਅਰਥ ਹੈ ‘ਉਪ+ਤਿਸ਼ਟ’=‘ਕੋਲ ਬੈਠਣਾ’ ਜਾਂ ਸ਼ਿਸ਼ ਨੂੰ ਕੋਲ ਬਿਠਾ ਕੇ ਦਰਸ਼ਨ-ਸ਼ਾਸਤਰ ਜਾਂ ਲੋਕ-ਵਿਦਿਆ ਪ੍ਰਦਾਨ ਕਰਨੀ। ਇਨ੍ਹਾਂ ਦੀ ਰਚਨਾ ਬ੍ਰਾਹਮਣ-ਗ੍ਰੰਥਾਂ ਦੇ ਵਿਰੋਧ ਵਿੱਚ ਕੀਤੀ ਗਈ ਹੈ ਅਤੇ ਇਨ੍ਹਾਂ ਦੇ ਰਚਣਹਾਰੇ ਖੱਤਰੀ ਸਨ। ਇਨ੍ਹਾਂ ਦੀ ਗਿਣਤੀ 130 ਤੱਕ ਦੱਸੀ ਜਾਂਦੀ ਹੈ। ਇਸ ਵਿੱਚ ਕੱਠ, ਛਾਂਦੋਗਿਆ, ਐਤ੍ਰੇਯ, ਈਸ਼, ਕੇਨ, ਤੈਤਰੇਅ, ਬ੍ਰਹਿਦ-ਆਰਣਯਕ, ਮੈਤ੍ਰੈਅ ਆਦਿ ਹਨ। ਸ੍ਰੀ ਮਦ ਭਗਵਤ ਗੀਤਾ ਜਾਂ ‘ਗੀਤੋਪਨਿਸ਼ੇਦ’ ਅੰਤਿਮ ਉਪਨਿਸ਼ਦ ਹੈ। ਇਨ੍ਹਾਂ ਦਾ ਰਚਨਾ-ਕਾਲ 700 ਈ: ਪੂਰਵ ਤੋਂ ਲੈ ਕੇ 600 ਈ: ਪੂਰਵ ਤਾਈਂ ਮੰਨਿਆ ਜਾਂਦਾ ਹੈ।
    (4) ਦਰਸ਼ਨ : ਭਾਰਤੀ-ਦਰਸ਼ਨ ਅਨੁਸਾਰ ਛੇ ਦਰਸ਼ਨ-ਗ੍ਰੰਥ ਮੌਜੂਦ ਹਨ, ਜਿਨ੍ਹਾਂ ਦੇ ਨਾਮ, ਬਾਨੀ ਜਾਂ ਮੋਢੀ ਅਤੇ ਸੰਬੰਧ/ਵਿਸ਼ੇ ਕ੍ਰਮਵਾਰ ਹੇਠ ਲਿਖੇ ਅਨੁਸਾਰ :
    (ੳ) ਨਿਆਇ ਦਰਸ਼ਨ : ਗੌਤਮ ਰਿਸ਼ੀ/ਤਰਕ ਸ਼ਾਸ਼ਤਰ, ਪ੍ਰਮਾਣ, ਵਿਸ਼ਲੇਸ਼ਣ
    (ਅ) ਸਾਂਖਿਆ ਦਰਸ਼ਨ : ਕਪਿਲ ਮੁਨੀ/ਗਣਿਤ, ਵਿਗਿਆਨ, ਨਾਸਤਿਕਵਾਦ।
    (ੲ) ਪੂਰਵ-ਮੀਮਾਂਸਾ : ਜੈਮਿਨੀ ਮੁਨੀ/ਸਿਧਾਂਤ, ਵਿਸ਼ਲੇਸ਼ਣ, ਅਲੋਚਨਾ, ਪ੍ਰਤੱਖ-ਪ੍ਰਮਾਣ।
    (ਸ) ਉਤਰ-ਮੀਮਾਂਸਾ : ਰਿਸ਼ੀ ਵੇਦ ਵਿਆਸ/ਤਰਕ, ਵਾਦ-ਵਿਵਾਦ, ਪ੍ਰਸ਼ਨ-ਉਤਰ, ਵਿਰੋਧ-ਵਿਕਾਸ
    (ਹ) ਵੈਸੇਸ਼ਿਕ : ਕਦਾਣ ਮੁਨੀ/ਅਨੁਵਿਗਿਆਨ, ਪਦਾਰਥਵਾਦ, ਹੋਂਦ, ਪ੍ਰਤੱਖਵਾਦ
    (ਕ) ਵੇਦਾਂਤ ਦਰਸ਼ਨ : ਪਤਾਂਜਲੀ ਰਿਸ਼ੀ ਤੇ ਸ਼ੰਕਰਾਚਾਰੀਆ/ ਈਸ਼ਵਰਵਾਦ, ਵੇਦ ਵਿਦਿਆ, ਯੋਗ ਸ਼ਾਸ਼ਤਰ, ਵੇਦ ਤੱਤ (ਨੋਟ : ਵੇਦਾਂਤ ਦਰਸ਼ਨ ਈਸ਼ਵਰਵਾਦੀ ਹੈ ਜਦਕਿ ਚਾਰਵਾਕ ਦਰਸ਼ਨ ਬੁੱਧਮੱਤ, ਜੈਨ ਮੱਤ, ਲੋਕਾਇਤ ਅਨਈਸ਼ਵਰਵਾਦੀ ਹਨ) ਅਨੀਸ਼ਰਵਾਦੀ (ਲੋਕਾਇਤ), ਚਾਰਵਾਕ ਦਰਸ਼ਨ, ਬੁੱਧਮਤ ਅਤੇ ਜੈਨ ਗ੍ਰੰਥ।
    ਦਰਸ਼ਨ ਦੀ ਪਰਿਭਾਸ਼ਾ: ‘ਦਰਸ਼ਨ’ ਸ਼ਬਦ ਦੀ ਪਰਿਭਾਸ਼ਾ ਸਭ ਤੋਂ ਪਹਿਲਾਂ ਮਹਾਨ ਦਾਰਸ਼ਨਿਕ ‘ਕਣਾਦ’ ਜੀ ਨੇ ਵੈਸ਼ੇਸ਼ਿਕ-ਦਰਸ਼ਨ ਵਿੱਚ ਦਿੱਤੀ। ਦਰਸ਼ਨ ਸ਼ਬਦ ‘ਦਰਸ਼’ ਜਾਂ ‘ਦੇਖਣ’ ਤੋਂ ਬਣਿਆ ਹੈ, ਜਿਸ ਦਾ ਅਰਥ ਪ੍ਰਤੱਖ ਦੇਖਣਾ, ਅਸਲੀਅਤ, ਪ੍ਰਮਾਣ ਆਦਿ ਤੋਂ ਹੈ। ਪ੍ਰਤੱਖ ਹੀ ਪ੍ਰਮਾਣ ਹੈ, ਪਦਾਰਥਵਾਦ ਦੇ ਮੋਢੀ ‘ਕਣਾਦ’ ਜੀ ਹਨ ਤੇ ‘ਵੈਸ਼ੇਸਿਕ’ ਮੁੱਢਲਾ ਪਦਾਰਥਵਾਦੀ ਦਰਸ਼ਨ ਹੈ।
    ਉਪਰੋਕਤ ਛੇ ਦਰਸ਼ਨਾਂ ਵਿੱਚੋਂ ਵੇਦਾਂਤ ਨੂੰ ਛੱਡ ਕੇ ਬਾਕੀ ਦੇ ਤਕਰੀਬਨ ਸਾਰੇ ਦਰਸ਼ਨ ਪਦਾਰਥਵਾਦੀ ਜਾਂ ਲੋਕਾਇਤ ਹਨ।
    ਕੁਝ ਮਹੱਤਵਪੂਰਨ ਪਦਾਰਥਵਾਦੀ ਦਾਰਸ਼ਨਿਕ ਅਤੇ ਉਨ੍ਹਾਂ ਦੇ ਗ੍ਰੰਥ :
    ਆਧੁਨਿਕ ਸਮੇਂ ਵਿੱਚ ਡਾ: ਰਾਧਾ ਕਿ੍ਰਸ਼ਨ (ਭਾਰਤੀ ਦਰਸ਼ਨ), ਆਚਾਰੀਆ ਬਲਦੇਵ ਕਿ੍ਰਸ਼ਨ (ਭਾਰਤੀ ਦਰਸ਼ਨ), ਰਾਹੁਲ ਸਾਂਕਰਤਾਇਨ (ਦਰਸ਼ਨ ਦਿਗ-ਦਰਸ਼ਨ), ਸੁਆਮੀ ਦਯਾਨੰਦ ਸਰਸਵਤੀ। (ਸਤਿਆਰਥ ਪ੍ਰਕਾਸ਼), ਮਾਰਕਸ, ਐਂਗਲਜ਼, ਲੈਨਿਨ ਹੀਗਲ, ਫਿਊਰਬਾਖ, ਸਾਥੀ ਮਾਉ-ਜੇ-ਤੁੰਗ, ਸਟਾਲਿਨ, ਕਾ: ਨੰਬੂਦਰੀਪਾਦ, ਕਾ: ਵਾਸਵਾਪੁਨੱਈਆ, ਦੇਬੀ ਪ੍ਰਸਾਦ ਚੱਟੋਪਾਧਿਅਇ ਅਤੇ ਡੀ. ਡੀ. ਕੋਸਾਂਬੀ ਆਦਿ।
    ਭਾਰਤ ਵਿੱਚ, 6ਵੀਂ ਸਦੀ ਈਸਾ ਪੂਰਵ ਵਿਚ ਮਹਾਨ ਭੌਤਿਕਵਾਦੀ ਅਤੇ ਕੁਦਰਤ -ਵਿਗਿਆਨੀ ‘ਉਦਾਲਿਕ’ ਨਾਂ ਦਾ ਇੱਕ ਪਦਾਰਥਵਾਦੀ ਦਾਰਸ਼ਨਿਕ ਹੋਇਆ ਹੈ, ਜੋ ਥੇਲਜ਼ (ਯੂਨਾਨੀ ਦਾਰਸ਼ਨਿਕ) ਦਾ ਸਮਕਾਲੀ ਸੀ। ਇਸ ਤੋਂ ਉਪਰੰਤ ਕਈ ਪਦਾਰਥਵਾਦੀਆਂ ਦਾ ਨਾਮ ਆਉਂਦਾ ਹੈ, ਜਿਵੇਂ ‘ਯਾਗਿਆਵਾਲਿਕਯ’, ‘ਕਾਤੀਆਇਨ’ ਆਦਿ। ਉਪਨਿਸ਼ਦਾਂ ਵਿੱਚ ਸ਼ਵੇਤ-ਅਸ਼ਵੇਤ ਉਪਨਿਸ਼ਦ, ਕੱਠ, ਛੰਦ ਆਦਿ ਵਿਚ ਲੋਕਾਇਤ ਦਰਸ਼ਨ ਦਾ ਉਲੇਖ ਹੈ। ਈਸ਼ਵਰ ਕਿ੍ਰਸ਼ਨ ਦੀ ਪੁਸਤਕ ‘ਸਾਂਖਿਆ ਕਾਰਿਕਾ’, ਵਾਤਸਾਇਨ ਦਾ ‘ਕਾਮਸੂਤਰ’, ‘ਗੌੜਾਪਾਦ’ ਦੀ ਸਾਂਖਿਆ ਕਾਰਿਕਾ, ‘ਉਦਯੋਤਕਰ’ ਦੀ ਰਚਨਾ ‘ਨਿਆਇ-ਵਰਤਿਕਾ’ ਵਿੱਚ, ‘ਮਹਾਂਭਾਰਤ’ ਆਦਿ ਵਿੱਚ ਵੀ ਚਾਰਵਾਕ ਦਾ ਵਰਣਨ ਕੀਤਾ ਗਿਆ ਹੈ ਰਾਮਾਇਣ ਵਿੱਚ ਰਾਮ ਚੰਦਰ ਜੀ ਵੈਦਿਕ ਨਿੰਦਕਾਂ ਨੂੰ ਨਾਸਤਿਕ ਕਹਿ ਕੇ ਸਜ਼ਾ ਦੇਣ ਤੇ ਜ਼ੋਰ ਦਿੰਦੇ ਹਨ। ਮਨੁੰ ਸਿਮਿ੍ਰਤੀ, ਬੁੱਧ-ਗ੍ਰੰਥਾਂ ‘ਨਿਕਾਇ’, ‘ਦੀਘ-ਨਿਕਾਇ’, ‘ਵਿਨਯ ਪਟਿੱਕ’, ‘ਤਿ੍ਰਅਪਟਿੱਕ’ ਵਿੱਚ ਲੋਕਾਇਤ ਦਾ ਵਰਣਨ ਹੈ। ਜੈਨ ਅਤੇ ਬੁੱਧ ਧਰਮ, ਵੈਸੇ ਵੀ ਅਨੀਸ਼ਰਵਾਦੀ, ਅਨਾਤਮ-ਵਾਦੀ ਅਤੇ ਵੇਦ-ਵਿਰੋਧੀ ਦਰਸ਼ਨ ਨਾਲ ਸੰਬੰਧਿਤ ਹਨ। ‘ਕੌਟਿਲਿਆ’ ਦੇ ‘ਅਰਥ-ਸ਼ਾਸ਼ਤਰ’, ਬ੍ਰਹਸਪਤੀ ਰਿਸ਼ੀ ਦੇ ‘ਬ੍ਰਾਹਸਪਤਯ ਸੂਤਰ’ ਵਿੱਚ 43 ਸ਼ਲੋਕਾਂ ਜਾਂ ਸੂਤਰਾਂ ਦਾ ਵਰਣਨ ਡਾ: ਚੱਟੋਪਾਧਿਆਇ ਜੀ ਨੇ ਕੀਤਾ ਹੈ। ਇਸ ਦੇ ਨਾਲ ਹੀ ‘ਵੇਦਾਂਤ-ਸਾਰ’, ‘ਸਰਵ ਸਿਧਾਂਤ ਸਾਰ’, ‘ਸਰਵ-ਦਰਸ਼ਨ ਸੰਗ੍ਰਹਿ’, ‘ਵੇਣੀ ਸੰਹਾਰ ਨਾਟਕ’ ਵਿੱਚ ਚਾਰਵਾਕ ਨੂੰ ਦੁਰਯੋਧਨ ਦਾ ਮਿੱਤਰ ਦੱਸਿਆ ਗਿਆ ਹੈ। ‘ਸ਼ੁੱਕਰਨੀਤੀ’ ਵਿੱਚ ਚਾਰਵਾਕਾਂ ਦਾ ਸਮੱਰਥਨ ਕੀਤਾ ਗਿਆ ਹੈ। ‘ਮੇਘਾਤਿਥੀ’ ਨੇ ਚਾਰਵਾਕਾਂ ਦੀ ਤਰਕ-ਵਿੱਦਿਆ ਦਾ ਵਰਣਨ ਕੀਤਾ ਹੈ। ‘ਕਾਤਿਆਇਨ’ ਨੇ 300 ਈ: ਪੂਰਵ ਵਿਚ ਲੋਕਾਇਤ-ਦਰਸ਼ਨ ਸੰਬੰਧੀ ਲਿਖਿਆ ਹੈ। ‘ਪਤੰਜਲੀ’ ਨੇ ਲਗਭਗ 150 ਈ: ਪੂਰਵ ‘ਵਾਰਤਿਕ-ਸੂਤਰ’ ਵਿੱਚ, ‘ਕਮਲਸ਼ੀਲ’, ਜਯੰਤ, ਪ੍ਰਭਾਚੰਦਰ, ਗੁਣਰਤਨ ਸੂਰੀ ਆਦਿ ਨੇ ਟੀਕੇ ਸੱਤਵੀਂ ਸਦੀ ਤੋਂ 14 ਵੀਂ ਸਦੀ ਤੱਕ ਲਿਖੇ ਸਨ। ‘ਚਰਕ ਸੰਹਿਤਾ’ ਵਿੱਚ ਵੀ ਕੁਝ ਅੰਸ਼ ‘ਲੋਕਾਇਤ’ ਦੇ ਹਨ। ਸ਼ੰਕਰਾਚਾਰੀਆ ਦੇ ‘ਬ੍ਰਹਮ-ਸੂਤਰ’ ਕਮਲਸ਼ੀਲ ਦਾ ‘ਤੱਤਵ-ਸੰਗ੍ਰਹਿ ਪੰਜਿਕਾ’,‘ਨਿਆਇ-ਮੰਜਰੀ’ ‘ਤਰਕ-ਰਹੱਸ ਦੀਪਿਕਾ’, ‘ ਛਡ-ਦਰਸ਼ਨ ਦੇ ਸੰਗ੍ਰਹਿ’, ‘ਛਡ-ਦਰਸ਼ਨ ਸਮੁੱਚਯ’ ਅਤੇ ਸਭ ਤੋਂ ਪ੍ਰਮੁੱਖ ਬ੍ਰਹਸਪਤੀ ਰਿਸ਼ੀ ਦੇ ‘ਬ੍ਰਾਹਸਪੱਤਯ-ਸੂਤਰ’ ਆਦਿ ਗ੍ਰੰਥ ਪ੍ਰਮੁੱਖ ਹਨ। ਭਾਰਤੀ ਮੁੱਢਲੇ ਪਦਾਰਥਵਾਦੀਆਂ ਵਿੱਚ ਅਜਿਤ ਕੇਸਕਾਂਬਾਲਿਨ ਵੀ ਸ਼ਾਮਿਲ ਹੈ। ਸੋ ਭਾਰਤੀ ਦਰਸ਼ਨ ਪਦਾਰਥਵਾਦੀ ਹੈ ਪਰ ਤਥਾ-ਕਥਿਤ ਈਸ਼ਵਰਵਾਦੀਆਂ ਨੇ ਇਸ ਨੂੰ ਈਸ਼ਵਰਵਾਦੀ ਅਤੇ ਅਧਿਆਤਮਵਾਦੀ ਬਣਾਇਆ ਹੋਇਆ ਹੈ।
    ਹਵਾਲੇ ਤੇ ਸੰਦਰਭ-ਸਰੋਤ
  3. ‘ਭਾਰਤੀ ਦਰਸ਼ਨ ਕਾ ਇਤਿਹਾਸ’ (ਲੇਖਕ-ਐਸ.ਐੱਨ. ਦਾਸ ਗੁਪਤਾ) ਭਾਗ ਪਹਿਲਾ ਅਤੇ ਭਾਗ ਤੀਸਰਾ। 2. ‘ਸਾਮਯਵਾਦ ਹੀ ਕਿਉਂ?’ (ਲੇਖਕ ਰਾਹੁਲ ਸਾਂਕਰਤਾਇਨ) 3. ‘ਦਰਸ਼ਨ-ਸ਼ਾਸਤਰ ਦੀ ਨਵੀਨ ਰੂਪ-ਰੇਖਾ’ (ਲੇਖਕ: ਐਸ. ਐੱਨ. ਗੁਪਤਾ) 4. ‘ਚਾਰਵਾਕ ਸਮੀਕਸ਼ਾ’ (ਲੇਖਕ : ਸੁਆਮੀ ਕਿ੍ਰਸ਼ਨਾਨੰਦ ਸਰਸਵਤੀ) 5. ‘ਚਾਰਵਾਕ-ਦਰਸ਼ਨ’, (ਲੇਖਕ : ਛੱਜੂ ਰਾਮ ਐਡਵੋਕੇਟ) 6. ‘ਦਰਸ਼ਨ-ਸ਼ਾਸਤਰ ਕੇ ਸਰੋਤ’ (ਲੇਖਕ: ਦੇਬੀ ਪ੍ਰਸ਼ਾਦ ਚੱਟੋਪਾਧਿਆਇ) 7. ਹਿੰਦੂ ਮਿਥਿਹਾਸ ਕੋਸ਼-‘ਜੌਨ ਡੌਸਨ’, ਭਾਸ਼ਾ ਵਿਭਾਗ ਪੰਜਾਬ।
Scroll To Top